SarwanSingh7ਅਮਨ ਅਮਾਨ ਮੁਲਕਾਂ ਨੂੰ ਤਾਰਦਾ ਹੈ ਜਦ ਕਿ ਲੜਾਈ ਝਗੜਾ ...
(27 ਨਵੰਬਰ 2018)

 

ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਸਥਾਨ ਹੈਉੱਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ ਨਾਲ ਹਨਸਾਖੀ ਹੈ ਕਿ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੋਤੀ ਜੋਤ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇਆਪਣਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈਹਿੰਦੂਆਂ ਨੇ ਫੁੱਲਾਂ ਦਾ ਸਸਕਾਰ ਕਰ ਕੇ ਅੰਗੀਠਾ ਬਣਾ ਦਿੱਤਾ, ਮੁਸਲਮਾਨਾਂ ਨੇ ਫੁੱਲ ਦਫ਼ਨਾ ਕੇ ਮਜ਼ਾਰ ਉਸਾਰ ਦਿੱਤੀਮਜ਼੍ਹਬਾਂ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਿਆਂ ਦੇ ਸਮਝਣ ਵਾਲੀ ਗੱਲ ਹੈ ਕਿ ਕਰਤਾਰਪੁਰ ਸਮੁੱਚੀ ਮਾਨਵਤਾ ਦਾ ਸਾਂਝਾ ਸ਼ਰਧਾ ਸਥਾਨ ਹੈ

ਕਰਤਾਰਪੁਰ ਨੇੜਲੇ ਪਿੰਡਾਂ ਵਿੱਚ ਹਿੰਦ-ਪਾਕਿ ਦੇ ਹਿੰਦੂ, ਮੁਸਲਮਾਨ ਤੇ ਸਿੱਖ ਨਾਲੋ-ਨਾਲ ਰਹਿੰਦੇ ਹਨਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਦਰਬਾਰ ਸਾਹਿਬ ਕਰਤਾਰਪੁਰ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈਸਾਰੇ ਮਜ਼੍ਹਬਾਂ ਦਰਮਿਆਨ ਪਿਆਰ ਮੁਹੱਬਤ ਬਣਾਈ ਰੱਖਣ ਵਾਲੀ ਮੁਕੱਦਸ ਜਗ੍ਹਾਇੱਥੋਂ ਆਪਸੀ ਸਦਭਾਵਨਾ ਦਾ ਪੈਗ਼ਾਮ ਚਾਰ ਚੁਫੇਰੇ ਫੈਲਾਇਆ ਜਾਣਾ ਚਾਹੀਦਾ ਹੈਭਾਰਤ ਅਤੇ ਪਾਕਿਸਤਾਨ ਕਦੇ ਇੱਕੋ ਦੇਸ਼ ਸੀਰਾਜ ਕਰਨ ਦੇ ਲਾਲਚੀਆਂ ਨੇ ਇਸ ਨੂੰ ਦੋ ਦੇਸ਼ਾਂ ਵਿੱਚ ਵੰਡ ਲਿਆਦੂਰ ਦੀ ਕਿਸੇ ਨਹੀਂ ਸੋਚੀ ਕਿ ਇਹ ਵੰਡ ਦੋਹਾਂ ਦੇਸ਼ਾਂ ਨੂੰ ਲੈ ਬਹੇਗੀਵੰਡ ਕਰਨੀ ਸੀ ਤਾਂ ਭਰਾਵਾਂ ਵਾਂਗ ਕਰਦੇਕਿਸੇ ਦਾ ਨੁਕਸਾਨ ਨਾ ਹੁੰਦਾਕੱਟੜਪੰਥੀਆਂ ਨੇ ਆਮ ਲੋਕਾਂ ਨੂੰ ਮਜ਼੍ਹਬੀ ਜਨੂੰਨ ਦੇ ਟੇਟੇ ਚੜ੍ਹਾ ਕੇ ਲੱਖਾਂ ਕਤਲ ਕਰਵਾਏ, ਹਜ਼ਾਰਾਂ ਔਰਤਾਂ ਦੀ ਅਸਮਤ ਲੁੱਟੀ ਤੇ ਕਰੋੜਾਂ ਅਰਬਾਂ ਦੀ ਜਾਇਦਾਦ ਸਾੜੀ ਫੂਕੀ ਗਈਹਿੰਦੋਸਤਾਨ ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਦੋਹਾਂ ਪਾਸਿਆਂ ਦੇ ਪੰਜਾਬੀਆਂ ਦਾ ਹੋਇਆ ਜੋ 70 ਸਾਲਾਂ ਤੋਂ ਹੁਣ ਤਕ ਹੁੰਦਾ ਆ ਰਿਹਾ ਹੈਹਾਲਤ ਇਹੋ ਰਹੀ ਤਾਂ ਕੋਈ ਪਤਾ ਨਹੀਂ ਕਦੋਂ ਤਕ ਹੋਰ ਨੁਕਸਾਨ ਹੁੰਦਾ ਰਹੇਗਾ?

ਹਿੰਦ-ਪਾਕਿ ਦੁਸ਼ਮਣੀ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਮੰਦਹਾਲੀ ਦਾ ਕਰਨ ਬਣੀ ਹੋਈ ਹੈ, ਉੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਤਾਂ ਜੜ੍ਹੀਂ ਬੈਠੀ ਹੋਈ ਹੈਸੁਰੱਖਿਆ ਦੇ ਨਾਂ ’ਤੇ ਦੋਹਾਂ ਦੇਸ਼ਾਂ ਨੂੰ ਵੱਡੀਆਂ ਫੌਜਾਂ ਰੱਖਣ ਅਤੇ ਮਹਿੰਗੇ ਹਥਿਆਰ ਖਰੀਦਣ ਉੱਤੇ ਬੇਅੰਤ ਖਰਚ ਕਰਨਾ ਪੈ ਰਿਹਾ ਹੈਜਿੰਨਾ ਸਰਮਾਇਆ, ਜਿੰਨੀ ਸ਼ਕਤੀ, ਜਿੰਨਾ ਟੇਲੈਂਟ ਅਤੇ ਜਿੰਨਾ ਸਮਾਂ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਪੁਗਾਉਣ ਉੱਤੇ ਲਾਇਆ ਜਾ ਰਿਹਾ ਹੈ, ਉੰਨੇ ਨਾਲ ਦੋਵੇਂ ਦੇਸ਼ ਬੜੇ ਖੁਸ਼ਹਾਲ ਹੋ ਸਕਦੇ ਸਨਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੀ ਆਰਥਿਕ ਹਾਲਤ ਸੁਧਾਰੀ ਜਾ ਸਕਦੀ ਸੀ, ਸਿਹਤ ਅਰੋਗ ਰੱਖੀ ਜਾ ਸਕਦੀ ਸੀ, ਚੰਗੀ ਸਿੱਖਿਆ ਦਿੱਤੀ ਜਾ ਸਕਦੀ ਸੀ, ਰੁਜ਼ਗਾਰ ਦੇ ਚੰਗੇ ਮੌਕੇ ਦਿੱਤੇ ਜਾ ਸਕਦੇ ਸਨ, ਆਪਸੀ ਵਪਾਰ ਹੋ ਸਕਦਾ ਸੀ, ਪ੍ਰਤੀ ਜੀਅ ਆਮਦਨ ਵਧ ਸਕਦੀ ਸੀ, ਜੰਗ ਦਾ ਡਰ ਮੁੱਕ ਸਕਦਾ ਸੀ ਅਤੇ ਇਕ ਦੂਜੇ ਦਾ ਭਲਾ ਕਰਦਿਆਂ ਨੇਕੀ ਕਮਾਈ ਜਾ ਸਕਦੀ ਸੀਹਿੰਦ-ਪਾਕਿ ਕੁਲ ਆਲਮ ਦੇ ਸਿਰਮੌਰ ਮੁਲਕ ਬਣ ਸਕਦੇ ਸਨਅਮਨ ਅਮਾਨ ਮੁਲਕਾਂ ਨੂੰ ਤਾਰਦਾ ਹੈ ਜਦ ਕਿ ਲੜਾਈ ਝਗੜਾ ਡੋਬਦਾ ਹੈ

ਭਰਾ ਵੈਸੇ ਛੇਤੀ ਕੀਤਿਆਂ ਅੱਡ ਨਹੀਂ ਹੁੰਦੇਪਰ ਜੇ ਅੱਡ ਹੋਣਾ ਈ ਪਵੇ ਤਾਂ ਚੁੱਲ੍ਹਾ ਅੱਡ ਕਰ ਲੈਂਦੇ ਹਨਵਾਹ ਲੱਗਦੀ ਵਿਹੜਾ ਨਹੀਂ ਵੰਡਦੇ ਕਿ ਬੱਚੇ ਇਕੱਠੇ ਖੇਡ ਲਿਆ ਕਰਨਗੇਵਿਹੜਾ ਵੰਡਣਾ ਹੀ ਪਵੇ ਤਾਂ ਕੰਧ ਵਿੱਚ ਲਾਂਘਾ ਰੱਖ ਲੈਂਦੇ ਹਨ ਕਿ ਦੁਖਦੇ ਸੁਖਦੇ ਇਕ ਦੂਜੇ ਦੀ ਸਾਰ ਲਈ ਜਾ ਸਕੇਗੀਕੰਧ ਵਿੱਚ ਮੋਰੀ ਰੱਖ ਲੈਂਦੇ ਹਨ ਕਿ ਲੋੜ ਵੇਲੇ ਚੀਜ਼ ਵਸਤ ਫੜਨੀ ਫੜਾਉਣੀ ਸੌਖੀ ਰਹੇਗੀਭਰਾ ਜੁ ਹੋਏ! ਕਈ ਵਾਰ ਦਾਲ ਸਬਜ਼ੀ ਦੀ ਕੌਲੀ ਦਾ ਆਦਾਨ ਪਰਦਾਨ ਹੀ ਭਰੱਪਣ ਦੀ ਸਾਂਝ ਨਹੀਂ ਟੁੱਟਣ ਦਿੰਦਾਭਾਰਤ ਅਤੇ ਪਾਕਿਸਤਾਨ ਨੂੰ ਭਰਾਵਾਂ ਅਤੇ ਚੰਗੇ ਗੁਆਂਢੀਆਂ ਵਾਂਗ ਵਸਣਾ ਚਾਹੀਦਾ ਹੈ ਨਾ ਕਿ ਵੈਰੀ ਸ਼ਰੀਕਾਂ ਵਾਂਗਜੇ ਕੋਈ ਧਿਰ ਸਾਂਝ ਵਧਾਉਣ ਦੀ ਛੋਟੀ ਜਿਹੀ ਪਹਿਲ ਵੀ ਕਰੇ ਤਾਂ ਭਰਵਾਂ ਹੁੰਘਾਰਾ ਭਰਨਾ ਚਾਹੀਦਾ ਹੈਨਿੱਕੇ ਮੋਟੇ ਬਹਾਨੇ ਬਣਾ ਕੇ ਤੋੜ ਵਿਛੋੜਾ ਕਰੀ ਰੱਖਣਾ ਬਚਗਾਨੀ ਗੱਲ ਹੈ

ਕਰਤਾਰਪੁਰ ਦਾ ਲਾਂਘਾ ਭਾਰਤ-ਪਾਕਿ ਦੇ ਤਣਾਅ ਗ੍ਰਸਤ ਰਿਸ਼ਤੇ ਵਿੱਚ ਸੁਖਾਵਾਂ ਮੋੜ ਸਾਬਤ ਹੋ ਸਕਦਾ ਹੈਇਹ ਲਾਂਘਾ ਦੋਹਾਂ ਦੇਸ਼ਾਂ ਨੂੰ ਖੁਸ਼ਹਾਲੀ ਦੇ ਮਾਰਗ ’ਤੇ ਤੋਰ ਸਕਦਾ ਹੈਇਸ ਵਿੱਚ ਹੀ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦਾ ਸੁਨਹਿਰੀ ਭਵਿੱਖ ਵੇਖਿਆ ਜਾ ਸਕਦਾ ਹੈਜਿਹੜੇ ਲੋਕ ਕਰਤਾਰਪੁਰ ਦੇ ਦਰਸ਼ਨਾਂ ਦੀ ਅਰਦਾਸ ਕਰਦੇ ਹਨ ਉਨ੍ਹਾਂ ਦੀ ਅਰਦਾਸ ਦਾ ਅੰਤਲਾ ਬੋਲ ਸਰਬੱਤ ਦਾ ਭਲਾ ਮੰਗਣਾ ਹੁੰਦਾ ਹੈਕਰਤਾਰ ਨੇ ਕਰਤਾਰਪੁਰ ਦੇ ਲਾਂਘੇ ਰਾਹੀਂ ਹਿੰਦ-ਪਾਕਿ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਮਰਨ-ਮਾਰਨ ਵਾਲੇ ਪਾਸੇ ਜਾ ਰਹੀ ਆਪਣੀ ਹੋਣੀ ਨੂੰ ਜੀਵਨ ਮਾਨਣ ਵਾਲੇ ਰਾਹ ਪਾ ਲੈਣਸਰਹੱਦ ’ਤੇ ਕੀਤੀ ਜਾ ਰਹੀ ਠਾਹ-ਠੂਹ ਤਦ ਹੀ ਬੰਦ ਹੋਣੀ ਹੈ ਜੇਕਰ ਆਪਸੀ ਮੇਲ ਮਿਲਾਪ ਵਧੇ

ਗੁਰੂ ਨਾਨਕ ਦੇਵ ਦਾ ਜਨਮ ਰਾਏ ਭੋਇ ਦੀ ਤਲਵੰਡੀ ਵਿੱਚ 1479 ਨੂੰ ਪਟਵਾਰੀ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀਬਾਲਕ ਨਾਨਕ ਦੇ ਉਸਤਾਦ ਹਿੰਦੂ ਪਾਂਧਾ ਤੇ ਮੁਸਲਮਾਨ ਕਾਜ਼ੀ ਸਨਦੋਸਤ ਮਰਦਾਨਾ ਮਰਾਸੀ ਸੀਬਚਪਨ ਅਤੇ ਚੜ੍ਹਦੀ ਜਵਾਨੀ ਦੇ ਪੰਦਰਾਂ ਸਾਲ ਉਨ੍ਹਾਂ ਬਾਰ ਦੀ ਹਰਿਆਵਲੀ ਭੋਇੰ ’ਤੇ ਬਿਤਾਏ ਜਿਸ ਦੀ ਪ੍ਰਕਿਰਤੀ ਦਾ ਜ਼ਿਕਰ ਬਾਰਾ ਮਾਂਹ ਵਿੱਚ ਕੀਤਾਫਿਰ ਭੈਣ ਨਾਨਕੀ ਅਤੇ ਜੀਜੇ ਜੈਰਾਮ ਕੋਲ ਸੁਲਤਾਨਪੁਰ ਲੋਧੀ ਚਲੇ ਗਏ ਜਿੱਥੇ 14 ਸਾਲ ਰਹੇਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀਚੰਗੀ ਭੱਲ ਖੱਟੀਫਿਰ ਜੱਗ ਤਾਰਨ ਲਈ ਚਾਰ ਉਦਾਸੀਆਂ ਕੀਤੀਆਂਪੈਦਲ ਚਲਦਿਆਂ ਹਜ਼ਾਰਾਂ ਮੀਲਾਂ ਦਾ ਪੰਧ ਕੀਤਾਸੰਤਾਂ, ਭਗਤਾਂ, ਸੂਫੀਆਂ ਅਤੇ ਸਿੱਧਾਂ ਨਾਲ ਗੋਸ਼ਟੀਆਂ ਕੀਤੀਆਂ22 ਸਾਲ ਦੇਸ਼ਾਂ ਦੇਸ਼ਾਤਰਾਂ ਵਿੱਚ ਘੁੰਮਦੇ ਰਹੇਅਗਿਆਨਤਾ ਦੂਰ ਕਰਦੇ ਰਹੇ, ਜੱਗ ਤਾਰਦੇ ਰਹੇਉਨ੍ਹਾਂ ਦੀ ਸੁਪਤਨੀ ਮਾਤਾ ਸੁਲੱਖਣੀ ਆਪਣੇ ਪੇਕੇ ਪਿੰਡ ਪੱਖੋਕੇ ਜਾਂਦੀ ਰਹੀ ਜੋ ਅਜੋਕੀ ਸਰਹੱਦ ਲਾਗੇ ਹੈਗੁਰੂ ਨਾਨਕ ਦੇਵ ਦੇ ਸਹੁਰਾ ਸਾਹਿਬ ਮੂਲ ਚੰਦ ਵੀ ਪਟਵਾਰੀ ਸਨਉਹ ਬਟਾਲੇ ਰਹਿਣ ਲੱਗ ਪਏ ਸਨ ਪਰ ਪਿੰਡ ਪੱਖੋਕੇ ਵੀ ਨਹੀਂ ਸੀ ਛੱਡਿਆਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਗੁਰੂ ਨਾਨਕ ਦੇਵ ਜੀ ਦਾ ਪੱਖੋਕੇ ਆਉਣ ਜਾਣ ਸੀਜ਼ਮੀਨ ਤਾਂ ਸਹੁਰਿਆਂ ਪਾਸ ਵੀ ਸੀ ਪਰ ਸਾਖੀ ਹੈ ਕਿ ਪੱਖੋਕੇ ਦੇ ਅਜਿੱਤੇ ਰੰਧਾਵੇ ਨੇ ਰਾਵੀ ਨਾਲ ਲੱਗਦੀ ਸੌ ਏਕੜ ਜ਼ਮੀਨ ਹੋਰ ਦੇ ਦਿੱਤੀ ਕਿ ਗੁਰੂ ਨਾਨਕ ਦੇਵ ਉੱਥੇ ਪੱਕਾ ਨਿਵਾਸ ਕਰ ਲੈਣ1515 ਵਿੱਚ ਗੁਰੂ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀਉਦੋਂ ਉਨ੍ਹਾਂ ਦੀ ਉਮਰ 46 ਸਾਲਾਂ ਦੀ ਸੀ

52 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਹਿਣ ਲੱਗ ਪਏਮਾਂ ਬਾਪ, ਪਤਨੀ ਅਤੇ ਦੋਵੇਂ ਬੱਚੇ ਕਰਤਾਰਪੁਰ ਲੈ ਆਂਦੇਖੂਹ ਲਾ ਲਿਆਉੱਥੇ ਖੇਤੀਬਾੜੀ ਕਰਨ ਲੱਗੇਗੁਰੂ ਕਾ ਲੰਗਰ ਚਲਾ ਲਿਆਆਉਣ ਜਾਣ ਵਾਲਿਆਂ ਲਈ ਧਰਮਸ਼ਾਲਾ ਬਣਾ ਲਈਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਲੱਗੇਆਪਣੇ ਹੱਥੀਂ ਕਿਰਤ ਕਰਦੇ, ਬਾਣੀ ਉਚਾਰਦੇ, ਆਏ ਗਏ ਨਾਲ ਵਿਚਾਰ ਵਟਾਂਦਰਾ ਕਰਦੇ ਅਤੇ ਉੱਚ ਆਚਰਣ ਵਾਲਾ ਸਾਦਾ ਜੀਵਨ ਜਿਊਣ ਦੀ ਸਿੱਖਿਆ ਦਿੰਦੇਪੋਥੀਆਂ ਲਿਖਦੇਉਹ 18 ਸਾਲ ਕਰਤਾਰਪੁਰ ਰਹੇਲਾਗੇ ਰਾਵੀ ਵਗਦੀ ਜਿਸ ਦੀਆਂ ਛੱਲਾਂ ਦੇ ਨਜ਼ਾਰੇ ਮਾਣਦੇਡੰਗਰ ਚਾਰਦੇਭਾਈ ਲਹਿਣਾ ਉੱਥੇ ਦਰਸ਼ਨਾਂ ਨੂੰ ਆਇਆ ਤਾਂ ਉਨ੍ਹਾਂ ਦੇ ਅੰਗ ਸੰਗ ਰਹਿਣ ਲੱਗਾ14 ਜੁਲਾਈ 1539 ਨੂੰ ਗੁਰੂ ਨਾਨਕ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਥਾਪਿਆ ਤੇ ਨਾਂ ਅੰਗਦ ਦੇਵ ਰੱਖਿਆਪੋਥੀਆਂ ਉਨ੍ਹਾਂ ਨੂੰ ਸੰਭਾਲੀਆਂਇੰਜ ਸਿੱਖੀ ਦੀ ਵਾਗ ਡੋਰ ਆਪਣੇ ਪੁੱਤਰਾਂ ਥਾਂ ਯੋਗਤਾ ਦੇ ਆਧਾਰ ’ਤੇ ਸੇਵਕ ਨੂੰ ਸੌਂਪਣ ਦਾ ਤੋਰਾ ਤੋਰਿਆ22 ਸਤੰਬਰ 1539 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ

ਨਾਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਤਿੰਨ ਐਸੇ ਮੁਕੱਦਸ ਸਥਾਨ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਸਾਲਾਂ ਬੱਧੀ ਰਹੇਦੇਸ਼ ਦੀ ਵੰਡ ਸਮੇਂ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਰਹਿ ਗਿਆ, ਸੁਲਤਾਨਪੁਰ ਲੋਧੀ ਭਾਰਤ ਵਿੱਚ ਤੇ ਕਰਤਾਰਪੁਰ ਸਰਹੱਦ ਤੋਂ ਡੇਢ ਕਿਲੋਮੀਟਰ ਪਾਕਿਸਤਾਨ ਵੱਲਹੁਣ ਡੇਰਾ ਬਾਬਾ ਨਾਨਕ ਦੀ ਸਰਹੱਦੀ ਚੌਕੀ ਉੱਤੇ ਸਥਾਪਤ ਕੀਤੀ ਦੂਰਬੀਨ ਵਿੱਚੋਂ ਤਿੰਨ ਚਾਰ ਕਿਲੋਮੀਟਰ ਦੂਰ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨਪਾਕਿਸਤਾਨ ਬਣਨ ਵੇਲੇ ਤੋਂ ਹੀ ਸੰਗਤਾਂ ਵਿੱਚ ਕਰਤਾਰਪੁਰ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨਾਂ ਦੀ ਤਾਂਘ ਤੁਰੀ ਆਉਂਦੀ ਹੈਅਰਦਾਸਾਂ ਹੁੰਦੀਆਂ ਆ ਰਹੀਆਂ ਹਨ71 ਸਾਲਾਂ ਬਾਅਦ ਉਨ੍ਹਾਂ ਨੂੰ ਫਲ ਪੈ ਰਿਹਾ ਹੈ

ਦੋਹਾਂ ਦੇਸ਼ਾਂ ਦੇ ਸਿਆਣੇ ਲੋਕ ਜਾਣਦੇ ਹਨ ਕਿ ਦੋਹਾਂ ਪਾਸਿਆਂ ਦੇ ‘ਹਾਕਮਾਂ’ ਨੂੰ ਜਦੋਂ ਵੋਟਾਂ ਦੀ ਜਾਂ ਰਾਜ ਹੋਰ ਲੰਮਾ ਕਰਨ ਦੀ ਲੋੜ ਪੈਂਦੀ ਹੈ, ਸਰਹੱਦ ਉੱਤੇ ਠਾਹ-ਠੂਹ ਕਰ-ਕਰਵਾ ਕੇ ਵੋਟਾਂ ਦਾ ਝਾੜ, ਝਾੜ ਲੈਂਦੇ ਹਨਪੁੱਤ ਬਿਗਾਨੇ ਮਰਦੇ ਹਨ, ਬੱਲੇ-ਬੱਲੇ ਹਾਕਮ ਕਰਵਾਈ ਜਾਂਦੇ ਹਨਭਾਰਤ-ਪਾਕਿ ਝਪਟਾਂ ਅਤੇ ਲੜਾਈਆਂ ਨਾਲ ਨੁਕਸਾਨ ਤਾਂ ਦੋਹਾਂ ਦੇਸ਼ਾਂ ਦਾ ਹੀ ਹੁੰਦਾ ਹੈ ਪਰ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਨੂੰ ਸੇਕ ਕੁਝ ਵਧੇਰੇ ਲੱਗਦਾ ਹੈ, ਸਰਹੱਦ ਨਾਲ ਜੁ ਲੱਗਦੇ ਹੋਏਪੰਜਾਬੀਆਂ ਨੂੰ ਵਾਰ ਵਾਰ ਉੱਜੜਨਾ ਪੈਂਦਾ ਹੈਪੰਜਾਬ ਸਿਰ ਐਵੇਂ ਨਹੀਂ ਅਰਬਾਂ ਖਰਬਾਂ ਦੇ ਕਰਜ਼ੇ ਚੜ੍ਹੇਭਾਰਤ-ਪਾਕਿ ਵਿੱਚਕਾਰ ਦੋਸਤੀ ਰਹੇ ਤਾਂ ਵਾਧੂ ਵਸਤਾਂ ਦੇ ਆਦਾਨ ਪਰਦਾਨ ਨਾਲ ਦੋਹਾਂ ਪਾਸਿਆਂ ਦੇ ਪੰਜਾਬ ਅਤੇ ਦੋਵੇਂ ਦੇਸ਼ ਖੁਸ਼ਹਾਲ ਹੋ ਸਕਦੇ ਹਨ ਕਿਉਂਕਿ ਵਪਾਰ ਕਰਨ ਲਈ ਦੋਹਾਂ ਪੰਜਾਬਾਂ ਪਾਸ ਹੋਰ ਕੋਈ ਰਸਤਾ ਨਹੀਂ

ਹਿੰਦ-ਪਾਕਿ ਦੇ ਬਹੁਤ ਸਾਰੇ ਮਸਲੇ ਕੋਝੀ ਸਿਆਸਤ ਨੇ ਹੱਲ ਨਹੀਂ ਹੋਣ ਦਿੱਤੇਕਰਤਾਰਪੁਰ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਗੱਲ ਕੀ ਸਾਰੀ ਲੋਕਾਈ ਦਾ ਸਾਂਝਾ ਮੁਕੱਦਸ ਸਥਾਨ ਹੈ2019 ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈਭਾਵੇਂ 2019 ਭਾਰਤ ਦੀਆਂ ਆਮ ਚੋਣਾਂ ਦਾ ਵੀ ਵਰ੍ਹਾ ਹੈ ਪਰ ਰਾਜਸੀ ਪਾਰਟੀਆਂ ਨੂੰ ਸਰਬਸਾਂਝੇ ਤੀਰਥ ਦੇ ਲਾਂਘੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀਨਿਗੂਣੇ ਰਾਜਸੀ ਹਿਤਾਂ ਦੀ ਥਾਂ ਦੋਹਾਂ ਦੇਸ਼ਾਂ ਦੇ ਵਡੇਰੇ ਹਿਤ ਵੇਖਣੇ ਚਾਹੀਦੇ ਹਨ

ਇਹ ਸਚਾਈ ਹੈ ਹਿੰਦ-ਪਾਕਿ ਦੇ ਆਮ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ’ਤੇ ਹੀ ਗੱਲਬਾਤ ਨਾਲ ਹੱਲ ਹੋਏ ਹਨਜੰਗ, ਹਥਿਆਰ ਵੇਚਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨਜਾਂ ਉਹ ਹਾਕਮ, ਜਿਹੜੇ ਆਪੋ ਆਪਣਾ ਵੋਟ ਬੈਂਕ ਵਧਾਉਣ ਲਈ ਅਮਨ ਨੂੰ ਅੱਗ ਲਾਉਣ ਤੱਕ ਦੇ ਕਮੀਨੇ ਕਾਰੇ ਕਰਦੇ ਹਨਅਜਿਹੇ ਹਾਕਮ ਮੱਤ ਭੁੱਲਣ ਕਿ ਉਨ੍ਹਾਂ ਦੀਆਂ ਬਦਨੀਤੀਆਂ ਦਾ ਲੋਕਾਂ ਨੂੰ ਪਤਾ ਨਹੀਂ ਲੱਗਣਾਸ਼ੁਕਰ ਹੈ ਕਿ ਹਿੰਦ/ਪਾਕਿ ਸਰਕਾਰਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਨਾਨਕ ਨਾਮ ਲੇਵਾ ਕਰੋੜਾਂ ਸੰਗਤਾਂ ਨੂੰ ਕਰਤਾਰਪੁਰ ਜਾਣ ਦਾ ਲਾਂਘਾ ਦੇਣ ਲਈ ਰਜ਼ਾਮੰਦ ਹੋ ਗਈਆਂ ਹਨਇਹਦਾ ਸਿਹਰਾ ਸਿਆਸਤਦਾਨ ਆਪੋ ਆਪਣੇ ਸਿਰ ਬੰਨ੍ਹਣ ਦੀ ਥਾਂ ਦੋਹਾਂ ਦੇਸ਼ਾਂ ਦੇ ਉਨ੍ਹਾਂ ਲੋਕਾਂ ਸਿਰ ਬੰਨ੍ਹਣ ਜਿਨ੍ਹਾਂ ਦੀਆਂ ਅਰਦਾਸਾਂ ਨੂੰ 71 ਸਾਲਾਂ ਬਾਅਦ ਸੁਣਿਆ ਗਿਆ ਹੈ

ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨਸਾਡਾ ਖ਼ਾਬ, ਵਸੇ ਪੰਜਾਬ, ਵਧੇ ਪੰਜਾਬ!

*****

(1408)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author