“ਨੀਤੀਆਂ ਦਾ ਕੋਈ ਸੰਤੁਲਨ ਰੱਖਣ ਲਈ ਭਾਰਤ ਨੇ ਜੇ ਭਵਿੱਖ ਵਿੱਚ ਵੀ ਸਮਝਦਾਰੀ ਨਾ ਵਿਖਾਈ ...”
(7 ਅਗਸਤ 2025)
ਹਾਲਾਤ ਕੋਈ ਹੋਣ ਅਤੇ ਦੇਸ਼ ਕੋਈ ਹੋਵੇ, ਅੱਤ ਦੀਆਂ ਕੁੜੱਤਣਾਂ ਦੇ ਦੌਰ ਵਿੱਚ ਵੀ ਅਸੀਂ ਇਸ ਗੱਲ ਨਾਲ ਕਦੀ ਸਹਿਮਤ ਨਹੀਂ ਹੋ ਸਕੇ ਕਿ ਫਲਾਣੇ ਦੇਸ਼ ਨਾਲ ਪੱਕੇ ਤੌਰ ਉੱਤੇ ਸੰਬੰਧ ਤੋੜ ਲੈਣੇ ਚਾਹੀਦੇ ਹਨ। ਜਿੰਨੀ ਕੁੜੱਤਣ ਦਾ ਦੌਰ ਪਾਕਿਸਤਾਨ ਨਾਲ ਰਿਹਾ ਅਤੇ ਅੱਜ ਤਕ ਚੱਲਦਾ ਆਉਂਦਾ ਹੈ, ਉਸ ਤੋਂ ਵੱਧ ਕੁੜੱਤਣ ਦਾ ਅਹਿਸਾਸ ਤਾਂ ਚੀਨ ਵਰਗੇ ਦੇਸ਼ ਬਾਰੇ ਵੀ ਲੋਕਾਂ ਦੇ ਮਨ ਵਿੱਚ ਨਹੀਂ ਹੋਣਾ, ਪਰ ਅਸੀਂ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਪੱਕੇ ਤੋੜ-ਵਿਛੋੜੇ ਦੀ ਥਾਂ ਵੇਲੇ ਮੁਤਾਬਕ ਨੀਤੀ ਰੱਖਣ ਦੀ ਗੱਲ ਕਹਿੰਦੇ ਆਏ ਹਾਂ। ਇਸ ਲਈ ਅਮਰੀਕਾ ਵਰਗੇ ਮਹਾਂ-ਸ਼ਕਤੀ ਮੰਨੇ ਜਾਂਦੇ ਦੇਸ਼ ਬਾਰੇ ਵੀ ਇਹ ਤਾਂ ਨਹੀਂ ਕਹਿੰਦੇ ਕਿ ਉਸ ਨਾਲ ਕੋਈ ਨੇੜ ਹੋਣਾ ਹੀ ਨਹੀਂ ਚਾਹੀਦਾ, ਪਰ ਇਹ ਕਹਿਣ ਦੀ ਕੋਈ ਝਿਜਕ ਨਹੀਂ ਚਾਹੀਦੀ ਕਿ ਉਸ ਦੇਸ਼ ਦੇ ਪੈਂਤੜਿਆਂ ਤੋਂ ਭਾਰਤ ਨੂੰ ਚੌਕਸ ਹੋਣਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਭਾਰਤ ਨੇ ਅਮਰੀਕਾ ਵੱਲ ਵੱਧ ਉਲਾਰ ਹੋਣ ਅਤੇ ਉਸ ਨਾਲ ਸਾਂਝ ਦੇ ਭਰਮ ਹੇਠ ਪੁਰਾਣੇ-ਪਰਖੇ ਹੋਏ ਮਿੱਤਰ ਦੇਸ਼ ਤੋਂ ਦੂਰੀ ਪਾਉਣ ਦਾ ਜਿਹੜਾ ਵਿਹਾਰ ਸ਼ੁਰੂ ਕੀਤਾ ਸੀ, ਉਸਦੇ ਗਲਤ ਸਿੱਟੇ ਨਿਕਲਣੇ ਸਨ ਤੇ ਨਿਕਲੇ ਵੀ ਹਨ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਵਿਰੋਧੀ ਤਾਜ਼ਾ ਪੈਂਤੜਿਆਂ ਨੇ ਇਹ ਸੱਚ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ।
ਮੁਲਕਾਂ ਦੇ ਸੰਬੰਧ ਮੁਲਕਾਂ ਨਾਲ ਹੋਣੇ ਚਾਹੀਦੇ ਹਨ, ਆਗੂ ਕੋਈ ਕਿੰਨਾ ਵੱਡਾ ਵੀ ਹੋਵੇ, ਉਸਦੇ ਨਿੱਜੀ ਪੱਧਰ ਦੇ ਸੰਬੰਧ ਹੰਢਣਸਾਰ ਹੋਣ ਦੀ ਗਰੰਟੀ ਕਦੇ ਨਹੀਂ ਹੋ ਸਕਦੇ। ਕੱਲ੍ਹ-ਕਲੋਤਰ ਨੂੰ ਜਦੋਂ ਦੇਸ਼ ਦਾ ਨੇਤਾ ਬਦਲ ਜਾਵੇ ਤਾਂ ਇੱਦਾਂ ਦੇ ਨਿੱਜੀ ਸੰਬੰਧਾਂ ਦੀ ਨੀਂਹ ਜਿਹੜੇ ਦੇਸ਼ ਨਾਲ ਉਹ ਰੱਖੀ ਫਿਰਦਾ ਹੋਵੇ, ਉਸ ਦੇਸ਼ ਨਾਲ ਨਵੇਂ ਆਗੂ ਦੇ ਉਸ ਤਰ੍ਹਾਂ ਦੇ ਸੰਬੰਧ ਰਹਿਣ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦੇਸ਼ਾਂ ਦੇ ਮੁਖੀਆਂ ਨਾਲ ਨਿੱਜੀ ਸੰਬੰਧ ਹੋਣ ਦੇ ਦਾਅਵੇ ਕੀਤੇ ਅਤੇ ਵੱਡੀਆਂ ਆਸਾਂ ਰੱਖੀਆਂ ਸਨ, ਜਿਹੜੀਆਂ ਬਾਅਦ ਵਿੱਚ ਉੱਥੋਂ ਦੇ ਲੋਕਾਂ ਵੱਲੋਂ ਨਵਾਂ ਆਗੂ ਚੁਣ ਲੈਣ ਉੱਤੇ ਕਾਇਮ ਨਹੀਂ ਰਹਿ ਸਕੀਆਂ। ਅਮਰੀਕਾ ਵਿੱਚ ਵੀ ਇਹੋ ਕੁਝ ਵਾਪਰਿਆ ਅਤੇ ਸਭ ਤੋਂ ਵੱਧ ਉਸ ਡੌਨਲਡ ਟਰੰਪ ਦੇ ਰਾਸ਼ਟਰਪਤੀ ਹੁੰਦਿਆਂ ਵਾਪਰ ਗਿਆ ਹੈ, ਜਿਸਦੇ ਰਾਜ ਦੀ ਪਹਿਲੀ ਵਾਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਜੀ ਸੰਬੰਧ ਇੰਨੇ ਵਧਾ ਲਏ ਸਨ ਕਿ ਉਸਦੀ ਚੋਣ ਵਾਸਤੇ ਉੱਥੇ ਭਾਰਤੀ ਲੋਕਾਂ ਦੀ ਰੈਲੀ ਕਰ ਕੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਛੱਟਾ ਦੇ ਆਏ ਸਨ। ਉਸ ਦੇਸ਼ ਦੇ ਲੋਕਾਂ ਨੇ ਇੱਦਾਂ ਦੇ ਨਾਅਰੇ ਉੱਤੇ ਵੋਟਾਂ ਪਾਉਣ ਦੀ ਥਾਂ ਵਿਰੋਧੀ ਪਾਰਟੀ ਦੇ ਆਗੂ ਜੋ ਬਾਇਡਨ ਨੂੰ ਨਵਾਂ ਰਾਸ਼ਟਰਪਤੀ ਚੁਣ ਲਿਆ ਅਤੇ ਉਸਦਾ ਰਾਜ ਆਉਣ ਪਿੱਛੋਂ ਭਾਰਤ ਨੂੰ ਕੁੜੱਤਣਾਂ ਘਟਾਉਣ ਅਤੇ ਨਵੀਂਆਂ ਸਾਂਝਾਂ ਪਾਉਣ ਨੂੰ ਡੇਢ ਸਾਲ ਲੱਗ ਗਿਆ ਸੀ। ਮੋੜਾ ਪੈਣ ਲੱਗ ਪਿਆ ਤਾਂ ਫਿਰ ਭਾਰਤੀ ਆਗੂ ਉਹਦੇ ਵੱਲ ਉਲਾਰ ਹੋ ਗਏ ਅਤੇ ਸੋਚ ਲਿਆ ਕਿ ਕਦੇ ਰਾਜ ਬਦਲੇਗਾ ਤਾਂ ਦੂਸਰਾ ਕੋਈ ਵੀ ਆ ਜਾਵੇ, ਮੁੜ ਕੇ ਟਰੰਪ ਨਹੀਂ ਆਉਣਾ। ਉੱਧਰ ਝਾਕਣ ਦੀ ਥਾਂ ਡੈਮੋਕਰੇਟਾਂ ਨਾਲ ਸੰਬੰਧ ਵਧਾ ਲਏ, ਪਰ ਅਮਰੀਕੀ ਲੋਕ ਫਿਰ ਭਾਰਤ ਦੀ ਆਸ ਦੇ ਉਲਟ ਡੌਨਲਡ ਟਰੰਪ ਵੱਲ ਭੁਗਤ ਗਏ। ਨਰਿੰਦਰ ਮੋਦੀ ਨਾਲ ਦੋਸਤੀ ਦੇ ਦਾਅਵੇ ਕਰਨ ਵਾਲੇ ਡੌਨਲਡ ਟਰੰਪ ਤੋਂ ਭਾਰਤ ਨੂੰ ਆਸਾਂ ਜੋ ਵੀ ਹੋਣ, ਟਰੰਪ ਨੂੰ ਇਹ ਗੱਲ ਰੜਕਦੀ ਹੋਵੇਗੀ ਕਿ ਚਾਰ ਸਾਲ ਭਾਰਤੀ ਲੀਡਰਸ਼ਿੱਪ ਉਸ ਤੋਂ ਪਾਸਾ ਵੱਟਦੀ ਰਹੀ ਸੀ, ਇਸੇ ਲਈ ਉਹ ਇਸ ਵਾਰ ਪੁਰਾਣੀ ਦੋਸਤੀ ਚੇਤੇ ਕਰਨ ਦੀ ਥਾਂ ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਇਸਦੇ ਖਿਲਾਫ ਵੀ ਟੈਰਿਫ ਲਾਉਣ ਦਾ ਮੋਰਚਾ ਵਿੱਢ ਬੈਠਾ ਹੈ। ਹਾਲਾਤ ਦਿਨੋ-ਦਿਨ ਇਹੋ ਜਿਹੇ ਬਣਦੇ ਗਏ ਕਿ ਭਾਰਤ ਨਾਲੋਂ ਫਾਸਲਾ ਪਾ ਕੇ ਅਮਰੀਕਾ ਵਿੱਚ ਡੌਨਲਡ ਟਰੰਪ ਦੀ ਨਵੀਂ ਸਰਕਾਰ ਅਚਾਨਕ ਪਾਕਿਸਤਾਨ ਦੇ ਨੇੜੇ ਜਾਣ ਲੱਗ ਪਈ ਤੇ ਭਾਰਤ ਇਸ ਤਬਦੀਲੀ ਨੂੰ ਦੇਖਦਾ ਰਹਿ ਗਿਆ ਹੈ।
ਅਮਰੀਕਾ ਹੋਵੇ ਜਾਂ ਕੋਈ ਹੋਰ, ਪਾਕਿਸਤਾਨ ਨਾਲ ਉਸਦੇ ਕਿੱਦਾਂ ਦੇ ਸੰਬੰਧ ਹੋਣ, ਭਾਰਤ ਕੋਈ ਇਤਰਾਜ਼ ਨਹੀਂ ਕਰ ਸਕਦਾ। ਅੰਤਰਰਾਸ਼ਟਰੀ ਹੱਦਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਭਾਰਤ ਰਹੇਗਾ, ਪਰ ਇਹ ਗੱਲ ਦੇਸ਼ ਦੇ ਅੰਦਰ ਆਪਣੇ ਲੋਕਾਂ ਵਿੱਚ ਚਰਚਾ ਦਾ ਮੁੱਦਾ ਬਣੀ ਹੋਈ ਹੈ ਕਿ ਇਹ ਹਾਲਾਤ ਪੈਦਾ ਕਿਹੜੀ ਗੱਲ ਨਾਲ ਹੋਏ ਹਨ! ਪਾਕਿਸਤਾਨ ਦੇ ਬਣਨ ਵੇਲੇ ਤੋਂ ਜਿਹੜਾ ਅਮਰੀਕਾ ਉਸ ਨਾਲ ਖੜੋਂਦਾ ਅਤੇ ਭਾਰਤ ਨੂੰ ਠਿੱਬੀ ਲਾਉਂਦਾ ਰਿਹਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਹ ਉਸ ਦੇਸ਼ ਨਾਲੋਂ ਦੂਰੀ ਪਾ ਕੇ ਭਾਰਤ ਨਾਲ ਖੜ੍ਹਾ ਹੋਣ ਲੱਗ ਪਿਆ, ਪਰ ਅਜੋਕੀ ਭਾਰਤ ਸਰਕਾਰ ਦੇ ਮੁਖੀ ਦੇ ਪੈਂਤੜੇ ਫਿਰ ਅਮਰੀਕਾ ਨੂੰ ਭਾਰਤ ਤੋਂ ਦੂਰ ਧੱਕਣ ਦਾ ਕਾਰਨ ਬਣ ਗਏ। ਅਮਰੀਕਾ ਨੇ ਪਾਕਿਸਤਾਨ ਨਾਲ ਖੜੋਣਾ ਹੈ ਤਾਂ ਖੜ੍ਹਾ ਰਹੇ, ਪਰ ਭਾਰਤ ਦੇ ਖਿਲਾਫ ਟੈਰਿਫ ਲਾਗੂ ਕਰਨ ਦੀ ਸਖਤੀ ਆਦਿ ਗੱਲਾਂ ਸੰਕੇਤ ਦਿੰਦੀਆਂ ਹਨ ਕਿ ਟਰੰਪ ਨੇ ਮੋਦੀ ਸਾਹਿਬ ਨਾਲ ਨਿੱਜੀ ਦੋਸਤੀ ਦਾ ਵਰਕਾ ਪਾੜ ਦਿੱਤਾ ਜਾਪਦਾ ਹੈ। ਇਹ ਆਖਰ ਨੂੰ ਹੋਣਾ ਸੀ, ਕਿਉਂਕਿ ਜਿਹੜੀ ਝਾਕ ਵਿੱਚ ਭਾਰਤ ਸਰਕਾਰ ਨੇ ਇਹ ਨੀਤੀ ਸ਼ੁਰੂ ਕੀਤੀ ਸੀ, ਇਹ ਨਰਿੰਦਰ ਮੋਦੀ ਰਾਜ ਵਿੱਚ ਨਹੀਂ, ਸਗੋਂ ਇਸ ਤੋਂ ਵੀ ਬੜਾ ਪਹਿਲਾਂ ਜਦੋਂ ਇਹ ਨੀਤੀ ਸ਼ੁਰੂ ਹੋਣ ਲੱਗੀ ਤਾਂ ਵਿਦਵਾਨਾਂ ਨੇ ਉਦੋਂ ਵੀ ਕਿਹਾ ਸੀ, ਪਰ ਇਹ ਲੋਕ ਮੰਨੇ ਨਹੀਂ ਸਨ।
ਸਭ ਨੂੰ ਪਤਾ ਹੈ ਕਿ ਆਜ਼ਾਦੀ ਮਿਲਣ ਪਿੱਛੋਂ ਦੇ ਪਹਿਲੇ ਤੀਹ ਸਾਲ ਭਾਰਤ ਅਤੇ ਅਮਰੀਕਾ ਵਿਚਾਲੇ ਫਾਸਲਾ ਬਹੁਤ ਜ਼ਿਆਦਾ ਰਿਹਾ ਸੀ ਅਤੇ ਜਦੋਂ ਹਰ ਔਖੀ ਘੜੀ ਅਮਰੀਕਾ ਹਰ ਥਾਂ ਪਾਕਿਸਤਾਨ ਨਾਲ ਖੜੋਤਾ ਹੁੰਦਾ ਸੀ, ਭਾਰਤ ਦੇ ਨਾਲ ਹਰ ਥਾਂ ਰੂਸ ਖੜ੍ਹਾ ਹੁੰਦਾ ਰਿਹਾ ਸੀ। ਜਨਤਾ ਪਾਰਟੀ ਦੀ ਮੁਰਾਰਜੀ ਡਿਸਾਈ ਸਰਕਾਰ ਜਦੋਂ ਆਈ ਤਾਂ ਵਿਦੇਸ਼ ਮੰਤਰੀ ਦਾ ਅਹੁਦਾ ਸੰਘ ਪਰਿਵਾਰ ਦਾ ਸਿਆਸੀ ਚਿਹਰਾ ਗਿਣੇ ਜਾਂਦੇ ਅਟਲ ਬਿਹਾਰੀ ਵਾਜਪਾਈ ਨੂੰ ਮਿਲਿਆ ਸੀ ਤੇ ਉਨ੍ਹਾਂ ਨੇ ਪਹਿਲੇ ਮਹੀਨੇ ਹੀ ਕਹਿ ਦਿੱਤਾ ਸੀ ਕਿ ਸਾਡੀ ਨੀਤੀ ਰੂਸ ਉੱਤੇ ਕੇਂਦਰਤ ਨਹੀਂ ਰਹੇਗੀ। ਇਹ ਕਹਿਣੋ ਹਾਲੇ ਗੁਰੇਜ਼ ਕੀਤਾ ਸੀ ਕਿ ਉਲਟਾ ਗੇੜਾ ਕੱਢ ਕੇ ਅਮਰੀਕਾ ਨਾਲ ਜਾ ਜੁੜਨਾ ਹੈ। ਕੂਟਨੀਤਕ ਮਾਹਰਾਂ ਨੇ ਉਦੋਂ ਕਿਹਾ ਸੀ ਕਿ ਨਵੀਂ ਨੀਤੀ ਭਾਰਤ ਦੇ ਨੁਕਸਾਨ ਦਾ ਸਬੱਬ ਬਣ ਸਕਦੀ ਹੈ, ਜਿਸਦਾ ਪਹਿਲਾ ਨੁਕਤਾ ਇਹ ਹੈ ਕਿ ਅਮਰੀਕਾ ਕਦੇ ਭਾਰਤ ਨਾਲ ਸੰਸਾਰ ਦੇ ਮੰਚ ਉੱਤੇ ਖੜੋਤਾ ਨਹੀਂ, ਇਸਦੇ ਉਲਟ ਭੁਗਤਦਾ ਰਿਹਾ ਅਤੇ ਹਰ ਮੋੜ ਉੱਤੇ ਰੂਸ ਇਸ ਨਾਲ ਨਿਭਦਾ ਰਿਹਾ ਹੈ ਅਤੇ ਜਦੋਂ ਅਮਰੀਕਾ ਦੇ ਸਟੈਂਡ ਦਾ ਕਿਸੇ ਨੂੰ ਪਤਾ ਨਹੀਂ, ਕੂਟਨੀਤੀ ਦਾ ਮੋੜਾ ਰੂਸ ਨੂੰ ਦੂਰ ਧੱਕ ਸਕਦਾ ਹੈ। ਦੂਜਾ ਸੰਕੇਤ ਇਹ ਸੀ ਕਿ ਭਾਰਤ ਦਾ ਰੂਸ ਨਾਲ ਇੱਕ ਜੰਗੀ ਸਮਝੌਤਾ ਹੋਣ ਕਾਰਨ ਬੰਗਲਾ ਦੇਸ਼ ਦੀ ਜੰਗ ਸਮੇਂ ਅਮਰੀਕਾ ਦਾ ਸਮੁੰਦਰੀ ਬੇੜਾ ਜਦੋਂ ਪਾਕਿਸਤਾਨ ਦੀ ਹਿਮਾਇਤ ਲਈ ਇੱਧਰ ਨੂੰ ਚੱਲਿਆ ਤਾਂ ਰੂਸ ਨੇ ਭਾਰਤ ਦੀ ਹਿਮਾਇਤ ਲਈ ਆਪਣਾ ਬੇੜਾ ਇੱਧਰ ਤੋਰ ਦਿੱਤਾ ਸੀ ਤੇ ਉਸ ਨੂੰ ਦੇਖ ਕੇ ਅਮਰੀਕੀ ਬੇੜਾ ਪਿੱਛੇ ਮੁੜ ਗਿਆ ਸੀ। ਅਮਰੀਕਾ ਨਾਲ ਭਾਰਤ ਦੇ ਨੇੜ ਕਾਰਨ ਰੂਸ ਨਾਲ ਹੋਇਆ ਜੰਗੀ ਸਮਝੌਤਾ ਵੀ ਕਮਜ਼ੋਰ ਹੋਵੇਗਾ ਤੇ ਭਾਰਤ ਕਿਸੇ ਦਿਨ ਇਕੱਲਾ ਖੜ੍ਹਾ ਦਿਸੇਗਾ। ਇਸ ਨਾਲ ਇਹ ਗੱਲ ਵੀ ਕਹੀ ਗਈ ਸੀ ਕਿ ਰੂਸ ਜਦੋਂ ਭਾਰਤ ਨੂੰ ਹਥਿਆਰ ਵੇਚਦਾ ਹੈ ਤਾਂ ਹਥਿਆਰਾਂ ਦੀ ਸਾਰੀ ਤਕਨੀਕ ਨਾਲ ਦੇਣਾ ਮੰਨਦਾ ਹੈ। ਅਮਰੀਕਾ ਨੇ ਇਸ ਤਰ੍ਹਾਂ ਕਰਨਾ ਨਹੀਂ ਅਤੇ ਭਾਰਤ ਦੋ ਧਿਰਾਂ ਵਿਚਾਲੇ ਸੈਂਡਵਿਚ ਬਣ ਕੇ ਇਹੋ ਜਿਹੇ ਹਾਲਾਤ ਵਿੱਚ ਕਸੂਤਾ ਫਸ ਜਾਵੇਗਾ। ਅੱਜ ਦੇ ਹਾਲਾਤ ਵਿੱਚ ਭਾਰਤ ਦੀ ਇਹੋ ਸਥਿਤੀ ਜਾਪਣ ਲੱਗ ਪਈ ਹੈ।
ਅਮਰੀਕਾ ਨਾਲ ਸੰਬੰਧਾਂ ਦੇ ਮਾਮਲੇ ਵਿੱਚ ਇੱਕ ਦਿਲਚਸਪ ਤੱਥ ਹੋਰ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਅਮਰੀਕਾ ਨਾਲ ਐਟਮੀ ਸਮਝੌਤਾ ਕੀਤਾ ਤਾਂ ਉਸ ਸਰਕਾਰ ਨੂੰ ਹਿਮਾਇਤ ਦੇਣ ਵਾਲੀ ਖੱਬੇ ਪੱਖੀ ਧਿਰ ਵੱਖਰੇ ਰਾਹ ਪੈ ਗਈ ਅਤੇ ਸਾਫ ਕਹਿ ਦਿੱਤਾ ਕਿ ਉਹ ਸਮਝੌਤੇ ਦਾ ਵਿਰੋਧ ਕਰਨਗੇ। ਜਿਹੜੀ ਭਾਜਪਾ ਤੋਂ ਮਨਮੋਹਨ ਸਿੰਘ ਅਤੇ ਕਾਂਗਰਸੀ ਆਗੂਆਂ ਨੂੰ ਆਸ ਸੀ ਕਿ ਹਿਮਾਇਤ ਕਰੇਗੀ ਤੇ ਬੰਗਲਾ ਦੇਸ਼ ਦੀ ਜੰਗ ਦੌਰਾਨ ਉਦੋਂ ਦੀ ਜਨ ਸੰਘ ਦੇ ਮੋਹਰੀ ਆਗੂ ਵਜੋਂ ਅਟਲ ਬਿਹਾਰੀ ਵੱਲੋਂ ਕੀਤੀ ਹਿਮਾਇਤ ਦਾ ਚੇਤਾ ਉਹ ਵਾਰ-ਵਾਰ ਕਰਦੇ ਸਨ, ਉਸ ਤੋਂ ਉਲਟ ਇਸ ਵਾਰੀ ਭਾਜਪਾ ਇਸ ਸਮਝੌਤੇ ਬਹਾਨੇ ਮਨਮੋਹਨ ਸਿੰਘ ਦੀ ਸਰਕਾਰ ਡੇਗਣ ਤੁਰ ਪਈ। ਭਾਜਪਾ ਦੇ ਮੋਹਰੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੋਂ ਉਦੋਂ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਇਸ ਬਾਰੇ ਪੁੱਛਿਆ ਗਿਆ ਕਿ ਸਮਝੌਤੇ ਦਾ ਨੁਕਸ ਕੀ ਹੈ! ਉਹ ਕਹਿਣ ਲੱਗੇ ਕਿ ਸਮਝੌਤਾ ਭਾਰਤ ਦੇ ਹਿਤ ਵਿੱਚ ਹੈ, ਪਰ ਅਮਰੀਕਾ ਨੇ ਜਿਸ ਸਰਕਾਰ ਨਾਲ ਸਮਝੌਤਾ ਕੀਤਾ ਹੈ, ਉਹ ਸਰਕਾਰ ਭਰੋਸੇ ਦੇ ਕਾਬਲ ਨਹੀਂ, ਇਹੋ ਸਮਝੌਤਾ ਕਰਨਾ ਸੀ ਤਾਂ ਅਮਰੀਕਾ ਅਗਲੀ ਚੋਣ ਉਡੀਕ ਸਕਦਾ ਸੀ। ਉਡੀਕ ਦਾ ਅਰਥ ਪੁੱਛਣ ਉੱਤੇ ਉਨ੍ਹਾਂ ਸੰਕੇਤ ਦੇ ਦਿੱਤਾ ਸੀ ਕਿ ਅਗਲੀ ਵਾਰ ਅਸੀਂ ਆਉਣ ਵਾਲੇ ਹਾਂ। ਕਹਿਣ ਤੋਂ ਭਾਵ ਇਹ ਸੀ ਕਿ ਸਮਝੌਤਾ ਠੀਕ ਜਾਂ ਗਲਤ ਤੋਂ ਵੱਡਾ ਸਵਾਲ ਇਹ ਜਾਪਦਾ ਸੀ ਕਿ ਕੀਤਾ ਕਿਸਦੇ ਨਾਲ ਹੈ! ਉਦੋਂ ਅਡਵਾਨੀ ਜੀ ਵੱਲੋਂ ਦਿੱਤੇ ਗਏ ਇਸ ਸੰਕੇਤ ਦੇ ਹੱਕ ਅਤੇ ਵਿਰੋਧ ਵਾਸਤੇ ਕਈ ਦਿਨ ਬਹਿਸ ਚਲਦੀ ਰਹੀ ਸੀ।
ਕਹਿੰਦੇ ਹਨ ਕਿ ਇੱਕ ਗਲਤੀ ਦੋ ਵਾਰ ਨਹੀਂ ਕਰਨੀ ਚਾਹੀਦੀ, ਪਰ ਨਰਿੰਦਰ ਮੋਦੀ ਸਰਕਾਰ ਨੇ ਆਣ ਕੇ ਦੁਬਾਰਾ ਉਹੀ ਗਲਤੀ ਕਰ ਦਿੱਤੀ ਜਾਪਦੀ ਹੈ। ਵਾਜਪਾਈ ਸਾਹਿਬ ਕਿਸੇ ਵੱਲ ਬਹੁਤਾ ਝੁਕਦੇ ਤਾਂ ਮੋੜਾ ਕੱਟਣਾ ਜਾਣਦੇ ਸਨ ਅਤੇ ਹਿਮਾਇਤ ਕਰਦੇ ਵਕਤ ਵੀ ਅਗਲੇ ਮੋੜੇ ਦਾ ਰਾਹ ਰੱਖਣਾ ਜਾਣਦੇ ਸਨ। ਮੋਦੀ ਸਾਹਿਬ ਇਸ ਮਾਮਲੇ ਵਿੱਚ ਮਾਹਰ ਨਹੀਂ ਨਿਕਲੇ ਅਤੇ ਅਮਰੀਕਾ ਦੀ ਉਸ ਵਕਤ ਦੀ ਲੀਡਰਸ਼ਿੱਪ ਨੂੰ ਸਦੀਵੀ ਮੰਨਣ ਵਰਗਾ ਪ੍ਰਭਾਵ ਲੈ ਕੇ ਡੌਨਲਡ ਟਰੰਪ ਨਾਲ ਇਸ ਤਰ੍ਹਾਂ ਜੁੜ ਗਏ ਕਿ ਉੱਥੋਂ ਦੀ ਚੋਣ ਜਿੱਤਣ ਲਈ ਉਸਦੀ ਹਿਮਾਇਤ ਕਰਨ ਲਈ ਚੋਣ ਜਲਸੇ ਵਾਂਗ ਪ੍ਰੋਗਰਾਮ ਕਰ ਕੇ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦੇ ਆਏ ਸਨ। ਨਤੀਜਾ ਇਸਦਾ ਇਹ ਨਿਕਲਿਆ ਕਿ ਉਸ ਵੇਲੇ ਟਰੰਪ ਦੀ ਸਰਕਾਰ ਨਹੀਂ ਸੀ ਬਣ ਸਕੀ, ਜਿਹੜੀ ਬਣੀ, ਉਸ ਨਾਲ ਬੜੇ ਔਖੇ ਹੋ ਕੇ ਸੰਬੰਧ ਸੁਧਾਰੇ ਅਤੇ ਜਦੋਂ ਡੌਨਲਡ ਟਰੰਪ ਫਿਰ ਜਿੱਤਿਆ ਤਾਂ ਕੌੜ ਦਾ ਭਰਿਆ ਜਾਪਦਾ ਹੈ। ਕਿੱਥੇ ਉਦੋਂ ਭਾਰਤ ਦਾ ਪ੍ਰਧਾਨ ਮੰਤਰੀ ਤੇ ਅਮਰੀਕਾ ਦਾ ਰਾਸ਼ਟਰਪਤੀ ਜੱਫੀ ਪਾ ਕੇ ਮਿਲਿਆ ਕਰਦੇ ਸਨ ਅਤੇ ਕਿੱਥੇ ਅੱਜ ਦੇ ਦੌਰ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਉਸ ਦੇਸ਼ ਦਾ ਗੇੜਾ ਲਾ ਕੇ ਬਿਨਾਂ ਮਿਲਣ ਵਾਲੇ ਹਾਲਾਤ ਵਿੱਚ ਮੁੜਦਾ ਹੈ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕੀ, ਉਸਦੀ ਫੌਜ ਦਾ ਮੁਖੀ ਵੀ ਡੌਨਲਡ ਟਰੰਪ ਨਾਲ ਖਾਣੇ ਦੀ ਟੇਬਲ ਉੱਤੇ ਬੈਠਾ ਦਿਖਾਈ ਦਿੰਦਾ ਹੈ। ਇਹ ਹਾਸੋਹੀਣੀ ਸਥਿਤੀ ਹੈ, ਜਿਸਦੀ ਆਸ ਭਾਰਤੀ ਲੋਕਾਂ ਨੇ ਕਦੀ ਨਹੀਂ ਸੀ ਕੀਤੀ, ਪਰ ਸਰਕਾਰ ਇਸ ਨੂੰ ਖਾਸ ਨਹੀਂ ਸਮਝਦੀ।
ਹੋਰ ਵੀ ਕਮਾਲ ਦੀ ਗੱਲ ਹੈ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਅੱਖ ਵਿੱਚ ਚੀਨ ਅਤੇ ਰੂਸ ਇੱਕੋ ਜਿਹੇ ਰੜਕਦੇ ਹਨ, ਪਰ ਭਾਰਤ ਨੂੰ ਰੂਸ ਨਾਲ ਲੈਣ-ਦੇਣ ਕਰਨ ਦਾ ਮਿਹਣਾ ਦੇਣ ਵਾਲੇ ਡੌਨਲਡ ਟਰੰਪ ਨੇ ਪਾਕਿਸਤਾਨ ਦੇ ਚੀਨ ਨਾਲ ਹਰ ਪੱਖੋਂ ਗਹਿਰੇ ਸੰਬੰਧਾਂ ਦੀ ਗੱਲ ਅਣਗੌਲੀ ਕਰ ਛੱਡੀ ਹੈ। ਇਹ ਰੁਝਾਨ ਦੱਸਦਾ ਹੈ ਕਿ ਟਰੰਪ ਨੂੰ ਰੂਸ ਅਤੇ ਭਾਰਤ ਦੇ ਸੰਬੰਧਾਂ ਦੀ ਗੱਲ ਉਸ ਹੱਦ ਤਕ ਸ਼ਾਇਦ ਨਾ ਚੁਭੀ ਹੋਵੇ, ਜਿੰਨੀ ਉਸ ਨਾਲ ਨੇੜ ਕਰਨ ਪਿੱਛੋਂ ਮੋਦੀ ਸਾਹਿਬ ਦੇ ਰੂਸ ਵੱਲ ਝੁਕਣ ਤੇ ਉਸਦੇ ਇੱਕ ਚੋਣ ਹਾਰਨ ਪਿੱਛੋਂ ਉਸਦੇ ਵਿਰੋਧੀਆਂ ਨਾਲ ਸਾਂਝ ਪਾਉਣ ਦੀ ਗੱਲ ਚੁਭੀ ਹੋਵੇਗੀ। ਜੇ ਸੰਬੰਧਾਂ ਵਿੱਚ ਇੱਕਸਾਰਤਾ ਰੱਖੀ ਜਾਂਦੀ, ਇੱਕ ਤਰ੍ਹਾਂ ਦਾ ਗਿਣਵਾਂ-ਮਿਣਵਾਂ ਤੋਲ ਵੀ ਰੱਖਿਆ ਜਾਂਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ ਕਿ ਅਮਰੀਕਾ ਦਾ ਰਾਸ਼ਟਰਪਤੀ ਪੁਰਾਣੀਆਂ ਯਾਰੀਆਂ ਭੁਲਾ ਕੇ ਇੱਕ ਦਮ ਦੂਰ ਹੋਣ ਤਕ ਹੀ ਨਹੀਂ, ਭਾਰਤ ਦੇ ਵਿਰੋਧੀ ਕੈਂਪ ਨਾਲ ਸਮਝੌਤੇ ਕਰਨ ਤਕ ਪਹੁੰਚ ਜਾਂਦਾ ਅਤੇ ਦੁਨੀਆ ਦੇਖਦੀ ਰਹਿ ਜਾਂਦੀ।
ਪਿਛਲੇ ਸਮੇਂ ਵਿੱਚ ਜੋ ਹੋਇਆ ਹੈ, ਉਸ ਤੋਂ ਸਿੱਖਣ ਦੀ ਲੋੜ ਹੈ, ਪਰ ਭਾਰਤੀ ਰਾਜਨੀਤੀ ਜਿਹੋ ਜਿਹੇ ਹੱਥਾਂ ਵਿੱਚ ਖੇਡਦੀ ਹੈ ਤਾਂ ਇਸਦੀ ਵਿਦੇਸ਼ੀ ਨੀਤੀ, ਜਿਸ ਨੂੰ ਕੂਟਨੀਤੀ ਕਿਹਾ ਜਾਂਦਾ ਹੈ, ਆਪਣੇ ਦੇਸ਼ ਵਿੱਚ ਚਲਦੀ ਇੱਧਰ-ਉੱਧਰ ਝੂਲਦੀ ਸਿਆਸਤ ਤੋਂ ਨਿਰਲੇਪ ਨਹੀਂ ਰਹਿ ਸਕਦੀ। ਨੀਤੀਆਂ ਦਾ ਕੋਈ ਸੰਤੁਲਨ ਰੱਖਣ ਲਈ ਭਾਰਤ ਨੇ ਜੇ ਭਵਿੱਖ ਵਿੱਚ ਵੀ ਸਮਝਦਾਰੀ ਨਾ ਵਿਖਾਈ ਤਾਂ ਜਿਹੜੇ ਹਾਲਾਤ ਬਣੇ ਹਨ, ਇਸ ਨਾਲੋਂ ਵੱਧ ਬੁਰੇ ਹੋ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (