“ਬਦਕਿਸਮਤੀ ਨਾਲ ਉਹ ਇਸ ਤਰ੍ਹਾਂ ਦੀ ਸੋਚ ਹੋਰਨਾਂ ਮੋਹਰੇ ਪਰੋਸਣ ਦੀ ਖੇਡ ਵਿੱਚ ਰੁੱਝ ਗਏ ...”
(24 ਜੁਲਾਈ 2025)
ਰਾਜਨੀਤੀ ਦੀ ਸਮਝ ਸਾਨੂੰ ਉਦੋਂ ਬੇਸ਼ਕ ਅਜੇ ਕੱਚਘਰੜ ਪੱਧਰ ਦੀ ਸੀ, ਫਿਰ ਵੀ ਯਾਦ ਹੈ ਕਿ ਐਮਰਜੈਂਸੀ ਦੌਰ ਖਤਮ ਹੋਣ ਪਿੱਛੋਂ ਹੋਈ ਲੋਕ ਸਭਾ ਚੋਣ ਮੌਕੇ ਇੱਕ ਖਾਸ ਤਰ੍ਹਾਂ ਦੀ ਕਤਾਰਬੰਦੀ ਪਹਿਲੀ ਵਾਰ ਹੋਈ ਸੀ। ਕੇਂਦਰੀ ਪੱਧਰ ਦੀਆਂ ਚਾਰ ਪਾਰਟੀਆਂ: ਮੋਰਾਰਜੀ ਡਿਸਾਈ ਦੀ ਅਗਵਾਈ ਵਾਲੀ ਕਾਂਗਰਸ (ਸੰਗਠਨ) ਜਾਂ ਕਾਂਗਰਸ (ਓ), ਭਾਰਤੀ ਜਨ ਸੰਘ, ਭਾਰਤੀ ਲੋਕ ਦਲ, ਸਮਾਜਵਾਦੀ ਪਾਰਟੀ ਅਤੇ ਬਾਬੂ ਜਗਜੀਵਨ ਰਾਜ ਦੀ ਕਾਂਗਰਸ ਫਾਰ ਡੈਮੋਕਰੇਸੀ ਇਕੱਠੀਆਂ ਕਰਨ ਦੀ ਅਗਵਾਈ ਆਜ਼ਾਦੀ ਘੁਲਾਟੀਏ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਹੋਈ ਸੀ। ਇਨ੍ਹਾਂ ਨੂੰ ਚਾਰ ਪਾਰਟੀਆਂ ਕਹਿਣਾ ਬਣਦਾ ਹੈ ਜਾਂ ਸਾਢੇ ਚਾਰ ਕਹਿਣਾ ਵਧੇਰੇ ਠੀਕ ਹੈ, ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਵੀ ਪਹਿਲਾਂ ਬਣੀ ਆਰਜ਼ੀ ਸਰਕਾਰ ਦੇ ਸਮੇਂ ਤੋਂ ਕੇਂਦਰੀ ਮੰਤਰੀ ਬਣੇ ਆਏ ਬਾਬੂ ਜਗਜੀਵਨ ਰਾਮ ਨੇ ਐਮਰਜੈਂਸੀ ਟੁੱਟਣ ਪਿੱਛੋਂ ਕਾਂਗਰਸ ਛੱਡੀ ਤੇ ਕਾਂਗਰਸ ਫਾਰ ਡੈਮੋਕੇਰਸੀ ਬਣਾਈ ਅਤੇ ਇਨ੍ਹਾਂ ਨਾਲ ਮਿਲੇ ਸਨ। ਜਦੋਂ ਇਸ ਗੱਠਜੋੜ ਨੇ ਚੋਣਾਂ ਲੜਨ ਲਈ ਸਰਗਰਮੀ ਅਰੰਭੀ ਤਾਂ ਰਾਜਧਾਨੀ ਦਿੱਲੀ ਵਿਚਲੀ ਜਾਮਾ ਮਸਜਿਦ ਦੇ ਇਮਾਮ ਬੁਖਾਰੀ ਵੀ ਇਸ ਨਵੇਂ ਗੱਠਜੋੜ ਦੀ ਸਿੱਧੀ ਹਾਮਾਇਤ ਕਰਨ ਲੱਗ ਪਏ ਤੇ ਕੁਝ ਹੋਰ ਇੱਦਾਂ ਦੀਆਂ ਧਿਰਾਂ ਵੀ, ਜਿਨ੍ਹਾਂ ਦੀ ਆਪੋ ਵਿੱਚ ਬਣਦੀ ਨਹੀਂ ਸੀ, ਸਗੋਂ ਬਹੁਤ ਤਿੱਖੇ ਵਿਰੋਧ ਚੱਲਦੇ ਸਨ। ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਇਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਗੁੱਸਾ ਇੰਨਾ ਸੀ ਕਿ ਉਹ ਸਾਫ ਕਹਿੰਦੇ ਸਨ ਕਿ ਆਪਸੀ ਵਿਰੋਧ ਪਿੱਛੋਂ ਵੇਖੇ ਜਾਣਗੇ, ਇਸ ਵਕਤ ਕਾਂਗਰਸ ਅਤੇ ਇੰਦਰਾ ਗਾਂਧੀ ਨੂੰ ਸੱਤਾ ਤੋਂ ਲਾਂਭੇ ਕਰਨਾ ਪਹਿਲਾ ਮਕਸਦ ਹੈ। ਉਹ ਇਸ ਮਕਸਦ ਵਿੱਚ ਕਾਮਯਾਬ ਵੀ ਹੋ ਗਏ। ਅਕਾਲੀ ਦਲ ਅਤੇ ਸੀ ਪੀ ਆਈ (ਐੱਮ) ਵਰਗੀਆਂ ਕੁਝ ਰਾਜਸੀ ਧਿਰਾਂ ਨੇ ਇਸ ਗੱਠਜੋੜ ਵਿੱਚ ਸ਼ਾਮਲ ਹੋਣ ਦੀ ਥਾਂ ਬਾਹਰੋਂ ਹਿਮਾਇਤ ਦਿੱਤੀ ਤਾਂ ਬਦਲੇ ਵਿੱਚ ਅਕਾਲੀ ਆਗੂਆਂ ਨੂੰ ਪੰਜਾਬ ਸਰਕਾਰ ਦੀ ਅਗਵਾਈ ਕਰਨਾ ਅਤੇ ਸੀ ਪੀ ਆਈ (ਐੱਮ) ਨੂੰ ਪੱਛਮੀ ਬੰਗਾਲ ਸਰਕਾਰ ਦੀ ਮੋਹਰੀ ਬਣਨ ਦਾ ਮੌਕਾ ਵੀ ਮਿਲ ਗਿਆ ਸੀ। ਇਹ ਇਨ੍ਹਾਂ ਰਾਜਸੀ ਪਾਰਟੀਆਂ ਦਾ ਰਾਜਸੀ ਗਰਜ਼ਾਂ ਲਈ ਕੀਤਾ ਸਮਝੌਤਾ ਸੀ।
ਕਾਂਗਰਸ ਦੇ ਆਗੂ ਤੇ ਲਗਭਗ ਉਨ੍ਹਾਂ ਵਰਗੀ ਸੋਚ ਉੱਤੇ ਖੜੋਤੀ ਸੀ ਪੀ ਆਈ ਦੇ ਆਗੂ ਕਹਿੰਦੇ ਰਹੇ ਕਿ ਭਾਵੇਂ ਕਿਸੇ ਵੀ ਹਾਲਤ ਵਿੱਚ ਗੱਠਜੋੜ ਕੀਤਾ ਹੋਵੇ, ਜਨ ਸੰਘ ਅਤੇ ਇਸ ਪਿੱਛੇ ਖੜ੍ਹੀ ਆਰ ਐੱਸ ਐੱਸ ਇਨ੍ਹਾਂ ਵਿੱਚ ਸ਼ਾਮਲ ਹੋਣ ਕਾਰਨ ਇਸ ਗੱਠਜੋੜ ਵਿਚਲੀਆਂ ਧਰਮ-ਨਿਰਪੱਖਤਾ ਦਾ ਦਾਅਵਾ ਕਰਦੀਆਂ ਧਿਰਾਂ ਨੂੰ ਪਛਤਾਉਣਾ ਪਵੇਗਾ। ਗੱਲ ਗਲਤ ਨਹੀਂ ਸੀ, ਪਰ ਇਹ ਗੱਠਜੋੜ ਬਣਨ ਦੇ ਹਾਲਾਤ ਵੀ ਕਾਂਗਰਸ ਪਾਰਟੀ ਅਤੇ ਖਾਸ ਤੌਰ ਉੱਤੇ ਇਸਦੀ ਆਗੂ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਜਾਬਰ ਜੁੰਡੀ ਦੇ ਪੈਦਾ ਕੀਤੇ ਹੋਏ ਸਨ। ਫਿਰ ਵੀ ਜਿਹੜੀ ਚਿਤਾਵਨੀ ਦਿੱਤੀ ਜਾਂਦੀ ਸੀ ਕਿ ਇਸ ਗੱਠਜੋੜ ਵਿੱਚ ਸ਼ਾਮਲ ਹੋਈ ਹਿੰਦੂਤਵ ਦੀ ਲੰਮੇ ਸਮੇਂ ਦੀ ਸੋਚ ਅਤੇ ਪਹੁੰਚ ਵਾਲੀ ਜਨ ਸੰਘ ਅਤੇ ਆਰ ਐੱਸ ਐੱਸ ਤੋਂ ਸੁਚੇਤ ਰਹਿਣ ਦੀ ਲੋੜ ਹੈ, ਉਸਦਾ ਖਿਆਲ ਰੱਖਿਆ ਜਾਣਾ ਬਣਦਾ ਸੀ, ਪਰ ਰੱਖਿਆ ਨਹੀਂ ਸੀ ਗਿਆ। ਮਸਾਂ ਢਾਈ ਸਾਲ ਲੰਘੇ ਸਨ ਕਿ ਇਸ ਗੱਠਜੋੜ ਵਿੱਚ ਆਰ ਐੱਸ ਐੱਸ ਨਾਲ ਪੁਰਾਣੇ ਜਨ ਸੰਘੀ ਆਗੂਆਂ ਦੇ ਸੰਬੰਧਾਂ ਅਤੇ ਦੇਸ਼ ਵਿੱਚ ਹਿੰਦੂ ਰਾਜ ਕਾਇਮ ਕਰਨ ਦੀ ਇਨ੍ਹਾਂ ਦੀ ਸੋਚ ਅਤੇ ਪਹੁੰਚ ਨਾਲ ਪੁਆੜਾ ਪੈਣਾ ਸ਼ੁਰੂ ਹੋ ਗਿਆ ਅਤੇ ਫਿਰ ਇਸਦੀ ਮਾਰ ਹੇਠ ਜਨਤਾ ਪਾਰਟੀ ਟੁੱਟ ਕੇ ਕਈ ਧੜੇ ਜਦੋਂ ਬਣੇ ਤਾਂ ਵੱਖਰੀ ਭਾਰਤੀ ਜਨਤਾ ਪਾਰਟੀ ਵੀ ਬਣ ਗਈ। ਮਹੀਨੇ ਮਸਾਂ ਤਿੰਨ ਬੀਤੇ ਅਤੇ ਲੋਕ ਸਭਾ ਚੋਣ ਆ ਗਈ, ਜਿਸ ਵਿੱਚ ਇਸ ਨਵੀਂ ਰਾਜਸੀ ਧਿਰ ਭਾਜਪਾ ਦੇ ਹੱਕ ਜਾਂ ਵਿਰੋਧ ਵਾਲੀ ਰਾਜਸੀ ਬਿਆਨਬਾਜ਼ੀ ਇੰਨੀ ਭਾਰੂ ਹੋ ਗਈ ਕਿ ਭਾਜਪਾ ਆਪਣੇ ਆਪ ਵਿੱਚ ਮੁੱਦਾ ਬਣ ਗਈ ਅਤੇ ਇੱਥੋਂ ਇਸਦੀ ਉਠਾਣ ਦਾ ਉਹ ਦੌਰ ਚੱਲਿਆ ਸੀ, ਜਿਹੜਾ ਦੇਸ਼ ਵਿੱਚ ਮਜ਼ਬੂਤ ਨਰਿੰਦਰ ਮੋਦੀ ਸਰਕਾਰ ਵਜੋਂ ਅੱਜ ਸਾਹਮਣੇ ਹੈ। ਇਸ ਸਮੇਂ ਵਿੱਚ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਬਦਨਾਮ ਹੋਈ ਅਤੇ ਚੋਣਾਂ ਵਿੱਚ ਰਾਜਾ ਵੀ ਪੀ ਸਿੰਘ ਦੀ ਅਗਵਾਈ ਵਾਲਾ ਜਨਤਾ ਦਲ ਅੱਗੇ ਆਇਆ, ਇਹ ਗੱਲ ਉਸ ਵੇਲੇ ਵੀ ਕਹੀ ਗਈ ਸੀ ਕਿ ਖੱਬੇ ਪੱਖੀਆਂ ਤੇ ਹੋਰ ਧਰਮ ਨਿਰਪੱਖ ਧਿਰਾਂ ਨੂੰ ਇਨ੍ਹਾਂ ਦਾ ਖੁੱਲ੍ਹਾ ਸਾਥ ਨਹੀਂ ਦੇਣਾ ਚਾਹੀਦਾ, ਕਿਉਂਕਿ ਸੰਘ ਪਰਿਵਾਰ ਉੱਥੇ ਵੀ ਮੌਜੂਦ ਹੈ। ਉਦੋਂ ਹਾਲਾਤ ਨੇ ਰਾਹ ਹੀ ਨਹੀਂ ਸੀ ਛੱਡਿਆ ਤੇ ਜਿਸ ਮਜਬੂਰੀ ਨੇ ਰਾਹ ਨਹੀਂ ਸੀ ਛੱਡਿਆ, ਉਸੇ ਦਾ ਲਾਭ ਲੈ ਕੇ ਹਿੰਦੂਤੱਵੀ ਧਿਰਾਂ ਮਜ਼ਬੂਤ ਹੁੰਦੀਆਂ ਗਈਆਂ। ਅੱਜ ਦਾ ਭਾਰਤ ਜਿਸ ਮੋੜ ਉੱਤੇ ਆਉਣ ਪੁੱਜਾ ਹੈ, ਉਸ ਨੂੰ ਠੀਕ ਤਰ੍ਹਾਂ ਸਮਝ ਕੇ ਠੀਕ ਸਿੱਟੇ ਵੀ ਨਹੀਂ ਕੱਢੇ ਜਾ ਰਹੇ।
ਇਹ ਕਹਿੰਦੇ ਰਹਿਣਾ ਕਾਫੀ ਨਹੀਂ ਕਿ ਭਾਜਪਾ ਦੀ ਅਗਵਾਈ ਹੇਠ ਹਿੰਦੂਤੱਵੀ ਤਾਕਤਾਂ ਭਾਰਤ ਨੂੰ ਇੱਕ ਧਰਮ ਦੇ ਰਾਜ ਵਾਲੇ ਦੇਸ਼ ਵਿੱਚ ਬਦਲਣਾ ਚਾਹੁੰਦੀਆਂ ਹਨ, ਸਚਾਈ ਇਹ ਹੈ ਕਿ ਉਹ ਬਦਲਣ ਲੱਗੀਆਂ ਹੋਈਆਂ ਹਨ ਅਤੇ ਇਸ ਦੇਸ਼ ਦੀ ਸਰਕਾਰੀ ਮਸ਼ੀਨਰੀ ਦਾ ਇੱਕ ਹਿੱਸਾ ਇਸ ਨਾਲ ਕਦਮ ਮਿਲਾ ਕੇ ਚੱਲਦਾ ਪਿਆ ਹੈ। ਜਦੋਂ ਭਾਰਤ ਦੀ ਰਾਜਨੀਤੀ ਧਰਮ ਨਿਰਪੱਖਤਾ ਜਾਂ ਸਮਾਜਵਾਦੀ ਪ੍ਰਭਾਵ ਵਾਲੀ ਸੀ ਤਾਂ ਯੂਨੀਵਰਸਿਟੀਆਂ ਦੇ ਗੋਲਡ ਮੈਡਲਿਸਟ ਅਫਸਰੀ ਕੁਰਸੀਆਂ ਉੱਤੇ ਆਉਂਦੇ ਸਨ ਅਤੇ ਹਿੱਕ ਠੋਕ ਕੇ ਉਸੇ ਸੋਚ ਦੀ ਵਕਾਲਤ ਕਰਦੇ ਸਨ। ਮੱਧ ਵਰਗ ਦੀ ਮਾਨਸਿਕਤਾ ਸ਼ੁਰੂ ਤੋਂ ਰਹੀ ਹੈ ਕਿ ਇਹ ਸਮੇਂ ਦੀ ਸਰਕਾਰ ਦਾ ਸਭ ਤੋਂ ਵੱਡਾ ਸਮਰਥਕ ਬਣ ਕੇ ਚੱਲਦਾ ਹੈ ਅਤੇ ਜਦੋਂ ਸਰਕਾਰ ਬਦਲਦੀ ਜਾਂ ਕੋਈ ਨਵੀਂ ਲਹਿਰ ਉੱਠਦੀ ਅਤੇ ਜ਼ੋਰ ਫੜਦੀ ਦਿਸੇ ਤਾਂ ਉਸਦੀ ਨਬਜ਼ ਟੋਹਣ ਅਤੇ ਉਸ ਨਾਲ ਮਿਲ ਕੇ ਚੱਲਣ ਦਾ ਰਾਹ ਲੱਭਣ ਦੀ ਪਹਿਲ ਵੀ ਇਹੋ ਵਰਗ ਕਰਦਾ ਹੈ। ਚੰਗੀਆਂ ਪੋਸਟਾਂ ਲੈ ਸਕਣ ਦਾ ਜੁਗਾੜ ਕਰਨ ਦੀ ਮੌਕਾਪ੍ਰਸਤੀ ਇਨ੍ਹਾਂ ਤੋਂ ਕੁਝ ਵੀ ਕਰਵਾ ਸਕਦੀ ਹੈ ਅਤੇ ਇਸ ਵਕਤ ਕਿਉਂਕਿ ਰਾਜ ਕਰਦੀ ਧਿਰ ਹਿੰਦੂਤਵ ਵੱਲ ਵਧਦੀ ਪਈ ਹੈ, ਅਫਸਰੀ ਕੁਰਸੀਆਂ ਉੱਤੇ ਬੈਠੇ ਬੀਤੇ ਸਮੇਂ ਦੇ ਕਈ ਧਰਮ ਨਿਰਪੱਖ ਤੇ ਸਮਾਜਵਾਦੀ ਸੋਚ ਅਤੇ ਪਹੁੰਚ ਵਾਲੇ ਲੋਕ ਵੀ ਸਾਨੂੰ ਇਹ ਸਮਝਾਉਣੀ ਦੇਣ ਲੱਗ ਪਏ ਹਨ ਕਿ ਵਗਦੇ ਵਹਿਣ ਨਾਲ ਚੱਲਣ ਦਾ ਯਤਨ ਕਰੀਦਾ ਹੁੰਦਾ ਹੈ, ਵਿਰੋਧ ਕਰਨਾ ਛੱਡ ਦਿਉ।
ਪਿਛਲੇ ਹਫਤੇ ਜਦੋਂ ਪੰਜਾਬ ਦੀ ਸਿਵਲ ਅਫਸਰਸ਼ਾਹੀ ਦੇ ਕੁਝ ਵੱਡੇ ਅਹਿਲਕਾਰਾਂ ਨਾਲ ਮਿਲੇ ਤਾਂ ਉਨ੍ਹਾਂ ਵਿੱਚੋਂ ਇੱਕ ਜਣੇ ਨੇ ਜਲ-ਪਾਣੀ ਛਕਦੇ-ਛਕਾਉਂਦੇ ਇਹ ਗੱਲ ਬਿਨਾਂ ਕੋਈ ਮੁੱਦਾ ਛਿੜੇ ਤੋਂ ਕਹਿ ਦਿੱਤੀ ਕਿ ਦੇਸ਼ ਦੇ ਭਵਿੱਖ ਦੀ ਦਿਸ਼ਾ ਵਾਲਾ ਜੰਤਰ ਵੇਖੀਏ ਤਾਂ ਕੋਈ ਓਹਲਾ ਨਹੀਂ ਕਿ ਵਿਰੋਧ ਦਾ ਵਕਤ ਬੀਤ ਚੁੱਕਾ ਹੈ। ਉਨ੍ਹਾਂ ਨੇ ਰਾਮ ਮੰਦਰ ਬਣਨ ਪਿੱਛੋਂ ਇਸਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਅਗਵਾਈ ਭਾਰਤ ਦੀ ਰਾਜਨੀਤੀ ਦੇ ਸਿਖਰਲੇ ਅਹੁਦੇਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰਵਾਏ ਜਾਣ ਨੂੰ ਇਸਦੀ ਸਭ ਤੋਂ ਵੱਡੀ ਮਿਸਾਲ ਆਖਿਆ। ਫਿਰ ਉਨ੍ਹਾਂ ਲੜੀ ਬੰਨ੍ਹ ਦਿੱਤੀ ਕਿ ਇੱਕ ਪਾਸੇ ਕਾਂਵੜ ਯਾਤਰੀਆਂ ਖਾਤਰ ਢਾਬੇ ਵਾਲਿਆਂ ਨੂੰ ਆਪਣੇ ਮਾਲਕ ਦਾ ਨਾਂਅ, ਜਿਸ ਤੋਂ ਉਸਦਾ ਧਰਮ ਸਪਸ਼ਟ ਹੁੰਦਾ ਹੋਵੇ, ਉੱਥੇ ਲਿਖ ਕੇ ਲਾਉਣ ਨੂੰ ਕਿਹਾ ਜਾ ਰਿਹਾ ਹੈ, ਕਾਂਵੜ ਯਾਤਰਾ ਉੱਤੇ ਫੁੱਲ ਵਰਸਾਏ ਜਾ ਰਹੇ ਹਨ ਤੇ ਦੂਸਰੇ ਪਾਸੇ ਹੋਰਨਾਂ ਧਰਮਾਂ ਦੇ ਧਾਰਮਿਕ ਪ੍ਰੋਗਰਾਮ ਦੀ ਮੁਢਲੀ ਮਨਜ਼ੂਰੀ ਦੇਣ ਵੇਲੇ ਤੋਂ ਰੋਕਾਂ ਸ਼ੁਰੂ ਹੋ ਜਾਂਦੀਆਂ ਹਨ। ਪਹਿਲਾਂ ਭਾਜਪਾ ਸਰਕਾਰ ਵਾਲੇ ਇੱਕ ਰਾਜ ਵਿੱਚ ਸਕੂਲਾਂ ਵਿੱਚ ‘ਸੂਰੀਆ ਨਮਸਕਾਰ’ ਦੇ ਬਹਾਨੇ ਸਾਰੇ ਬੱਚਿਆਂ ਨੂੰ ਦੇਸ਼ ਦੇ ਭਾਰੂ ਧਰਮ ਦੀ ਮਾਨਸਿਕਤਾ ਨਾਲ ਜੋੜਿਆ ਜਾਣ ਲੱਗਾ ਸੀ ਤੇ ਫਿਰ ਇੱਕ ਹੋਰ ਰਾਜ ਵਿੱਚ ਸਵੇਰ ਦੀ ਸਭਾ ਦੇ ਵਕਤ ਇੱਕ ਧਰਮ ਦੇ ਧਾਰਮਿਕ ਸ਼ਬਦਾਂ ਨਾਲ ਆਰੰਭਤਾ ਦੀ ਗੱਲ ਸੁਣਨ ਲੱਗ ਪਈ। ਕਿਸੇ ਸਮੇਂ ਕੋਈ ਹਿੰਦੂ ਰਾਜਾ ਵੀ ਲੋਕਾਂ ਉੱਤੇ ਕਿਸੇ ਤਰ੍ਹਾਂ ਦਾ ਜਬਰ ਕਰਦਾ ਹੋ ਸਕਦਾ ਹੈ, ਇਹ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਅਤੇ ਦੂਸਰੇ ਧਰਮਾਂ, ਖਾਸ ਤੌਰ ਉੱਤੇ ਇੱਕ ਵੱਡੀ ਬਹੁ-ਗਿਣਤੀ ਨਾਲ ਜੁੜੇ ਬੀਤੇ ਸਮੇਂ ਦੇ ਹਰ ਰਾਜੇ ਨੂੰ ਪਾਪੀ ਅਤੇ ਜ਼ਾਲਮ ਆਖਿਆ ਜਾ ਰਿਹਾ ਹੈ। ਕਿਸੇ ਗੈਰ ਹਿੰਦੂ ਰਾਜੇ ਨਾਲ ਲੱਗੇ ਰਹੇ ਹਿੰਦੂ ਸੈਨਾਪਤੀਆਂ ਜਾਂ ਚੰਗੇ ਗਿਣੇ ਜਾਂਦੇ ਹਿੰਦੂ ਰਾਜਿਆਂ ਨਾਲ ਲੱਗੇ ਰਹੇ ਦੂਸਰੇ ਧਰਮ ਦੇ ਜਰਨੈਲਾਂ ਦੀ ਗੱਲ ਕੋਈ ਕਰਦਾ ਹੈ ਤਾਂ ਇਹ ਨਹੀਂ ਕਿ ਸੁਣਦਾ ਕੋਈ ਨਹੀਂ, ਸਗੋਂ ਕਹਿਣ ਵਾਲੇ ਨੂੰ ਭੱਦੀ ਭਾਸ਼ਾ ਵਿੱਚ ਇੱਦਾਂ ਜਵਾਬ ਦਿੱਤਾ ਜਾਂਦਾ ਹੈ ਕਿ ਉਹ ਅਗਲੀ ਵਾਰ ਇੱਦਾਂ ਬੋਲਣ ਦੀ ਜੁਰਅਤ ਨਾ ਕਰ ਸਕੇ। ਬਹੁ-ਗਿਣਤੀ ਦੇ ਵੋਟਰਾਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਭਵਿੱਖ ਵਿੱਚ ਲੈਣਾ ਯਕੀਨੀ ਬਣਾਉਣ ਲਈ ਇਤਿਹਾਸ ਵਿੱਚੋਂ ਚੰਗਾ-ਮੰਦਾ ਵੇਖੇ ਬਿਨਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਇੱਕ ਧਰਮ ਦੇ ਨਾਇਕਾਂ ਦੇ ਨਾਂਅ ਕੱਟੇ ਜਾ ਰਹੇ ਹਨ ਅਤੇ ਇੱਕ ਖਾਸ ਸੋਚ ਹੇਠ ਸਕੂਲੀ ਬੱਚਿਆਂ ਲਈ ਸਿਲੇਬਸ ਵਿੱਚ ਤਬਦੀਲੀਆਂ ਕੀਤੀਆਂ ਜਾਣ ਲੱਗ ਪਈਆਂ ਹਨ। ਇਹ ਸਭ ਕੁਝ ਜਿਸ ਖਾਸ ਦਿਸ਼ਾ ਵਿੱਚ ਜਾਂਦਾ ਹੈ, ਉਸ ਬਾਰੇ ਜਾਣਦੇ ਅਸੀਂ ਵੀ ਸਾਂ ਅਤੇ ਅਸੀਂ ਇਸ ਬਾਰੇ ਹੋਰ ਤਰ੍ਹਾਂ ਸੋਚਦੇ ਹੁੰਦੇ ਸਾਂ, ਪਰ ਉਹ ਅਫਸਰ ਸਾਰਾ ਕੁਝ ਠੀਕ ਤਰ੍ਹਾਂ ਜਾਣਦੇ ਹੋਏ ਇਸਦੀ ਪੂਰੀ ਵਿਆਖਿਆ ਮਗਰੋਂ ਇਹ ਕਹਿਣ ਲੱਗ ਪਿਆ ਕਿ ਵਕਤ ਦੀ ਨਜ਼ਾਕਤ ਵੇਖਣੀ ਚਾਹੀਦੀ ਹੈ, ਜਦੋਂ ਸਾਡੀ-ਤੁਹਾਡੀ ਸੋਚ ਕੋਈ ਫਰਕ ਹੀ ਨਹੀਂ ਪਾ ਸਕਦੀ ਤਾਂ ਐਵੇਂ ਥਾਂ-ਥਾਂ ਭਿੜਨ ਦਾ ਕੀ ਲਾਭ!
ਉਸ ਦੀ ਕਹੀ ਇਹ ਆਖਰੀ ਗੱਲ ਸਾਡੀ ਸੋਚ ਵਿੱਚ ਕਿੱਲ ਵਾਂਗ ਖੁੱਭ ਗਈ ਕਿ ਇਸ ਸਮਾਜ ਵਿੱਚ ਬਹੁਤੇ ਲੋਕ ਇੱਦਾਂ ਦੇ ਹਨ, ਜਿਹੜੇ ਠੀਕ ਜਾਂ ਗਲਤ ਦੇਖ ਕੇ ਨਹੀਂ ਚੱਲਦੇ, ਸਗੋਂ ਇਹ ਸੋਚਦੇ ਹਨ ਕਿ ਭਿੜਨ ਦਾ ਕੀ ਲਾਭ! ਸੋਚਣੀ ਅਤੇ ਕਾਰੋਬਾਰੀ ਲਾਭਾਂ ਨੂੰ ਜੋੜ ਕੇ ਨਾ ਚੱਲਣ ਵਾਲੇ ਸਾਡੇ ਵਰਗੇ ਲੋਕਾਂ ਲਈ ਇਹ ਘੜੀ ਹੋਰ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਦਾ ਬੁੱਧੀਜੀਵੀ ਵਰਗ ਕਿਸ ਪਾਸੇ ਚੱਲ ਪਿਆ ਹੈ? ਕਈ ਸਾਲ ਪਹਿਲਾਂ ਅਸੀਂ ਲਿਖਿਆ ਸੀ ਕਿ ਅੰਗਰੇਜ਼ੀ ਦੇ ਸ਼ਬਦ ‘ਇੰਟੈਲੀਜੈਂਸ਼ੀਆ’ ਦਾ ਅਰਥ ਤਾਂ ਬੁੱਧੀਮਾਨੀ ਬਣ ਸਕਦਾ ਸੀ, ਪਰ ਕਿਸੇ ਵੱਖਰੀ ਸੋਚ ਦੇ ਮਾਲਕ ਨੇ ਪਤਾ ਨਹੀਂ ਕਿਸ ਮਨ-ਤਰੰਗ ਜਾਂ ਕਿਸ ਲੋੜ ਅਧੀਨ ਇਸਦਾ ਅਰਥ ਬੁੱਧੀਮਾਨੀ ਦੀ ਥਾਂ ‘ਬੁੱਧੀਜੀਵੀ’ ਕਰ ਦਿੱਤਾ ਹੋਵੇਗਾ, ਜਿਸਦਾ ਅਰਥ ਬੁੱਧੀ ਆਸਰੇ ਜੀਵਨ ਦਾ ਜੁਗਾੜ ਕਰਨ ਵਾਲਾ ਵਿਅਕਤੀ ਬਣ ਸਕਦਾ ਹੈ। ਵੱਡੀਆਂ ਕੁਰਸੀਆਂ ਤਕ ਜਾ ਪਹੁੰਚੇ ਜਿਹੜੇ ਅਫਸਰਾਂ ਨੇ ਸਾਰੀ ਉਮਰ ਹਰ ਰੰਗ ਦੀ ਸਰਕਾਰ ਨਾਲ ਮਿਲ ਕੇ ਚੱਲਣ ਅਤੇ ਹਰ ਮੇਲ ਵਿੱਚੋਂ ਲਾਭ ਮੁੱਖ ਰੱਖ ਕੇ ਸੇਵਾ ਜਾਂ ਖਿਦਮਤ ਕੀਤੀ ਹੋਵੇ, ਉਹ ਸਾਡੇ ਵਰਗੇ ਲੋਕਾਂ ਨੂੰ ਹੋਰ ਸਲਾਹ ਕੀ ਦੇ ਸਕਦੇ ਹਨ! ਬਦਕਿਸਮਤੀ ਨਾਲ ਉਹ ਇਸ ਤਰ੍ਹਾਂ ਦੀ ਸੋਚ ਹੋਰਨਾਂ ਮੋਹਰੇ ਪਰੋਸਣ ਦੀ ਖੇਡ ਵਿੱਚ ਰੁੱਝ ਗਏ ਹਨ, ਜਿਹੜੀ ਸੋਚ ਦੇਸ਼ ਦਾ ਨੁਕਸਾਨ ਤਾਂ ਕੁਝ ਬਾਅਦ ਵਿੱਚ ਕਰੇਗੀ, ਉਸ ਤੋਂ ਪਹਿਲਾਂ ਨਰੋਈ ਸੋਚ ਵਾਲੇ ਰਹਿੰਦੇ-ਖੂੰਹਦੇ ਤੱਤਾਂ ਦੇ ਸਿਰਾਂ ਵਿੱਚ ਵੀ ਇਹ ਵਾਇਰਸ ਵਾੜਨ ਲੱਗ ਪਈ ਹੈ ਕਿ ਕੁਝ ਕਰਨ ਤੋਂ ਪਹਿਲਾਂ ਦੇਖ ਲਓ ਕਿ ਕੋਈ ਲਾਭ ਹੈ ਜਾਂ ਨਹੀਂ, ਇਸ ਤੋਂ ਬਿਨਾਂ ਭਿੜਨ ਦਾ ਕੀ ਲਾਭ!
ਜਿਸ ਦੇਸ਼ ਵਿੱਚ ਚੋਣਾਂ ਕਰਵਾਉਣ ਵਾਲੇ ਕੇਂਦਰੀ ਕਮਿਸ਼ਨ ਅਤੇ ਨਿਆਂ ਦੀ ਸਭ ਤੋਂ ਉੱਚੀ ਅਦਾਲਤ ਦੇ ਜੱਜਾਂ ਤੋਂ ਲੈ ਕੇ ਹੇਠਾਂ ਰਾਜਾਂ ਵਿਚਲੀ ਅਫਸਰਸ਼ਾਹੀ ਦੇ ਉੱਚ ਅਹੁਦੇਦਾਰਾਂ ਤਕ ਇਹ ਸੋਚ ਜੜ੍ਹ ਜਮਾ ਚੁੱਕੀ ਹੈ, ਉਸ ਦੇਸ਼ ਵਿੱਚ ਆਮ ਲੋਕ ਭਵਿੱਖ ਵਿੱਚ ਜਿੱਧਰ ਜਾਣਗੇ, ਉਹ ਖੁਦ ਜਾਣਗੇ ਨਹੀਂ, ਸਗੋਂ ਉੱਧਰ ਧੱਕੇ ਜਾ ਰਹੇ ਹੋਣਗੇ। ਹਾਲਾਤ ਦੇ ਇਸ ਵਹਿਣ ਅੱਗੇ ਕੋਈ ਅੜਿੱਕਾ ਜਾਂ ਸਪੀਡ ਬਰੇਕਰ ਚਾਹੀਦਾ ਹੈ, ਪਰ ਹਾਲੇ ਦਿਸ ਨਹੀਂ ਰਿਹਾ। ਇਹ ਕਹਿਣਾ ਹੋਰ ਗੱਲ ਹੈ ਕਿ ਹਾਲੇ ਦਿਸ ਨਹੀਂ ਰਿਹਾ, ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਕਦੀ ਦਿਸੇਗਾ ਨਹੀਂ, ਹਾਲਾਤ ਦਾ ਵਹਿਣ ਕਦੇ ਉਲਟਾ ਵੀ ਵਗ ਸਕਦਾ ਹੈ। ਸਮਾਂ ਕਦੋਂ ਕਿਹੋ ਜਿਹਾ ਰੰਗ ਵਿਖਾਉਣ ਲੱਗ ਪਵੇਗਾ, ਅਗੇਤਾ ਕਹਿ ਸਕਣਾ ਔਖਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (