“ਸਭ ਤੋਂ ਵੱਧ ਮਾੜੀ ਗੱਲ ਇਹ ਕਿ ਇਹੋ ਜਿਹੇ ਮੌਕੇ ਸਾਡੇ ਆਗੂ ਸਿਆਸਤ ਕਰਨੀ ਨਹੀਂ ਛੱਡਦੇ, ਨਾ ਵਿਰੋਧੀ ...”
(2 ਅਕਤੂਬਰ 2025)
ਅਸੀਂ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਇੱਕ ਵੱਡੇ ਹਿੱਸੇ ਵਿੱਚ ਵਸਦੇ ਲੋਕਾਂ ਨੂੰ ਪਾਣੀਆਂ ਵਿਚਾਲੇ ਘਿਰ ਕੇ ਜਿੰਦਾ ਰਹਿਣ ਲਈ ਜੂਝਦਿਆਂ ਅਤੇ ਕੁਝ ਹੋਰ ਲੋਕਾਂ ਨੂੰ ਉਨ੍ਹਾਂ ਦੇ ਬਚਾ ਲਈ ਮਦਦ ਵਾਸਤੇ ਤਨ, ਮਨ ਅਤੇ ਧਨ ਸਮੇਤ ਹਰ ਚੀਜ਼ ਦਾਅ ਉੱਤੇ ਲਾਉਂਦੇ ਦੇਖਿਆ ਹੈ। ਇਸ ਤੋਂ ਪਿਛਲਾ ਵੱਡਾ ਹੜ੍ਹ ਕਰੀਬ ਸੈਂਤੀ ਸਾਲ ਪਹਿਲਾਂ ਆਇਆ ਸੀ ਅਤੇ ਉਸ ਵਕਤ ਅਸੀਂ ਹੜ੍ਹ ਪੀੜਿਤਾਂ ਦੀ ਮਦਦ ਲਈ ਜਾਂਦੀਆਂ ਟੀਮਾਂ ਨਾਲ ਜਾਂਦੇ ਰਹੇ ਸਾਂ। ਉਹ ਹੜ੍ਹ ਬਹੁਤ ਭਿਆਨਕ ਸੀ ਤੇ ਇਸ ਵਾਰ ਦਾ ਹੜ੍ਹ ਉਸ ਵੇਲੇ ਆਏ ਹੜ੍ਹ ਦੀ ਭਿਆਨਕਤਾ ਤੋਂ ਵੀ ਵੱਧ ਭਿਆਨਕ ਹੁੰਦਾ ਦੇਖਿਆ ਅਤੇ ਸੋਸ਼ਲ ਮੀਡੀਏ ਦੇ ਯੁਗ ਵਿੱਚ ਸਾਡੇ ਲੋਕਾਂ ਨੂੰ ਪੀੜਿਤਾਂ ਦੀ ਮਦਦ ਲਈ ਕਤਾਰਾਂ ਬੰਨ੍ਹੀ ਜਾਂਦੇ ਦੇਖਿਆ ਹੈ। ਕੋਈ ਖਾਣ ਸਮੱਗਰੀ ਪਹੁੰਚਾਉਣ ਦੇ ਯਤਨ ਕਰ ਰਿਹਾ ਸੀ, ਕੋਈ ਹੜ੍ਹ ਪੀੜਿਤਾਂ ਲਈ ਕੱਪੜੇ ਇਕੱਠੇ ਕਰ ਕੇ ਪੁਚਾਉਂਦਾ ਅਤੇ ਕੋਈ ਹੜ੍ਹਾਂ ਵਿੱਚ ਫਸਿਆਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾਂਦਾ ਦਿਖਾਈ ਦਿੰਦਾ ਸੀ। ਪੰਜਾਬ ਦੇ ਨਾਲ ਹਰਿਆਣੇ ਅਤੇ ਰਾਜਸਥਾਨ ਤਕ ਤੋਂ ਇਨਸਾਨੀ ਫਰਜ਼ ਹੇਠ ਟਰਾਲੀਆਂ ਵਾਲਿਆਂ ਦੀ ਕਤਾਰ ਆਉਂਦੀ ਵੇਖੀ ਅਤੇ ਇਸ ਤਰ੍ਹਾਂ ਆਉਂਦੇ ਟਰੈਕਟਰਾਂ ਵਾਲਿਆਂ ਲਈ ਡੀਜ਼ਲ ਦੇ ਡਰੰਮ ਲੱਦ ਕੇ ਪਾਣੀ ਨਾਲ ਘਿਰੇ ਪਿੰਡਾਂ ਵਿੱਚ ਪਹੁੰਚ ਕੇ ਮੁਫਤ ਵੰਡਣ ਵਾਲੇ ਵੀ ਵੇਖੇ ਹਨ। ਸਤਲੁਜ, ਬਿਆਸ ਅਤੇ ਰਾਵੀ ਦੇ ਇਲਾਕਿਆਂ ਵਿੱਚ ਜ਼ਿਆਦਾ ਮਾਰ ਪਈ ਤਾਂ ਘੱਗਰ ਦੇ ਇਲਾਕੇ ਵਿੱਚ ਵੀ ਨੁਕਸਾਨ ਇਸ ਵਾਰੀ ਕਾਫੀ ਹੋਣ ਦੀਆਂ ਖਬਰਾਂ ਮਿਲਦੀਆਂ ਰਹੀਆਂ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਵੀ ਇਸ ਸਾਲ ਜਿੰਨੀ ਵਾਰੀ ਖੋਲ੍ਹਣੇ ਪਏ, ਪਹਿਲਾਂ ਸ਼ਾਇਦ ਕਦੇ ਓਨੀ ਵਾਰ ਨਹੀਂ ਖੋਲ੍ਹਣੇ ਪਏ ਅਤੇ ਇਸ ਨਾਲ ਚੋਖਾ ਨੁਕਸਾਨ ਹੋਇਆ ਹੈ। ਇਸਦੇ ਕੁੱਲ ਨੁਕਸਾਨ ਬਾਰੇ ਮੁਢਲੇ ਅੰਦਾਜ਼ੇ ਕੁਝ ਵੀ ਹੋਣ, ਆਖਰੀ ਸਥਿਤੀ ਸਾਹਮਣੇ ਆਉਣ ਉੱਤੇ ਪਤਾ ਲੱਗੇਗਾ ਕਿ ਪੰਜਾਬ ਦੀ ਆਰਥਿਕਤਾ ਵੀ ਇਸ ਨਾਲ ਝੰਬੀ ਗਈ ਹੈ ਅਤੇ ਇਹੋ ਜਿਹੇ ਕੌੜੇ ਸੱਚ ਦੀ ਝਲਕ ਵੀ ਲੋਕਾਂ ਨੂੰ ਮਿਲ ਗਈ ਹੈ, ਜਿਸਦਾ ਕਿਆਸ ਪਹਿਲਾਂ ਕਦੀ ਨਹੀਂ ਸੀ ਕੀਤਾ ਗਿਆ। ਇਹ ਸੱਚ ਸਾਹਮਣੇ ਆਉਣ ਪਿੱਛੋਂ ਬਹੁਤ ਕੁਝ ਸੋਚਣ ਦੀ ਲੋੜ ਲਗਦੀ ਹੈ।
ਪਹਿਲੀ ਗੱਲ ਤਾਂ ਭਿਆਨਕਤਾ ਦਾ ਇਹ ਹਾਲ ਸੀ ਕਿ ਲੋਕਾਂ ਦੇ ਵਿੰਹਦਿਆਂ ਤੋਂ ਉਨ੍ਹਾਂ ਦੇ ਖੇਤ ਵੀ ਦਰਿਆ ਰੋੜ੍ਹਦਾ ਲਈ ਜਾਂਦਾ ਸੀ, ਖੇਤਾਂ ਵਿਚਾਲੇ ਬਣੇ ਘਰ ਵੀ ਤੇ ਜਿਹੜੇ ਥਾਂਈਂ ਦਰਿਆਵਾਂ ਨੇ ਵਹਿਣ ਦਾ ਰਸਤਾ ਬਦਲਿਆ, ਉੱਥੇ ਨਵੇਂ ਵਹਿਣ ਨਾਲ ਪਹਿਲੇ ਵਹਿਣ ਦੀ ਜਿਹੜੀ ਥਾਂ ਵਿਹਲੀ ਹੋਈ, ਉਹ ਵੀ ਮੁਸੀਬਤਾਂ ਦੀ ਪੰਡ ਸੀ। ਖੇਤਾਂ ਵਿੱਚ ਉਲਟਾਵੇਂ ਹੱਲ ਵਗਦੇ ਜਿਨ੍ਹਾਂ ਵੇਖੇ ਹੋਣਗੇ, ਉਹ ਜਾਣਦੇ ਹੋਣਗੇ ਕਿ ਉਹ ਹੱਲ ਚੱਲਦਾ ਹੈ ਤਾਂ ਸਿੱਧੇ ਸਿਆੜ ਨਹੀਂ ਕੱਢਦਾ, ਆਪਣੇ ਇੱਕ ਪਾਸੇ ਤੋਂ ਮਿੱਟੀ ਚੁੱਕਦਾ ਅਤੇ ਦੂਸਰੇ ਪਾਸੇ ਮੂਧੀ ਕਰ-ਕਰ ਸੁੱਟੀ ਜਾਂਦਾ ਹੈ। ਇਹੋ ਕੁਝ ਦਰਿਆਵਾਂ ਦੇ ਇਸ ਤਰ੍ਹਾਂ ਵਹਿਣ ਬਦਲਣ ਨਾਲ ਹੋਇਆ ਕਿ ਖੇਤਾਂ ਵਾਲੀ ਥਾਂ ਪਾਣੀ ਵਗਣ ਲੱਗ ਪਿਆ ਅਤੇ ਪਾਣੀ ਦੇ ਵਹਿਣ ਵਾਲੀ ਥਾਂ ਰੇਤ ਨਾਲ ਇੰਨਾ ਉੱਚਾ ਬੰਨ੍ਹ ਜਿਹਾ ਲਗਦਾ ਤੇ ਖੇਤਾਂ ਵਿੱਚ ਉੱਚੇ-ਨੀਵੇਂ ਰੇਤ ਅਤੇ ਮਿੱਟੀ ਦੇ ਟਿੱਲੇ ਬਣਦੇ ਗਏ, ਜਿਹੜੇ ਇਹੋ ਜਿਹੇ ਥਾਂਵਾਂ ਉੱਤੇ ਛੇਤੀ ਕੀਤੇ ਖੇਤੀ ਵੀ ਨਹੀਂ ਕਰਨ ਦੇਣਗੇ। ਦਰਿਆਵਾਂ ਨੇ ਜਿੱਥੇ ਕਿਤੇ ਢਾਹ ਲਾਈ, ਉਹ ਤੀਹ-ਚਾਲੀ ਫੁੱਟ ਕਰੀਬ ਹੇਠੋਂ ਮਾਰ ਕਰਦਾ ਅਤੇ ਹੇਠਲੀ ਮਿੱਟੀ ਰੋੜ੍ਹ ਲਿਜਾਣ ਦੇ ਬਾਅਦ ਜਦੋਂ ਉੱਤਲੀ ਜ਼ਮੀਨ ਅਤੇ ਉਸਦੇ ਉੱਪਰ ਬਣੇ ਮਕਾਨ ਡਿਗਦੇ ਸਨ ਤਾਂ ਇਹ ਨਹੀਂ ਸੀ ਪਤਾ ਲਗਦਾ ਕਿ ਅਗਲੇ ਦਸ ਫੁੱਟ ਰੁੜ੍ਹਨਗੇ ਜਾਂ ਵੀਹ ਫੁੱਟ ਹੋਰ ਰੁੜ੍ਹ ਜਾਣਗੇ। ਮੈਂ ਇੱਦਾਂ ਦੀਆਂ ਵੀਡੀਓ ਕਲਿੱਪਾਂ ਦੇਖ ਕੇ ਕੰਬ ਜਾਂਦਾ ਸਾਂ, ਜਿਨ੍ਹਾਂ ਵਿੱਚ ਸਿੱਧੇ ਖੜ੍ਹੇ ਘਰ ਹੇਠੋਂ ਲੱਗੀ ਢਾਹ ਨਾਲ ਪਹਿਲਾਂ ਇੱਕ ਪਾਸੇ ਨੂੰ ਝੁਕਦੇ ਅਤੇ ਫਿਰ ਇੱਕਦਮ ਡਿਗ ਕੇ ਵਿੰਹਦਿਆਂ-ਵਿੰਹਦਿਆਂ ਪਾਣੀ ਵਿੱਚ ਮਿਲਦੇ ਜਾਂਦੇ ਸਨ।
ਇਹੋ ਜਿਹੇ ਹਾਲਾਤ ਵਿੱਚ ਇਹ ਸਵਾਲ ਲਗਾਤਾਰ ਚਰਚਾ ਵਿੱਚ ਰਿਹਾ ਤੇ ਫਿਰ ਵਿਧਾਨ ਸਭਾ ਦੇ ਅਜਲਾਸ ਵਿੱਚ ਵੀ ਮੁੱਦਾ ਬਣਿਆ ਕਿ ਇਸਦਾ ਕਸੂਰਵਾਰ ਕੌਣ ਸੀ! ਸਮਝਦਾਰੀ ਤਾਂ ਇਹੋ ਕਹਿੰਦੀ ਹੈ ਕਿ ਸਭ ਤੋਂ ਵੱਡਾ ਦੋਸ਼ ਐਤਕੀਂ ਹੱਦੋਂ ਵੱਧ ਮੀਂਹ ਪੈਣ ਦਾ ਸੀ, ਜਿਸ ਬਾਰੇ ਮੌਸਮ ਵਿਭਾਗ ਕਦੇ ਵੀ ਅਗੇਤੀ ਸੂਚਨਾ ਜਾਰੀ ਨਹੀਂ ਸੀ ਕਰ ਸਕਿਆ ਤੇ ਉਸਨੇ ਜਿੰਨੀ ਕੁ ਜਾਰੀ ਕੀਤੀ ਸੀ, ਉਹ ਬਹੁਤੀ ਵਾਰੀ ਹੱਦੋਂ ਬਾਹਰੀ ਗਲਤ ਨਿਕਲਦੀ ਰਹੀ। ਮਿਸਾਲ ਵਜੋਂ ਚੌਵੀ ਅਗਸਤ ਨੂੰ ਇੱਕੀ ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਆਈ ਅਤੇ ਅਸਲ ਵਿੱਚ ਮੀਂਹ ਇੱਕ ਸੌ ਤਰੇਹਠ ਮਿਲੀਮੀਟਰ ਪੈ ਗਿਆ ਅਤੇ ਫਿਰ ਪੰਝੀ ਅਗਸਤ ਨੂੰ ਅਠਾਰਾਂ ਮਿਲੀਮੀਟਰ ਦੱਸਿਆ ਤੇ ਅਸਲ ਵਿੱਚ ਇੱਕ ਸੌ ਸੰਤਾਲੀ ਮਿਲੀਮੀਟਰ ਵਰ੍ਹ ਗਿਆ। ਹੱਦ ਇਹ ਸੀ ਕਿ ਸਤਾਰਾਂ ਅਗਸਤ ਨੂੰ ਸਿਰਫ ਨੌਂ ਮਿਲੀਮੀਟਰ ਦੱਸਿਆ ਗਿਆ ਅਤੇ ਅਸਲ ਵਿੱਚ ਇਸ ਤੋਂ ਇੱਕੀ ਗੁਣਾ ਨੇੜੇ ਇੱਕ ਸੌ ਪਚਾਸੀ ਮਿਲੀਮੀਟਰ ਤੋਂ ਵੱਧ ਪੈ ਗਿਆ। ਇੱਕ ਅਖਬਾਰ ਵਿੱਚ ਇਹ ਅੰਕੜੇ ਛਪਣ ਅਤੇ ਨਾਲ ਇਹ ਕਹੇ ਜਾਣ ਕਿ ਮੌਸਮ ਵਿਭਾਗ ਗਲਤ ਸੂਚਨਾ ਜਾਰੀ ਕਰੀ ਜਾ ਰਿਹਾ ਹੈ, ਮੌਸਮ ਵਿਭਾਗ ਨੇ ਨਾ ਕਦੇ ਗਲਤੀ ਮੰਨੀ, ਨਾ ਦੋਸ਼ ਲਾਉਣ ਵਾਲਿਆਂ ਨੂੰ ਗਲਤ ਕਿਹਾ, ਸਗੋਂ ਚੁੱਪ ਵੱਟ ਲਈ। ਲੋਕ ਇਸ ਵਿਹਾਰ ਨੂੰ ਸਾਜ਼ਿਸ਼ ਮੰਨਣ ਤਕ ਚਲੇ ਜਾਂਦੇ ਹਨ।
ਦੂਸਰਾ ਗੁਨਾਹ ਭਾਖੜਾ-ਬਿਆਸ ਮੈਨੇਜਮੈਂਟ ਦਾ ਸੀ, ਜਿਨ੍ਹਾਂ ਬਾਰੇ ਇਹ ਪਤਾ ਲੱਗਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਵੱਧ ਸਮਾਂ ਹੋ ਗਿਆ, ਭਾਖੜਾ ਡੈਮ ਦੀ ਝੀਲ ਵਿੱਚੋਂ ਕਦੇ ਗਾਰ ਨਹੀਂ ਕੱਢੀ ਗਈ ਅਤੇ ਇਸਨੇ ਝੀਲ ਦਾ ਵੀਹ ਫੁੱਟ ਨਾਲੋਂ ਵੱਧ ਥੱਲਾ ਢਕਿਆ ਹੋਣ ਕਾਰਨ ਪਾਣੀ ਰੋਕਣ ਦੀ ਸਮਰੱਥਾ ਬਹੁਤ ਘੱਟ ਗਈ ਸੀ। ਪੁੱਛਿਆ ਗਿਆ ਤਾਂ ਮੈਨੇਜਮੈਂਟ ਇਸਦੇ ਪੂਰੇ ਅੰਕੜੇ ਵੀ ਪੇਸ਼ ਨਹੀਂ ਕਰ ਸਕੀ ਅਤੇ ਇਹੋ ਦੋਸ਼ ਲਾਉਂਦੀ ਰਹੀ ਕਿ ਪੰਜਾਬ ਨੇ ਵਕਤ ਸਿਰ ਹਰਿਆਣੇ ਨੂੰ ਪਾਣੀ ਨਹੀਂ ਦੇਣ ਦਿੱਤਾ, ਜੇ ਪੰਜਾਬ ਰੋਕਾਂ ਨਾ ਪਾਉਂਦਾ ਤਾਂ ਡੈਮਾਂ ਵਿੱਚ ਇੰਨਾ ਪਾਣੀ ਨਹੀਂ ਸੀ ਹੋਣਾ ਕਿ ਛੱਡਣ ਦੀ ਨੌਬਤ ਆਈ ਹੁੰਦੀ। ਭਾਖੜਾ-ਬਿਆਸ ਮੈਨੇਜਮੈਂਟ ਇਹ ਗੱਲ ਨਹੀਂ ਮੰਨ ਰਹੀ ਕਿ ਜਿੰਨਾ ਪਾਣੀ ਹਰਿਆਣੇ ਨੂੰ ਛੱਡਣਾ ਸੀ, ਉਹ ਛੱਡਣ ਦੀ ਹਾਮੀ ਵੀ ਪੰਜਾਬ ਭਰ ਦਿੰਦਾ ਤਾਂ ਹਿਮਾਚਲ ਪ੍ਰਦੇਸ਼ ਵਿੱਚ ਜਿਹੜੇ ਵਾਰ-ਵਾਰ ਬੱਦਲ ਪਾਟਦੇ ਰਹੇ, ਪੰਜਾਬ ਵਿੱਚ ਹੜ੍ਹ ਉਨ੍ਹਾਂ ਨਾਲ ਫਿਰ ਵੀ ਆ ਜਾਣੇ ਸਨ। ਹਰਿਆਣੇ ਨੂੰ ਪਾਣੀ ਜਾਂਦਾ ਰੋਕਣ ਦਾ ਜ਼ਿੰਮਾ ਤਾਂ ਪੰਜਾਬ ਸਿਰ ਪਾ ਦਿੱਤਾ ਜਾਵੇਗਾ, ਪਰ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਵੀ ਖੋਲ੍ਹਣ ਤੋਂ ਪਹਿਲਾਂ ਜਿਹੜਾ ਅਣਕਿਆਸੀ ਮਾਰ ਕਰਦਾ ਪਾਣੀ ਜੰਮੂ-ਕਸ਼ਮੀਰ ਵੱਲੋਂ ਉੱਝ ਦਰਿਆ ਰਾਹੀਂ ਇੱਧਰ ਆਇਆ ਤੇ ਡੇਰਾ ਬਾਬਾ ਨਾਨਕ ਅਤੇ ਅਜਨਾਲੇ ਤਕ ਮਾਰ ਕਰ ਗਿਆ, ਉਸ ਹੜ੍ਹ ਦਾ ਦੋਸ਼ ਕਿਸਦੇ ਸਿਰ ਪਾਇਆ ਜਾਵੇਗਾ! ਕੁਦਰਤ ਦੀ ਕਰੋਪੀ ਤਾਂ ਹਰ ਪਾਸੇ ਦਿਸਦੀ ਸੀ।
ਤੀਸਰੀ ਗੱਲ ਇਹ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਿਰਫ ਸੋਲਾਂ ਸੌ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕਰ ਕੇ ਇੱਕ ਬੇਰਹਿਮ ਮਜ਼ਾਕ ਕੀਤਾ ਅਤੇ ਫਿਰ ਇਸ ਉੱਤੇ ਅਮਲ ਵੀ ਨਹੀਂ ਕੀਤਾ। ਜਿਹੜੇ ਸੋਲਾਂ ਸੌ ਕਰੋੜ ਦੇਣ ਦਾ ਐਲਾਨ ਕੀਤਾ ਸੀ, ਉਹ ਛੱਬੀ ਸਤੰਬਰ ਨੂੰ ਪੰਜਾਬ ਵਿਧਾਨ ਸਭਾ ਅਜਲਾਸ ਹੋਣ ਤਕ ਵੀ ਪੰਜਾਬ ਨਹੀਂ ਭੇਜੇ ਗਏ ਅਤੇ ਕੇਂਦਰ ਤੋਂ ਆਏ ਮੰਤਰੀ ਤੇ ਹੋਰ ਭਾਜਪਾ ਆਗੂ ਸਿਰਫ ਫੋਟੋ ਖਿਚਾ ਕੇ ਮੁੜ ਜਾਂਦੇ ਰਹੇ ਸਨ। ਦੇਸ਼ ਦਾ ਖਜ਼ਾਨਾ ਇਹੋ ਜਿਹੇ ਮੌਕਿਆਂ ਉੱਤੇ ਵੀ ਜੇ ਪੀੜਿਤਾਂ ਅਤੇ ਮੌਤ ਦੇ ਮੂੰਹ ਆਏ ਹੋਏ ਲੋਕਾਂ ਲਈ ਨਹੀਂ ਖੋਲ੍ਹਣਾ ਤਾਂ ਆਖਰ ਕਿਸ ਵੇਲੇ ਖੋਲ੍ਹਿਆ ਜਾਵੇਗਾ! ਭਾਰਤ ਸਰਕਾਰ ਗੱਲਾਂ ਦਾ ਗੁਤਾਵਾ ਕਰਦੀ ਰਹੀ, ਅਮਲ ਵਿੱਚ ਪੰਜਾਬ ਲਈ ਕੁਝ ਖਾਸ ਨਹੀਂ ਕੀਤਾ।
ਇੱਦਾਂ ਦੇ ਹਾਲਾਤ ਵਿੱਚ ਚੰਗੀ ਗੱਲ ਇਹ ਹੋਈ ਕਿ ਵਿਧਾਨ ਸਭਾ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਆਮ ਰਾਏ ਨਾਲ ਹੜ੍ਹ ਪੀੜਿਤਾਂ ਦੀ ਹਿਮਾਇਤ ਦੀ ਗੱਲ ਕੀਤੀ, ਪਰ ਨਾਲ ਮਾੜੀ ਗੱਲ ਇਹ ਹੋਈ ਕਿ ਇੱਦਾਂ ਦੇ ਵਕਤ ਵੀ ਰਾਜਨੀਤਕ ਮਿਹਣੇਬਾਜ਼ੀ ਕਰਨ ਤੋਂ ਕੋਈ ਨਹੀਂ ਰੁਕਿਆ। ਮਿਸਾਲ ਵਜੋਂ ਮਾਧੋਪੁਰ ਹੈੱਡਵਰਕਸ ਦੇ ਜਿਸ ਪੁਲ ਤੋਂ ਟੱਪਦੇ ਸਾਰ ਜੰਮੂ-ਕਸ਼ਮੀਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਉਸ ਪੁਲ ਉੱਤੇ ਲੱਗੇ ਕਈ-ਕਈ ਫੁੱਟ ਉੱਚੇ ਫਲੱਡ ਗੇਟ ਜਦੋਂ ਖੋਲ੍ਹਣੇ ਪਏ ਤਾਂ ਉਨ੍ਹਾਂ ਨੂੰ ਜੰਗਾਲ ਲੱਗਾ ਪਿਆ ਸੀ ਅਤੇ ਹੇਠਾਂ ਗਾਰ ਜੰਮੀ ਹੋਈ ਹੋਣ ਕਾਰਨ ਖੋਲ੍ਹਣ ਦੀ ਕੋਸ਼ਿਸ਼ ਦੌਰਾਨ ਤਿੰਨ ਗੇਟ ਅਚਾਨਕ ਟੁੱਟ ਕੇ ਪਾਣੀ ਨਾਲ ਰੁੜ੍ਹ ਗਏ ਸਨ ਤੇ ਇੱਕ ਕਰਮਚਾਰੀ ਵੀ ਰੁੜ੍ਹ ਗਿਆ। ਪਿੱਛੋਂ ਉਸਦੀ ਲਾਸ਼ ਬੜੀ ਮੁਸ਼ਕਿਲ ਨਾਲ ਮਿਲੀ। ਪਰ ਕੋਈ ਸਬਕ ਸਿੱਖਣ ਦੀ ਸਹਿਮਤੀ ਦੀ ਥਾਂ ਇਹ ਰਾਜਸੀ ਲੀਡਰਾਂ ਦੀ ਆਪਸੀ ਚਾਂਦਮਾਰੀ ਦਾ ਮੁੱਦਾ ਬਣ ਕੇ ਰਹਿ ਗਿਆ। ਵਿਰੋਧੀ ਧਿਰਾਂ ਨੇ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਦੋਸ਼ ਲਾਇਆ ਕਿ ਗੇਟ ਇਸਨੇ ਅਗੇਤੇ ਚੈੱਕ ਕਿਉਂ ਨਹੀਂ ਸਨ ਕੀਤੇ ਤੇ ਰਾਜ ਕਰਦੀ ਧਿਰ ਨੇ ਇਹ ਜਵਾਬੀ ਦੋਸ਼ ਲਾਇਆ ਕਿ ਇਹ ਗੇਟ ਪਹਿਲੀਆਂ ਸਰਕਾਰਾਂ ਦੇ ਵਕਤ ਬੰਦ ਕੀਤੇ ਪਏ ਸਨ, ਉਨ੍ਹਾਂ ਨੇ ਇਸਦੀ ਮੁਰੰਮਤ ਕਿਉਂ ਨਹੀਂ ਕਰਵਾਈ! ਪਹਿਲਿਆਂ ਨੂੰ ਕਹੀਏ ਜਾਂ ਅੱਜ ਵਾਲਿਆਂ ਨੂੰ, ਉਨ੍ਹਾਂ ਦੇ ਵਕਤ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਅਤੇ ਅੱਜ ਦੀ ਘੜੀ ਰਾਜ ਕਰਦੀ ਪਾਰਟੀ ਦੇ ਅਧੀਨ ਵੀ ਪਿਛਲੇ ਸਾਢੇ ਤਿੰਨ ਸਾਲ ਇਸ ਕੰਮ ਵੱਲ ਕਿਸੇ ਨੇ ਧਿਆਨ ਨਹੀਂ ਸੀ ਕੀਤਾ।
ਇੱਕ ਗੱਲ ਹੋਰ ਇੱਦਾਂ ਦੀ ਹੈ, ਜਿਸ ਬਾਰੇ ਪੰਜਾਬ ਵਿੱਚ ਵਸਦੇ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵਸਣ ਵਾਲਿਆਂ ਨੂੰ ਤਾਂ ਕਿਸੇ ਵਿਰਲੇ ਨੂੰ ਪਤਾ ਹੋਵੇਗੀ ਕਿ ਦਰਿਆਵਾਂ ਦੇ ਵਹਿਣ ਕਈ ਵਾਰੀ ਪਾਟ ਜਾਂਦੇ ਅਤੇ ਇੱਕ ਦੀ ਬਜਾਏ ਦੋ ਜਾਂ ਤਿੰਨ ਥਾਂ ਵਗਣ ਲਹਦੇ ਹਨ ਤਾਂ ਉਨ੍ਹਾਂ ਵਿਚਾਲੇ ਨਵੇਂ ਪਿੰਡ ਵੱਸ ਜਾਂਦੇ ਹਨ। ਬਿਆਸ ਦਰਿਆ ਕਪੂਰਥਲੇ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚਾਲੇ ਵਗਦਾ ਜਦੋਂ ਗੋਇੰਦਵਾਲ ਸਾਹਿਬ ਤੋਂ ਅੱਗੇ ਜਾਂਦਾ ਹੈ ਤਾਂ ਉਸਦੇ ਪਾਟਵੇਂ ਵਹਿਣ ਦੇ ਵਿਚਾਲੇ ਢਾਈ-ਤਿੰਨ ਕਿਲੋਮੀਟਰ ਦਾ ਫਰਕ ਵੀ ਪੈ ਜਾਂਦਾ ਹੈ। ਮਾਝੇ ਵੱਲ ਮੁੰਡਾ ਪਿੰਡ ਤੇ ਦੋਆਬੇ ਦੇ ਸੁਲਤਾਨਪੁਰ ਲੋਧੀ ਵਿਚਲਿਉਂ ਲੰਘਦੇ ਦਰਿਆ ਦੇ ਵਹਿਣ ਦਾ ਇੰਨਾ ਫਾਸਲਾ ਹੈ ਕਿ ਮੁਹੰਮਦਾਬਾਦ, ਬਾਊਪੁਰ ਕਦੀਮ, ਬਾਊਪੁਰ ਜਦੀਦ, ਮੰਡ ਬੰਦੂ ਜਦੀਦ, ਮੰਡ ਹਜ਼ਾਰਾ ਅਤੇ ਮੰਡ ਹੁਸੈਨਪੁਰ ਬੁੱਲੇ ਆਦਿ ਪਿੰਡ ਵੱਸ ਚੁੱਕੇ ਹਨ, ਜਿਨ੍ਹਾਂ ਲਈ ਦੋਵੇਂ ਪਾਸੇ ਸ਼ੂਕਦਾ ਦਰਿਆ ਵਗਦਾ ਰਹਿੰਦਾ ਹੈ। ਸਰਕਾਰਾਂ ਨੂੰ ਇਹ ਪਤਾ ਹੈ ਅਤੇ ਉਨ੍ਹਾਂ ਪਿੰਡਾਂ ਵਿੱਚ ਵਸਦੇ ਲੋਕਾਂ ਲਈ ਸਰਕਾਰ ਨੇ ਕੁਝ ਪੁਲ ਬਣਾਏ ਹੋਏ ਹਨ, ਪਰ ਹੜ੍ਹਾਂ ਦੀ ਮਾਰ ਪੈਣ ਵੇਲੇ ਉਨ੍ਹਾਂ ਲੋਕਾਂ ਨੂੰ ਅਗੇਤਾ ਕੱਢਣ ਦੀ ਕੋਈ ਪੱਕੀ ਯੋਜਨਾਬੰਦੀ ਨਾ ਹੋਣ ਕਾਰਨ ਉਹ ਹਰ ਵਾਰੀ ਘਿਰ ਜਾਂਦੇ ਹਨ ਅਤੇ ਮਾਰ ਸਹਿੰਦੇ ਹਨ। ਇੱਦਾਂ ਦੇ ਇਲਾਕਿਆਂ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਲਈ ਗਈਆਂ ਸੰਸਥਾਵਾਂ ਵੀ ਕਿਸੇ ਤਰ੍ਹਾਂ ਉੱਥੇ ਨਹੀਂ ਪਹੁੰਚ ਸਕੀਆਂ ਤੇ ਸਿਰਫ ਹੈਲੀਕਾਪਟਰ ਦੀ ਮਦਦ ਹੀ ਕੰਮ ਆ ਸਕਦੀ ਸੀ। ਇਸ ਤੋਂ ਇਲਾਵਾ ਹੜ੍ਹ ਮਾਰੇ ਜਿਹੜੇ ਪਿੰਡ ਦਰਿਆ ਵਿਚਾਲੇ ਨਹੀਂ, ਪਰ ਦਰਿਆ ਦੇ ਨੇੜੇ ਹਨ, ਉਨ੍ਹਾਂ ਲਈ ਮਦਦ ਕਰਨ ਲਈ ਕਿਸ਼ਤੀ ਦੀ ਵਰਤੋਂ ਕਰਨੀ ਵੀ ਬਹੁਤ ਵਾਰੀ ਔਖੀ ਹੋ ਜਾਂਦੀ ਹੈ। ਜੇ ਕਿਸ਼ਤੀ ਮੋਟਰ ਵਾਲੀ ਹੋਵੇ ਤਾਂ ਪਾਣੀ ਹੇਠ ਪਤਾ ਨਹੀਂ ਹੁੰਦਾ ਕਿ ਫਸਲ ਕਿੱਥੇ ਹੈ ਤੇ ਜਦੋਂ ਫਸਲ ਦੀ ਥਾਂ ਤਕ ਕਿਸ਼ਤੀ ਜਾਂਦੀ ਹੈ ਤਾਂ ਫਸਲ ਉਸਦੇ ਹੇਠਾਂ ਪੱਖੇ ਵਿੱਚ ਫਸ ਜਾਣ ਨਾਲ ਰੁਕ ਜਾਂਦੀ ਹੈ ਅਤੇ ਜੇ ਮੋਟਰ ਜਾਂ ਇੰਜਣ ਤੋਂ ਬਿਨਾਂ ਕੋਈ ਕਿਸ਼ਤੀ ਜਾਵੇ ਤਾਂ ਹੇਠਾਂ ਜ਼ਮੀਨ ਵਿੱਚ ਲੱਗੀਆਂ ਬੁਰਜੀਆਂ ਜਾਂ ਕਿਸੇ ਥਾਂ ਜੰਗਲੀ ਜਾਨਵਰਾਂ ਤੋਂ ਬਚਣ ਲਈ ਲਾਈ ਗਈ ਵਾੜ ਅਤੇ ਕੰਡੇਦਾਰ ਤਾਰ ਵਿੱਚ ਕਿਸ਼ਤੀ ਫਸ ਜਾਂਦੀ ਹੈ ਤਾਂ ਫਿਰ ਉਸਦੇ ਉਲਟਣ ਦਾ ਡਰ ਬਣਿਆ ਰਹਿੰਦਾ ਹੈ।
‘ਬੂਹੇ ਖੜੋਤੀ ਜੰਨ ਤੇ ਵਿੰਨ੍ਹੋ ਕੁੜੀ ਦੇ ਕੰਨ’ ਦਾ ਪੰਜਾਬੀ ਮੁਹਾਵਰਾ ਹਰ ਕਿਸੇ ਨੂੰ ਪਤਾ ਹੈ ਅਤੇ ਸਰਕਾਰ ਦੇ ਕੰਮ ਵੀ ਇੱਦਾਂ ਦੇ ਹੁੰਦੇ ਹਨ। ਬਹੁਤੀ ਵਾਰੀ ਜਦੋਂ ਮੁਸੀਬਤ ਸਿਰ ਉੱਤੇ ਆਣ ਪੈਂਦੀ ਹੈ ਤਾਂ ਰਾਹਤ ਦੇ ਕਾਰਜਾਂ ਲਈ ਭਾਜੜ ਪਾ ਦਿੱਤੀ ਜਾਂਦੀ ਹੈ, ਪਰ ਜਦੋਂ ਕੁਝ ਕਰ ਸਕਣ ਦਾ ਸਮਾਂ ਹੁੰਦਾ ਹੈ, ਉਦੋਂ ਨਾ ਅਫਸਰਾਂ ਨੂੰ ਇਸਦਾ ਕਦੀ ਚੇਤਾ ਆਉਂਦਾ ਹੈ ਤੇ ਨਾ ਮੰਤਰੀਆਂ ਅਤੇ ਹੋਰ ਅਹਿਲਕਾਰਾਂ ਨੂੰ ਆਉਂਦਾ ਹੈ। ਇਹ ਸਾਰੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਹਿਸਾਬ ਵਾਲੇ ਹਨ, ਅੱਗ ਲੱਗੀ ਤੋਂ ਅੱਗੜ-ਪਿੱਛੜ ਦੌੜਾਂ ਲਾਉਂਦੇ ਹਨ ਤੇ ਬਹੁਤੀ ਵਾਰੀ ਕੰਮ ਕਰਨ ਦੀ ਥਾਂ ਕੰਮ ਹੁੰਦਾ ਵਿਖਾਉਣ ਲਈ ਦੌੜਾਂ ਲਾਉਂਦੇ ਹਨ, ਪਰ ਅਗੇਤਾ ਏਜੰਡਾ ਇਹ ਕਦੇ ਵੀ ਤੈਅ ਨਹੀਂ ਕਰਦੇ। ਇਹੋ ਜਿਹੇ ਹਾਲਾਤ ਕਾਰਨ ਪੰਜਾਬੀਆਂ ਸਿਰ ਮੁੜ-ਮੁੜ ਇੱਕ ਜਾਂ ਦੂਸਰਾ ਸੰਕਟ ਪੈਂਦਾ ਰਹਿੰਦਾ ਹੈ ਅਤੇ ਹਰ ਵਾਰ ਇਹ ਆਖਿਆ ਜਾਂਦਾ ਹੈ ਕਿ ਅੱਗੇ ਤੋਂ ਕੋਈ ਢਿੱਲ-ਮੱਠ ਨਹੀਂ ਰਹਿਣ ਦਿੱਤੀ ਜਾਵੇਗੀ, ਪਰ ਅਗਲੀ ਵਾਰ ਫਿਰ ਉਹੋ ਖੇਡ ਦੁਹਰਾਈ ਜਾਂਦੀ ਦਿਸਦੀ ਹੈ। ਸਭ ਤੋਂ ਵੱਧ ਮਾੜੀ ਗੱਲ ਇਹ ਕਿ ਇਹੋ ਜਿਹੇ ਮੌਕੇ ਸਾਡੇ ਆਗੂ ਸਿਆਸਤ ਕਰਨੀ ਨਹੀਂ ਛੱਡਦੇ, ਨਾ ਵਿਰੋਧੀ ਧਿਰ ਦੇ, ਨਾ ਹਾਕਮ ਧਿਰ ਵਾਲੇ ਤੇ ਨਾ ਕੇਂਦਰ ਤੋਂ ਝਾਤੀਆਂ ਮਾਰਨ ਅਤੇ ਬਿਆਨਾਂ ਦੀ ਵਾਛੜ ਕਰ ਕੇ ਮੁੜਨ ਵਾਲੇ ਆਦਤ ਛੱਡਦੇ ਹਨ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਹੜ੍ਹਾਂ ਜਾਂ ਹੋਰ ਮੁਸੀਬਤਾਂ ਦੀ ਮਾਰ ਦੌਰਾਨ ਸਿਆਸਤ ਦੀ ਘੁੰਮਣਘੇਰੀ ਵਿੱਚ ਪੰਜਾਬ ਫਸਿਆ ਹੋਇਆ ਦਿਸਦਾ ਹੈ ਅਤੇ ਮੁੜ-ਮੁੜ ਇਹੋ ਹੁੰਦਾ ਹੈ। ਇਹੋ ਤਾਂ ਹੈ ਪੰਜਾਬ ਦੇ ਲੋਕਾਂ ਦਾ ਅਸਲੀ ਜੀਵਣਾ!
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (