SarwanSingh7ਨਹਿਰੂ ਨੇ ਗੱਚ ਭਰ ਕੇ ਕਿਹਾ, “ਬੇਟਾ, ਮੈਂ ਤੇਰਾ ਖੋਇਆ ਬਚਪਨ ਤਾਂ ਨਹੀਂ ਮੋੜ ਸਕਦਾ, ਤੇ ਨਾ ਮੋਏ ਮਾਂ ਬਾਪ ਵਾਪਸ ਲਿਆ ਸਕਦਾ ਹਾਂ,  ਹੁਣ ਤੂੰ ...
(ਅਕਤੂਬਰ 24,2015)

ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਕਿਹਾ ਜਾਂਦਾ ਹੈ। ਇਹ ਖ਼ਿਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿਚ ਮਿਲਿਆ ਸੀ। ਦੌੜ ਜਿੱਤਣ ਪਿੱਛੋਂ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ ਸੀ, “ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ। ਅਸੀਂ ਏਹਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦੇਨੇ ਆਂ!”” ਜਦੋਂ ਮਿਲਖਾ ਸਿੰਘ ਨੂੰ ਪ੍ਰੈਜ਼ੀਡੈਂਸ਼ਲ ਬੌਕਸ ਵਿਚ ਜਨਰਲ ਅਯੂਬ ਖਾਂ ਨਾਲ ਮਿਲਾਇਆ ਤਾਂ ਉਸ ਨੇ ਵੀ ਕਿਹਾ, “ਮਿਲਖਾ ਸਿੰਘ, ਤੁਸੀਂ ਵਾਕਿਆ ਈ ‘ਫਲਾਈਂਗ ਸਿੱਖ’ ਹੋ।””

ਉਹ ਦੌੜਦਾ ਕਾਹਦਾ ਉੱਡਦਾ ਸੀ। ਉਹਦੀ ਜੀਵਨ ਕਹਾਣੀ ਦੌੜ ਦੀ ਅਜਿਹੀ ਗਾਥਾ ਹੈ, ਜਿਹੜੀ ਜੱਗੋਂ ਨਿਆਰੀ ਹੈ। ਉਹਦੇ ਬਾਰੇ ਅਨੇਕਾਂ ਦੰਦ ਕਥਾਵਾਂ ਚੱਲੀਆਂ ਤੇ ਲਤੀਫ਼ੇ ਬਣੇ। ਗੱਲ ਹਾਸੇ ਮਜ਼ਾਕ ਤੋਂ ਸ਼ੁਰੂ ਕਰਦੇ ਹਾਂ। ਇਕ ਰਾਤ ਉਹਨਾਂ ਦੇ ਘਰ ਚੋਰ ਆ ਗਏ। ਪਤਨੀ ਨੇ ਮਿਲਖਾ ਸਿੰਘ ਨੂੰ ਜਗਾਇਆ, “ਉਠੋ ਸਰਦਾਰ ਜੀ, ਘਰ ਵਿੱਚ ਚੋਰ ਆਏ ਲੱਗਦੇ ਨੇ।””

ਸਰਦਾਰ ਜੀ ਨੇ ਕਿਹਾ, “ਸੌਣ ਦਿਓ ਮੈਡਮ। ਚੋਰ ਕਿਤੇ ਨਹੀਂ ਦੌੜ ਚੱਲੇ!””

ਚੋਰ ਚੋਰੀ ਕਰ ਕੇ ਦੌੜੇ ਤਾਂ ਪਤਨੀ ਨੇ ਫਿਰ ਜਗਾਇਆ, “ਚੋਰ ਤਾਂ ਦੌੜ ਵੀ ਗਏ।””

ਚੋਰਾਂ ਦਾ ਦੌੜਨਾ ਸੁਣ ਕੇ ਮਿਲਖਾ ਸਿੰਘ ਮੰਜੇ ਤੋਂ ਉੱਠਿਆ। ਰਨਿੰਗ ਸ਼ੂਅ ਪਾਏ ਤੇ ਚੋਰਾਂ ਮਗਰ ਦੌੜ ਪਿਆ। ਚੋਰ ਅੱਗੇ ਤੇ ਮਿਲਖਾ ਸਿੰਘ ਪਿੱਛੇ। ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ। ਮਿਲਖਾ ਸਿੰਘ ਸਿਰਪੱਟ ਦੌੜਦਾ ਗਿਆ। ਸੁਖਨਾ ਲੇਕ ਕੋਲ ਇਕ ਸਿਆਣੂੰ ਬੰਦਾ ਮਿਲਿਆ ਜਿਸ ਨੇ 'ਫਲਾਈਂਗ ਸਿੱਖ' ਨੂੰ ਪੁੱਛਿਆ, “ਮਿਲਖਾ ਸਿੰਘ ਜੀ, ਅੱਜ ਅੱਧੀ ਰਾਤੇ ਕਿੱਧਰ?”

ਮਿਲਖਾ ਸਿੰਘ ਨੇ ਜਵਾਬ ਦਿੱਤਾ, “ਚੋਰਾਂ ਮਗਰ ਦੌੜਿਆ ਸੀ। ਉਨ੍ਹਾਂ ਨੂੰ ਪਿਛਲੇ ਚੌਂਕ ਵਿੱਚ ਈ ਪਿਛਾਂਹ ਛੱਡ ਆਇਆਂ!””

ਦੌੜ ਮਿਲਖਾ ਸਿੰਘ ਦੀ ਜ਼ਿੰਦਗੀ ਹੈ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਰੇਤਲੇ ਰਾਹਾਂ ’ਤੇ ਨੰਗੇ ਪੈਰ ਭੁੱਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਇਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ ਵਿੱਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਨਾਲ ਦੌੜਿਆ ਤੇ ਚੋਰੀਆਂ ਚਕਾਰੀਆਂ ਕੀਤੀਆਂ। ਇੱਟਾਂ ਰੋੜੇ ਤੇ ਚਾਕੂ ਚਲਾਏ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬਿਨਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਫੜਿਆ ਗਿਆ, ਜਿਸ ਕਰਕੇ ਜੇਲ੍ਹ ਜਾ ਪੁੱਜਾ। ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲੋਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਦੌੜਾਅ ਦਿੱਤਾ।

ਚੜ੍ਹਦੀ ਜੁਆਨੀ ਵਿੱਚ ਉਹ ਇਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ, ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ਵਿੱਚ ਭਰਤੀ ਹੋਇਆ ਤਾਂ ਦੌੜ ਕੇ ਹੀ ਸਪੈਸ਼ਲ ਦੁੱਧ ਦਾ ਗਲਾਸ ਲੁਆਇਆ। ਦੌੜ ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੂਨੀਅਰ ਕਮਿਸ਼ੰਡ ਅਫ਼ਸਰ ਬਣਿਆ। ਦੇਸਾਂ ਪਰਦੇਸਾਂ ਵਿਚ ਦੌੜ ਕੇ ਉਹ ਮੈਡਲ ਤੇ ਕੱਪ ਜਿੱਤਦਾ ਗਿਆ ਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਦੌੜ ਕੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਤਾਂ ਕੁੱਲ ਦੁਨੀਆ ਵਿੱਚ ਮਿਲਖਾ ਮਿਲਖਾ ਹੋ ਗਈ। ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਦੌੜਿਆ ਤਾਂ 'ਫਲਾਈਂਗ ਸਿੱਖ' ਦਾ ਖ਼ਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਦਾ ਸਾਹਮਣਾ ਕਰਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, 'ਭਾਗ ਮਿਲਖਾ ਭਾਗ'। ਇਹ ਉਹਦੇ ਘਾਇਲ ਬਾਪ ਦੇ ਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾ ...।””

ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਦੌੜਦਾ ਹੀ ਆ ਰਿਹੈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕਾਂ ਤੇ ਗੌਲਫ਼ ਗਰਾਊਂਡਾਂ ਵਿਚ ਉਹ ਦੌੜਿਆ, ਅੱਜ ਵੀ ਉਥੋਂ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ!

1966 ਵਿਚ ਮਿਲਖਾ ਸਿੰਘ ਨਾਲ ਕੀਤੀ ਪਹਿਲੀ ਮੁਲਾਕਾਤ ਮਗਰੋਂ ਮੈਂ ਇਕ ਲੇਖ 'ਦੌੜ ਦਾ ਬਾਦਸ਼ਾਹ' ਲਿਖਿਆ ਸੀ, ਜਿਸ ਦੀਆਂ ਕੁਝ ਟੂਕਾਂ ਹਾਜ਼ਰ ਹਨ, “ਗਰਾਊਂਡ ਉਹਦੇ ਲਈ ਤੀਰਥ ਸਥਾਨ ਬਣ ਗਿਆ ਤੇ ਦੌੜਨਾ ਨਿਤਨੇਮ। ਦੌੜਦਿਆਂ ਵਿਤੋਂ ਬਾਹਰਾ ਜ਼ੋਰ ਲਾਉਣ ਨਾਲ ਉਹ ਵਾਰ ਵਾਰ ਬੇਹੋਸ਼ ਹੁੰਦਾ ਰਿਹਾ ਤੇ ਕਈ ਵਾਰ ਲਹੂ ਦੀਆਂ ਉਲਟੀਆਂ ਕੀਤੀਆਂ। ਦੌੜ ਉਹਦਾ ਇਸ਼ਟ ਬਣ ਗਈ ਸੀ। ਸਿਕੰਦਰਾਬਾਦ ਉਹਦਾ ਸੈਂਟਰ ਸੀ। ਫੌਜੀ ਬੈਰਕ ਤੇ ਟਰੈਕ ਉਹਦੀ ਦੁਨੀਆ ਸੀ। ਜਿੱਥੇ ਇਕ ਪਾਸੇ ਕਰੜੀ ਤਪੱਸਿਆ ਉਹਦਾ ਲਹੂ ਪੀਂਦੀ, ਚਿਹਰਾ ਜ਼ਰਦ ਕਰਦੀ, ਸਰੀਰ ਦਾ ਮੁੜ੍ਹਕਾ ਕੱਢਦੀ, ਨਿਢਾਲ ਕਰਦੀ, ਰਾਤਾਂ ਨੂੰ ਦੌੜ ਲੁਆਉਂਦੀ, ਅਨੀਂਦਰੇ ਮਾਰਦੀ, ਉੱਥੇ ਦੂਜੇ ਪਾਸੇ ਜਿੱਤਾਂ ਜਿੱਤਣ ਦੀਆਂ ਸੁਨਹਿਰੀ ਘੜੀਆਂ ਦੀ ਤਾਂਘ ਵਿਚ ਇਹੋ ਤਪੱਸਿਆ ਉਹਨੂੰ ਗਗਨਾਂ ਦੇ ਪਰੀ-ਮੰਡਲਾਂ ਵਿਚ ਸੰਵਾ ਦਿੰਦੀ!

ਟੋਕੀਓ-58 ਦੀਆਂ ਏਸ਼ਿਆਈ ਖੇਡਾਂ ਸਮੇਂ ਪਾਕਿਸਤਾਨ ਦਾ ਪ੍ਰਸਿੱਧ ਦੌੜਾਕ ਅਬਦੁੱਲ ਖ਼ਾਲਿਕ ਕਿਸੇ ਨੂੰ ਨਿਗ੍ਹਾ ਹੇਠ ਨਹੀਂ ਸੀ ਲਿਆਉਂਦਾ। 200 ਮੀਟਰ ਦੀ ਦੌੜ ਤੋਂ ਪਹਿਲਾਂ ਮਿਲਖਾ ਸਿੰਘ ਨੂੰ ਮਿਲਾਇਆ ਤਾਂ ਉਹਨੇ ਫੁਕਰਿਆਂ ਵਾਂਗ ਫੜ੍ਹ ਮਾਰੀ, ਵੇਖ ਲਾਂਗਾ ਵੱਡੇ ਰੁਸਤਮੇ ਹਿੰਦ ਨੂੰ! ਪਾਕਿਸਤਾਨੀਆਂ ਕੋਲ ਪਾਡੀ ਮਾਰੀ, ਏਸ ਸਿਖੜੇ ਨੇ ਮੇਰਾ ਧੱਕਾ ਕਿੱਥੋਂ ਸਹਿਣਾ?

ਅਬਦੁੱਲ ਖ਼ਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਜਿਹੜਾ 200 ਮੀਟਰ ਦੀ ਦੌੜ ਜਿੱਤਦਾ ਉਹ ਏਸ਼ੀਆ ਦਾ ਬੈੱਸਟ ਅਥਲੀਟ ਬਣਨਾ ਸੀ। ਦੌੜ ਸ਼ੁਰੂ ਹੋਈ ਤੇ ਅਖ਼ੀਰ ਤਕ ਦੋਵੇਂ ਬਰਾਬਰ ਦੌੜਦੇ ਗਏ। ਜੋਸ਼ ਵਿਚ ਸਾਰਾ ਸਟੇਡੀਅਮ ਪੱਬਾਂ ਭਾਰ ਖੜ੍ਹਾ ਹੋ ਗਿਆ। ਦੋਵੇਂ ਦੌੜਾਕ ਫੀਤੇ ਨੂੰ ਇੱਕੋ ਸਮੇਂ ਛੋਹੇ। ਦੌੜ ਪੂਰੀ ਹੋਣ ’ਤੇ ਮਿਲਖਾ ਸਿੰਘ ਲੜਖੜਾ ਕੇ ਡਿੱਗ ਪਿਆ। ਕੁਝ ਸਮਾਂ ਉਡੀਕਣ ਤੇ ਦੌੜ ਸਮਾਪਤੀ ਦੀ ਫੋਟੋ ਘੋਖਣ ਉਪਰੰਤ ਐਲਾਨ ਹੋਇਆ - ਮਿਲਖਾ ਸਿੰਘ ਫਸਟ! ਟਾਈਮ ...। ਟਾਈਮ ਤਾੜੀਆਂ ਦੀ ਗੁੰਜਾਰ ਵਿਚ ਕਿਸੇ ਨਾ ਸੁਣਿਆ।

ਮਿਲਖਾ ਸਿੰਘ ਦੇ ਖੁਸ਼ੀ ਵਿਚ ਹੰਝੂ ਵਹਿ ਤੁਰੇ। ਤਸਵੀਰਾਂ ਖਿੱਚਣ ਲਈ ਕੈਮਰਿਆਂ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਸਾਥੀਆਂ ਦੀਆਂ ਜੱਫੀਆਂ ਨੇ ਉਹਨੂੰ ਮਧੋਲ ਲਿਆ। ਡੌਰ-ਭੌਰ ਉਹ ਆਪਣੇ ਕਮਰੇ ਵਿੱਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ। ਉਸ ਨੇ ਆਪਣੇ ਆਪ ਨੂੰ ਗਹੁ ਨਾਲ ਵੇਖਿਆ ... ਭੁੱਜਦੇ ਪੈਰਾਂ ਨਾਲ ਰੇਤਲੇ ਰਾਹਾਂ ’ਤੇ ਰੁੱਖਾਂ ਦੀਆਂ ਛਾਵਾਂ ਵੱਲ ਦੌੜਦਾ, ਲਹੂ ਲਿੱਬੜੀ ਗੱਡੀ ਵਿੱਚ ਲੁਕ ਕੇ ਸਫ਼ਰ ਕਰਦਾ, ਸ਼ਰਨਾਰਥੀ ਕੈਂਪਾਂ ਵਿੱਚ ਰੁਲਦਾ, ਫੌਜੀਆਂ ਦੇ ਬੂਟ ਪਾਲਸ਼ ਕਰਦਾ, ਲੁਕਾ ਕੇ ਰੱਖੀ ਬੇਹੀ ਰੋਟੀ ਨਿਗਲਦਾ ...। ਉਸ ਨੇ ਅੱਖਾਂ ਮੁੰਦ ਲਈਆਂ। ਸਿਰ ਬਾਹਾਂ ਵਿਚ ਘੁੱਟ ਲਿਆ ਤੇ ਮੰਜੇ ’ਤੇ ਲੇਟ ਗਿਆ। ਜੋ ਕੁਝ ਖ਼ੁਆਬ ਵਿਚ ਵੀ ਨਹੀਂ ਸੀ, ਉਹ ਹਕੀਕਤ ਬਣ ਗਿਆ ਸੀ। ਜਪਾਨ ਦਾ ਸ਼ਹਿਨਸ਼ਾਹ ਉਹਨੂੰ ਸ਼ਾਬਾਸ਼ੇ ਦੇ ਰਿਹਾ ਸੀ। ਤਿਰੰਗਾ ਲਹਿਰਾ ਰਿਹਾ ਸੀ ਤੇ 'ਜਨ ਗਨ ਮਨ' ਗੂੰਜ ਰਿਹਾ ਸੀ। ਦੁਨੀਆ ਵਿਚ 'ਮਿਲਖਾ ਸਿੰਘ - ਮਿਲਖਾ ਸਿੰਘ' ਹੋ ਰਹੀ ਸੀ!”

ਦੌੜ ਦੇ ਬਾਦਸ਼ਾਹ ਲੇਖ ਦਾ ਅੰਤ ਮੈਂ ਇਸ ਤਰ੍ਹਾਂ ਕੀਤਾ ਸੀ, “ਅਖ਼ੀਰ ਟੋਕੀਓ ਦੀ ਓਲੰਪਿਕ ਦੌੜ ਦੌੜਨ ਪਿੱਛੋਂ ਦੌੜ ਨੂੰ ਅਲਵਿਦਾ ਕਹਿ ਕੇ ਉਹਨੇ ਕਿੱਲਾਂ ਵਾਲੇ ਬੂਟ ਕਿੱਲੀ ਉੱਤੇ ਟੰਗ ਦਿੱਤੇ ਜੋ ਵੰਗਾਰ ਰਹੇ ਹਨ - ਆਵੇ ਕੋਈ ਨਿੱਤਰੇ!””

ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਚੁੱਕਾ ਹੈ। ਲੋਕ ਮਾਨਸਿਕਤਾ ਵਿਚ ਉਸ ਨੂੰ 'ਹੀਰੋ' ਦਾ ਮੁਕਾਮ ਹਾਸਲ ਹੈ। ਅਦਭੁੱਤ ਮਨੁੱਖ ਹੋਣ ਦਾ। ਉਹਦੇ ਬਾਰੇ ਅਨੇਕਾਂ ਕਥਾ-ਕਹਾਣੀਆਂ ਚੱਲ ਪਈਆਂ ਹਨ। ਕੁਝ ਸੱਚੀਆਂ ਹਨ, ਕੁਝ ਅਰਧ-ਸੱਚੀਆਂ। ਕਈ ਨਿਰੋਲ ਕਾਲਪਨਿਕ ਹਨ। ਕੁਝ ਦੰਦ ਕਥਾਵਾਂ ਵਿੱਚ ਮਿਲਖਾ ਸਿੰਘ ਨੇ ਖ਼ੁਦ ਵੀ ਵਾਧਾ ਘਾਟਾ ਕੀਤਾ ਹੈ। ਉਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ, “ਜਦੋਂ ਮੈਂ ਵੱਢ-ਟੁੱਕ ਪਿੱਛੋਂ ਉੱਜੜ ਪੁੱਜੜ ਕੇ ਦਿੱਲੀ ਪੁੱਜਾ ਤਾਂ ਮੇਰੇ ਗਲ ਪਾਈ ਇੱਕੋ ਇੱਕ ਕਮੀਜ਼ ਉੱਤੇ ਮੇਰੇ ਮਾਪਿਆਂ ਦੇ ਕਤਲ ਹੋਣ ਵੇਲੇ ਲੱਗਿਆ ਲਹੂ ਸੀ!””

ਇਹ ਅਤਿਕਥਨੀ ਸੀ। ਦੰਦ ਕਥਾਵਾਂ ਇੰਜ ਹੀ ਚੱਲਦੀਆਂ ਹਨ। ਦਿੱਲੀ ਉਹ ਦੂਜੇ ਤੀਜੇ ਦਿਨ ਨਹੀਂ ਮਾਪਿਆਂ ਦੇ ਕਤਲ ਤੋਂ ਕਈ ਹਫ਼ਤੇ ਬਾਅਦ ਪੁੱਜਾ ਸੀ। ਕੁਝ ਦਿਨ ਮੁਲਤਾਨ ਰਿਹਾ ਸੀ ਤੇ ਕੁਝ ਦਿਨ ਫਿਰੋਜ਼ਪੁਰ। ਫਿਰੋਜ਼ਪੁਰ ਵਿੱਚੋਂ ਉਹ ਹੜ੍ਹਾਂ ਦੌਰਾਨ ਨਿਕਲਿਆ ਸੀ। ਪਾਣੀ ਨੇ ਕਮੀਜ਼ ’ਤੇ ਲੱਗਾ ਲਹੂ ਕਦੋਂ ਦਾ ਧੋ ਦਿੱਤਾ ਸੀ।

ਜਦੋਂ ਉਹ ਰੋਮ ਦੀਆਂ ਓਲੰਪਿਕ ਖੇਡਾਂ ਵਿੱਚ ਦੌੜ ਲਾਉਣ ਪਿੱਛੋਂ ਦਮ ਲੈ ਰਿਹਾ ਸੀ ਤਾਂ ਕਿਸੇ ਨੇ ਪੁੱਛ ਲਿਆ, “ਆਰ ਯੂ ਰਿਲੈਕਸਿੰਗ?”
ਫਲਾਈਂਗ ਸਿੱਖ ਬੋਲਿਆ, “ਨੋ ਆਈ ਐੱਮ ਮਿਲਖਾ ਸਿੰਘ।””

ਇਹ ਵੀ ਮਿਲਖਾ ਸਿੰਘ ਦੇ ਘਰ ਚੋਰ ਪੈਣ ਵਾਂਗ ਲੋਕਾਂ ਦੀ ਮਨੋ ਜੋੜੀ ਗੱਲ ਹੈ। ਮਿਲਖਾ ਸਿੰਘ ਦੇ ਅੰਗਰੇਜ਼ੀ ਬੋਲਣ ਬਾਰੇ ਲਤੀਫ਼ੇ ਉਂਜ ਹੀ ਨੇ ਜਿਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਅੰਗਰੇਜ਼ੀ ਬੋਲਣ ਤੇ ਦਾਰਾ ਸਿੰਘ ਦੇ ਹਿੰਦੀ ਬੋਲਣ ਬਾਰੇ ਹਨ।

ਰੋਮ ਦੀਆਂ ਓਲੰਪਿਕ ਖੇਡਾਂ ਤਕ ਤਾਂ ਉਹ ਅੱਧੀ ਦੁਨੀਆ ਗਾਹ ਚੁੱਕਾ ਸੀ। ਰਿਲੈਕਸਿੰਗ ਦੀ ਅੰਗਰੇਜ਼ੀ ਉਹਨੂੰ ਕਦੋਂ ਦੀ ਆਉਂਦੀ ਸੀ। ਉਹ 70 ਮੁਲਕਾਂ ਵਿਚ 82 ਵਾਰ ਦੌੜ ਚੁੱਕਾ ਸੀ ਤੇ 79 ਵਾਰ ਜਿੱਤ ਚੁੱਕਾ ਸੀ। ਉਂਜ ਇਹ ਵੀ ਦੰਦ ਕਥਾ ਹੀ ਸੀ ਜੋ ਮੈਂ ਆਪਣੀ ਪਹਿਲੀ ਖੇਡ ਪੁਸਤਕ 'ਪੰਜਾਬ ਦੇ ਉੱਘੇ ਖਿਡਾਰੀ' ਵਿਚ ਮਿਲਖਾ ਸਿੰਘ ਬਾਰੇ ਲਿਖੇ ਲੇਖ ਦੇ ਪਹਿਲੇ ਹੀ ਫਿਕਰੇ ਵਿਚ ਲਿਖੀ ਸੀ। ਪਰ ਇਹ ਪੂਰਾ ਸੱਚ ਨਹੀਂ ਸੀ। ਲਿਖਤ ਵਿਚ ਆਉਣ ਪਿੱਛੋਂ ਇਹ ਅੰਕੜਾ ਸੱਚਮੁੱਚ ਹੀ ਸੱਚ ਬਣ ਗਿਆ! ਮਿਲਖਾ ਸਿੰਘ ਨੂੰ ਪੁੱਛੋ ਤਾਂ ਉਹ ਵੀ ਇਹੋ ਕਹਿੰਦਾ ਹੈ। ਪਹਿਲ ਪਲੇਠੀ ਦੀ ਮੇਰੀ ਉਹ ਪੁਸਤਕ ਨਵਯੁਗ ਪਬਲਿਸ਼ਰਜ਼ ਦਿੱਲੀ ਦੇ ਭਾਪਾ ਪ੍ਰੀਤਮ ਸਿੰਘ ਨੇ 1978 ਵਿਚ ਪ੍ਰਕਾਸ਼ਤ ਕੀਤੀ ਸੀ। ਮੇਰੇ ਪਾਠਕਾਂ ਦੀ ਪਹਿਲੀ ਪਸੰਦ ਹੋਣ ਕਰਕੇ ਇਹ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ 2013 ਵਿਚ ਫਿਰ ਛਾਪੀ ਹੈ।

ਜਦੋਂ ਕੋਈ ਜੁਆਨ ਕਿਤੇ ਦੌੜਨ ਦੀ ਸ਼ੇਖ਼ੀ ਮਾਰ ਰਿਹਾ ਹੋਵੇ ਤਾਂ ਸੁਣਨ ਵਾਲੇ ਆਖਦੇ ਹਨ:

“ਤੂੰ ਕਿਹੜਾ ਮਿਲਖਾ ਸਿੰਘ ਐਂ!””
“ਕਿੱਥੋਂ ਆਇਐ ਵੱਡਾ ਮਿਲਖਾ ਸਿੰਘ!””
“ਤਾਂ ਮੰਨੀਏਂ ਜੇ ਮਿਲਖਾ ਸਿੰਘ ਦਾ ਰਿਕਾਰਡ ਤੋੜੇਂ!””

ਉਹਦੇ ਬਾਰੇ 'ਭਾਗ ਮਿਲਖਾ ਭਾਗ' ਫਿਲਮ ਬਣੀ ਤਾਂ ਜਿੱਥੇ ਉਹਦੀ ਮਸ਼ਹੂਰੀ ਨੂੰ ਚਾਰ ਚੰਨ ਲੱਗੇ ਉੱਥੇ ਉਹਦੇ ਬਾਰੇ ਦੰਦ ਕਥਾਵਾਂ ਵਿਚ ਹੋਰ ਵੀ ਵਾਧਾ ਹੋਇਆ। ਫਿਲਮ ਵਿਚ ਮਿਲਖਾ ਸਿੰਘ ਨੂੰ ਇੱਕੇ ਡੀਕ ਦੋ ਕਿਲੋ ਘਿਓ ਦਾ ਡੱਬਾ ਪੀਂਦਾ ਵਿਖਾਇਆ ਗਿਆ। ਕੁਝ ਡੰਡ ਕੱਢ ਕੇ ਉਸ ਨੇ ਘਿਓ ਦਾ ਦੂਜਾ ਡੱਬਾ ਵੀ ਖਾਲੀ ਕਰ ਦਿੱਤਾ। ਉਹ ਦੁੱਧ ਨਹੀਂ, ਦੇਸੀ ਘਿਓ ਸੀ! ਬੱਲੇ ਬੱਲੇ ਕਰਾ ਦਿੱਤੀ ਮਿਲਖਾ ਸਿੰਘ ਨੇ। ਵੇਖਣ ਵਾਲੇ ਭੰਗੜੇ ਪਾਈ ਗਏ। ਇਹ ਵੀ ਵਧਾ ਚੜ੍ਹਾ ਕੇ ਵਿਖਾਇਆ ਦ੍ਰਿਸ਼ ਹੈ। ਕੋਈ ਵੀ ਅਥਲੀਟ ਚਾਰ ਕਿਲੋ ਘਿਓ ਨਹੀਂ ਪੀ ਸਕਦਾ। ਪੀ ਲਵੇ ਤਾਂ ਹਜ਼ਮ ਨਹੀਂ ਕਰ ਸਕਦਾ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਗੋਰੀ ਕੁੜੀ ਨਾਲ ਇਸ਼ਕ ਮੁਸ਼ਕ ਵੀ ਫਿਲਮੀ ਇਸ਼ਕ ਹੈ, ਜਦ ਕਿ ਉਸ ਦਾ ਅਸਲੀ ਪ੍ਰੇਮ ਨਿਰਮਲ ਸੈਣੀ ਨਾਲ ਹੋਇਆ ਜੋ ਵਿਆਹ ਕਰਾ ਕੇ ਨੇਪਰੇ ਚੜ੍ਹਿਆ।

ਦੰਦ ਕਥਾਵਾਂ ਤੇ ਫਿਲਮੀ ਫਾਰਮੂਲਿਆਂ ਨੂੰ ਲਾਂਭੇ ਕਰ ਕੇ ਵੇਖੀਏ ਤਾਂ ਵੀ ਮਿਲਖਾ ਸਿੰਘ, ਮਿਲਖਾ ਸਿੰਘ ਹੀ ਹੈ, ਜਿਸ ਦੀ ਕੋਈ ਰੀਸ ਨਹੀਂ। ਉਹ ਕਮਾਲ ਦਾ ਦੌੜਾਕ ਹੈ। ਉਸ ਦੀ ਵਡਿਆਈ ਇਸ ਗੱਲ ਵਿਚ ਨਹੀਂ ਕਿ ਉਸ ਨੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਜਾਂ ਭਾਰਤ ਲਈ ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੇ ਪੰਜ ਗੋਲਡ ਮੈਡਲ ਜਿੱਤੇ। ਇਸ ਵਿਚ ਵੀ ਨਹੀਂ ਕਿ ਉਸ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ ਚੁਤਾਲੀ ਸਾਲ ਨਾ ਟੁੱਟਾ। ਉਸ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਦੇਸ਼ ਵੰਡ ਦੀ ਵੱਢ-ਟੁੱਕ ਵਿਚ ਯਤੀਮ ਹੋਏ ਇਕ ਬਾਲਕ ਨੇ ਬਿਪਤਾ ਮਾਰੇ ਹਾਲਾਤ ਵਿੱਚੋਂ ਗੁਜ਼ਰਦਿਆਂ ਬਿਨਾਂ ਕਿਸੇ ਖੇਡ ਸਹੂਲਤ ਦੇ ਏਸ਼ੀਆ ਦਾ ਬੈੱਸਟ ਅਥਲੀਟ ਬਣ ਵਿਖਾਇਆ ਤੇ ਭਾਰਤ ਦਾ 'ਨਾਇਕ' ਬਣਿਆ। ਉਹ ਫੀਨੈਕਸ ਵਾਂਗ ਆਪਣੀ ਰਾਖ ਵਿੱਚੋਂ ਉੱਗਿਆ। ਉਸ ਨੇ ਤਨ ਮਨ ਦੀ ਅੰਦਰਲੀ ਅੱਗ ਨੂੰ ਆਪੇ ਸੀਖ ਲਾਈ। ਧੁਖਿਆ, ਤਪਿਆ, ਬਲਿਆ ਤੇ ਚਾਨਣ ਮੁਨਾਰਾ ਬਣਿਆ! ਉਸ ਦੀ ਜੀਵਨੀ ’ਤੇ ਬਣੀ ਫਿਲਮ ਵੀ ਇਹੋ ਸੰਦੇਸ਼ ਦਿੰਦੀ ਹੈ ਕਿ ਜੁਆਨੋ ਉੱਠੋ, ਆਪਣੇ ਅੰਦਰਲੇ ਨੂੰ ਜਗਾਓ, ਸਖ਼ਤ ਮਿਹਨਤ ਕਰੋ ਤੇ ਕੁਝ ਕਰ ਕੇ ਵਿਖਾਓ। ਜੋ ਕੁਝ ਮਾੜੀਆਂ ਹਾਲਤਾਂ ਵਿਚ ਮਾੜਚੂ ਜਿਹੇ ਸਰੀਰ ਦੇ ਮਿਲਖਾ ਸਿੰਘ ਨੇ ਕੀਤਾ, ਤੁਸੀਂ ਚੰਗੇਰੀਆਂ ਹਾਲਤਾਂ ਵਿੱਚ ਜੰਮ ਪਲ ਕੇ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਹੋ ਜੇ ਨਿਸ਼ਚੇ ਕਰ ਆਪਣੀ ਜੀਤ ਕਰੋਂ ਤਾਂ ਦ੍ਰਿੜ੍ਹ ਇਰਾਦਾ ਧਾਰ ਲਵੋ। ਮਿਲਖਾ ਸਿੰਘ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸੋਮਾ ਹੈ। ਭੁੱਲੇ ਭਟਕਿਆਂ ਲਈ ਰਾਹਦਸੇਰਾ। ਖਿਡਾਰੀਆਂ ਲਈ ਰੋਲ ਮਾਡਲ।

ਮਿਲਖਾ ਸਿੰਘ ਦੇ ਸ਼ਬਦਾਂ ਵਿਚ ਭਾਰਤ ਵਿੱਚ ਟੇਲੈਂਟ ਦੀ ਘਾਟ ਨਹੀਂ। ਘਾਟ ਹੈ ਤਾਂ ਦ੍ਰਿੜ੍ਹ ਇਰਾਦੇ ਦੀ ਹੈ, ਅਨੁਸਾਸ਼ਨ ਦੀ ਤੇ ਸਖ਼ਤ ਮਿਹਨਤ ਦੀ ਹੈ। ਘਾਟ ਕਥਨੀ ਦੀ ਨਹੀਂ, ਕਰਨੀ ਦੀ ਹੈ। ਗੱਲੀਂ ਬਾਤੀਂ ਸਾਡੇ ਨੇਤਾ ਮਹਾਨ ਹਨ ਪਰ ਨਿਬੇੜੇ ਤਾਂ ਅਮਲਾਂ ’ਤੇ ਹੀ ਹੋਣੇ ਹੁੰਦੇ ਹਨ! ਪਿੜ ਭਾਵੇਂ ਖੇਡਾਂ ਦਾ ਹੋਵੇ, ਸਿਆਸਤ ਦਾ ਹੋਵੇ, ਸਰਵਿਸ ਦਾ ਹੋਵੇ ਜਾਂ ਕਿਸੇ ਵੀ ਕਾਰੋਬਾਰ ਦਾ ਹੋਵੇ। ਨਿਤਾਰਾ ਅਮਲਾਂ ਨੇ ਕਰਨੈਂ। ਭਾਰਤ ਦੀ ਬਦਬਖਤੀ ਹੈ ਕਿ ਏਥੇ ਗਾਲੜੀ ਮੂਹਰੇ ਲੱਗੇ ਹੋਏ ਨੇ ਤੇ ਕੰਮ ਕਰਨ ਵਾਲੇ ਪਿੱਛੇ ਲਾਏ ਹੋਏ ਨੇ। ਗ਼ਰੀਬਾਂ ਨੂੰ ਦੋ ਮੰਨੀਆਂ ਦਾ ਫ਼ਿਕਰ ਹੈ ਜਦ ਕਿ ਅਮੀਰਾਂ ਤੋਂ ਦੌਲਤ ਸਾਂਭ ਨਹੀਂ ਹੁੰਦੀ। ਗ਼ਰੀਬ ਹੋਰ ਗ਼ਰੀਬ ਹੋਈ ਜਾਂਦੇ ਨੇ ਤੇ ਅਮੀਰ ਹੋਰ ਅਮੀਰ! ਫਿਰ ਵੀ ਭਾਰਤ ਲਈ ਜਿੰਨੇ ਮੈਡਲ ਗ਼ਰੀਬ ਘਰਾਂ ਦਿਆਂ ਬੱਚਿਆਂ ਨੇ ਜਿੱਤੇ ਹਨ, ਅਮੀਰ ਘਰਾਂ ਦੇ ਲਾਡਲਿਆਂ ਨੇ ਉਹਦਾ ਦਸਵਾਂ ਹਿੱਸਾ ਵੀ ਨਹੀਂ ਜਿੱਤੇ।

ਮਿਲਖਾ ਸਿੰਘ ਨੂੰ ਮੈਂ ਪਹਿਲੀ ਵਾਰ 1958 ਵਿੱਚ ਫਿਲਮੀ ਪਰਦੇ ’ਤੇ ਦੌੜਦਾ ਵੇਖਿਆ ਸੀ। ਉਦੋਂ ਉਸ ਨੇ ਕਾਰਡਿਫ਼ ਦੀਆਂ ਕਾਮਨਵੈੱਲਥ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤਿਆ ਸੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਉਹਦੀ ਦੌੜ ਦਾ ਟ੍ਰੇਲਰ ਵਿਖਾਇਆ ਗਿਆ ਸੀ ਜੋ ਅਸੀਂ ਜਗਰਾਓਂ ਦੇ ਰੀਗਲ ਸਿਨਮਾ ਘਰ ਵਿੱਚ ਵੇਖਿਆ। ਸੰਭਵ ਹੈ ਮੇਰੇ ਖੇਡ ਲੇਖਕ ਬਣਨ ਵਿਚ ਉਸ ਦੌੜ ਦਾ ਵੀ ਕੁਝ ਅਸਰ ਹੋਵੇ। ਫਿਰ ਮੈਂ 1962 ਵਿਚ ਉਸ ਨੂੰ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਦੌੜਦੇ ਵੇਖਿਆ। ਨਾ ਸਿਰਫ਼ ਵੇਖਿਆ ਬਲਕਿ ਉਸੇ ਟਰੈਕ ਉੱਤੇ ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਪ੍ਰੈਕਟਿਸ ਕਰਦੇ ਸਾਂ। ਉਹ ਛਕ-ਛਕ ਕਰਦਾ ਦੌੜਦਾ ਸੀ ਤੇ ਉਹਦਾ ਚਿੱਟਾ ਕੱਛਾ ਹਵਾ ਵਿੱਚ ਸ਼ੂਕਦਾ ਸੀ। ਕੋਚ ਚੌਹਾਨ ਉਸ ਦੀਆਂ ਸਪਰਿੰਟਾਂ ਲੁਆਈ ਜਾਂਦਾ ਤੇ ਸਟਾਪ ਵਾਚ ਨਾਲ ਟਾਈਮ ਨੋਟ ਕਰੀ ਜਾਂਦਾ ਸੀ। ਉਸ ਤੋਂ ਪਹਿਲਾਂ ਮੈਂ ਉਸ ਦੀਆਂ ਤਸਵੀਰਾਂ ਹੀ ਵੇਖੀਆਂ ਸਨ ਜਾਂ ਜਿੱਤਾਂ ਜਿੱਤਣ ਦੀਆਂ ਖ਼ਬਰਾਂ ਪੜ੍ਹੀਆਂ ਸਨ।

ਪ੍ਰੈਕਟਿਸ ਕਰਨ ਪਿੱਛੋਂ ਜਦੋਂ ਉਹ ਪੌੜੀਆਂ ’ਤੇ ਆਇਆ ਤਾਂ ਮੈਂ ਵੀ ਉਹਦੇ ਨਾਲ ਹੱਥ ਮਿਲਾਇਆ। ਉਹਦੇ ਹੱਥ ਕੁੜੀਆਂ ਵਾਂਗ ਪਤਲੇ, ਉਂਗਲਾਂ ਪਤਲੀਆਂ ਤੇ ਕਲਾਈਆਂ ਵੀ ਪਤਲੀਆਂ ਸਨ। ਛਾਗਵਾਂ ਸੂਤਵਾਂ ਚਿਹਰਾ ਤਕੜੇ ਅਥਲੀਟਾਂ ਵਰਗਾ ਨਹੀਂ, ਮਾੜੇ ਪਾੜ੍ਹਿਆਂ ਵਰਗਾ ਸੀ। ਦੰਦ ਵੱਡੇ ਤੇ ਬੁੱਲ੍ਹ ਮੋਟੇ ਸਨ। ਗੱਲ੍ਹਾਂ ਜਾਭਾਂ ਵਿੱਚ ਵੜੀਆਂ ਪਈਆਂ ਸਨ। ਉਹ ਖਿਡਾਰੀ ਦੀ ਥਾਂ ਫਿਲਾਸਫਰ ਲੱਗਦਾ ਸੀ। ਸਿਰ ’ਤੇ ਵੱਡਾ ਸਾਰਾ ਜੂੜਾ ਸੀ ਜੋ ਚਿੱਟੇ ਰੁਮਾਲ ਨਾਲ ਬੱਧਾ ਸੀ। ਉਦੋਂ ਮੇਰਾ ਆਪਣਾ ਵਜ਼ਨ ਸੱਤਰ ਕੁ ਕਿੱਲੋ ਸੀ ਜਦ ਕਿ ਮਿਲਖਾ ਸਿੰਘ ਦਾ ਵਜ਼ਨ ਮੈਨੂੰ ਸੱਠ ਕੁ ਕਿੱਲੋ ਲੱਗਾ। ਰੰਗ ਕਣਕਵੰਨਾ ਸੀ ਜੋ ਭਖਿਆ ਹੋਇਆ ਤਾਂਬੇ ਵਾਂਗ ਦਗ ਰਿਹਾ ਸੀ। ਉਹਦੇ ਨਾਲ ਹੀ ਪਹਿਲਵਾਨਾਂ ਵਰਗੇ ਥਰੋਅਰ ਪ੍ਰਦੁਮਣ ਸਿੰਘ ਤੇ ਬਲਕਾਰ ਸਿੰਘ ਹੋਰੀਂ ਸਨ। ਮੱਖਣ ਸਿੰਘ ਸੀ, ਗੁਰਬਚਨ ਰੰਧਾਵਾ ਸੀ ਅਤੇ ਤਰਲੋਕ ਸਿੰਘ ਤੇ ਮਹਿੰਦਰ ਸਿੰਘ ਹੋਰੀਂ ਸਨ ਜਿਹੜੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਤਿਆਰੀ ਕਰ ਰਹੇ ਸਨ। ਨੈਸ਼ਨਲ ਸਟੇਡੀਅਮ ਵਿਚ ਸਾਡਾ ਦੋ ਵਾਰ ਮੇਲ ਹੋਇਆ ਪਰ ਉਦੋਂ ਖੁੱਲ੍ਹੀਆਂ ਗੱਲਾਂ ਨਾ ਹੋ ਸਕੀਆਂ।

ਮਿਲਖਾ ਸਿੰਘ ਤੋਂ ਪਿੱਛੋਂ 400 ਮੀਟਰ ਦੌੜ ਵਿਚ ਅਜਮੇਰ ਸਿੰਘ ਚਮਕਿਆ, ਜੋ ਏਸ਼ੀਆ ਦਾ ਚੈਂਪੀਅਨ ਬਣਿਆ। ਉਹ ਮੇਰਾ ਮਿੱਤਰ ਸੀ। ਮੇਰੇ ਕਹਿਣ ’ਤੇ 1966 ਵਿਚ ਉਹ ਮੈਨੂੰ ਚੰਡੀਗੜ੍ਹ ਮਿਲਖਾ ਸਿੰਘ ਦੇ ਘਰ ਲੈ ਗਿਆ। ਘਰ ਵਿਚ ਮਿਲਖਾ ਸਿੰਘ ਤੇ ਮੈਡਮ ਨਿਰਮਲ ਨਿੰਮੀ ਹੀ ਸਨ। ਮੈਡਮ ਖਾਣਾ ਬਣਾਉਣ ਦੇ ਆਹਰ ਲੱਗੇ ਰਹੇ ਤੇ ਅਸੀਂ ਗੱਲਾਂ ਕਰਦੇ ਰਹੇ। ਘਰੇਲੂ ਮਹੌਲ ਵਿਚ ਖੁੱਲ੍ਹ ਕੇ ਗੱਲਾਂ ਹੋਈਆਂ। ਇੰਟਰਵਿਊ ਕਰਨ ਦਾ ਸੁਆਦ ਆ ਗਿਆ। ਮਿਲਖਾ ਸਿੰਘ ਨੇ ਆਪਣਾ ਪਿਛੋਕੜ ਤੇ ਦੌੜਾਂ ਦੌੜਨ ਦਾ ਸੰਘਰਸ਼ ਖੁੱਲ੍ਹ ਕੇ ਬਿਆਨ ਕੀਤਾ।

ਉਸ ਨੇ ਦੱਸਿਆ ਕਿ ਉਹ ਸਿਆਲ ਦੀ ਕਕਰੀਲੀ ਰਾਤ ਨੂੰ ਜੰਮਿਆ ਸੀ। ਕਿਹੜਾ ਦਿਨ ਸੀ, ਕਿਹੜੀ ਤਾਰੀਖ ਤੇ ਕਿਹੜਾ ਸਾਲ ਇਹ ਕਿਸੇ ਨੂੰ ਵੀ ਨਹੀਂ ਪਤਾ। ਉਨ੍ਹਾਂ ਦੇ ਪਿੰਡ ਬੱਚਿਆਂ ਦੇ ਜਨਮ ਦਿਨ ਯਾਦ ਰੱਖਣ ਦਾ ਉਦੋਂ ਰਿਵਾਜ਼ ਨਹੀਂ ਸੀ। ਜੇ ਕੋਈ ਬੱਚਾ ਸਕੂਲ ਪੜ੍ਹਨੇ ਪਾਇਆ ਜਾਂਦਾ ਤਾਂ ਅਟੇ ਸਟੇ ਹੀ ਉਹਦੀ ਜਨਮ ਤਾਰੀਖ਼ ਲਿਖਾ ਦਿੱਤੀ ਜਾਂਦੀ ਜਾਂ ਉਸਤਾਦ ਆਪੇ ਲਿਖ ਲੈਂਦਾ। ਅਟੇ ਸਟੇ ਨਾਲ ਉਸ ਦੀ ਜਨਮ ਤਾਰੀਖ਼ 20 ਨਵੰਬਰ 1932 ਹੈ ਜੋ ਉਸ ਦੇ ਪਾਸਪੋਰਟ ਉੱਤੇ ਦਰਜ ਹੈ। ਉਂਜ ਕੋਈ ਉਸ ਨੂੰ 1929 ਸੰਨ ਦਾ ਜੰਮਿਆ ਕਹਿੰਦਾ ਹੈ ਤੇ ਕੋਈ 1935 ਸੰਨ ਦਾ। ਪਰ ਲੱਗਦਾ ਇਹੋ ਹੈ ਕਿ ਉਹ 1931 ਤੋਂ 33 ਦੇ ਦਰਮਿਆਨ ਹੀ ਜੰਮਿਆ ਹੋਵੇਗਾ।

ਉਸ ਦਾ ਜਨਮ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜ਼ਿਲ੍ਹਾ ਮੁਜ਼ੱਫਰਗੜ੍ਹ, ਪੱਛਮੀ ਪੰਜਾਬ ਵਿਚ ਸ. ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਬਾਈ ਦੀ ਕੁੱਖੋਂ ਹੋਇਆ। ਵਧਾਵੀ ਬਾਈ ਦਾ ਪੇਕੜਾ ਨਾਂ ਚਾਵਲੀ ਬਾਈ ਸੀ। ਗੋਬਿੰਦਪੁਰਾ ਮੁਲਤਾਨ ਤੋਂ ਸੌ ਕੁ ਕਿਲੋਮੀਟਰ ਦੱਖਣ ਪੱਛਮ ਵੱਲ ਸੀ। ਉਸ ਪਿੰਡ ਵਿਚ ਵਧੇਰੇ ਘਰ ਰਾਜਪੂਤ ਰਾਠੌੜ ਸਿੱਖਾਂ ਦੇ ਸਨ। ਮੁਸਲਮਾਨ ਉਸ ਪਿੰਡ ਵਿਚ ਨਾ ਹੋਣ ਬਰਾਬਰ ਸਨ। ਮਿਲਖਾ ਸਿੰਘ ਦੇ ਵਡੇਰੇ ਖ਼ੁਦ ਰਾਠੌਰ ਸਿੱਖ ਸਨ, ਜਿਨ੍ਹਾਂ ਦਾ ਪਿਛੋਕੜ ਰਾਜਪੂਤਾਂ ਨਾਲ ਜੋੜਿਆ ਜਾਂਦਾ ਹੈ। ਰਾਏ ਸਿੱਖ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ। ਮੈਂ ਜਦੋਂ ਫਾਜ਼ਿਲਕਾ ਪੜ੍ਹਦਾ ਸਾਂ ਤਾਂ ਅਕਸਰ ਰਾਠੌਰਾਂ ਦੇ ਮਹੱਲੇ ਵਿੱਚੋਂ ਲੰਘਦਾ ਸਾਂ ਤੇ ਭੂਆ/ਫੁੱਫੜ ਦੇ ਪਿੰਡ ਕੋਠੇ ਰਾਏ ਸਿੱਖਾਂ ਵਿਚ ਰਹਿੰਦਾ ਸਾਂ। ਉਨ੍ਹਾਂ ਦੀਆਂ ਔਰਤਾਂ ਦੇ ਨਾਵਾਂ ਪਿੱਛੇ ਰਾਜਪੂਤਾਂ ਵਾਂਗ ਬਾਈ ਲਾਇਆ ਜਾਂਦਾ ਸੀ। ਬਾਈ ਨਾਂ ਅਜੇ ਵੀ ਪ੍ਰਚੱਲਤ ਹੈ।

ਜਿਸ ਇਲਾਕੇ ਵਿਚ ਮਿਲਖਾ ਸਿੰਘ ਜੰਮਿਆ ਉਹ ਪੱਧਰਾ ਮੈਦਾਨੀ ਹੈ ਤੇ ਦੌੜਾਂ ਦੌੜਨ ਦੇ ਅਨੁਕੂਲ ਹੈ। ਪੂਰਬ ਵੱਲ ਦਰਿਆ ਝਨਾਂ ਵਗਦਾ ਹੈ ਤੇ ਪੱਛਮ ਵੱਲ ਸਿੰਧ। ਉਹ ਫਲ ਮੇਵੇ, ਖਜੂਰਾਂ, ਕਣਕ, ਕਪਾਹ ਤੇ ਕਮਾਦ ਆਦਿ ਦੀਆਂ ਭਰਪੂਰ ਫਸਲਾਂ ਦੇਣ ਵਾਲੀ ਧਰਤੀ ਹੈ। ਹੁਣ ਬਿਜਲੀ ਨੇ ਹੋਰ ਵੀ ਰੰਗ ਭਾਗ ਲਾ ਦਿੱਤੇ ਹਨ। ਮੁਜ਼ੱਫਰਗੜ੍ਹ, ਮੁਲਤਾਨ ਤੋਂ ਡੇਰਾ ਗਾਜ਼ੀਖਾਨ ਨੂੰ ਜਾਂਦੀ ਜਰਨੈਲੀ ਸੜਕ ਉੱਤੇ ਆਬਾਦ ਹੈ। ਹੁਣ ਉੱਥੇ ਪਾਕਿਸਤਾਨ ਦਾ ਥਰਮਲ ਪਾਵਰ ਸਟੇਸ਼ਨ ਹੈ। ਜਦੋਂ ਮਿਲਖਾ ਸਿੰਘ ਜੰਮਿਆ ਉਦੋਂ ਉਨ੍ਹਾਂ ਦਾ ਪਰਿਵਾਰ ਥੋੜ੍ਹੀ ਜਿਹੀ ਜ਼ਮੀਨ ਉੱਤੇ ਖੇਤੀਬਾੜੀ ਕਰਦਾ ਸੀ। ਉਨ੍ਹਾਂ ਦੇ ਦੋ ਕੱਚੇ ਕੋਠੇ ਸਨ। ਇਕ ਵਿਚ ਪਰਿਵਾਰ ਦੇ ਜੀਅ ਰਹਿੰਦੇ, ਦੂਜੇ ਵਿਚ ਤੂੜੀ-ਪੱਠੇ ਪਏ ਹੁੰਦੇ ਤੇ ਸਿਆਲ ਵਿਚ ਡੰਗਰ ਬੱਝਦੇ। ਘਰ ਦੀ ਕਣਕ, ਘਰ ਦਾ ਦੁੱਧ ਘਿਓ, ਘਰ ਦਾ ਚਾਰਾ ਤੇ ਘਰ ਦੀ ਸਬਜ਼ੀ ਭਾਜੀ ਖਾਣ ਪੀਣ ਲਈ ਹੁੰਦੀ। ਉਹ ਦਸਾਂ ਨਹੁੰਆਂ ਦੀ ਕਿਰਤ ਕਰਦੇ ਤੇ ਰੱਬ ਦਾ ਸ਼ੁਕਰ ਮਨਾਉਂਦੇ।

ਮਿਲਖਾ ਸਿੰਘ ਹੋਰੀਂ ਅੱਠ ਭੈਣ ਭਾਈ ਸਨ। ਪੰਜ ਭਰਾ ਤੇ ਤਿੰਨ ਭੈਣਾਂ। ਵੱਡਾ ਅਮੀਰ ਸਿੰਘ, ਫਿਰ ਦੌਲਤ ਸਿੰਘ, ਮੱਖਣ ਸਿੰਘ, ਮਿਲਖਾ ਸਿੰਘ ਤੇ ਸਭ ਤੋਂ ਛੋਟਾ ਗੋਬਿੰਦ ਸਿੰਘ ਸੀ। ਭੈਣਾਂ ਈਸ਼ਰ, ਹਰਬੰਸ ਤੇ ਮਖਣੀ ਸਨ। ਮਾਂ ਸਵਖਤੇ ਉੱਠਦੀ, ਚੱਕੀ ਝੋਂਦੀ, ਧਾਰਾਂ ਕੱਢਦੀ, ਮਧਾਣੀ ਪਾਉਂਦੀ ਤੇ ਟੱਬਰ ਦਾ ਖਾਣਾ ਤਿਆਰ ਕਰਦੀ। ਦਾਲ ਰਿੱਝਦੀ, ਤੰਦੂਰ ਤਪਦਾ ਤੇ ਰੋਟੀਆਂ ਦੇ ਪੂਰ ਲਹਿੰਦੇ। ਮਾਂ ਘਰ ਦੇ ਜੀਆਂ ਨੂੰ ਰੀਝ ਨਾਲ ਖਾਣਾ ਖੁਆਉਂਦੀ। ਦਾਲ ਸਬਜ਼ੀ ਵਿਚ ਦੇਸੀ ਘਿਓ ਤਰੋ ਤਰ ਹੁੰਦਾ। ਉਨ੍ਹਾਂ ਦਿਨਾਂ ਵਿੱਚ ਧੀਆਂ ਪੁੱਤਰਾਂ ਦੇ ਛੋਟੇ ਹੁੰਦਿਆਂ ਦੇ ਹੀ ਵਿਆਹ ਕਰ ਦਿੱਤੇ ਜਾਂਦੇ ਸਨ। ਅਮੀਰ, ਦੌਲਤ, ਮੱਖਣ, ਹਰਬੰਸ ਤੇ ਈਸ਼ਰ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਵਿਆਹ ਦਿੱਤੇ ਗਏ ਸਨ ਤੇ ਉਨ੍ਹਾਂ ਦੇ ਬਾਲ ਬੱਚੇ ਵੀ ਸਨ। ਵੰਡ ਵੇਲੇ ਮੱਖਣ ਸਿੰਘ ਫੌਜ ਵਿਚ ਸੀ ਤੇ ਮਿਲਖਾ ਸਿੰਘ ਸਕੂਲੇ ਪੜ੍ਹ ਰਿਹਾ ਸੀ।

ਪਿਤਾ ਚਾਹੁੰਦਾ ਸੀ ਕਿ ਉਹਦੇ ਬੱਚੇ ਪੜ੍ਹ ਜਾਣ ਪਰ ਗੋਬਿੰਦਪੁਰ ਵਿਚ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਸੀ। ਇਕ ਦਿਨ ਮੱਖਣ ਸਿੰਘ ਘਰਦਿਆਂ ਨੂੰ ਦੱਸੇ ਬਿਨਾਂ ਫੌਜ ਵਿਚ ਭਰਤੀ ਹੋ ਗਿਆ। ਮਾਂ ਉਹਦੇ ਵਿਜੋਗ ਵਿਚ ਰੋਣ ਕੁਰਲਾਉਣ ਲੱਗੀ। ਉਨ੍ਹੀਂ ਦਿਨੀ ਦੂਜੀ ਵਿਸ਼ਵ ਜੰਗ ਦੇ ਬੱਦਲ ਛਾਏ ਹੋਏ ਸਨ। ਮਾਂ ਆਪਣੇ ਪਤੀ ਨੂੰ ਵਾਰ ਵਾਰ ਕਹਿੰਦੀ ਕਿ ਮੱਖਣ ਨੂੰ ਲੱਭੋ ਤੇ ਮੋੜ ਕੇ ਘਰ ਲਿਆਓ, ਨਹੀਂ ਤਾਂ ਮੈਂ ਨਹੀਂ ਬਚਦੀ। ਪਿਤਾ ਮੱਖਣ ਨੂੰ ਲੱਭਦਾ ਮਦਰਾਸ ਗਿਆ ਤੇ ਦੋ ਹਫ਼ਤਿਆਂ ਦੀ ਭਾਲ ਪਿੱਛੋਂ ਪੁੱਤਰ ਨੂੰ ਮਿਲਿਆ। ਮੱਖਣ ਸਿੰਘ ਨੇ ਕਿਹਾ ਕਿ ਮੈਂ ਫੌਜ ਵਿਚ ਠੀਕ ਠਾਕ ਹਾਂ ਤੇ ਛੇ ਮਹੀਨਿਆਂ ਬਾਅਦ ਛੁੱਟੀ ਮਿਲਣ ’ਤੇ ਪਿੰਡ ਅਵਾਂਗਾ।

ਪਿਤਾ ਨੇ ਪਿੰਡ ਪਰਤ ਕੇ ਮੱਖਣ ਦੀ ਰਾਜ਼ੀ ਖ਼ੁਸ਼ੀ ਦੱਸੀ। ਮਾਂ ਸੰਭਲ ਗਈ। ਵੱਡੇ ਤਿੰਨੇ ਪੁੱਤਰ ਪੜ੍ਹ ਨਹੀਂ ਸੀ ਸਕੇ। ਪਿਤਾ ਸਮਝਦਾ ਸੀ ਕਿ ਕੋਈ ਪੜ੍ਹ ਲਵੇਗਾ ਤਾਂ ਉਹਦੀ ਜੂੰਨ ਸੰਵਰ ਜਾਵੇਗੀ। ਮਿਲਖਾ ਸਿੰਘ ਦਾ ਬਚਪਨ ਖੇਡਣ ਮੱਲ੍ਹਣ ਵਾਲੇ ਨਿਆਣਿਆਂ ਵਾਂਗ ਬੀਤ ਰਿਹਾ ਸੀ। ਉਸ ਨੂੰ ਉਹਦੀ ਰੁਚੀ ਦੇ ਉਲਟ ਲਾਗਲੇ ਪਿੰਡ ਪੜ੍ਹਨੇ ਪਾ ਦਿੱਤਾ ਗਿਆ। ਉਹ ਬੋਰੀ ਬਸਤਾ ਲੈ ਕੇ ਮਦਰੱਸੇ ਜਾਂਦਾ, ਜਿੱਥੇ ਮੌਲਵੀ ਗ਼ੁਲਾਮ ਮੁਹੰਮਦ ਉਸ ਨੂੰ ਉਰਦੂ ਦੇ ਅੱਖਰ ਸਿਖਾਉਂਦਾ ਤੇ ਹਿਸਾਬ ਦੇ ਸੁਆਲ ਸਮਝਾਉਂਦਾ। ਮਦਰੱਸੇ ਤੋਂ ਛੁੱਟੀ ਮਿਲਦੀ ਤਾਂ ਉਹ ਟਟੀਹਰੀ ਬਣਿਆ ਘਰ ਨੂੰ ਦੌੜਦਾ। ਪ੍ਰਾਇਮਰੀ ਪਾਸ ਕਰਨ ਪਿੱਛੋਂ ਉਸ ਨੂੰ ਕੋਟ ਅੱਦੂ ਦੇ ਸਕੂਲ ਵਿਚ ਪੜ੍ਹਨੇ ਪਾਇਆ ਗਿਆ। ਉੁਹਦੇ ਨਾਲ ਉਹਦੇ ਪਿੰਡ ਦਾ ਸਾਹਿਬ ਸਿੰਘ ਵੀ ਸੀ।

ਕੋਟ ਅੱਦੂ ਗੋਬਿੰਦਪੁਰੇ ਤੋਂ ਸੱਤ ਮੀਲ ਸੀ ਜਿੱਥੇ ਪਹੁੰਚਣ ਨੂੰ ਦੋ ਘੰਟੇ ਲੱਗਦੇ। ਸਵੇਰੇ ਮੁਲਤਾਨ ਵਾਲੀ ਗੱਡੀ ਲੰਘਦੀ ਤਾਂ ਉਹ ਘਰੋਂ ਤੁਰ ਪੈਂਦੇ। ਗੱਡੀ ਸਕੂਲ ਲੱਗਣ ਤੋਂ ਦੋ ਘੰਟੇ ਪਹਿਲਾਂ ਲੰਘਦੀ ਸੀ ਜਿਸ ਨਾਲ ਪਤਾ ਲੱਗ ਜਾਂਦਾ ਸੀ ਕਿ ਸਕੂਲ ਜਾਣ ਦਾ ਵਕਤ ਹੋ ਗਿਆ। ਉਸ ਇਲਾਕੇ ਵਿਚ ਗਰਮੀ ਏਨੀ ਪੈਂਦੀ ਕਿ ਪਾਰਾ 50 ਡਿਗਰੀ ਤੋਂ ਵੀ ਉੱਪਰ ਚਲਾ ਜਾਂਦਾ। ਪੜ੍ਹਨ ਉਹ ਨੰਗੇ ਪੈਰੀਂ ਜਾਂਦੇ। ਰੇਤਲੇ ਰਾਹ ਉੱਤੇ ਮਿਲਖਾ ਸਿੰਘ ਦੇ ਪੈਰ ਤਪਦੇ ਤਾਂ ਉਹ ਦੌੜ ਕੇ ਕਿਸੇ ਕਿੱਕਰੀ ਦੀ ਛਾਵੇਂ ਖੜ੍ਹ ਕੇ ਠੰਢੇ ਕਰਦਾ। ਫਿਰ ਛਾਂ ਤੋਂ ਛਾਂ ਤਕ ਦੌੜਦਾ, ਖੜ੍ਹਦਾ, ਦੌੜਦਾ ਉਹ ਸੱਤ ਮੀਲ ਦਾ ਪੈਂਡਾ ਮੁਕਾਉਂਦਾ ਘਰ ਪਹੁੰਚਦਾ। ਤੱਤੀ ਰੇਤ ਉੱਤੇ ਲਾਈਆਂ ਦੌੜਾਂ ਉਹਦੇ ਜੀਵਨ ਦੀਆਂ ਮੁੱਢਲੀਆਂ ਦੌੜਾਂ ਸਨ ਜੋ ਬਾਅਦ ਵਿਚ ਓਲੰਪਿਕ ਖੇਡਾਂ ਤਕ ਜਾ ਪੁੱਜੀਆਂ। ਸਿਆਲ ਵਿਚ ਠਾਰੀ ਹੁੰਦੀ ਤਾਂ ਉਹ ਦੌੜ ਦੌੜ ਕੇ ਪੈਰ ਨਿੱਘੇ ਕਰਦਾ। ਇੰਜ ਉਹਦੀਆਂ ਲੱਤਾਂ ਵਿਚ ਤਾਕਤ ਭਰਦੀ ਗਈ ਪਰ ਸਰੀਰ ਇਕਹਿਰਾ ਹੀ ਰਿਹਾ।

ਫਿਰ 1947 ਦਾ ਸਾਲ ਆਇਆ। ਪੰਜਾਬੀਆਂ ਲਈ ਵੱਢ-ਟੁੱਕ ਦਾ ਸਾਲ। ਰਾਵਲਪਿੰਡੀ ਤੇ ਡੇਰਾ ਗ਼ਾਜ਼ੀਖ਼ਾਨ ਵੱਲੋਂ ਮਾਰਧਾੜ ਦੀਆਂ ਖ਼ਬਰਾਂ ਮੁਲਤਾਨ/ਮੁਜ਼ੱਫਰਗੜ੍ਹ ਵੱਲ ਵੀ ਪੁੱਜਣ ਲੱਗੀਆਂ। ਪੱਛਮੀ ਪੰਜਾਬ ਵਿੱਚੋਂ ਹਿੰਦੂ ਸਿੱਖ ਕੱਢੇ ਜਾਣ ਲੱਗੇ ਤੇ ਪੂਰਬੀ ਪੰਜਾਬ ਵਿੱਚੋਂ ਮੁਸਲਮਾਨ। ਹੋਰਨਾਂ ਪਿੰਡਾਂ ਦੇ ਜਨੂੰਨੀਆਂ ਵੱਲੋਂ ਗੋਬਿੰਦਪੁਰ ਵੀ ਧਮਕੀਆਂ ਪੁੱਜਣ ਲੱਗੀਆਂ ਕਿ ਜਾਂ ਤਾਂ ਮੁਸਲਮਾਨ ਬਣ ਜਾਓ, ਨਹੀਂ ਫਿਰ ਲੁੱਟੇ-ਪੁੱਟੇ ਤੇ ਮਾਰੇ ਜਾਣ ਲਈ ਤਿਆਰ ਰਹੋ। ਪਿੰਡ ਦੇ ਹਿੰਦੂ ਸਿੱਖਾਂ ਨੇ ਗੁਰਦਵਾਰੇ ਵਿਚ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਨਾ ਉਹ ਧਰਮ ਛੱਡਣਗੇ ਤੇ ਨਾ ਪਿੰਡ ਛੱਡਣਗੇ। ਆਲੇ ਦੁਆਲੇ ਦੇ ਪਿੰਡਾਂ ਵਿਚ ਹਿੰਦੂ ਸਿੱਖਾਂ ਦੇ ਘਰ ਲੁੱਟੇ ਪੁੱਟੇ ਤੇ ਸਾੜੇ ਜਾ ਰਹੇ ਸਨ। ਬੰਦੇ ਮਾਰੇ ਜਾ ਰਹੇ ਸਨ ਤੇ ਧੀਆਂ ਭੈਣਾਂ ਦੀ ਅਸਮਤ ਰੋਲੀ ਜਾ ਰਹੀ ਸੀ। ਚੁਫੇਰੇ ਸਹਿਮ ਦਾ ਮਾਹੌਲ ਸੀ। ਕਈ ਮਾਪੇ ਆਪਣੀਆਂ ਜੁਆਨ ਧੀਆਂ ਨੂੰ ਆਪਣੇ ਹੱਥੀਂ ਮਾਰ ਰਹੇ ਸਨ ਤਾਂ ਕਿ ਉਹ ਬਲਾਤਕਾਰਾਂ ਤੋਂ ਬਚ ਜਾਣ!

ਉਦੋਂ ਮੱਖਣ ਸਿੰਘ ਦੀ ਰਜਮੈਂਟ ਮੁਲਤਾਨ ਵਿਚ ਸੀ। ਉਸ ਨੂੰ ਪਤਾ ਲੱਗਾ ਕਿ ਉਸ ਦਾ ਪਿੰਡ ਖ਼ਤਰੇ ਵਿਚ ਹੈ। ਉਸ ਨੇ ਆਪਣੇ ਕਮਾਂਡਰ ਨੂੰ ਇਸ ਬਾਰੇ ਦੱਸਿਆ। ਕਮਾਂਡਰ ਨੇ ਮੱਖਣ ਸਿੰਘ ਨਾਲ ਕੁਝ ਸਿਪਾਹੀ ਭੇਜ ਦਿੱਤੇ। ਜਦੋਂ ਉਹ ਕੋਟ ਅੱਦੂ ਪੁੱਜੇ ਤਾਂ ਸ਼ਹਿਰ ਵਿਚ ਹਿੰਦੂ ਸਿੱਖਾਂ ਦੇ ਘਰ ਜਲ਼ ਰਹੇ ਸਨ। ਜਨੂੰਨੀ ਲੁਟੇਰੇ ਮਾਰੋ ਮਾਰ ਕਰਦੇ ਫਿਰ ਰਹੇ ਸਨ। ਸ਼ਹਿਰ ਦੀ ਪੁਲਿਸ ਦੰਗਾਕਾਰੀਆਂ ਨਾਲ ਰਲੀ ਹੋਈ ਸੀ। ਥਾਣੇਦਾਰ ਨੇ ਮੱਖਣ ਸਿੰਘ ਹੋਰਾਂ ਨੂੰ ਕਿਹਾ ਕਿ ਉਹ ਪੁਲਿਸ ਸਟੇਸ਼ਨ ਚਲੇ ਚੱਲਣ। ਥਾਣੇ ਤੋਂ ਉਹ ਉਨ੍ਹਾਂ ਨਾਲ ਪੁਲਿਸ ਦੇ ਸਿਪਾਹੀ ਭੇਜ ਦੇਣਗੇ ਤਾਂ ਜੋ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਭਾਰਤ ਪੁਚਾਇਆ ਜਾ ਸਕੇ। ਮੱਖਣ ਸਿੰਘ ਹੋਰੀਂ ਪੁਲਿਸ ਦੀ ਚਾਲ ਵਿਚ ਆ ਗਏ।

ਜਿਉਂ ਹੀ ਮੱਖਣ ਸਿੰਘ ਹੋਰੀਂ ਥਾਣੇ ਪਹੁੰਚੇ ਉਨ੍ਹਾਂ ਦੇ ਹਥਿਆਰ ਲੈ ਲਏ ਗਏ ਕਿ ਇਹ ਸੁਰੱਖਿਅਤ ਰਹਿਣਗੇ। ਮਿਲਟਰੀ ਅਨੁਸਾਸ਼ਨ ਦੇ ਪੱਕੇ ਫੌਜੀ ਸਮਝਦੇ ਸਨ ਕਿ ਦੰਗੇ ਰੋਕਣ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ। ਪਰ ਪੁਲਿਸ ਉਨ੍ਹਾਂ ਨਾਲ ਦਾਅ ਖੇਡ ਗਈ ਤੇ ਨਿਹੱਥੇ ਕੀਤੇ ਫੌਜੀਆਂ ਨੂੰ ਹਵਾਲਾਤ ਵਿੱਚ ਡੱਕ ਦਿੱਤਾ। ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸੰਪੂਰਨ ਸਿੰਘ ਥਾਣੇ ਵਿਚ ਮੱਖਣ ਸਿੰਘ ਦਾ ਪਤਾ ਲੈਣ ਗਿਆ। ਮੱਖਣ ਸਿੰਘ ਨੇ ਆਪਣੇ ਪਿਤਾ ਨੂੰ ਦੱਸ ਦਿੱਤਾ ਕਿ ਹੁਣ ਪਿੰਡ ਵਾਸੀਆਂ ਦੀ ਜਾਨ ਖ਼ਤਰੇ ਵਿਚ ਹੈ ਇਸ ਲਈ ਤੁਸੀਂ ਤੁਰਤ ਨਿਕਲ ਜਾਓ। ਪਿਤਾ ਪਿੰਡ ਮੁੜਿਆ ਤਾਂ ਲੋਕਾਂ ਨੇ ਇਕੱਠ ਕਰ ਕੇ ਫੈਸਲਾ ਕੀਤਾ ਕਿ ਪਿੰਡ ਕਿਸੇ ਹਾਲਤ ਵਿਚ ਵੀ ਨਹੀਂ ਛੱਡਣਾ। ਮਰਨਾ ਮਨਜ਼ੂਰ ਪਰ ਧਰਮ ਨਹੀਂ ਬਦਲਣਾ। ਔਰਤਾਂ ਨੂੰ ਗੁਰਦਵਾਰੇ ਅੰਦਰ ਭੇਜ ਕੇ ਬੰਦਿਆਂ ਨੇ ਪਿੰਡ ਦੁਆਲੇ ਪਹਿਰੇ ਲਾ ਲਏ।

ਉੱਧਰ ਪੁਲਿਸ ਨੇ ਜਨੂੰਨੀਆਂ ਨੂੰ ਹਥਿਆਰ ਦੇ ਕੇ ਗੋਬਿੰਦਪੁਰੇ ਵਿੱਚ ਕਤਲਾਮ ਕਰਨ ਦੀ ਖੁੱਲ੍ਹ ਦੇ ਦਿੱਤੀ। ਉਹ ਨਾਹਰੇ ਮਾਰਦੇ ਤੇ ਬਲਦੀਆਂ ਮਿਸ਼ਾਲਾਂ ਲੈ ਕੇ ਤੜਕੇ ਚਾਰ ਵਜੇ ਪਿੰਡ ਦੀ ਜੂਹ ਉੱਤੇ ਪੁੱਜ ਗਏ। ਪਿੰਡ ਦਾ ਨੰਬਰਦਾਰ ਹੌਂਸਲੇ ਨਾਲ ਘੋੜੇ ’ਤੇ ਸਵਾਰ ਹੋ ਕੇ ਉਨ੍ਹਾਂ ਕੋਲ ਪਹੁੰਚਾ ਤੇ ਪਿੰਡ ਦਾ ਫੈਸਲਾ ਦੱਸਿਆ ਕਿ ਨਾ ਤਾਂ ਉਹ ਪਿੰਡ ਛੱਡਣਗੇ ਤੇ ਨਾ ਹੀ ਧਰਮ ਬਦਲਣਗੇ। ਨੰਬਰਦਾਰ ਨੂੰ ਉਮੀਦ ਸੀ ਕਿ ਲੁਟੇਰੇ ਵਾਪਸ ਪਰਤ ਜਾਣਗੇ। ਪਰ ਉਹ ਤਾਂ ਗੋਲੀ ਸਿੱਕੇ ਨਾਲ ਲੈਸ ਸਨ। ਨੰਬਰਦਾਰ ਮੁੜਨ ਲੱਗਾ ਤਾਂ ਕਿਸੇ ਨੇ ਪਿੱਛੋਂ ਗੋਲੀ ਮਾਰ ਕੇ ਉਸ ਨੂੰ ਢੇਰ ਕਰ ਦਿੱਤਾ। ਫਿਰ ਹਮਲਾਵਰ ਮਾਰੋਮਾਰ ਕਰਦੇ ਪਿੰਡ ਉੱਤੇ ਆ ਚੜ੍ਹੇ। ਪਿੰਡ ਵਾਸੀਆਂ ਕੋਲ ਡਾਗਾਂ, ਤਲਵਾਰਾਂ ਤੇ ਕੁਹਾੜੀਆਂ ਹੀ ਸਨ। ਉਹ ਜਿੰਨਾ ਕੁ ਲੜ ਸਕਦੇ ਸਨ ਲੜੇ ਪਰ ਗੋਲੀ ਸਿੱਕੇ ਨਾਲ ਹਥਿਆਰਬੰਦ ਹਮਲਾਵਰਾਂ ਅੱਗੇ ਉਨ੍ਹਾਂ ਦੀ ਕੋਈ ਵਾਹ ਨਾ ਚੱਲੀ।

ਮਿਲਖਾ ਸਿੰਘ ਲੁਕ ਕੇ ਜਾਨ ਬਚਾ ਰਿਹਾ ਸੀ। ਪਿੰਡ ਵਿਚ ਕੋਹਰਾਮ ਮੱਚਿਆ ਪਿਆ ਸੀ। ਉਸ ਨੇ ਵੇਖਿਆ, ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਘਰ ਦੇ ਜੀਆਂ ਨੂੰ ਮਾਰਿਆ ਜਾ ਰਿਹਾ ਸੀ। ਲਹੂ ਲੁਹਾਣ ਹੋਏ ਪਿਤਾ ਨੇ ਮਿਲਖਾ ਸਿੰਘ ਨੂੰ ਵੇਖਿਆ ਤਾਂ ਉਸ ਨੇ ਮਰਨ ਤੋਂ ਪਹਿਲਾਂ ਆਖ਼ਰੀ ਬੋਲ ਬੋਲੇ, “ਦੌੜ ਜਾ ਪੁੱਤਰਾ, ਦੌੜ ਜਾਹ ...।””

ਮਿਲਖਾ ਸਿੰਘ ਜਾਨ ਬਚਾਉਂਦਾ ਗੋਬਿੰਦਪੁਰੇ ਤੋਂ ਦੌੜ ਪਿਆ। ਪੈਰੋਂ ਨੰਗਾ, ਹਮਲਾਵਰਾਂ ਤੋ ਤ੍ਰਹਿੰਦਾ, ਡੰਡੀਆਂ ਪਗਡੰਡੀਆਂ ਤੇ ਖੇਤਾਂ ਵਿਚ ਦੀ ਦੌੜਦਾ ਉਹ ਕੋਟ ਅੱਦੂ ਦੇ ਰੇਲਵੇ ਸਟੇਸ਼ਨ ’ਤੇ ਪੁੱਜਾ ਤੇ ਸਾਹਮਣੇ ਖੜ੍ਹੀ ਗੱਡੀ ਦੇ ਪਹਿਲੇ ਹੀ ਡੱਬੇ ਵਿਚ ਚੜ੍ਹ ਕੇ ਬੈਂਚ ਹੇਠ ਲੁਕ ਗਿਆ। ਗੱਡੀ ਲਹੂ ਨਾਲ ਲਿਬੜੀ ਹੋਈ ਸੀ ਜਿਵੇਂ ਉਹਦੇ ਵਿਚ ਵੀ ਵੱਢ-ਟੁੱਕ ਕੀਤੀ ਗਈ ਹੋਵੇ। ਜਿਸ ਡੱਬੇ ਵਿਚ ਮਿਲਖਾ ਸਿੰਘ ਲੁਕਿਆ ਉਹ ਜ਼ਨਾਨਾ ਡੱਬਾ ਸੀ। ਬੁਰਕੇ ਵਾਲੀਆਂ ਕੁਝ ਜ਼ਨਾਨੀਆਂ ਉਸ ਡੱਬੇ ਵਿਚ ਚੜ੍ਹੀਆਂ ਤਾਂ ਬੈਂਚ ਹੇਠ ਲੁਕਿਆ ਜੂੜੇ ਵਾਲਾ ਮੁੰਡਾ ਉਨ੍ਹਾਂ ਦੀ ਨਜ਼ਰੇ ਪੈ ਗਿਆ। ਉਹ ਜੇਬਕਤਰਾ ਸਮਝ ਕੇ ਰੌਲਾ ਪਾਉਣ ਲੱਗੀਆਂ ਤਾਂ ਮਿਲਖਾ ਸਿੰਘ ਨੇ ਮਿੰਨਤ ਕਰਦਿਆਂ ਉਨ੍ਹਾਂ ਦੇ ਪੈਰ ਪਕੜ ਲਏ। ਉਹਨੇ ਤਰਲਾ ਕੀਤਾ ਕਿ ਉਹਦੇ ਮਾਪੇ ਮਾਰੇ ਗਏ ਹਨ ਤੇ ਉਹ ਜਾਨ ਬਚਾ ਕੇ ਦੌੜਿਆ ਹੈ। ਜੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਹਨੂੰ ਵੀ ਮਾਰਿਆ ਜਾਵੇਗਾ।”

ਜ਼ਨਾਨੀਆਂ ਵਿਚ ਕੁਦਰਤੋਂ ਦਇਆ ਵੱਧ ਹੁੰਦੀ ਹੈ। ਉਹ ਮਸੂਮ ਮਿਲਖਾ ਸਿੰਘ ’ਤੇ ਤਰਸ ਕਰਦੀਆਂ ਚੁੱਪ ਕਰ ਗਈਆਂ ਤੇ ਉਸ ਨੂੰ ਲੁਕਿਆ ਰਹਿਣ ਦਿੱਤਾ। ਗੱਡੀ ਚੱਲ ਪਈ। ਜ਼ਨਾਨਾ ਡੱਬਾ ਹੋਣ ਕਰਕੇ ਉਹ ਕਿਸੇ ਦੀ ਨਜ਼ਰ ਨਾ ਪੈ ਸਕਿਆ ਵਰਨਾ ਰਾਹ ਵਿਚ ਹੀ ਗੱਡੀ ਵਿੱਚੋਂ ਉਤਾਰ ਲਿਆ ਜਾਂਦਾ ਤੇ ਮਾਰ ਦਿੱਤਾ ਜਾਂਦਾ। ਡਰਿਆ ਸਹਿਮਿਆ ਉਹ ਮੁਲਤਾਨ ਪੁੱਜ ਗਿਆ ਜਿੱਥੇ ਉਹ ਪਹਿਲਾਂ ਵੀ ਆਪਣੇ ਵੱਡੇ ਭਰਾ ਮੱਖਣ ਸਿੰਘ ਕੋਲ ਜਾ ਆਇਆ ਸੀ। ਰੇਲਵੇ ਸਟੇਸ਼ਨ ਤੋਂ ਉਹ ਸਿੱਧਾ ਫੌਜ ਦੀਆਂ ਬੈਰਕਾਂ ਵਿਚ ਮੱਖਣ ਸਿੰਘ ਦੇ ਕੁਆਟਰ ਪੁੱਜਾ। ਉੱਥੇ ਉਸ ਦੀ ਭਰਜਾਈ ਜੀਤ ਆਪਣੇ ਪਤੀ ਦੀ ਉਡੀਕ ਵਿਚ ਸੀ ਜੋ ਅਜੇ ਮੁੜਿਆ ਨਹੀਂ ਸੀ। ਮੱਖਣ ਸਿੰਘ ਤਿੰਨ ਚਾਰ ਦਿਨਾਂ ਬਾਅਦ ਮੁੜਿਆ ਤਾਂ ਦੋਵੇਂ ਭਰਾ ਫੁੱਟ ਫੁੱਟ ਕੇ ਰੋਏ ਤੇ ਜੀਤ ਉਨ੍ਹਾਂ ਨੂੰ ਵਰਾਉਂਦੀ ਰਹੀ।

ਮੱਖਣ ਸਿੰਘ ਨੇ ਦੱਸਿਆ ਕਿ ਸਾਨੂੰ ਕੋਟ ਅੱਦੂ ਦੀ ਪੁਲਿਸ ਨੇ ਬੰਦੀ ਬਣਾ ਲਿਆ ਸੀ। ਜਦੋਂ ਅਸੀਂ ਵਾਪਸ ਨਾ ਮੁੜ ਸਕੇ ਤਾਂ ਸਾਡੇ ਕਮਾਂਡਿੰਗ ਅਫਸਰ ਨੇ ਪੁਲਿਸ ਨੂੰ ਟੈਲੀਫੋਨ ਕੀਤਾ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ। ਫਿਰ ਉਹ ਆਪ ਸਿਪਾਹੀਆਂ ਦੇ ਦੋ ਟਰੱਕ ਲੈ ਕੇ ਕੋਟ ਅੱਦੂ ਆਇਆ ਤੇ ਸਾਨੂੰ ਪੁਲਿਸ ਦੀ ਕੈਦ ਵਿੱਚੋਂ ਛੁਡਾਇਆ। ਉੱਥੋ ਅਸੀਂ ਗੋਬਿੰਦਪੁਰੇ ਗਏ ਤਾਂ ਪਿੰਡ ਵਿਚ ਗਿਰਝਾਂ ਤੇ ਕੁੱਤੇ ਲਾਸ਼ਾਂ ਦਾ ਮਾਸ ਚੂੰਡ ਰਹੇ ਸਨ। ਚਾਰ ਚੇਫੇਰੇ ਲਹੂ ਡੁੱਲ੍ਹਿਆ ਹੋਇਆ ਸੀ। ਜਿਊਂਦਾ ਇਕ ਬੰਦਾ ਵੀ ਪਿੰਡ ਵਿੱਚੋਂ ਨਾ ਲੱਭਾ। ਗਲੀਆਂ ਸੜੀਆਂ ਲਾਸ਼ਾਂ ਬੋਅ ਮਾਰ ਰਹੀਆਂ ਸਨ। ਵੱਢੀਆਂ ਟੁੱਕੀਆਂ ਉਹ ਏਨੀਆਂ ਬੇਪਛਾਣ ਹੋ ਚੁੱਕੀਆਂ ਸਨ ਕਿ ਘਰ ਦੇ ਜੀਆਂ ਨੂੰ ਪਛਾਨਣਾ ਵੀ ਮੁਸ਼ਕਲ ਸੀ।

ਸਿਪਾਹੀਆਂ ਨੇ ਸਾਰੀਆਂ ਲਾਸ਼ਾਂ ਦਾ ਇਕ ਥਾਂ ਢੇਰ ਲਾਇਆ। ਕੁਝ ਲੱਕੜਾਂ ਇਕੱਠੀਆਂ ਕੀਤੀਆਂ ਤੇ ਮਿੱਟੀ ਦਾ ਤੇਲ ਪਾ ਕੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ। ਇਹ ਤਾਂ ਬਾਅਦ ਵਿਚ ਪਤਾ ਲੱਗਾ ਕਿ ਮਿਲਖਾ ਸਿੰਘ ਦੇ ਮਾਂ ਬਾਪ, ਵੱਡੇ ਭਰਾ ਅਮੀਰ ਤੇ ਦੌਲਤ ਦੇ ਪਰਿਵਾਰ, ਭੈਣ ਮਖਣੀ ਤੇ ਛੋਟੇ ਭਰਾ ਗੋਬਿੰਦੇ ਸਮੇਤ ਸਾਰੇ ਮਾਰ ਦਿੱਤੇ ਗਏ ਸਨ। ਪਿੱਛੋਂ ਖ਼ਬਰ ਮਿਲੀ ਕਿ ਅਮੀਰ ਤੇ ਦੌਲਤ ਨੇ ਮਰਨ ਤੋਂ ਪਹਿਲਾਂ ਆਪਣੀਆਂ ਪਤਨੀਆਂ ਤੇ ਧੀਆਂ ਆਪਣੇ ਹੱਥੀਂ ਮਾਰ ਦਿੱਤੀਆਂ ਸਨ ਕਿ ਹਮਲਾਵਰਾਂ ਦੀ ਹਵਸ ਦਾ ਸ਼ਿਕਾਰ ਨਾ ਹੋਣ। ਗੁਰਦਵਾਰੇ ਨੂੰ ਅੱਗ ਲਾਈ ਗਈ ਤਾਂ ਮਿਲਖਾ ਸਿੰਘ ਦੀ ਭੈਣ ਹਰਬੰਸ ਕੁਝ ਸਮੇਂ ਲਈ ਬਾਹਰ ਗਈ ਹੋਈ ਸੀ। ਜਦੋਂ ਉਸ ਨੇ ਆਪਣੀ ਧੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਮੁੜ ਗੁਰਦਵਾਰੇ ਵਿਚ ਗਈ ਤੇ ਅੱਗ ਦੀਆਂ ਲਾਟਾਂ ਵਿੱਚੋਂ ਧੀ ਨੂੰ ਕੱਢ ਲਿਆਈ। ਅਜਿਹੀ ਸੀ ਮਾਂ ਦੀ ਮਮਤਾ!

ਮੁਲਤਾਨ ਦੀਆਂ ਫੌਜੀ ਬੈਰਕਾਂ ਵਿਚ ਹਿੰਦੂ ਸਿੱਖਾਂ ਦੇ ਪਰਿਵਾਰਾਂ ਨੂੰ ਖ਼ਤਰਾ ਵੇਖਦਿਆਂ ਆਰਮੀ ਵੱਲੋਂ ਸਰਕੂਲਰ ਕੱਢਿਆ ਗਿਆ ਕਿ ਪਰਿਵਾਰਾਂ ਨੂੰ ਭਾਰਤ ਭੇਜ ਦਿੱਤਾ ਜਾਵੇ। ਹੋਰਨਾਂ ਪਰਿਵਾਰਾਂ ਨਾਲ ਮਿਲਖਾ ਸਿੰਘ ਤੇ ਉਸ ਦੀ ਭਰਜਾਈ ਜੀਤ ਫੌਜੀ ਟਰੱਕ ਵਿਚ ਚੜ੍ਹ ਗਏ ਤੇ ਹੁਸੈਨੀਵਾਲੇ ਦੇ ਪੁਲ ਉੱਤੋਂ ਦੀ ਫਿਰੋਜ਼ਪੁਰ ਪੁੱਜੇ। ਅੱਠ ਘੰਟਿਆਂ ਦਾ ਉਹ ਸਫ਼ਰ ਬੜਾ ਖ਼ੌਫ਼ਨਾਕ ਸੀ। ਥਾਂ ਪਰ ਥਾਂ ਗੋਲੀਆਂ ਚੱਲਦੀਆਂ ਤੇ ਟਰੱਕ ਵਿੱਚੋਂ ਲਾਸ਼ਾਂ ਦੇ ਢੇਰ ਦਿਸਦੇ। ਪਾਣੀ ਵਿਚ ਲਹੂ ਤਰਦਾ ਦਿਸਦਾ। ਗਿਰਝਾਂ ਮੁਰਦਿਆਂ ਉੱਤੇ ਮੰਡਰਾਉਂਦੀਆਂ ਫਿਰਦੀਆਂ। ਉੱਜੜੇ ਪੁੱਜੜੇ ਲੋਕਾਂ ਦੇ ਕਾਫਲ਼ੇ ਏਧਰ ਓਧਰ ਜਾਂਦੇ ਦਿਸਦੇ। ਫਿਰੋਜ਼ਪੁਰ ਸਟੇਸ਼ਨ ਉੱਤੇ ਵੀ ਕਰਮਾਂ ਮਾਰੇ ਲੋਕਾਂ ਦੀ ਕੁਰਬਲ ਕੁਰਬਲ ਹੋ ਰਹੀ ਸੀ। ਆਪਣੇ ਪਿਆਰਿਆਂ ਦੀਆਂ ਮੌਤਾਂ ਦੇ ਦੁੱਖ ਨਾਲ ਸ਼ਰਨਾਰਥੀਆਂ ਨੂੰ ਪੇਟ ਦੀ ਭੁੱਖ ਵੀ ਸਤਾ ਰਹੀ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੌਣ ਜਿਊਂਦਾ ਬਚਿਆ ਹੈ ਤੇ ਕੌਣ ਮਰ ਗਿਆ ਹੈ!

ਕੁਝ ਸਮਾਂ ਸਟੇਸ਼ਨ ਉੱਤੇ ਕੱਟਣ ਪਿੱਛੋਂ ਮਿਲਖਾ ਸਿੰਘ ਨੂੰ ਇਕ ਕਮਰੇ ਦਾ ਉੱਜੜਿਆ ਘਰ ਮਿਲ ਗਿਆ ਤੇ ਉਹ ਦੋਵੇਂ ਜੀਅ ਉੱਥੇ ਚਲੇ ਗਏ। ਭੁੱਖ ਮਿਟਾਉਣ ਲਈ ਮਿਲਖਾ ਸਿੰਘ ਫੌਜੀਆਂ ਦੀ ਛਾਉਣੀ ਗਿਆ। ਫੌਜੀਆਂ ਦੇ ਬੂਟ ਪਾਲਸ਼ ਕੀਤੇ, ਸਾਫ਼ ਸਫਾਈ ਦਾ ਕੰਮ ਕੀਤਾ ਤੇ ਦੋ ਜਣਿਆਂ ਜੋਗੀ ਰੋਟੀ ਲੈ ਸਕਿਆ ਜੋ ਉਨ੍ਹਾਂ ਨੇ ਗੰਢੇ ਨਾਲ ਖਾਧੀ। ਮੱਖਣ ਸਿੰਘ ਦਾ ਅਤਾ ਪਤਾ ਨਹੀਂ ਸੀ ਮਿਲ ਰਿਹਾ। ਮਿਲਖਾ ਸਿੰਘ ਕੋਈ ਐਸਾ ਰੁਜ਼ਗਾਰ ਚਾਹੁੰਦਾ ਸੀ ਜਿਸ ਨਾਲ ਦੋਹਾਂ ਜਣਿਆਂ ਦਾ ਗੁਜ਼ਾਰਾ ਹੋ ਸਕੇ। ਪਰ ਫਿਰੋਜ਼ਪੁਰ ਵਿਚ ਐਸਾ ਕੋਈ ਰੁਜ਼ਗਾਰ ਨਹੀਂ ਸੀ। ਉੱਤੋਂ ਹੜ੍ਹ ਆ ਗਿਆ ਜਿਸ ਨਾਲ ਉਨ੍ਹਾਂ ਦਾ ਰੈਣਬਸੈਰਾ ਪਾਣੀ ਵਿਚ ਡੁੱਬ ਗਿਆ। ਉਨ੍ਹਾਂ ਨੇ ਛੱਤ ਉੱਤੇ ਚੜ੍ਹ ਕੇ ਜਾਨਾਂ ਬਚਾਈਆਂ।

ਹੜ੍ਹ ਕੁਝ ਲੱਥਾ ਤਾਂ ਉਨ੍ਹਾਂ ਨੇ ਲੱਕ ਲੱਕ ਪਾਣੀ ਵਿਚ ਇਕ ਦੂਜੇ ਦਾ ਹੱਥ ਫੜ ਕੇ ਰੇਲਵੇ ਸਟੇਸ਼ਨ ਦਾ ਰਾਹ ਫੜਿਆ। ਉਨ੍ਹਾਂ ਨੂੰ ਲੱਗਦਾ ਸੀ ਜੇ ਉਹ ਦਿੱਲੀ ਪੁੱਜ ਜਾਣ ਤਾਂ ਸ਼ਾਇਦ ਉੱਥੇ ਕੋਈ ਰੁਜ਼ਗਾਰ ਮਿਲ ਸਕੇ। ਸਟੇਸ਼ਨ ਉੱਤੇ ਬੇਅੰਤ ਭੀੜ ਸੀ ਤੇ ਦਿੱਲੀ ਜਾਣ ਵਾਲੀ ਗੱਡੀ ਤੂਸੀ ਪਈ ਸੀ। ਜਿਵੇਂ ਕਿਵੇਂ ਜੀਤ ਨੂੰ ਇਕ ਜ਼ਨਾਨੇ ਡੱਬੇ ਵਿੱਚ ਫਸਣ ਦੀ ਥਾਂ ਮਿਲ ਗਈ। ਮਿਲਖਾ ਸਿੰਘ ਡੱਬੇ ਦੀ ਛੱਤ ’ਤੇ ਚੜ੍ਹ ਗਿਆ। ਜੋ ਕੁਝ ਉਨ੍ਹਾਂ ਨੂੰ ਮੁਲਤਾਨ ਤੋਂ ਟਰੱਕ ਵਿਚ ਫਿਰੋਜ਼ਪੁਰ ਆਉਂਦਿਆਂ ਦਿਸਿਆ ਸੀ ਉਹੀ ਕੁਝ ਫਿਰੋਜ਼ਪੁਰ ਤੋਂ ਗੱਡੀ ਉੱਤੇ ਦਿੱਲੀ ਨੂੰ ਜਾਂਦਿਆਂ ਦਿਸਦਾ ਗਿਆ। ਥਾਂਓਂ ਥਾਂ ਲਹੂ ਡੁੱਲ੍ਹਿਆ, ਗਿਰਝਾਂ ਲਾਸ਼ਾਂ ਚੂੰਡਦੀਆਂ, ਬਿਪਤਾ ਮਾਰੇ ਲੋਕਾਂ ਦੇ ਆਉਂਦੇ ਜਾਂਦੇ ਕਾਫ਼ਲੇ ਤੇ ਲਹੂ ਭਰੇ ਛੱਪੜ ਤੇ ਨਦੀਆਂ ਨਾਲੇ। ਦਿੱਲੀ ਸਟੇਸ਼ਨ ਉੱਤੇ ਵੀ ਫਿਰੋਜ਼ਪੁਰ ਸਟੇਸ਼ਨ ਵਰਗਾ ਦ੍ਰਿਸ਼ ਸੀ। ਭੁੱਖ ਸੀ, ਗੰਦਗੀ ਸੀ ਤੇ ਖੋਹਾ ਖਿੰਝੀ ਸੀ। ਕੋਈ ਦਾਨੀ ਸੱਜਣ ਭੁੱਖਿਆਂ ਲਈ ਰੋਟੀਆਂ ਲਿਆਉਂਦਾ ਤਾਂ ਲੋਕ ਹਾਬੜ ਕੇ ਪੈਂਦੇ ਤੇ ਇਕ ਦੂਜੇ ਦੇ ਹੱਥੋਂ ਰੋਟੀਆਂ ਖੋਹਣ ਤਕ ਜਾਂਦੇ।
ਭਵਿੱਖ ਦਾ, ਭਾਰਤ, ਏਸ਼ੀਆ ਤੇ ਕਾਮਨਵੈਲਥ ਦੇਸ਼ਾਂ ਦਾ ਚੈਂਪੀਅਨ ਬਣਨ ਵਾਲਾ ਤੇ ਪਹਿਲਾ ਓਲੰਪਿਕ ਰਿਕਾਰਡ ਤੋੜਨ ਵਾਲਾ ਮਿਲਖਾ ਸਿੰਘ ਜੂਨ ਗੁਜ਼ਾਰੇ ਲਈ ਮਾਰਾ ਮਾਰਿਆ ਫਿਰਦਾ ਸੀ। ਆਖ਼ਰ ਉਸ ਨੂੰ ਅਜਮੇਰੀ ਗੇਟ ਦੇ ਇਕ ਦੁਕਾਨਦਾਰ ਨੇ ਸਾਫ਼ ਸਫ਼ਾਈ ਦਾ ਕੰਮ ਦਿੱਤਾ। ਉਹਦੇ ਬਦਲੇ ਉਸ ਨੇ ਮਿਲਖਾ ਸਿੰਘ ਨੂੰ ਮਹੀਨੇ ਦੇ ਸਿਰਫ਼ ਦਸ ਰੁਪਏ ਦੇਣੇ ਕੀਤੇ। ਉਹ ਲੂਣ ਮਿਰਚਾਂ ਨਾਲ ਬੇਹੀਆਂ ਰੋਟੀਅਂ ਖਾ ਕੇ ਗੁਜ਼ਰ ਬਸਰ ਕਰਦੇ। ਜਿੱਥੇ ਲਾਊਡ ਸਪੀਕਰ ਤੋਂ ਸ਼ਰਨਾਰਥੀਆਂ ਦੇ ਨਾਂ ਬੋਲੇ ਸਨ ਕਿ ਕੋਈ ਰਿਸ਼ਤੇਦਾਰ ਸੁਣਦਾ ਹੋਵੇ ਤਾਂ ਆ ਕੇ ਮਿਲੇ, ਉੱਥੇ ਮਿਲਖਾ ਸਿੰਘ ਨੇ ਵੀ ਨਾਂ ਦਰਜ ਕਰਾਇਆ ਸੀ। ਇਕ ਦਿਨ ਉਸ ਦੇ ਨਾਂ ਦੀ ਅਵਾਜ਼ ਪਈ ਤਾਂ ਉਹ ਕੀ ਵੇਖਦੈ ਕਿ ਉਸ ਦੀ ਭੈਣ ਈਸ਼ਰ ਕੌਰ ਉਸ ਨੂੰ ਮਿਲ ਪਈ। ਉਨ੍ਹਾਂ ਨੇ ਰੋ ਧੋ ਕੇ ਪਰਿਵਾਰ ਦੇ ਜੀਆਂ ਦੇ ਮਰਨ ਦਾ ਦੁੱਖ ਸਾਂਝਾ ਕੀਤਾ।

ਈਸ਼ਰ ਦੇ ਸਹੁਰੇ ਹੈਦਰਾਬਾਦ ਸਿੰਧ ਵਿਚ ਰਹਿੰਦੇ ਸਨ। ਉਹ ਜਾਨਾਂ ਬਚਾ ਕੇ ਦਿੱਲੀ ਸ਼ਾਹਦਰੇ ਪਹੁੰਚ ਚੁੱਕੇ ਸਨ। ਈਸ਼ਰ ਦੇ ਪਤੀ ਦਾ ਪਰਿਵਾਰ ਕਾਫ਼ੀ ਵੱਡਾ ਸੀ। ਜੀਤ ਉਸ ਦੇ ਪਤੀ ਦੀ ਹੀ ਭੈਣ ਸੀ। ਅਜਿਹੇ ਵਿਆਹ ਨੂੰ ਵੱਟੇ ਦਾ ਵਿਆਹ ਕਿਹਾ ਜਾਂਦਾ ਸੀ ਜੋ ਰਾਠੌੜ ਸਿੱਖਾਂ ਵਿਚ ਪ੍ਰਚਲਿਤ ਸੀ। ਈਸ਼ਰ ਉਨ੍ਹਾਂ ਨੂੰ ਸ਼ਾਹਦਰੇ ਲੈ ਗਈ। ਉੱਥੇ ਜੀਤ ਤਾਂ ਘਰ ਦੀ ਧੀ ਹੋਣ ਕਰਕੇ ਸਵੀਕਾਰੀ ਗਈ ਜਦ ਕਿ ਮਿਲਖਾ ਸਿੰਘ ਨੂੰ ਦੁਰਕਾਰਾਂ ਮਿਲਦੀਆਂ ਰਹੀਆਂ। ਭੈਣ ਈਸ਼ਰ ਲਕੋਈ ਛਪੋਈ ਬੇਹੀ ਰੋਟੀ ਵੀ ਭਰਾ ਨੂੰ ਲੁਕਾ ਛਿਪਾ ਕੇ ਦਿੰਦੀ ਜਿਸ ਨੂੰ ਉਹ ਗੰਢੇ ਤੇ ਪਾਣੀ ਨਾਲ ਨਿਗਲਦਾ। ਉਦੋਂ ਉਸ ਨੂੰ ਮਾਂ ਦੇ ਖੁਆਏ ਪਰੌਂਠੇ ਯਾਦ ਆਉਂਦੇ ਤੇ ਉਹਦਾ ਰੋਣ ਨਿਕਲ ਜਾਂਦਾ। ਉਸ ਨੂੰ ਆਪਣੀ ਭੈਣ ਉੱਤੇ ਵੀ ਤਰਸ ਆਉਂਦਾ ਜੋ ਨੌਕਰਾਣੀ ਵਾਂਗ ਵੱਡੇ ਟੱਬਰ ਦੀ ਦਿਨ ਰਾਤ ਸੇਵਾ ਕਰਦੀ। ਫਿਰ ਵੀ ਉਸ ਨੂੰ ਕੁੱਟਿਆ ਮਾਰਿਆ ਜਾਂਦਾ।

ਇਸੇ ਦੌਰਾਨ ਪਤਾ ਲੱਗਾ ਕਿ ਮੱਖਣ ਸਿੰਘ ਭਾਰਤ ਪੁੱਜ ਗਿਆ ਹੈ ਪਰ ਅਜੇ ਦਿੱਲੀ ਨਹੀਂ ਸੀ ਅੱਪੜਿਆ। ਮਿਲਖਾ ਸਿੰਘ ਭਰਾ ਦੀ ਉਡੀਕ ਕਰਨ ਲੱਗਾ ਕਿ ਹੋ ਸਕਦੈ ਉਹਦੇ ਆਉਣ ਨਾਲ ਉਹਦੀ ਤੇ ਉਹਦੀ ਭੈਣ ਦੀ ਹਾਲਤ ਕੁਝ ਸੁਧਰ ਸਕੇ। ਉਦੋਂ ਤਕ ਉਹਦੇ ਮੁੱਛ ਫੁੱਟ ਚੁੱਕੀ ਸੀ। ਮੁਹੱਲੇ ਵਾਲੇ ਮਿਊਂਸਪਲ ਕਮੇਟੀ ਦੇ ਇਕ ਨਲਕੇ ਤੋਂ ਪਾਣੀ ਭਰਦੇ ਸਨ ਜਿੱਥੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ। ਉਨ੍ਹਾਂ ਵਿਚ ਇਕ ਲੜਕੀ ਖੜ੍ਹੀ ਹੁੰਦੀ ਜੋ ਮਿਲਖਾ ਸਿੰਘ ਦੇ ਮਨ ਨੂੰ ਭਾਉਂਦੀ। ਉਹ ਉਸ ਦੀ ਬਾਲਟੀ ਆਪਣੀ ਥਾਵੇਂ ਭਰਾਉਂਦਾ ਤੇ ਕਈ ਵਾਰ ਭਰੀ ਹੋਈ ਬਾਲਟੀ ਉਹਦੇ ਨਾਲ ਚੁੱਕੀ ਜਾਂਦਾ। ਇਕ ਵਾਰ ਉਹ ਸਾਰਾ ਦਿਨ ਘੁੰਮਦੇ ਰਹੇ। ਕੁੜੀ ਘਰ ਗਈ ਤਾਂ ਮਾਪਿਆਂ ਨੇ ਕੁੱਟ ਧਰੀ ਤੇ ਜਿਹੋ ਜਿਹਾ ਵੀ ਮੁੰਡਾ ਮਿਲਿਆ, ਉਹਦਾ ਤੁਰਤ ਵਿਆਹ ਕਰ ਦਿੱਤਾ। ਮਿਲਖਾ ਸਿੰਘ ਦਾ ਦਿਲ ਟੁੱਟ ਗਿਆ। ਉਸ ਦੇ ਹਾਲਾਤ ਹੋਰ ਬਦਤਰ ਹੋ ਗਏ। ਤੰਗ ਹੋਇਆ ਉਹ ਲਫੰਡਰਾਂ ਦੀ ਢਾਣੀ ਨਾਲ ਰਲ ਗਿਆ ਤੇ ਚੋਰੀਆਂ ਚਕਾਰੀਆਂ ਕਰਨ ਲੱਗਾ।

ਉਹ ਮਾਲ ਗੱਡੀਆਂ ਵਿੱਚੋਂ ਕਣਕ, ਚੌਲ ਜਾਂ ਖੰਡ ਦੀਆਂ ਬੋਰੀਆਂ ਚੁਰਾਉਂਦੇ ਤੇ ਬਜ਼ਾਰ ਵਿਚ ਸਸਤੀਆਂ ਵੇਚ ਦਿੰਦੇ। ਜੂਆ ਖੇਡਦੇ ਤੇ ਪਤੰਗ ਚੜ੍ਹਾਉਂਦੇ। ਲੜਦੇ ਝਗੜਦੇ ਚਾਕੂ ਵੀ ਚਲਾ ਦਿੰਦੇ। ਇਕ ਵਾਰ ਉਹ ਦਿੱਲੀ ਵਿੱਚ ਰੇਲ ਦਾ ਬਿਨਟਿਕਟਾ ਸਫ਼ਰ ਕਰਦਾ ਫੜਿਆ ਗਿਆ। ਮੈਜਿਸਟ੍ਰੇਟ ਦੇ ਪੇਸ਼ ਕੀਤਾ ਤਾਂ ਪੰਦਰਾਂ ਰੁਪਏ ਜੁਰਮਾਨਾ ਜਾਂ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਹੋਈ। ਉਸ ਪਾਸ ਪੈਸਾ ਇਕ ਵੀ ਨਹੀਂ ਸੀ ਜਿਸ ਕਰਕੇ ਜੇਲ੍ਹ ਜਾਣਾ ਪਿਆ। ਭੈਣ ਨੂੰ ਪਤਾ ਲੱਗਾ ਤਾਂ ਉਸ ਨੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਜੁਰਮਾਨਾ ਭਰਿਆ ਤੇ ਭਰਾ ਨੂੰ ਜੇਲ੍ਹੋਂ ਕਢਾਇਆ। ਮਿਲਖਾ ਸਿੰਘ ਦੀ ਉਹਦੇ ਸਹੁਰੇ ਘਰ ਹੋਰ ਭੰਡੀ ਹੋਈ ਤੇ ਉਸ ਨੂੰ ਚੋਰ ਉਚੱਕਾ ਤੇ ਨਿਖੱਟੂ ਹੋਣ ਦੇ ਤਾਹਨੇ ਮਿਹਣੇ ਮਿਲਣ ਲੱਗੇ।

ਉੱਧਰ ਮੱਖਣ ਸਿੰਘ ਦੀ ਯੂਨਿਟ ਦਿੱਲੀ ਦੇ ਲਾਲ ਕਿਲੇ ਵਿਚ ਆ ਗਈ ਜਿੱਥੋਂ ਆਗਿਆ ਲੈ ਕੇ ਉਹ ਸ਼ਾਹਦਰੇ ਪਰਿਵਾਰ ਨੂੰ ਮਿਲਣ ਆਇਆ। ਮਿਲਖਾ ਸਿੰਘ ਆਪਣੇ ਵੱਡੇ ਭਰਾ ਨੂੰ ਧਾਅ ਕੇ ਮਿਲਿਆ ਕਿਉਂਕਿ ਉਹੀ ਹੁਣ ਉਸ ਦੇ ਮਾਪਿਆਂ ਦੀ ਥਾਂ ਸੀ। ਵੱਡੇ ਭਰਾ ਨੇ ਦਿਲਾਸਾ ਦਿੱਤਾ ਤੇ ਉਸ ਨੂੰ ਸਕੂਲੇ ਪੜ੍ਹਨੇ ਪਾਇਆ। ਪਰ ਮਿਲਖਾ ਸਿੰਘ ਦੀ ਹੁਣ ਪੜ੍ਹਾਈ ਵਿਚ ਰੁਚੀ ਨਹੀਂ ਸੀ ਰਹੀ। ਉਸ ਨੇ ਭੈਣ ਈਸ਼ਰ ਦੀ ਹੋ ਰਹੀ ਦੁਰਗਤ ਬਾਰੇ ਮੱਖਣ ਸਿੰਘ ਨੂੰ ਦੱਸਿਆ ਜਿਸ ਦਾ ਮੱਖਣ ਸਿੰਘ ਵੀ ਕੋਈ ਇਲਾਜ ਨਾ ਕਰ ਸਕਿਆ। ਇਕ ਦਿਨ ਸਹੁਰਿਆਂ ਨੇ ਬਿਨਾਂ ਕਾਰਨ ਉਹਦੀ ਭੈਣ ਨੂੰ ਫਿਰ ਕੁੱਟਿਆ ਤਾਂ ਮਿਲਖਾ ਸਿੰਘ ਤੋਂ ਬਰਦਾਸ਼ਤ ਨਾ ਹੋਇਆ। ਮੱਖਣ ਸਿੰਘ ਆਪਣੀ ਡਿਊਟੀ ’ਤੇ ਗਿਆ ਹੋਇਆ ਸੀ ਪਰ ਬੰਦੂਕ ਘਰ ਹੀ ਛੱਡ ਗਿਆ ਸੀ। ਮਿਲਖਾ ਸਿੰਘ ਨੇ ਬੰਦੂਕ ਚੁੱਕੀ ਤੇ ਭੈਣ ਨੂੰ ਕੁੱਟਣ ਵਾਲਿਆਂ ਵੱਲ ਸਿੱਧੀ ਕਰ ਕੇ ਦਹਾੜਿਆ, “ਖ਼ਬਰਦਾਰ, ਜੇ ਕਿਸੇ ਨੇ ਫਿਰ ਮੇਰੀ ਭੈਣ ’ਤੇ ਹੱਥ ਚੁੱਕਿਆ ਤਾਂ ਸਾਰੇ ਟੱਬਰ ਨੂੰ ਭੁੰਨ ਦੂੰ!””

ਉਸ ਪਿੱਛੋਂ ਈਸ਼ਰ ਦੀ ਜਾਨ ਕੁਝ ਸੌਖੀ ਹੋਈ। ਮਿਲਖਾ ਸਿੰਘ ਨੇ 1950-51 ਵਿਚ ਦੋ ਤਿੰਨ ਵਾਰ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਮਾੜਚੂ ਸਰੀਰ ਤੇ ਛਾਤੀ ਘੱਟ ਹੋਣ ਕਾਰਨ ਰੱਦ ਕਰ ਦਿੱਤਾ ਜਾਂਦਾ ਰਿਹਾ। ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਮਾੜੂਆ ਜਿਹਾ ਮੁੰਡਾ ਮੌਕਾ ਮਿਲਣ ’ਤੇ ਦੇਸ਼ ਦਾ ਨਾਂ ਚਮਕਾਏਗਾ! ਮੱਖਣ ਸਿੰਘ ਦੀ ਬਦਲੀ ਦਿੱਲੀ ਤੋਂ ਕਸ਼ਮੀਰ ਦੀ ਹੋ ਗਈ। ਉਹ ਦਿੱਲੀ ਤੋਂ ਜਾਣ ਲੱਗਾ ਤਾਂ ਮਿਲਖਾ ਸਿੰਘ ਨੇ ਵੱਡੇ ਭਰਾ ਨੂੰ ਕਿਹਾ, “ਮੈਨੂੰ ਫੌਜ ਵਿੱਚ ਭਰਤੀ ਕਰਵਾ ਦਿਓ, ਨਹੀਂ ਤਾਂ ਮੈਥੋਂ ਕੋਈ ਮਾੜਾ ਕੰਮ ਹੋ-ਜੂ। ਫਿਰ ਨਾ ਕਹਿਣਾ, ਪਰਿਵਾਰ ਦੇ ਨਾਂ ਨੂੰ ਕਲੰਕ ਲਾ ਦਿੱਤਾ।””

ਮੱਖਣ ਸਿੰਘ ਦੀ ਸਿਫ਼ਾਰਸ਼ ਨਾਲ ਉਹ ਕਸ਼ਮੀਰ ਦੇ ਇਕ ਭਰਤੀ ਸੈਂਟਰ ਵਿਚ ਨਵੰਬਰ 1952 ਵਿੱਚ ਸਿਪਾਹੀ ਭਰਤੀ ਹੋ ਗਿਆ। ਉਸ ਦਿਨ ਉਹ ਕਈ ਸਾਲਾਂ ਬਾਅਦ ਪਹਿਲੀ ਵਾਰ ਖ਼ੁਸ਼ ਹੋਇਆ। ਭਰਤੀ ਕੀਤੇ ਰੰਗਰੂਟਾਂ ਨੂੰ ਪਹਿਲਾਂ ਸ੍ਰੀਨਗਰ ਲਿਜਾਇਆ ਗਿਆ, ਫਿਰ ਪਠਾਨਕੋਟ ਤੇ ਅੱਗੇ ਉਹ ਸਿਕੰਦਰਾਬਾਦ ਸੈਂਟਰ ਪਹੁੰਚੇ ਜਿੱਥੇ ਇਲੈਕਟ੍ਰੀਕਲ ਇੰਜਨੀਅਰਿੰਗ ਕੋਰ ਦਾ ਟ੍ਰੇਨਿੰਗ ਸੈਂਟਰ ਸੀ। ਉਹੀ ਸੈਂਟਰ ਫਿਰ ਉਸ ਦੀ ਦੌੜ ਦਾ ਮੱਕਾ ਬਣਿਆ।

ਉੱਥੇ ਉਹ ਸਵੇਰੇ ਪੰਜ ਵਜੇ ਉੱਠਦਾ, ਹਾਜ਼ਰੀ ਲੱਗਦੀ, ਡਰਿੱਲ ਕਰਾਈ ਜਾਂਦੀ, ਕਸਰਤਾਂ ਹੁੰਦੀਆਂ ਤੇ ਚਾਂਦਮਾਰੀ ਦੇ ਨਿਸ਼ਾਨੇ ਲੱਗਦੇ। ਖਾਕੀ ਵਰਦੀ ਵਿਚ ਪਰੇਡ ਕਰਾਈ ਜਾਂਦੀ ਤੇ ਫੌਜੀ ਸਬਕ ਦਿੱਤੇ ਜਾਂਦੇ। ਉੱਥੇ ਸਖ਼ਤ ਅਨੁਸਾਸ਼ਨ ਲਾਗੂ ਸੀ। ਜੇ ਕੋਈ ਗ਼ਲਤੀ ਕਰਦਾ ਤਾਂ ਮੋਰਚੇ ਪੁੱਟਣ ਤੇ ਸਾਫ਼ ਸਫ਼ਾਈ ਕਰਨ ਦੀ ਸਜ਼ਾ ਮਿਲਦੀ। ਹੁਕਮ ਅਦੂਲੀ ਕਰਨ ਵਾਲਿਆਂ ਨੂੰ ਕੁਆਟਰ ਗਾਰਦ ਜਾਂ ਜੇਲ੍ਹ ਭੇਜਿਆ ਜਾਂਦਾ। ਰੰਗਰੂਟੀ ਨੇ ਵਿਗੜੇ ਹੋਏ ਮਿਲਖਾ ਸਿੰਘ ਨੂੰ ਤੀਰ ਵਾਂਗ ਸਿੱਧਾ ਕਰ ਦਿੱਤਾ। ਉਸ ਦੀ ਤਨਖਾਹ 39 ਰੁਪਏ ਮਹੀਨਾ ਸੀ ਜਿਸ ਨੂੰ ਉਹ ਗ਼ਨੀਮਤ ਸਮਝਦਾ। ਰਾਤ ਦੀ ਰੋਟੀ ਖਾ ਕੇ ਫੌਜੀ ਗੱਪ ਸ਼ੱਪ ਮਾਰਦੇ ਅਤੇ ਮਿਲਖਾ ਸਿੰਘ ਗੋਬਿੰਦਪੁਰੇ ਤੋਂ ਸਿੱਖੇ ਢੋਲੇ ਮਾਹੀਏ ਗਾਉਂਦਾ ਤੇ ਭੰਗੜਾ ਪਾਉਂਦਾ।

ਜਨਵਰੀ 1953 ਵਿੱਚ ਸਵੇਰ ਦੀ ਰੋਲ ਕਾਲ ਪਿੱਛੋਂ ਉਸਤਾਦ ਗੁਰਦੇਵ ਸਿੰਘ ਨੇ ਦੱਸਿਆ ਕਿ ਭਲਕੇ ਐਤਵਾਰ ਨੂੰ ਛੇ ਮੀਲ ਦੀ ਕਰਾਸ ਕੰਟਰੀ ਦੌੜ ਲੱਗੇਗੀ। ਜਿਹੜੇ ਦਸ ਜੁਆਨ ਸਭ ਤੋਂ ਮੂਹਰੇ ਆਉਣਗੇ ਉਨ੍ਹਾਂ ਨੂੰ ਇਕ ਇਕ ਗਲਾਸ ਦੁੱਧ ਦੀ ਸਪੈਸ਼ਲ ਡਾਈਟ ਲਾਈ ਜਾਵੇਗੀ। ਮਿਲਖਾ ਸਿੰਘ ਉਦੋਂ 21ਵੇਂ ਸਾਲ ਵਿਚ ਸੀ ਜਦੋਂ ਮੁਕਾਬਲੇ ਦੀ ਪਹਿਲੀ ਦੌੜ ਦੌੜਿਆ। ਇਸ ਉਮਰ ਵਿੱਚ ਅਥਲੀਟ ਓਲੰਪਿਕ ਖੇਡਾਂ ਦੇ ਚੈਂਪੀਅਨ ਬਣ ਜਾਂਦੇ ਹਨ। ਕਰਾਸ ਕੰਟਰੀ ਵਿਚ ਉਹ ਛੇਵੇਂ ਸਥਾਨ ’ਤੇ ਰਿਹਾ ਜਦ ਕਿ ਉਨ੍ਹਾਂ ਦਾ ਉਸਤਾਦ ਪਹਿਲੇ ਨੰਬਰ ’ਤੇ ਆਇਆ। ਉਸ ਨੇ ਤਿੰਨ ਸੌ ਜੁਆਨਾਂ ਦੀ ਹਾਜ਼ਰੀ ਵਿਚ ਮਿਲਖਾ ਸਿੰਘ ਨੂੰ 'ਸ਼ਾਬਾਸ਼ੇ' ਦਿੱਤੀ। ਦੁੱਧ ਦੇ ਗਲਾਸ ਨਾਲ ਉਸ ਨੂੰ ਦੌੜਨ ਦੀ ਹੋਰ ਪ੍ਰੈਕਟਿਸ ਕਰਵਾਈ ਜਾਣ ਲੱਗੀ।

ਛੇ ਹਫ਼ਤਿਆਂ ਬਾਅਦ ਸੈਂਟਰ ਦੀ ਅਥਲੈਟਿਕ ਮੀਟ ਆ ਗਈ। ਉਹਦੇ ਵਿਚ ਹੈਦਰਾਬਾਦ ਤੇ ਸਿਕੰਦਰਾਬਾਦ ਦੀਆਂ ਸਭ ਯੂਨਿਟਾਂ ਦੇ ਅਥਲੀਟਾਂ ਨੇ ਭਾਗ ਲੈਣਾ ਸੀ। ਗੁਰਦੇਵ ਸਿੰਘ ਨੇ ਮਿਲਖਾ ਸਿੰਘ ਨੂੰ ਪੁੱਛਿਆ, “400 ਮੀਟਰ ਦੌੜ ਲਏਂਗਾ?””

ਮਿਲਖਾ ਸਿੰਘ ਨੇ ਪੁੱਛਿਆ, “ਕਿੰਨੀ ਹੁੰਦੀ ਐ 400 ਮੀਟਰ?”

ਉੱਤਰ ਮਿਲਿਆ, “ਟਰੈਕ ਦਾ ਇਕ ਚੱਕਰ।””

ਮਿਲਖਾ ਸਿੰਘ ਨੇ ਕਿਹਾ, “ਇਕ ਚੱਕਰ ਕੀ, ਮੈਂ ਤਾਂ ਵੀਹ ਚੱਕਰ ਲਾ ਸਕਦਾਂ।””

ਉਸਤਾਦ ਨੇ ਸਮਝਾਇਆ ਕਿ ਇੱਕੋ ਚੱਕਰ ਵਿਚ ਵੀਹ ਚੱਕਰਾਂ ਜਿੰਨਾ ਜ਼ੋਰ ਲਾਉਣਾ ਹੈ।”

ਨਵੀਂ ਪੀੜ੍ਹੀ ਇਹ ਜਾਣ ਕੇ ਹੈਰਾਨ ਹੋਵੇਗੀ ਕਿ ਜਿਸ ਦੌੜਾਕ ਨੂੰ ਵੀਹ ਇੱਕੀ ਸਾਲ ਦੀ ਉਮਰ ਤਕ 400 ਮੀਟਰ ਦੌੜ ਦਾ ਪਤਾ ਹੀ ਨਹੀਂ ਸੀ ਉਹੀ ਦੌੜਾਕ ਉਸ ਦੌੜ ਵਿਚ ਓਲੰਪਿਕ ਖੇਡਾਂ ਦਾ ਰਿਕਾਰਡ ਤੋੜ ਗਿਆ! ਤਦੇ ਤਾਂ ਕਹਿੰਦੇ ਹਨ ਕਿ ਬੰਦੇ ਅੰਦਰ ਸੁੱਤੀਆਂ ਪਈਆਂ ਸੰਭਾਵਨਾਵਾਂ ਦਾ ਕੀ ਪਤਾ ਕਦੋਂ ਜਾਗ ਪੈਣ? ਹਰ ਜੁਆਨ ਅੰਦਰ ਮਿਲਖਾ ਸਿੰਘ ਮੌਜੂਦ ਹੈ। ਸਿਰਫ਼ ਜਗਾਉਣ ਦੀ ਲੋੜ ਹੈ।

ਮਿਲਖਾ ਸਿੰਘ 400 ਮੀਟਰ ਦੌੜ ਦੀ ਪ੍ਰੈਕਟਿਸ ਕਰਨ ਲੱਗਾ। ਪਹਿਲੇ ਦਿਨ 63 ਸੈਕੰਡ ਵਿਚ ਟ੍ਰੈਕ ਦਾ ਚੱਕਰ ਲੱਗਾ। ਏਨੇ ਕੁ ਸਮੇਂ ਵਿਚ ਲਗਪਗ ਹਰ ਹੁੰਦੜਹੇਲ ਨੌਜੁਆਨ ਇਹ ਦੌੜ, ਦੌੜ ਲੈਂਦੈ। ਮਿਲਖਾ ਸਿੰਘ ਦਾ ਕੱਦ 5 ਫੁੱਟ 9 ਇੰਚ ਹੋ ਗਿਆ ਸੀ ਪਰ ਸਰੀਰ ਦਾ ਇਕਹਿਰਾ ਹੋਣ ਕਰਾਨ ਭਾਰ ਡੇਢ ਕੁ ਮਣ ਹੀ ਸੀ। ਉਸ ਦੇ ਪੈਰ ਵੀ ਪਤਲੇ ਸਨ ਤੇ ਗਿੱਟੇ ਵੀ ਪਤਲੇ ਜਿਵੇਂ ਖਰਗੋਸ਼ ਜਾਂ ਸ਼ਿਕਾਰੀ ਕੁੱਤੇ ਦੇ ਹੋਣ। ਮੋਢਿਆਂ ਤੋਂ ਪੁੜਿਆ ਵੱਲ ਨੂੰ ਜੁੱਸਾ ਛਾਂਟਵਾਂ ਸੀ। ਲੱਕ ਲਚਕਵਾਂ ਸੀ ਜੋ ਦੌੜਨ ਲਈ ਚੰਗੇਰਾ ਸੀ। ਉਸਤਾਦ ਨੇ ਭਾਂਪ ਲਿਆ ਸੀ ਕਿ ਮਿਲਖਾ ਸਿੰਘ ਲੰਮੀਆਂ ਦੌੜਾਂ ਦੀ ਥਾਂ ਵਧੀਆ ਸਪਰਿੰਟਰ ਬਣ ਸਕਦਾ ਸੀ।

ਅਥਲੈਟਿਕ ਮੀਟ ਵਿਚ 400 ਮੀਟਰ ਦੀ ਦੌੜ ਸ਼ੁਰੂ ਹੋਣ ਲੱਗੀ ਤਾਂ ਫੌਜ ਦੇ ਮੰਨੇ ਦੰਨੇ ਦੌੜਾਕਾਂ ਵਿਚਕਾਰ ਮਿਲਖਾ ਸਿੰਘ ਵੀ ਨੰਗੇ ਪੈਰੀਂ ਖੜ੍ਹਾ ਸੀ। ਉਸ ਨੂੰ ਦੌੜ ਦੀਆਂ ਰਸਮਾਂ ਦਾ ਵੀ ਅਜੇ ਪੂਰਾ ਗਿਆਨ ਨਹੀਂ ਸੀ। ਮਿਲਖਾ ਸਿੰਘ ਫਿਰ ਵੀ ਚੌਥੇ ਨੰਬਰ ’ਤੇ ਆ ਗਿਆ ਤੇ ਬਰੀਗੇਡ ਦੀ 4+400 ਮੀਟਰ ਦੀ ਰਿਲੇਅ ਟੀਮ ਲਈ ਚੁਣਿਆ ਗਿਆ। ਫਿਰ ਉਹ ਗੰਭੀਰ ਹੋ ਕੇ ਦੌੜ ਦੀ ਪ੍ਰੈਕਟਿਸ ਕਰਨ ਲੱਗਾ। ਉਹ ਆਪਣੀ ਸਿਪਾਹੀ ਦੀ ਡਿਊਟੀ ਵੀ ਪੂਰੀ ਕਰਦਾ ਤੇ ਜਦੋਂ ਵਕਤ ਮਿਲਦਾ ਦੌੜ ਦਾ ਅਭਿਆਸ ਵੀ ਕਰੀ ਜਾਂਦਾ। ਉਹ ਰਾਤ ਦੀ ਰੋਟੀ ਲਿਆ ਕੇ ਪਲੇਟ ਨਾਲ ਢਕ ਦਿੰਦਾ ਤੇ ਚਾਰਪਾਈ ਹੇਠ ਰੱਖ ਜਾਂਦਾ। ਰਾਤ ਦੇ ਹਨੇਰੇ ਵਿਚ ਹੀ ਗਰਾਊਂਡ ਵਿਚ ਦੌੜਦਾ ਫਿਰਦਾ। ਇਕ ਚੱਕਰ ਲਾਉਂਦਾ, ਫਿਰ ਬੈਠ ਜਾਂਦਾ, ਫਿਰ ਚੱਕਰ ਲਾਉਂਦਾ ਫਿਰ ਬੈਠਦਾ। ਜਦੋਂ ਸਰੀਰ ਦੀ ਬੱਸ ਹੋ ਜਾਂਦੀ ਤਾਂ ਚਾਰਪਾਈ ਹੇਠੋਂ ਠੰਢੀ ਹੋਈ ਪਈ ਰੋਟੀ ਖਾ ਕੇ ਸੌਂ ਜਾਂਦਾ। ਉਸ ਨੂੰ ਦੌੜਨ ਦੀ ਕੋਈ ਸਾਇੰਟੇਫਿਕ ਕੋਚਿੰਗ ਨਹੀਂ ਸੀ ਮਿਲ ਰਹੀ। ਪਰ ਉਹ ਕੁਝ ਕਰ ਵਿਖਾਉਣ ਲਈ ਆਪਣੇ ਅੰਦਰਲੇ ਸਿਰੜ ਨਾਲ ਅੰਨ੍ਹੀ ਦੌੜ ਦੌੜੀ ਜਾਂਦਾ।

ਇਕ ਰਾਤ ਜਦੋਂ ਉਹ ਹਨ੍ਹੇਰੇ ਵਿਚ ਦੌੜ ਰਿਹਾ ਸੀ ਤਾਂ ਬਰਗੇਡੀਅਰ ਵੋਹਰਾ ਨੇ ਉਸ ਨੂੰ ਵੇਖ ਲਿਆ। ਬਰਗੇਡੀਅਰ ਡਿਨਰ ਕਰ ਕੇ ਸੈਰ ਕਰ ਰਿਹਾ ਸੀ। ਉਸ ਨੇ ਪੁੱਛ-ਗਿੱਛ ਕੀਤੀ। ਡਰੇ ਹੋਏ ਮਿਲਖਾ ਸਿੰਘ ਨੇ ਕਿਹਾ, “ਸਰ, ਮੈਂ ਬਰਗੇਡ ਦੀ ਟੀਮ ਵੱਲੋਂ ਦੌੜਨ ਜਾਣੈ। ਦਿਨੇ ਡਿਊਟੀ ਦੇਣ ਕਾਰਨ ਮੈਨੂੰ ਦੌੜਨ ਦਾ ਵਕਤ ਨਹੀਂ ਮਿਲਦਾ ਇਸ ਲਈ ਰਾਤ ਨੂੰ ਦੌੜ ਰਿਹਾਂ। ਮੈਨੂੰ ਮਾਫ਼ ਕਰ ਦਿੱਤਾ ਜਾਵੇ।””

ਬਰਗੇਡੀਅਰ ਨੇ ਅਗਲੇ ਦਿਨ ਜੇ. ਸੀ. ਓ. ਨੂੰ ਕਿਹਾ ਕਿ ਮਿਲਖਾ ਸਿੰਘ ਦੀ ਦਿਨ ਦੀ ਡਿਊਟੀ ਹਟਾ ਦਿੱਤੀ ਜਾਵੇ ਤਾਂ ਕਿ ਉਹ ਦੌੜਨ ਦੀ ਪ੍ਰੈਕਟਿਸ ਕਰ ਸਕੇ। ਨਾਲੇ ਉਹ ਮੈਨੂੰ ਮਿਲਣ ਆਵੇ। ਜੇ. ਸੀ. ਓ. ਨੇ ਹੁਕਮ ਮਿਲਖਾ ਸਿੰਘ ਦੇ ਉਸਤਾਦ ਨੂੰ ਪੁਚਾ ਦਿੱਤਾ। ਉਸਤਾਦ ਸਮਝ ਬੈਠਾ ਕਿ ਮਿਲਖਾ ਸਿੰਘ ਨੇ ਉਸ ਦੀ ਸ਼ਿਕਾਇਤ ਕੀਤੀ ਹੋਵੇਗੀ। ਉਸ ਤੋਂ ਅਸਲੀ ਗੱਲ ਪੁੱਛੇ ਬਿਨਾਂ ਉਸ ਨੇ ਮਿਲਖਾ ਸਿੰਘ ਦੀਆਂ ਪਸਲੀਆਂ ਵਿਚ ਡੰਡਾ ਚੁਭੋਂਦਿਆਂ ਕਿਹਾ, “ਤੈਨੂੰ ਕੋਈ ਸ਼ਿਕਾਇਤ ਸੀ ਤਾਂ ਮੈਨੂੰ ਦੱਸਦਾ। ਬਰੀਗੇਡੀਅਰ ਕੋਲ ਕਿਉਂ ਗਿਆ?” ਨਾਲ ਹੀ ਉਸ ਨੇ ਮਿਲਖਾ ਸਿੰਘ ਨੂੰ ਪਿੱਠੂ ਚੁੱਕ ਕੇ ਦੌੜਨ ਦੀ ਫਟੀਗ ਲਾ ਦਿੱਤੀ। ਇਉਂ ਉਸ ਦੀ ਹੋਰਨਾਂ ਜੁਆਨਾਂ ਸਾਹਮਣੇ ਬੇਇੱਜ਼ਤੀ ਹੋਈ।

ਸਜ਼ਾ ਭੁਗਤ ਕੇ ਮਿਲਖਾ ਸਿੰਘ ਨੇ ਅਸਲੀ ਗੱਲ ਦੱਸੀ ਤਾਂ ਉਸ ਨੂੰ ਦਿਨ ਦੀ ਡਿਊਟੀ ਤੋਂ ਛੋਟ ਦੇ ਦਿੱਤੀ ਗਈ। ਹਫ਼ਤੇ ਬਾਅਦ ਉਹ ਬਰੀਗੇਡੀਅਰ ਨੂੰ ਮਿਲ ਸਕਿਆ। ਬਰਗੇਡੀਅਰ ਵੋਹਰਾ ਪਿਆਰ ਨਾਲ ਮਿਲਿਆ, ਉਸ ਦਾ ਹੌਸਲਾ ਵਧਾਇਆ ਤੇ ਕਿਹਾ, ਜਦੋਂ ਵੀ ਜ਼ਰੂਰਤ ਪਵੇ ਉਹ ਬਿਨਾਂ ਝਿਜਕ ਮਿਲੇ। ਬਰਗੇਡੀਅਰ ਦੇ ਹੁਕਮ ਅਨੁਸਾਰ ਉਹਦੀ ਦਿਨ ਦੀ ਮੁਸ਼ੱਕਤ ਮਾਫ਼ ਕਰਨ ਨਾਲ ਦੌੜਨ ਲਈ ਸਹੂਲਤਾਂ ਵਧਾ ਦਿੱਤੀਆਂ ਗਈਆਂ। ਉਸ ਦੀ ਖੁਰਾਕ ਵਿਚ ਦੁੱਧ ਨਾਲ ਆਂਡੇ ਵੀ ਲਾ ਦਿੱਤੇ ਗਏ ਤੇ ਦੌੜਨ ਵਾਲੇ ਬੂਟ ਵੀ ਦਿੱਤੇ ਗਏ। ਇਹਦੇ ਨਾਲ ਮਿਲਖਾ ਸਿੰਘ ਲਈ ਦੌੜਾਂ ਦੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਗਏ!

ਦਸੰਬਰ 1954 ਵਿਚ ਸਿਕੰਦਰਾਬਾਦ ਵਿੱਚ ਈ. ਐੱਮ. ਈ. ਸੈਂਟਰ ਦੀ ਸਪੋਰਟਸ ਮੀਟ ਹੋਈ। ਉਸ ਵਿਚ ਮਿਲਖਾ ਸਿੰਘ 400 ਮੀਟਰ 52 ਸੈਕੰਡ ਵਿਚ ਦੌੜ ਕੇ ਫਸਟ ਆਇਆ। ਜਨਵਰੀ 1955 ਵਿਚ ਬਰੀਗੇਡ ਦੀ ਮੀਟ ਵਿੱਚ ਉਸ ਨੇ 50 ਸੈਕੰਡ ਟਾਈਮ ਕੱਢਿਆ ਤੇ ਸੈਕੰਡ ਰਿਹਾ। ਹੈਲਸਿੰਕੀ ਓਲੰਪਿਕਸ ਤੇ ਮਨੀਲਾ ਦੀਆਂ ਏਸ਼ਿਆਈ ਖੇਡਾਂ ਵਿਚ ਭਾਗ ਲੈ ਕੇ ਆਇਆ ਸੋਹਣ ਸਿੰਘ 49 ਸੈਕੰਡ ਨਾਲ ਪ੍ਰਥਮ ਰਿਹਾ। ਦੋ ਹਫ਼ਤੇ ਬਾਅਦ ਪੂਨੇ ਵਿਚ ਦੱਖਣੀ ਕਮਾਂਡ ਦੀ ਮੀਟ ਹੋਈ। ਸੋਹਣ ਸਿੰਘ ਉੱਥੇ ਦੌੜਿਆ ਹੀ ਨਾ ਤੇ ਮਿਲਖਾ ਸਿੰਘ 49.4 ਸੈਕੰਡ ਵਿਚ ਦੌੜ ਕੇ ਫਸਟ ਆ ਗਿਆ। ਫਿਰ ਅੰਬਾਲੇ ਸਾਰੀ ਫੌਜ ਦੀਆਂ ਖੇਡਾਂ ਹੋਈਆਂ। ਏਸ਼ਿਆਈ ਖੇਡਾਂ ਵਿੱਚੋਂ ਮੈਡਲ ਜਿੱਤਣ ਵਾਲਾ ਜੋਗਿੰਦਰ ਸਿੰਘ ਪ੍ਰਥਮ ਰਿਹਾ ਤੇ ਮਿਲਖਾ ਸਿੰਘ ਦੋਮ। ਇੰਜ ਉਹ ਭਾਰਤੀ ਫੌਜ ਦੀ ਟੀਮ ਵਿਚ ਚੁਣਿਆ ਗਿਆ।

1956 ਦੀਆਂ ਨੈਸ਼ਨਲ ਖੇਡਾਂ ਪਟਿਆਲੇ ਹੋਈਆਂ। ਮਹਾਰਾਜਾ ਯਾਦਵਿੰਦਰ ਸਿੰਘ ਨੇ ਖੇਡਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਇੱਥੇ ਜਿਹੜੇ ਖਿਡਾਰੀ ਵਧੀਆ ਨਤੀਜੇ ਦੇਣਗੇ ਉਨ੍ਹਾਂ ਨੂੰ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਦੀ ਤਿਆਰੀ ਲਈ ਚੁਣਿਆ ਜਾਵੇਗਾ। ਮੁਕਾਬਲੇ ਤੋਂ ਪਹਿਲਾਂ ਨੰਗੇ ਪੈਰੀਂ ਪ੍ਰੈਕਟਿਸ ਕਰਦਿਆਂ ਮਿਲਖਾ ਸਿੰਘ ਦੀ ਅੱਡੀ ਵਿਚ ਤਿੱਖਾ ਪੱਥਰ ਚੁੱਭ ਗਿਆ। ਖੂਨ ਨਿਕਲਿਆ, ਸੋਜ਼ ਹੋ ਗਈ ਪਰ ਮਿਲਖਾ ਸਿੰਘ ਨੇ ਪ੍ਰੈਕਟਿਸ ਜਾਰੀ ਰੱਖੀ ਜਿਸ ਨਾਲ ਜ਼ਖ਼ਮ ਵਿਗੜ ਗਿਆ। ਫਿਰ ਵੀ ਮਿਲਖਾ ਸਿੰਘ ਦੌੜ ਦੇ ਫਾਈਨਲ ਵਿਚ ਪੁੱਜ ਗਿਆ। ਉਸ ਦੇ ਪੈਰ ਦਾ ਬੁਰਾ ਹਾਲ ਵੇਖ ਕੇ ਡਾਕਟਰ ਨੇ ਉਸ ਨੂੰ ਦੌੜ ਵਿਚ ਭਾਗ ਲੈਣੋ ਵਰਜਿਆ। ਉਸ ਤੋਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸੀ ਹੁੰਦਾ ਪਰ ਉਹ ਹੱਠ ਕਰ ਕੇ ਦੌੜਿਆ ਤੇ ਚੌਥੇ ਨੰਬਰ ’ਤੇ ਆਇਆ।

ਮੈਲਬੌਰਨ ਦੀਆਂ ਓਲੰਪਿਕ ਖੇਡਾਂ ਲਈ ਕੋਚਿੰਗ ਕੈਂਪ ਵਾਸਤੇ ਜਿਨ੍ਹਾਂ ਅਥਲੀਟਾਂ ਦੀ ਚੋਣ ਕੀਤੀ ਗਈ ਉਨ੍ਹਾਂ ਵਿਚ ਮਿਲਖਾ ਸਿੰਘ ਦਾ ਨਾਂ ਨਹੀਂ ਸੀ। ਮਹਾਰਾਜੇ ਨੇ ਜ਼ਖਮੀ ਹਾਲਤ ਵਿਚ ਮਿਲਖਾ ਸਿੰਘ ਦੀ ਦੌੜ ਵੇਖੀ ਸੀ ਜਿਸ ਤੋਂ ਉਹ ਬੜਾ ਪ੍ਰਭਾਵਤ ਹੋਇਆ ਸੀ। ਜੇ ਉਹ ਜ਼ਖ਼ਮੀ ਨਾ ਹੁੰਦਾ ਤਾਂ ਸੰਭਵ ਸੀ ਦੌੜ ਜਿੱਤ ਲੈਂਦਾ। ਮਹਾਰਾਜੇ ਦੀ ਇੱਛਾ ਅਨੁਸਾਰ ਉਸ ਨੂੰ ਵੀ ਕੋਚਿੰਗ ਕੈਂਪ ਵਿਚ ਰੱਖ ਲਿਆ ਗਿਆ। ਕੋਚਿੰਗ ਕੈਂਪ ਬੰਗਲੌਰ ਲੱਗਾ ਜਿੱਥੇ ਮਿਲਖਾ ਸਿੰਘ ਨੂੰ ਪਹਿਲੀ ਵਾਰ ਸਾਇੰਟੇਫਿਕ ਕੋਚਿੰਗ ਮਿਲੀ। ਸਹੀ ਸਟਾਰਟ ਲੈਣ ਦਾ ਪਤਾ ਲੱਗਾ ਤੇ ਦੌੜ ਫਿਨਿਸ਼ ਕਰਨ ਦੀ ਜਾਚ ਆਈ। ਖੁਰਾਕ ਵੀ ਚੰਗੀ ਮਿਲਦੀ ਰਹੀ। ਉੱਥੇ ਹੀ ਉਸ ਨੂੰ ਪਹਿਲੀ ਵਾਰ ਸਪਾਈਕਸ ਪਾਉਣ ਲਈ ਮਿਲੇ। ਇਸ ਤੋਂ ਪਹਿਲਾਂ ਉਹ ਨੰਗੇ ਪੈਰੀਂ ਹੀ ਦੌੜਦਾ ਸੀ।

ਤਿੰਨ ਹਫ਼ਤਿਆਂ ਦੇ ਕੋਚਿੰਗ ਕੈਂਪ ਬਾਅਦ ਟਰਾਇਲ ਹੋਏ ਤਾਂ ਇੰਡੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਤੇ ਮਿਲਖਾ ਸਿੰਘ ਦਾ ਟਾਈਮ ਬਰਾਬਰ ਰਿਹਾ। ਦੋਹਾਂ ਨੇ 400 ਮੀਟਰ ਦੌੜ 48.2 ਸੈਕੰਡ ਵਿਚ ਦੌੜੀ। ਮੈਲਬੌਰਨ-1956 ਦੀਆਂ ਓਲੰਪਿਕ ਖੇਡਾਂ ਲਈ ਫਾਈਨਲ ਟਰਾਇਲ ਪਟਿਆਲੇ ਹੋਣੇ ਸਨ। ਪਹਿਲੀ ਵਾਰ ਤਾਂ ਪਟਿਆਲੇ ਉਹਦੀ ਅੱਡੀ ਵਿਚ ਤਿੱਖਾ ਪੱਥਰ ਚੁੱਭਿਆ ਸੀ। ਦੂਜੀ ਵਾਰ ਉਸ ਨੂੰ ਨਿਕਾਰਾ ਕਰਨ ਲਈ ਮੂੰਹ ਸਿਰ ਢਕੇ ਕੁਝ ਬੰਦਿਆਂ ਨੇ ਉਹਦੇ ਕਮਰੇ ਵਿਚ ਜਾ ਕੇ ਉਹਦੇ ਉੱਤੇ ਕੰਬਲ ਸੁੱਟਿਆ ਤੇ ਹਾਕੀਆਂ ਨਾਲ ਕੁੱਟਣ ਲੱਗੇ। ਉਹਦੀ ਚੀਕ ਪੁਕਾਰ ਸੁਣ ਕੇ ਜਦੋਂ ਉਹਦੇ ਸਾਥੀ ਮਿਲਖਾ ਸਿੰਘ ਕੋਲ ਪਹੁੰਚੇ ਉਦੋਂ ਤਕ ਹਮਲਾਵਰ ਭੱਜ ਚੁੱਕੇ ਸਨ। ਮਿਲਖਾ ਸਿੰਘ ਨੂੰ ਪਤਾ ਤਾਂ ਲੱਗ ਗਿਆ ਸੀ ਕਿ ਉਹ ਕੌਣ ਹੋ ਸਕਦੇ ਸਨ ਪਰ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ। ਉਸ ਨੂੰ ਰਗੜਾਂ ਤੇ ਗੁੱਝੀਆਂ ਸੱਟਾਂ ਲੱਗੀਆਂ ਸਨ, ਕੋਈ ਡੂੰਘਾ ਘਾਓ ਨਹੀਂ ਸੀ ਹੋਇਆ ਤੇ ਨਾ ਕੋਈ ਹੱਡੀ ਪੱਸਲੀ ਟੁੱਟੀ ਸੀ।

ਉਹ ਹੌਸਲੇ ਤੇ ਰੋਹ ਨਾਲ ਟਰਾਇਲ ਦੇਣ ਨਿੱਤਰਿਆ। ਇੱਥੇ ਵੀ ਡਾਕਟਰ ਨੇ ਦੌੜਨੋਂ ਮਨ੍ਹਾ ਕੀਤਾ ਪਰ ਮਿਲਖਾ ਸਿੰਘ ਸਮਝਦਾ ਸੀ ਉਹਦਾ ਭਵਿੱਖ ਇਸੇ ਦੌੜ ਉੱਤੇ ਹੈ। ਉਸ ਨੇ ਬੜੀਆਂ ਮੁਸੀਬਤਾਂ ਸਹੀਆਂ ਸਨ ਤੇ ਸੋਚਿਆ, “ਇਕ ਹੋਰ ਸਹੀ।””

ਉਹ ਸਟਾਰਟਿੰਗ ਲਾਈਨ ’ਤੇ ਆਇਆ ਤਾਂ ਦੂਜੇ ਦੌੜਾਕਾਂ ਨੇ ਉਸ ਵੱਲ ਹੈਰਾਨੀ ਨਾਲ ਵੇਖਿਆ। ਇਹ ਤਾਂ ਫੇਰ ਵੀ ਆ ਗਿਆ! ਦੌੜ ਸ਼ੁਰੂ ਹੋਈ ਤੇ ਚੈਂਪੀਅਨ ਬਣੇ ਆਉਂਦੇ ਦਬੰਗ ਦੌੜਾਕ ਪਛੜਨੇ ਸ਼ੁਰੂ ਹੋ ਗਏ। ਮਿਲਖਾ ਸਿੰਘ ਨੇ ਤਕਲੀਫ਼ ਦੀ ਪਰਵਾਹ ਨਾ ਕਰਦਿਆਂ ਆਪਣੀ ਸਾਰੀ ਸ਼ਕਤੀ ਦੌੜ ਵਿਚ ਝੋਕ ਦਿੱਤੀ ਤੇ ਸਭ ਤੋਂ ਅੱਗੇ ਨਿਕਲ ਗਿਆ। ਪਹਿਲੇ ਸਥਾਨ ’ਤੇ ਆਉਣ ਨਾਲ ਉਸ ਨੂੰ ਭਾਰਤ ਦੀ ਅਥਲੈਟਿਕ ਟੀਮ ਵਿਚ ਚੁਣ ਲਿਆ ਗਿਆ। ਇਸ ਨਾਲ ਮਿਲਖਾ ਸਿੰਘ ਨੂੰ ਸਾਰੀਆਂ ਤਕਲੀਫ਼ਾਂ ਭੁੱਲ ਗਈਆਂ ਤੇ ਉਸ ਨੇ ਕੁੱਟਣ ਮਾਰਨ ਵਾਲਿਆਂ ਨੂੰ ਵੀ ਮਾਫ਼ ਕਰ ਦਿੱਤਾ। ਇਹ ਉਸ ਦੀ ਵਡੱਤਣ ਸੀ ਕਿ ਹਮਲਾਵਰਾਂ ਨੂੰ ਜਾਣਦੇ ਹੋਏ ਵੀ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ। ਇਸ ਨਾਲ ਇਹ ਵੀ ਪਤਾ ਲੱਗਦੈ ਕਿ ਦੌੜਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਕਿਹੋ ਜਿਹੀਆਂ ਰੁਕਾਵਟਾਂ ਰਾਹ ਰੋਕਦੀਆਂ ਤੇ ਉਨ੍ਹਾਂ ਰੁਕਾਵਟਾਂ ਤੋਂ ਪਾਰ ਹੋਣ ਲਈ ਕਿਹੋ ਜਿਹੇ ਸਿਰੜ ਦੀ ਲੋੜ ਹੈ?

ਓਲੰਪਿਕ ਖੇਡਾਂ ਵਿਚ ਭਾਗ ਲੈਣਾ ਮਿਲਖਾ ਸਿੰਘ ਦੇ ਸੁਫ਼ਨੇ ਵਿਚ ਵੀ ਨਹੀਂ ਸੀ। ਜਿਸ ਦੌੜ ਦਾ ਤਿੰਨ ਸਾਲ ਪਹਿਲਾਂ ਉਸ ਨੂੰ ਪਤਾ ਵੀ ਨਹੀਂ ਸੀ ਕਿ ਕਿੰਨੀ ਹੁੰਦੀ ਹੈ ਉਹੀ ਦੌੜ ਉਸ ਦਾ ਕੈਰੀਅਰ ਬਣ ਗਈ। ਇੰਡੀਆ ਦੀ ਵਰਦੀ ਪਾਉਣ ਲਈ ਉਸ ਦਾ ਨਾਪ ਲਿਆ ਗਿਆ ਤੇ ਇੰਡੀਆ ਦੇ ਕਲਰ ਵਾਲਾ ਕੋਟ ਸੀਤਾ ਗਿਆ। ਇੰਡੀਆ ਦੀ ਜੇਬ ਵਾਲਾ ਕੋਟ ਪਾ ਕੇ ਉਹ ਫੁੱਲਿਆ ਨਹੀਂ ਸੀ ਸਮਾ ਰਿਹਾ। ਉਹ ਵਾਰ ਵਾਰ ਸ਼ੀਸ਼ਾ ਵੇਖਦਾ। ਆਸਟ੍ਰੇਲੀਆ ਜਾਣ ਤੋਂ ਪਹਿਲਾਂ ਇਹੋ ਕੋਟ ਪਾ ਕੇ ਉਹ ਭੈਣ ਨੂੰ ਮਿਲਿਆ। ਬੇਹੀਆਂ ਸੁੱਕੀਆਂ ਰੋਟੀਆਂ ਖਾਣ ਵਾਲਾ ਉਸ ਦਾ ਵੀਰ ਹੁਣ ਹਵਾਈ ਜਹਾਜ਼ਾਂ ਦਾ ਸਵਾਰ ਬਣ ਗਿਆ ਸੀ!

ਬੰਬਈ ਦੇ ਸ਼ਾਂਤਾ ਕਰੂਜ਼ ਹਵਾਈ ਅੱਡੇ ਤੋਂ ਭਾਰਤੀ ਟੀਮ ਹਵਾਈ ਜਹਾਜ਼ ਚੜ੍ਹੀ। ਜਹਾਜ਼ ਉਡਣ ਲੱਗਾ ਤਾਂ ਮਿਲਖਾ ਸਿੰਘ ਨੇ ਵਾਹਿਗੁਰੂ ਨੂੰ ਧਿਆਇਆ ਤੇ ਅੱਖਾਂ ਮੀਚ ਲਈਆਂ। ਇੰਜਣ ਦੇ ਧੂੰਏਂ ਤੋਂ ਉਸ ਨੇ ਸਮਝਿਆ ਕਿ ਜਹਾਜ਼ ਨੂੰ ਅੱਗ ਲੱਗ ਗਈ ਪਰ ਏਅਰ ਹੋਸਟੈੱਸ ਨੇ ਉਸ ਨੂੰ ਨਿਸ਼ਚਿੰਤ ਕੀਤਾ। ਇਹ ਉਸ ਦਾ ਪਹਿਲਾ ਹਵਾਈ ਸਫ਼ਰ ਸੀ। ਉਸ ਨੂੰ ਬੈਲਟ ਬੰਨ੍ਹਣੀ ਵੀ ਨਹੀਂ ਸੀ ਆ ਰਹੀ ਜੋ ਏਅਰ ਹੋਸਟੈੱਸ ਨੇ ਬੰਨ੍ਹੀ। ਮੈਲਬੌਰਨ ਉਹ ਓਲੰਪਿਕ ਪਿੰਡ ਵਿਚ ਰਹੇ ਜਿੱਥੇ ਮਹਿੰਦਰ ਸਿੰਘ ਉਹਦੇ ਨਾਲ ਰਿਹਾ। ਦੋਹਾਂ ਦਾ ਅੰਗਰੇਜ਼ੀ ਵੱਲੋਂ ਹੱਥ ਤੰਗ ਸੀ ਜਿਸ ਕਰਕੇ ਉਹ ਮਖੌਲਾਂ ਦੇ ਪਾਤਰ ਬਣਦੇ ਤੇ ਹੋਰਨਾਂ ਨੂੰ ਬਣਾਉਂਦੇ ਰਹੇ। ਉੱਥੇ ਉਹ ਅੰਗਰੇਜ਼ੀ ਡਾਨਸ ਕਰਨਾ ਵੀ ਸਿੱਖੇ ਪਰ ਡਾਨਸ ਉਹ ਭੰਗੜਾ ਪਾਉਣ ਵਾਂਗ ਹੀ ਕਰਦੇ। ਉੱਥੇ ਉਨ੍ਹਾਂ ਦੇ ਆਟੋਗਰਾਫ਼ ਲਏ ਜਾਂਦੇ ਤੇ ਰਾਤ ਨੂੰ ਸੌਣ ਲੱਗੇ ਉਹ ਗਿਣਦੇ ਕਿ ਅੱਜ ਕਿੰਨੇ ਦਸਖ਼ਤ ਕੀਤੇ!

ਮਿਲਖਾ ਸਿੰਘ ਬੇਸ਼ੱਕ ਆਪਣੀ ਪਹਿਲੀ ਹੀਟ ਵਿਚ ਫਾਡੀ ਰਹਿ ਕੇ ਦੌੜ ਤੋਂ ਬਾਹਰ ਹੋ ਗਿਆ ਪਰ ਮੈਲਬੌਰਨ ਤੋਂ ਨਵਾਂ ਉਤਸ਼ਾਹ ਲੈ ਕੇ ਮੁੜਿਆ। 400 ਮੀਟਰ ਦੌੜ ਦਾ ਓਲੰਪਿਕ ਚੈਂਪੀਅਨ ਅਮਰੀਕਾ ਦਾ ਚਾਰਲਸ ਜੈਂਕਿਨਸ ਉਨ੍ਹਾਂ ਦੇ ਨੇੜੇ ਹੀ ਠਹਿਰਿਆ ਹੋਇਆ ਸੀ। ਉਸ ਨੇ ਮਿਲਖਾ ਸਿੰਘ ਨੂੰ ਇਸ ਦੌੜ ਦੀ ਤਿਆਰੀ ਦੇ ਕੁਝ ਗੁਰ ਦੱਸੇ ਜੋ ਉਸ ਨੇ ਪੱਲੇ ਬੰਨ੍ਹ ਲਏ ਤੇ ਭਾਰਤ ਪਰਤ ਕੇ ਉਹਨਾਂ ਮੁਤਾਬਿਕ ਪ੍ਰੈਕਟਿਸ ਕਰਨ ਲੱਗਾ। ਕਦੇ ਉਹ ਭਾਰ ਚੁੱਕ ਕੇ ਦੌੜਦਾ, ਕਦੇ ਰੇਤੇ ’ਤੇ ਦੌੜਦਾ ਤੇ ਕਦੇ ਚੜ੍ਹਾਈ ਉੱਤੇ ਦੌੜਦਾ। ਜਿਮ ਜਾਂਦਾ, ਕਸਰਤਾਂ ਕਰਦਾ। ਕਰਾਸ ਕੰਟਰੀਆਂ ਤੇ ਫਾਰਟਲੇਕਾਂ ਲਾਉਂਦਾ। ਪਸੀਨਾ ਵਹਾਉਂਦਾ ਬੁਨੈਣਾਂ ਨਿਚੋੜਦਾ। ਮੁੜ੍ਹਕੇ ਨਾਲ ਮੱਘ ਭਰੀ ਜਾਂਦਾ। ਵਿਤੋਂ ਬਾਹਰਾ ਜ਼ੋਰ ਲਾਉਂਦਿਆਂ ਉਹ ਬੇਹੋਸ਼ ਹੁੰਦਾ ਤੇ ਕਦੇ ਕਦੇ ਲਹੂ ਦੀਆਂ ਉਲਟੀਆਂ ਕਰਦਾ। ਉਸ ਨੇ ਨਿਸ਼ਾਨਾ ਮਿਥ ਲਿਆ ਸੀ ਕਿ ਓਲੰਪਿਕ ਰਿਕਾਰਡ ਤੋੜਨਾ ਤੇ ਗੋਲਡ ਮੈਡਲ ਜਿੱਤਣਾ ਹੈ। ਉਹ ਪੋਹ ਮਾਘ ਦੀਆਂ ਠਾਰੀਆਂ ਤੇ ਜੇਠ ਹਾੜ੍ਹ ਦੀਆਂ ਧੁੱਪਾਂ ਵਿਚ ਵੀ ਦੌੜਿਆ ਫਿਰਦਾ। ਮਿਹਨਤ, ਮਿਹਨਤ ਤੇ ਸਖ਼ਤ ਮਿਹਨਤ ਹੀ ਉਸ ਦਾ ਰੋਜ਼ਾਨਾ ਰੁਟੀਨ ਸੀ। ਬਾਰਾਂ ਮਹੀਨੇ 365 ਦਿਨ। ਮੀਂਹ ਹਨੇਰੀ ਕੁਝ ਵੀ ਉਸ ਨੂੰ ਦੌੜਨੋਂ ਰੋਕ ਨਹੀਂ ਸਨ ਸਕਦੇ।

ਪਹਿਲਾਂ ਗੁਰਦੇਵ ਸਿੰਘ, ਫਿਰ ਬਲਦੇਵ ਸਿੰਘ, ਫਿਰ ਰਣਬੀਰ ਸਿੰਘ ਤੇ ਅਖ਼ੀਰ ਡਾ. ਹਾਵਰਡ ਦਾ ਚੰਡਿਆ ਉਹ ਤੇਜ਼ ਤੋਂ ਤੇਜ਼ ਦੌੜਨ ਲੱਗਾ। 1957 ਚੜ੍ਹਦਿਆਂ ਉਹਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਸਾਲ ਕੌਮੀ ਖੇਡਾਂ ਬੰਗਲੌਰ ਵਿਚ ਹੋਈਆਂ। ਉਸ ਨੇ 200 ਮੀਟਰ ਦੌੜ 21.3 ਤੇ 400 ਮੀਟਰ 47.5 ਸੈਕੰਡ ਵਿਚ ਦੌੜ ਕੇ ਦੋ ਗੋਲਡ ਮੈਡਲ ਜਿੱਤੇ। ਉਸ ਦੀਆਂ ਫੌਜ ਵਿਚ ਹੀ ਨਹੀਂ ਘਰ ਘਰ ਗੱਲਾਂ ਹੋਣ ਲੱਗੀਆਂ। 1958 ਦੀਆਂ ਨੈਸ਼ਨਲ ਖੇਡਾਂ ਕਟਕ ਦੇ ਬਾਰਾਬੱਤੀ ਸਟੇਡੀਅਮ ਵਿਚ ਹੋਈਆਂ ਤਾਂ ਮਿਲਖਾ ਸਿੰਘ ਨੇ ਕੱਟਕ ਹੀ ਚਾੜ੍ਹ ਦਿੱਤਾ। ਉਸ ਨੇ 200 ਮੀਟਰ ਦੌੜ 21.2 ਤੇ 400 ਮੀਟਰ 46.6 ਸੈਕੰਡ ਵਿਚ ਦੌੜ ਕੇ ਹੇਠਲੀ ਉੱਤੇ ਲਿਆ ਦਿੱਤੀ। ਇਹ ਨਾ ਸਿਰਫ਼ ਭਾਰਤ ਦੇ ਨਵੇਂ ਨੈਸ਼ਨਲ ਰਿਕਾਰਡ ਸਨ ਬਲਕਿ ਏਸ਼ੀਆ ਦੇ ਦੌੜਾਕਾਂ ਲਈ ਵੀ ਚੈਲੰਜ ਸਨ। ਦੋ ਮਹੀਨਿਆਂ ਬਾਅਦ ਟੋਕੀਓ ਦੀਆਂ ਏਸ਼ਿਆਈ ਖੇਡਾਂ ਹੋ ਰਹੀਆਂ ਸਨ। ਉਦੋਂ ਓਲੰਪਿਕ ਰਿਕਾਰਡ 45.9 ਸੈਕੰਡ ਸੀ ਜੋ ਉਸ ਦੀ ਪਹੁੰਚ ਵਿਚ ਆ ਗਿਆ ਸੀ। ਮਿਲਖਾ ਸਿੰਘ ਦੀ ਮਸ਼ਹੂਰੀ ਭਾਰਤ ਦੀਆਂ ਹੱਦਾਂ ਲੰਘ ਕੇ ਕੁਲ ਏਸ਼ੀਆ ਵਿਚ ਹੋਣੀ ਸ਼ੁਰੂ ਹੋ ਗਈ।

ਮਈ 1958 ਵਿਚ ਉਹ ਕਲਕੱਤੇ ਤੋਂ ਟੋਕੀਓ ਨੂੰ ਹਵਾਈ ਜਹਾਜ਼ ਚੜ੍ਹੇ। ਟੋਕੀਓ ਉਨ੍ਹਾਂ ਦਾ ਭਰਪੂਰ ਸਵਾਗਤ ਹੋਇਆ ਤੇ ਮੀਡੀਏ ਨੇ ਮਿਲਖਾ ਸਿੰਘ ਨੂੰ ਘੇਰੀ ਰੱਖਿਆ। ਮਿਲਖਾ ਸਿੰਘ ਜਿੱਥੇ ਵੀ ਜਾਂਦਾ ਕੈਮਰੇ ਉਹਦਾ ਸਵਾਗਤ ਕਰਦੇ। ਉੱਥੇ ਪ੍ਰਦੁਮਣ ਸਿੰਘ ਉਹਦਾ ਰੂਮਏਟ ਸੀ ਜਿਸ ਨੇ ਗੋਲੇ ਤੇ ਡਿਸਕਸ ਸੁੱਟਣ ਵਿਚ ਗੋਲਡ ਮੈਡਲ ਜਿੱਤੇ ਸਨ। ਉਨ੍ਹਾਂ ਦੇ ਕਮਰੇ ਵਿਚ ਸਵੇਰੇ ਜਪਾਨੀ ਕੁੜੀ ਚਾਹ ਲੈ ਕੇ ਆਈ ਤਾਂ ਉਸ ਨੇ ਮਿਲਖਾ ਸਿੰਘ ਨੂੰ 'ਗੁੱਡ ਮਾਰਨਿੰਗ' ਕਹਿੰਦਿਆਂ ਪੁੱਛਿਆ, “ਨਿੰਬੂ ਵਾਲੀ ਚਾਹ ਲਓਗੇ ਜਾਂ ਚੀਨੀ ਵਾਲੀ? ਜੇ ਚੀਨੀ ਵਾਲੀ ਪੀਓਗੇ ਤਾਂ ਕਿੰਨੀ ਚੀਨੀ ਪਾਵਾਂ?” ਉਸ ਨੇ ਬੜੇ ਪ੍ਰੇਮ ਨਾਲ ਮਿਲਖਾ ਸਿੰਘ ਨੂੰ ਚਾਹ ਬਣਾ ਕੇ ਪੇਸ਼ ਕੀਤੀ। ਜਦੋਂ ਉਹ ਪ੍ਰਦੁੱਮਣ ਸਿੰਘ ਨੂੰ ਚਾਹ ਪੁੱਛਣ ਲੱਗੀ ਤਾਂ ਮਚਲੇ ਜੱਟ ਨੇ ਕਿਹਾ, “ਮੈਂ ਚਾਹ ਫੇਰ ਪੀਊਂ, ਪਹਿਲਾਂ ਗੁੱਡ ਮਾਰਨਿੰਗ ਕਹਿ!” ਅਜਿਹਾ ਹਾਸਾ ਮਖੌਲ ਭਾਰਤੀ ਖਿਡਾਰੀ ਅਕਸਰ ਕਰਦੇ ਰਹਿੰਦੇ ਸਨ ਖ਼ਾਸ ਕਰ ਕੇ ਫੌਜ ਦੇ ਖਿਡਾਰੀ। ਮਿਲਖਾ ਸਿੰਘ ਤੇ ਪ੍ਰਦੁੱਮਣ ਸਿੰਘ ਭਗਤਾ ਇਕ ਦੂਜੇ ਨੂੰ 'ਨਿੰਬੂ ਵਾਲੀ ਚਾਹ' ਦੀ ਗੱਲ ਸੁਣਾ ਕੇ ਛੇੜਦੇ।

ਇਕ ਵਾਰ ਮੈਂ ਭਗਤੇ ਗਿਆ ਤਾਂ ਪ੍ਰਦੁੱਮਣ ਸਿੰਘ ਨੇ 'ਨਿੰਬੂ ਵਾਲੀ ਚਾਹ' ਨਾਲ ਮਿਲਖਾ ਸਿੰਘ ਦੀਆਂ ਕਈ ਹੋਰ ਗੱਲਾਂ ਸੁਣਾਈਆਂ। ਉਹਦੇ ਦੱਸਣ ਅਨੁਸਾਰ ਮਿਲਖਾ ਸਿੰਘ ਚੀੜ੍ਹਾ ਬਹੁਤ ਸੀ। ਥੱਕਣ ਦਾ ਕਦੇ ਨਾਂ ਈ ਨਹੀਂ ਸੀ ਲੈਂਦਾ। ਊਂ ਇਲਤੀ ਵੀ ਬਹੁਤ ਸੀ। ਅੰਬਾਲੇ ਕੈਂਪ ਵਿੱਚ ਚੋਰੀਓਂ ਗੰਨੇ ਚੂਪਦਾ ਸੀ। ਇਕ ਵਾਰ ਕਿਸੇ ਜੱਟ ਦੇ ਗੰਨੇ ਭੰਨ ਬੈਠਾ। ਉੱਤੋਂ ਮਾਲਕ ਆ ਗਏ। ਮਿਲਖਾ ਮੂਹਰੇ ਤੇ ਜੱਟ ਮਗਰ। ਭੱਜਿਆ ਇਹ ਕਦੋਂ ਡਾਹੀ ਦਿੰਦਾ ਸੀ? ਇਹ ਬੈਰਕਾਂ ਵਿੱਚ ਆ ਕੇ ਲੁਕ ਗਿਆ ਤੇ ਸਾਨੂੰ ਕਹਿੰਦਾ ਬਚਾਓ ਏਨ੍ਹਾਂ ਜੱਟ ਬਾਵਿਆਂ ਤੋਂ। ਉਹ ਬੈਰਕਾਂ ਵਿੱਚ ਲੱਭਦੇ ਸਾਡੇ ਕੋਲ ਆਏ ਤੇ ਕਹਿੰਦੇ, “ਇਹ ਨਿੱਤ ਗੰਨੇ ਭੰਨਦਾ ਸੀ ਸਾਡੇ, ਅੱਜ ਨੀ ਛੱਡਣਾ। ਕੱਢੋ ਬਾਹਰ ਏਹਨੂੰ, ਬਣਾਈਏ ਵੱਡਾ ਚੈਂਪੀਅਨ!”” ਅਸੀਂ ਬਥੇਰਾ ਕਿਹਾ ਬਈ ਮਾਫ਼ ਕਰ ਦਿਓ ਪਰ ਉਹ ਸਿਰ ਈ ਚੜ੍ਹਦੇ ਗਏ। ਅਖ਼ੀਰ ਮੈਂ ਈ ਦਬਕਾ ਮਾਰਿਆ, “ਜੇ ਚਾਹ ਪੀਣੀ ਆਂ ਤਾਂ ਚਾਹ ਪੀ ਲੋ, ਜੇ ਰੰਮ ਪੀਣੀ ਆਂ ਰੰਮ ਪੀ ਲੋ। ਉਹਨੇ ਗੰਨੇ ਈ ਭੰਨੇ ਆਂ ਕੋਈ ਕੁੜੀ ਤਾਂ ਨੀ ਕੱਢ ਲਿਆਇਆ ਜਿਹੜੀ ਏਡੀ ਵਾਹਰ ਚਾੜ੍ਹੀ ਆ!” ਏਨੀ ਕਹਿਣ ਦੀ ਦੇਰ ਸੀ ਕਿ ਉਹ ਢੈਲੇ ਪੈ ਗਏ ਤੇ ਓਥੋਂ ਈ ਪੱਤਰਾ ਵਾਚ ਗਏ।”

ਟੋਕੀਓ ਦੀਆਂ ਖੇਡਾਂ ਵਿਚ ਦੋ ਅਥਲੀਟ ਸਟਾਰ ਸਮਝੇ ਜਾ ਰਹੇ ਸਨ। ਇਕ ਪਾਕਿਸਤਾਨ ਦਾ ਅਬਦੁੱਲ ਖ਼ਾਲਿਕ ਸੀ ਤੇ ਦੂਜਾ ਭਾਰਤ ਦਾ ਮਿਲਖਾ ਸਿੰਘ। ਅਬਦੁੱਲ ਖ਼ਾਲਿਕ ਨੇ 100 ਮੀਟਰ ਦੀ ਦੌੜ ਜਿੱਤ ਲਈ ਤੇ ਮਿਲਖਾ ਸਿੰਘ ਨੇ 400 ਮੀਟਰ ਦੀ। ਜਿਹੜਾ 200 ਮੀਟਰ ਦੀ ਦੌੜ ਜਿੱਤਦਾ ਉਹ ਏਸ਼ੀਆ ਦਾ ਬੈੱਸਟ ਅਥਲੀਟ ਬਣਨਾ ਸੀ। ਮੀਡੀਏ ਨੇ 200 ਮੀਟਰ ਦੌੜ ਦੇ ਮੁਕਾਬਲੇ ਦੀ ਉੱਤੇਜਨਾ ਬਹੁਤ ਵਧਾ ਦਿੱਤੀ ਸੀ। ਅਬਦੁੱਲ ਤੇ ਮਿਲਖਾ ਸਿੰਘ ਉੱਤੇ ਸ਼ਰਤਾਂ ਲੱਗ ਚੁੱਕੀਆਂ ਸਨ। ਦੌੜ ਤੋਂ ਪਹਿਲਾਂ ਮਿਲਖਾ ਸਿੰਘ ਨੂੰ ਅਬਦੁੱਲ ਖ਼ਾਲਿਕ ਨਾਲ ਮਿਲਾਇਆ ਤਾਂ ਅਬਦੁੱਲ ਨੇ ਪਾਡੀ ਮਾਰੀ, “ਏਸ ਸਿੱਖੜੇ ਨੇ ਮੇਰਾ ਧੱਕਾ ਕਿੱਥੋਂ ਸਹਿਣੈ!””

ਅਬਦੁੱਲ ਡਾਢੇ ਗ਼ੁਮਾਨ ਵਿਚ ਸੀ ਤੇ ਨਵੇਂ ਉੱਠ ਰਹੇ ਮਿਲਖਾ ਸਿੰਘ ਨੂੰ ਟਿੱਚ ਸਮਝ ਰਿਹਾ ਸੀ। 200 ਮੀਟਰ ਦੌੜ ਸ਼ੁਰੂ ਹੋਣ ਲੱਗੀ ਤਾਂ ਸਟੇਡੀਅਮ ਕੰਢਿਆਂ ਤਕ ਭਰਪੂਰ ਸੀ। ਇਕ ਕੁੜੀ ਨੇ ਮਿਲਖਾ ਸਿੰਘ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ, “ਅੱਜ ਅਬਦੁੱਲ ਖ਼ਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇਂ ਮਿਲੇਗਾ।”” ਇਸ ਹੱਲਾਸ਼ੇਰੀ ਨੇ ਉਹਦੇ ਅੰਦਰ ਤੂਫ਼ਾਨ ਲੈ ਆਂਦਾ। ਉਹਨੇ ਸੋਚਿਆ ਭਾਵੇਂ ਜਾਨ ਚਲੀ ਜਾਵੇ ਉਹ ਉਸ ਕੁੜੀ ਨੂੰ ਖ਼ੁਸ਼ ਕਰੇਗਾ। ਲੇਨਾਂ ਮੱਲਣ ਲਈ ਪਰਚੀਆਂ ਚੁਕਾਈਆਂ ਤਾਂ ਮਿਲਖਾ ਸਿੰਘ ਨੂੰ ਅੰਦਰਲੀ ਲੇਨ ਮਿਲੀ ਤੇ ਅਬਦੁੱਲ ਖ਼ਾਲਿਕ ਨੂੰ ਬਾਹਰਲੀ। 'ਆਨ ਯੂਅਰ ਮਾਰਕ' ਕਹਿਣ ਉੱਤੇ ਦੌੜਾਕ ਸਟਾਰਟਿੰਗ ਬਲਾਕਾਂ ਉੱਤੇ ਬੈਠੇ। 'ਸੈੱਟ' ਕਹਿਣ ਉੱਤੇ ਉੱਠੇ ਤੇ ਦੌੜਨ ਲਈ ਤਿਆਰ ਹੋਏ। ਫਾਇਰ ਹੋਇਆ ਤਾਂ ਬਲਾਕਾਂ ਤੋਂ ਗੋਲੀ ਵਾਂਗ ਨਿਕਲੇ। ਕਰਵ ਤੋਂ ਸੇਧ ’ਤੇ ਆਉਂਦਿਆਂ ਦੋਹਾਂ ਦੇ ਕਦਮ ਬਰਾਬਰ ਉੱਠ ਰਹੇ ਸਨ ਤੇ ਮੋਢੇ ਇੰਚਾਂ ਨਾਲ ਅੱਗੇ ਪਿੱਛੇ ਹੋ ਰਹੇ ਸਨ।

ਸਾਰੇ ਦਰਸ਼ਕ ਉਤੇਜਨਾ ਵਿਚ ਸੀਟਾਂ ਤੋਂ ਉੱਠ ਖੜ੍ਹੇ ਸਨ। ਸਾਹਮਣੇ ਫੀਤਾ ਸੀ। ਜਿਸ ਨੇ ਵੀ ਜਿੱਤਣਾ ਸੀ ਬੱਸ ਇੰਚਾਂ ਦੇ ਫਾਸਲੇ ਨਾਲ ਜਿੱਤਣਾ ਸੀ। ਫੀਤੇ ਤੋਂ ਤਿੰਨ ਚਾਰ ਮੀਟਰ ਪਿੱਛੇ ਮਿਲਖਾ ਸਿੰਘ ਦਾ ਮੱਸਲ ਖਿੱਚਿਆ ਗਿਆ। ਉਹਦੀਆਂ ਲੱਤਾਂ ਇਕ ਦੂਜੀ ਵਿਚ ਅੜ ਗਈਆਂ ਜਿਸ ਨਾਲ ਉਹ ਫੀਤੇ ਨੂੰ ਛੋਂਹਦਾ ਭੁੰਜੇ ਡਿੱਗ ਪਿਆ। ਫੋਟੋ ਫਿਨਿਸ਼ ਵੇਖਣ ਬਾਅਦ ਐਲਾਨ ਹੋਇਆ, ‘ਮਿਲਖਾ ਸਿੰਘ ਫਸਟ।’ ਐਲਾਨ ਹੋਣ ਦੀ ਦੇਰ ਸੀ ਕਿ ਸਾਰੇ ਏਸ਼ੀਆ ਵਿਚ ਮਿਲਖਾ ਮਿਲਖਾ ਹੋ ਗਈ। ਉਸ ਨੇ ਏਸ਼ਿਆਈ ਖੇਡਾਂ ਦੇ ਦੋ ਨਵੇਂ ਰਿਕਾਰਡ ਕੀਤੇ ਤੇ ਉਸ ਨੂੰ ਏਸ਼ੀਆ ਦਾ ਬੈੱਸਟ ਅਥਲੀਟ ਐਲਾਨਿਆ ਗਿਆ। ਸਾਥੀਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਤੇ ਜੱਫੀਆਂ ਵਿਚ ਮਧੋਲ ਲਿਆ। ਉਸ ਕੁੜੀ ਤੋਂ ਵੀ ਖ਼ੁਸ਼ੀ ਨਹੀਂ ਸੀ ਸਾਂਭੀ ਜਾ ਰਹੀ, ਜਿਸ ਨੇ ਮਿਲਖਾ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਸੀ।

ਮਿਲਖਾ ਸਿੰਘ ਆਪਣੇ ਕਮਰੇ ਵਿਚ ਪਰਤਿਆ ਤਾਂ ਸ਼ੀਸ਼ਾ ਉਹਦੇ ਨਾਲ ਗੱਲਾਂ ਕਰਨ ਲੱਗਾ। ਉਸ ਨੂੰ ਆਪਣਾ ਬਚਪਨ ਯਾਦ ਆਇਆ, ਮਾਂ ਪਿਓ ਯਾਦ ਆਏ, ਕਤਲੋ-ਗ਼ਾਰਤ, ਖੂੰਨ ਖਰਾਬਾ, ਲਹੂ ਲਿੱਬੜੀ ਗੱਡੀ, ਸੁੱਕੀਆਂ ਬੇਹੀਆਂ ਰੋਟੀਆਂ, ਦਿੱਲੀ ਦੀ ਜੇਲ੍ਹ, ਦੁੱਧ ਦਾ ਗਲਾਸ, ਦੌੜਾਂ ਦੀ ਬੇਹੋਸ਼ੀ, ਲਹੂ ਦੀਆਂ ਉਲਟੀਆਂ, ਸਾਥੀਆਂ ਦੀ ਕੁੱਟ ਮਾਰ ...। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਮੂਧੇ ਮੂੰਹ ਲੇਟ ਗਿਆ। ਅੱਖਾਂ ਵਿੱਚੋਂ ਸਿਮਦੇ ਹੰਝੂ ਉਹਦਾ ਸਿਰ੍ਹਾਣਾ ਸਿੰਜਣ ਲੱਗੇ। ਉਹ ਪਤਾ ਨਹੀਂ ਕਦੋਂ ਤਕ ਯਾਦਾਂ ਵਿੱਚ ਖੋਇਆ ਰਹਿੰਦਾ ਜੇ ਹੱਸਦਾ ਹਸਾਉਂਦਾ ਪ੍ਰਦੁੱਮਣ ਸਿੰਘ ਉਸ ਨੂੰ ਨਾ ਉਠਾਲਦਾ। ਭਗਤੇ ਦੇ ਮਲਵਈ ਦੀਆਂ ਮੁਸਕਣੀਆਂ ਨੇ ਚੇਤਾ ਕਰਾਇਆ, “ਉਹ ਕੁੜੀ ਕਿੱਥੇ ਆ ਜਿਹੜੀ ਕਹਿੰਦੀ ਸੀ ਜੋ ਮੰਗੇਂਗਾ ਸੋ ਮਿਲੇਗਾ?”

ਉਸ ਰਾਤ ਜਪਾਨ ਦੇ ਸ਼ਹਿਨਸ਼ਾਹ ਨੇ ਜੇਤੂਆਂ ਨੂੰ ਸ਼ਾਹੀ ਖਾਣੇ ਉੱਤੇ ਸੱਦਿਆ। ਮਿਲਖਾ ਸਿੰਘ ਮੀਡੀਏ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਰਿਹਾ। ਸ਼ਹਿਨਸ਼ਾਹ ਨੇ ਮਿਲਖਾ ਸਿੰਘ ਨੂੰ ਉਚੇਚੀ ਵਧਾਈ ਦਿੱਤੀ ਜਿਸ ਨੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਨੂੰ ਰੰਗ ਭਾਗ ਲਾ ਦਿੱਤੇ ਸਨ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਏਸ਼ੀਆ ਦਾ ਚੈਂਪੀਅਨ ਬਚਪਨ ਵਿਚ ਆਪਣੇ ਜੱਦੀ ਪਿੰਡ ਗੋਬਿੰਦਪੁਰੇ ਵਿੱਚੋਂ ਕਿਹੜੇ ਹਾਲੀਂ ਨਿਕਲਿਆ ਸੀ? ਜਾਨ ਬਚਾ ਕੇ ਦੌੜਿਆ ਯਤੀਮ ਬਾਲਕ, ਕੋਟ ਅੱਦੂ ਤੋਂ ਮੁਲਤਾਨ ਨੂੰ ਜਾਂਦੀ ਗੱਡੀ ਵਿਚ ਲੁਕ ਤਾਂ ਗਿਆ ਸੀ ਪਰ ਉਹ ਬੁਰਕੇ ਵਾਲੀਆਂ ਔਰਤਾਂ ਹੀ ਸਨ ਜਿਨ੍ਹਾਂ ਨੇ ਉਸ ਦੀ ਜਾਨ ਬਚਾਈ ਸੀ। ਉਨ੍ਹਾਂ ਰਹਿਮਦਿਲ ਸਵਾਣੀਆਂ ਨੂੰ ਕੀ ਪਤਾ ਸੀ ਕਿ ਜੂੜੇ ਵਾਲਾ ਇਹੋ ਬਾਲ ਪਾਕਿਸਤਾਨ ਦੇ ਅਬਦੁੱਲ ਖ਼ਾਲਿਕ ਨੂੰ ਹਰਾ ਕੇ ਏਸ਼ੀਆ ਦਾ ਰੁਸਤਮ ਬਣੇਗਾ। ਮਿਲਖਾ ਸਿੰਘ ਦੇ ਦਿਲੋਂ ਦੁਆਵਾਂ ਨਿਕਲ ਰਹੀਆਂ ਸਨ, “ਜੀਂਦੀਆਂ ਰਹਿਣ ਉਹ ਸਵਾਣੀਆਂ!””

ਟੋਕੀਓ ਨੂੰ ਸਾਇਓਨਾਰਾ/ਅਲਵਿਦਾ ਕਹਿੰਦੇ ਭਾਰਤੀ ਖਿਡਾਰੀ ਜਹਾਜ਼ ਚੜ੍ਹੇ, ਹਾਂਗਕਾਂਗ ਰਾਹੀਂ ਕਲਕੱਤੇ ਤੇ ਫਿਰ ਦਿੱਲੀ ਪਰਤੇ। ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਜਨਰਲ ਥਮੱਈਆ ਨੇ ਜੇਤੂ ਖਿਡਾਰੀਆਂ ਨੂੰ ਸ਼ਾਬਾਸ਼ੇ ਦਿੱਤੀ। ਨਹਿਰੂ ਨੇ ਤੀਨ ਮੂਰਤੀ ਭਵਨ ਵਿੱਚ ਪ੍ਰੀਤੀ ਭੋਜਨ ਉੱਤੇ ਬੁਲਾਇਆ। ਮਿਲਖਾ ਸਿੰਘ ਨੂੰ ਪ੍ਰਧਾਨ ਮੰਤਰੀ ਨਾਲ ਮੇਜ਼ ਉੱਤੇ ਬਹਿਣ ਦਾ ਮਾਣ ਮਿਲਿਆ। ਜਦੋਂ ਉਸ ਨੂੰ ਮਿਲਖਾ ਸਿੰਘ ਦੇ ਪਿਛੋਕੜ ਦਾ ਪਤਾ ਤਾਂ ਨਹਿਰੂ ਨੇ ਗੱਚ ਭਰ ਕੇ ਕਿਹਾ, “ਬੇਟਾ, ਮੈਂ ਤੇਰਾ ਖੋਇਆ ਬਚਪਨ ਤਾਂ ਨਹੀਂ ਮੋੜ ਸਕਦਾ, ਤੇ ਨਾ ਮੋਏ ਮਾਂ ਬਾਪ ਵਾਪਸ ਲਿਆ ਸਕਦਾ ਹਾਂ, ਹੁਣ ਤੂੰ ਮੈਨੂੰ ਹੀ ਮਾਂ ਬਾਪ ਸਮਝ ਤੇ ਜਦੋਂ ਵੀ ਤੈਨੂੰ ਲੋੜ ਪਵੇ ਸਿੱਧਾ ਮੇਰੇ ਕੋਲ ਆਈਂ।””

ਜਿਨ੍ਹਾਂ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ ਸਨ ਨੌਕਰੀ ਵਿਚ ਸਭ ਨੂੰ ਤਰੱਕੀ ਦਿੱਤੀ ਗਈ। ਮਿਲਖਾ ਸਿੰਘ ਨੂੰ ਸਿਪਾਹੀ ਤੋਂ ਸਿੱਧਾ ਜੇ. ਸੀ. ਓ. ਬਣਾ ਦਿੱਤਾ ਗਿਆ। ਜਨਰਲ ਥਮੱਈਆ ਨੇ ਖ਼ੁਦ ਤਰੱਕੀ ਦੇ ਸਟਾਰ ਲਾਏ। ਸਿਕੰਦਰਾਬਾਦ ਸੈਂਟਰ ਵਿਚ ਵਧਾਈਆਂ ਦੇਣ ਵਾਲਿਆਂ ਦੀ ਚਹਿਲ ਪਹਿਲ ਲੱਗੀ ਰਹੀ। ਕੁਦਰਤ ਮਿਲਖਾ ਸਿੰਘ ’ਤੇ ਦਿਆਲ ਹੋ ਗਈ ਸੀ।

1958 ਵਿਚ ਹੀ ਬ੍ਰਿਟਿਸ਼ ਅੰਪਾਇਰ ਤੇ ਕਾਮਵੈਲਥ ਦੇਸ਼ਾਂ ਦੀਆਂ ਖੇਡਾਂ ਹੋ ਰਹੀਆਂ ਸਨ ਜਿਨ੍ਹਾਂ ਵਿਚ ਅਥਲੈਟਿਕਸ ਦਾ ਮਿਆਰ ਏਸ਼ੀਆ ਤੋਂ ਉਚੇਰਾ ਸੀ। ਉਨ੍ਹਾਂ ਖੇਡਾਂ ਵਿੱਚੋਂ ਕੋਈ ਭਾਰਤੀ ਅਥਲੀਟ ਮੈਡਲ ਨਹੀਂ ਸੀ ਜਿੱਤ ਸਕਿਆ। ਹੁਣ ਮਿਲਖਾ ਸਿੰਘ ’ਤੇ ਉਮੀਦਾਂ ਸਨ। ਭਾਰਤੀ ਟੀਮ ਦਿੱਲੀ ਤੋਂ ਹਵਾਈ ਜਹਾਜ਼ ਚੜ੍ਹੀ ਤੇ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਜਾ ਉੱਤਰੀ। ਉੱਥੋਂ ਉਹ ਰੇਲ ਗੱਡੀ ਰਾਹੀਂ ਵੇਲਜ਼ ਦੇ ਸ਼ਹਿਰ ਕਾਰਡਿਫ਼ ਪੁੱਜੇ ਜਿੱਥੇ ਕਾਮਨਵੈਲਥ ਖੇਡਾਂ ਹੋਣੀਆਂ ਸਨ। ਉੱਥੇ ਅਮਰੀਕਨ ਪਿਛੋਕੜ ਵਾਲਾ ਡਾ. ਹਾਵਰਡ ਮਿਲਖਾ ਸਿੰਘ ਦਾ ਕੋਚ ਸੀ। ਮਿਲਖਾ ਸਿੰਘ ਦੇ ਮੁਕਾਬਲੇ ਵਿਚ ਵਿਸ਼ਵ ਦੇ ਮੰਨੇ ਦੰਨੇ ਦੌੜਾਕ ਸਨ। ਦੱਖਣੀ ਅਫਰੀਕਾ ਦਾ ਮੈਲਕਮ ਸਪੈਂਸ ਸੀ, ਜਮਾਇਕਾ ਦਾ ਜਾਰਜ ਕੈਰ, ਆਸਟ੍ਰੇਲੀਆ ਦਾ ਕੇਵਨ ਗੌਸਪਰ, ਕੈਨੇਡਾ ਦਾ ਟੈਰੀ ਟੋਬਾਕੋ ਤੇ ਇੰਗਲੈਂਡ ਦਾ ਜੌਨ੍ਹ ਸਾਲਿਸਬਰੀ।

ਦੌੜ ਵਾਲੇ ਦਿਨ ਮਿਲਖਾ ਸਿੰਘ ਫ਼ਿਕਰ ਨਾਲ ਜਾਗਿਆ। ਗਰਮ ਪਾਣੀ ਵਿਚ ਬੈਠਾ, ਹਲਕਾ ਬਰੇਕ ਫਾਸਟ ਕੀਤਾ, ਝਪਕੀ ਲਈ ਤੇ ਤਾਜ਼ਾ ਦਮ ਹੋਇਆ। ਇਕ ਵਜੇ ਕੇਸ ਵਾਹੇ, ਜੂੜਾ ਕੀਤਾ ਤੇ ਜੂੜੇ ਉੱਤੇ ਰਬੜ ਛੱਲੇ ਚਾੜ੍ਹੇ। ਬੈਗ ਵਿਚ ਸਪਾਈਕਸ, ਛੋਟਾ ਤੌਲੀਆ, ਕੰਘਾ ਤੇ ਗੁਲੂਕੋਜ਼ ਦੇ ਪੈਕਟ ਪਾਏ। ਜੂਸ ਦਾ ਕੱਪ ਪੀ ਕੇ ਸਟੇਡੀਅਮ ਪੁੱਜਾ। ਵੱਖ ਵੱਖ ਦੇਸ਼ਾਂ ਦੇ ਰੰਗ ਬਰੰਗੇ ਝੰਡੇ ਝੂਲ ਰਹੇ ਸਨ। 400 ਮੀਟਰ ਦੌੜ ਦੀ ਪਹਿਲੀ ਕਾਲ ਹੋਈ ਤਾਂ ਦੌੜਾਕ ਸਟਾਰਟਿੰਗ ਲਾਈਨ ’ਤੇ ਚਲੇ ਗਏ। ਦੌੜ ਸ਼ੁਰੂ ਹੋਣ ਲੱਗੀ ਤਾਂ ਮਿਲਖਾ ਸਿੰਘ ਨੇ ਟਰੈਕ ਸੂਟ ਉਤਾਰਿਆ, ਤੌਲੀਏ ਨਾਲ ਮੁੜ੍ਹਕਾ ਪੂੰਝਿਆ ਤੇ ਸਟਾਰਟਿੰਗ ਬਲਾਕ ਨੂੰ ਸੈੱਟ ਕੀਤਾ। ਉਹਦੀ ਬੁਨੈਣ ਉੱਤੇ 'ਇੰਡੀਆ' ਦੇ ਅੱਖਰ ਚਮਕ ਰਹੇ ਸਨ। ਫਿਰ ਫਾਇਰ ਹੋਇਆ ਤੇ ਦੌੜ ਸ਼ੁਰੂ ਹੋਈ। 300 ਮੀਟਰ ਤਕ ਮਿਲਖਾ ਸਿੰਘ ਸਭ ਤੋਂ ਮੂਹਰੇ ਸੀ। ਅਖ਼ੀਰਲੇ ਸੌ ਮੀਟਰਾਂ ਵਿਚ ਸਪੈਂਸ ਨੇ ਉਸ ਨੂੰ ਪਿਛਾੜਨ ਦੀ ਪੂਰੀ ਵਾਹ ਲਾਈ ਪਰ ਮਿਲਖਾ ਸਿੰਘ ਦੀ ਛਾਤੀ ਫੀਤੇ ਨੂੰ ਪਹਿਲਾਂ ਜਾ ਛੋਹੀ। ਇਹਦੇ ਨਾਲ ਹੀ ਉਹ ਬੇਹੋਸ਼ ਹੋ ਕੇ ਡਿੱਗ ਪਿਆ।

ਸਟੇਡੀਅਮ ਹੱਲਾਸ਼ੇਰੀ ਦੀਆਂ ਗੂੰਜਦੀਆਂ ਆਵਾਜ਼ਾਂ ਪਿੱਛੋਂ ਸਕਤੇ ਵਿਚ ਆ ਗਿਆ। ਮਿਲਖਾ ਸਿੰਘ ਨੂੰ ਸਟ੍ਰੈਚਰ ਉੱਤੇ ਪਾ ਕੇ ਟ੍ਰੈਕ ਤੋਂ ਲਾਂਭੇ ਲਿਜਾਇਆ ਗਿਆ। ਡਾਕਟਰੀ ਸਹਾਇਤਾ ਤੇ ਆਕਸੀਜ਼ਨ ਦਿੱਤੀ ਗਈ। ਜਦੋਂ ਉਹ ਹੋਸ਼ ਵਿਚ ਆਇਆ ਤਾਂ ਇਹ ਜਾਣ ਕੇ ਬੇਹੱਦ ਖ਼ੁਸ਼ ਹੋਇਆ ਕਿ ਉਹ ਦੌੜ ਜਿੱਤ ਗਿਆ ਹੈ। ਇਹ ਪਹਿਲਾ ਮੌਕਾ ਸੀ ਕਿ ਕੋਈ ਭਾਰਤੀ ਅਥਲੀਟ ਕਾਮਨਵੈਲਥ ਮੁਲਕਾਂ ਦਾ ਚੈਂਪੀਅਨ ਬਣਿਆ। ਮਿਲਖਾ ਸਿੰਘ ਨੂੰ ਭਾਰਤੀ ਝੰਡਾ ਫੜਾਇਆ ਗਿਆ ਜਿਸ ਨੂੰ ਲੈ ਕੇ ਉਸ ਨੇ ਸਟੇਡੀਅਮ ਦਾ ਜੇਤੂ ਚੱਕਰ ਲਾਇਆ। ਇਕ ਪੱਤਰਕਾਰ ਨੇ ਪੁੱਛਿਆ, “ਆਪਣੇ ਦੇਸ਼ ਵਾਸੀਆਂ ਲਈ ਕੋਈ ਸੰਦੇਸ਼?”

ਮਿਲਖਾ ਸਿੰਘ ਨੇ ਕਿਹਾ, “ਮੇਰੇ ਪਿਆਰੇ ਦੇਸ਼, ਤੇਰੇ ਇਕ ਪੁੱਤਰ ਨੇ ਆਪਣੀ ਡਿਊਟੀ ਨਿਭਾ ਦਿੱਤੀ ਹੈ। ਮੈਂ ਚਾਹੁੰਨਾਂ ਹਰ ਬੰਦਾ ਆਪਣੀ ਡਿਊਟੀ ਨਿਭਾਏ।””

ਬਰਤਾਨੀਆਂ ਵਿਚ ਭਾਰਤੀ ਹਾਈ ਕਮਿਸ਼ਨਰ ਲੱਗੀ ਪੰਡਤ ਜਵਾਹਰ ਲਾਲ ਦੀ ਭੈਣ ਸ਼੍ਰੀਮਤੀ ਵਿਜੇ ਲਖਸ਼ਮੀ ਪੰਡਿਤ ਨੇ ਮਿਲਖਾ ਸਿੰਘ ਨੂੰ ਉਚੇਚੀ ਮੁਬਾਰਕਬਾਦ ਦਿੱਤੀ। ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਦਾ ਸੁਨੇਹਾ ਹੈ ਕਿ ਮਿਲਖਾ ਸਿੰਘ ਨੂੰ ਪੁੱਛ ਕੇ ਦੱਸੋ ਉਹ ਕਿਹੋ ਜਿਹਾ ਇਨਾਮ ਚਾਹੁੰਦਾ ਹੈ? ਮਿਲਖਾ ਸਿੰਘ ਸੰਗਦਾ ਚੁੱਪ ਰਿਹਾ। ਦੁਬਾਰਾ ਪੁੱਛਣ ’ਤੇ ਉਸ ਨੇ ਕਿਹਾ, “ਜਿੱਦਣ ਅਸੀਂ ਭਾਰਤ ਪੁੱਜੀਏ, ਜੇ ਹੋ ਸਕੇ ਤਾਂ ਉਸ ਦਿਨ ਨੈਸ਼ਨਲ ਛੁੱਟੀ ਕੀਤੀ ਜਾਵੇ।””

ਰਾਤ ਨੂੰ ਮਹਾਰਾਣੀ ਐਲਿਜ਼ਬੈੱਥ ਨੇ ਸ਼ਾਹੀ ਮਹਿਲਾਂ ਵਿਚ ਸ਼ਾਹੀ ਭੋਜ ਦਿੱਤਾ। ਉਸ ਨੇ ਤੇ ਉਸ ਧੀ ਰਾਜਕੁਮਾਰੀ ਐੱਨ. ਨੇ ਵਧਾਈਆਂ ਦਿੱਤੀਆਂ। ਇਹ ਪਹਿਲਾਂ ਮੌਕਾ ਸੀ ਕਿ ਮਿਲਖਾ ਸਿੰਘ ਨੇ ਬੀਅਰ ਦਾ ਘੁੱਟ ਭਰਿਆ। ਫਿਰ ਡਾਨਸ ਸ਼ੁਰੂ ਹੋਇਆ। ਡਾਨਸ ਕਰਦਿਆਂ ਕੁਝ ਪਲ ਲਾਈਟ ਬੁਝਾਈ ਗਈ ਤਾਂ ਚਾਨਣ ਹੋਣ ਪਿੱਛੋਂ ਵੇਖਿਆ ਕਿ ਕਈਆਂ ਦੇ ਮੂੰਹਾਂ ਉੱਤੇ ਲਿਪਸਟਿਕ ਲੱਗੀ ਹੋਈ ਸੀ! ਮਿਲਖਾ ਪ੍ਰਦੁੱਮਣ ਨੂੰ ਛੇੜ ਰਿਹਾ ਸੀ ਤੇ ਪ੍ਰਦੁੱਮਣ ਮਿਲਖੇ ਨੂੰ। ਅਗਲੇ ਦਿਨ ਉਹ ਲੰਡਨ ਤੋਂ ਦਿੱਲੀ ਪੁੱਜੇ ਤਾਂ ਦੇਸ਼ ਵਿਚ ਸੱਚਮੁੱਚ ਛੁੱਟੀ ਸੀ। ਮਿਲਖਾ ਸਿੰਘ ਦਾ ਨਾਂ ਘਰ ਘਰ ਪੁੱਜ ਗਿਆ ਸੀ। ਇਹ ਸੀ ਮਿਲਖਾ ਸਿੰਘ ਦੀ ਦੌੜ ਦਾ ਜਾਦੂ। ਉਸ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਪੁਰਸਕਾਰ ਦਿੱਤਾ ਤੇ ਅਮਰੀਕਾ ਨੇ ਹੈਲਮਜ਼ ਟਰਾਫੀ ਦਾ ਅਵਾਰਡ। ਉਸ ਦੇ ਪ੍ਰਸ਼ੰਸਕਾਂ ਨੇ ਪਿਆਰ ਨਿਸ਼ਾਨੀਆਂ ਤੇ ਤੋਹਫ਼ਿਆਂ ਦੇ ਢੇਰ ਲਾ ਦਿੱਤੇ।

70ਵਿਆਂ ਵਿੱਚ ਇੰਗਲੈਂਡ ਵਿਚ ਫਿਰ ਕਾਮਨਵੈਲਥ ਖੇਡਾਂ ਹੋਈਆਂ ਤਾਂ ਮਿਲਖਾ ਸਿੰਘ ਨੂੰ ਬਤੌਰ ਮਹਿਮਾਨ ਉੱਥੇ ਸੱਦਿਆ ਗਿਆ। ਉਦੋਂ ਤਰਸੇਮ ਪੁਰੇਵਾਲ ਪੰਜਾਬੀ ਰਸਾਲੇ ਦੇਸ ਪ੍ਰਦੇਸ ਦਾ ਸੰਪਾਦਕ ਸੀ। ਉਸ ਨਾਲ ਪੰਜਾਬੀਆਂ ਦਾ ਪੂਰਾ ਜਥਾ ਹੀ ਮਿਲਖਾ ਸਿੰਘ ਦੇ ਚੋਲੇ ਦੀਆਂ ਤਣੀਆਂ ਫੜ ਕੇ ਸਟੇਡੀਅਮ ਅੰਦਰ ਪ੍ਰਵੇਸ਼ ਕਰ ਗਿਆ ਸੀ। ਇਹ ਤਰਸੇਮ ਪੁਰੇਵਾਲ ਹੀ ਸੀ ਜਿਸ ਨੇ ਵਿਚ ਪੈ ਕੇ ਉਸ ਦੀ ਜੀਵਨੀ ਪਾਸ਼ ਤੋਂ ਲਿਖਵਾਈ ਸੀ। ਬੱਘੀ ਵਿਚ ਜਾਂਦੀ ਰਾਜਕੁਮਾਰੀ ਐੱਨ. ਨੇ ਕਿਤੇ ਮਿਲਖਾ ਸਿੰਘ ਨੂੰ ਜਾਂਦੇ ਵੇਖਿਆ ਤਾਂ ਬੱਘੀ ਰੁਕਵਾ ਕੇ 'ਹੈਲੋ ਮਿਲਖਾ ਸਿੰਘ' ਕਹਿ ਕੇ ਹਾਲ ਚਾਲ ਪੁੱਛਿਆ ਸੀ। ਉਹ ਖ਼ੁਦ ਘੋੜਸਵਾਰੀ ਦੀ ਓਲੰਪੀਅਨ ਸੀ।

1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਹੋਣੀਆਂ ਸਨ। ਦੋ ਸਾਲ ਮਿਲਖਾ ਸਿੰਘ ਉਸ ਦੀ ਤਿਆਰੀ ਵਿਚ ਲੱਗਾ ਰਿਹਾ। 1958 ਤੋਂ 60 ਤਕ ਉਹ ਕੁਲ ਦੁਨੀਆ ਵਿਚ ਦੌੜਿਆ। ਉਹਦੇ ਦੱਸਣ ਮੂਜਬ ਉਸ ਨੇ ਮੁਕਾਬਲੇ ਦੀਆਂ 80 ਦੌੜਾਂ ਵਿਚ ਭਾਗ ਲਿਆ ਜਿਨ੍ਹਾਂ ਵਿੱਚੋਂ 77 ਜਿੱਤੀਆਂ। ਉਨ੍ਹੀਂ ਦਿਨੀ ਉਸ ਦਾ ਹੈੱਡ ਕੁਆਟਰ ਲੰਡਨ ਹੁੰਦਾ ਸੀ ਪਰ ਉਹ ਲੱਭਿਆਂ ਨਹੀਂ ਸੀ ਲੱਭਦਾ। ਕਦੇ ਪੈਰਿਸ ਦੌੜਦਾ, ਕਦੇ ਮਾਸਕੋ ਤੇ ਕਦੇ ਲੰਡਨ। ਉਹ ਘਰ ਦੀ ਦਾਲ ਰੋਟੀ ਨੂੰ ਤਰਸ ਜਾਂਦਾ। ਕਹਿੰਦਾ ਕੁਝ ਦਿਨ ਦੇਸ਼ ਲੈ ਚੱਲੋ, ਗੰਢੇ ਆਚਾਰ ਨਾਲ ਰੋਟੀ ਖਾ ਆਵਾਂ!

1960 ਦੀਆਂ ਨੈਸ਼ਨਲ ਖੇਡਾਂ ਵਿਚ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ। ਖੇਡਾਂ ਜਨਵਰੀ ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਹੋਈਆਂ। ਉਸ ਦੀ ਭੈਣ ਈਸ਼ਰ ਤੇ ਉਸ ਦਾ ਪਰਿਵਾਰ ਮਿਲਖਾ ਸਿੰਘ ਨੂੰ ਦੌੜਦਿਆਂ ਵੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਮਿਲਖਾ ਸਿੰਘ ਦੀ ਜਿੱਤ ਦੀਆਂ ਖ਼ਬਰਾਂ ਤਾਂ ਬਥੇਰੀਆਂ ਪੜ੍ਹੀਆਂ ਸੁਣੀਆਂ ਸਨ ਪਰ ਅਜੇ ਤਕ ਉਸ ਦੀ ਦੌੜ ਨਹੀਂ ਸੀ ਵੇਖੀ।

ਮਿਲਖਾ ਸਿੰਘ ਇੰਡੀਆ ਦੇ ਕਲਰ ਵਾਲਾ ਕੋਟ ਪਾ ਕੇ ਭੈਣ ਦੇ ਘਰ ਆਇਆ। ਕੋਟ ਭੈਣ ਨੂੰ ਪਹਿਨਾ ਕੇ ਕਿਹਾ, “ਜੇਬ ਵਿੱਚ ਹੱਥ ਪਾ ਕੇ ਵੇਖ।” ਹੱਥ ਪਾਏ ਤਾਂ ਜੇਬ ਵਿਚ ਸੋਨੇ ਦੀਆਂ ਵਾਲੀਆਂ ਸਨ ਜਿਨ੍ਹਾਂ ਨਾਲ ਉਸ ਨੂੰ ਪੁਰਾਣੇ ਦਿਨ ਯਾਦ ਆ ਗਏ ਜਦੋਂ ਉਸ ਨੇ ਵਾਲੀਆਂ ਵੇਚ ਕੇ ਵੀਰ ਨੂੰ ਜੇਲ੍ਹ ਵਿੱਚੋਂ ਛੁਡਾਇਆ ਸੀ। ਭੈਣ ਨੇ ਕਿਹਾ, “ਜੇ ਅੱਜ ਮਾਂ ਬਾਪ ਜੀਂਦੇ ਹੁੰਦੇ ਤਾਂ ਉਹ ਆਪਣੇ ਪੁੱਤਰ ਦੀ ਚੜ੍ਹਤ ਵੇਖ ਕੇ ਕਿੰਨੇ ਖ਼ੁਸ਼ ਹੁੰਦੇ!” ਮਾਂ ਬਾਪ ਨੂੰ ਯਾਦ ਕਰ ਕੇ ਉਹ ਇਕ ਦੂਜੇ ਦੇ ਗਲ ਲੱਗ ਗਏ ਤੇ ਹੁਬਕੀਂ ਰੋਣ ਲੱਗੇ। ਪਰ ਉਹ ਅਜਿਹਾ ਭਾਣਾ ਸੀ ਜੋ ਮਿਲਖਾ ਸਿੰਘ ਹੋਰਾਂ ਨਾਲ ਹੀ ਨਹੀਂ ਲੱਖਾਂ ਹੋਰ ਪਰਿਵਾਰਾਂ ਨਾਲ ਵੀ ਵਰਤਿਆ ਸੀ।

ਮਿਲਖਾ ਸਿੰਘ ਆਪਣੀ ਭੈਣ ਤੇ ਉਸ ਦੇ ਪਰਿਵਾਰ ਨੂੰ ਨੈਸ਼ਨਲ ਸਟੇਡੀਅਮ ਲੈ ਗਿਆ। ਭੈਣ ਦੀਆਂ ਨਜ਼ਰਾਂ ਭਰਾ ਦੀ ਦੌੜ ਉੱਤੇ ਸਨ। ਫਾਇਰ ਹੋਇਆ ਤਾਂ ਦੌੜ ਸ਼ੁਰੂ ਹੋ ਗਈ। ਦੌੜ ਪੂਰੀ ਹੋਈ ਤਾਂ ਮਿਲਖਾ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ। ਭੈਣ ਨੇ ਸਮਝਿਆ ਕਿ ਜਿਹੜਾ ਫਾਇਰ ਹੋਇਆ ਸੀ ਉਹੀ ਗੋਲੀ ਭਰਾ ਦੇ ਲੱਗੀ ਹੋਊ! ਉਹ ਰੋਂਦੀ ਕਰਲਾਉਂਦੀ ਮਿਲਖਾ ਸਿੰਘ ਵੱਲ ਜਾਣ ਲੱਗੀ ਤਾਂ ਲੋਕਾਂ ਨੇ ਸਮਝਾਇਆ ਕਿ ਤੇਰਾ ਭਰਾ ਠੀਕ ਠਾਕ ਐ। ਦੌੜ ਵਿੱਚ ਬਹੁਤਾ ਜ਼ੋਰ ਲਾਉਣ ਕਰਕੇ ਡਿੱਗ ਪਿਆ ਸੀ। ਹੁਣੇ ਹੋਸ਼ ਵਿਚ ਆ ਜਾਵੇਗਾ। ਮਿਲਖਾ ਸਿੰਘ ਹੋਸ਼ ਵਿਚ ਆਇਆ ਤਾਂ ਆਪਣੀ ਭੈਣ ਕੋਲ ਪੁੱਜਾ। ਭੈਣ ਨੇ ਕਿਹਾ, “ਵੀਰੇ, ਦੌੜਨਾ ਛੱਡ ਦੇ। ਮੈਂ ਤੈਨੂੰ ਏਨਾ ਦੁਖੀ ਹੁੰਦਾ ਨਹੀਂ ਦੇਖ ਸਕਦੀ।””

ਮਿਲਖਾ ਸਿੰਘ ਨੇ ਕਿਹਾ, “ਭੈਣੇ ਨਜ਼ਰ ਮਾਰ ਕੇ ਦੇਖ ਕਿੰਨੇ ਲੋਕ ਮੇਰੀ ਦੌੜ ਦੇਖਣ ਆਏ ਨੇ। ਦੌੜਨਾ ਛੱਡ ਦਿਆਂ ਤਾਂ ਮੈਨੂੰ ਕੌਣ ਦੇਖੇਗਾ?”

ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਉਹ 100 ਮੀਟਰ 10.4, 200 ਮੀਟਰ 20.8, 400 ਮੀਟਰ 46.1, 4+100 ਮੀਟਰ 42.1 ਤੇ 4+400 ਮੀਟਰ ਰਿਲੇਅ ਦੌੜ 3:12.6 ਸੈਕੰਡ ਵਿਚ ਦੌੜਿਆ। ਇਹ ਸਾਰੇ ਹੀ ਨਵੇਂ ਨੈਸ਼ਨਲ ਰਿਕਾਰਡ ਸਨ! ਇਹਦੇ ਨਾਲ ਉਹਦੀ ਗੁੱਡੀ ਅਸਮਾਨੇ ਚੜ੍ਹ ਗਈ। ਉੱਧਰ ਪਾਕਿਸਤਾਨ ਤੋਂ ਇੰਡੋ-ਪਾਕਿ ਮੀਟ ਦਾ ਸੱਦਾ ਆ ਗਿਆ। ਮਿਲਖਾ ਸਿੰਘ ਉਸ ਧਰਤੀ ’ਤੇ ਨਹੀਂ ਸੀ ਜਾਣਾ ਚਾਹੁੰਦਾ ਜਿਸ ਨੇ ਉਸ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੂੰ ਨਿਗਲ ਲਿਆ ਸੀ। ਉਹ ਮਨਹੂਸ ਯਾਦਾਂ ਤੋਂ ਮੁਕਤ ਰਹਿਣਾ ਚਾਹੁੰਦਾ ਸੀ ਪਰ ਪੰਡਤ ਨਹਿਰੂ ਦੀ ਪ੍ਰੇਰਨਾ ਨਾਲ ਪਾਕਿਸਤਾਨ ਜਾਣਾ ਹੀ ਪਿਆ। ਉਹ ਲਾਹੌਰ ਦੇ ਫਲੈਟੀਜ਼ ਹੋਟਲ ਵਿਚ ਰੁਕੇ। ਅਖ਼ਬਾਰਾਂ ਵਿੱਚ ਧੂੰਆਂਧਾਰ ਪ੍ਰਚਾਰ ਹੋ ਰਿਹਾ ਸੀ, “ਇੰਡੋ-ਪਾਕਿ ਮੀਟ ਯਾਨੀ ਅਬਦੁੱਲ ਖਾਲਿਕ ਤੇ ਮਿਲਖਾ ਸਿੰਘ ਦਾ ਮੁਕਾਬਲਾ। ਸਾਹਨਾਂ ਦਾ ਭੇੜ!””

ਲਾਹੌਰ ਦੇ ਸ਼ਾਨਦਾਰ ਸਟੇਡੀਅਮ ਵਿਚ ਇੰਡੋ-ਪਾਕਿ ਮੀਟ ਦਾ ਉਦਘਾਟਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਂ ਨੇ ਕੀਤਾ। ਉੱਥੇ ਤੀਹ ਹਜ਼ਾਰ ਦਰਸ਼ਕ ਮੌਜੂਦ ਸਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਔਰਤਾਂ ਵੀ ਬੁਰਕੇ ਪਾ ਕੇ ਆਈਆਂ ਹੋਈਆਂ ਸਨ। ਉੱਥੇ ਵੀ ਸਥਿਤੀ ਟੋਕੀਓ ਵਾਲੀ ਸੀ। ਅਬਦੁੱਲ ਖ਼ਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਨਿਤਾਰੇ 200 ਮੀਟਰ ਦੀ ਦੌੜ ਵਿਚ ਹੋਣੇ ਸਨ। ਟੋਕੀਓ ਨਾਲੋਂ ਵੱਡਾ ਫਰਕ ਇਹ ਸੀ ਕਿ ਲਾਹੌਰ ਅਬਦੁੱਲ ਖ਼ਾਲਿਕ ਆਪਣੇ ਹਮਵਤਨਾਂ ਸਾਹਵੇਂ ਆਪਣੇ ਸ਼ਹਿਰ ਵਿਚ ਹੀ ਦੌੜ ਰਿਹਾ ਸੀ। ਸਾਰਾ ਸਟੇਡੀਅਮ ਅਬਦੁੱਲ ਖਾਲਿਕ ਦੀ ਜ਼ਿੰਦਾਬਾਦ ਬੁਲਾ ਰਿਹਾ ਸੀ। ਉਹ ਉਨ੍ਹਾਂ ਦਾ ਆਪਣਾ ਹੀਰੋ ਜੁ ਸੀ!

ਦੌੜ ਸ਼ਰੂ ਹੋਣ ਲੱਗੀ ਤਾਂ ਦੋ ਮੌਲਵੀ ਪਾਕਿ ਕੁਰਾਨ ਹੱਥਾਂ ਵਿਚ ਲਈ ਅਬਦੁੱਲ ਕੋਲ ਆਏ ਤੇ ਉਹਦੀ ਜਿੱਤ ਲਈ ਦੁਆ ਕੀਤੀ, “ਅੱਲਾ ਮਿਹਰ ਕਰੇ!” ਮਿਲਖਾ ਸਿੰਘ ਨੇ ਮੌਲਵੀਆਂ ਨੂੰ ਕਿਹਾ, “ਮੌਲਵੀ ਸਾਹਿਬ, ਅਸੀਂ ਵੀ ਤਾਂ ਉਸੇ ਅੱਲਾ ਦੇ ਬੰਦੇ ਹਾਂ। ਕੀ ਸਾਨੂੰ ਮਿਹਰ ਦੀ ਲੋੜ ਨਹੀਂ?” ਮੌਲਵੀਆਂ ਨੂੰ ਮਲਵੀਂ ਜੀਭ ਨਾਲ ਮਿਲਖਾ ਸਿੰਘ ਤੇ ਮੱਖਣ ਸਿੰਘ ਲਈ ਵੀ ਦੁਆ ਕਰਨੀ ਪਈ। ਮਿਲਖਾ ਸਿੰਘ ਨੂੰ ਉਸ ਦਿਨ ਮੱਠਾ ਮੱਠਾ ਬੁਖ਼ਾਰ ਸੀ। ਉਸ ਨੇ ਲੰਮਾ ਸਾਹ ਭਰਿਆ ਤੇ ਆਪਣੇ ਇਸ਼ਟ ਨੂੰ ਧਿਆਇਆ। ਇਹ ਦੌੜ ਉਹਦੇ ਲਈ ਜ਼ਿੰਦਗੀ ਮੌਤ ਦਾ ਸਵਾਲ ਸੀ। ਜਨਰਲ ਅਯੂਬ ਖਾਂ ਖ਼ੁਦ ਪ੍ਰੈਜ਼ੀਡੈਂਸ਼ਲ ਬੌਕਸ ਵਿਚ ਬੈਠਾ ਸਭ ਕੁਝ ਵੇਖ ਰਿਹਾ ਸੀ। ਦੌੜ ਤੋਂ ਪਹਿਲਾਂ ਅਬਦੁੱਲ ਖ਼ਾਲਿਕ ਉਸ ਤੋਂ ਥਾਪੜਾ ਲੈ ਕੇ ਆਇਆ ਸੀ।

ਦੌੜਾਕ ਲਾਈਨ ਉੱਤੇ ਝੁਕੇ। ਫਾਇਰ ਹੋਇਆ ਤੇ ਦੌੜਾਕਾਂ ਦੇ ਨਾਲ ਹੀ ਦਰਸ਼ਕ ਵੀ ਉੱਠ ਖੜ੍ਹੇ ਹੋਏ। ਮਿਲਖਾ ਸਿੰਘ ਬਾਜ ਵਾਂਗ ਉਡਦਾ ਅੱਖ ਪਲਕਾਰੇ ਵਿਚ ਫੀਤੇ ਨੂੰ ਜਾ ਛੋਹਿਆ। ਦੂਜੇ ਥਾਂ ਮੱਖਣ ਸਿੰਘ ਰਿਹਾ ਤੇ ਅਬਦੁੱਲ ਖ਼ਾਲਿਕ ਤੀਜੇ ਥਾਂ ਜਾ ਪਿਆ। ਮਿਲਖਾ ਸਿੰਘ ਦਾ ਸਮਾਂ ਸੀ 20.7 ਸੈਕੰਡ ਜੋ ਵਿਸ਼ਵ ਰਿਕਾਰਡ ਦੇ ਬਰਾਬਰ ਸੀ। ਅਬਦੁੱਲ ਨੇ ਆਪਣੇ ਹੀ ਲੋਕਾਂ ਸਾਹਮਣੇ ਹਾਰਨ ਦੀ ਏਨੀ ਨਮੋਸ਼ੀ ਮੰਨਿਆ ਕਿ ਗਰਾਊਂਡ ਵਿੱਚ ਬੈਠਾ ਫੁੱਟ ਫੁੱਟ ਕੇ ਰੋਣ ਲੱਗਾ। ਮਿਲਖਾ ਸਿੰਘ ਉੁਹਦੇ ਕੋਲ ਗਿਆ, ਜੱਫੀ ਪਾਈ ਤੇ ਕਿਹਾ ਕਿ ਉਹ ਹਾਰ ਨੂੰ ਦਿਲ ’ਤੇ ਨਾ ਲਾਵੇ ਕਿਉਂਕਿ ਹਾਰਾਂ ਜਿੱਤਾਂ ਦੌੜ ਦਾ ਹਿੱਸਾ ਹਨ।

ਫਿਰ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ, “ਮਿਲਖਾ ਸਿੰਘ ਦੌੜਿਆ ਨਹੀਂ, ਉਡਿਆ ਹੈ। ਅਸੀਂ ਏਹਨੂੰ 'ਫਲਾਈਂਗ ਸਿੱਖ' ਦਾ ਖ਼ਿਤਾਬ ਦੇਨੇ ਆਂ!” ਮਿਲਖਾ ਸਿੰਘ ਨੂੰ ਪ੍ਰੈਜ਼ੀਡੈਂਸ਼ਲ ਬੌਕਸ ਵਿਚ ਜਨਰਲ ਅਯੂਬ ਖਾਂ ਨਾਲ ਮਿਲਾਇਆ ਗਿਆ। ਉਸ ਨੇ ਵੀ ਕਿਹਾ, “ਮਿਲਖਾ ਸਿੰਘ, ਤੁਸੀਂ ਵਾਕਿਆ ਈ 'ਫਲਾਈਂਗ ਸਿੱਖ' ਹੋ।””

ਮਿਲਖਾ ਸਿੰਘ ਬੁਰਕਿਆਂ ਵਾਲੀਆਂ ਔਰਤਾਂ ਮੂਹਰ ਦੀ ਲੰਘਿਆ ਤਾਂ ਉਨ੍ਹਾਂ ਨੇ ਵੀ ਬੁਰਕੇ ਮੂੰਹਾਂ ਤੋਂ ਉਤਾਰ ਕੇ 'ਫਲਾਈਂਗ ਸਿੱਖ' ਦੇ ਦਰਸ਼ਨ ਕੀਤੇ। ਉਸ ਪਿੱਛੋਂ ਇਹੋ ਨਾਂ ਮਿਲਖਾ ਸਿੰਘ ਲਈ ਪ੍ਰਚਲਿਤ ਹੋ ਗਿਆ। ਸਾਰੇ ਉਸ ਨੂੰ ਫਲਾਈਂਗ ਸਿੱਖ ਕਹਿਣ ਲੱਗੇ।

ਰੋਮ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਫਰਾਂਸ ਦੇ ਕਾਲੇ ਦੌੜਾਕ ਅਬਦੁਲ ਸਾਈ ਨੇ ਲੰਡਨ ਵਿਚ ਦੌੜਦਿਆਂ 400 ਮੀਟਰ ਦੀ ਦੌੜ ਦਾ ਟਾਈਮ 45.9 ਸੈਕੰਡ ਕੱਢ ਦਿੱਤਾ ਜੋ ਓਲੰਪਿਕ ਖੇਡਾਂ ਦੇ ਰਿਕਾਰਡ ਬਰਾਬਰ ਸੀ। ਪੈਰਿਸ ਵਿਚ ਮਿਲਖਾ ਸਿੰਘ ਉਹਦੇ ਵਿਰੁੱਧ ਦੌੜਿਆ ਤਾਂ ਮਿਲਖਾ ਸਿੰਘ ਦਾ ਟਾਈਮ ਆਇਆ 45.8 ਸੈਕੰਡ! ਇਹ ਨਵਾਂ ਰਿਕਾਰਡ ਸੀ ਜਿਸ ਨਾਲ ਮਿਲਖਾ ਸਿੰਘ ਦੀ ਮਸ਼ਹੂਰੀ ਸਾਰੀ ਦੁਨੀਆ ਵਿਚ ਹੋ ਗਈ। ਰੋਮ ਵਿਚ ਉਸ ਨੂੰ 400 ਮੀਟਰ ਦੌੜ ਦਾ ਸੰਭਾਵਿਤ ਜੇਤੂ ਸਮਝਿਆ ਜਾਣ ਲੱਗਾ। ਰੋਮ ਦੀਆਂ ਓਲੰਪਿਕ ਖੇਡਾਂ ਵਿਚ 150 ਮੁਲਕਾਂ ਦੇ ਦੌੜਾਕ 400 ਮੀਟਰ ਦੀ ਦੌੜ ਵਿਚ ਸ਼ਾਮਲ ਸਨ। ਪਹਿਲੀ ਹੀਟ ਮਿਲਖਾ ਸਿੰਘ ਆਰਾਮ ਨਾਲ 47.6 ਤੇ ਦੂਜੀ ਹੀਟ 46.5 ਸੈਕੰਡ ਵਿਚ ਜਿੱਤਿਆ। ਸੈਮੀ ਫਾਈਨਲ ਉਹ 45.9 ਸੈਕੰਡ ਵਿਚ ਦੌੜ ਕੇ ਫਾਈਨਲ ਵਿਚ ਅੱਪੜਿਆ।

ਮੈਂ 1956 ਵਿਚ ਉਹਦੇ ਮੈਲਬੌਰਨ ਦੌੜਨ ਵੇਲੇ ਕਾਲਜ ਵਿਚ ਪੜ੍ਹਨ ਲੱਗਾ ਸੀ ਤੇ ਰੋਮ ਦੌੜਨ ਵੇਲੇ ਕਾਲਜ ਦਾ ਬੈੱਸਟ ਅਥਲੀਟ ਬਣ ਚੁੱਕਾ ਸਾਂ। ਅਸੀਂ ਕਾਲਜ ਦੀ ਲਾਇਬ੍ਰੇਰੀ ਦੇ ਅਖ਼ਬਾਰਾਂ ਤੇ ਰਸਾਲਿਆਂ ਵਿੱਚੋਂ ਓਲੰਪਿਕ ਖੇਡਾਂ ਦੀਆਂ ਰਿਪੋਰਟਾਂ ਹਰ ਰੋਜ਼ ਪੜ੍ਹਦੇ ਸਾਂ ਤੇ ਜਸਦੇਵ ਸਿੰਘ ਦੀ ਰੇਡੀਓ ਕੁਮੈਂਟਰੀ ਸੁਣਦੇ ਸਾਂ। ਸਾਰੇ ਦੇਸ਼ ਦੀਆਂ ਨਿਗਾਹਾਂ ਮਿਲਖਾ ਸਿੰਘ ਦੇ ਗੋਲਡ ਮੈਡਲ ਜਿੱਤਣ ਵੱਲ ਸਨ। ਅਖਬਾਰਾਂ ਨਿੱਤ ਮਿਲਖਾ ਸਿੰਘ ਦੇ ਨਾਂ ਦੀਆਂ ਸੁਰਖ਼ੀਆਂ ਨਾਲ ਭਰੀਆਂ ਆਉਂਦੀਆਂ।

ਰੋਮ ਦੇ ਓਲੰਪਿਕ ਸਟੇਡੀਅਮ ਵਿਚ 400 ਮੀਟਰ ਦੀ ਫਾਈਨਲ ਦੌੜ ਲੱਗਣ ਲੱਗੀ ਤਾਂ ਬਹੁਤੇ ਲੋਕਾਂ ਦੀਆਂ ਨਿਗਾਹਾਂ ਮਿਲਖਾ ਸਿੰਘ ਉੱਤੇ ਸਨ। ਨਿੱਕੀ ਦਾੜ੍ਹੀ, ਨਿੱਕੀਆਂ ਮੁੱਛਾਂ ਤੇ ਵੱਡੇ ਜੂੜੇ ਨਾਲ ਉਹ ਨਿਆਰਾ ਦਿਸ ਰਿਹਾ ਸੀ। ਬਹੁਤ ਸਾਰੇ ਦਰਸ਼ਕ ਉਸ ਨੂੰ ਸਾਧੂ ਸੰਤਾਂ ਵਰਗਾ ਕੋਈ ਧਾਰਮਿਕ ਪੁਰਸ਼ ਸਮਝ ਰਹੇ ਸਨ ਜਿਵੇਂ ਪਾਦਰੀਆਂ ਨੂੰ ਸਮਝਦੇ ਹਨ। ਮਿਲਖਾ ਸਿੰਘ ਦੀ ਦਾੜ੍ਹੀ ਤੇ ਜੂੜਾ ਉਹਦੀ ਵਿਸ਼ੇਸ਼ ਪਛਾਣ ਤੇ ਮਸ਼ਹੂਰੀ ਦੇ ਕਾਰਨ ਬਣੇ ਜਿਵੇਂ ਬਾਅਦ ਵਿਚ ਬਾਬਾ ਫੌਜਾ ਸਿੰਘ ਦੀ ਪੱਗ ਤੇ ਲੰਮੀ ਦਾੜ੍ਹੀ ਨੇ ਉਸ ਦੀ ਵੱਖਰੀ ਪਛਾਣ ਬਣਾਈ। ਲੇਨਾਂ ਲਈ ਪਰਚੀਆਂ ਚੁੱਕੀਆਂ ਗਈਆਂ ਤਾਂ ਮਿਲਖਾ ਸਿੰਘ ਨੂੰ ਬਦਕਿਸਮਤੀ ਨਾਲ ਪੰਜਵੀਂ ਲੇਨ ਮਿਲੀ। ਪਹਿਲੀ ਲੇਨ ਜਰਮਨੀ ਦੇ ਕਾਰਲ ਕਾਫ਼ਮੈਨ, ਦੂਜੀ ਲੇਨ ਅਮਰੀਕਾ ਦੇ ਓ ਡੈਵਿਸ, ਤੀਜੀ ਪੋਲੈਂਡ ਦੇ ਦੌੜਾਕ, ਚੌਥੀ ਦੱਖਣੀ ਅਫਰੀਕਾ ਦੇ ਮੈਲਕਮ ਸਪੈਂਸ, ਪੰਜਵੀਂ ਮਿਲਖਾ ਸਿੰਘ ਤੇ ਛੇਵੀਂ ਜਰਮਨ ਦੇ ਇਕ ਹੋਰ ਦੌੜਾਕ ਨੂੰ ਮਿਲੀ।

ਪੰਜਵੀਂ ਲੇਨ ਵਾਲਾ ਸਿਰਫ਼ ਛੇਵੀਂ ਲੇਨ ਵਾਲੇ ਨੂੰ ਹੀ ਵੇਖ ਸਕਦਾ ਹੈ ਜਦ ਕਿ ਹੇਠਲੀਆਂ ਲੇਨਾਂ ਵਾਲੇ ਬਾਹਰਲੀਆਂ ਲੇਨਾਂ ਦੇ ਦੌੜਾਕਾਂ ਨੂੰ ਵੇਖਦਿਆਂ ਆਪਣੀ ਸਪੀਡ ਵਧਾ ਘਟਾ ਸਕਦੇ ਹਨ। ਮਿਲਖਾ ਸਿੰਘ 250 ਮੀਟਰ ਕਾਫੀ ਤੇਜ਼ ਦੌੜਿਆ। ਕਰਵ ਉੱਤੇ ਪਹੁੰਚਦਿਆਂ ਲੱਗਦਾ ਸੀ ਕਿ ਉਹ ਸਭ ਤੋਂ ਅੱਗੇ ਹੈ। ਮਿਲਖਾ ਸਿੰਘ ਦੇ ਦੱਸਣ ਅਨੁਸਾਰ ਉਸ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹ ਖ਼ਤਰਨਾਕ ਹੱਦ ਤਕ ਤੇਜ਼ ਦੌੜ ਰਿਹੈ! ਸਿਰ ਵਿੱਚ ਆਈ ਸੋਚ ਇਕਦਮ ਉਹਦੇ ਪੈਰਾਂ ਵਿੱਚ ਲਹਿ ਗਈ ਜਿਵੇਂ ਤੇਜ਼ ਰਫ਼ਤਾਰ ਚਲਦੀ ਗੱਡੀ ਗੇਅਰ ਵਿੱਚੋਂ ਨਿਕਲ ਜਾਵੇ। 300 ਮੀਟਰ ’ਤੇ ਪੁੱਜਦਿਆਂ ਉਹ ਕੱਟਿਆ ਗਿਆ ਤੇ ਤਿੰਨ ਦੌੜਾਕ ਉਹਤੋਂ ਮੂਹਰੇ ਨਿਕਲ ਗਏ। ਸੇਧ ਉੱਤੇ ਲਾਇਆ ਸਿਰਤੋੜ ਜ਼ੋਰ ਵੀ ਕੁਝ ਨਾ ਕਰ ਸਕਿਆ। ਉਹ ਚੌਥੀ ਥਾਂ ਆ ਸਕਿਆ ਪਰ ਉਸ ਦਾ ਸਮਾਂ 45.6 ਸੈਕੰਡ ਪਹਿਲੇ ਓਲੰਪਿਕ ਰਿਕਾਰਡ ਨਾਲੋਂ ਬਿਹਤਰ ਸੀ।

ਓ ਡੈਵਿਸ ਤੇ ਕਾਫ਼ਮੈਨ ਦਾ ਟਾਈਮ ਸੀ 44.9 ਸੈਕੰਡ ਅਤੇ ਦੱਖਣੀ ਅਫਰੀਕਾ ਦੇ ਸਪੈਂਸ ਦਾ ਟਾਈਮ ਸੀ 45.5 ਸੈਕੰਡ। ਦੱਖਣੀ ਅਫਰੀਕਾ ਦੇ ਭਾਗ ਲੈਣ ਦੀ ਉਹ ਆਖ਼ਰੀ ਓਲੰਪਿਕਸ ਸੀ। ਉਸ ਪਿੱਛੋਂ ਕਈ ਸਾਲ ਉਸ ਨੂੰ ਓਲੰਪਿਕ ਬਰਾਦਰੀ ਵਿੱਚੋਂ ਛੇਕੀ ਰੱਖਿਆ ਗਿਆ। ਜੇਕਰ ਰੋਮ ਤੋਂ ਛੇਕਿਆ ਗਿਆ ਹੁੰਦਾ ਤਾਂ ਮਿਲਖਾ ਸਿੰਘ ਮੈਡਲ ਜਿੱਤ ਜਾਂਦਾ। ਸੈਕੰਡ ਦੇ ਦਸਵੇਂ ਹਿੱਸੇ ਦੀ ਦੇਰੀ ਨਾਲ ਮਿਲਖਾ ਸਿੰਘ ਓਲੰਪਿਕ ਮੈਡਲ ਤੋਂ ਵਾਂਝਾ ਰਹਿ ਗਿਆ। ਚੰਡੀਗੜ੍ਹ ਵਾਲੀ ਮੁਲਾਕਾਤ ਵਿਚ ਉਸ ਨੇ ਮੱਥੇ ’ਤੇ ਹੱਥ ਮਾਰਦਿਆਂ ਕਿਹਾ ਸੀ, “ਢਾਈ ਸੌ ਮੀਟਰ ’ਤੇ ਕੀਤੀ ਗ਼ਲਤੀ ਦਾ ਅਹਿਸਾਸ ਮੈਨੂੰ ਸਾਰੀ ਉਮਰ ਰਹੇਗਾ!””

ਰੋਮ ਤੋਂ ਮੁੜਨ ਵੇਲੇ ਮਿਲਖਾ ਸਿੰਘ ਅਸਲੋਂ ਟੁੱਟ ਚੁੱਕਾ ਸੀ। ਦੌੜ ਦੌੜ ਡੋਲ੍ਹਿਆ ਮੁੜ੍ਹਕਾ, ਜਾਗੀਆਂ ਰਾਤਾਂ, ਵਿਤੋਂ ਬਾਹਰਾ ਜ਼ੋਰ ਲਾਉਣ ਨਾਲ ਹੋਈਆਂ ਬੇਹੋਸ਼ੀਆਂ ਤੇ ਕੀਤੀਆਂ ਲਹੂ ਦੀਆਂ ਉਲਟੀਆਂ ਯਾਦ ਕਰ ਕੇ ਉਹਦਾ ਰੋਣ ਨਿਕਲ ਜਾਂਦਾ। ਬੰਬਈ ਦੇ ਹਵਾਈ ਅੱਡੇ ’ਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਉੱਤਰਿਆ। ਓਲੰਪਿਕ ਰਿਕਾਰਡ ਤੋੜਨ ਦੇ ਬਾਵਜੂਦ ਉੱਥੇ ਉਹਦੀ ਜ਼ਿੰਦਾਬਾਦ ਕਰਨ ਵਾਲਾ ਕੋਈ ਨਹੀਂ ਸੀ। ਨਿਰਾਸ਼ ਹੋਏ ਚੈਂਪੀਅਨ ਨੇ ਦੌੜ ਨੂੰ ਅਲਵਿਦਾ ਆਖ ਦਿੱਤੀ। ਉਦੋਂ ਉਸ ਦੀ ਉਮਰ ਅਠਾਈ ਸਾਲਾਂ ਤੋਂ ਟੱਪ ਚੁੱਕੀ ਸੀ।

ਪਰ ਦੋਸਤਾਂ ਮਿੱਤਰਾਂ ਤੇ ਫੌਜੀ ਅਫ਼ਸਰਾਂ ਦੇ ਦਿਲਾਸਿਆਂ ਤੇ ਪ੍ਰੇਰਨਾ ਨੇ ਉਸ ਨੂੰ ਫਿਰ ਮੈਦਾਨ ਵਿਚ ਲੈ ਆਂਦਾ। ਉਹ ਮੁੜ ਦੌੜਨ ਦਾ ਅਭਿਆਸ ਕਰਨ ਲੱਗਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਤਾਪ ਸਿੰਘ ਕੈਰੋਂ ਨੇ ਉਸ ਨੂੰ ਪੰਜਾਬ ਦੇ ਖੇਡ ਵਿਭਾਗ ਵਿਚ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਜੋ ਉਸ ਨੇ ਝਿਜਕਦਿਆਂ ਸਵੀਕਾਰ ਕਰ ਲਈ। ਉਸ ਨੂੰ ਪੰਜਾਬ ਵਿਚ ਲਿਆਉਣ ਦੀ ਗੱਲ ਗੁਰਨਾਮ ਸਿੰਘ ਤੀਰ ਨੇ ਕੈਰੋਂ ਕੋਲ ਤੋਰੀ ਸੀ, ਜੋ ਸਿਰੇ ਚੜ੍ਹ ਗਈ। ਫੌਜ ਵਿਚ ਉਹ ਜੂਨੀਅਰ ਅਫ਼ਸਰ ਸੀ, ਖੇਡ ਵਿਭਾਗ ਪੰਜਾਬ ਦਾ ਉਹ ਡਿਪਟੀ ਡਾਇਰੈਕਟਰ ਬਣ ਗਿਆ। ਈ. ਐੱਮ. ਈ. ਸੈਂਟਰ ਸਿਕੰਦਰਾਬਾਦ ਵਿਚ ਉਸ ਨੂੰ ਭਾਵ ਭਿੰਨੀ ਵਿਦਾਇਗੀ ਦਿੱਤੀ ਗਈ। ਇਹ ਉਸ ਦੀ ਕਰਮਭੂੰਮੀ ਸੀ। ਫੌਜੀਆਂ ਨੇ ਉਸ ਨੂੰ ਚਾਂਦੀ ਦਾ ਗਲਾਸ, ਚਾਂਦੀ ਦੀ ਥਾਲੀ, ਸੁੰਦਰ ਟਰਾਫੀ ਤੇ ਸੋਨੇ ਦਾ ਕੜਾ ਪਿਆਰ ਨਿਸ਼ਾਨੀ ਵਜੋਂ ਭੇਟ ਕੀਤੇ। ਮਿਲਖਾ ਸਿੰਘ ਦੇ ਹੰਝੂ ਵਹਿ ਤੁਰੇ। ਉਸ ਨੇ ਭਰੇ ਗਲੇ ਨਾਲ ਧੰਨਵਾਦ ਕੀਤਾ ਤੇ ਕਿਹਾ, “ਦੋਸਤੋ, ਤੁਹਾਡੀਆਂ ਪਿਆਰ ਨਿਸ਼ਾਨੀਆਂ ਮੇਰੇ ਅੰਗ ਸੰਗ ਰਹਿਣਗੀਆਂ। ਮੈਂ ਸਿਕੰਦਰਾਬਾਦ ਦੀਆਂ ਬੈਰਕਾਂ ਤੇ ਗਰਾਊਂਡਾਂ ਨੂੰ ਕਦੇ ਨਹੀਂ ਭੁੱਲਾਂਗਾ। ਸਿਕੰਦਰਾਬਾਦ ਮੇਰੇ ਦਿਲ ਵਿਚ ਵਸਦਾ ਰਹੇਗਾ। ਮੈਂ ਚਾਹਾਂਗਾ ਇੱਥੋਂ ਹੋਰ ਮਿਲਖਾ ਸਿੰਘ ਪੈਦਾ ਹੋਣ ...।””

ਫੌਜੀਆਂ ਦੀਆਂ ਪਿਆਰ ਨਿਸ਼ਾਨੀਆਂ ਅੱਜ ਵੀ ਮਿਲਖਾ ਸਿੰਘ ਦੇ ਘਰ ਦਾ ਸ਼ਿੰਗਾਰ ਹਨ। ਸਿਕੰਦਰਾਬਾਦ ਵੀ ਉਹਦੇ ਦਿਲ ਵਿਚ ਆਬਾਦ ਹੈ। ਰਤਾ ਕੁ ਮੇਘਲੇ ਰੰਗ ਦੀ ਉਹ ਇਕ ਸੰਗਾਊ ਕੁੜੀ ਵੀ ਉਹਦੇ ਦਿਲ ਵਿਚ ਆਬਾਦ ਹੈ। ਉਹ ਹੈ ਉਸ ਦੀ ਜੀਵਨ ਸਾਥਣ ਨਿਰਮਲ ਨਿੰਮੀ। ਉਹ ਉਸ ਨੂੰ ਪਹਿਲੀ ਵਾਰ 1956 ਵਿਚ ਕੋਲੰਬੋ ਮਿਲੀ ਸੀ। ਉਦੋਂ ਉਹ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੀ ਵਿਦਿਆਰਥਣ ਸੀ। ਉਹ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਬਣ ਕੇ ਸੀਲੋਨ ਵਿਚ ਮੈਚ ਖੇਡਣ ਗਈ ਸੀ। ਮਿਲਖਾ ਸਿੰਘ ਉੱਥੇ ਦੌੜਨ ਗਿਆ ਸੀ। ਰੁਮਾਂਸ ਬੜੀ ਮੱਠੀ ਚਾਲੇ ਅੱਗੇ ਵਧਿਆ ਸੀ ਜਿਸ ਦੀ ਕਹਾਣੀ ਲੰਮੀ ਹੈ ਤੇ ਵੱਖਰਾ ਬਿਰਤਾਂਤ ਮੰਗਦੀ ਹੈ। ਉਹ ਪਟਿਆਲੇ ਵੀ ਮਿਲੇ, ਦਿੱਲੀ ਵੀ ਮਿਲਦੇ ਰਹੇ ਤੇ ਚੰਡੀਗੜ੍ਹ ਤਾਂ ਐਸੇ ਮਿਲੇ ਕਿ ਕੈਰੋਂ ਸਾਹਿਬ ਨੂੰ ਵਿਚੋਲਾ ਬਣ ਕੇ ਉਨ੍ਹਾਂ ਦਾ ਵਿਆਹ ਕਰਾਉਣਾ ਪਿਆ। 5 ਮਈ 1963 ਨੂੰ ਬਰਾਤ ਪਠਾਨਕੋਟ ਢੁੱਕੀ ਤੇ ਡੋਲੀ ਚੰਡੀਗੜ੍ਹ ਆਈ। ਹਨੀਮੂਨ ਸ੍ਰੀਨਗਰ ਮਨਾਇਆ ਗਿਆ। ਹੁਣ ਉਹ ਦਾਦੀ ਨਾਨੀ ਬਣੀ ਹੋਈ ਹੈ। 'ਭਾਗ ਮਿਲਖਾ ਭਾਗ' ਫਿਲਮ ਵਿਚ ਉਸ ਦਾ ਜ਼ਿਕਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਉਹ ਫਿਲਮ ਬਣੀ ਹੀ ਮਿਲਖਾ ਸਿੰਘ ਦੇ ਬਚਪਨ ਤੋਂ 1960 ਦੀਆਂ ਓਲੰਪਿਕ ਖੇਡਾਂ ਤੇ ਉਸ ਦੇ 'ਫਲਾਈਂਗ ਸਿੱਖ' ਬਣਨ ਤਕ ਹੈ। ਸੰਭਵ ਹੈ ਕਦੇ ਫਿਲਮ ਦਾ ਦੂਜਾ ਭਾਗ ਵੀ ਬਣ ਜਾਵੇ।

1958 ਵਿਚ ਜਦੋਂ ਮਿਲਖਾ ਸਿੰਘ ਤੇ ਪ੍ਰਦੁੱਮਣ ਸਿੰਘ ਹੋਰੀਂ ਟੋਕੀਓ ਤੋਂ ਗੋਲਡ ਮੈਡਲ ਜਿੱਤ ਕੇ ਮੁੜੇ ਸਨ ਤਾਂ ਪਟਿਆਲੇ ਵਿਚ ਉਨ੍ਹਾਂ ਦਾ ਜੇਤੂ ਜਲੂਸ ਕੱਢਿਆ ਗਿਆ ਸੀ। ਸਰੀਰਕ ਸਿੱਖਿਆ ਕਾਲਜ ਦੀ ਪ੍ਰਿੰਸੀਪਲ ਨੇ ਮਿਲਖਾ ਸਿੰਘ ਨੂੰ ਕਾਲਜ ਵਿਚ ਸੱਦਿਆ ਸੀ। ਮਿਲਖਾ ਸਿੰਘ ਵਿਦਿਆਰਥੀਆਂ ਨੂੰ ਸੰਬੋਧਨ ਹੋਇਆ ਤਾਂ ਨਿੰਮੀ ਵੀ ਉਨ੍ਹਾਂ ਵਿਚ ਬੈਠੀ ਸੀ। ਇਹ ਉਨ੍ਹਾਂ ਦੀ ਦੂਜੀ ਮੁਲਾਕਾਤ ਸੀ। ਤੀਜੀ ਮੁਲਾਕਾਤ 1960 ਵਿਚ ਦਿੱਲੀ ਹੋਈ ਜਦੋਂ ਉਹ ਲੇਡੀ ਇਰਵਿੰਗ ਕਾਲਜ ਵਿਚ ਡੀ. ਪੀ. ਈ. ਲੱਗ ਚੁੱਕੀ ਸੀ। ਉਸ ਨੇ ਸਲਵਾਰ ਕਮੀਜ਼ ਨਾਲ ਦੋ ਗੁੱਤਾਂ ਕਰਨ ਦੀ ਥਾਂ ਸਾੜ੍ਹੀ ਲਾ ਕੇ ਜੂੜਾ ਕਰਨਾ ਸਿੱਖ ਲਿਆ ਸੀ।
ਤਦ ਤਕ ਮਿਲਖਾ ਸਿੰਘ ਨੇ ਫੀਅਟ ਕਾਰ ਲੈ ਲਈ ਹੋਈ ਸੀ ਜੋ ਪੰਜ ਹਜ਼ਾਰ ਵਿਚ ਆਈ ਸੀ। ਮਹਾਰਾਜਾ ਯਾਦਵਿੰਦਰ ਸਿੰਘ ਨੇ ਟੋਕੀਓ ਵਿੱਚ ਕਿਹਾ ਸੀ, “ਜੇ ਅਬਦੁੱਲ ਖ਼ਾਲਿਕ ਨੂੰ ਹਰਾ ਦੇਵੇਂ ਤਾਂ ਮੈਂ ਪੰਜ ਹਜ਼ਾਰ ਇਨਾਮ ਦੇਵਾਂਗਾ।”” ਮਿਲਖਾ ਸਿੰਘ ਨੂੰ ਮਹਾਰਾਜੇ ਵਾਲਾ ਪੰਜ ਹਜ਼ਾਰ ਮਿਲਿਆ ਤਾਂ ਉਸ ਨੇ ਕਾਰ ਲੈ ਲਈ। ਕਾਰ ਵਿਚ ਨਿੰਮੀ ਨੂੰ ਬਹਾ ਕੇ ਦਿੱਲੀ ਦੀ ਮਥਰਾ ਰੋਡ ’ਤੇ ਚੱਲਿਆ ਤਾਂ ਕਾਰ ਇਕ ਮਜ਼ਦੂਰ ਉੱਤੇ ਜਾ ਚੜ੍ਹੀ। ਰਾਹਗੀਰਾਂ ਦਾ ਇਕੱਠ ਹੋ ਗਿਆ। ਕਈਆਂ ਨੇ ਮਿਲਖਾ ਸਿੰਘ ਨੂੰ ਸਿਆਣ ਲਿਆ। ਮਿਲਖਾ ਸਿੰਘ ਨੂੰ ਆਪਣਾ ਨਹੀਂ, ਨਿੰਮੀ ਦਾ ਫ਼ਿਕਰ ਸੀ। ਨਿੰਮੀ ਮੁਸੀਬਤ ਵਿਚ ਮਿਲਖਾ ਸਿੰਘ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਪਰ ਉਸ ਦੀ ਇੱਜ਼ਤ ਆਬਰ੍ਰ ਦਾ ਖ਼ਿਆਲ ਕਰਦਿਆਂ ਮਿਲਖਾ ਸਿੰਘ ਨੇ ਮੱਲੋਮੱਲੀ ਉਸ ਨੂੰ ਕਿਸੇ ਸਿਆਣੂੰ ਦੀ ਸਹਾਇਤਾ ਨਾਲ ਨਿੰਮੀ ਦੇ ਹੋਸਟਲ ਭੇਜ ਦਿੱਤਾ। ਆਪ ਜ਼ਖ਼ਮੀ ਹੋਏ ਮਜ਼ਦੂਰ ਨੂੰ ਹਸਪਤਾਲ ਲੈ ਗਿਆ ਤੇ ਇਕ ਮਹੀਨੇ ਦੀ ਤਨਖਾਹ ਉਸ ਦੇ ਇਲਾਜ ਉੱਤੇ ਲਾਈ।

ਫਿਰ ਪੰਜਾਬ ਦੇ ਖੇਡ ਵਿਭਾਗ ਵਿਚ ਉਹ ਚੰਡੀਗੜ੍ਹ ਇਕੱਠੇ ਹੋ ਗਏ। ਦੋਵੇਂ ਖਿਡਾਰੀ, ਦੋਵੇਂ ਖੇਡ ਅਫਸਰ। ਮਿਊਂਸਪੈਲਟੀ ਦੇ ਨਲਕੇ ਉੱਤੇ ਜਿਸ ਕੁੜੀ ਨਾਲ ਮੋਹ ਹੋਇਆ ਸੀ, ਉਹ ਕੁੜੀ ਦੇ ਵਿਆਹੇ ਜਾਣ ਨਾਲ ਮੁੱਕ ਗਿਆ ਸੀ। ਮੈਲਬੌਰਨ ਦੀ ਦੌੜਾਕ ਬੈਟੀ ਨੇ ਮੋਹ ਪਾਇਆ ਜੋ ਉੱਥੇ ਹੀ ਰਹਿ ਗਿਆ। ਦਿੱਲੀ ਦੇ ਇਕ ਅਮੀਰ ਘਰ ਦੀ ਲਾਡਲੀ ਕੁੜੀ ਉਹਦੀ ਦਿੱਲੀ ਦੀ ਦੌੜ ’ਤੇ ਫਿਦਾ ਹੋਈ ਤਾਂ ਉਹਦੇ ਘਰ ਵਾਲੇ ਵੀ ਚਾਹੁਣ ਲੱਗੇ ਕਿ ਮਿਲਖਾ ਸਿੰਘ ਉਨ੍ਹਾਂ ਦਾ ਜੁਆਈ ਭਾਈ ਬਣ ਜਾਵੇ। ਮਿਲਖਾ ਸਿੰਘ ਦੇ ਨਾਂ ਨਾਲ ਉਨ੍ਹਾਂ ਦਾ ਬਿਜਨਿਸ ਹੋਰ ਚਮਕੇਗਾ। ਉਨ੍ਹਾਂ ਦੀਆਂ ਮਹਿੰਗੀਆਂ ਕਾਰਾਂ ਮਿਲਖਾ ਸਿੰਘ ਦੇ ਅੱਗੇ ਪਿੱਛੇ ਘੁੰਮਣ ਲੱਗੀਆਂ। ਮਿਲਖਾ ਸਿੰਘ ਨੂੰ ਮਹਿਸੂਸ ਹੋਇਆ ਕਿ ਉਹ ਉਸ ਉੱਤੇ ਕਾਬਜ਼ ਹੋ ਰਹੇ ਨੇ ਤੇ ਉਸ ਨੂੰ ਆਜ਼ਾਦੀ ਨਾਲ ਨਹੀਂ ਜਿਊਣ ਦੇਣਗੇ। ਸਿੱਧਾ ਮੁੱਕਰਿਆ ਤਾਂ ਉਸ ਮਰਵਾਉਣ ਤਕ ਵੀ ਜਾ ਸਕਦੇ ਨੇ! ਉਹ ਦਿੱਲੀ ਤੋਂ ਦੌੜ ਪਿਆ ਤੇ ਚੰਡੀਗੜ੍ਹ ਆ ਸਾਹ ਲਿਆ। ਇਓਂ ਹੋਇਆ ਮਿਲਖਾ ਸਿੰਘ ਅਤੇ ਨਿਰਮਲ ਨਿੰਮੀ ਦਾ ਸਦੀਵੀ ਮੇਲ।

ਜਦੋਂ ਅਜਮੇਰ ਸਿੰਘ ਤੇ ਮੈਂ ਮਿਲਖਾ ਸਿੰਘ ਨੂੰ ਚੰਡੀਗੜ੍ਹ ਮਿਲੇ ਸਾਂ ਤਾਂ ਉਨ੍ਹਾਂ ਦੇ ਵਿਆਹ ਹੋਏ ਨੂੰ ਤਿੰਨ ਕੁ ਸਾਲ ਹੀ ਹੋਏ ਸਨ। ਉਨ੍ਹਾਂ ਦੇ ਤਿੰਨ ਧੀਆਂ ਪਿੱਛੋਂ ਪੁੱਤਰ ਹੋਇਆ ਜਿਸ ਨੇ ਗੌਲਫ਼ ਦੀ ਦੁਨੀਆ ਵਿਚ ਚੋਖਾ ਨਾਮਣਾ ਖੱਟਿਆ। ਉਸ ਦਾ ਨਾਂ ਜੀਵ ਮਿਲਖਾ ਸਿੰਘ ਹੈ। ਮਿਲਖਾ ਸਿੰਘ ਦੀਆਂ ਦੋ ਵੱਡੀਆਂ ਧੀਆਂ ਅਮਰੀਕਾ ਵਸਦੀਆਂ ਹਨ। ਮਿਲਖਾ ਸਿੰਘ ਤੇ ਨਿਰਮਲ ਕੌਰ ਹੁਣ ਮੰਮੀ ਡੈਡੀ ਤੋਂ ਅੱਗੇ ਦਾਦਾ ਦਾਦੀ ਤੇ ਨਾਨਾ ਨਾਨੀ ਹਨ ਅਤੇ ਚੰਡੀਗੜ੍ਹ ਰਹਿੰਦੇ ਹਨ। ਖਾਣ ਪੀਣ ਤੇ ਕਸਰਤ ਕਰਨ ਵੱਲੋਂ ਦੋਵੇਂ ਸੁਚੇਤ ਹਨ ਜਿਸ ਕਰਕੇ ਅਜੇ ਵੀ ਜੁਆਨ ਦਿਸਦੇ ਹਨ।

ਨਿਰਮਲ ਨਿੰਮੀ ਨੂੰ ਸੁਖਨਾ ਲੇਕ ਦੀ ਸਫਾਈ ਮੌਕੇ ਮੈਂ ਖ਼ੁਦ ਕਹੀ ਚਲਾਉਂਦੇ ਵੇਖਿਆ ਹੈ। ਮਿਲਖਾ ਸਿੰਘ ਦੀ ਖਾਧ ਖੁਰਾਕ ਸਾਦੀ ਤੇ ਥੋੜ੍ਹੀ ਹੈ। ਉਹਦੀ ਥਿਊਰੀ ਘੱਟ ਖਾਣ ਤੇ ਵੱਧ ਜੀਣ ਦੀ ਹੈ। ਸਰੀਰਕ ਵਜ਼ਨ ਜੁਆਨੀ ਤੋਂ ਹੁਣ ਤਕ 68 ਕਿਲੋ ਰੱਖਿਆ ਹੋਇਆ ਹੈ। ਹਰ ਰੋਜ਼ ਇਕ ਦੋ ਕਿਲੋਮੀਟਰ ਦੀ ਜੌਗਿੰਗ ਉਹ ਅਜੇ ਵੀ ਕਰ ਲੈਂਦਾ ਹੈ। ਮਿਲਖਾ ਸਿੰਘ ਗੌਲਫ਼ ਦਾ ਪ੍ਰੇਮੀ ਹੈ ਜਿਸ ਨਾਲ ਅੱਠ ਦਸ ਕਿਲੋਮੀਟਰ ਦਾ ਤੋਰਾ ਫੇਰਾ ਉਂਜ ਹੀ ਹੋ ਜਾਂਦੈ। ਨਿੰਮੀ ਘਰ ਬਾਰ ਸੰਭਾਲਦੀ ਹੈ। ਗੌਲਫ਼ ਦੀ ਖੇਡ ਬਾਰੇ ਮਿਲਖਾ ਸਿੰਘ ਦਾ ਕਹਿਣਾ ਹੈ, “ਜੀਹਨੂੰ ਗੌਲਫ਼ ਦਾ ਵੈਲ ਲੱਗ ਜਾਵੇ ਉਹ ਗਰਲ ਫਰਿੰਡ ਛੱਡ ਸਕਦਾ ਪਰ ਗੌਲਫ਼ ਨਹੀਂ ਛੱਡ ਸਕਦਾ!””

ਵੈਸੇ ਗਰਲ ਫਰਿੰਡਾਂ ਉਸ ਨੇ ਗੌਲਫ਼ ਖੇਡਣ ਤੋਂ ਪਹਿਲਾਂ ਹੀ ਛੱਡ ਦਿੱਤੀਆਂ ਸਨ।

ਰੋਮ ਦੀ ਹਾਰ ਪਿੱਛੋਂ ਮਿਲਖਾ ਸਿੰਘ ਨੇ 1962 ਵਿਚ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਵਿੱਚੋਂ ਦੋ ਗੋਲਡ ਮੈਡਲ ਜਿੱਤੇ। ਇਕ 400 ਮੀਟਰ ਦੌੜ ਵਿੱਚੋਂ ਤੇ ਦੂਜਾ 4+400 ਮੀਟਰ ਰਿਲੇਅ ਦੌੜ ਵਿੱਚੋਂ। ਪਰ ਉੱਥੇ ਉਹਦੀਆਂ ਜਿੱਤਾਂ ਟੋਕੀਓ, ਕਾਰਡਿਫ਼ ਤੇ ਲਾਹੌਰ ਵਰਗੀਆਂ ਯਾਦਗਾਰੀ ਨਹੀਂ ਸਨ। ਨਾ ਹੀ ਉਹਦਾ ਟਾਈਮ ਰੋਮ ਵਰਗਾ ਸੀ। ਜਕਾਰਤਾ ਉਹ ਥਿੰਧੇ ਰਿੜਕਣੇ ਦਾ ਤਰਵਰਾ ਸੀ। ਏਸ਼ਿਆਈ ਖੇਡਾਂ ਦੇ ਚਾਰ ਗੋਲਡ ਮੈਡਲ, ਕਾਮਨਵੈਲਥ ਖੇਡਾਂ ਦਾ ਇਕ ਗੋਲਡ, ਕੌਮੀ ਖੇਡਾਂ ਤੇ ਦੁਵੱਲੀਆਂ ਦੌੜਾਂ ਦੇ ਅਨੇਕਾਂ ਗੋਲਡ ਮੈਡਲ ਅਤੇ ਪਹਿਲੇ ਓਲੰਪਿਕ ਰਿਕਾਰਡ ਨੂੰ ਤੋੜਨਾ ਉਹਦੀਆਂ ਪ੍ਰਾਪਤੀਆਂ ਹਨ। ਇਹ ਉਨ੍ਹਾਂ ਦਿਨਾਂ ਦੀਆਂ ਪ੍ਰਾਪਤੀਆਂ ਹਨ ਜਦੋਂ ਦੇਸ਼ ਵਿਚ ਖੇਡ ਸਹੂਲਤਾਂ ਨਾ ਹੋਣ ਬਰਾਬਰ ਸਨ।

ਇਕ ਪਛੜੇ ਪਿੰਡ ਵਿਚ ਇਕ ਗ਼ਰੀਬ ਕਿਸਾਨ ਦੇ ਘਰ ਦਾ ਜੰਮਪਲ ਹੋ ਕੇ, ਅਨਾਥ ਹੋ ਕੇ, ਬਚਪਨ ਟੁਕੜੇ ਟੁਕੜੇ ਕਰਾ ਕੇ, ਉੱਜੜ ਪੁੱਜੜ ਕੇ, ਜੇਲ੍ਹ ਜਾ ਕੇ, ਅੰਤਾਂ ਦੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ, ਵੱਡੀ ਉਮਰ ਵਿੱਚ ਦੌੜ ਸ਼ੁਰੂ ਕਰ ਕੇ ਤੇ ਫਿਰ ਵੀ ਦੌੜ ਦਾ ਬਾਦਸ਼ਾਹ ਬਣ ਕੇ ਜੋ ਮਿਸ਼ਾਲ ਮਿਲਖਾ ਸਿੰਘ ਨੇ ਜਗਾਈ ਹੈ, ਉਸ ਨੂੰ ਸਲਾਮ ਹੈ। ਇਹੋ ਮਿਸ਼ਾਲ ਹਰ ਸਾਧਾਰਨ ਬੱਚੇ ਨੂੰ, ਜੁਆਨ ਨੂੰ, ਇਨਸਾਨ ਨੂੰ ਉੱਚੀਆਂ ਉਡਾਰੀਆਂ ਭਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਰਾਹਦਸੇਰਾ ਹੋ ਸਕਦੀ ਹੈ, ਰਹਿਬਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ ਕੇਵਲ ਕੁਝ ਕਦਮਾਂ ਦੀ ਦੌੜ ਨਹੀਂ, ਬਲਕਿ ਹਰ ਬਾਲ ਅੰਦਰ ਛੁਪੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ। ਬੱਸ ਦ੍ਰਿੜ੍ਹ ਵਿੱਲ ਪਾਵਰ, ਸਦੀਵੀ ਲਗਨ ਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ।

1970 ਦੇ ਆਸ ਪਾਸ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੀ ਅਥਲੈਟਿਕ ਮੀਟ ਉੱਤੇ ਉਸ ਨੇ ਐਲਾਨ ਕੀਤਾ ਸੀ ਕਿ ਕੋਈ ਭਾਰਤੀ ਜੁਆਨ ਪੰਜ ਸਾਲਾਂ ਵਿੱਚ ਉਹਦਾ ਰਿਕਾਰਡ ਤੋੜ ਦੇਵੇ ਤਾਂ ਉਹ ਉਸ ਨੂੰ ਆਪਣੇ ਸਪਾਈਕਸ ਤੇ ਪੰਜ ਹਜ਼ਾਰ ਰੁਪਏ ਇਨਾਮ ਦੇਵੇਗਾ। ਪਰ ਰਿਕਾਰਡ ਨਾ ਟੁੱਟਾ। ਫਿਰ ਐਲਾਨ ਕੀਤਾ ਕਿ ਕੋਈ ਦਸ ਸਾਲਾਂ ਵਿੱਚ ਰਿਕਾਰਡ ਤੋੜ ਦੇਵੇ ਤਾਂ ਦਸ ਹਜ਼ਾਰ ਇਨਾਮ ਮਿਲੇਗਾ। ਫਿਰ ਵੀ ਕੋਈ ਨਾ ਨਿੱਤਰਿਆ। ਅਖ਼ੀਰ ਮਿਲਖਾ ਸਿੰਘ ਨੂੰ ਐਲਾਨ ਕਰਨਾ ਪਿਆ ਕਿ ਕੋਈ ਭਾਰਤੀ ਦੌੜਾਕ ਉਹਦੇ ਵੇਲੇ ਦੇ ਘਾਹ ਵਾਲੇ ਜਾਂ ਸਿੰਡਰ ਟਰੈਕ ਉੱਤੇ ਉਸ ਦੇ ਜੀਂਦੇ ਜੀਅ ਉਸ ਦਾ ਰਿਕਾਰਡ ਤੋੜ ਦੇਵੇ ਤਾਂ ਉਹ ਆਪਣੀ ਜੇਬ ਵਿੱਚੋਂ ਲੱਖ ਰੁਪਿਆ ਦੇਵੇਗਾ। ਫਿਰ ਉਸ ਨੇ ਇਨਾਮ ਦੋ ਲੱਖ ਰੁਪਏ ਕਰ ਦਿੱਤਾ। ਇਹ ਵੀ ਵਸੀਅਤ ਕਰ ਦਿੱਤੀ ਕਿ ਮੈਂ ਨਾ ਰਿਹਾ ਤਾਂ ਮੇਰਾ ਪੁੱਤਰ ਇਨਾਮ ਦੇਵੇਗਾ।

ਮਿਲਖਾ ਸਿੰਘ ਦੇ ਦੌੜਨ ਸਮੇਂ ਘਾਹ ਵਾਲੇ ਜਾਂ ਬਜਰੀ ਵਾਲੇ ਸਿੰਡਰ ਟਰੈਕ ਹੁੰਦੇ ਸਨ ਤੇ ਸਮਾਂ ਹੱਥਾਂ ਵਿੱਚ ਫੜੀਆਂ ਸਟਾਪ ਘੜੀਆਂ ਨਾਲ ਲਿਆ ਜਾਂਦਾ ਸੀ। ਸੈਕੰਡ ਵੀ ਸੌਵੇਂ ਹਿੱਸੇ ਤੱਕ ਨਹੀਂ ਸਨ ਵੰਡੇ ਜਾਂਦੇ। ਉਦੋਂ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਮਿਲਖਾ ਸਿੰਘ ਨੇ 45.6 ਸੈਕੰਡ ਦਾ ਰਿਕਾਰਡ ਰੱਖਿਆ ਸੀ। ਹੁਣ ਸਪਾਈਕਸ ਵੀ ਹੌਲੇ ਫੁੱਲ ਹਨ ਤੇ ਸਿੰਥੈਟਿਕ ਟਰੈਕ ਵੀ ਰਬੜ ਵਰਗੇ ਹਨ। ਕੋਚ ਹਨ, ਖੁਰਾਕ ਹੈ, ਦਵਾਈਆਂ ਹਨ, ਵਜ਼ੀਫ਼ੇ ਹਨ, ਨੌਕਰੀਆਂ ਹਨ ਤੇ ਜੇਤੂਆਂ ਲਈ ਲੱਖਾਂ ਕਰੋੜਾਂ ਦੇ ਇਨਾਮ ਹਨ। ਹੋਰ ਜੁਆਨ ਕੀ ਚਾਹੁੰਦੇ ਹਨ? ਹੈ ਕੋਈ ਜੁਆਨ ਜਿਹੜਾ ਮਿਲਖਾ ਸਿੰਘ ਵਾਂਗ ਦੌੜੇ ਤੇ ਉਹਦਾ ਰਿਕਾਰਡ ਤੋੜੇ? ਮਿਲਖਾ ਸਿੰਘ ਦੇ ਭਾਰੇ ਕਿੱਲਾਂ ਵਾਲੇ ਬੂਟ ਪਟਿਆਲੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਅਜਾਇਬ ਘਰ ਵਿਚ ਰੱਖੇ ਹੋਏ ਹਨ ਜੋ ਦੇਸ਼ ਦੇ ਜੁਆਨਾਂ ਨੂੰ ਵੰਗਾਰ ਰਹੇ ਹਨ, “ਆਓ ਜੁਆਨੋਂ ਨਿੱਤਰੋ!””

*****

(88)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author