“ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ ਜੋ ਸ਼ਮਸ਼ੇਰ ਸੰਧੂ ਨਾਲ ...”
(26 ਅਪ੍ਰੈਲ 2019)
ਪਾਸ਼, ਸ਼ਮਸ਼ੇਰ ਦਾ ਪੱਗ-ਵੱਟ ਨਹੀਂ, ਲੰਗੋਟੀ-ਵੱਟ ਯਾਰ ਸੀ ਪਰ ਸੀ ਰੁਸੇਵਿਆਂ ਮਨੇਵਿਆਂ ਵਾਲਾ। ਉਨ੍ਹਾਂ ਦੀ ਆਪਸ ਵਿੱਚ ਤਿੱਖੀ ਤਕਰਾਰ ਹੁੰਦੀ ਰਹਿੰਦੀ ਸੀ। ਉਹ ਬਹਿਸਦੇ ਸਨ, ਰੁੱਸਦੇ ਸਨ ਤੇ ਛੇਤੀ ਮੰਨ ਵੀ ਜਾਂਦੇ ਸਨ। ਸ਼ਮਸ਼ੇਰ ਲਿਖਦਾ ਹੈ, “ਅਸੀਂ ਆਪਸ ਵਿੱਚ ਲੜ ਵੀ ਪੈਂਦੇ ਸੀ। ਬੜੀ ਵਾਰ ਲੜੇ। ਕਈ ਵਾਰ ਲੜੇ। ਵਾਰ ਵਾਰ ਲੜੇ। ਕਿਸੇ ਕਿਸੇ ਵਾਰੀ ਤਾਂ ਇੰਜ ਹੁੰਦਾ ਸੀ ਕਿ ਬੱਸ ਇਹ ਆਖ਼ਰੀ ਲੜਾਈ ਹੈ ਤੇ ਮੁੜ ਇੱਕ-ਦੂਜੇ ਦੇ ਮੱਥੇ ਨਹੀਂ ਲੱਗਾਂਗੇ। ਪਰ ਕਦੇ ਚਿੱਠੀਆਂ ਰਾਹੀਂ ਸੁਲ੍ਹਾ-ਸਫਾਈ ਹੋ ਜਾਂਦੀ ਸੀ, ਕਦੇ ਆਹਮੋ-ਸਾਹਮਣੇ ਹੁੰਦਿਆਂ ਅੱਖਾਂ ਮਿਲਣ ’ਤੇ। ਅਸੀਂ ਕਿਉਂ ਲੜਦੇ ਸੀ, ਇਹ ਵੀ ਨਹੀਂ ਸੀ ਪਤਾ ਲੱਗਦਾ ਅਤੇ ਇੰਨਾ ਅਰਸਾ ਬੀਤਣ ’ਤੇ ਵੀ ਕੁਝ ਨਹੀਂ ਸੁੱਝ ਰਿਹਾ ਕਿ ਕਿਉਂ ਲੜਦੇ ਸੀ? ਊਂ ਪਛਤਾਵਾ ਜਿਹਾ ਜ਼ਰੂਰ ਹੈ। ਜੇ ਪਤਾ ਹੁੰਦਾ ਪਾਸ਼ ਨੇ ਸਦਾ ਲਈ ਵਿਛੜ ਜਾਣਾ ਤਾਂ ਸ਼ਾਇਦ ਇੱਕ ਵਾਰ ਵੀ ਨਾ ਲੜਦੇ!”
ਪਾਸ਼ ਚਿੱਠੀਆਂ ਵਿੱਚ ਕਦੇ ਸ਼ਮਸ਼ੇਰ ਨੂੰ ਪਿਆਰੇ ਸ਼ੇਰ, ਕਦੇ ਪਿਆਰੇ ਸ਼ੰਮੀ, ਕਦੇ ਪਿਆਰੇ ਸ਼ੇਰਾ ਤੇ ਕਦੇ ਚੰਗੇ ਸੰਧੂ ਲਿਖ ਕੇ ਸੰਬੋਧਨ ਕਰਦਾ। ਕਦੇ ਸੁਣਾ ਆੜੀ ਤੇ ਕਦੇ ਪੱਤਰਕਾਰਾ ਕਹਿੰਦਾ। ਇੱਕ ਚਿੱਠੀ ਵਿੱਚ ਲਿਖਿਆ, ਡੀਅਰ ਮਿਸਟਰ ਜਾਰਜ ਸ਼ੈਮਸ਼ੈਰ। ਚਿੱਠੀ ਦੇ ਅਖ਼ੀਰ ਵਿੱਚ ਕਦੇ ‘ਨਾ ਤੇਰਾ ਨਾ ਆਪਣਾ-ਪਾਸ਼’ ਲਿਖਦਾ, ਕਦੇ ‘ਨਿੱਘ ਅਤੇ ਸਤਿਕਾਰ ਨਾਲ-ਪਾਸ਼’ ਲਿਖਦਾ ਤੇ ਕਦੇ ‘ਤੇਰਾ ਰੱਬ ਰਾਖਾ! ਪਾਸ਼।’
ਇੱਕ ਸਮਾਂ ਸੀ ਜਦੋਂ ਕੁਸ਼ਤੀ ਦੇ ਅਖਾੜਿਆਂ ਵਿੱਚ ਦਾਰਾ-ਦਾਰਾ ਹੁੰਦੀ ਸੀ ਤੇ ਹਾਕੀ ਦੇ ਮੈਦਾਨਾਂ ਵਿੱਚ ਬਲਬੀਰ-ਬਲਬੀਰ। ਫਿਰ ਸਮਾਂ ਆਇਆ ਜਦੋਂ ਗਾਇਕੀ ਦੇ ਅਖਾੜਿਆਂ ਵਿੱਚ ਸ਼ਮਸ਼ੇਰ-ਸ਼ਮਸ਼ੇਰ ਹੋਣ ਲੱਗੀ। ਜਿਵੇਂ ਦਾਰਾ ਸਿੰਘ ‘ਭਲਵਾਨਾਂ ਦਾ ਭਲਵਾਨ’ ਸੀ ਉਵੇਂ ਸ਼ਮਸ਼ੇਰ ਸੰਧੂ ‘ਗੀਤਕਾਰਾਂ ਦਾ ਗੀਤਕਾਰ’ ਹੈ। ਉਹਦੇ ਅਨੇਕਾਂ ਗੀਤਾਂ ਨੇ ਝੰਡੀਆਂ ਕੀਤੀਆਂ ਤੇ ਗੁਰਜਾਂ ਜਿੱਤੀਆਂ। ਕੁਝ ਗੀਤ ਰੁਸਤਮੇ ਪੰਜਾਬ ਬਣੇ, ਕੁਝ ਰੁਸਤਮੇ ਹਿੰਦ ਤੇ ਕੁਝ ਰੁਸਤਮੇ ਜ਼ਮਾਂ। ਉਨ੍ਹਾਂ ਦੀ ਮਸ਼ਹੂਰੀ ਬੀ ਬੀ ਸੀ ਤਕ ਹੋਈ।
ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਹੁੰਦੇ ਮਾਵਾਂ ਨਾਲ ਨੇ ਰੁਆਇਆ, ਕਦੇ ਮੁੱਖੜਾ ਦੇਖਣ ਨੇ ਭਰਮਾਇਆ। ਉਹਦੇ ਗੀਤਾਂ ਵਿੱਚ ਦੁੱਧ ਦੀ ਥਾਂ ਜੈਕੁਰ ਦਾ ਪਾਣੀ ਵਿਕਦਾ ਰਿਹਾ, ਕਚਹਿਰੀਆਂ ਵਿੱਚ ਮੇਲੇ ਲੱਗਦੇ ਰਹੇ, ਰਕਾਨਾਂ ਵਿੱਚੋਂ ਯਾਰ ਬੋਲਦੇ ਰਹੇ। ਇੱਕੋ ਤਾਰ ਸੌ-ਸੌ ਤਾਰਾਂ ਦੀ ਬੱਸ ਕਰਾਉਂਦੀ ਰਹੀ, ਗਾਉਣ ਵਾਲਿਆਂ ਨੂੰ ਡਿਸਕੋ ਬੁਖ਼ਾਰ ਚੜ੍ਹਾਉਂਦੀ ਰਹੀ। ਬੋਲੀਆਂ ਨਾਲ ਬੱਕਰੇ ਬੋਲਦੇ ਰਹੇ, ਨੱਚਣ ਵਾਲੇ ਅੱਡੀਆਂ ਨਾਲ ਪਤਾਸੇ ਭੋਰਦੇ ਰਹੇ। ਕਈ ਗੀਤ ਸੱਚੀਆਂ ਸੁਣਾਉਂਦੇ ਰਹੇ - ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਕੁਝ ਗੀਤ ਝੂਰਦੇ ਰਹੇ - ਗੁੰਮ ਗਈਆਂ ਕਿਧਰੇ ਦੁਆਨੀਆਂ ਚੁਆਨੀਆਂ, ਇਸੇ ਤਰ੍ਹਾਂ ਗੁੰਮਗੇ ਜੁਆਨ ਤੇ ਜੁਆਨੀਆਂ। ਕੁਝ ਗੀਤ ਨਾਚ ਨਚਦੇ ਰਹੇ - ਸੰਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ, ਟਹਿਕਦੇ ਨੇ ਜਿਵੇਂ ਚੰਨ ਤਾਰੇ ਮੇਰੀ ਸੰਮੀਏ, ਇੱਦਾਂ ਤੇਰੀ ਚੁੰਨੀ ਦੇ ਸਿਤਾਰੇ ਮੇਰੀ ਸੰਮੀਏ, ਸੰਧੂ ਤੇਰੇ ਉੱਤੋਂ ਬਲਿਹਾਰ ਮੇਰੀ ਸੰਮੀਏ, ਸੰਮੀ ਮੇਰੀ ਵਾਰ ...।
ਪਾਸ਼ ਦੇ ਦੇਹਾਂਤ ਤੋਂ ਤੇਈ ਵਰ੍ਹਿਆਂ ਬਾਅਦ ਸ਼ਮਸ਼ੇਰ ਨੇ ਆਪਣੇ ਯਾਰ ਦੀ ਯਾਦ ਵਿੱਚ ਜਿਹੜੀ ਕਿਤਾਬ ਲਿਖੀ ਉਸ ਦਾ ਨਾਂ ਰੱਖਿਆ ‘ਇੱਕ ਪਾਸ਼ ਇਹ ਵੀ।’ ਉਸ ਦੇ ਮੁੱਖ ਬੰਦ ਵਿੱਚ ਲਿਖਿਆ, “ਇਕ ਪਾਸ਼ ਉਹ ਸੀ ਜੋ ਪੰਜਾਬੀ ਕਵਿਤਾ ਵਿੱਚ ਇਨਕਲਾਬੀ ਕਵੀ ਜਾਂ ਵਿਦਰੋਹੀ ਸੁਰ ਵਜੋਂ ਉੱਭਰਿਆ। ਉਸ ਪਾਸ਼ ਦੀਆਂ ਪੁਸਤਕਾਂ ਬਹੁਤ ਪੜ੍ਹੀਆਂ ਗਈਆਂ ਜਿਵੇਂ ਲੋਹ-ਕਥਾ, ਉਡਦੇ ਬਾਜ਼ਾਂ ਮਗਰ, ਸਾਡੇ ਸਮਿਆਂ ਵਿੱਚ ਆਦਿ ਆਦਿ। ਪਰ ਪਾਸ਼ ਦੀ ਸ਼ਖ਼ਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਸਨ। ਉਹਦੇ ਸੁਭਾਅ ਦੀਆਂ ਕਈ ਪਰਤਾਂ ਸਨ। ਉਹ ਹੱਸਦਾ ਵੀ ਸੀ, ਰੋਂਦਾ ਵੀ ਸੀ। ਉਹ ਰੁੱਸਦਾ ਵੀ ਸੀ ਤੇ ਲੜਦਾ ਵੀ ਸੀ। ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਣਤਾ ਦਿੰਦਾ ਸੀ। ਉਸ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਜਹਾਜ਼ਾਂ ’ਤੇ ਝੂਟੇ ਵੀ ਲਏ। ਉਸ ਨੇ ਕਵਿਤਾਵਾਂ ਵਿੱਚ ਬੱਕਰੇ ਬੁਲਾਏ ਤੇ ਬੜੀ ਵਾਰ ਜ਼ਿੰਦਗੀ ਵਿੱਚ ਵੀ। ਗੱਲ ਕੀ, ਉਹ ਗੁਣਾਂ ਤੇ ਔਗਣਾਂ, ਧੁੱਪਾਂ ਤੇ ਛਾਵਾਂ, ਤਰਸੇਵਿਆਂ ਤੇ ਰਜੇਵਿਆਂ ਦਾ ਸੁਮੇਲ ਸੀ। ਇੱਕ ਆਮ ਮਨੁੱਖ ਵਾਲੇ ਸਾਰੇ ਹੀ ਅੰਸ਼ ਸਨ ਪਾਸ਼ ਵਿੱਚ।”
ਸ਼ਮਸ਼ੇਰ ਇਹ ਵੀ ਲਿਖਦਾ ਹੈ, “ਪਾਸ਼ ਦੇ ਪਿੰਡ, ਉਸ ਦੇ ਚੁਬਾਰੇ ਵਿੱਚ ਢੇਰ ਸਾਰੀਆਂ ਹਿੰਦੀ, ਪੰਜਾਬੀ, ਅੰਗਰੇਜ਼ੀ ਦੀਆਂ ਕਿਤਾਬਾਂ ਸਨ। ਸੈਂਕੜੇ ਹੀ ਰਸਾਲੇ ਉਗੜ-ਦੁਗੜ ਪਏ ਰਹਿੰਦੇ ਸਨ। ਢਿਚਕੂੰ-ਢਿਚਕੂੰ ਕਰਦਾ ਇੱਕ ਮੇਜ਼ ਸੀ। ਚੀਂਅ-ਚੀਂਅ ਕਰਦੀ ਇੱਕ ਕੁਰਸੀ। ਉੱਥੇ ਇੱਕ ਹੋਰ ਛੋਟੀ ਜਿਹੀ ਚੀਜ਼ ਸੀ, ਬੜੀ ਕਮਾਲ ਦੀ ਚੀਜ਼! ਉਹ ਸੀ ਐਸ਼-ਟਰੇਅ। ਕੱਚੇ ਘੜੇ ਦੇ ਚੱਪਣ ਨੂੰ ਉਸ ਨੇ ਐਸ਼-ਟਰੇਅ ਵਜੋਂ ਮੇਜ਼ ਉੱਪਰ ਸਜਾ ਕੇ ਰੱਖਿਆ ਹੁੰਦਾ ਸੀ। ਆਉਂਦੇ ਜਾਂਦੇ ਸੱਜਣ ਬੀੜੀਆਂ, ਸਿਗਰਟਾਂ ਦੇ ਟੋਟੇ ਉਸ ਚੱਪਣ ਵਿੱਚ ਬੁਝਾ ਦਿੰਦੇ ਸਨ। ਗੇਰੂ-ਰੰਗੇ ਉਸ ਚੱਪਣ ਉੱਤੇ ਗੁਲਾਈ ਵਿੱਚ ਕਾਲੀ ਸਿਆਹੀ ਨਾਲ ਮੋਟੇ ਅੱਖਰਾਂ ਵਿੱਚ ਇੱਕ ਫਿਕਰਾ ਲਿਖਿਆ ਹੁੰਦਾ ਸੀ: ਸਵਾਹ ਮੇਰੇ ਸਿਰ ਵਿੱਚ ਪਾਓ ਜੀ...।”
19-7-74 ਦੀ ਤਾਰੀਖ਼ ਪਾ ਕੇ ਸ਼ਮਸ਼ੇਰ ਨੂੰ ਲਿਖੀ ਇੱਕ ਚਿੱਠੀ ਵਿੱਚ ਪਾਸ਼ ਲਿਖਦਾ ਹੈ, “ਤੇਰੀਆਂ ਕਹਾਣੀਆਂ ‘ਉੱਖੜੇ ਪੈਰ’ ਜਾਂ ਜੋ ਵੀ ਤੂੰ ਨਾਂ ਰੱਖਣਾ ਚਾਹੇਂ ਅਤੇ ‘ਟਿਮੀ ਨਹੀਂ ਆਈ’ ਛੇਤੀ ਛਪਣੀਆਂ ਚਾਹੀਦੀਆਂ ਹਨ ਭਾਵੇਂ ਕਿਤੇ ਵੀ ਛਪਣ। ਮੇਰੇ ਵਿੱਚ ਇਨ੍ਹਾਂ ਨੂੰ ਛਪੀਆਂ ਹੋਈਆਂ ਦੇਖਣ ਦੀ ਤੀਬਰ ਲਾਲਸਾ ਹੈ ਤੇ ਬਾਰ ਬਾਰ ਪੜ੍ਹਨ ਦੀ। ਕਿੱਡੀ ਚੰਗੀ ਗੱਲ ਹੈ ਕਿ ਤੂੰ ਨਿੱਗਰ ਜੀਵਨ ਵਿੱਚੋਂ ਸਾਧਾਰਨ ਘਟਨਾਵਾਂ ਲੈ ਕੇ ਲਿਖਣ ਲੱਗ ਪਿਆ ਏਂ। ਨਕਲੀ ਅਤੇ ਦੰਭ ਭਰੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਉੱਤੇ ਲਿਖੇ ਜਾ ਰਹੇ ਸਾਹਿਤ ਨਾਲੋਂ ਇਹ ਉੱਕਾ ਹੀ ਵੱਖਰੀ ਗੱਲ ਹੈ ਤੇ ਵਧੀਆ ਵੀ।”
ਸ਼ਮਸ਼ੇਰ ਤੇ ਗੁਰਚਰਨ ਚਾਹਲ ਭੀਖੀ ‘ਕਹਾਣੀਕਾਰ ਯਾਰ’ ਸਨ। ਪਾਸ਼ ਦੋਹਾਂ ਦੀਆਂ ਕਹਾਣੀਆਂ ’ਤੇ ਫ਼ਿਦਾ ਸੀ। ਉਨ੍ਹੀਂ ਦਿਨੀਂ ਉਸ ਨੇ ਗੁਰਚਰਨ ਚਾਹਲ ਨੂੰ ਵੀ ਚਿੱਠੀ ਲਿਖੀ, “ਚਿਰਾਂ ਤੋਂ ਤੈਨੂੰ ਲਿਖੂੰ ਲਿਖੂੰ ਕਰਦਾ ਸੀ। ਤੂੰ ਮੈਂਨੂੰ ਜਿਬ੍ਹਾ ਕਰ ਛੱਡਿਆ ਈ। ਯਾਰ, ਮੁਰਗਾਬੀ-ਅੰਬਰੀ ਅੰਡਾ ਤੇ ਗਿਠਮੁਠੀਏ ਪੜ੍ਹਨਾ ਸਾਡੀ ਤਕਦੀਰ ਕਿੱਦਾਂ ਬਣ ਗਈ? ਅਸੀਂ ਤਾਂ ਇੰਨੇ ਚੰਗੇ ਭਾਗ ਲਿਖਾ ਕੇ ਨਹੀਂ ਸਾਂ ਜੰਮੇ। ਕੰਬਖਤ, ਕਹਾਣੀਆਂ ਵਿੱਚ ਥੋੜ੍ਹਾ ਰਲ਼ਾ ਪਾ ਲਿਆ ਕਰ - ਇਹ ਪਾਠਕਾਂ ਲਈ ਵੀ ਫ਼ਾਇਦੇਮੰਦ ਰਹੇਗਾ - ਤੇਰੇ ਲਈ ਵੀ। ਤੇਰੀਆਂ ਕਹਾਣੀਆਂ ਬਿਨਾਂ ਪਾਣੀਓਂ ਪੀਤੀ ਵਧੀਆ ਦੇਸੀ ਸ਼ਰਾਬ ਵਰਗੀਆਂ ਹੁੰਦੀਆਂ ਹਨ ਜੋ ਅੰਦਰ ਵਾਢ ਕਰਦੀਆਂ ਜਾਂਦੀਆਂ ਹਨ। ਮੇਰਾ ਭਾਵ ਸਮਝ ਗਿਐਂ ਨਾ? ਇੱਦਾਂ ਕਰੀਏ, ਕਿਸੇ ਦਿਨ ਸ਼ਮਸ਼ੇਰ ਕੋਲ ਇਕੱਠੇ ਹੋਈਏ। ਸਾਰੀ ਰਾਤ ਗੱਲਾਂ ਕਰਾਂਗੇ। ਤੇਰੇ ਕੋਲ ਕਿਸੇ ਨਾਈ, ਮੋਚੀ, ਝੀਰ, ਜੱਟ, ਤਰਖਾਣ, ਵਿਧਵਾ, ਕਵਾਰੀ ਜਾਂ ਨਵ-ਮੁਕਲਾਈ ਦਾ ਪਿਆਰਾ ਜਿਹਾ ਖ਼ਤ ਪਿਆ ਹੋਵੇ ਤਾਂ ਸ਼ਮਸ਼ੇਰ ਨੂੰ ਘੱਲ ਦੇਈਂ। ਉਹ ਸੰਕਲਪ ਦਾ ਖ਼ਤ ਅੰਕ ਕੱਢ ਰਿਹੈ।”
ਇਹੋ ਜਿਹਾ ਸੀ ਪਾਸ਼ ਦਾ ਕਹਾਣੀਆਂ ਤੇ ਖ਼ਤਾਂ ਨਾਲ ਇਸ਼ਕ!
ਪੱਤਰਕਾਰੀ ’ਤੇ ਵਿਅੰਗ ਕੱਸਦਾ ਸ਼ਮਸ਼ੇਰ ਨੂੰ ਲਿਖਿਆ ਇੱਕ ਖ਼ਤ: ਪੱਤਰਕਾਰਾ, ਅਹਿ ਇੱਕ ਖ਼ਬਰ ਲੁਆ ਦੇਈਂ ਅਖ਼ਬਾਰ ਵਿੱਚ-
“ਬੀਤੀ ਰਾਤ ਹਮੇਸ਼ਾ ਵਾਂਗ ਤਾਰੇ ਨਿਕਲੇ ਸਨ। ਲੋਕ ਸੁੱਤੇ ਰਹੇ। ਕੁੱਤੇ ਭੌਂਕਦੇ ਰਹੇ। ਬੱਚੇ ਤ੍ਰਭਕ ਤ੍ਰਭਕ ਉੱਠਦੇ ਅਤੇ ਮੁੜ ਸੌਂ ਜਾਂਦੇ ਸਨ। ਸਾਡੇ ਪੱਤਰ ਪ੍ਰੇਰਕ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਚੌਕੀਦਾਰਾਂ ਦੇ ਅਵੇਸਲੇਪਣ ਦੇ ਬਾਵਜੂਦ ਸੂਰਜ ਫਿਰ ਆਪਣੇ ਸਮੇਂ ’ਤੇ ਨਿਕਲ ਆਇਆ। ਲੋਕਾਂ ਵਿੱਚ ਇਸ ਸੰਬੰਧੀ ਕੋਈ ਸਨਸਨੀ ਨਹੀਂ ਫੈਲੀ ਹੋਈ ਤੇ ਸਰਕਾਰ ਇਸ ਸੰਬੰਧੀ ਕੁਝ ਨਾ ਕਰੇ।”
ਪਾਸ਼ ਵੱਲੋਂ ਸ਼ਮਸ਼ੇਰ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਅੰਸ਼ ਹੋਰ ਪੜ੍ਹੋ, “ਪਿਆਰੇ ਸ਼ੰਮੀ, ... ਮਾਹਿਰ ਜੀ (ਪ੍ਰੋ. ਮੋਹਨ ਸਿੰਘ) ਦੇ ਵਿਛੜਨ ਦਾ ਦੁੱਖ ਤਾਂ ਨਹੀਂ ਹੈ। ਪਰ ਮੈਂਨੂੰ ਸ਼ਿਵ ਕੁਮਾਰ ਦੇ ਅਕਾਲ ਚਲਾਣੇ ਨਾਲੋਂ ਮਾਹਿਰ ਜੀ ਵਾਰੀ ਵਧੇਰੇ ਮਹਿਸੂਸ ਜਿਹਾ ਹੋਇਐ ਜਿਵੇਂ ਪੰਜਾਬ ਵਿੱਚ ਕੋਈ ਲਗਪਗ ਵਾਰਿਸਸ਼ਾਹ ਜਿੰਨਾ ਪ੍ਰਵਾਨਤ ਬੰਦਾ ਹੋ ਕੇ ਤੁਰ ਗਿਆ ਹੋਵੇ। ਮੋਹਨ ਸਿੰਘ ਨੂੰ ਕਵਿਤਾ ਦਾ ਬੋਧ ਤਾਂ ਹੈ ਸੀ - ਲਿਖੀ ਹੋਵੇ ਭਾਵੇਂ ਨਾ। ਇਨਾਮਾਂ ਵਾਂਗ ਹੀ ਹੁਣ ਆਮ-ਖਾਸ ਝਾਕ ਜਿਹੀ ਜਾਗਦੀ ਹੈ ਕਿ ਕਿਸੇ ਦਿਨ ਅੰਮ੍ਰਿਤਾ ਪ੍ਰੀਤਮ ... ਜਾਂ ਘੱਟੋ-ਘੱਟ ਅਮਿਤੋਜ ਭਾ ਜੀ ਹੀ ਤੁਰ ਜਾਣ। ਅਜੀਬ ਸ਼ੁਗਲ ਜਿਹਾ ਬਣਿਆ ਰਹੇਗਾ”
“ਭਾਵੇਂ ਮੈਂ ਵਿਹਲਾ ਨਹੀਂ ਫਿਰ ਵੀ ਦੋ ਦਿਨ ਲਈ ਕੀ ਆਪਾਂ ਮਦਾਰੇ ਨਹੀਂ ਮਿਲ ਸਕਦੇ? ਦਰਿਆ ਕੰਢੇ ਬੈਠ ਕੇ ਗੱਲਾਂ ਕਰਾਂਗੇ, ਚੁਗਲੀਆਂ ਵੀ। ਤੂੰ ਤਾਰੀਖ ਨਿਯਤ ਕਰ। ਮੈਂ ਦਰਿਆ ਟੱਪ ਕੇ ਪਰਲੇ ਪਾਰ ਆ ਜਾਊਂਗਾ।”
“ਮੈਂਨੂੰ ਵਿੱਗ ਜਲਦੀ ਮੰਗਵਾ ਦਿਓ। ਵਾਲ ਤੇਜ਼ੀ ਨਾਲ ਝੜ ਰਹੇ ਨੇ। ਵਿੱਗ ਬਾਰੇ ਪੱਪੂ ਨੂੰ ਯਾਦ ਕਰਾਉਂਦੇ ਰਹੋ।”
“ਤੂੰ ਨਵੀਂ ਕਹਾਣੀ ਲਿਖੀ ਹੈ। ਮੇਰੇ ਲਈ ਖੁਸ਼ਖਬਰੀ ਹੈ। ਪਰ ਮੈਂ ਗੱਜਵੱਜ ਕੇ ਐਲਾਨ ਕਰਦਾ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਨਹੀਂ ਲਿਖਿਆ।”
“ਜੇ ਤੂੰ ਭੁਰਿਆ-ਖੁਰਿਆ ਮਹਿਸੂਸ ਕਰਦਾ ਏਂ ਤਾਂ ਇੱਥੇ ਬਚਿਆ ਕੌਣ ਏ? ਬੱਸ ਪਰਦੇ ਹੀ ਹੁੰਦੇ ਹਨ। ਇਹ ਸਾਲੀ ਗਿਆਨਤਾ ਹੈ ਈ ਬੜੀ ਮਾਰੂ ਸ਼ੈਅ!”
“ਤੇਰੇ ਪਿੰਡ ਬਿਜਲੀ ਆ ਗਈ। ਇਸ ਗੱਲ ਦੀ ਵਧਾਈ। ਚੱਲ ਮਦਾਰਪੁਰੇ ਵੀ ਲਾਟੂ ਜਗਦੇ ਦਿਸਣਗੇ ਟਿੱਬਿਆਂ ਵਿੱਚ।”
“ਅਕਸ ਵਿੱਚ ਜੱਗੇ ਜੱਟ ਦੇ ਜਾਂਘੀਏ ਵਾਲੀ ਕਵਿਤਾ ਵਿੱਚ ਤੂੰ ਜੋ ਦਰੁਸਤੀ ਕੀਤੀ ਸੀ, ਉਸ ਦੀ ਆਖ਼ਰੀ ਸਤਰ ਮੈਂਨੂੰ ਯਾਦ ਨਹੀਂ ਰਹੀ ਸੀ। ਇਸ ਲਈ ਮੈਂ ਕਿਹਾ ਚਲੋ ਕਿਤਾਬ ਛਾਪਣ ਵੇਲੇ ਠੀਕ ਕਰ ਲਵਾਂਗੇ। ਹੁਣ, ਦਰਅਸਲ ਅਮਰਜੀਤ ਡਾਢਾ ਖਹਿੜੇ ਪਿਆ ਹੋਇਆ ਸੀ, ਅਕਸ ਵਾਸਤੇ। ਉਹਦਾ ਘਰ ਹੀ ਪੂਰਾ ਕਰਨਾ ਸੀ।”
“ਵੈਸੇ ਯਾਰ, ਕਿੱਡੀ ਬਦਕਿਸਮਤੀ ਹੁੰਦੀ ਹੈ ਕਿ ਬੰਦੇ ਨੂੰ ਕਿੰਨਾ ਕੁਝ ਬਲੀ ਚੜ੍ਹਾ ਕੇ ਮਿਲਦਾ ਕੀ ਹੈ, ਇੱਕ ਨਾਵਲ, ਕਵਿਤਾ ਜਾਂ ਕਹਾਣੀ। ਵੱਸ ਵਿੱਚ ਹੋਵੇ ਤਾਂ ਸਭ ਨਾਵਲਾਂ, ਕਵਿਤਾਵਾਂ, ਕਹਾਣੀਆਂ ਨੂੰ ਬਲੀ ਚੜ੍ਹਾ ਦਿਆਂ ਜਾਂ ਆਪ ਇਨ੍ਹਾਂ ਦੀ ਬਲੀ ... ਉਫ਼!”
ਅੱਛਾ, ਰੱਬ ਰਾਖਾ- ਪਾਸ਼
ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ ਜੋ ਸ਼ਮਸ਼ੇਰ ਸੰਧੂ ਨਾਲ ਸਾਲਾਂ ਬੱਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਪੱਤਰਕਾਰੀ ਕਰਦਾ ਰਿਹਾ, ਸਵਾਲ ਕਰਦਾ ਹੈ ਕਿ ਪਾਸ਼ ਤੇ ਸ਼ਮਸ਼ੇਰ ਦੀ ਯਾਰੀ ਕਿਸ ਐਕਸਿਜ਼ ’ਤੇ ਪਈ ਹੋਵੇਗੀ? ਪਾਸ਼ ਦੇ ਮੂਲ ਸਰੋਕਾਰ ਰਾਜਸੀ ਤੇ ਸਮਾਜਕ ਸਨ ਜਦੋਂ ਕਿ ਇਨ੍ਹਾਂ ਦੋਵਾਂ ਅਯਾਮਾਂ ਦੀ ਰਤਾ ਮਾਸਾ ਵੀ ਭਿਣਕ ਸ਼ਮਸ਼ੇਰ ਦੇ ਗੀਤਾਂ ਜਾਂ ‘ਭੂਆ ਖ਼ਤਮ ਕੌਰ’ ਵਰਗੀ ਸ਼ਮਸ਼ੇਰ ਦੀ ਜਵਾਨੀ ਬਾਰੇ ਦੀ ‘ਸ਼ਾਹਕਾਰ’ ਕਹਾਣੀ ਅੰਦਰ ਕਿਧਰੇ ਵੀ ਮਲੂਮ ਨਹੀਂ ਹੁੰਦੀ। ਫਿਰ ਆਪ ਹੀ ਜਵਾਬ ਦਿੰਦਾ ਕਹਿੰਦਾ ਹੈ ਕਿ ਪਾਸ਼ ਨੂੰ ਸ਼ਮਸ਼ੇਰ, ਉਸ ਦੀ ਪਿੰਡਾਂ ਪ੍ਰਤੀ ਮੁਹੱਬਤ ਦੀ ਸ਼ਿੱਦਤ ਕਰਕੇ ਅਤੇ ਜ਼ਿੰਦਗੀ ਦੇ ਅਸੀਮ ਸੁਹੱਪਣ ਨਾਲ ਮੋਹ ਕਰਕੇ ਚੰਗਾ ਲੱਗਦਾ ਸੀ। ਪਾਸ਼ ਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਸੀ। ਉਹਦੇ ਵਿੱਚੋਂ ਹੀ ਉਸ ਦੀ ਕਿਤਾਬ ਦਾ ਨਾਂ ਨਿਕਲਿਆ- ਤਲਵੰਡੀ ਸਲੇਮ ਨੂੰ ਜਾਂਦੀ ਸੜਕ। ਸ਼ਮਸ਼ੇਰ ਨੂੰ ਵੀ ਆਪਣੇ ‘ਚਿੜੀ ਦੇ ਪ੍ਹੌਂਚੇ’ ਜਿੱਡੇ ਪਿੰਡ ਮਦਾਰਪੁਰੇ ਨਾਲ ਉੰਨਾ ਹੀ ਮੋਹ ਹੈ। ਮਦਾਰਪੁਰਾ ਉਹਦੇ ਗੀਤਾਂ ਵਿੱਚ ਇੱਕ ਵਾਰ ਨਹੀਂ, ਦਸ ਵੀਹ ਵਾਰ ਨਹੀਂ, ਬਲਕਿ ਸੈਂਕੜੇ ਵਾਰ ਆਇਆ ਤੇ ਹਜ਼ਾਰਾਂ ਲੱਖਾਂ ਵਾਰ ਗਾਇਆ ਗਿਆ।
ਕੀ ਕਿਹਾ ਜਾਵੇ ਇਨਕਲਾਬੀ ਕਵੀ ਪਾਸ਼ ਤੇ ਰੁਮਾਂਟਿਕ ਗੀਤਕਾਰ ਸ਼ਮਸ਼ੇਰ ਦੀ ਯਾਰੀ ਬਾਰੇ?
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1563)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)