“ਬਥੇਰੇ ਲੋਕ ਮੰਨਦੇ ਹਨ ਕਿ ਅਗਲੀ ਵਾਰ ਭਾਜਪਾ ਲੀਡਰਸ਼ਿੱਪ ਪੱਛਮੀ ਬੰਗਾਲ ਵਿੱਚ ਵੀ ਆਪਣਾ ...”
(26 ਨਵੰਬਰ 2025)
ਪੰਜਾਬ ਇਸ ਵਕਤ ਅਗਲੀਆਂ ਵਿਧਾਨ ਸਭਾ ਚੋਣਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਕੈਲੰਡਰੀ ਦਿਨਾਂ ਦੇ ਮੁਤਾਬਿਕ ਮਸਾਂ ਸਵਾ ਕੁ ਸਾਲ ਬਾਕੀ ਰਹਿੰਦਾ ਹੈ ਅਤੇ ਉਸ ਸਵਾ ਸਾਲ ਵਿੱਚੋਂ ਅਖੀਰਲੇ ਛੇ ਮਹੀਨੇ ਗਿਣਨ ਵਾਲਾ ਸਮਾਂ ਨਹੀਂ ਹੁੰਦਾ, ਕਿਉਂਕਿ ਉਦੋਂ ਅਫਸਰਸ਼ਾਹੀ ਮੌਕੇ ਦੀ ਸਰਕਾਰ ਦਾ ਹੁਕਮ ਮੰਨਣ ਦੀ ਥਾਂ ਇਹੋ ਜਿਹੇ ਅੰਦਾਜ਼ੇ ਲਾਉਣ ਲੱਗ ਜਾਂਦੀ ਹੈ ਕਿ ਅਜੋਕੀ ਸਰਕਾਰ ਰਹੇਗੀ ਜਾਂ ਇਸਦੀ ਥਾਂ ਕੋਈ ਹੋਰ ਆ ਸਕਦੀ ਹੈ। ਜੇ ਕੋਈ ਹੋਰ ਆ ਸਕਦੀ ਹੈ ਤਾਂ ਕਿਹੜੀ ਆ ਸਕਦੀ ਹੈ! ਅਸੀਂ ਇੱਦਾਂ ਦੇ ਅੰਦਾਜ਼ੇ ਲਾਉਣ ਵਿੱਚ ਬਹੁਤੀ ਰੁਚੀ ਵਿਖਾਉਣੋ ਆਮ ਕਰ ਕੇ ਗੁਰੇਜ਼ ਕਰਦੇ ਹਾਂ ਕਿ ਪੰਜਾਬ ਦੀ ਕਿਸਮਤ ਵਿੱਚ ਅਗਲਾ ਹਾਕਮ ਕੌਣ ਲਿਖਿਆ ਹੈ, ਕਿਉਂਕਿ ਹਾਲਾਤ ਦਾ ਕੋਈ ਪਤਾ ਨਹੀਂ ਹੁੰਦਾ। ਕਈ ਵਾਰੀ ਉਸ ਚੋਣ ਦੇ ਆਖਰੀ ਹਫਤੇ ਦੀ ਪੂਛ ਨਾਲ ਬੱਝੇ ਹੋਏ ਅੰਤਲੇ ਦਿਨਾਂ ਵਿੱਚ ਵੀ ਬਾਜ਼ੀ ਪਲਟਦੀ ਵੇਖੀ ਹੈ। ਇਸ ਲਈ ਅਸੀਂ ਅੱਜ ਦੇ ਹਾਲਾਤ ਦੀ ਤਸਵੀਰ ਹੀ ਪਾਠਕਾਂ ਅੱਗੇ ਪੇਸ਼ ਕਰ ਸਕਦੇ ਹਾਂ ਤੇ ਉਹ ਤਸਵੀਰ ਚੰਗੀ ਨਹੀਂ, ਸਗੋਂ ਇਹ ਕਹਿਣਾ ਪੈਂਦਾ ਹੈ ਕਿ ਸਾਰੇ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਰਾਜ-ਕਾਜ਼ ਦੀ ਤਸਵੀਰ ਚੰਗੀ ਨਹੀਂ ਦਿਸਦੀ। ਜਿਹੜੀ ਬਦ-ਅਮਨੀ ਭਾਰਤ ਦੀ ਹਰ ਨੁੱਕਰ ਵਿੱਚ ਹੈ, ਕਦੀ ਉਸ ਨਾਲੋਂ ਕੁਝ ਵੱਧ ਅਤੇ ਕਦੀ ਉਸ ਨਾਲੋਂ ਥੋੜ੍ਹੀ ਘੱਟ ਪੰਜਾਬ ਵਿੱਚ ਨਜ਼ਰੀਂ ਪੈ ਜਾਂਦੀ ਹੈ ਅਤੇ ਇੰਨੀ ਤੇਜ਼ੀ ਨਾਲ ਪਹਿਲੇ ਜਾਂ ਦੂਸਰੇ ਨੰਬਰ ਵਾਲੇ ਹਾਲਾਤ ਬਦਲਦੇ ਹਨ ਕਿ ਸੋਚਣ ਦਾ ਵਕਤ ਹੀ ਨਹੀਂ ਮਿਲਦਾ। ਅਜਿਹੇ ਸਮੇਂ ਵਿੱਚ ਪੰਜਾਬ ਜਾਂ ਦੇਸ਼ ਦੇ ਸਵਾ ਸਾਲ ਬਾਅਦ ਦੇ ਨਕਸ਼ ਉਲੀਕਣ ਦੀ ਥਾਂ ਅਜੋਕੇ ਵਕਤ ਬਾਰੇ ਕੁਝ ਕਹਿਣਾ ਜ਼ਿਆਦਾ ਠੀਕ ਲਗਦਾ ਹੈ।
ਇਸ ਵੇਲੇ ਜਦੋਂ ਮਸਾਂ ਸਵਾ ਸਾਲ ਅਗਲੀ ਵਿਧਾਨ ਸਭਾ ਚੋਣ ਨੂੰ ਬਾਕੀ ਰਹਿੰਦਾ ਹੈ, ਜਿਹੜੀਆਂ ਗੱਲਾਂ ਚਰਚਾ ਦਾ ਵਿਸ਼ਾ ਬਣਦੀਆਂ ਹਨ, ਉਨ੍ਹਾਂ ਵਿੱਚ ਇਹ ਮੁੱਦਾ ਕਿਤੇ ਨਹੀਂ ਲੱਭਦਾ ਕਿ ਦੇਸ਼ ਨੇ ਆਜ਼ਾਦੀ ਪਿੱਛੋਂ ਜਿਹੜਾ ਲੋਕਤੰਤਰੀ ਰਾਹ ਚੁਣਿਆ ਸੀ, ਉਸ ਉੱਤੇ ਭਾਰਤ ਕਿੰਨਾ ਕੁ ਚੱਲ ਸਕਿਆ ਤੇ ਲੋਕਤੰਤਰ ਕਿੰਨਾ ਮਜ਼ਬੂਤ ਜਾਂ ਕਮਜ਼ੋਰ ਹੋਇਆ ਹੈ! ਬਹੁਤ ਸਾਰੇ ਸਿਆਸੀ ਵਿਸ਼ਲੇਸ਼ਣਕਾਰ ਇਹ ਗਿਣਤੀਆਂ ਕਰਨ ਉੱਤੇ ਜ਼ੋਰ ਦੇਈ ਜਾਂਦੇ ਹਨ ਕਿ ਬਿਹਾਰ ਵਿੱਚ ਕਿਹੜੀਆਂ ਗੱਲਾਂ ਕਾਰਨ ਵਿਰੋਧੀ ਧਿਰ ਜਿੱਤਣ ਦੇ ਦਾਅਵੇ ਕਰਦੀ ਅੱਗੇ ਨਾਲੋਂ ਕਮਜ਼ੋਰ ਹੋ ਗਈ ਅਤੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਉੱਤੇ ਰਾਜ ਕਰਦਾ ਗੱਠਜੋੜ ਕਿਹੜੀਆਂ ਗੱਲਾਂ ਕਾਰਨ ਹੋਰ ਮਜ਼ਬੂਤ ਹੋ ਗਿਆ ਹੈ! ਇਹ ਗੱਲ ਵਿਚਾਰ ਦਾ ਵਿਸ਼ਾ ਹੀ ਨਹੀਂ ਬਣਦੀ ਦਿਖਾਈ ਦਿੰਦੀ ਕਿ ਲੋਕਤੰਤਰ ਜਦੋਂ ਆਪਣੀ ਲੀਹ ਤੋਂ ਲੱਥ ਜਾਵੇ ਤਾਂ ਜਿਸ ਆਗੂ ਹੱਥ ਦੇਸ਼ ਦੀ ਕਮਾਨ ਹੋਵੇ, ਉਹ ਆਪਣੀ ਸੱਤਾ ਸਿਰਫ ਮਜ਼ਬੂਤ ਨਹੀਂ, ਸਦੀਵੀ ਕਰਨ ਰੁੱਝ ਸਕਦਾ ਹੈ। ਕਮਿਊਨਿਸਟਾਂ ਦਾ ਰਾਜ ਸਮੇਟੇ ਜਾਣ ਮਗਰੋਂ ਰੂਸ ਨੇ ਲੋਕਤੰਤਰੀ ਰਾਹ ਉੱਤੇ ਚੱਲਣ ਬਾਰੇ ਐਲਾਨ ਕੀਤਾ ਸੀ, ਪਰ ਚੋਖਾ ਸਮਾਂ ਇੱਕੋ ਪਾਰਟੀ ਹੇਠ ਰਾਜ ਚੱਲਦਾ ਰਹਿਣ ਨਾਲ ਲੋਕਾਂ ਦੀ ਮਾਨਸਿਕਤਾ ਇੱਦਾਂ ਦੀ ਬਣਦੀ ਗਈ ਹੈ ਕਿ ਉਹ ਇੱਕੋ ਪਾਰਟੀ ਦਾ ਰਾਜ ਖਤਮ ਹੋਣ ਮਗਰੋਂ ਇੱਕੋ ਵਿਅਕਤੀ ਨੂੰ ਰਾਜਾ ਕਹੇ ਬਗੈਰ ਰਾਜਿਆਂ ਵਾਂਗ ਉਸਦੀ ਸਰਦਾਰੀ ਪ੍ਰਵਾਨ ਕਰੀ ਜਾ ਰਹੇ ਹਨ। ਫਰਕ ਕਿਹੜਾ ਪਿਆ ਹੈ, ਉਦੋਂ ਵਿਚਾਰਧਾਰਾ ਦੇ ਨਾਂਅ ਹੇਠ ਸਿਰਫ ਇੱਕ ਪਾਰਟੀ ਦਾ ਰਾਜ ਚੱਲਦਾ ਪਿਆ ਸੀ, ਜਿਸਦੇ ਵਿਰੁੱਧ ਸਾਰੀ ਦੁਨੀਆ ਦੀ ਸਰਮਾਏਦਾਰੀ ਦੇ ਢੰਡੋਰਚੀ ਆਪਸੀ ਏਕਤਾ, ਕਦੀ ਐਲਾਨੀ ਅਤੇ ਕਦੀ ਅਣ-ਐਲਾਨੀ ਏਕਤਾ ਨਾਲ ਹਰ ਮੋੜ ਉੱਤੇ ਆਢਾ ਲਾ ਰੱਖਦੇ ਸਨ ਤੇ ਸਮਾਂ ਬਦਲਣ ਪਿੱਛੋਂ ਇੱਕੋ ਵਿਅਕਤੀ ਦੇ ਰਾਜ ਵਿਰੁੱਧ ਇਹੋ ਕੁਝ ਹੋਈ ਜਾਂਦਾ ਹੈ। ਸੰਸਾਰ ਦੇ ਬਾਕੀ ਲੋਕਾਂ ਅਤੇ ਉਨ੍ਹਾਂ ਉੱਤੇ ਰਾਜ ਕਰਨ ਵਾਲਿਆਂ ਦੀ ਮਾਨਸਿਕਤਾ ਉੱਤੇ ਇਹ ਅਸਰ ਹੋਣਾ ਚਾਹੀਦਾ ਸੀ ਕਿ ਇੱਕ ਹੀ ਵਿਅਕਤੀ ਹੱਥ ਤਾਕਤ ਚੰਗੀ ਨਹੀਂ, ਪਰ ਸਗੋਂ ਅਮਰੀਕਾ ਤਕ ਇਸਦੇ ਉਲਟ ਮਾਨਸਿਕਤਾ ਪੁੱਜਣ ਲੱਗੀ ਅਤੇ ਅਜੋਕੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਮਨ ਵਿੱਚ ਸਦੀਵੀ ਸੱਤਾ ਮਾਣਨ ਦਾ ਸੁਪਨਾ ਝਲਕ ਰਿਹਾ ਹੈ। ਉਹ ਆਪਣੇ ਦੇਸ਼ ਵਿੱਚ ਸਿਰਫ ਦੋ ਵਾਰ ਰਾਸ਼ਟਰਪਤੀ ਬਣ ਸਕਣ ਦੀ ਵਿਵਸਥਾ ਦਾ ਸਿੱਧਾ ਵਿਰੋਧ ਕਰੀ ਜਾਂਦਾ ਹੈ।
ਇਹ ਕਹਿਣ ਵਿੱਚ ਝਿਜਕ ਨਹੀਂ ਕਿ ਲੰਮਾ ਸਮਾਂ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਦੁਨੀਆ ਦੇ ਰਾਜ ਪ੍ਰਬੰਧਾਂ ਦੀ ਹਰ ਹੋਰ ਵੰਨਗੀ ਦੇ ਮੁਕਾਬਲੇ ਕਮਿਊਨਿਸਟ ਅਗਵਾਈ ਵਾਲਾ ਰਾਜ ਵੱਧ ਚੰਗਾ ਜਾਪਦਾ ਰਿਹਾ ਤੇ ਕਾਰਨ ਇਸਦਾ ਇਹ ਸੀ ਕਿ ਉਸ ਰਾਜ ਵਿੱਚ ਹਰ ਕੋਈ ਬਰਾਬਰ ਮੰਨਿਆ ਜਾਣ ਦੀ ਗੱਲ ਸੀ। ਇੰਦਰਾ ਗਾਂਧੀ ਦੇ ਸਮੇਂ ਰੂਸ ਦੀ ਕਮਿਊਨਿਸਟ ਹਕੂਮਤ ਨਾਲ ਭਾਰਤ ਸਰਕਾਰ ਦੇ ਚੰਗੇ ਸੰਬੰਧਾਂ ਵਿੱਚੋਂ ਕਈ ਸੱਜਣ ਭਾਰਤ ਵਿੱਚ ਉਸੇ ਵਰਗੇ ਰਾਜ ਦੇ ਸੁਪਨੇ ਨੂੰ ਅੱਗੇ ਵਧਦਾ ਦੇਖਦੇ ਹੁੰਦੇ ਸਨ ਅਤੇ ਜਦੋਂ ਉਸ ਦੇਸ਼ ਵਿੱਚ ਉਹ ਰਾਜ ਨਹੀਂ ਰਿਹਾ ਤਾਂ ਕਹਿੰਦੇ ਹੁੰਦੇ ਸਨ ਕਿ ਭਾਰਤ ਅਤੇ ਰੂਸ ਦੇ ਉਹੋ ਜਿਹੇ ਰਿਸ਼ਤੇ ਵੀ ਨਹੀਂ ਰਹਿ ਸਕਣੇ। ਦੋਵੇਂ ਗੱਲਾਂ ਅਮਲ ਵਿੱਚ ਠੀਕ ਸਾਬਤ ਨਹੀਂ ਹੋਈਆਂ ਜਾਪਦੀਆਂ। ਜਦੋਂ ਕਦੀ ਭਾਰਤ ਦੀ ਕਮਿਊਨਿਸਟ ਲਹਿਰ ਥੋੜ੍ਹੀ ਮਜ਼ਬੂਤ ਹੁੰਦੀ ਲਗਦੀ ਸੀ, ਸੰਜੇ ਗਾਂਧੀ ਵਾਲੀ ਜੁੰਡੀ ਵਾਂਗ ਕੋਈ ਨਾ ਕੋਈ ਢਾਣੀ ਅਚਾਨਕ ਅੱਗੇ ਆਉਂਦੀ ਅਤੇ ਕਮਿਊਨਿਸਟਾਂ ਦੇ ਖਿਲਾਫ ਜ਼ਹਿਰ ਉਗਲੱਛਣ ਦੀ ਖੇਡ ਸ਼ੁਰੂ ਕਰ ਦਿੰਦੀ ਤੇ ਕਮਿਊਨਿਸਟ ਆਪਣਾ ਕੰਮ ਕਰਨ ਦੀ ਬਜਾਏ ਉਨ੍ਹਾਂ ਦੇ ਜਵਾਬ ਦੇਣ ਰੁੱਝੇ ਰਹਿੰਦੇ ਸਨ। ਦੂਸਰੀ ਗੱਲ ਇਹ ਕਿ ਕਮਿਊਨਿਸਟ ਰਾਜ ਤੋਂ ਬਾਅਦ ਰੂਸ ਨਾਲ ਭਾਰਤ ਦੇ ਰਿਸ਼ਤੇ ਉਹੋ ਜਿਹੇ ਨਹੀਂ ਰਹਿ ਸਕਣੇ, ਇਹ ਧਾਰਨਾ ਵੀ ਸਮੇਂ ਨੇ ਗਲਤ ਸਾਬਤ ਕਰ ਦਿੱਤੀ ਹੈ। ਅੱਜ ਦੀ ਨਰਿੰਦਰ ਮੋਦੀ ਸਰਕਾਰ ਵੀ ਰੂਸ ਨਾਲ ਸੰਬੰਧ ਤੋੜਨ ਦਾ ਸੁਪਨਾ ਲੈਣ ਦਾ ਕਦੇ ਕੋਈ ਸੰਕੇਤ ਨਹੀਂ ਦੇਂਦੀ, ਬਲਕਿ ਉਸਦੀ ਦੋਸਤੀ ਨੂੰ ਯੁੱਗਾਂ ਪੁਰਾਣੀ ਕਹਿ ਕੇ ਵਡਿਆਇਆ ਜਾਂਦਾ ਹੈ ਤੇ ਯੁੱਗਾਂ ਵਾਲੀ ਇਹ ਗੱਲ ਕਰਦੇ ਸਮੇਂ ਰੂਸ ਵਿੱਚ ਕਮਿਊਨਿਸਟ ਅਗਵਾਈ ਵਾਲੇ ਪੌਣੀ ਸਦੀ ਦੇ ਰਾਜ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ। ਭਾਰਤ ਦੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਇਹ ਦੁਵੱਲੇ ਸੰਬੰਧ ਸੁਹਿਰਦਤਾ ਕਾਰਨ ਨਹੀਂ, ਹਾਲਾਤ ਦੀ ਮਜਬੂਰੀ ਦੇ ਕਾਰਨ ਜਾਰੀ ਹਨ। ਇਸ ਵੇਲੇ ਸੰਸਾਰ ਦੀ ਇਕਲੌਤੀ ਮਹਾਂਸ਼ਕਤੀ ਕਹੇ ਜਾਂਦੇ ਅਮਰੀਕਾ ਦੀ ਹਕੂਮਤ ਜਦੋਂ ਦੁਨੀਆ ਨੂੰ ਆਪਣੇ ਇਸ਼ਾਰਿਆਂ ਉੱਤੇ ਨੱਚਦਾ ਦੇਖਣ ਦੀ ਚਾਹਵਾਨ ਹੈ, ਭਾਰਤ ਸਮੇਤ ਕਈ ਦੇਸ਼ਾਂ ਦੀ ਮਜਬੂਰੀ ਹੈ ਕਿ ਅਮਰੀਕੀ ਚੜ੍ਹਤਲ ਮੋਹਰੇ ਟਿਕੇ ਰਹਿਣ ਲਈ ਕਿਸੇ ਬਦਲਵੀਂ ਤਾਕਤ ਨਾਲ ਲੋੜ ਜੋਗਾ ਅੱਖ-ਮਟੱਕਾ ਰੱਖੀ ਜਾਣ ਅਤੇ ਉਹ ਰੂਸ ਨਾਲ ਰੱਖੀ ਜਾਂਦੇ ਹਨ।
ਅਮਰੀਕੀ ਚੜ੍ਹਤਲ ਅੱਗੇ ਸਪੀਡ ਬਰੇਕਰ ਖੜ੍ਹਾ ਰੱਖਣ ਦੀ ਇਸੇ ਇੱਛਾ ਨੇ ‘ਬਰਿਕਸ’, ਜਿਹੜਾ ਭਾਰਤ, ਰੂਸ ਤੇ ਚੀਨ ਦੇ ਗੱਠਜੋੜ ‘ਆਰ ਆਈ ਸੀ-ਰਿੱਕ’ ਤੋਂ ਚੱਲਿਆ ਅਤੇ ਬਰਾਜ਼ੀਲ ਦੀ ‘ਬੀ’ ਮੋਹਰੇ ਲਾ ਕੇ ਬਰਿੱਕ ਬਣ ਜਾਣ ਪਿੱਛੋਂ ਇਸ ਪਿੱਛੇ ਸਾਊਥ ਅਫਰੀਕਾ ਦਾ ‘ਐੱਸ’ ਜੋੜ ਕੇ ਬਰਿਕਸ ਬਣਿਆ ਹੈ, ਲਗਤਾਰ ਮਜ਼ਬੂਤ ਹੁੰਦਾ ਜਾਂਦਾ ਹੈ। ਸੰਸਾਰ ਦੇ ਦੇਸ਼ ਅੱਗੜ-ਪਿੱਛੜ ਜਿਸ ਤਰ੍ਹਾਂ ਇਸ ਨਾਲ ਜੁੜੀ ਜਾਂਦੇ ਹਨ, ਉਸ ਨਾਲ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਸ ਵੇਲੇ ਬਹੁਤ ਦੁਖੀ ਹਨ ਤੇ ਇਸ ਨੂੰ ਰੋਕਣ ਲਈ ਹਰ ਵਸੀਲਾ ਵਰਤ ਰਹੇ ਹਨ। ਭਾਰਤ ਦੇ ਰੂਸ ਨਾਲ ਸੰਬੰਧਾਂ ਦੀ ਸਥਿਤੀ ਇਸ ਗੱਠਜੋੜ ਨਾਲ ਪੈਦਾ ਹੋ ਚੁੱਕੇ ਹਾਲਾਤ ਤੋਂ ਪਤਾ ਲਗਦੀ ਹੈ, ਪਰ ਇਸ ਤੋਂ ਭਾਰਤ ਦੇ ਅਜੋਕੇ ਸੱਤਾਧਾਰੀਆਂ ਅੰਦਰ ਆਪਣੇ ਆਗੂ ਨਰਿੰਦਰ ਮੋਦੀ ਦੀ ਸਦੀਵੀ ਸੱਤਾ ਲਈ ਬਹਾਨੇ ਵਰਤਣ ਦਾ ਪੜੁੱਲ ਵੀ ਪੱਕਾ ਹੁੰਦਾ ਹੈ। ਅੱਜ ਦੀ ਚੀਨ ਦੀ ਕਮਿਊਨਿਸਟ ਹਕੂਮਤ ਦੇ ਮੁਖੀ ਦਾ ਲਗਾਤਾਰ ਸੱਤਾ ਵਿੱਚ ਰਹਿਣਾ ਵੀ ਉਹ ਬਹਾਨੇ ਵਜੋਂ ਵਰਤਦੇ ਹਨ। ਭਾਰਤ ਦੀ ਅੱਜ ਦੀ ਰਾਜਨੀਤਕ ਹਾਲਤ ਵਿੱਚ ਵਿਰੋਧੀ ਧਿਰਾਂ ਦਾ ਕਮਜ਼ੋਰ ਹੋਣਾ ਤੇ ਆਪੋ-ਵਿੱਚ ਭਿੜਦੇ ਰਹਿਣਾ ਉਨ੍ਹਾਂ ਦੀ ਮਦਦ ਕਰਦਾ ਹੈ, ਸ਼ਾਇਦ ਵਿਰੋਧੀਆਂ ਦੇ ਭਿੜਦੇ ਰਹਿਣ ਦੇ ਹਾਲਾਤ ਪੈਦਾ ਕਰਨ ਲਈ ਕੇਂਦਰੀ ਹਾਕਮ ਜ਼ੋਰ ਵੀ ਲਾਉਂਦੇ ਹੋਣਗੇ।
ਜਦੋਂ ਅਸੀਂ ਸਵਾ ਸਾਲ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਬਾਰੇ ਚਰਚਾ ਕਰਦੇ ਹਾਂ ਤਾਂ ਇਹ ਦਲੀਲ ਲਗਭਗ ਹਰ ਬੈਠਕ ਜਾਂ ਵਿਚਾਰ ਸਭਾ ਵਿੱਚ ਆ ਜਾਂਦੀ ਹੈ ਕਿ ਇਸ ਵਾਰੀ ਭਾਜਪਾ ਨੇ ਇੱਥੋਂ ਦੀ ਸੱਤਾ ਸੰਭਾਲਣ ਦੀ ਹਰ ਕੋਸ਼ਿਸ਼ ਕਰਨੀ ਹੈ, ਜਿਸ ਲਈ ਗੱਠਜੋੜ ਹੋ ਸਕਦੇ ਹਨ ਅਤੇ ਜੋੜ-ਤੋੜ ਦੀ ਰਾਜਨੀਤੀ ਵੀ। ਅਕਾਲੀ ਦਲ ਨਾਲ ਗੱਠਜੋੜ ਦੀ ਗੱਲ ਭਾਜਪਾ ਆਗੂ ਵੀ ਰੱਦ ਕਰਦੇ ਹਨ, ਅਕਾਲੀ ਆਗੂ ਅਤੇ ਵਰਕਰ ਵੀ, ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਨਸਿਕਤਾ ਸਾਫ ਝਲਕ ਰਹੀ ਹੈ ਕਿ ਉਹ ਆਪਣੀ ਹੈਸੀਅਤ ਇੱਦਾਂ ਦਾ ਗੱਠਜੋੜ ਕਰਨ ਜੋਗੀ ਬਣਾ ਕੇ ਭਾਜਪਾ ਨਾਲ ਗੱਲ ਛੇੜਨਾ ਚਾਹੁੰਦਾ ਹੈ, ਤਾਂ ਕਿ ਸੀਟ-ਵੰਡ ਲਈ ਬਹੁਤਾ ਥੱਲੇ ਨਾ ਲੱਗਣਾ ਪਵੇ। ਬਹੁਤਾ ਥੱਲੇ ਨਾ ਲੱਗਣਾ ਹੋਰ ਗੱਲ ਹੋ ਸਕਦੀ ਹੈ, ਪਰ ਇਹ ਗੱਲ ਹਰ ਕੋਈ ਮੰਨਦਾ ਹੈ ਕਿ ਜੇ ਕੋਈ ਸਮਝੌਤੇ ਦਾ ਸਬੱਬ ਬਣਿਆ ਤਾਂ ਹੋਰ ਜੋ ਵੀ ਹੁੰਦਾ ਰਹੇ, ਅਕਾਲੀ ਦਲ ਨੂੰ ਪਹਿਲਾਂ ਵਾਂਗ ਪੰਜਾਬ ਦੀਆਂ ਇੱਕ ਸੌ ਸਤਾਰਾਂ ਵਿੱਚੋਂ ਚੁਰਾਨਵੇਂ ਸੀਟਾਂ ਦੇਣ ਦੀ ਗੱਲ ਭਾਜਪਾ ਨੇ ਕਦੇ ਨਹੀਂ ਸੁਣਨੀ, ਇਨ੍ਹਾਂ ਨੂੰ ਅੱਧ ਤੋਂ ਹੇਠਾਂ ਰੱਖਣ ਦੀ ਗੱਲ ਭਾਜਪਾ ਆਗੂ ਆਮ ਕਹਿੰਦੇ ਹਨ। ਇੱਧਰ ਅਕਾਲੀ ਦਲ ਦੇ ਪ੍ਰਧਾਨ ਲਈ ਇੰਨਾ ਝੁਕਵਾਂ ਸਮਝੌਤਾ ਕਰਨਾ ਵੀ ਸ਼ਰਮ ਦੀ ਗੱਲ ਹੋ ਸਕਦੀ ਹੈ। ਇਸੇ ਲਈ ਪਿਛਲੇ ਸਾਲ ਲੋਕ ਸਭਾ ਚੋਣਾਂ ਮੌਕੇ ਸਮਝੌਤਾ ਨਹੀਂ ਸੀ ਹੋਇਆ, ਕਿਉਂਕਿ ਇਨ੍ਹਾਂ ਨੂੰ ਭਾਜਪਾ ਤੇਰ੍ਹਾਂ ਵਿੱਚੋਂ ਸੱਤ ਸੀਟਾਂ ਦੇਣਾ ਮੰਨਣ ਲਈ ਤਿਆਰ ਸੀ, ਪਰ ਪਹਿਲਾਂ ਦਸ ਸੀਟਾਂ ਲੜਦੇ ਰਹੇ ਅਕਾਲੀ ਦਲ ਨੂੰ ਉਹ ਅੱਠ ਸੀਟਾਂ ਦੇਣ ਨੂੰ ਤਿਆਰ ਨਹੀਂ ਸੀ। ਤਰਨ ਤਾਰਨ ਦੀ ਵਿਧਾਨ ਸਭਾ ਉਪ ਚੋਣ ਵਿੱਚ ਦੂਸਰੇ ਨੰਬਰ ਉੱਤੇ ਆ ਜਾਣ ਨੂੰ ਅਕਾਲੀ ਦਲ ਦਾ ਪ੍ਰਧਾਨ ਇਸੇ ਲਈ ਆਪਣੀ ਪਾਰਟੀ ਦੀ ਹੱਦੋਂ ਬਾਹਰੀ ਪ੍ਰਾਪਤੀ ਅਤੇ ਸਿੱਖਾਂ ਦੀ ਇੱਕੋ ਪ੍ਰਵਾਨਤ ਪਾਰਟੀ ਵਜੋਂ ਪੇਸ਼ ਕਰਨ ਵਾਸਤੇ ਇਸੇ ਕਾਰਨ ਜੁਟ ਗਿਆ ਹੈ।
ਦੂਸਰਾ ਪੱਖ ਇਹ ਹੈ ਕਿ ਬਥੇਰੇ ਲੋਕ ਮੰਨਦੇ ਹਨ ਕਿ ਅਗਲੀ ਵਾਰ ਭਾਜਪਾ ਲੀਡਰਸ਼ਿੱਪ ਪੱਛਮੀ ਬੰਗਾਲ ਵਿੱਚ ਵੀ ਆਪਣਾ ਝੰਡਾ ਝੁਲਾਉਣ ਲਈ ਲਾਮਬੰਦੀ ਕਰ ਰਹੀ ਹੈ ਅਤੇ ਕੇਰਲਾ, ਤਾਮਿਲ ਨਾਢੂ ਅਤੇ ਪੰਜਾਬ ਦਾ ਰਾਜ ਸਾਂਭਣ ਤਕ ਨਾ ਵੀ ਜਾਵੇ, ਇਨ੍ਹਾਂ ਵਿੱਚ ਦੂਸਰੇ ਨੰਬਰ ਉੱਤੇ ਪੁੱਜਣ ਦਾ ਤਾਣ ਲਾ ਰਹੀ ਹੈ। ਉਹ ਲੋਕ ਇਸ ਹੱਦ ਤਕ ਸੋਚਣ ਦੇ ਬਾਅਦ ਅਗਲੀ ਗੱਲ ਉੱਤੇ ਅੜ ਜਾਂਦੇ ਹਨ ਕਿ ਭਾਜਪਾ ਦੀ ਇਸ ਚੜ੍ਹਤਲ ਨੂੰ ਰੋਕਣ ਲਈ ਅਗਵਾਈ ਕੌਣ ਕਰ ਸਕਦਾ ਹੈ ਅਤੇ ਇੰਨੇ ਜੋਗਾ ਕੋਈ ਹੈ ਵੀ ਜਾਂ ਨਹੀਂ, ਕਿਉਂਕਿ ਇੱਦਾਂ ਸੋਚਣ ਵਾਲੇ ਸਾਰੇ ਸੱਜਣਾਂ ਦੀ ਕਿਸੇ ਨਾ ਕਿਸੇ ਨਾਲ ਆਪਣੀ ਸਾਂਝ ਦੇ ਕਾਰਨ ਉਹ ਦੂਸਰਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਕਾਂਗਰਸ ਆਗੂਆਂ ਦੀ ਪੈਸੇ ਦੀ ਭੁੱਖ ਅਤੇ ਖਹਿਬਾਜ਼ੀ ਦਾ ਸਿੱਟਾ ਸੀ ਕਿ ਉਨ੍ਹਾਂ ਕੋਲੋਂ ਇੱਕ ਪਿੱਛੋਂ ਦੂਸਰਾ ਰਾਜ ਖੁੱਸਦੇ ਗਏ ਤੇ ਪੰਜਾਬ ਵਰਗੇ ਰਾਜਾਂ ਵਿੱਚ, ਜਿੱਥੇ ਉਹ ਸੱਤਾਧਾਰੀ ਧਿਰ ਦੇ ਮੁਕਾਬਲੇ ਬਹੁਤ ਕਮਜ਼ੋਰ ਹਨ, ਉੱਥੇ ਵੀ ਆਪਸ ਵਿੱਚ ਪੱਗੋ-ਹੱਥੀ ਹੋਣ ਤਕ ਜਾਂਦੇ ਹਨ। ਕੇਂਦਰ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੁੰਦਿਆਂ ਵੀ ਕਾਂਗਰਸ ਦੀ ਕਮਜ਼ੋਰੀ ਹੈ ਕਿ ਇਸਦਾ ਕੋਈ ਸੈਮ ਪਿਤੋਰਦਾ, ਸ਼ਸ਼ੀ ਥਰੂਰ ਜਾਂ ਮਣੀ ਸ਼ੰਕਰ ਅਈਅਰ ਇੱਦਾਂ ਦੀ ਤਾਨ ਛੇੜ ਦਿੰਦੇ ਹਨ ਕਿ ਪਾਰਟੀ ਦਾ ਨੁਕਸਾਨ ਹੋਣ ਲਗਦਾ ਹੈ ਅਤੇ ਪੰਜਾਬ ਦੇ ਕਾਂਗਰਸੀ ਵੀ ਇਹੋ ਕੁਝ ਕਰਨ ਲਈ ਰੁੱਝੇ ਰਹਿੰਦੇ ਹਨ। ਇੱਥੇ ਇਹ ਗੱਲ ਆਮ ਚਲਦੀ ਸੁਣਦੀ ਹੈ ਕਿ ‘ਨੌਂ ਸਿਪਾਹੀ, ਤੇਰਾਂ ਹਵਾਲਦਾਰ’ ਦੇ ਮੁਹਾਵਰੇ ਵਾਂਗ ਪੰਜਾਬ ਦੀ ਕਾਂਗਰਸ ਵਿੱਚ ‘ਚਾਰ ਆਗੂ ਅਤੇ ਅੱਠ ਮੁੱਖ ਮੰਤਰੀ ਦੇ ਦਾਅਵੇਦਾਰ’ ਫਿਰਦੇ ਹਨ। ਕੇਂਦਰ ਵਿੱਚ ਭਾਜਪਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਸੈਨਤ ਮਿਲਾ ਕੇ ਚੱਲਦੇ ਏਜੰਟ ਇਸ ਮਾਹੌਲ ਵਿੱਚ ਕਾਂਗਰਸ ਦੇ ਮੋਹਰਲੇ ਆਗੂਆਂ ਵਿੱਚੋਂ ਹਰ ਇੱਕ ਕੋਲ ਇਹ ਗੱਲ ਕਹੀ ਜਾਂਦੇ ਹਨ ਕਿ ਅਗਲੀ ਵਾਰੀ ਚਾਂਸ ਸਿਰਫ ਤੇਰਾ ਹੈ ਤੇ ਤੇਰੇ ਪਿੱਛੇ ਪੈਸਾ ਖਰਚਣ ਵਾਲੇ ਬੰਦੇ ਮੇਰੇ ਕੋਲ ਹਨ। ਇੱਦਾਂ ਦੇ ਪਰਾਉਂਠੇ ਜਿਸ ਵੀ ਕਾਂਗਰਸੀ ਆਗੂ ਦੀ ਥਾਲੀ ਵਿੱਚ ਪਰੋਸੇ ਜਾਂਦੇ ਹਨ, ਉਹ ਫਿਰ ਕੁਰਸੀ ਦੇ ਸੁਪਨੇ ਸਿਰੇ ਚਾੜ੍ਹਨ ਲਈ ਫਾਵਾ ਹੋ ਕੇ ਬਾਕੀ ਸਭ ਕੁਝ ਭੁੱਲ ਜਾਂਦਾ ਹੈ।
ਰਹਿ ਗਈ ਪੰਜਾਬ ਵਿੱਚ ਰਾਜ ਕਰਦੀ ਪਾਰਟੀ ਦੀ ਸਥਿਤੀ, ਉਸ ਬਾਰੇ ਇੰਨਾ ਕਹਿ ਲਿਆ ਜਾਵੇ ਤਾਂ ਕਾਫੀ ਹੈ ਕਿ ਉਸ ਨਾਲ ਜੁੜੇ ਹੋਏ ਲੋਕ ਉਸਦਾ ਇੰਨਾ ਨੁਕਸਾਨ ਕਰੀ ਜਾ ਰਹੇ ਹਨ, ਜਿੰਨਾ ਉਨ੍ਹਾਂ ਦੇ ਵਿਰੋਧੀ ਨਹੀਂ ਕਰ ਸਕਦੇ। ਇਸ ਪਾਰਟੀ ਦੇ ਆਪਣੇ ਅੰਦਰ ਬਣਦੀਆਂ-ਟੁੱਟਦੀਆਂ ਗੁੱਟਬੰਦੀਆਂ ਓਨੀਆਂ ਭਾਰੂ ਨਹੀਂ, ਜਿੰਨਾ ਇਸ ਪਾਰਟੀ ਅੰਦਰ ਜੜ੍ਹਾਂ ਜਮਾਈ ਜਾਂਦੀ ਭ੍ਰਿਸ਼ਟਾਚਾਰ ਦੀ ਸਿਉਂਕ ਤੋਂ ਇਸ ਨੂੰ ਖਤਰਾ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਇਸ ਤੋਂ ਅਣਜਾਣ ਤਾਂ ਹੋ ਨਹੀਂ ਸਕਦੀ, ਪਰ ਇਸ ਨੂੰ ਰੋਕਣ ਨੂੰ ਹਾਲੇ ਕੁਝ ਨਹੀਂ ਹੋ ਰਿਹਾ। ਸਮਾਂ ਉਨ੍ਹਾਂ ਹੱਥੋਂ ਦਿਨੋ-ਦਿਨ ਨਿਕਲਦਾ ਜਾਂਦਾ ਹੈ। ਸਥਿਤੀ ਦਾ ਅੱਜ ਦੀ ਘੜੀ ਦਾ ਸਾਰ ਇਹੋ ਹੈ, ਪਰ ਅਗੇਤੇ ਅੰਦਾਜ਼ੇ ਲਾਏ ਜਾਣ ਦਾ ਵਕਤ ਹਾਲੇ ਬਿਲਕੁਲ ਨਹੀਂ ਆਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (