JatinderPannu7ਮੈਥੋਂ ਇਹ ਗੱਲ ਨਹੀਂ ਕਹੀ ਜਾਂਦੀ, ਬੱਸ ਇਹ ਕਹਿ ਦੇਣ ਤਕ ਸੀਮਤ ਰਹਿੰਦਾ ਹਾਂ ਕਿ ਜਦੋਂ ਦੇਸ਼ ਦੇ ਸਿਸਟਮ ...
(28 ਅਕਤੂਬਰ 2024)

 

ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਲੰਮਾ ਸਮਾਂ ਜੇਲ੍ਹ ਵਿੱਚ ਰਹਿ ਚੁੱਕਾ ਲਾਲੂ ਪ੍ਰਸਾਦ ਯਾਦਵ ਵੀ ਕਹਿੰਦਾ ਹੈ ਕਿ ਉਸ ਦਾ ਦੇਸ਼ ਦੀ ਨਿਆਂ ਪਾਲਿਕਾ ਵਿੱਚ ‘ਪੂਰਨ ਵਿਸ਼ਵਾਸ’ ਹੈਹਰਿਆਣੇ ਦੇ ਟੀਚਰ ਭਰਤੀ ਘੁਟਾਲਾ ਮਾਮਲੇ ਵਿੱਚ ਪੁੱਤਰ ਸਮੇਤ ਦਸ ਸਾਲ ਲੰਮੀ ਜੇਲ੍ਹ ਭੁਗਤ ਚੁੱਕਾ ਉੱਥੋਂ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਕਹਿੰਦਾ ਹੈ ਕਿ ਉਸ ਦਾ ਦੇਸ਼ ਦੀ ਨਿਆਂ ਪਾਲਿਕਾ ਵਿੱਚ ‘ਪੂਰਨ ਵਿਸ਼ਵਾਸ’ ਹੈਬਾਕੀ ਲੋਕ ਵੀ ਇਹੋ ਕੁਝ ਕਹਿੰਦੇ ਅਤੇ ਇਸ ਨਾਲ ਆਪਣੇ ਮਨ ਨੂੰ ਕੁਝ ਤਸੱਲੀ ਦਿੰਦੇ ਹੋਣ ਜਾਂ ਨਾ, ਇਸ ਦੇਸ਼ ਦੇ ਲੋਕਾਂ ਨੂੰ ਇਹ ਕਹਿਣ ਨੂੰ ਪ੍ਰੇਰਦੇ ਹਨ ਕਿ ‘ਦੇਸ਼ ਦੀ ਨਿਆਂ ਪਾਲਿਕਾ ਵਿੱਚ ਸਾਡਾ ਪੂਰਨ ਵਿਸ਼ਵਾਸ ਹੈ’ ਮੈਥੋਂ ਇਹ ਗੱਲ ਨਹੀਂ ਕਹੀ ਜਾਂਦੀ, ਬੱਸ ਇਹ ਕਹਿ ਦੇਣ ਤਕ ਸੀਮਤ ਰਹਿੰਦਾ ਹਾਂ ਕਿ ਜਦੋਂ ਦੇਸ਼ ਦੇ ਸਿਸਟਮ ਦੇ ਹੋਰ ਸਾਰੇ ਅੰਗ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਖਤਮ ਕਰੀ ਜਾ ਰਹੇ ਹਨ, ਇੱਕੋ ਨਿਆਂ ਪਾਲਿਕਾ ਬਚੀ ਹੈ, ਜਿਸ ਵਿੱਚ ਹਾਲੇ ਕੁਝ ਨਾ ਕੁਝ ਵਿਸ਼ਵਾਸ ਹੈ, ਪਰ ‘ਪੂਰਨ ਵਿਸ਼ਵਾਸ’ ਵਾਲੀ ਗੱਲ ਮੈਂ ਸ਼ਾਇਦ ਕਦੇ ਹੀ ਕਹੀ ਹੋਵੇਜਦੋਂ ਕਈ ਕੇਸਾਂ ਵਿੱਚ ਅਦਾਲਤਾਂ ਨੇ ਬਹੁਤ ਚੰਗੇ ਅਤੇ ਹਰ ਕਿਸੇ ਦੀ ਸ਼ਲਾਘਾ ਖੱਟ ਸਕਣ ਵਾਲੇ ਫੈਸਲੇ ਦਿੱਤੇ ਤਾਂ ਅਸੀਂ ਇਸਦੀ ਸ਼ਲਾਘਾ ਕੀਤੀ ਸੀ, ਪਰ ਅਦਾਲਤੀ ਸਿਸਟਮ ਦੇ ‘ਪੂਰਨ ਵਿਸ਼ਵਾਸ’ ਵਾਲੀ ਗੱਲ ਜਦੋਂ ਕਦੇ ਕਹਿਣੀ ਪਈ, ਮੇਰੀ ਜ਼ਬਾਨ ਮੇਰਾ ਸਾਥ ਨਹੀਂ ਦਿੰਦੀਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਧਨੰਜੈ ਯਸ਼ਵੰਤ ਚੰਦਰਚੂੜ ਉਰਫ ਜਸਟਿਸ ਡੀ ਵਾਈ ਚੰਦਰਚੂੜ ਦੀ ਰਿਟਾਇਰਮੈਂਟ ਹੋਣ ਮੌਕੇ ਇੱਕ ਵਾਰ ਫਿਰ ਭਾਰਤ ਦੀ ਨਿਆਂ ਪਾਲਿਕਾ ਉੱਤੇ ਜਿਸ ਤਰ੍ਹਾਂ ਦੀਆਂ ਉਂਗਲਾਂ ਉੱਠਣ ਲੱਗ ਪਈਆਂ ਹਨ ਅਤੇ ਇਹ ਸਭ ਕੁਝ ਹੋਣ ਦਾ ਮੌਕਾ ਉਨ੍ਹਾਂ ਆਪਣੇ ਵਿਹਾਰ ਨਾਲ ਖੁਦ ਪੈਦਾ ਕੀਤਾ ਹੈ, ਉਸ ਨਾਲ ਇੱਕ ਵਾਰ ਫਿਰ ਨਿਆਂ ਪਾਲਿਕਾ ਉੱਤੇ ਬਹੁਤ ਸਾਰੇ ਲੋਕਾਂ ਦੇ ਵਿਸ਼ਵਾਸ ਨੂੰ ਸੱਟ ਵੱਜੀ ਹੈਅਗਲੇ ਮੁੱਖ ਜੱਜ ਸਾਹਿਬ ਕਿੱਦਾਂ ਦੇ ਹੋਣਗੇ, ਉਨ੍ਹਾਂ ਦੇ ਪਿਛਲੇ ਕੀਤੇ ਫੈਸਲਿਆਂ ਕਾਰਨ ਉਨ੍ਹਾਂ ਉੱਤੇ ਵਿਸ਼ਵਾਸ ਜਿਤਾਇਆ ਜਾ ਰਿਹਾ ਹੈ ਤਾਂ ਮੈਂ ਕੋਈ ਕਿੰਤੂ ਨਹੀਂ ਕਰ ਸਕਦਾ, ਪਰ ਵਿਸ਼ਵਾਸ ਪ੍ਰਗਟਾਵੇ ਲਈ ਖੁਦ ਕਾਹਲੀ ਕਰਨ ਨੂੰ ਮਨ ਨਹੀਂ ਕਰ ਰਿਹਾ ਕਾਰਨ ਇਸਦਾ ਇਹ ਹੈ ਕਿ ਜਸਟਿਸ ਡੀ ਵਾਈ ਚੰਦਰਚੂੜ ਆਪਣੇ ਪਰਿਵਾਰ ਵਿੱਚੋਂ ਸੁਪਰੀਮ ਕੋਰਟ ਤਕ ਪੁੱਜਣ ਦਾ ਮਾਣ ਹਾਸਲ ਕਰਨ ਵਾਲੇ ਤੀਸਰੇ ਜੱਜ ਸਨਭਾਰਤ ਵਿੱਚ ਮੁੱਖ ਜੱਜ ਵਜੋਂ ਸਭ ਤੋਂ ਲੰਮੀ ਸਰਵਿਸ ਦਾ ਰਿਕਾਰਡ ਵੀ ਉਨ੍ਹਾਂ ਦੇ ਪਿਤਾ ਜੀ ਜਸਟਿਸ ਯਸ਼ਵੰਤ ਵਿਸ਼ਣੂੰ ਚੰਦਰਚੂੜ ਉਰਫ ਵਾਈ ਵੀ ਚੰਦਰਚੂੜ ਦਾ ਸੀਉਹ ਬਹੁਤ ਮਹੱਤਵ ਭਰੇ ਕੇਸਾਂ ਦਾ ਇਹੋ ਜਿਹਾ ਫੈਸਲਾ ਦੇਣ ਲਈ ਅੱਜ ਤਕ ਯਾਦ ਕੀਤੇ ਜਾਂਦੇ ਹਨ, ਜਿਨ੍ਹਾਂ ਵਾਸਤੇ ਸਿਆਸੀ ਵਿਰੋਧੀਆਂ ਦੀ ਕੌੜ ਦੇ ਬਾਵਜੂਦ ਦੇਸ਼ ਦੇ ਆਮ ਲੋਕਾਂ ਨੂੰ ਕਦੀ ਕੋਈ ਨੁਕਸ ਨਹੀਂ ਦਿਸਿਆਦੋ ਸਾਲ ਪਹਿਲਾਂ ਜਦੋਂ ਉਨ੍ਹਾਂ ਦੇ ਬੇਟੇ ਡੀ ਵਾਈ ਚੰਦਰਚੂੜ ਨੇ ਭਾਰਤੀ ਨਿਆਂ ਪਾਲਿਕਾ ਦੀ ਸਿਖਰਲੀ ਪਦਵੀ ਸੰਭਾਲੀ ਤਾਂ ਉਨ੍ਹਾਂ ਕੋਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਬਾਪ ਵਾਂਗ ਨਿਆਂ ਦੇਣ ਵਾਲੇ ਜੱਜ ਦੀ ਝਲਕ ਦਿਖਾਈ ਦਿੱਤੀ ਸੀ ਅਤੇ ਕੁਝ ਦੇਰ ਇਹ ਵਿਲੱਖਣ ਝਲਕ ਕਾਇਮ ਰਹੀ ਸੀਆਪਣੀ ਰਿਟਾਇਰਮੈਂਟ ਦੇ ਐਨ ਨੇੜੇ ਪੁੱਜ ਕੇ ਉਨ੍ਹਾਂ ਨੇ ਉਹ ਝਲਕ ਨਹੀਂ ਰਹਿਣ ਦਿੱਤੀ ਅਤੇ ਆਪਣੇ ਫੈਸਲਿਆਂ ਨੂੰ ਸੰਵਿਧਾਨ ਦੇ ਮੁਤਾਬਕ ਕਹਿ ਕੇ ਦੇਸ਼ ਦੇ ਲੋਕਾਂ ਦੀ ਸ਼ਲਾਘਾ ਖੱਟਣ ਦੀ ਥਾਂ ਇਹ ਕਹਿ ਕੇ ਵਿਵਾਦਤ ਬਣਾ ਦਿੱਤਾ ਕਿ ਰਾਮ ਜਨਮ ਭੂਮੀ ਮਾਮਲੇ ਵਿੱਚ ਉਹ ਭਗਵਾਨ ਸਾਹਮਣੇ ਜਾ ਬੈਠੇ ਸਨ ਤੇ ਕੇਸ ਦਾ ਫੈਸਲਾ ਕਰਨ ਦਾ ਰਾਹ ਭਗਵਾਨ ਨੇ ਦਿੱਤਾ ਸੀਜਿਹੜਾ ਫੈਸਲਾ ਇਸ ਤੋਂ ਪਹਿਲਾਂ ਹੀ ਵਿਵਾਦ ਵਿੱਚ ਘਿਰਿਆ ਪਿਆ ਸੀ ਕਿ ਮੁੱਦਾ ਮੁੱਕਿਆ ਹੈ ਤਾਂ ਮੁੱਕਣ ਦਿਉ, ਪਰ ਉਂਜ ਇੱਕ ਧਿਰ ਨਾਲ ਧਾਰਮਿਕ ਪੱਖ ਤੋਂ ਇਨਸਾਫ ਨਹੀਂ ਹੋਇਆ, ਉਸ ਨੂੰ ਉਨ੍ਹਾਂ ਨੇ ਫਿਰ ਵਿਵਾਦ ਵਿੱਚ ਫਸਾ ਛੱਡਿਆ ਹੈ

ਸਾਨੂੰ ਯਾਦ ਹੈ ਕਿ ਜਸਟਿਸ ਚੰਦਰਚੂੜ ਦੇ ਆਉਣ ਤੋਂ ਪਹਿਲਾਂ ਜਸਟਿਸ ਰੰਜਨ ਗੋਗੋਈ ਦਾ ਇਸੇ ਜ਼ਿੰਮੇਵਾਰੀ ਦੇ ਵਕਤ ਜਿੱਦਾਂ ਦਾ ਤਜਰਬਾ ਸੀ, ਉਸ ਨਾਲ ਉਮਰ ਭਰ ਦਾ ਉਨ੍ਹਾਂ ਦਾ ਸਮਾਜ ਵਿੱਚ ਬਣਿਆ ਸਨਮਾਨਤ ਅਕਸ ਖਰਾਬ ਹੋ ਗਿਆ ਸੀਜਸਟਿਸ ਚੰਦਰਚੂੜ ਨੂੰ ਉਹ ਕੌੜਾ ਤਜਰਬਾ ਵੀ ਭੁੱਲ ਗਿਆਇੱਕ ਸਮੇਂ ਜਸਟਿਸ ਗੋਗੋਈ ਅਤੇ ਉਨ੍ਹਾਂ ਨਾਲ ਤਿੰਨ ਹੋਰ ਜੱਜ ਸਾਹਿਬਾਨ ਨੇ ਆਪਣੇ ਚੀਫ ਜਸਟਿਸ ਦੇ ਖਿਲਾਫ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਭਾਰਤੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਉਹ ਪ੍ਰੈੱਸ ਕਾਨਫਰੰਸ ਕਰਨੀ ਪਈਜਦੋਂ ਜਸਟਿਸ ਗੋਗੋਈ ਨੇ ਚੀਫ ਜਸਟਿਸ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੇ ਪਿਛਲੇ ਰਿਕਾਰਡ ਮੁਤਾਬਕ ਹਰ ਪਾਸੇ ਸ਼ਲਾਘਾ ਦੇ ਨਾਲ ਉਨ੍ਹਾਂ ਤੋਂ ਨਿਆਂ ਪਾਲਿਕਾ ਨੂੰ ਠੀਕ ਸੇਧ ਵਿੱਚ ਅੱਗੇ ਲਿਜਾਣ ਵਾਲੀ ਆਸ ਪ੍ਰਗਟ ਕੀਤੀ ਜਾਂਦੀ ਸੀਉਨ੍ਹਾਂ ਨੇ ਆਮ ਲੋਕਾਂ ਦੇ ਵਿਸ਼ਵਾਸ ਨੂੰ ਅੱਗੇ ਵਧਾਉਣ ਵਾਲੇ ਕੁਝ ਫੈਸਲੇ ਦਿੱਤੇ ਵੀ, ਪਰ ਉਸ ਦੇ ਬਾਅਦ ਅਚਾਨਕ ਉਨ੍ਹਾਂ ਦਾ ਰੁਖ ਬਦਲ ਗਿਆ ਅਤੇ ਹਰ ਨਵੇਂ ਕੇਸ ਬਾਰੇ ਇਹ ਚਰਚਾ ਚੱਲਣ ਲੱਗ ਪਈ ਕਿ ਫੈਸਲਾ ਠੀਕ ਨਹੀਂ ਆਉਣਾ, ਕਿਉਂਕਿ ਜੱਜ ਵਾਲੀ ਕੁਰਸੀ ਉੱਤੇ ਜਸਟਿਸ ਗੋਗੋਈ ਸਾਹਿਬ ਬੈਠੇ ਹਨਫਿਰ ਇਹ ਪਤਾ ਲੱਗਾ ਕਿ ਉਨ੍ਹਾਂ ਵਿਰੁੱਧ ਦੋਹਰੀ ਹਮਲਾਵਰੀ ਹੋਈ ਹੈ ਤੇ ਉਹ ਦਬਾਅ ਥੱਲੇ ਹਨਚਰਚਾ ਸੀ ਕਿ ਉਨ੍ਹਾਂ ਦੇ ਨਿੱਜ ਦੇ ਖਿਲਾਫ ਇੱਕ ਸ਼ਿਕਾਇਤ ਹੋਈ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਜੀਅ ਵਿਰੁੱਧ ਕੁਝ ਕੇਸਾਂ ਦੀ ਚਰਚਾ ਵੀ ਚੱਲਣ ਲੱਗ ਪਈ ਤੇ ਉਸ ਦੇ ਬਾਅਦ ਪਹਿਲੇ ਜਸਟਿਸ ਗੋਗੋਈ ਵਾਲੀ ਰਵਾਨਗੀ ਤੇ ਪੈਂਤੜਾ ਨਹੀਂ ਸੀ ਰਹਿ ਗਿਆਫਿਰ ਜਦੋਂ ਰਿਟਾਇਰ ਹੋਏ ਅਤੇ ਕੁਝ ਦਿਨ ਬਾਅਦ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਗਈ ਤਾਂ ਸਮੁੱਚੇ ਦੇਸ਼ ਵਿੱਚ ਉਨ੍ਹਾਂ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੁਣੀਆਂ ਜਾਣ ਲੱਗ ਪਈਆਂ, ਉਨ੍ਹਾਂ ਨੇ ਸਿਰਫ ਜਸਟਿਸ ਗੋਗੋਈ ਬਾਰੇ ਨਹੀਂ, ਭਾਰਤ ਦੀ ਨਿਆਂ ਪਾਲਿਕਾ ਬਾਰੇ ਵੀ ਕਈ ਲੋਕਾਂ ਅੰਦਰ ਉਸ ਸੋਚ ਨੂੰ ਖੋਰਾ ਲਾਇਆ ਸੀ, ਜਿਸ ਸੋਚ ਹੇਠ ਕਿਹਾ ਜਾਂਦਾ ਹੈ ਕਿ ਦੇਸ਼ ਦੀ ਨਿਆਂ ਪਾਲਿਕਾ ਵਿੱਚ ਲੋਕਾਂ ਦਾ ਪੂਰਨ ਵਿਸ਼ਵਾਸ ਹੈ

ਅਸੀਂ ਉਸ ਦੇਸ਼ ਵਿੱਚ ਅਤੇ ਉਸ ਪ੍ਰਬੰਧ ਹੇਠ ਰਹਿੰਦੇ ਹਾਂ, ਜਿੱਥੇ ਪਹਿਲਾਂ ਹੀ ਕਿਸੇ ਪਾਸੇ ਭਰੋਸੇਯੋਗਤਾ ਦੀ ਗੱਲ ਨਹੀਂ ਰਹਿ ਗਈ ਅਤੇ ਹਰ ਦਿਨ ਇਹ ਰੰਗ ਹੋਰ ਵਧਦਾ ਜਾਂਦਾ ਹੈਰਾਜ ਪ੍ਰਬੰਧ ਤੋਂ ਜਿਹੜੀ ਵਿਸ਼ਵਾਸ ਦੀ ਕਮੀ ਨਿਆਂ ਪਾਲਿਕਾ ਤਕ ਆ ਪੁੱਜੀ ਹੈ, ਉਹ ਉਸ ਧਾਰਮਿਕ ਖੇਤਰ ਤਕ ਵੀ ਜਨਤਕ ਵਿਸ਼ਵਾਸ ਨੂੰ ਢਾਹ ਲਾਈ ਜਾ ਰਹੀ ਹੈ, ਜਿਸ ਬਾਰੇ ਆਮ ਲੋਕ ਇਹ ਕਹਿੰਦੇ ਹਨ ਕਿ ਜਿਸ ਨੂੰ ਕਿਧਰੇ ਨਿਆਂ ਨਹੀਂ ਮਿਲਦਾ, ਉਸ ਨੂੰ ਨਿਆਂ ਲੈਣ ਵਾਸਤੇ ਈਸ਼ਵਰ ਤੋਂ ਇਸਦੀ ਆਸ ਰੱਖਣੀ ਚਾਹੀਦੀ ਹੈਦੱਖਣੀ ਭਾਰਤ ਵਿੱਚ ਹਿੰਦੂ ਧਰਮ ਦੇ ਪ੍ਰਮੁੱਖ ਆਸਥਾ ਕੇਂਦਰ ਕਾਂਚੀ ਕਾਮਕੋਟੀ ਪੀਠ ਦੇ ਮੁਖੀ ਜਗਤ ਗੁਰੂ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਖਿਲਾਫ ਇੱਕ ਕੇਸ ਬਣਿਆ ਸੀਮੁੱਦਾ ਉਸ ਧਰਮ ਅਸਥਾਨ ਦੇ ਪ੍ਰਬੰਧ ਨਾਲ ਜੁੜੇ ਹੋਏ ਇੱਕ ਅਧਿਕਾਰੀ ਦੇ ਕਤਲ ਦਾ ਸੀ, ਜਿਸ ਬਾਰੇ ਕਿਹਾ ਗਿਆ ਕਿ ਸਾਰਾ ਕੁਝ ਸ਼ੰਕਰਾਚਾਰੀਆ ਨੇ ਕਰਵਾਇਆ ਹੈਜਿਹੜੇ ਤਾਮਿਲ ਨਾਡੂ ਰਾਜ ਦੀ ਪੁਲਿਸ ਨੇ ਇਹ ਜਾਂਚ ਕੀਤੀ ਅਤੇ ਫਿਰ ਜਗਤ ਗੁਰੂ ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਤਕ ਲੈ ਗਈ, ਉਦੋਂ ਉਸ ਰਾਜ ਵਿੱਚ ਮੁੱਖ ਮੰਤਰੀ ਜੈਲਲਿਤਾ ਹੁੰਦੀ ਸੀ, ਜਿਸਦਾ ਨੇੜ ਕਾਂਗਰਸ ਨਾਲ ਸੀ ਤੇ ਭਾਜਪਾ ਆਗੂਆਂ ਅਟਲ ਬਿਹਾਰੀ ਵਾਜਪਾਈ ਤੇ ਹੋਰਨਾਂ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਨਾਲ ਨੇੜਤਾ ਪੱਕੀ ਕਰਨ ਲਈ ਜੈਲਲਿਤਾ ਨੇ ਇਹ ਕੇਸ ਕਰਾਇਆ ਹੈਸਬੂਤ ਅਤੇ ਗਵਾਹ ਬਹੁਤ ਸਨ, ਪਰ ਅੰਤ ਵਿੱਚ ਇਸ ਕੇਸ ਦੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ, ਹਾਲਾਂਕਿ ਅਦਾਲਤ ਨੂੰ ਇਹ ਦੱਸਿਆ ਗਿਆ ਸੀ ਕਿ ਹੋਰਨਾਂ ਦੀ ਗੱਲ ਛੱਡੋ, ਜੈਇੰਦਰ ਸਰਸਵਤੀ ਜੀ ਨੇ ਖੁਦ ਦੋਸ਼ ਮੰਨ ਲਏ ਹਨਅਦਾਲਤ ਵਿੱਚ ਪਹੁੰਚ ਕੇ ਅੱਧੇ ਦੇ ਕਰੀਬ ਗਵਾਹ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਏ ਤਾਂ ਦੋਸ਼ੀ ਬਰੀ ਹੋ ਗਏਜਿਹੜੇ ਦੋ ਅਫਸਰ ਇਸ ਕੇਸ ਦੀ ਜਾਂਚ ਕਰ ਰਹੇ ਸਨ, ਦੋਵੇਂ ਜਣੇ ਹਿੰਦੂ ਸਨ ਅਤੇ ਉਨ੍ਹਾਂ ਵਿਚਲੇ ਸੀਨੀਅਰ ਅਫਸਰ ਨੇ ਪੂਰੀ ਪੁਲਿਸ ਵਰਦੀ ਵਿੱਚ ਕੇਸ ਦੀ ਫਾਈਲ ਜਾ ਕੇ ਉਸੇ ਧਰਮ ਅਸਥਾਨ ਵਿੱਚ ਭਗਵਾਨ ਦੇ ਅੱਗੇ ਰੱਖ ਕੇ ਇਹ ਆਸ਼ੀਰਵਾਦ ਕੈਮਰੇ ਦੇ ਸਾਹਮਣੇ ਮੰਗਿਆ ਸੀ ਕਿ ਉਹ ਸੱਚ ਦੀ ਪਹਿਰੇਦਾਰੀ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਫਰਜ਼ ਨਿਭਾ ਸਕੇ ਮੈਨੂੰ ਉਸ ਕੇਸ ਬਾਰੇ ਅੱਜ ਤਕ ਸਾਫ ਸ਼ਬਦਾਂ ਵਿੱਚ ਇਹ ਕਹਿਣ ਤੋਂ ਝਿਜਕ ਹੈ ਕਿ ਲਾਏ ਗਏ ਸਾਰੇ ਦੋਸ਼ ਸੱਚੇ ਸਨ ਜਾਂ ਇਹ ਗੱਲ ਕਿ ਕੇਸ ਸ਼ਾਇਦ ਝੂਠਾ ਬਣਾਇਆ ਗਿਆ ਹੋਵੇਗਾ, ਕਿਉਂਕ ਬਹੁਤ ਸਾਰੇ ਕੇਸਾਂ ਵਾਂਗ ਇਹ ਕੇਸ ਵੀ ਵਿਵਾਦਾਂ ਵਿੱਚ ਫਸਿਆ ਫਿਰਦਾ ਸੀਜਿਹੜੀ ਜੈਲਲਿਤਾ ਉੱਤੇ ਭਾਜਪਾ ਆਗੂਆਂ ਨੇ ਝੂਠਾ ਕੇਸ ਬਣਾਉਣ ਦਾ ਦੋਸ਼ ਲਾਇਆ ਸੀ, ਉਹ ਬਾਅਦ ਵਿੱਚ ਭਾਜਪਾ ਗਠਜੋੜ ਵਿੱਚ ਸ਼ਾਮਲ ਹੋ ਗਈ ਸੀਉਸ ਦੀ ਮੌਤ ਦੇ ਬਾਅਦ ਵੀ ਭਾਜਪਾ ਆਗੂਆਂ ਨੇ ਉਸ ਦੀ ਪਾਰਟੀ ਨਾਲ ਰਾਜਸੀ ਸਾਂਝ ਨਹੀਂ ਸੀ ਛੱਡੀ ਤੇ ਇਹ ਗੱਲ ਭੁਲਾ ਦਿੱਤੀ ਸੀ ਕਿ ਪ੍ਰਮੁੱਖ ਹਿੰਦੂ ਧਾਰਮਿਕ ਪੀਠ ਦੇ ਮੁਖੀ ਸੰਤ ਉੱਤੇ ਝੂਠਾ ਕੇਸ ਬਣਾਉਣ ਦਾ ਦੋਸ਼ ਉਸ ਪਾਰਟੀ ਦੀ ਆਗੂ ਜੈਲਲਿਤਾ ਉੱਤੇ ਉਨ੍ਹਾਂ ਨੇ ਖੁਦ ਹੀ ਲਾਇਆ ਸੀ ਅਤੇ ਇਹ ਵੀ ਕਿ ਫਿਰ ਅਦਾਲਤ ਵਿੱਚ ਜਾ ਕੇ ਉਸ ਕੇਸ ਦਾ ਕੀ ਬਣਿਆ ਸੀ!

ਜਿੱਦਾਂ ਰਿਟਾਇਰਮੈਂਟ ਦੇ ਨੇੜੇ ਪੁੱਜ ਕੇ ਜਸਟਿਸ ਰੰਜਨ ਗੋਗੋਈ ਦਾ ਅਕਸ ਪਹਿਲਾਂ ਵਾਲਾ ਨਹੀਂ ਸੀ ਰਹਿ ਗਿਆ, ਅੱਜ ਕਈ ਲੋਕ ਕਹਿ ਰਹੇ ਹਨ, ਉਵੇਂ ਹੀ ਜਸਟਿਸ ਚੰਦਰਚੂੜ ਦਾ ਅਕਸ ਵੀ ਰਿਟਾਇਰਮੈਂਟ ਵੇਲੇ ਪਹਿਲਾਂ ਵਰਗਾ ਨਹੀਂ ਰਿਹਾਜਸਟਿਸ ਚੰਦਰਚੂੜ ਕਹਿੰਦੇ ਹਨ ਕਿ ਮੈਂ ਫਲਾਣੇ ਕੇਸ ਦਾ ਫੈਸਲਾ ਕਰਨ ਤੋਂ ਪਹਿਲਾਂ ਭਗਵਾਨ ਦੀ ਸ਼ਰਣ ਗਿਆ ਸਾਂ ਕਿ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਮੇਰੀ ਆਸਥਾ ਕਾਰਨ ਭਗਵਾਨ ਨੇ ਮਾਰਗ ਦਿਖਾਇਆ ਸੀ, ਤਾਮਿਲ ਨਾਡੂ ਵਿੱਚ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਦੇ ਖਿਲਾਫ ਕੇਸ ਬਣਾਉਣ ਵਾਲੇ ਪੁਲਿਸ ਅਫਸਰ ਨੇ ਵੀ ਕੇਸ ਦੀ ਫਾਈਲ ਓਵੇਂ ਹੀ ਭਗਵਾਨ ਅੱਗੇ ਜਾ ਕੇ ਰੱਖੀ ਤੇ ਕਹਿੰਦਾ ਸੀ ਕਿ ਉਸ ਨੂੰ ਭਗਵਾਨ ਨੇ ਰਾਹ ਵਿਖਾਇਆ ਹੈਮਾਰਗ ਦਰਸ਼ਨ ਕਰਨ ਲਈ ਭਗਵਾਨ ਦਾ ਧੰਨਵਾਦ ਕੋਈ ਕਰੇਗਾ ਤਾਂ ਉਸ ਦੀ ਆਸਥਾ ਉੱਤੇ ਕਿੰਤੂ ਕਰਨ ਦਾ ਮੈਨੂੰ ਕੋਈ ਹੱਕ ਨਹੀਂ ਹੋ ਸਕਦਾ, ਪਰ ਲੋਕਾਂ ਨੂੰ ਭਗਵਾਨ ਵੱਲੋਂ ਵਿਖਾਏ ਦੱਸੇ ਜਾਂਦੇ ਮਾਰਗ ਉੱਤੇ ਕਹਾਣੀ ਉੱਥੇ ਪਹੁੰਚਦੀ ਦਿਸਣੀ ਚਾਹੀਦੀ ਹੈ, ਜਿਸ ਨੂੰ ਕੋਈ ਇਨਸਾਫ ਦੀ ਮੰਜ਼ਲ ਕਹਿ ਸਕੇਆਪਣੇ ਕੀਤੇ ਚੰਗੇ-ਮਾੜੇ ਹਰ ਕੰਮ ਵਾਸਤੇ ਭਗਵਾਨ ਦੀ ਆਸਥਾ ਦਾ ਆਸਰਾ ਲੈਣ ਦੀ ਕਹਾਣੀ ਅਸਲ ਵਿੱਚ ਉਸ ਕੰਮ ਬਾਰੇ ਕਿੰਤੂ ਕਰਨ ਵਾਲਿਆਂ ਨੂੰ ਇਹ ਕਹਿ ਕੇ ਚੁੱਪ ਕਰਾਉਣ ਦਾ ਯਤਨ ਹੁੰਦਾ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ, ਸਾਰਾ ਭਗਵਾਨ ਦਾ ਕੀਤਾ-ਕਰਾਇਆ ਹੈਜਸਟਿਸ ਚੰਦਰਚੂੜ ਸਾਹਿਬ ਤਾਂ ਉਦੋਂ ਇਸ ਤੋਂ ਵੀ ਬਹੁਤ ਅੱਗੇ ਨਿਕਲ ਗਏ, ਜਦੋਂ ਆਪਣੇ ਘਰ ਪੂਜਾ ਦੇ ਵਕਤ ਆਪਣੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਪੂਜਾ ਵਾਲੀ ਥਾਲੀ ਉੱਥੇ ਆਏ ਹੋਏ, ਜਾਂ ਉਚੇਚੇ ਬੁਲਾਏ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਦਿੱਤੀ ਸੀਭਾਰਤ ਦੇ ਲੋਕਾਂ ਨੂੰ ਉਸ ਦਿਨ ਉਸ ਥਾਲੀ ਅਤੇ ਉਸ ਪੂਜਾ ਵਿੱਚੋਂ ਜਸਟਿਸ ਚੰਦਰਚੂੜ ਦੇ ਭਵਿੱਖ ਦੀ ਮੰਜ਼ਲ ਓਦਾਂ ਹੀ ਦਿਖਾਈ ਦੇਣ ਲੱਗ ਪਈ ’ਤੇ ਕਿੰਤੂ ਹੋਣ ਲੱਗ ਪਏ ਸਨ, ਜਿੱਦਾਂ ਜਸਟਿਸ ਰੰਜਨ ਗੋਗੋਈ ਬਾਰੇ ਹੁੰਦੇ ਸੁਣਦੇ ਰਹੇ ਸਨਇਸ ਦੇਸ਼ ਦੀ ਨਿਆਂ ਪਾਲਿਕਾ ਬਾਰੇ ਜਿਹੜੇ ਚੰਗੇ ਲੋਕ ਵੀ ਅਤੇ ਪਾਪ ਦੀਆਂ ਸਜ਼ਾਵਾਂ ਭੁਗਤ ਚੁੱਕੇ ਲੋਕ ਵੀ ਇਹ ਕਹਿੰਦੇ ਹਨ ਕਿ ਨਿਆਂ ਪਾਲਿਕਾ ਵਿੱਚ ਉਨ੍ਹਾਂ ਦਾ ‘ਪੂਰਨ ਵਿਸ਼ਵਾਸ’ ਹੈ, ਉਨ੍ਹਾਂ ਦਾ ਪੇਸ਼ ਕੀਤਾ ਅਕਸ ਲੋਕ ਯਾਦ ਰੱਖਣਗੇ ਜਾਂ ਨਹੀਂ, ਪਰ ਮੁਲਕ ਦੇ ਮੁੱਖ ਜੱਜ ਦੀ ਸਤਿਕਾਰਤ ਪਦਵੀ ਵਾਲੇ ਜੱਜ ਸਾਹਿਬ ਬਾਰੇ ਟਿੱਪਣੀਆਂ ਦੀ ਅਜੋਕੀ ਨੌਬਤ ਨਹੀਂ ਸੀ ਆਉਣੀ ਚਾਹੀਦੀ

ਇਹ ਸਾਰਾ ਕੁਝ ਹੁੰਦਾ ਆਪਣੇ ਸਮਿਆਂ ਅਤੇ ਆਪਣੀਆਂ ਅੱਖਾਂ ਨਾਲ ਵੇਖਣ ਦੇ ਬਾਅਦ ਵੀ ਮੈਨੂੰ ਇਹ ਕਹਿਣ ਦੀ ਕੋਈ ਝਿਜਕ ਨਹੀਂ ਕਿ ਦੇਸ਼ ਦੀ ਨਿਆਂ ਪਾਲਿਕਾ ਵਿੱਚ ਵਿਸ਼ਵਾਸ ਹੈ, ਪਰ ਇਹੋ ਕਾਰਨ ਹੈ ਕਿ ਮੈਂ ਵਿਸ਼ਵਾਸ ਤੋਂ ਅਗਾਂਹ ਵਧ ਕੇ ‘ਪੂਰਨ ਵਿਸ਼ਵਾਸ’ ਦੀ ਗੱਲ ਕਹਿਣ ਤੋਂ ਝਿਜਕ ਜਾਂਦਾ ਹਾਂਪਤਾ ਨਹੀਂ ਇਸ ਦੇਸ਼ ਵਿੱਚ ਕਿੰਨੇ ਲੋਕ ਹੋਰ ਅਜਿਹੇ ਹੋਣਗੇ, ਜਿਹੜੇ ਸੋਚਦੇ ਤਾਂ ਇੱਦਾਂ ਹੀ ਹੋਣਗੇ, ਪਰ ਸ਼ਾਇਦ ਇਹ ਕਹਿਣ ਦੀ ਹਿੰਮਤ ਨਹੀਂ ਕਰਦੇ ਹੋਣਗੇ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5398)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author