ਜਦੋਂ ਸਮੁੱਚੇ ਭਾਰਤ ਵਿੱਚ ਰਾਜਨੀਤਕ ਪੱਖ ਤੋਂ ਇੰਨੀ ਗਿਰਾਵਟ ਆ ਚੁੱਕੀ ਹੈਪ੍ਰਸ਼ਾਸਨ ਦੀ ਹਾਲਤ ਚੋਰਾਂ ਦੇ ਨਾਲ ...
(12 ਅਗਸਤ 2024)


ਬੀਤੇ ਹਫਤੇ ਇੱਕ ਮੀਡੀਆ ਚੈਨਲ ਦੇ ਟਾਕ-ਸ਼ੋਅ ਵਿੱਚ ਇੱਕ ਅਜੀਬ ਸਵਾਲ ਕਿਸੇ ਨੇ ਪੁੱਛ ਲਿਆ ਅਤੇ ਅੱਗੋਂ ਜਵਾਬ ਦੇਣ ਵਾਲਾ ਇੰਨੀ ਬੁਰੀ ਤਰ੍ਹਾਂ ਫਸ ਗਿਆ ਕਿ ਉਸ ਨੂੰ ਕੁਝ ਕਹਿਣ ਨੂੰ ਨਹੀਂ ਸੀ ਸੁੱਝਦਾ
ਮੈਂ ਕਈ ਵਾਰ ਸੋਚਿਆ ਕਿ ਉਹ ਬੰਦਾ ਫਸ ਗਿਆ, ਭਲਾ ਉਸ ਦੀ ਥਾਂ ਮੈਂ ਬੈਠਾ ਹੁੰਦਾ ਤਾਂ ਮੈਂ ਵੀ ਕੀ ਕਹਿ ਸਕਦਾ ਸੀ! ਜਿਹੜੀ ਗੱਲ ਸੱਚ ਹੈ, ਉਹ ਗੱਲ ਕਹਿਣ ਵੇਲੇ ਮਨ ਵਿੱਚ ਕੁਝ ਸੰਕੋਚ ਹੋ ਸਕਦਾ ਹੈ, ਪਰ ਭਾਰਤ ਵਿੱਚ ਹਾਲਤ ਇੱਦਾਂ ਦੀ ਬਣ ਚੁੱਕੀ ਹੈ ਕਿ ਅੱਜ ਕਹੋ ਜਾਂ ਕੱਲ੍ਹ, ਇੱਦਾਂ ਦੇ ਸਵਾਲਾਂ ਦਾ ਬਣਦਾ ਜਵਾਬ ਤੇ ਸਹੀ ਜਵਾਬ ਮੂੰਹ ਪਾੜ ਕੇ ਦੇਣਾ ਵੀ ਪਵੇਗਾ ਅਤੇ ਦੇਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਮਨ ਵਿੱਚ ਮੰਨਣਾ ਪਵੇਗਾ ਕਿ ਅਸਲ ਜਵਾਬ ਇਹ ਹੀ ਹੈਸਵਾਲ ਇਹ ਸੀ ਕਿ ਭਾਰਤ ਜਿਸ ਤਰ੍ਹਾਂ ਰਾਜਸੀ, ਪ੍ਰਸ਼ਾਸਕੀ, ਆਰਥਿਕ ਅਤੇ ਸਮਾਜਿਕ ਪੱਖ ਤੋਂ ਵਿਗਾੜ ਦਾ ਸ਼ਿਕਾਰ ਹੋ ਚੁੱਕਾ ਹੈ, ਕੀ ਇੱਦਾਂ ਦੀ ਉਮੀਦ ਦੀ ਕੋਈ ਕਿਰਨ ਕਿਸੇ ਪਾਸੇ ਤੋਂ ਬਾਕੀ ਦਿਸਦੀ ਹੈ ਕਿ ਇਸ ਦੇਸ਼ ਨੂੰ ਮੋੜ ਕੇ ਸੁਧਾਰ ਦੀ ਲੀਹੇ ਪਾਇਆ ਜਾ ਸਕੇ?

ਇਹ ਸਵਾਲ ਸੁਣਨ ਅਤੇ ਸਾਹਮਣੇ ਬੈਠੇ ਸੱਜਣ ਦੀ ਜ਼ਬਾਨ ਗੋਤੇ ਖਾਂਦੀ ਵੇਖਣ ਦੇ ਬਾਅਦ ਮੈਂ ਕਈ ਦਿਨ ਭਾਰਤ ਦੀ ਇਸ ਹਾਲਤ ਬਾਰੇ ਸੋਚਦਾ ਰਿਹਾ ਅਤੇ ਇਸ ਸਿੱਟੇ ਉੱਤੇ ਪਹੁੰਚਿਆ ਕਿ ਹਕੀਕਤ ਦਾ ਕੌੜਾ ਸੱਚ ਦਿਲੋਂ ਮੰਨ ਲੈਣ ਦਾ ਸਮਾਂ ਆ ਗਿਆ ਹੈ ਕਿ ਮੋੜੇ ਦੀ ਕੋਈ ਗੁੰਜਾਇਸ਼ ਇਸ ਸਿਸਟਮ ਦੇ ਹੁੰਦਿਆਂ ਨਹੀਂ ਰਹੀਭਾਰਤ ਦੇ ਜਿਸ ਪੱਖ ਦੀ ਗੱਲ ਵੀ ਸ਼ੁਰੂ ਕਰ ਲਈਏ, ਕਾਨੂੰਨ ਦੀਆਂ ਗੱਲਾਂ ਬਹੁਤ ਸੁਣਦੀਆਂ ਹਨ ਤੇ ਅਮਲ ਉਨ੍ਹਾਂ ਗੱਲਾਂ ਦੇ ਉਲਟ ਉਹੀ ਸੱਜਣ ਕਰਦੇ ਹਨ, ਜਿਹੜੇ ਸਾਨੂੰ ਕਾਨੂੰਨ ਦੀਆਂ ਹੱਦਾਂ ਸਮਝਣ ਤੇ ਉਨ੍ਹਾਂ ਅਨੁਸਾਰ ਚੱਲਣ ਨੂੰ ਕਹਿੰਦੇ ਹਨਬਹੁਤਾ ਕਰ ਕੇ ਰਾਜਨੀਤਕ ਖੇਤਰ ਦੇ ਘੁਲਾਟੀਆਂ ਦੀ ਚਰਚਾ ਚਲਦੀ ਹੈ ਕਿ ਉਹ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਦੇਸ਼ ਜਾਂ ਰਾਜ ਦੀ ਹਾਲਤ ਸੁਧਾਰਨ ਦੀਆਂ ਗੱਲਾਂ ਕਰਦੇ ਹਨ ਤੇ ਅਮਲ ਵਿੱਚ ਸਾਰਾ ਵਿਗਾੜ ਪਾਇਆ ਵੀ ਖੁਦ ਉਨ੍ਹਾਂ ਨੇ ਜਾਂ ਉਨ੍ਹਾਂ ਤੋਂ ਪਹਿਲੀਆਂ ਦੋ ਪੀੜ੍ਹੀਆਂ ਦੇ ਰਾਜਸੀ ਆਗੂਆਂ ਨੇ ਹੁੰਦਾ ਹੈਬਿਨਾਂ ਸ਼ੱਕ ਉਨ੍ਹਾਂ ਵਿੱਚ ਵੀ ਕੁਝ ਇਮਾਨਦਾਰ ਤੇ ਚੰਗੇ ਲੋਕ ਸਨ ਅਤੇ ਉਨ੍ਹਾਂ ਨੇ ਲਗਦੀ ਵਾਹ ਖੁਦ ਕਦੇ ਕੁਝ ਗਲਤ ਨਹੀਂ ਸੀ ਕੀਤਾ, ਪਰ ਜਦੋਂ ਉਨ੍ਹਾਂ ਦੀਆਂ ਅੱਖਾਂ ਮੋਹਰੇ ਕੁਝ ਗਲਤ ਵਾਪਰਦਾ ਸੀ ਤਾਂ ਉਹ ਆਪਣੀਆਂ ਨਿੱਜੀ ਗਰਜ਼ਾਂ ਜਾਂ ਰਾਜਸੀ ਮਜਬੂਰੀਆਂ ਲਈ ਚੁੱਪ ਰਹਿੰਦੇ ਰਹੇ ਸਨਡਾਕਟਰ ਮਨਮੋਹਨ ਸਿੰਘ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਸ ਨੇ ਪ੍ਰਧਾਨ ਮੰਤਰੀ ਬਣ ਕੇ ਆਪਣੇ ਪੱਲੇ ਉੱਤੇ ਕੋਈ ਦਾਗ ਬੇਸ਼ਕ ਨਹੀਂ ਲੱਗਣ ਦਿੱਤਾ, ਪਰ ਆਪਣੀ ਟੀਮ ਵਿੱਚ ਕੌਣ ਕਿੰਨਾ ਤੇ ਕਿਸ ਤਰ੍ਹਾਂ ਹੜੱਪੀ ਜਾਂਦਾ ਹੈ, ਇਸਦਾ ਪਤਾ ਹੋਣ ਦੇ ਬਾਵਜੂਦ ਰੋਕਣ ਜਾਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਜੁਰਅਤ ਉਸ ਨੇ ਕਦੇ ਨਹੀਂ ਸੀ ਕੀਤੀ ਇੱਦਾਂ ਦੇ ਆਗੂ ਦਾ ਖੁਦ ਇਮਾਨਦਾਰ ਹੋ ਕੇ ਬੇਈਮਾਨਾਂ ਦੀ ਧਾੜ ਨੂੰ ਅੱਖਾਂ ਸਾਹਮਣੇ ਲੁੱਟ ਮਚਾਉਂਦੀ ਵੇਖਣਾ ਵੀ ਗੁਨਾਹ ਦੀ ਇੱਕ ਵੰਨਗੀ ਕਹੀ ਜਾ ਸਕਦੀ ਹੈ

ਕਾਰੋਬਾਰੀ ਖੇਤਰ ਵਿੱਚ ਬਹੁਤ ਸਾਰੇ ਵੱਡੇ ਘਰਾਣੇ ਸਿਆਸੀ ਸਾਂਝ ਦੇ ਆਸਰੇ ਆਪਣੀ ਸਲਤਨਤ ਕਾਇਮ ਕਰਨ ਵਿੱਚ ਸਫਲ ਹੋ ਗਏ, ਹਰ ਪ੍ਰਧਾਨ ਮੰਤਰੀ ਉਨ੍ਹਾਂ ਅੱਗੇ ਝੁਕ-ਝੁਕ ਦੂਹਰਾ ਹੋਣ ਲੱਗ ਪੈਂਦਾ ਰਿਹਾ, ਪਰ ਉਸ ਵੇਲੇ ਕੁਝ ਕੁ ਹੱਦਾਂ ਰੱਖ ਕੇ ਚੱਲਣ ਵਾਲੇ ਕਾਰੋਬਾਰੀਆਂ ਨੇ ਇਸ ਵਿਹਾਰ ਦਾ ਵਿਰੋਧ ਨਹੀਂ ਸੀ ਕੀਤਾਉਹ ਜਾਣਦੇ ਸਨ ਕਿ ਜਿਨ੍ਹਾਂ ਦੀ ਇੰਨੀ ਪਹੁੰਚ ਬਣ ਚੁੱਕੀ ਹੈ, ਇਨ੍ਹਾਂ ਦਾ ਕੱਖ ਵਿਗੜਨਾ ਨਹੀਂ ਤੇ ਜਿਸ ਕਿਸੇ ਨੇ ਵਿਰੋਧ ਕਰਨ ਬਾਰੇ ਸੋਚਿਆ ਵੀ, ਉਸ ਦਾ ਇਨ੍ਹਾਂ ਨੇ ਕੱਖ ਰਹਿਣ ਨਹੀਂ ਦੇਣਾ, ਕਿਉਂਕਿ ਸਾਰਾ ਸਿਸਟਮ ਉਨ੍ਹਾਂ ਦੀ ਸੁੱਟੀ ਬੁਰਕੀ ਚੱਬਣ ਤੇ ਉਨ੍ਹਾਂ ਦੇ ਕਹੇ ਮੁਤਾਬਕ ਚੱਲਣ ਲੱਗ ਪਿਆ ਹੈਨਤੀਜਾ ਇਹ ਨਿਕਲਿਆ ਕਿ ਕਿਸੇ ਆਮ ਆਦਮੀ ਨੇ ਕਾਰੋਬਾਰ ਸ਼ੁਰੂ ਕਰਨ ਲਈ ਕੁਝ ਫੰਡ ਲੈਣ ਦੀ ਅਰਜ਼ੀ ਦਿੱਤੀ ਹੋਵੇ ਤਾਂ ਕਈ-ਕਈ ਮਹੀਨੇ ਉਸ ਦੀ ਫਾਈਲ ਉੱਤੇ ਕੋਈ ਨਜ਼ਰ ਨਹੀਂ ਮਾਰਦਾ ਅਤੇ ਇਹ ਲੋਕ ਜਦੋਂ ਫਾਈਲ ਭੇਜਦੇ ਹਨ ਤਾਂ ਫੋਨ ਕਰਨ ਦੀ ਲੋੜ ਵੀ ਨਹੀਂ, ਅਗਲੇ ਪਾਸੇ ਬੈਠੇ ਅਫਸਰਾਂ ਨੂੰ ਅਗੇਤਾ ਪਤਾ ਹੁੰਦਾ ਹੈ ਕਿ ਇਹ ਫਾਈਲ ਜ਼ਰਾ ਵੀ ਰੁਕੇਗੀ ਤਾਂ ਮਹਿੰਗੀ ਪੈ ਸਕਦੀ ਹੈਭਾਰਤ ਦੇ ਭਗੌੜੇ ਹੋ ਗਏ ਇੱਕ ਕਾਰੋਬਾਰੀ ਨੇ ਕਈ ਹਜ਼ਾਰ ਕਰੋੜ ਦਾ ਘਪਲਾ ਜਿੱਦਾਂ ਕੀਤਾ ਸੀ, ਉਸ ਦੀ ਕਹਾਣੀ ਜਿਸ ਕਿਸੇ ਨੂੰ ਪਤਾ ਲੱਗੀ ਸੀ, ਭਾਰਤ ਦੀ ਹਾਲਤ ਬਾਰੇ ਜਾਣ ਕੇ ਉਂਗਲਾਂ ਟੁੱਕਦਾ ਸੀਬੇਈਮਾਨ ਕਾਰੋਬਾਰੀ ਦੀ ਬੈਂਕਿੰਗ ਸਿਸਟਮ ਵਿੱਚ ਇੰਨੀ ਪਹੁੰਚ ਸੀ ਕਿ ਉਸ ਦੀ ਫਾਈਲ ਜਿਸ ਕਿਸੇ ਪਹਿਲੇ ਅਫਸਰ ਕੋਲ ਪੇਸ਼ ਹੋਣੀ ਹੁੰਦੀ, ਉਸ ਦਾ ਪਾਸਵਰਡ ਵੀ ਉਸ ਨੂੰ ਮਿਲ ਗਿਆ, ਜਿਸ ਕਿਸੇ ਨੇ ਉਹ ਫਾਈਲ ਚੈੱਕ ਕਰਨੀ ਹੁੰਦੀ, ਉਸ ਦਾ ਵੀ ਮਿਲ ਗਿਆ ਤੇ ਫੰਡਾਂ ਦੀ ਮਨਜ਼ੂਰੀ ਦੇਣ ਤੋਂ ਰਿਲੀਜ਼ ਕਰਨ ਵਾਲੇ ਸਾਰੇ ਅਫਸਰਾਂ ਦੇ ਪਾਸਵਰਡ ਵੀ ਉਸ ਕੋਲ ਆ ਗਏ ਸਨਨਤੀਜੇ ਵਜੋਂ ਹਰ ਛੋਟੇ-ਵੱਡੇ ਅਫਸਰ ਦਾ ਪਾਸਵਰਡ ਕੱਢ ਕੇ ਖੁਦ ਹੀ ਵਰਤਦਾ ਅਤੇ ਆਪਣੀ ਫਾਈਲ ਦੀਆਂ ਸਾਰੀਆਂ ਸਟੇਜਾਂ ਆਪਣੇ ਘਰ ਬੈਠਾ ਪਾਰ ਕਰ ਲੈਣ ਪਿੱਛੋਂ ਬੈਂਕ ਨੂੰ ਡੋਬਣ ਜਿੰਨਾ ਪੈਸਾ ਕੱਢੀ ਜਾਂਦਾ ਰਿਹਾ ਸੀਫਿਰ ਉਹ ਅਚਾਨਕ ਦੇਸ਼ ਛੱਡ ਕੇ ਯੂਰਪ ਪੁੱਜ ਗਿਆ ਤੇ ਭਾਰਤ ਦੇ ਕਾਨੂੰਨੀ ਪ੍ਰਬੰਧਾਂ ਨੂੰ ਅੱਖਾਂ ਵਿਖਾਉਂਦਾ ਪਿਆ ਹੈਇਸ ਤਰ੍ਹਾਂ ਕਰਨ ਵਾਲਾ ਉਹ ਇਕੱਲਾ ਨਹੀਂ ਸੀ, ਬਹੁਤ ਸਾਰੇ ਹੋਰਨਾਂ ਨੇ ਵੀ ਸਿਸਟਮ ਵਿੱਚ ਇੰਨੀ ਜਾਂ ਇਸਦੇ ਲਗਭਗ ਘੁਸਪੈਠ ਕੀਤੀ ਹੋਈ ਹੈ ਅਤੇ ਇਸ ਨੂੰ ਰੋਕਣ ਦਾ ਕੋਈ ਢੁਕਵਾਂ ਪ੍ਰਬੰਧ ਅਜੇ ਤਕ ਵੀ ਕੀਤਾ ਨਹੀਂ ਲੱਭਦਾ

ਤੀਸਰਾ ਪੱਖ ਹਰ ਬਿਮਾਰੀ ਦੀ ਲਾਗ ਦਾ ਸ਼ਿਕਾਰ ਹੋਈ ਅਮਨ-ਕਾਨੂੰਨ ਦੀ ਮਸ਼ੀਨ ਦਾ ਹੈ, ਜਿਸ ਵਿੱਚ ਜਿਹੜੀ ਵੀ ਬਾਹੀ ਵੱਲ ਝਾਕ ਲਉ, ਹਰ ਥਾਂ ਭਾਰਤ ਦੇਸ਼ ਦਾ ਤਿੰਨ ਸ਼ੇਰਾਂ ਵਾਲਾ ਚਿੰਨ੍ਹ ਮੋਢਿਆਂ ਉੱਤੇ ਜਾਂ ਕੁਰਸੀ ਪਿੱਛੇ ਲਟਕੇ ਬੋਰਡ ਉੱਤੇ ਲੱਗਾ ਹੋਵੇਗਾ, ਪਰ ਕੰਮ ਉਸ ਚਿੰਨ੍ਹ ਦੀ ਭਾਵਨਾ ਦੇ ਉਲਟ ਹੁੰਦਾ ਵੀ ਰੋਕਦੇ ਨਹੀਂਰੋਕਣ ਦੀ ਗੱਲ ਤਾਂ ਬਾਅਦ ਦੀ ਹੈ, ਉਨ੍ਹਾਂ ਵਿੱਚੋਂ ਬਹੁਤੇ ਅਫਸਰ ਖੁਦ ਕਾਨੂੰਨ ਤੋੜਨ ਵਾਲੇ ਗਰੋਹਾਂ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੇ ਹੋਏ ਹਨਚੰਡੀਗੜ੍ਹ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਮੋਹਾਲੀ ਨਗਰ ਦੀ ਵਿਕਾਸ ਅਥਾਰਟੀ, ਗਮਾਡਾ, ਵਿੱਚ ਜਿਹੜਾ ਅਮਰੂਦ ਘੋਟਾਲਾ ਹੋਣ ਦਾ ਭੇਦ ਖੁੱਲ੍ਹਾ ਹੈ, ਉਸ ਨੇ ਓਹਲਾ ਨਹੀਂ ਰਹਿਣ ਦਿੱਤਾਜਿਹੜੇ ਅਫਸਰਾਂ ਦਾ ਕੰਮ ਘੋਟਾਲਾ ਹੋਣ ਤੋਂ ਰੋਕਣ ਦਾ ਸੀ, ਉਨ੍ਹਾਂ ਨੇ ਖੁਦ ਘੋਟਾਲਾ ਕੀਤਾ ਤੇ ਆਪਣੀਆਂ ਪਤਨੀਆਂ, ਸੱਸਾਂ ਜਾਂ ਕਿਸੇ ਹੋਰ ਰਿਸ਼ਤੇਦਾਰ ਦੇ ਨਾਂਅ ਉੱਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਨੂੰ ਕੁੰਡੀ ਲਾ ਕੇ ਕਮਾ ਲਏਵਿਕਾਸ ਅਥਾਰਟੀ ਨੇ ਜਿਹੜੇ ਪਲਾਟ ਅਲਾਨ ਕਰਨ ਦਾ ਕੰਮ ਕਰਨਾ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਅਫਸਰਾਂ ਤੇ ਉਨ੍ਹਾਂ ਵਰਗੇ ਅਫਸਰਾਂ ਜਾਂ ਆਗੂਆਂ ਲਈ ਉਹੀ ਕਾਰਜ ਜਾਇਦਾਦਾਂ ਬਣਾਉਣ ਦਾ ਫਾਰਮੂਲਾ ਸਾਬਤ ਹੋ ਗਿਆਉਸ ਘਪਲੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸੂਚੀ ਬਾਹਰ ਆ ਜਾਣ ਮਗਰੋਂ ਵੀ ਉਨ੍ਹਾਂ ਵਿਰੁੱਧ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਹੋਈ, ਕਿਉਂਕਿ ਜਿਨ੍ਹਾਂ ਅਫਸਰਾਂ ਨੇ ਕਰਨੀ ਹੈ, ਉਨ੍ਹਾਂ ਵਿੱਚੋਂ ਵੀ ਬਹੁਤਿਆਂ ਦੀਆਂ ਤੰਦਾਂ ਸਿੱਧੀਆਂ ਜਾਂ ਵਲਾਵਾਂ ਪਾ ਕੇ ਚੋਰਾਂ ਨਾਲ ਜੁੜਦੀਆਂ ਹਨਚੰਡੀਗੜ੍ਹ ਨੇੜੇ ਇੱਕ ਕੰਪਨੀ ਨੇ ਇੱਕ ਵਾਰੀ ਕੋਈ ਵੱਡਾ ਕਲੱਬ ਵਗੈਰਾ ਬਣਾਉਣਾ ਸ਼ੁਰੂ ਕੀਤਾ ਤਾਂ ਰੌਲਾ ਪੈ ਗਿਆ ਕਿ ਲੱਖਾਂ ਰੁਪਏ ਮਹਿੰਗੀ ਮੈਂਬਰਸ਼ਿੱਪ ਵੇਚਣ ਵਾਲੇ ਉਸ ਕਲੱਬ ਲਈ ਜ਼ਮੀਨ ਕੁਝ ਸਰਕਾਰ ਦੀ ਤੇ ਕੁਝ ਜੰਗਲਾਤ ਦੀ ਨਾਜਾਇਜ਼ ਦੱਬੀ ਗਈ ਹੈਕੇਸ ਅਦਾਲਤ ਤਕ ਪਹੁੰਚ ਗਿਆ ਤਾਂ ਦੂਸਰਾ ਰੌਲਾ ਪੈ ਗਿਆ ਕਿ ਕੁਝ ਜੱਜਾਂ ਨੂੰ ਉਸ ਕਲੱਬ ਦੀ ਮੈਂਬਰਸ਼ਿੱਪ ਮੁਫਤ ਅਗੇਤੀ ਦੇ ਦਿੱਤੀ ਗਈ ਸੀ ਤੇ ਸਪਸ਼ਟ ਹੋ ਗਿਆ ਕਿ ਉਸ ਕੰਪਨੀ ਖਿਲਾਫ ਕਾਰਵਾਈ ਉਹ ਜੱਜ ਨਹੀਂ ਹੋਣ ਦੇਣਗੇਫਿਰ ਉਹ ਘਪਲਾ ਕਿਸ ਢੰਗ ਨਾਲ ਦੱਬ ਦਿੱਤਾ ਗਿਆ, ਚੰਡੀਗੜ੍ਹ ਵਿੱਚ ਬੈਠੇ ਲੋਕ ਨਹੀਂ ਜਾਣ ਸਕਦੇ ਤਾਂ ਬਾਹਰ ਦੇ ਲੋਕ ਕੀ ਜਾਣਨਗੇ! ਇੱਦਾਂ ਦੇ ਕੁਝ ਹੋਰ ਕਿੱਸੇ ਸੁਣਾ ਦਿੱਤੇ ਜਾਣ ਤਾਂ ਕੋਈ ਫਰਕ ਨਹੀਂ ਪੈਣਾ, ਹਰ ਰਾਜ ਵਿੱਚ ਇਹ ਦੇਸ਼ ਲੀਹੋਂ ਲੱਥ ਚੁੱਕਾ ਦਿਖਾਈ ਦੇ ਰਿਹਾ ਹੈ

ਇਨ੍ਹਾਂ ਸਾਰਿਆਂ ਪੱਖਾਂ ਤੋਂ ਬਾਅਦ ਇੱਕ ਪੱਖ ਰਹਿ ਜਾਂਦਾ ਹੈ ਤੇ ਉਹ ਧਰਮ ਦੇ ਖੇਤਰ ਦਾ ਪੱਖ ਹੈ, ਜਿਸਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਦੇਸ਼ ਤੇ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦਾ ਹੈ, ਪਰ ਜਿਹੜੇ ਪੁਆੜੇ ਇਸ ਖੇਤਰ ਵਿੱਚ ਹਰ ਪਾਸੇ ਪਏ ਫਿਰਦੇ ਹਨ, ਉਨ੍ਹਾਂ ਦੇ ਹੁੰਦਿਆਂ ਇਹ ਕਿਸੇ ਨੂੰ ਸੇਧ ਕਿੱਦਾਂ ਦੇ ਸਕਦਾ ਹੈ! ਹਿੰਦੂ ਧਰਮ ਯੁੱਗਾਂ ਤੋਂ ਰਾਮ, ਕ੍ਰਿਸ਼ਨ ਤੇ ਸ਼ੰਕਰ ਦਾ ਸੁਨੇਹਾ ਕਿਸੇ ਆਕਾਸ਼ੀ ਆਵਾਜ਼ ਦੀ ਥਾਂ ਜਗਤ ਗੁਰੂ ਸ਼ੰਕਰਾਚਾਰੀਆ ਦੇ ਕਹੇ ਸ਼ਬਦਾਂ ਨੂੰ ਮੰਨਦਾ ਆਇਆ ਹੈਇਸ ਵਾਰ ਜਦੋਂ ਮੋਹਰੇ ਆਈਆਂ ਚੋਣਾਂ ਖਾਤਰ ਵੇਲੇ ਤੋਂ ਪਹਿਲਾਂ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਜਨਮ ਭੂਮੀ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਣਾ ਸੀ, ਉਸ ਵੇਲੇ ਸ਼ੰਕਰਾਚਾਰੀਆ ਰੋਕਦੇ ਰਹਿ ਗਏ, ਸਰਕਾਰ ਚਲਾ ਰਹੀ ਲੀਡਰਸ਼ਿੱਪ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ, ਆਪਣੇ ਮਨ ਦੀ ਮਰਜ਼ੀ ਕਰ ਕੇ ਸਮਾਜ ਨੂੰ ਨਵਾਂ ਸੁਨੇਹਾ ਦੇ ਦਿੱਤਾ ਕਿ ਸਮਾਜ ਅਤੇ ਰਾਜ ਨੂੰ ਸੇਧਾਂ ਅੱਗੇ ਤੋਂ ਧਰਮ ਦੇ ਆਗੂਆਂ ਤੋਂ ਨਹੀਂ, ਰਾਜਸੀ ਆਗੂਆਂ ਤੋਂ ਮਿਲਿਆ ਕਰਨਗੀਆਂਪੰਜਾਬ ਵਿੱਚ ਜਿਹੜਾ ਰੱਫੜ ਇਸ ਵਕਤ ਅਕਾਲੀ ਰਾਜਨੀਤੀ ਦੇ ਧਨੰਤਰਾਂ ਵਿਚਾਲੇ ਪਿਆ ਹੋਇਆ ਹੈ, ਉਸ ਦੇ ਪਿੱਛੇ ਕਾਰਨ ਵੀ ਰਾਜਨੀਤੀ ਖਾਤਰ ਧਰਮ ਤੇ ਧਾਰਮਿਕ ਸ਼ਖਸੀਅਤਾਂ ਨੂੰ ਵਰਤਣ ਵਿੱਚੋਂ ਨਿਕਲਿਆ ਹੈ, ਪਰ ਕੀਤੇ ਗੁਨਾਹਾਂ ਦੀ ਮੁਆਫੀ ਵੀ ਇੱਕ ਰਾਜਸੀ ਖਾਨਾ-ਪੂਰਤੀ ਦੇ ਢੰਗ ਨਾਲ ਮੰਗਣ ਦਾ ਵਿਹਾਰ ਕੀਤਾ ਜਾ ਰਿਹਾ ਹੈਧਾਰਮਿਕ ਖੇਤਰ ਦੀਆਂ ਹਸਤੀਆਂ ਨੂੰ ਜਦੋਂ ਇਸ ਵਿਹਾਰ ਤੇ ਅਸਲ ਵਿੱਚ ਦੁਰ-ਵਿਹਾਰ ਦੇ ਖਿਲਾਫ ਖੜ੍ਹੇ ਹੋਣ ਦੀ ਲੋੜ ਸੀ, ਉਦੋਂ ਇੰਨੀ ਹਿੰਮਤ ਉਨ੍ਹਾਂ ਤੋਂ ਕੀਤੀ ਨਹੀਂ ਸੀ ਗਈ ਅਤੇ ਅੱਜ ਸਮਾਂ ਲੰਘ ਗਿਆ ਜਾਪਦਾ ਹੈ, ਜਿਸ ਕਰ ਕੇ ਇਸ ਮਹੀਨੇ ਦੇ ਅਖੀਰ ਵਿੱਚ ਅਕਾਲੀ ਰਾਜਨੀਤੀ ਲੀਹ ਉੱਤੇ ਆ ਸਕਣ ਦੀ ਕੋਈ ਗੁੰਜਾਇਸ਼ ਵੀ ਲਗਭਗ ਅਗੇਤੀ ਖਤਮ ਹੁੰਦੀ ਜਾਪਣ ਲੱਗ ਪਈ ਹੈ

ਜਦੋਂ ਸਮੁੱਚੇ ਭਾਰਤ ਵਿੱਚ ਰਾਜਨੀਤਕ ਪੱਖ ਤੋਂ ਇੰਨੀ ਗਿਰਾਵਟ ਆ ਚੁੱਕੀ ਹੈ, ਪ੍ਰਸ਼ਾਸਨ ਦੀ ਹਾਲਤ ਚੋਰਾਂ ਦੇ ਨਾਲ ਕੁੱਤੀ ਰਲ ਜਾਣ ਵਾਲੀ ਹਰ ਕਿਸੇ ਨੂੰ ਦਿਸਦੀ ਹੈ, ਭ੍ਰਿਸ਼ਟਾਚਾਰ ਦੀ ਲਾਗ ਨਿਆਂ ਕਰਨ ਵਾਲੀਆਂ ਅਦਾਲਤਾਂ ਤਕ ਪਹੁੰਚ ਗਈ ਸਾਫ ਦਿਸਣ ਲੱਗ ਪਈ ਹੈ, ਉਦੋਂ ਕਿਹੜੀ ਆਸ ਦੀ ਕਿਰਨ ਕਿਸੇ ਨੂੰ ਦਿਖਾਈ ਦੇ ਸਕਦੀ ਹੈ! ਪੰਜਾਬ ਦੇ ਮਰਹੂਮ ਲੇਖਕ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵੀ ਸਰਦਾਰਾ ਸਿੰਘ ਪਾਗਲ ਨੇ ਇੱਕ ਵਾਰੀ ਲਿਖਿਆ ਸੀ ਕਿ ਭਾਰਤ ਦੀ ਫੌਜ ਦੇ ਕਿਸੇ ਬਰਗੇਡੀਅਰ ਨੂੰ ਜਿਸ ਦਿਨ ਇਹ ਪਤਾ ਲੱਗੇਗਾ ਕਿ ਮੇਰੀ ਮਹੀਨੇ ਦੀ ਤਨਖਾਹ ਜਿੰਨੇ ਪੈਸੇ ਪੁਲਿਸ ਦੀ ਚੌਕੀ ਦਾ ਥਾਣੇਦਾਰ ਇੱਕੋ ਦਿਨ ਵਿੱਚ ਕਮਾ ਲੈਂਦਾ ਹੈ, ਉਸ ਦਿਨ ਇਸ ਦੇਸ਼ ਦਾ ਬਣੇਗਾ ਕੀ! ਇਹ ਸਵਾਲ ਬਹੁਤ ਵੱਡਾ ਸੀ, ਪਰ ਕਮਾਲ ਦੀ ਗੱਲ ਹੈ ਕਿ ਉਸ ਲੇਖਕ ਨੂੰ ਦੁਨੀਆ ਤੋਂ ਗਏ ਨੂੰ ਤਿੰਨ ਦਹਾਕੇ ਤੋਂ ਵੱਧ ਹੋ ਗਏ ਹੋਣਗੇ, ਉਸ ਦਾ ਪੇਸ਼ ਕੀਤਾ ਸਵਾਲ ਨਾ ਸਿਰਫ ਅੱਜ ਤਕ ਜਵਾਬ ਉਡੀਕ ਰਿਹਾ ਹੈ, ਸਗੋਂ ਗਲੀ-ਗਲੀ ਇਹ ਸਵਾਲ ਪੁੱਛਿਆ ਜਾਣ ਲੱਗਾ ਹੈਸਵਾਲ ਸਿਰਫ ਕੀਤਾ ਨਹੀਂ ਜਾ ਰਿਹਾ, ਦੇਸ਼ ਦੇ ਲੋਕਾਂ ਅੰਦਰ ਇੱਕ ਅੱਗ ਭਰਦੀ ਜਾਂਦੀ ਹੈ, ਉਸ ਅੱਗ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਲੱਭਦਾ, ਜਿਸ ਦਿਨ ਕੋਈ ਉੱਠ ਪਿਆ, ਇਹ ਅੱਗ ਕੀ ਕਹਿਰ ਵਰਤਾਏਗੀ, ਸੋਚ ਕੇ ਕੰਬਣੀ ਆ ਜਾਂਦੀ ਹੈ

ਇਸਦੇ ਬਾਵਜੂਦ ਇੱਦਾਂ ਦੇ ਲੋਕ ਮਿਲ ਜਾਂਦੇ ਹਨ, ਜਿਹੜੇ ਆਸ ਰੱਖਦੇ ਹਨ ਕਿ ਦੇਸ਼ ਸੁਧਾਰਿਆ ਜਾ ਸਕਦਾ ਹੈਉਨ੍ਹਾਂ ਦਾ ਦਿਲ ਤੋੜਨ ਦੀ ਲੋੜ ਨਹੀਂ, ਕੋਸ਼ਿਸ਼ ਕਰਨ ਦਾ ਹਰਜ਼ ਕੋਈ ਨਹੀਂਅਸੀਂ ਉਨ੍ਹਾਂ ਸੱਜਣਾਂ ਲਈ ਸ਼ੁਭ ਕਾਮਨਾਵਾਂ ਰੱਖੀਏ ਕਿ ਜਿਹੜਾ ਸਾਨੂੰ ਜਾਪਦਾ ਹੈ ਕਿ ਹੋਣ ਵਾਲਾ ਨਹੀਂ ਰਹਿ ਗਿਆ, ਉਹ ਇੱਦਾਂ ਦਾ ਅਸੰਭਵ ਕੰਮ ਕਰਨ ਤੁਰੇ ਹਨਨਾਲ ਇਹ ਗੱਲ ਕਹਿ ਦੇਈਏ ਕਿ ਜੇ ਸਿੱਟੇ ਆਸ ਮੁਤਾਬਕ ਨਾ ਨਿਕਲੇ ਤਾਂ ਦੁਖੀ ਨਾ ਹੋਇਉ, ਮਨ ਨੂੰ ਉਹ ਸਮਝਾਉਣੀ ਦੇ ਕੇ ਬੈਠ ਜਾਇਉ, ਜਿਹੜੀ ਅਸੀਂ ਲੋਕ ਲੰਮੇ ਕੌੜੇ ਤਜਰਬੇ ਮੁਤਾਬਕ ਆਪਣੇ ਆਪ ਨੂੰ ਦੇਣ ਜੋਗੇ ਹੋ ਸਕੇ ਹਾਂਇਹ ਹੋ ਸਕਦਾ ਹੈ ਕਿ ਤੁਹਾਥੋਂ ਬਾਅਦ ਵੀ ਕੋਈ ਇੰਨੀ ਹਿੰਮਤ ਕਰਨ ਤੁਰ ਪਏਇਹ ਆਸ ਵੀ ਮਾੜੀ ਨਹੀਂ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5206)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author