“ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਪੜ੍ਹਿਆ ਲਿਖਿਆ ਨੌਜਵਾਨ ਵੀ ਮੁਫ਼ਤ ਦੀਆਂ ਸਕੀਮਾਂ ...”
(2 ਅਕਤੂਬਰ 2025)
ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਹੈ। ਪਿਛਲੇ ਕੁਝ ਸਮੇਂ ਤੋਂ ਵਿਰੋਧੀ ਧਿਰ ਅਤੇ ਸਰਕਾਰਾਂ ਵਿੱਚ ਸ਼ਾਮਲ ਪਾਰਟੀਆਂ ਇੱਕ ਦੂਸਰੇ ਉੱਪਰ ਲੋਕਤੰਤਰ ਦੇ ਘਾਣ ਦੇ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਹਨ। ਕਦੀ ਇਹ ਈ.ਵੀ.ਐੱਮ ਹੈਕ ਹੋਣ ਦੀ ਗੱਲ ਅਤੇ ਕਦੀ ਵੋਟ ਚੋਰੀ ਦੀ ਗੱਲ। ਜੇਕਰ ਗੱਲ ਕਰੀਏ ਆਮ ਵੋਟਰ ਦੀ ਤਾਂ ਉਸ ਨੂੰ ਲੀਡਰਾਂ ਤੋਂ ਸ਼ਿਕਾਇਤ ਹੈ ਕਿ ਇਹ ਜਿੱਤ ਕੇ ਤਾਨਾਸ਼ਾਹੀ ਕਰਨ ਲਗਦੇ ਹਨ ਅਤੇ ਭ੍ਰਿਸ਼ਟਾਚਾਰੀ ਬਣ ਜਾਂਦੇ ਹਨ। ਆਮ ਲੋਕਾਂ ਦੀ ਸੱਥ ਵਿੱਚ ਸ਼ਾਮ ਨੂੰ ਇਹੀ ਗਲਾਂ ਹੁੰਦੀਆਂ ਹਨ ਕਿ ਇਨ੍ਹਾਂ ਲੀਡਰਾਂ ਨੇ ਦੇਸ਼ ਵੇਚ ਕੇ ਖਾ ਲਿਆ। ਓਦਾਂ ਇਹ ਗੱਲ ਬਹੁਤ ਹੱਦ ਤਕ ਸੱਚ ਵੀ ਹੈ। ਅੱਜ ਦੇ ਸਮੇਂ ਵਿੱਚ ਇੱਕ ਇਮਾਨਦਾਰ ਲੀਡਰ ਲੱਭਣਾ ਬਹੁਤ ਔਖਾ ਹੈ, ਪਰ ਕੀ ਵੋਟਰ ਇਮਾਨਦਾਰ ਹਨ? ਨਹੀਂ। ਅੱਜ ਦੇ ਸਮੇਂ ਵਿੱਚ ਇਮਾਨਦਾਰ ਵੋਟਰ ਲੱਭਣਾ ਬਹੁਤ ਔਖਾ ਕੰਮ ਹੈ ਅਤੇ ਜਿਹੜੇ ਇਮਾਨਦਾਰ ਲੋਕ ਹਨ ਜਾਂ ਤਾਂ ਉਹ ਪੋਲਿੰਗ ਬੂਥਾਂ ਤਕ ਵੋਟ ਪਾਉਣ ਲਈ ਜਾਂਦੇ ਹੀ ਨਹੀਂ, ਜੇਕਰ ਥੋੜ੍ਹੇ ਬਹੁਤ ਜਾਂਦੇ ਵੀ ਹਨ ਤਾਂ ਉਹਨਾਂ ਦੀ ਵੋਟ ਦੀ ਕੋਈ ਬਹੁਤੀ ਅਹਿਮੀਅਤ ਹੀ ਨਹੀਂ ਰਹਿ ਜਾਂਦੀ ਕਿਉਂਕਿ ਸਰਕਾਰ ਤਾਂ ਭ੍ਰਿਸ਼ਟ ਵੋਟਰ ਬਣਾ ਰਿਹਾ ਹੁੰਦਾ ਹੈ। ਵੋਟਰ ਇਮਾਨਦਾਰ ਨਹੀਂ, ਇਸ ਵਿੱਚ ਕੋਈ ਸ਼ੱਕ ਨਹੀਂ। ਅੱਜ ਦੇ ਵੋਟਰ ਨੂੰ ਇਮਾਨਦਾਰੀ ਨਾਲ ਵਿਕਾਸ ਕਰਨ ਵਾਲੀ ਸਰਕਾਰ ਜਾਂ ਸਮਾਜ ਨੂੰ ਜੋੜਨ ਵਾਲੀ ਸਰਕਾਰ ਨਹੀਂ ਚਾਹੀਦੀ। ਅੱਜ ਦਾ ਵੋਟਰ ਚੰਗੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਵਾਲੀ ਸਰਕਾਰ ਨਹੀਂ ਚਾਹੁੰਦਾ। ਸੜਕਾਂ ਟੁੱਟੀਆਂ ਹੋਣ ਨਾਲ ਉਸ ਨੂੰ ਕੋਈ ਮਤਲਬ ਨਹੀਂ ਅਤੇ ਨਾ ਹੀ ਮਹਿੰਗੇ ਸਿਲੰਡਰ ਅਤੇ ਮਹਿੰਗੇ ਪੈਟਰੋਲ ਡੀਜ਼ਲ ਨਾਲ ਕੋਈ ਮਤਲਬ ਹੈ। ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਕੋਈ ਗੱਲ ਨਹੀਂ। ਕਿਹੜਾ ਸਾਡਾ ਮਰਿਆ ਹੈ। ਅੱਜ ਦਾ ਵੋਟਰ ਸਰਕਾਰ ਚਾਹੁੰਦਾ ਹੈ, ਜਿਹੜੀ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ ਦੇ ਦੇਵੇ ਤਾਂ ਜੋ ਕੰਮ ਕਰਕੇ ਆਪਣੀ ਕਮਾਈ ਨਾਲ ਇਨ੍ਹਾਂ ਦੇ ਬਿੱਲ ਨਾ ਦੇਣੇ ਪੈਣ। ਮੁਫ਼ਤ ਬੱਸ ਦਾ ਸਫ਼ਰ ਅਤੇ 1000 ਰੁਪਏ ਦੇ ਲਾਲਚ ਵਿੱਚ ਆ ਕੇ ਇਸਤਰੀ ਵੋਟਰ ਬੜੀ ਚਾਈਂ ਚਾਈਂ ਵੋਟ ਪਾਉਂਦੀ ਵੀ ਹੈ ਤੇ ਪਾਰਟੀ ਲਈ ਪ੍ਰਚਾਰ ਵੀ ਕਰਦੀ ਹੈ। ਕਿਸਾਨ ਵੀਰ ਵੀ ਕਰਜ਼ਾ ਮਾਫ਼ੀ ਦੇ ਲਾਰਿਆਂ ਪਿੱਛੇ ਵਿਕ ਜਾਂਦੇ ਹਨ। ਮੋਟਰਾਂ ਲਈ ਮੁਫ਼ਤ ਬਿਜਲੀ ਚਾਹੀਦੀ ਹੈ, ਫਿਰ ਚਾਹੇ ਪਾਣੀ ਜ਼ਮੀਨ ਵਿੱਚੋਂ ਖਤਮ ਹੋਣ ਕਿਨਾਰੇ ਹੀ ਕਿਉਂ ਨਾ ਪਹੁੰਚ ਜਾਵੇ।
ਅਸਲ ਵਿੱਚ ਭ੍ਰਿਸ਼ਟਾਚਾਰ ਸ਼ੁਰੂ ਹੀ ਵੋਟਰ ਤੋਂ ਹੁੰਦਾ ਹੈ। ਜਿਹੜੇ ਵੋਟਰ ਥੋੜ੍ਹੇ ਜਿਹੇ ਲਾਲਚ ਪਿੱਛੇ ਆਪਣੀ ਵੋਟ ਵੇਚ ਦਿੰਦੇ ਹਨ, ਅਸਲੀ ਭ੍ਰਿਸ਼ਟਾਚਾਰੀ ਤਾਂ ਉਹ ਹੀ ਹਨ। ਅਜਿਹੇ ਭ੍ਰਿਸ਼ਟ ਵੋਟਰ ਹੀ ਭ੍ਰਿਸ਼ਟ ਨੇਤਾ ਪੈਦਾ ਕਰਦੇ ਹਨ। ਪਿੰਡਾਂ ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ ਅਕਸਰ ਸਰਕਾਰਾਂ ਕਹਿੰਦੀਆਂ ਹਨ ਕਿ ਸਰਬ ਸੰਮਤੀ ਨਾਲ ਪੰਚਾਇਤ ਚੁਣ ਲਈ ਜਾਵੇ ਪਰ ਉੱਥੇ ਵੀ ਕੁਝ ਘੜੰਮ ਚੌਧਰੀ ਅਤੇ ਕੁਝ ਮੁਫ਼ਤ ਦੀ ਸ਼ਰਾਬ ਦੇ ਲਾਲਚੀ ਅਜਿਹਾ ਨਹੀਂ ਹੋਣ ਦਿੰਦੇ। ਇਹੋ ਜਿਹੇ ਲੋਕਾਂ ਨੂੰ ਹੁੰਦਾ ਹੈ ਕਿ ਜੇਕਰ ਸਰਬ ਸੰਮਤੀ ਹੋ ਗਈ ਤਾਂ ਇੱਕ ਤਾਂ ਉਹਨਾਂ ਦੀ ਚੌਧਰ ਘਟ ਜਾਣੀ ਦੂਸਰਾ ਕੁਝ ਦਿਨ ਜਿਹੜਾ ਉਹਨਾਂ ਦਾ ਦਾਰੂ ਮੁਰਗਾ ਚੱਲਣਾ ਹੁੰਦਾ ਹੈ, ਉਹ ਵੀ ਬੰਦ ਹੋ ਜਾਣਾ ਹੈ। ਹਜ਼ਾਰਾਂ ਦੀ ਸ਼ਰਾਬ ਅਤੇ ਮੁਰਗੇ ਖਵਾ ਕੇ ਅਤੇ ਔਰਤਾਂ ਨੂੰ ਸੂਟ ਦੇ ਕੇ ਬਣਿਆ ਸਰਪੰਚ ਅਗਲੇ ਪੰਜ ਸਾਲ ਪਿੰਡ ਦੇ ਵਿਕਾਸ ਦੀ ਜਗ੍ਹਾ ਪਹਿਲਾਂ ਆਪਣਾ ਪੈਸਾ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਅਗਲੀਆਂ ਚੋਣਾਂ ਦੀ ਤਿਆਰੀ ਲਈ ਵੀ ਪੈਸਾ ਜੋੜਦਾ ਹੈ। ਇਹੋ ਸਰਪੰਚ ਜਦੋਂ ਅੱਗੇ ਜਾ ਕੇ ਵੱਡੇ ਲੀਡਰ ਬਣਦੇ ਹਨ ਤਾਂ ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜਨਤਾ ਤੋਂ ਵੋਟ ਕਿੱਦਾਂ ਖਰੀਦਣੇ ਹਨ। ਵੱਡੀਆਂ ਚੋਣਾਂ ਵਿੱਚ ਅਜਿਹੇ ਲਾਲਚੀ ਵੋਟਰਾਂ ਦੀ ਗਿਣਤੀ ਵੀ ਵੱਡੀ ਹੁੰਦੀ ਹੈ, ਇਸ ਲਈ ਸ਼ਰਾਬ ਅਤੇ ਮੁਰਗੇ ਆਦਿ ’ਤੇ ਖਰਚਾ ਵੀ ਲੱਖਾਂ ਵਿੱਚ ਆਉਂਦਾ ਹੈ ਤੇ ਨੇਤਾ ਜਿੱਤ ਹਾਸਲ ਕਰਨ ਤੋਂ ਬਾਅਦ ਕਰੋੜਾਂ ਕਮਾ ਕੇ ਘਾਟਾ ਪੂਰਾ ਕਰਦਾ ਹੈ। ਫਿਰ ਇਲਾਕੇ ਦਾ ਵਿਕਾਸ ਕਿਹੜੇ ਪੈਸਿਆਂ ਨਾਲ ਕਰਵਾਉਣਾ ਹੈ? ਨੇਤਾਵਾਂ ਨੂੰ ਪਤਾ ਹੁੰਦਾ ਹੈ ਕਿ ਵਿਕਾਸ ਨਾ ਵੀ ਕਰਵਾਈਏ, ਕੋਈ ਗੱਲ ਨਹੀਂ, ਅਗਲੀ ਵਾਰ ਵੋਟਾਂ ਵਿੱਚ ਅਜਿਹੇ ਲਾਲਚੀ ਵੋਟਰਾਂ ਨੂੰ ਫਿਰ ਸ਼ਰਾਬ, ਮੁਰਗੇ ਅਤੇ ਪੈਸਿਆਂ ਦਾ ਲਾਲਚ ਦੇ ਕੇ ਅਤੇ ਪਾਰਟੀ ਵੱਲੋਂ ਵੱਡੀਆਂ ਮੁਫ਼ਤ ਦੀਆਂ ਸਕੀਮਾਂ ਦੇ ਕੇ ਭਰਮਾ ਹੀ ਲੈਣਾ ਹੈ। ਜੇਕਰ ਇਹ ਕੰਮ ਵੀ ਰਾਸ ਨਾ ਆਉਂਦਾ ਦਿਖਾਈ ਦਿੱਤਾ ਤਾਂ ਫਿਰ ਧਰਮ ਦੇ ਨਾਮ ’ਤੇ ਵੋਟਰਾਂ ਦੀਆਂ ਭਾਵਨਾਵਾਂ ਭੜਕਾ ਕੇ ਵੋਟ ਹਾਸਲ ਕਰ ਹੀ ਲੈਣਾ ਹੈ।
ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਪੜ੍ਹਿਆ ਲਿਖਿਆ ਨੌਜਵਾਨ ਵੀ ਮੁਫ਼ਤ ਦੀਆਂ ਸਕੀਮਾਂ ਵਿੱਚ ਆ ਕੇ ਅਤੇ ਧਰਮ ਦੇ ਨਾਮ ’ਤੇ ਆਪਣਾ ਵੋਟ ਵੇਚ ਦਿੰਦਾ ਹੈ। ਨੌਜਵਾਨ ਵਰਗ ਨੂੰ ਚਾਹੀਦਾ ਹੈ ਸਰਕਾਰ ਤੋਂ ਚੰਗੀ ਅਤੇ ਮੁਫ਼ਤ ਸਿੱਖਿਆ ਦੀ ਮੰਗ ਕਰਨ ਅਤੇ ਆਪਣੇ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਮੰਗ ਕਰਨ। ਲੀਡਰਾਂ ਦੇ ਝੋਲੀ ਚੁੱਕ ਬਣਨ ਨਾਲੋਂ ਇਨ੍ਹਾਂ ਲੀਡਰਾਂ ਨੂੰ ਸਵਾਲ ਕਰਨ ਕਿ ਉਨ੍ਹਾਂ ਲਈ ਇਨ੍ਹਾਂ ਕੋਲ ਕੀ ਯੋਜਨਾਵਾਂ ਹਨ। ਕੁਝ ਦਿਨ ਦੀ ਮੁਫ਼ਤ ਸ਼ਰਾਬ ਦੇ ਲਾਲਚ ਵਿੱਚ ਵਿਕਣ ਵਾਲੇ ਵੋਟਰਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਭਵਿੱਖ ਅਤੇ ਆਪਣੇ ਬੁਢਾਪੇ ਲਈ ਸਰਕਾਰ ਕੋਲ ਮੰਗ ਕਰਨ। ਜੇਕਰ ਕੋਈ ਤੁਹਾਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਵਾਲ ਕਰੋ ਕੇ ਸਾਡੇ ਭਵਿੱਖ ਲਈ ਕੀ ਯੋਜਨਾਵਾਂ ਹਨ, ਉਹ ਦੱਸੋ।
ਪਿੰਡ ਪੱਧਰ ’ਤੇ ਅਜਿਹੇ ਨੌਜਵਾਨ ਸਾਹਮਣੇ ਆਉਣ ਜੋ ਸਰਪੰਚੀ ਦੀਆਂ ਚੋਣਾਂ ਲੜਨ ਪਰ ਇਸ ਸ਼ਰਤ ’ਤੇ ਕਿ ਮੈਂ ਸ਼ਰਾਬ ਨਹੀਂ ਵੰਡਾਂਗਾ ਪਰ ਪਿੰਡ ਦੇ ਵਿਕਾਸ ਲਈ ਜੀ ਜਾਨ ਲਾ ਦੇਵਾਂਗਾ। ਵੋਟਰ ਨੂੰ ਇਹ ਸਮਝ ਆਉਣੀ ਜ਼ਰੂਰੀ ਹੈ ਕਿ ਮੁਫ਼ਤ ਦੀਆਂ ਸਕੀਮਾਂ ਦੇ ਲਾਲਚ ਵਿੱਚ ਆ ਕੇ ਤੁਸੀਂ ਆਪਣੇ ਬੱਚਿਆਂ ਦਾ ਤੇ ਆਪਣਾ ਭਵਿੱਖ ਦਾਅ ’ਤੇ ਲਾ ਰਹੇ ਹੋ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (