JatinderPannu7ਹਾਲਾਤ ਪੰਜਾਬ ਦੇ ਵੀ ਅਤੇ ਦੇਸ਼ ਦੇ ਵੀ ਜਿਸ ਤਰ੍ਹਾਂ ਪਲ-ਪਲ ਬਦਲਦੇ ਰਹਿੰਦੇ ਹਨਕੱਲ੍ਹ ਨੂੰ ਕੀ ਹੋਵੇਗਾਇਹ ਤਾਂ ...
(21 ਅਕਤੂਬਰ 2024)

 

ਚੋਣ ਸਰਗਰਮੀਆਂ ਵਿੱਚ ਲਗਾਤਾਰ ਰੁੱਝਿਆ ਦਿਸਣ ਵਾਲੇ ਭਾਰਤ ਵਿੱਚ ਦੋ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਚੋਣਾਂ ਦਾ ਇੱਕ ਨਵਾਂ ਦੌਰ ਚੱਲ ਪਿਆ ਹੈਇਨ੍ਹਾਂ ਵਿੱਚੋਂ ਮਹਾਰਾਸ਼ਟਰ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਰਾਜ ਹੈਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਵਿਚਲੇ ਸਭ ਤੋਂ ਵੱਧ ਅੱਸੀ ਮੈਂਬਰ ਇੱਕੋ ਰਾਜ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ ਤੇ ਦੂਸਰਾ ਨੰਬਰ ਮਹਾਰਾਸ਼ਟਰ ਦਾ ਹੈ, ਜਿੱਥੋਂ ਦੇ ਅਠਤਾਲੀ ਮੈਂਬਰ ਹੁੰਦੇ ਹਨਬਤਾਲੀ ਲੋਕ ਸਭਾ ਮੈਂਬਰਾਂ ਨਾਲ ਤੀਸਰਾ ਵੱਡਾ ਰਾਜ ਪੱਛਮੀ ਬੰਗਾਲ ਹੈਬਿਹਾਰ ਨਾਲੋਂ ਕੱਟ ਕੇ ਬਣਾਏ ਹੋਏ ਝਾਰਖੰਡ ਵਿੱਚ ਵੀ ਇਸ ਵਾਰ ਮਹਾਰਾਸ਼ਟਰ ਦੇ ਨਾਲ ਵਿਧਾਨ ਸਭਾ ਚੋਣ ਕਰਵਾਈ ਜਾਣੀ ਹੈ, ਜਿਸਦੀਆਂ ਇਕਾਸੀ ਸੀਟਾਂ ਹਨ ਅਤੇ ਇਨ੍ਹਾਂ ਦੋਵਾਂ ਰਾਜਾਂ ਨਾਲ ਕਈ ਹੋਰ ਰਾਜਾਂ ਵਿੱਚ ਖਿੱਲਰੀਆਂ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਖਾਲੀ ਸੀਟਾਂ ਲਈ ਵੀ ਚੋਣਾਂ ਹੋਣੀਆਂ ਹਨਕਿਸੇ ਮੈਂਬਰ ਦੀ ਮੌਤ ਹੋਣ ਜਾਂ ਕਿਸੇ ਵਿਰੁੱਧ ਅਦਾਲਤੀ ਹੁਕਮ ਆਉਣ ਨਾਲ ਸੀਟਾਂ ਖਾਲੀ ਹੋਣ ਜਾਂ ਕਿਸੇ ਵਿਧਾਇਕ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੇ ਕਾਰਨ ਖਾਲੀ ਹੋਈਆਂ ਜਿਨ੍ਹਾਂ ਸੀਟਾਂ ਲਈ ਉਪ ਚੋਣਾਂ ਕਰਵਾਈਆਂ ਜਾਣਗੀਆਂ, ਇਨ੍ਹਾਂ ਵਿੱਚ ਪੰਜਾਬ ਦੀਆਂ ਛੇ ਸੀਟਾਂ ਵੀ ਸ਼ਾਮਲ ਹਨ

ਪਿਛਲੀ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਇੱਕੋ ਗਠਜੋੜ ਵਿੱਚ ਸਨ, ਪਰ ਚੋਣਾਂ ਮਗਰੋਂ ਦੋਵਾਂ ਦਾ ਸਰਕਾਰ ਦੀ ਅਗਵਾਈ ਦੇ ਸਵਾਲ ਉੱਤੇ ਝਗੜਾ ਪੈ ਗਿਆ ਸੀ ਉਦੋਂ ਭਾਜਪਾ ਤੋਂ ਤੰਗ ਆਈ ਸ਼ਿਵ ਸੈਨਾ ਨੇ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਨਾਲ ਗੱਲ ਚਲਾਈ ਤਾਂ ਭਾਜਪਾ ਨੇ ਐੱਨ ਸੀ ਪੀ ਦੇ ਮੁਖੀ ਸ਼ਰਦ ਪਵਾਰ ਦੀ ਪਾਰਟੀ ਨੂੰ ਢਾਹ ਲਾਈ ਤੇ ਉਸ ਦਾ ਭਤੀਜਾ ਅਜੀਤ ਪਵਾਰ ਡਿਪਟੀ ਮੁੱਖ ਮੰਤਰੀ ਬਣਾ ਕੇ ਅੱਧੀ ਰਾਤ ਸਰਕਾਰ ਬਣਾ ਲਈਜਿੰਨੀ ਤੇਜ਼ੀ ਨਾਲ ਉਹ ਸਰਕਾਰ ਬਣਾਈ ਸੀ, ਦੂਸਰੀਆਂ ਧਿਰਾਂ ਦੇ ਇਕੱਠੇ ਹੋਣ ’ਤੇ ਅਜੀਤ ਪਵਾਰ ਦੇ ਪਿੱਛੇ ਮੁੜ ਜਾਣ ਨਾਲ ਉਸੇ ਤੇਜ਼ੀ ਨਾਲ ਟੁੱਟ ਗਈ ਅਤੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਦੀ ਅਗਵਾਈ ਹੇਠ ਤਿੰਨ ਪਾਰਟੀਆਂ ਦੇ ਗਠਜੋੜ ਦੀ ਸਾਂਝੀ ਸਰਕਾਰ ਬਣ ਗਈਭਾਜਪਾ ਨੇ ਉਸ ਵਿੱਚ ਫਿਰ ਢਾਹ ਲਾਈ ਅਤੇ ਸ਼ਿਵ ਸੈਨਾ ਦਾ ਵੱਡਾ ਹਿੱਸਾ ਉਸ ਨਾਲੋਂ ਤੋੜ ਕੇ ਉਨ੍ਹਾਂ ਦੇ ਨੇਤਾ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਸਰਕਾਰ ਬਣਾਈ ਅਤੇ ਉਸ ਦਾ ਡਿਪਟੀ ਮੁੱਖ ਮੰਤਰੀ ਆਪਣਾ ਦਵਿੰਦਰ ਫੜਨਵੀਸ ਬਣਵਾ ਕੇ ਸਰਕਾਰ ਅਮਲ ਵਿੱਚ ਭਾਜਪਾ ਚਲਾਉਂਦੀ ਰਹੀਕੁਝ ਚਿਰ ਪਿੱਛੋਂ ਫਿਰ ਅਜੀਤ ਪਵਾਰ ਇੱਕ ਹੋਰ ਦਲਬਦਲੀ ਕਰ ਕੇ ਭਾਜਪਾ ਨਾਲ ਜਾ ਜੁੜਿਆ ਤੇ ਓਧਰੋਂ ਡਿਪਟੀ ਮੁੱਖ ਮੰਤਰੀ ਬਣ ਕੇ ਆਪਣੇ ਚਾਚੇ ਅਤੇ ਪਾਰਟੀ ਦੋਵਾਂ ਦੇ ਖਿਲਾਫ ਭਾਜਪਾ ਦੇ ਹਮਲੇ ਦਾ ਅਗਵਾਨੂੰ ਬਣ ਗਿਆਜਦੋਂ ਇਸ ਵੇਲੇ ਉੱਥੇ ਵਿਧਾਨ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ, ਭਾਜਪਾ ਦੇ ਕੁਝ ਵਿਧਾਇਕ ਤੇ ਮੰਤਰੀ ਉਸ ਨੂੰ ਛੱਡਦੇ ਜਾ ਰਹੇ ਹਨ ਅਤੇ ਕੁਝ ਏਕਨਾਥ ਸ਼ਿੰਦੇ ਦੇ ਸਾਥੀਆਂ ਨੇ ਪਾਰਟੀ ਛੱਡ ਕੇ ਸ਼ਿਵ ਸੈਨਾ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈਭਾਜਪਾ ਦੀ ਹਾਲਤ ਮਹਾਰਾਸ਼ਟਰ ਵਿੱਚ ਓਦਾਂ ਦੀ ਹੈ, ਜਿੱਦਾਂ ਦੀ ਹਰਿਆਣੇ ਵਿੱਚ ਸੀ, ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇੱਦਾਂ ਦੇ ਹਾਲਾਤ ਵਿੱਚ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਬਣਨ ਦੀ ਦੌੜ ਨੇ ਜਿਵੇਂ ਹਰਿਆਣੇ ਵਿੱਚ ਉਸ ਨੂੰ ਡੋਬਿਆ ਹੈ, ਇਹੀ ਕੁਝ ਮਹਾਰਾਸ਼ਟਰ ਵਿੱਚ ਵੀ ਹੋ ਸਕਦਾ ਹੈਕਾਂਗਰਸ ਦੀ ਹਾਈ ਕਮਾਨ ਇਸ ਮਾਮਲੇ ਵਿੱਚ ਬਹੁਤੀ ਅਸਰਦਾਰ ਅਜੇ ਤਕ ਵੀ ਨਹੀਂ ਹੋਈ

ਦੂਸਰਾ ਰਾਜ ਝਾਰਖੰਡ ਪਹਿਲਾਂ ਬਿਹਾਰ ਦਾ ਹਿੱਸਾ ਹੁੰਦਾ ਸੀ ਤੇ ਇਸ ਵਿੱਚ ਕੁਦਰਤੀ ਖਜ਼ਾਨਿਆਂ ਵਾਲੀਆਂ ਖਾਣਾਂ ਇੰਨੀਆਂ ਹਨ ਕਿ ਢੰਗ ਨਾਲ ਵਰਤਿਆ ਜਾਵੇ ਤਾਂ ਖੁਸ਼ਹਾਲ ਹੋ ਸਕਦਾ ਹੈਵੱਖਰਾ ਰਾਜ ਬਣਨ ਮਗਰੋਂ ਬਦਕਿਸਮਤੀ ਨਾਲ ਇਸ ਨੂੰ ਬਿਹਾਰ ਦੇ ਭ੍ਰਿਸ਼ਟਾਚਾਰੀਏ ਲੀਡਰਾਂ ਤੋਂ ਚੰਗੇ ਆਗੂ ਨਹੀਂ ਮਿਲ ਸਕੇ ਤੇ ਰਾਜ ਤਰੱਕੀ ਵੱਲ ਅੱਗੇ ਵਧਣ ਦੀ ਥਾਂ ਗਰੀਬੀ ਵਾਲੇ ਅੱਡੇ ਉੱਤੇ ਖੜ੍ਹਾ ਨਜ਼ਰ ਆਉਂਦਾ ਹੈਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਭ੍ਰਿਸ਼ਟਾਚਾਰ ਫਿੱਟ ਬੈਠਦਾ ਹੈਇਹ ਗੱਲ ਕੋਈ ਨਹੀਂ ਕਹਿੰਦਾ ਕਿ ਭਾਜਪਾ ਦੇ ਆਗੂ ਭ੍ਰਿਸ਼ਟਾਚਾਰੀ ਨਹੀਂ, ਸਗੋਂ ਹੋਰਨਾਂ ਤੋਂ ਵੱਧ ਦੱਸੇ ਜਾਂਦੇ ਹਨ, ਪਰ ਇੱਕ ਤਾਂ ਉਨ੍ਹਾਂ ਨੂੰ ਬੇਈਮਾਨੀ ਕਰਨ ਦੇ ਲੁਕਵੇਂ ਢੰਗ ਵਰਤਣ ਦੀ ਵੱਧ ਸੂਝ ਹੈ ਤੇ ਦੂਸਰਾ ਕੇਂਦਰ ਦੀਆਂ ਜਿਨ੍ਹਾਂ ਏਜੰਸੀਆਂ ਨੇ ਕਾਰਵਾਈ ਕਰਨ ਲਈ ਆਉਣਾ ਹੁੰਦਾ ਹੈ, ਕੇਂਦਰ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਕਾਰਨ ਉਹ ਉਨ੍ਹਾਂ ਤੋਂ ਬਚੇ ਰਹਿੰਦੇ ਹਨਇਸ ਵਕਤ ਉੱਥੇ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਅਤੇ ਮੁੱਖ ਮੰਤਰੀ ਹੇਮੰਤ ਹੈ, ਪਰ ਪਿਛਲੇ ਸਾਲ ਉਸ ਦੀ ਗ੍ਰਿਫਤਾਰੀ ਜਿਹੜੇ ਢੰਗ ਨਾਲ ਭਾਜਪਾ ਦੀ ਕੇਂਦਰੀ ਸਰਕਾਰ ਦੇ ਇਸ਼ਾਰੇ ਉੱਤੇ ਕੇਂਦਰੀ ਏਜੰਸੀਆਂ ਨੇ ਕੀਤੀ ਅਤੇ ਅਦਾਲਤ ਨੇ ਉਸ ਨੂੰ ਜ਼ਮਾਨਤ ਉੱਤੇ ਛੱਡਣ ਲਈ ਹੁਕਮ ਦਿੱਤਾ, ਉਸ ਨਾਲ ਉਸ ਰਾਜ ਦੇ ਲੋਕਾਂ ਵਾਸਤੇ ਉਹ ਪੀੜਤ ਹੋ ਗਿਆ ਹੈਭਾਜਪਾ ਵਾਲੇ ਕਹਿੰਦੇ ਹਨ ਕਿ ਹੇਮੰਤ ਦੇ ਕਾਰਨ ਇਸ ਰਾਜ ਦੀ ਬਦਨਾਮੀ ਹੋਈ ਹੈ ਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਇਹ ਗੱਲ ਲੋਕਾਂ ਕੋਲ ਪੁਚਾ ਰਹੇ ਹਨ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰਵਾਇਆ ਸੀ, ਉਸ ਨੂੰ ਵੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ, ਦੋਵਾਂ ਨਾਲ ਜ਼ਿਆਦਤੀ ਕੀਤੀ ਗਈ ਹੈਇਸ ਹਾਲ ਵਿੱਚ ਉਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਇਸ ਵਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਭ੍ਰਿਸ਼ਟਾਚਾਰ ਬਹਾਨੇ ਵਿਰੋਧੀ ਪਾਰਟੀਆਂ ਖਿਲਾਫ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਮੁੱਦੇ ਉੱਤੇ ਲੜੇ ਜਾਣ ਦੀ ਸੰਭਾਵਨਾ ਬਣ ਗਈ ਹੈਹਰਿਆਣੇ ਵਿਚਲੀ ਜਿੱਤ ਦੇ ਹੁਲਾਰੇ ਨਾਲ ਭਾਜਪਾ ਝਾਰਖੰਡ ਵਿੱਚ ਵੀ ਸਿਆਸੀ ਪਲਟੀ ਮਾਰਨ ਵਾਸਤੇ ਤਿਆਰੀਆਂ ਕਰਦੀ ਸੁਣੀ ਜਾਂਦੀ ਹੈ, ਪਰ ਹਾਲਾਤ ਨਾ ਹਾਲ ਦੀ ਘੜੀ ਉਸ ਦੇ ਹੱਕ ਵਿੱਚ ਸੁਣੀਂਦੇ ਹਨ ਅਤੇ ਨਾ ਉਸ ਦੇ ਵਿਰੋਧੀਆਂ ਦੇ ਪੱਖ ਵਿੱਚਝਾਰਖੰਡ ਵਿੱਚ ਆਮ ਲੋਕ ਚੋਣਾਂ ਦੀ ਗੱਲ ਬਹੁਤੀ ਅਜੇ ਨਹੀਂ ਕਰਦੇ, ਅਗਲੇ ਮਹੀਨੇ ਦੀ ਤੇਰਾਂ ਤਰੀਕ ਨੂੰ ਵੋਟਾਂ ਪੈਣੀਆਂ ਹਨ, ਉਸ ਦੇ ਕਰੀਬ ਜਾ ਕੇ ਪਤਾ ਲੱਗੇਗਾ ਕਿ ਉਸ ਰਾਜ ਦੇ ਆਮ ਲੋਕ ਇਸ ਵਾਰੀ ਕਿਸ ਪਾਰਟੀ ਵੱਲ ਝੁਕਣ ਦੇ ਰੌਂ ਵਿੱਚ ਹੋ ਸਕਦੇ ਹਨ

ਇਨ੍ਹਾਂ ਦੋਵਾਂ ਰਾਜਾਂ ਨਾਲ ਹੋਰ ਕਿਹੜੇ ਰਾਜ ਵਿੱਚ ਕਿਸ ਲੋਕ ਸਭਾ ਜਾਂ ਵਿਧਾਨ ਸਭਾ ਸੀਟ ਲਈ ਉਪ ਚੋਣ ਵਾਸਤੇ ਐਲਾਨ ਕੀਤਾ ਗਿਆ ਹੈ, ਇਸਦੀ ਚੀਰ-ਪਾੜ ਕਰਨ ਦੀ ਥਾਂ ਅਸੀਂ ਪੰਜਾਬ ਦੀਆਂ ਉਨ੍ਹਾਂ ਚਾਰ ਸੀਟਾਂ ਦੀ ਗੱਲ ਕਰਨ ਦੀ ਲੋੜ ਸਮਝਦੇ ਹਾਂ, ਜਿੱਥੇ ਉਪਰੋਕਤ ਦੋਵਾਂ ਰਾਜਾਂ ਦੀਆਂ ਚੋਣਾਂ ਨਾਲ ਉਪ ਚੋਣਾਂ ਹੋਣੀਆਂ ਹਨ ਇਸੇ ਸਾਲ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਚਾਰ ਵਿਧਾਇਕ ਜਿੱਤ ਕੇ ਪਾਰਲੀਮੈਂਟ ਵਿੱਚ ਚਲੇ ਗਏ ਸਨ ਅਤੇ ਉਨ੍ਹਾਂ ਵਾਲੀਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਦੀਆਂ ਸੀਟਾਂ ਉੱਤੇ ਉਪ ਚੋਣ ਹੋਣੀ ਹੈਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚ ਵਾਪਸ ਲੈ ਕੇ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਸਕਦਾ ਹੈ, ਪਰ ਵਿਰਸਾ ਸਿੰਘ ਵਲਟੋਹਾ ਦੇ ਮੁੱਦੇ ਦਾ ਖਿਲਾਰਾ ਪੈਣ ਮਗਰੋਂ ਪਾਰਟੀ ਉਸ ਬਾਰੇ ਜੱਕੋਤੱਕੀ ਵਿੱਚ ਸੁਣੀਂਦੀ ਹੈਬਾਕੀ ਧਿਰਾਂ ਨੇ ਹਾਲੇ ਇਸ ਹਲਕੇ ਬਾਰੇ ਸੰਕੇਤ ਨਹੀਂ ਦਿੱਤਾ ਤੇ ਭਾਜਪਾ ਸਮੇਤ ਕਿਸੇ ਧਿਰ ਨੇ ਚੱਬੇਵਾਲ, ਗਿੱਦੜਬਾਹਾ ਤੇ ਬਰਨਾਲਾ ਬਾਰੇ ਵੀ ਅਜੇ ਤਕ ਪੱਤੇ ਨਹੀਂ ਖੋਲ੍ਹੇਕੁਝ ਅੰਦਾਜ਼ਾ ਲੱਗ ਸਕਦਾ ਹੈ ਤਾਂ ਸਿਰਫ ਗਿੱਦੜਬਾਹੇ ਬਾਰੇ ਲਗਦਾ ਹੈ ਉੱਥੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਚਰਚਾ ਚੱਲ ਰਹੀ ਹੈਪਹਿਲਾਂ ਚਰਚਾ ਸੀ ਕਿ ਐਤਕੀਂ ਉਹ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਸੰਬੰਧ ਸੁਧਾਰ ਕੇ ਅਕਾਲੀ ਦਲ ਵੱਲੋਂ ਇਹ ਚੋਣ ਲੜ ਸਕਦਾ ਹੈ, ਪਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਨੇ ਜਦੋਂ ਅਕਾਲੀ ਦਲ ਤੋਂ ਬਗਾਵਤ ਕੀਤੀ ਤੇ ਇਹ ਸਾਰੀ ਕਹਾਣੀ ਜਨਤਕ ਕਰ ਦਿੱਤੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੀ ਥਾਂ ਭਾਜਪਾ ਵੱਲੋਂ ਚੋਣ ਲੜਨ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨਅਕਾਲੀ ਦਲ ਵਿੱਚ ਚਰਚਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਰਾਜਨੀਤੀ ਵਿੱਚ ਆਪਣੀ ਖੁੱਸੀ ਹੋਈ ਸਾਖ ਫਿਰ ਕਾਇਮ ਕਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਆਪਣੇ ਬਾਪ ਦਾ ਹਲਕਾ ਰਹੇ ਗਿੱਦੜਬਾਹਾ ਦੀ ਉਪ ਚੋਣ ਲੜੇ ਅਤੇ ਜਿੱਤੇ, ਵਰਨਾ ਲਾਂਭੇ ਧੱਕਿਆ ਜਾਵੇਗਾਇਸ ਲਈ ਚਰਚਾ ਹੈ ਕਿ ਜੇ ਕੋਈ ਵੱਡਾ ਵਿਘਨ ਨਾ ਪਿਆ ਤਾਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਹੀ ਹੋਵੇਗਾਇਸ ਨਾਲ ਉੱਥੇ ਦੋਵਾਂ ਭਰਾਵਾਂ ਵਿੱਚ ਸਿੰਗ ਫਸਣ ਦੀ ਨੌਬਤ ਆ ਸਕਦੀ ਹੈ, ਜਿਸਦਾ ਲਾਭ ਮੁਕਾਬਲੇ ਵਿੱਚ ਖੜ੍ਹੇ ਹੋਰਨਾਂ ਧਿਰਾਂ ਦੇ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਮਿਲ ਸਕਦਾ ਹੈ, ਪਰ ਤਸਵੀਰ ਅਜੇ ਤਕ ਪੂਰੀ ਸਾਫ ਨਹੀਂ ਹੋ ਸਕੀ

ਹਾਲਾਤ ਪੰਜਾਬ ਦੇ ਵੀ ਅਤੇ ਦੇਸ਼ ਦੇ ਵੀ ਜਿਸ ਤਰ੍ਹਾਂ ਪਲ-ਪਲ ਬਦਲਦੇ ਰਹਿੰਦੇ ਹਨ, ਕੱਲ੍ਹ ਨੂੰ ਕੀ ਹੋਵੇਗਾ, ਇਹ ਤਾਂ ਇੱਕ ਪਾਸੇ ਰਹਿ ਗਿਆ, ਘੜੀ ਕੁ ਤਕ ਕੀ ਹੋ ਜਾਵੇਗਾ, ਇਹ ਵੀ ਕਹਿਣਾ ਸੌਖਾ ਨਹੀਂਜਿਹੜੀ ਗੱਲ ਇਹ ਚੋਣ ਸ਼ੁਰੂ ਹੋਣ ਦੇ ਵਕਤ ਸਾਫ ਦਿਸਦੀ ਹੈ, ਉਹ ਇਹ ਕਿ ਆਖਰ ਨੂੰ ਨਤੀਜਾ ਕਿਸੇ ਵੀ ਧਿਰ ਦੇ ਪੱਖ ਵਿੱਚ ਨਿਕਲੇ, ਆਰੰਭਤਾ ਦੇ ਵਕਤ ਅਕਾਲੀ ਦਲ ਦੀ ਲੀਡਰਸ਼ਿੱਪ ਜਿੰਨਾ ਫਸਿਆ ਕੋਈ ਨਹੀਂ ਜਾਪਦਾਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਉਪ ਚੋਣਾਂ ਨਾਲ ਇਸ ਰਾਜ ਦੀ ਰਾਜਨੀਤੀ ਉੱਤੇ ਵੀ ਬਹੁਤ ਵੱਡਾ ਅਸਰ ਪੈ ਸਕਦਾ ਹੈ, ਪਰ ਸਭ ਤੋਂ ਵੱਡਾ ਅਸਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਨਾਲ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿੱਪ ਦੇ ਰਾਜਨੀਤੀ ਵਿੱਚ ਰਹਿਣ ਜਾਂ ਬਾਹਰ ਕਰ ਦਿੱਤੇ ਜਾਣ ਵਾਲੇ ਹਾਲਾਤ ਬਣ ਸਕਦੇ ਹਨਇਸ ਲਈ ਇਸ ਰਾਜ ਦੇ ਲੋਕਾਂ ਦਾ ਧਿਆਨ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਨਤੀਜਿਆਂ ਵੱਲ ਓਨਾ ਨਹੀਂ ਹੋਣਾ, ਜਿੰਨਾ ਇਨ੍ਹਾਂ ਚਾਰ ਸੀਟਾਂ ਵੱਲ ਲੱਗਾ ਰਹੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5381)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋThis email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author