“ਸੌ ਗੱਲਾਂ ਦੀ ਇੱਕ ਗੱਲ ਕਿ ਰਾਹੁਲ ਗਾਂਧੀ ਤੋਂ ਸ਼ਰਦ ਪਵਾਰ ਅਤੇ ਅਰਵਿੰਦ ਕੇਜਰੀਵਾਲ ਤੋਂ ...”
(23 ਸਤੰਬਰ 2025)
ਦੁਨੀਆ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਚੁੱਕੀ ਹੈ, ਪਰ ਭਾਰਤ ਦੀ ਰਾਜਨੀਤੀ ਦਾ ਵੱਡਾ ਹਿੱਸਾ ਅੱਜ ਤਕ ਉਸੇ ਪੁਰਾਣੇ ਢੰਗ ਨਾਲ ਸੋਚਣ ਅਤੇ ਪੈਂਤੜੇ ਤੈਅ ਕਰਨ ਤੋਂ ਅੱਗੇ ਨਹੀਂ ਵਧ ਰਿਹਾ। ਸੱਚੀ ਗੱਲ ਸਗੋਂ ਇਹ ਹੈ ਕਿ ਸਰਕਾਰ ਦੇ ਕੋਲ ਆਧੁਨਿਕ ਯੁਗ ਦੀ ਜੰਗੀ ਮਸ਼ੀਨਰੀ ਹੀ ਨਹੀਂ, ਜਾਸੂਸੀ ਦੇ ਆਧੁਨਿਕ ਸਾਫਟਵੇਅਰ ਵਾਲੇ ਸਰੋਤ ਵੀ ਹਨ ਅਤੇ ‘ਏ ਆਈ’ (ਆਰਟੀਫੀਸ਼ਲ ਇੰਟੈਲੀਜੈਂਸ) ਸਮੇਤ ਜਿਸ ਵੀ ਕਿਸਮ ਦੀ ਕੋਈ ਨਵੀਂ ਖੋਜ ਕੀਤੀ ਜਾਂਦੀ ਹੈ, ਜਿਸ ਨੂੰ ਅੱਗੇ ਨੇਕ ਕੰਮ ਲਈ ਵੀ ਵਰਤਿਆ ਜਾ ਸਕਦਾ ਹੈ ਤਾਂ ਸਾਜ਼ਿਸ਼ ਲਈ ਵੀ, ਉਸਦੀ ਵਰਤੋਂ ਹਾਕਮ ਧਿਰ ਕਰ ਸਕਦੀ ਹੈ। ਇੱਦਾਂ ਦੇ ਹਾਲਾਤ ਵਿੱਚ ਵਿਰੋਧੀ ਧਿਰ ਜਿੰਨੀ ਅਕਲਮੰਦ ਅਤੇ ਜਿਸ ਪੱਧਰ ਦੀ ਪੈਂਤੜੇਬਾਜ਼ ਹੋਣੀ ਚਾਹੀਦੀ ਹੈ, ਭਾਰਤ ਵਿਚਲੇ ਉਨ੍ਹਾਂ ਆਗੂਆਂ ਵਿੱਚੋਂ ਕਿਸੇ ਇੱਕ ਵਿੱਚ ਵੀ ਇਸਦੀ ਝਲਕ ਨਹੀਂ ਮਿਲਦੀ, ਜਿਹੜੇ ਭਾਰਤੀ ਜਨਤਾ ਪਾਰਟੀ ਤੇ ਇਸਦੀ ਲੀਡਰਸ਼ਿੱਪ ਜਾਂ ਉਸ ਲੀਡਰਸ਼ਿੱਪ ਅਧੀਨ ਚਲਦੀ ਸਰਕਾਰ ਵਿਰੁੱਧ ਲੜਨ ਦੇ ਦਾਅਵੇ ਕਰਦੇ ਹਨ। ਇੰਦਰਾ ਗਾਂਧੀ ਜਿਹੜੇ ਪੈਂਤੜੇ ਨਾਲ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਪੈਰ ਉਖਾੜ ਛੱਡਦੀ ਹੁੰਦੀ ਸੀ, ਉਹ ਉਸ ਵਕਤ ਦੀ ਸਰਕਾਰੀ ਮਸ਼ੀਨਰੀ ਦੀ ਉਦੋਂ ਤਕ ਦੀ ਲਿਆਕਤ ਅਤੇ ਉਸ ਲਿਆਕਤ ਵਾਲੇ ਅਫਸਰਾਂ ਵੱਲੋਂ ਉਸਦੀ ਜੀ-ਹਜ਼ੂਰੀ ਵਿੱਚੋਂ ਨਿਕਲਦੇ ਸਨ ਅਤੇ ਭਾਜਪਾ ਦੇ ਦੌਰ ਵਿੱਚ ਐਨ ਇਹੋ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੀ ਹੋਈ ਜਾਂਦਾ ਹੈ। ਸਰਕਾਰ ਜਿਸ ਵੀ ਆਗੂ ਦੀ ਅਗਵਾਈ ਹੇਠ ਚਲਦੀ ਹੋਵੇ, ਜੇ ਉਹ ਮਨਮੋਹਨ ਸਿੰਘ ਵਾਂਗ ਕਿਸੇ ਹੋਰ ਦੇ ਬੰਧੇਜ ਵਿੱਚ ਬੰਨ੍ਹਿਆ ਹੋਇਆ ਨਾ ਹੋਵੇ ਤਾਂ ਇਹ ਕੋਸ਼ਿਸ਼ ਲਗਤਾਰ ਕਰੇਗਾ ਕਿ ਉਸਦੇ ਰਾਜ ਦੀ ਮਿਆਦ ਵਧਦੀ ਜਾਵੇ ਅਤੇ ਇਸ ਕੰਮ ਲਈ ਸਰਕਾਰ ਦੀ ਹਰ ਸ਼ਾਖਾ ਵਿੱਚੋਂ ਮਿਲ ਸਕਦੀ ਜਾਂ ਖਿੱਚੀ ਜਾ ਸਕਦੀ ਸੂਚਨਾ ਵਰਤੇਗਾ। ਇਹ ਹਮੇਸ਼ਾ ਤੋਂ ਹੁੰਦਾ ਆਇਆ ਅਤੇ ਅੱਜ ਦੇ ਦੌਰ ਵਿੱਚ ਵੀ ਹੋਈ ਜਾਂਦਾ ਪਤਾ ਲੱਗੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਹੈਰਾਨੀ ਇਸ ਗੱਲ ਕਾਰਨ ਹੁੰਦੀ ਹੈ ਕਿ ਵਿਰੋਧੀ ਧਿਰ ਅੱਜ ਤਕ ਸਮੇਂ ਦੇ ਹਾਣ ਦੀ ਹੋ ਵੀ ਨਹੀਂ ਸਕੀ ਅਤੇ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰਦੀ ਜਾਪਦੀ।
ਪਿਛਲੇ ਹਫਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਾਂ ਚੋਰੀ ਕੀਤੇ ਜਾਣ ਦੇ ਦੋਸ਼ ਇੱਕ ਵਾਰ ਫਿਰ ਦੁਹਰਾਏ ਸਨ ਤਾਂ ਵਿਰੋਧੀ ਧਿਰ ਦੀਆਂ ਹੋਰਨਾਂ ਪਾਰਟੀਆਂ ਨੇ ਰਸਮੀ ਜਿਹੇ ਬਿਆਨ ਜਾਰੀ ਕਰਨ ਮਗਰੋਂ ਇਸ ਗੱਲ ਨੂੰ ਭੁਲਾ ਦਿੱਤਾ ਸੀ, ਪਰ ਸਰਕਾਰ ਚਲਾਉਂਦੀ ਧਿਰ ਇੱਦਾਂ ਨਹੀਂ ਕਰਦੀ। ਉਨ੍ਹਾਂ ਦੇ ਲੀਡਰਾਂ ਨੇ ਰਾਹੁਲ ਗਾਂਧੀ ਦਾ ਰਸਮੀ ਜਵਾਬ ਚੋਣ ਕਮਿਸ਼ਨ ਦੇ ਉਸ ਮੁਖੀ ਤੋਂ ਖੜ੍ਹੇ ਪੈਰ ਦਿਵਾ ਦਿੱਤਾ ਸੀ, ਜਿਹੜਾ ਹਾਕਮ ਧਿਰ ਦੇ ਇੱਕ ਵਫਾਦਾਰ ਵਾਲੰਟੀਅਰ ਵਾਂਗ ਕੰਮ ਕਰਦਾ ਹੈ, ਪਰ ਅਸਲ ਖੇਡ ਪਰਦੇ ਪਿੱਛੇ ਸਾਫਟਵੇਅਰ ਚਲਾਉਂਦੇ ਸੈੱਲ ਨੇ ਖੇਡੀ ਸੀ। ਇਸ ਸੈੱਲ ਵਾਲਿਆਂ ਨੇ ਉਸ ਦਿਨ ਰਾਹੁਲ ਗਾਂਧੀ ਦਾ ਇੱਕ ਬਿਆਨ ਕੱਢਿਆ ਤੇ ਇਹ ਸ਼ੁਰਲੀ ਛੱਡ ਦਿੱਤੀ ਕਿ ਅਸਲ ਵਿੱਚ ਮਾਇੰਮਾਰ, ਜਿਹੜਾ ਸਾਡੇ ਬਜ਼ੁਰਗਾਂ ਦੇ ਵਕਤ ‘ਬਰਮਾ’ ਵਜੋਂ ਜਾਣਿਆ ਜਾਂਦਾ ਸੀ, ਵਿੱਚ ਭਾਰਤ ਵਿਰੁੱਧ ਇੱਕ ਸਾਜ਼ਿਸ਼ ਰਚੀ ਗਈ ਹੈ ਅਤੇ ਰਾਹੁਲ ਗਾਂਧੀ ਉਸ ਸਾਜ਼ਿਸ਼ ਹੇਠ ਇੱਦਾਂ ਦੇ ਬਿਆਨ ਦਾਗਦਾ ਹੈ। ਉੱਪਰੋਂ ਮਿਲੀ ਝੰਡੀ ਮੁਤਾਬਕ ਮੀਡੀਏ ਅਤੇ ਸੋਸ਼ਲ ਮੀਡੀਏ ਵਿੱਚ ਇਹ ਗੱਲ ਪਲਾਂ ਵਿੱਚ ਇੰਜ ਫੈਲਾ ਦਿੱਤੀ ਗਈ, ਜਿਵੇਂ ਇਹੋ ਸੰਸਾਰ ਅਤੇ ਭਾਰਤ ਦੇ ਵਰਤਮਾਨ ਅਤੇ ਭਵਿੱਖ ਦਾ ਸਭ ਤੋਂ ਵੱਡਾ ਮਸਲਾ ਹੋਵੇ। ਦੁਨੀਆ ਭਰ ਵਿਚਲੇ ਭਾਰਤੀਆਂ ਤੀਕਰ ਇਹ ਕਹਾਣੀ ਪਹੁੰਚਣ ਮਗਰੋਂ ਅਚਾਨਕ ਇਸਦੀ ਚਰਚਾ ਇੰਜ ਬੰਦ ਹੋ ਗਈ, ਜਿਵੇਂ ਕਿਸੇ ਪਾਸੇ ਕੰਨ ਪਾੜਵੇਂ ਹਾਰਨਾਂ ਦੀ ਗੂੰਜ ਪਾਉਂਦੇ ਜਾਂਦੇ ਮੋਟਰਸਾਈਕਲ ਵਿੱਚ ਕੋਈ ਖਰਾਬੀ ਆਉਣ ਨਾਲ ਉਹ ਬੰਦ ਹੋ ਗਿਆ ਹੋਵੇ। ਕਾਰਨ ਇਹ ਸੀ ਕਿ ਇੱਕ ਨੌਜਵਾਨ ਨੇ ਸਾਰੀ ਸਿਆਸੀ ਮੇਜ਼ ਮੂਧੀ ਕਰ ਦਿੱਤੀ ਸੀ।
ਅਸੀਂ ਲੋਕ ਉਸ ਵੇਲੇ ਤਕ ‘ਮੈਟਾਡੇਟਾ’ ਬਾਰੇ ਨਹੀਂ ਸੀ ਜਾਣਦੇ, ਪਰ ਸਾਫਟਵੇਅਰ ਨੂੰ ਬਾਜ਼ ਵਰਗੀ ਅੱਖ ਨਾਲ ਤਾੜਦੇ ਰਹਿਣ ਵਾਲੇ ਉਸ ਨੌਜਵਾਨ ਨੇ ਖੁਲਾਸਾ ਕਰ ਦਿੱਤਾ ਕਿ ਮਾਇੰਮਾਰ ਵਿੱਚ ਕੋਈ ਸਾਜ਼ਿਸ਼ ਦੀ ਗੱਲ ਨਹੀਂ, ਸਮੁੱਚੀ ਖੇਡ ਵਿੱਚ ਮੈਟਾਡੇਟਾ ਨਾਲ ਲੱਭੀ ਟਾਈਮਲਾਈਨ ਨੂੰ ਕੇਂਦਰੀ ਧੁਰਾ ਬਣਾ ਕੇ ਦਾਅ ਖੇਡਿਆ ਗਿਆ ਹੈ। ਇਹ ਸਾਫਟਵੇਅਰ ਇਹ ਗੱਲ ਦੱਸ ਦਿੰਦਾ ਹੈ ਕਿ ਕਿਹੜਾ ਬਿਆਨ ਕਿਸ ਆਗੂ ਨੇ ਕਿਸ ਵਕਤ ਦਿੱਤਾ ਅਤੇ ਨਾਲ ਇਹ ਵੀ ਕਿ ਉਸ ਵੇਲੇ ਦੀ ਟਾਈਮਲਾਈਨ ਵਿੱਚ ਫਲਾਣੇ-ਫਲਾਣੇ ਦੇਸ਼ ਜਾਂ ਸ਼ਹਿਰ ਆਉਂਦੇ ਹਨ। ਜਿਹੜਾ ਵਕਤ ਉਸ ਵੇਲੇ ਮਾਇੰਮਾਰ ਦਾ ਸੀ, ਐਨ ਉਹੋ ਵਕਤ ਭਾਰਤ ਦੇ ਕੁਝ ਰਾਜਾਂ ਅਤੇ ਸ਼ਹਿਰਾਂ ਵਿੱਚ ਵੀ, ਪਰ ਟਾਈਮਜ਼ੋਨ ਵਿੱਚੋਂ ਮਾਇੰਮਾਰ ਇਕੱਲਾ ਚੁਣਿਆ ਤੇ ਰਾਹੁਲ ਗਾਂਧੀ ਦੇ ਬਿਆਨ ਨਾਲ ਜੋੜ ਦਿੱਤਾ ਗਿਆ। ਉਸ ਨੌਜਵਾਨ ਨੇ ਆਪਣੀ ਲੱਭਤ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਬਿਆਨ ਵੀ ਕੱਢ ਲਿਆਂਦਾ, ਜਿਸਦਾ ਟਾਈਮਜ਼ੋਨ ਭਾਰਤ ਨਾਲ ਦੁਸ਼ਮਣੀ ਵਾਲੇ ਗਵਾਂਢੀ ਦੇਸ਼ ਵਿਚਲੇ ਇੱਕ ਪ੍ਰਮੁੱਖ ਸ਼ਹਿਰ ਵਾਲਾ ਸੀ ਤੇ ਭਾਜਪਾ ਦਾ ਇੱਕ ਬਿਆਨ ਵੀ ਰੱਖ ਦਿੱਤਾ, ਜਿਹੜਾ ਭਾਰਤ ਨਾਲ ਦੁਸ਼ਮਣੀ ਰੱਖਣ ਵਾਲੇ ਦੂਸਰੇ ਦੇਸ਼ ਦੇ ਕਈ ਸ਼ਹਿਰਾਂ ਨਾਲ ਸਾਂਝਾ ਬਣਦਾ ਸੀ। ਜਦੋਂ ਇਹ ਗੱਲ ਲੋਕਾਂ ਮੋਹਰੇ ਪਹੁੰਚੀ ਤਾਂ ਅੱਧੇ ਘੰਟਾ ਨਹੀਂ ਸੀ ਲੱਗਾ ਕਿ ਰਾਹੁਲ ਗਾਂਧੀ ਨੂੰ ਸਾਜ਼ਿਸ਼ ਕਰਤਾ ਬਣਾ ਕੇ ਪੇਸ਼ ਕਰਨ ਦੀ ਸਾਰੀ ਖਬਰ ਸਾਰੇ ਮੀਡੀਆ ਚੈਨਲਾਂ ਤੋਂ ਗਾਇਬ ਹੋ ਗਈ ਜਾਂ ਹਟਵਾ ਦਿੱਤੀ ਗਈ। ਇਹ ਕੰਮ ਇੱਕ ਖੋਜੀ ਨੌਜਵਾਨ ਨੇ ਕੀਤਾ, ਜਿਹੜਾ ਰਾਜਨੀਤੀ ਨਾਲ ਵਾਸਤਾ ਨਾ ਰੱਖਣ ਦੇ ਬਾਵਜੂਦ ਗਲਤ ਹਰਕਤ ਪਛਾਣਨ ਅਤੇ ਪੇਸ਼ ਕਰਨ ਦੀ ਅਕਲ ਰੱਖਦਾ ਸੀ, ਪਰ ਵਿਰੋਧੀ ਧਿਰਾਂ ਦੇ ਆਗੂਆਂ ਵਿੱਚ ਇੱਕ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਸ਼ਰਾਰਤ ਦੀ ਜੜ੍ਹ ਕਿਹੜੀ ਚੀਜ਼ ਸੀ!
ਜਦੋਂ ਗੱਲ ਇੰਦਰਾ ਗਾਂਧੀ ਦੀ ਚੱਲ ਪਈ ਹੈ ਤਾਂ ਇਹ ਯਾਦ ਕਰਨਾ ਚਾਹੀਦਾ ਹੈ ਕਿ ਕੁਝ ਸਾਲ ਪਹਿਲਾਂ ਇੱਕ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਕਾਗਜ਼ ਲੋਕ ਸਭਾ ਵਿੱਚ ਜੇਬ ਵਿੱਚੋਂ ਕੱਢਿਆ, ਥੋੜ੍ਹਾ ਪੜ੍ਹ ਕੇ ਪਾਸੇ ਕੀਤਾ ਅਤੇ ਫਿਰ ਕਿਹਾ ਸੀ: ਮੈਨੂੰ ਇਸ ਦੇਸ਼ ਅਤੇ ਇਸਦੇ ਲੋਕਾਂ ਦੀ ਚਿੰਤਾ ਹੈ, ਵਿਰੋਧੀ ਧਿਰ ਨੂੰ ਨਹੀਂ। ਦੇਸ਼ ਵਿਕਾਸ ਵੱਲ ਲਿਜਾਣ ਦੀ ਥਾਂ ਵਿਰੋਧੀ ਧਿਰ ਦਾ ਜ਼ੋਰ ਮੈਨੂੰ ਨਿੰਦਣ ਉੱਤੇ ਲੱਗਾ ਰਹਿੰਦਾ ਹੈ। ਵਿਰੋਧੀ ਧਿਰ ਨੇ ਦੁਹਾਈ ਪਾਈ ਕਿ ਪ੍ਰਧਾਨ ਮੰਤਰੀ ਮੋਦੀ ਝੂਠੇ ਦੇਸ਼ ਲਾ ਰਹੇ ਹਨ। ਨਰਿੰਦਰ ਮੋਦੀ ਨੇ ਕਾਗਜ਼ ਕੱਢਿਆ ਤੇ ਵਿਖਾ ਕੇ ਕਹਿਣ ਲੱਗਾ, “ਵਿਰੋਧੀ ਧਿਰ ਦੇ ਲੀਡਰ ਸੁਣ ਤਾਂ ਲੈਂਦੇ, ਮੈਂ ਤੁਹਾਨੂੰ ਕਹਿਣ ਲੱਗਾ ਸੀ ਕਿ ਇਹ ਲਫਜ਼ ਮੇਰੇ ਨਹੀਂ, ਇੰਦਰਾ ਗਾਂਧੀ ਦੇ ਹਨ, ਜਿਹੜੇ ਉਨ੍ਹਾਂ ਨੇ ਇਸ ਹਾਊਸ ਵਿੱਚ ਫਲਾਣੀ ਤਰੀਕ ਨੂੰ ਕਹੇ ਸਨ।” ਵਿਰੋਧੀ ਧਿਰ ਸੁੰਨ ਹੋ ਕੇ ਬੈਠ ਗਈ। ਉਸ ਦਿਨ ਨਰਿੰਦਰ ਮੋਦੀ ਇਸ ਤਰ੍ਹਾਂ ਦੀਆਂ ਤਿੰਨ-ਚਾਰ ਚਿੱਟਾਂ ਪੜ੍ਹ ਕੇ ਵਿਰੋਧੀ ਧਿਰ ਨੂੰ ਭੜਕਾਉਂਦੇ ਅਤੇ ਫਿਰ ਚਿੱਟਾਂ ਵਿਖਾ ਕੇ ਇਹ ਕਹਿੰਦੇ ਰਹੇ ਕਿ ਲਫਜ਼ ਮੇਰੇ ਨਹੀਂ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਨ। ਇਹ ਝਲਕਾਂ ਦੇਖਣ ਪਿੱਛੋਂ ਹੀ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਭਵਿੱਖ ਵਾਸਤੇ ਕੋਈ ਸਬਕ ਲੈਣੇ ਚਾਹੀਦੇ ਸਨ ਤੇ ਪੜ੍ਹਨ ਅਤੇ ਇਤਿਹਾਸ ਦਾ ਰਿਕਾਰਡ ਰੱਖਣ ਵਾਸਤੇ ਸਮਾਂ ਅਤੇ ਸੁਭਾਅ ਪੈਦਾ ਕਰਨਾ ਚਾਹੀਦਾ ਸੀ, ਪਰ ਉਹ ਅੱਜ ਤਕ ਨਹੀਂ ਕਰ ਸਕੇ ਅਤੇ ਮਾਰ ਖਾਈ ਜਾਂਦੇ ਹਨ। ਵਕਤ ਕਿਸੇ ਨੂੰ ਪੜ੍ਹਾਉਣ ਲਈ ਕਲਾਸਾਂ ਨਹੀਂ ਲਾਉਂਦਾ ਹੁੰਦਾ, ਉਸਦੇ ਪੜਾਅ ਸਮਝਣ ਦੀ ਅਕਲ ਚਾਹੀਦੀ ਹੈ। ਆਰ ਐੱਸ ਐੱਸ ਨਾਲ ਜੁੜੇ ਰਹਿ ਕੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੀ ਵਰਤੋਂ ਅਤੇ ਦੁਰਵਰਤੋਂ ਕਰਨਾ ਹੀ ਨਹੀਂ, ਸਰਕਾਰੀ ਸਰੋਤਾਂ ਨੂੰ ਆਪਣੀ ਲੋੜ ਲਈ ਹੋਰ ਕਿਸੇ ਵੀ ਆਗੂ ਤੋਂ ਵੱਧ ਸਿੱਖ ਚੁੱਕੇ ਅੱਜ ਦੇ ਪ੍ਰਧਾਨ ਮੰਤਰੀ ਨੂੰ ਇਹ ਕਲਾ ਆਉਂਦੀ ਹੈ।
ਅਜੋਕੇ ਸਮੇਂ ਵਿੱਚ ਇਹ ਗੱਲ ਅਰਥ ਨਹੀਂ ਰੱਖਦੀ ਕਿ ਅਸੀਂ ਸਰਕਾਰ ਦੀਆਂ ਕਿੰਨੀਆਂ ਕਮਜ਼ੋਰੀਆਂ ਜਾਣ ਸਕਦੇ ਹਾਂ ਤੇ ਕਿਵੇਂ ਲੋਕਾਂ ਅੱਗੇ ਉਨ੍ਹਾਂ ਨੂੰ ਪੇਸ਼ ਕਰ ਸਕਦੇ ਹਾਂ, ਸਗੋਂ ਇਹ ਗੱਲ ਵੱਡੀ ਹੈ ਕਿ ਹਾਕਮ ਧਿਰ ਦੀਆਂ ਸਭ ਖੇਡਾਂ ਨੂੰ ਸਮੇਂ ਸਿਰ ਸੋਚਦੇ ਅਤੇ ਕਦਮ ਚੁੱਕਦੇ ਹਾਂ ਜਾਂ ਨਹੀਂ! ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਖਾਂ ਲੋਕਾਂ ਦੀਆਂ ਵੋਟਾਂ ਕਟਵਾ ਦਿੱਤੀਆਂ, ਕਰਨਾਟਕ ਵਿੱਚ ਵੀ ਇਹੋ ਕੀਤਾ ਗਿਆ ਅਤੇ ਫਿਰ ਬਿਹਾਰ ਵਿੱਚ ਇਹੋ ਦੁਹਰਾਉਣ ਦੀ ਕੋਸ਼ਿਸ਼ ਚਲਦੀ ਪਈ ਹੈ। ਬਿਲਕੁਲ ਠੀਕ ਗੱਲ ਜਾਪਦੀ ਹੈ, ਪਰ ਬਿਹਾਰ ਵਿੱਚ ਜਿਵੇਂ ਇਹ ਮੁੱਦਾ ਵਕਤ ਸਿਰ ਚੁੱਕਿਆ ਗਿਆ ਹੈ, ਮਹਾਰਾਸ਼ਟਰ ਅਤੇ ਕਰਨਾਟਕ ਵੇਲੇ ਉੱਥੋਂ ਦੀ ਕਾਂਗਰਸ ਪਾਰਟੀ ਸਮੇਤ ਸਮੁੱਚੀ ਵਿਰੋਧੀ ਧਿਰ ਦੇ ਆਗੂ ਸੁੱਤੇ ਕਿਉਂ ਰਹੇ, ਇਹੋ ਕੁਝ ਉਨ੍ਹਾਂ ਰਾਜਾਂ ਵਿੱਚ ਕਿਉਂ ਨਹੀਂ ਕੀਤਾ ਗਿਆ? ਉਦੋਂ ਦੀ ਖੁੰਝੀ ਹੋਈ ਵਿਰੋਧੀ ਧਿਰ ਅੱਜ ਤਕ ਲੋਕਾਂ ਵਿੱਚ ਆਪਣੀਆਂ ਜੜ੍ਹਾਂ ਉੱਖੜਦੀਆਂ ਸਾਂਭਦੀ ਫਿਰਦੀ ਹੈ। ਕਰਨਾਟਕ ਵਿਚਲੇ ਹਲਕੇ ਬਾਰੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉੱਥੇ ਕਾਂਗਰਸ ਪੱਖੀ ਹਜ਼ਾਰਾਂ ਵੋਟਾਂ ਕੱਟੀਆਂ ਗਈਆਂ ਅਤੇ ਕਾਂਗਰਸ ਦੀ ਜਿੱਤ ਨੂੰ ਹਾਰ ਵਿੱਚ ਬਦਲ ਦਿੱਤਾ ਗਿਆ, ਪਰ ਉਸ ਮਗਰੋਂ ਕਾਂਗਰਸ ਨੇ ਕੀ ਕੀਤਾ ਸੀ? ਚੋਣ ਕਮਿਸ਼ਨ ਵੱਲੋਂ ਵੋਟਾਂ ਕੱਟੇ ਜਾਣ ਦੀ ਖੇਡ ਕਾਂਗਰਸ ਜਾਂ ਰਾਹੁਲ ਗਾਂਧੀ ਨੇ ਨਹੀਂ ਸੀ ਫੜੀ, ਇੱਕ ਬੂਥ ਲੈਵਲ ਵਰਕਰ (ਬੀ ਐੱਲ ਓ) ਨੇ ਅਚਾਨਕ ਦੇਖਿਆ ਕਿ ਵੋਟ ਸੂਚੀ ਵਿੱਚ ਉਸਦੇ ਚਾਚੇ ਦੀ ਵੋਟ ਨਹੀਂ, ਜਦੋਂ ਕਿ ਉਸਨੇ ਆਪ ਵੋਟ ਬਣਾਈ ਸੀ। ਪੜਤਾਲ ਤੋਂ ਪਤਾ ਲੱਗਾ ਕਿ ਉਸਦੇ ਚਾਚੇ ਇਕੱਲੇ ਦੀ ਨਹੀਂ, ਉਸ ਵਰਗੇ ਕਈ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਅਤੇ ਇਹ ਕੰਮ ਆਨਲਾਈਨ ਸਿਸਟਮ ਰਾਹੀਂ ਇਹੋ ਜਿਹੇ ਫੋਨ ਨੰਬਰਾਂ ਤੋਂ ਕੀਤਾ ਗਿਆ ਹੈ, ਜਿਹੜੇ ਕਰਨਾਟਕ ਦੇ ਨਹੀਂ ਅਤੇ ਅਸਲੀ ਵੀ ਹਨ ਜਾਂ ਸਾਫਟਵੇਅਰ ਦੀ ਮਦਦ ਨਾਲ ਚਲਾਏ ਜਾਂਦੇ ਫਰਜ਼ੀ ਨੰਬਰ ਹਨ? ਦੁਹਾਈ ਉਸ ਬੀ ਐੱਲ ਓ ਵੱਲੋਂ ਇਹ ਦੋਸ਼ ਲਾਏ ਜਾਣ ਪਿੱਛੋਂ ਮਚੀ ਅਤੇ ਫਿਰ ਕਾਂਗਰਸ ਆਗੂ ਇਸ ਨੂੰ ਸਾਰੇ ਭਾਰਤ ਵਿੱਚ ਚੁੱਕ ਤੁਰੇ ਸਨ, ਪਹਿਲਾਂ ਉਹ ਆਗੂ ਕਿੱਥੇ ਸਨ?
ਫਿਰ ਇਹ ਗੱਲ ਆਮ ਆਦਮੀ ਪਾਰਟੀ ਦੇ ਇੱਕ ਕੇਂਦਰੀ ਲੀਡਰ ਨੇ ਕਹਿ ਦਿੱਤੀ ਕਿ 2020 ਵਿੱਚ ਵਿਧਾਨ ਸਭਾ ਚੋਣ ਹੋਣ ਵੇਲੇ ਨਵੀਂ ਦਿੱਲੀ ਹਲਕੇ ਦੇ ਇੱਕ ਲੱਖ ਅਠਤਾਲੀ ਹਜ਼ਾਰ ਵੋਟਰ ਸਨ ਤੇ ਇਸ ਸਾਲ 2025 ਦੀਆਂ ਚੋਣਾਂ ਵੇਲੇ ਉਸ ਹਲਕੇ ਦੀਆਂ ਵੋਟਾਂ ਵਧਣ ਦੀ ਬਜਾਏ ਬਤਾਲੀ ਹਜ਼ਾਰ ਘਟ ਕੇ ਇੱਕ ਲੱਖ ਛੇ ਹਜ਼ਾਰ ਰਹਿ ਗਈਆਂ। ਜਦੋਂ ਨਤੀਜਾ ਨਿਕਲਿਆ ਤਾਂ ਜਿਹੜਾ ਅਰਵਿੰਦ ਕੇਜਰੀਵਾਲ ਪਿਛਲੀ ਚੋਣ ਵਿੱਚ ਸਾਢੇ ਇੱਕੀ ਹਜ਼ਾਰ ਤੋਂ ਵੱਧ ਦੇ ਫਰਕ ਨਾਲ ਜਿੱਤਿਆ ਸੀ, ਐਤਕੀਂ ਬਤਾਲੀ ਸੌ ਤੋਂ ਇੱਕ ਘੱਟ ਵੋਟਾਂ ਨਾਲ ਹਾਰ ਗਿਆ। ਬਹੁਤ ਸਿਆਣੇ ਬਣਦੇ ਰਹਿੰਦੇ ਹਨ ਇਸ ਪਾਰਟੀ ਦੇ ਆਗੂ, ਪਰ ਵੋਟਾਂ ਕੱਟੇ ਜਾਣ ਵੇਲੇ ਮੌਕੇ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਦੇਣ ਨਾਲ ਚੁੱਪ ਕਰ ਕੇ ਬੈਠ ਗਏ, ਉਦੋਂ ਉਨ੍ਹਾਂ ਨੇ ਉਹ ਦੁਹਾਈ ਕਿਉਂ ਨਾ ਪਾਈ, ਜਿਹੜੀ ਅੱਜ ਰਾਹੁਲ ਗਾਂਧੀ ਪਾਉਂਦਾ ਹੈ ਤੇ ਵਿਰੋਧੀ ਧਿਰ ਚੋਣ ਕਮਿਸ਼ਨ ਹੱਥੋਂ ਉਸਦੀ ਵਿਰੋਧਤਾ ਹੁੰਦੀ ਨੂੰ ਫਿਲਮ ਵਾਂਗ ਦੇਖਦੀ ਹੈ! ਲਾਹੌਰੀਆਂ ਵਿੱਚ ਇੱਕ ਕਹਾਵਤ ਹੈ ਕਿ ਫਲਾਣਾ ਬੰਦਾ ਉਦੋਂ ਨਵੀਂਆਂ ਗਾਜਰਾਂ ਖਾਣ ਬਾਰੇ ਸੋਚਦਾ ਹੈ, ਜਦੋਂ ਰੂੜ੍ਹੀਆਂ ਉੱਤੇ ਪਈਆਂ ਗਾਜਰਾਂ ਨੂੰ ਅਵਾਰਾ ਪਸ਼ੂ ਵੀ ਖਾਣਾ ਬੰਦ ਕਰ ਦਿੰਦੇ ਹਨ। ਭਾਰਤ ਦੀ ਵਿਰੋਧੀ ਧਿਰ ਸਮੇਂ ਦੇ ਹਾਣ ਦਾ ਬਣਨ ਦੀ ਬਜਾਏ ਹਾਕਮ ਧਿਰ ਨਾਲੋਂ ਇਸ ਹੱਦ ਤਕ ਪਛੜ ਕੇ ਸੋਚਦੀ ਤੇ ਫਿਰ ਪੈਂਤੜੇ ਮੱਲਦੀ ਹੈ ਕਿ ਉਸਦਾ ਹਰ ਨਵਾਂ ਪੈਂਤੜਾ ਉਦੋਂ ਲੋਕਾਂ ਦੇ ਸਾਹਮਣੇ ਆਉਂਦਾ ਹੈ, ਜਦੋਂ ਤਕ ਹਾਕਮ ਧਿਰ ਦਸ ਹੋਰ ਇਹੋ ਜਿਹੇ ਦਾਅ ਘੜ ਕੇ ਵਰਤਣਾ ਸ਼ੁਰੂ ਕਰ ਚੁੱਕੀ ਹੁੰਦੀ ਹੈ।
ਦੁਨੀਆ ਇਸ ਵੇਲੇ ਤਕਨੀਕ ਦੀ ਪਹਿਲ ਦੇ ਉਸ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ, ਜਿਹੜਾ ਉਬਾਸੀਆਂ ਲੈਣ ਅਤੇ ਵਕਤ ਦਾ ਸੱਦਾ ਆਉਣ ਦੀ ਉਡੀਕ ਨਹੀਂ ਕਰਦਾ, ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨੂੰ ਸੰਸਾਰ ਪੱਧਰ ਦੇ ਹਰ ਉਸ ਸਾਫਟਵੇਅਰ ਅਤੇ ਐਪ ਦੀ ਜਾਣਕਾਰੀ ਕਰਨ ਲਈ ਕਹਿੰਦਾ ਹੈ, ਜਿਸਦੀ ਅਗਲੇ ਦਿਨ ਵਰਤੋਂ ਹੋ ਸਕਦੀ ਹੈ। ਸੰਸਾਰ ਦੇ ਇਸ ਵਰਤਾਰੇ ਨਾਲ ਜਿਹੜਾ ਚੱਲੇਗਾ, ਉਹ ਇਸਦੇ ਹਾਣ ਦਾ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਹੜੇ ਇਹ ਗੱਲ ਕਦੇ ਖੁਦ ਸੋਚਣ ਦੀ ਲੋੜ ਨਹੀਂ ਜਾਣਦੇ ਤੇ ਕਿਸੇ ਹੋਰ ਦੀ ਕੀਤੀ ਮਿਹਨਤ ਦਾ ਸਿੱਟਾ ਭਾਲਦੇ ਹਨ, ਉਹ ਭਵਿੱਖ ਦੇ ਭਲੇ ਦਿਨਾਂ ਦੀ ਆਸ ਕਦੇ ਨਹੀਂ ਰੱਖ ਸਕਦੇ। ਸਮੇਂ ਦੀ ਰਫਤਾਰ ਸਮਝਣਾ ਸਭ ਤੋਂ ਪਹਿਲੀ ਲੋੜ ਹੈ। ਬਹੁਤ ਘੱਟ ਲੀਡਰ ਹਨ ਭਾਰਤ ਵਿੱਚ ਇਸ ਵਕਤ ਜਿਹੜੇ ਸਮੇਂ ਦੀ ਰਫਤਾਰ ਨਾਲ ਦੌੜਨਾ ਤਾਂ ਕੀ, ਦੌੜਨ ਬਾਰੇ ਸੋਚਣ ਵਾਸਤੇ ਵੀ ਤਿਆਰ ਹੋਣ, ਪਰ ਸੁਫਨਿਆਂ ਦੀਆਂ ਉਡਾਰੀਆਂ ਮੰਗਲ ਤਾਰੇ ਵੱਲ ਜਾਣ ਵਾਲੇ ਸੈਟੇਲਾਈਟ ਵਾਂਗ ਲਾ ਕੇ ਵਿਰੋਧੀ ਆਗੂ ਹੋਣ ਦੀ ਜ਼ਿੰਮੇਵਾਰੀ ਨਿਭ ਗਈ ਮੰਨ ਲੈਂਦੇ ਹਨ। ਸੌ ਗੱਲਾਂ ਦੀ ਇੱਕ ਗੱਲ ਕਿ ਰਾਹੁਲ ਗਾਂਧੀ ਤੋਂ ਸ਼ਰਦ ਪਵਾਰ ਅਤੇ ਅਰਵਿੰਦ ਕੇਜਰੀਵਾਲ ਤੋਂ ਮਮਤਾ ਬੈਨਰਜੀ ਤਕ ਹਰ ਲੀਡਰ ਦੇ ਮਨ ਵਿੱਚ ਇਹ ਗੰਢ ਬੱਝੀ ਹੋਈ ਹੈ ਕਿ ਮੈਂ ਹੀ ਅਕਲ ਦੀ ਪੰਡ ਲੈ ਕੇ ਜੰਮਿਆ ਸਾਂ, ਹੋਰ ਕਿਸੇ ਨੂੰ ਪਰਮਿਟ ਨਹੀਂ ਸੀ ਮਿਲਿਆ। ਜਦੋਂ ਤਕ ਇਹ ਸਾਰੇ ਲੋਕ ‘ਮੈਂ’ ਦੀ ਬਿਮਾਰੀ ਤੋਂ ਉੱਪਰ ਨਹੀਂ ਉੱਠਦੇ ਅਤੇ ‘ਅਸੀਂ’ ਦੀ ਪਹੁੰਚ ਨਹੀਂ ਅਪਣਾਉਂਦੇ, ਇਹ ਕਦੇ ਅੱਗੇ ਵੱਲ ਵਧ ਹੀ ਨਹੀਂ ਸਕਦੇ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (