SarwanSingh7“ਵਿਛੜੀ ਰੂਹ ਨੂੰ ਸ਼ਰਧਾਂਜਲੀ --- ਬਲਰਾਜ ਦਿਓਲ”
(24 ਜੂਨ 2017)

 

IqbalRamoowaliaB2ਇਕਬਾਲ ਦੀ ਸਵੈਜੀਵਨੀਬਰਫ਼ ਵਿਚ ਉੱਗਦਿਆਂਦੇ ਸਮਰਪਣ ਪੰਨੇ ਉੱਤੇ ਇਹ ਸਤਰਾਂ ਅੰਕਿਤ ਹਨ:

ਕਦੇ ਨਾ ਸੋਚਿਆ ਤਕ ਸੀ ਅਜਾਈਂ ਮਰ-ਮਿਟਣ ਬਾਰੇ
ਪਰ ਛੁਰੀ ਦਾ ਹੁਸਨ ਸੀ ਕਿ ਖ਼ੁਦਕੁਸ਼ੀ ਦਾ ਝੱਲ ਵਗ ਤੁਰਿਆ!

ਦੇਖਿਆ ਮੈਨੂੰ ਜਦੋਂ ਸੀ ਪਹਿਲੀ ਵਾਰੀ ਬਰਫ਼ ਨੇ,
ਮੁਸਕ੍ਰਾਈ
, ਕਹਿਣ ਲੱਗੀ:
ਦੱਸ ਤੇਰਾ ਤਿੜਕਣਾ
, ਕਿਸ ਪਾਸਿਓਂ ਹੋਵੇ ਸ਼ੁਰੂ!

ਇਕਬਾਲ ਨੇ ਪਹਿਲਾ ਸਾਹ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖ਼ਰੀ ਸਾਹ ਟਰਾਂਟੋ ਦੇ ਹਸਪਤਾਲ ਵਿਚ ਲਿਆ। 2000 ਦਾ ਲੱਗਾ ਕੈਂਸਰ ਰੋਗ ਉਸ ਨੂੰ 2017 ਵਿਚ ਲੈ ਬੈਠਾ। ਕੈਂਸਰ ਵਿਰੁੱਧ 17 ਸਾਲ ਦੇ ਸੰਘਰਸ਼ ਵਿਚ ਉਹ ਕਈ ਵਾਰ ਜਿੱਤਿਆ, ਪਰ ਉਸ ਨਾਮੁਰਾਦ ਬਿਮਾਰੀ ਨੇ ਪੰਜਾਬੀ ਦੇ ਇਸ ਹੀਰੇ ਨੂੰ ਹਰਾ ਕੇ ਹੀ ਦਮ ਲਿਆ। ਉਹ 17 ਜੂਨ ਨੂੰ ਸਵੇਰਸਾਰ ਚੜ੍ਹਾਈ ਕਰ ਗਿਆ। 25 ਜੂਨ ਨੂੰ ਉਸ ਦੀ ਦੇਹ ਅਗਨੀ ਸਪੁਰਦ ਕਰ ਦਿੱਤੀ ਜਾਵੇਗੀ। ਦੇਹ ਭਾਵੇਂ ਸੁਆਹ ਹੋ ਜਾਵੇਗੀ ਪਰ ਉਹਦੀਆਂ ਰਚਨਾਵਾਂ ਜੀਉਂਦੀਆਂ ਰਹਿਣਗੀਆਂ।

ਇਕਬਾਲ ਰਾਮੂਵਾਲੀਆ ਸਾਹਿਤਕ ਹਲਕਿਆਂ ਵਿਚ ਚਰਚਿਤ ਨਾਂ ਰਿਹਾ। ਦੇਸ਼ ਵਿਚ ਵੀ ਤੇ ਬਦੇਸ਼ਾਂ ਵਿਚ ਵੀ। ਪੰਜਾਬੀ ਸਾਹਿਤ ਵਿਚ ਉਹ ਨਵੇਕਲੀ ਥਾਂ ਬਣਾ ਚੁੱਕਾ ਸੀ। ਉਸ ਦੇ ਛੇ ਕਾਵਿ ਸੰਗ੍ਰਹਿ, ਇਕ ਕਾਵਿ-ਨਾਟ, ਇਕ ਕਹਾਣੀ ਸੰਗ੍ਰਹਿ, ਦੋ ਨਾਵਲ, ਸਵੈਜੀਵਨੀ ਦੇ ਦੋ ਭਾਗ ਤੇ ਸੈਂਕੜੇ ਆਰਟੀਕਲ ਛਪੇ ਹਨ। ਉਹ ਨਜ਼ਮ ਤੇ ਨਸਰ ਦੋਹਾਂ ਦਾ ਧਨੀ ਸੀ। ਗੱਲ ਕਹਿਣੀ ਵੀ ਆਉਂਦੀ ਸੀ ਤੇ ਕਹਾਉਣੀ ਵੀ। ਉਹਦਾ ਕਾਵਿ-ਨਾਟਪਲੰਘ ਪੰਘੂੜਾਉਸ ਦੀ ਸ਼ਾਹਕਾਰ ਰਚਨਾ ਹੈ ਜਿਸ ਵਿਚ ਉਸ ਨੇ ਕਮਾਲ ਦੀ ਸ਼ਾਇਰੀ ਰਚੀ ਹੈ। ਪੂਰਨ ਭਗਤ ਦੀ ਕਹਾਣੀ ਨੂੰ ਉਸ ਨੇ ਮਨੋਵਿਗਿਆਨਕ ਨਜ਼ਰੀਏ ਤੋਂ ਪੇਸ਼ ਕੀਤਾ ਹੈ ਜਿਸ ਵਿਚ ਉਹ ਸ਼ਿਵ ਕੁਮਾਰ ਬਟਾਲਵੀ ਨਾਲੋਂ ਵੀ ਡੂੰਘਾ ਉੱਤਰ ਗਿਐ। ਜੀਹਨੇ ਉਹ ਕਿਤਾਬ ਨਹੀਂ ਪੜ੍ਹੀ, ਜ਼ਰੂਰ ਪੜ੍ਹ ਕੇ ਵੇਖੇ। ਵੇਖੇ ਕਿ ਪੰਜਾਬੀ ਸ਼ਾਇਰੀ ਕਿੱਥੇ ਤਕ ਪਹੁੰਚੀ ਹੈ?

ਉਹਦਾ ਜਨਮ ਬਾਪੂ ਕਰਨੈਲ ਸਿੰਘ ਪਾਰਸ ਦੇ ਘਰ ਬੇਬੇ ਦਲਜੀਤ ਕੌਰ ਦੀ ਕੁੱਖੋਂ ਪਾਕਿਸਤਾਨ ਬਣਨ ਤੋਂ ਸਾਲ ਕੁ ਪਹਿਲਾਂ ਹੋਇਆ ਸੀ। ਉਦੋਂ ਉਨ੍ਹਾਂ ਦੇ ਗੁਆਂਢ ਮੁਸਲਮਾਨ ਵੀ ਵਸਦੇ ਸਨ। ਆਪਣੀ ਸਵੈਜੀਵਨੀ ਦਾ ਪਹਿਲਾ ਭਾਗਸੜਦੇ ਸਾਜ਼ ਦੀ ਸਰਗਮਉਹ ਇੰਜ ਸ਼ੁਰੂ ਕਰਦਾ ਹੈ, “ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਧੂਮ-ਧੜੱਕੇ ਨੂੰ ਮਾਣਨ ਤੋਂ ਬਾਅਦ ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਬਜ਼ਾਰਾਂ ਵਿੱਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇਕ ਬਾਹੀ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ਦੀਆਂ ਸੰਘਣੀਆਂ ਲੜੀਆਂ ਬੁੱਢੀ ਮੱਝ ਦੇ ਪਿਚਕੇ ਥਣਾਂ ਵਿਚ ਵਟ ਗਈਆਂ ਸਨ।”

‘ਗਲੋਬਲੀ ਛਣਕਾਟਤੋਂ ਬੁੱਢੀ ਮੱਝ ਦੇਪਿਚਕੇ ਥਣਾਂਦੇ ਬਿੰਬਾਂ ਨਾਲ ਇਕਬਾਲ ਆਪਣੇ ਬਚਪਨ ਵੱਲ ਪਰਤਦਾ ਹੈ। 2000 ਵਿਚ ਉਹ ਬੀਮਾਰ ਪੈ ਜਾਂਦਾ ਹੈ। ਹਸਪਤਾਲ ਵਿਚ ਨਰਸ ਦੀ ਸੇਵਾ ਸੰਭਾਲ ਵਿੱਚੋਂ ਉਸ ਨੂੰ ਰਾਮੂਵਾਲੇ ਦੀ ਮੁਸਲਮਾਨ ਔਰਤ ਗੁਜਰੀ ਦਾ ਚਿਹਰਾ ਦਿਸਣ ਲੱਗਦਾ ਹੈ। ਪਹਿਲੇ ਕਾਂਡ ਦਾ ਨਾਂ ਹੀ ਉਸ ਨੇਗੁਜਰੀ ਮਰਦੀ ਨਹੀਂਰੱਖਿਆ ਹੈ। ਉਹ ਆਪਣੇ ਜਨਮ ਤੋਂ ਸਵੈਜੀਵਨੀ ਬਿਆਨ ਕਰਨ ਲੱਗਦਾ ਹੈ। ਉਸ ਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ ਡੇਢ ਸਾਲ ਤਕ ਉਹ ਮੁਸਲਮਾਨ ਗੁਆਂਢੀ ਸਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧਤੇ ਪਲਿਆ। ਇਹੋ ਕਾਰਨ ਹੈ ਕਿ ਆਂਢੀ-ਗੁਆਂਢੀ ਉਸ ਨੂੰਗੁਜਰੀ-ਆਲਾਕਹਿੰਦੇ ਰਹੇ।

ਇਕਬਾਲ ਦੀ ਬੇਬੇ ਦੱਸਦੀ ਹੁੰਦੀ ਸੀ, “ਤੇਰਾ ਜਨਮ ਐ ਫੱਗਣ ਦੇ ਪਹਿਲੇ ਪੱਖ ਦਾ। ਮੈਂ, ਕਾਕਾ, ਤੇਰੇ ਜਨਮ ਤੋਂ ਪਹਿਲਾਂ ਬਹੁਅਅਤਬਮਾਰਹੋ ਗੀ ਸੀ ... ਉਲਟੀਆਂ ... ਮਰੋੜੇ ... ਬੱਸ ਸਾਰੀ ਦਿਅ੍ਹਾੜੀ ਜੀਅ ਕੱਚਾ-ਕੱਚਾ ਹੋਈ ਜਾਇਆ ਕਰੇ ... ਜਦੋਂ ਤੂੰ ਜਨਮਿਆਂ ਤਾਂ ਮੇਰੇ, ਕਾਕਾ, ਦੁੱਧ ਈ ਨਾ ਉੱਤਰਿਆ। ਤੂੰ ਕੁਰਲਾਇਆ, ਕੁਰਲਾਇਆ ... ਤੇ ਕੁਰਲਾਉਂਦਾ ਕੁਰਲਾਉਂਦਾ ਨੀਲਾ ਹੋਣ ਲੱਗਾ।”

ਇਕਬਾਲ ਲਿਖਦੈ, “ਗੁਜਰੀ ਨੇ ਮੈਨੂੰ ਬੇਬੇ ਦੀ ਗੋਦੀਚੋਂ ਚੁੱਕਿਆ ਤੇ ਆਪਣੀ ਛਾਤੀ ਨਾਲ ਲਾ ਲਿਆ। ਵਰਾਉਂਦੀ-ਵਰਾਉਂਦੀ ਨੂੰ ਪਤਾ ਨੀ ਕੀ ਸੁੱਝੀ, ਬਈ ਕੁੜਤੀ ਚੁੱਕ ਕੇ ਆਪਣੀ ਛਾਤੀ ਮੇਰੇ ਮੂੰਹਚ ਕਰ ਦਿੱਤੀ।”

ਬੇਬੇ ਦੱਸਦੀ ਸੀ, “ਭਾਣਾ ਰੱਬ ਦਾ ... ਉਹਦੀਆਂ ਤਾਂ ਭਾਈ, ਛਾਤੀਆਂਚ ਦੁੱਧ ਉੱਤਰ ਆਇਆ।”

ਉਹੀ ਗੁਜਰੀ, ਜਿਸ ਦਾ ਦੁੱਧ ਇਕਬਾਲ ਦੇ ਲਹੂ ਵਿਚ ਰਚਿਆ ਹੋਇਆ ਸੀ, 1947 ਦੀ ਮਾਰ-ਧਾੜ ਵਿੱਚ ਮਾਰੀ ਗਈ। ਇਕਬਾਲ ਕਵੀ ਹੈ, ਕਹਾਣੀਕਾਰ ਹੈ, ਉਹ ਆਪਣੀ ਸਵੈਜੀਵਨੀ ਵਿਚ ਵੀ ਇਹੋ ਕੁਝ ਹੈ। ਆਓ ਉਹਦਾ ਲਿਖਿਆ ਹੀ ਪੜ੍ਹੀਏ। ਉਹਦੀ ਬੇਬੇ ਦੱਸਦੀ ਸੀ, “ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇਚ ਵੜੀ, ਪਿੱਛੇ-ਪਿੱਛੇ ਮੈਂ ਤੇ ਤੇਰਾ ਬਾਪੂ ਸੀ। ਤੂੰ, ਕਾਕਾ, ਗੁਜਰੀ ਦੇ ਪੱਟਾਂਤੇ ਸੁੱਤਾ ਪਿਆ ਸੀ। ਸਿਪਾਹੀ, ਅਕਬਾਲ ਸਿਅ੍ਹਾਂ, ਗੁਜਰੀ ਨੂੰ ਤੇਰੇ ਸਮੇਤ ਈ ਧੂਹ ਕੇ ਜੀਪ ਕੋਲ ਲੈ ਗਏ। ਮੈਂ ਤੇ ਤੇਰਾ ਬਾਪੂ ਮਗਰ-ਮਗਰ। ... ਛੱਡ ਦਿਓ ਅਬਲਾ ਨੂੰ, ਜਾਲਮੋਂ! ਮੈਨੂੰ ਮੇਰੀ ਮਾਂ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ। ਦੇਖਿਓ ਮੇਰਾ ਮੁੰਡਾ ਨਾ ਮਾਰ ਦਿਓ! ਦੋ-ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਹਾਂ ਮਰੋੜ ਕੇ ਮੈਨੂੰ ਉਸ ਦੀ ਬੁਕਲ ਵਿੱਚੋਂ ਮੂਲੀ ਵਾਂਗ ਪੱਟ ਲਿਆ। ਜੀਪ ਦਾ ਪਿਛਲਾ ਹਿੱਸਾ ਹੇਠਾਂ ਨੂੰ ਡਿੱਗਿਆ, ਤੇ ਜੀਪ ਵਿੱਚ ਸੁੱਟੀਆਂ ਪਾਕਿਸਤਾਨ ਦੀਆਂ ਦੋ ਫਾਕੜਾਂ ਭੀੜ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈਆਂ। ਉਹ ...ਉਹ ਬੱਸ ... ਜੀਪਚ ਹੀ ਪੂਰੀ ਹੋ ਗਈ।”

ਦੇਸ਼-ਵੰਡ ਦਾ ਪੰਜਾਬੀਆਂ ਨਾਲ ਵਰਤਿਆ ਉਹ ਭਾਣਾ ਬੇਹੱਦ ਮਾੜਾ ਸੀ।

ਇਕਬਾਲ ਦੀ ਵਾਰਤਕ ਨਿਆਰੀ ਹੈ। ਸਿਰ ਤੋਂ ਪੈਰਾਂ ਤਕ ਅਲੰਕਾਰਾਂ ਨਾਲ ਸ਼ਿੰਗਾਰੀ ਹੋਈ, ਜੀਹਦਾ ਲਿਸ਼ਕਾਰਾ ਪਾਠਕਾਂ ਨੂੰ ਮੋਹਣ ਵਾਲਾ ਹੈ। ਪਾਠਕ ਅਜਿਹੀ ਵਾਰਤਕ ਰੁਕ-ਰੁਕ ਕੇ ਘੁੱਟ-ਘੁੱਟ ਪੜ੍ਹਦੇ ਹਨ।ਸੜਦੇ ਸਾਜ਼ ਦੀ ਸਰਗਮ’, ‘ਬਰਫ਼ ਵਿਚ ਉੱਗਣ’, ‘ਗੁੰਗੀ ਪਤਝੜ’, ‘ਹਵਾ ਨੂੰ ਤਰਸਦੇ ਪੱਤੇ’, ‘ਭਾਫ਼ ਦੇ ਸਾਹ ਲੈਂਦੀ ਧਰਤੀ’, ‘ਨਲਕੇ ਦੀ ਖੰਘ’, ‘ਚਾਨਣ ਦੇ ਸਿਰਨਾਵੇਂ’, ‘ਕੁੰਡੇ ਨਾਲ ਜਿੰਦਰੇ ਦਾ ਮਿਲਾਪ’, ‘ਕਿਸਾਨਾਂ ਦੀਆਂ ਪੈਲ਼ੀਆਂ ਵੱਲ ਸੇਧਤ ਬਾਣੀਆਂ ਦੇ ਵਹੀ-ਖਾਤਿਆਂ ਦਾ ਟੀਰ', ‘ਬਿਰਛਾਂ ਦੀਆਂ ਗੰਜੀਆਂ ਟਾਹਣੀਆਂ ਨੂੰ ਝੰਜੋੜਦਾ ਭੂਸਰਿਆ ਹੋਇਆ ਠੱਕਾਤੇਮਹੀਨੇ ਦੇ ਵੀਹ ਕੁ ਪੁਲਾਂਘਾਂ ਪੁੱਟਣਦੇ ਸ਼ਬਦ-ਚਿਤਰ ਇਕਬਾਲ ਹੀ ਉਲੀਕ ਸਕਦੈ। ਵਰਿਆਮ ਸੰਧੂ ਨੇ ਇਕਬਾਲ ਦੀ ਵਾਰਤਕ ਨੂੰ ਅਨੂਠੀ ਤੇ ਅਦੁੱਤੀ ਕਿਹਾ ਹੈ।

ਲਿਖਿਆ ਹੈ, "ਇਹ ਵਾਰਤਕ ਰਚਨਾ ਉਹਦੇ ਲਹੂ ’ਚੋਂ ਕਸ਼ੀਦ ਹੋ ਕੇ ਨਿਕਲੀ ਹੈ। ਇਸ ਵਿਚ ਉਹਦਾ ਸੁਪਨਾ ਵੀ ਹੈ ਤੇ ਉਮਰ ਭਰ ਦਾ ਸੰਘਰਸ਼ ਵੀ। ਹਰੇਕ ਲੇਖਕ ਆਪਣੀ ਲਿਖਤ ਵਿਚ ਆਪਣੇ ਸੁਪਨੇ ਤੇ ਸੰਘਰਸ਼ ਦੀ ਹੀ ਬਾਤ ਪਾਉਂਦਾ ਹੈ। ਇਸ ਕਰਕੇ ਇਹ ਕੋਈ ਅਲੋਕਾਰ ਗੱਲ ਵੀ ਨਹੀਂ। ਅਲੋਕਾਰ ਗੱਲ ਤਾਂ ਇਹ ਹੈ ਕਿ ਇਸ ਅੰਦਾਜ਼ ਵਿਚ ਇਹ ਬਾਤ ਅੱਜ ਤੱਕ ਕਿਸੇ ਲੇਖਕ ਨੇ ਨਹੀਂ ਸੀ ਪਾਈ। ਇਸ ਲਿਖਤ ਦਾ ਮੁੱਲ ਲਿਖਣ ਦੇ ਏਸੇ ਅਨੂਠੇ ਤੇ ਅੱਲੋਕਾਰੀ ਅੰਦਾਜ਼ ਵਿਚ ਪਿਆ ਹੈ। ਇਕਬਾਲ ਦੇ ਏਸੇ ਅਨੂਠੇ ਅੱਲੋਕਾਰੀ ਅਤੇ ਅਦੁੱਤੀ ਅੰਦਾਜ਼ ਨੂੰ ਮੇਰਾ ਸਲਾਮ ਹੈ।”

ਇਕਬਾਲ ਬੁਨਿਆਦੀ ਤੌਰ ’ਤੇ ਕਵੀ ਸੀ ਜੋ ਆਪਣੀ ਵਾਰਤਕ ਵਿਚ ਵੀ ਬਿਰਾਜਮਾਨ ਰਹਿੰਦਾ ਸੀ। ਜਦੋਂ ਉਹਖ਼ਬਰਨਾਮਾਅਖ਼ਬਾਰ ਦੀਆਂ ਸੰਪਾਦਕੀਆਂ ਲਿਖਦਾ ਸੀ ਤਾਂ ਉਹਦੇ ਐਡੀਟੋਰੀਅਲ, ਸ਼ਾਇਰੀਟੋਰੀਅਲ ਹੁੰਦੇ ਸਨ। ਪੰਜਾਬੀ ਵਿਚ ਉਸ ਨੇ ਨਵੀਂ ਵਾਰਤਕ ਸ਼ੈਲੀ ਸਿਰਜੀ ਜਿਸ ਨੂੰਇਕਬਾਲ ਸ਼ੈਲੀਕਿਹਾ ਜਾ ਸਕਦਾ ਹੈਇਕਬਾਲ ਦੀ ਸਵੈਜੀਵਨੀ ਕੇਵਲ ਉਸ ਦੇ ਜੀਵਨ ’ਤੇ ਹੀ ਝਾਤ ਨਹੀਂ ਪੁਆਉਂਦੀ ਸਗੋਂ ਉਹਦੇ ਜਨਮ ਤੋਂ ਲੈ ਕੇ ਹੁਣ ਤਕ ਦੇ ਪੰਜਾਬ ਅਤੇ ਕੈਨੇਡਾ ਦੇ ਜੀਵਨ ਹਾਲਾਤ ਵੀ ਪੇਸ਼ ਕਰਦੀ ਹੈ।

ਇਹ ਪੁਸਤਕ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਸਮੁੱਚੇ ਰਾਮੂਵਾਲੀਏ ਪਰਿਵਾਰ ਦਾ ਪੂਰਾ ਥਹੁ ਪਤਾ ਦਿੰਦੀ ਹੈ। ਪਹਿਲੇ ਭਾਗ ਦੇ ਕੁਝ ਕਾਂਡਾਂ ਦੇ ਸਿਰਲੇਖ ਹਨ: ਸੜਦੀਆਂ ਤਲ਼ੀਆਂ, ਛਾਂ ਦੀ ਤਲਾਸ਼, ਕਵੀਸ਼ਰੀ ਨਾਲ ਪਹਿਲੀ ਛੇੜਖਾਨੀ, ਖਿੜ ਉੱਠੀ ਕਵੀਸ਼ਰੀ, ਠੁਰਕਦੇ ਹੱਥ, ਤੂੰਬੀ ਦੀ ਤੁਣ ਤੁਣ, ਲੋਹੇ ਦੀ ਬੱਕੀ, ਭੂਤਾਂ ਦੇ ਚੁਬਾਰੇ ਵਿਚ, ਪਹਿਲੀ ਰੋਟੀ, ਲਾਲ ਮੌਜੇ ਤੇ ਸੁਖਸਾਗਰ ਦੀਆਂ ਲਹਿਰਾਂ ’ਚ।

ਸਵੈਜੀਵਨੀ ਦੇ ਪਹਿਲੇ ਭਾਗ ਵਿਚ ਉਸ ਨੇ ਬਚਪਨ, ਚੜ੍ਹਦੀ ਜਵਾਨੀ, ਕਵੀਸ਼ਰੀ ਤੇ ਗਾਇਕੀ ਅਤੇ ਨੌਕਰੀ ਤੇ ਵਿਆਹ ਤਕ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਹ ਲਿਖਦਾ ਹੈ, “ਜਦੋਂ ਮੈਂ ਗਾਇਕੀ, ਸਾਜ਼ਿੰਦਗੀ ਤੇ ਸਾਹਿਤ ਰਚਨਾ ਨਾਲ ਆਪਣੀ ਗੂੜ੍ਹੀ ਸਾਂਝ ਉੱਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਜਾਪਦੈ ਮੇਰੇ ਅੰਦਰ ਲਫ਼ਜ਼ਾਂ ਦਾ ਮੋਹ ਤੇ ਸੁਰ-ਤਾਲ ਨਾਲ ਇੱਕਮਿੱਕ ਹੋਣ ਦੇ ਥੋੜ੍ਹੇ-ਬਹੁਤੇ ਬੀਜ ਕੁਦਰਤ ਵੱਲੋਂ ਹੀ ਖਿਲਾਰੇ ਹੋਏ ਸਨ। ਬਾਪੂ ਕਵੀਸ਼ਰੀ ਲਿਖਣ ਗਾਉਣ ਤੇ ਸੰਗੀਤ ਦਾ ਅਭਿਆਸੀ ਸੀ। ਬਚਪਨ ਵੱਲ ਜਿੱਥੋਂ ਤੱਕ ਮੇਰੀ ਸੁਰਤ ਪਰਤਦੀ ਹੈ, ਓਦੋਂ ਤੋਂ ਹੀ ਸਾਡੇ ਥੁੜਾਂ ਭੋਗਦੇ ਘਰ ’ਚ, ਕਵੀਸ਼ਰੀ-ਰਚਨਾ ਦੇ ਰੂਪ ਵਿਚ ਕਾਵਿਕ-ਲਫ਼ਜ਼ ਛਣਕਦੇ ਆ ਰਹੇ ਸਨ। ਸਾਡੇ ਘਰ ਦੀਆਂ ਕੰਧਾਂ ਨੂੰ, ਗਾਇਕੀ ਦੀਆਂ ਲੈਆਂ, ਸਾਰੰਗੀਆਂ ਦੀਆਂ ਹੂਕਾਂ ਤੇ ਢੱਡਾਂ ਦੀਢਊਂ-ਢਊਂਸੁਣਨ ਦਾਅਮਲਲੱਗ ਚੁੱਕਾ ਸੀ।”

ਸਵੈਜੀਵਨੀ ਦੇ ਦੂਜੇ ਭਾਗ ‘ਬਰਫ਼ ਵਿਚ ਉੱਗਦਿਆਂ’ ਦੇ ਸਰਵਰਕ ਉੱਤੇ ਰਘਬੀਰ ਸਿੰਘਸਿਰਜਣਾਨੇ ਲਿਖਿਆ ਹੈ, “ਜਿਸ ਸਹਿਜ ਕਲਾਤਮਕਤਾ ਨਾਲ ਜ਼ਿੰਦਗੀ ਦੇ ਨਾਟਕੀ ਮੋੜਾਂ ਅਤੇ ਉਤਰਾਵਾਂ-ਚੜ੍ਹਾਵਾਂ ਨੂੰ ਇਕਬਾਲ ਰਾਮੂਵਾਲੀਆ ਨੇ ਆਪਣੀ ਸਵੈਜੀਵਨੀ ਵਿਚ ਅੰਕਿਤ ਕੀਤਾ ਹੈ, ਅਜਿਹੀ ਕਲਾਤਮਕਤਾ, ਮੇਰੀ ਜਾਚੇ, ਕਿਸੇ ਹੋਰ ਜੀਵਨੀਕਾਰ ਵਿਚ ਘੱਟ ਹੀ ਨਜ਼ਰ ਆਈ ਹੈ। ਭਰਪੂਰ ਸ਼ਬਦ-ਭੰਡਾਰ, ਅਣੋਖੇ ਸ਼ਬਦ-ਜੁੱਟਾਂ ਅਤੇ ਮੁਹਾਵਰਿਆਂ ਨਾਲ ਪਰੁੱਚੀ ਆਪਣੀ ਭਾਂਤ ਦੀ ਵਾਕ ਬਣਤਰ ਵਾਲੀ ਇਕਬਾਲ ਦੀ ਰਸਿਕ ਵਾਰਤਕ ਸ਼ੈਲੀ ਇਕ ਦਮ ਨਿਵੇਕਲਾ ਪ੍ਰਭਾਵ ਸਿਰਜਦੀ ਹੈ।”

ਇਸ ਭਾਗ ਵਿਚ ਕਾਂਡਾਂ ਦੇ ਕੁਝ ਸਿਰਲੇਖ ਹਨ: ਖੀਸੇ ’ਚ ਟਿਮਕਦੇ ਜੁਗਨੂੰ, ਲੋਹੇ ਦੀਆਂ ਕਿਸ਼ਤਾਂ, ਗੁੰਗੀ ਪਤਝੜ, ਹੱਥਾਂ ਉੱਪਰ ਪਹਿਨੇ ਬੂਟ, ਸਨੋਅ ਨਾਲ ਮੁੱਠਭੇੜ, ਗਿੱਚੀ ’ਚ ਪੁੜਿਆ ਸਟੀਅਰਿੰਗ, ‘ਨਜ਼ਮਾਂਦਾ ਜਨਮ ਦਿਨ, ਨਿਆਗਰਾ ਦੀਆਂ ਧਾਰਾਂ ਉੱਪਰ ਚੜ੍ਹ ਰਹੀ ਮੱਛੀ ਤੇ ਕੁਹਾੜਾ ਆਦਿ। ਇਸ ਭਾਗ ਵਿਚ ਕੈਨੇਡਾ ਜਾਣ, ਕਰੜਾ ਸੰਘਰਸ਼ ਕਰਨ ਯਾਨੀ ਕਿ ਬਰਫ਼ ਵਿਚ ਉੱਗਣ ਦਾ ਅਜਿਹਾ ਬਿਰਤਾਂਤ ਹੈ ਜੋ ਕੈਨੇਡਾ ਜਾਣ ਲਈ ਲੂਹਰੀਆਂ ਲੈਂਦੇ ਨੌਜਵਾਨਾਂ ਲਈ ਰਾਹਦਸੇਰਾ ਹੋ ਸਕਦਾ ਹੈ।

ਸੁਰਿੰਦਰ ਧੰਜਲ ਇਸ ਪੁਸਤਕ ਦੇ ਮੁਖਬੰਦਬਰਫ਼ ਵਿਚ ਉੱਗੀ ਕਲਮ: ਇਕਬਾਲਦੇ ਸਿਰਲੇਖ ਹੇਠ ਲਿਖਦਾ ਹੈ, “ਇਕਬਾਲ ਲਾਸਾਨੀ ਸ਼ਬਦ-ਚਿਤਰ ਦਾ ਉਸਤਾਦ ਹੈ। ਸ਼ਬਦ-ਚਿਤਰਾਂ ਨੂੰ ਇਕਬਾਲ ਇਸ ਤਰ੍ਹਾਂ ਬੀੜਦਾ ਅਤੇ ਲਾਡ ਲਡਾਉਂਦਾ ਹੈ ਕਿ ਸ਼ਬਦਾਂ ਦੇ ਗੁੱਝੇ ਅਰਥਾਂ ਦੇ ਨਾਲ਼ ਨਾਲ਼, ਸਾਡੀ ਦਿਮਾਗੀ ਧੁੰਦ ਨੂੰ ਚੀਰਦੇ ਹੋਏ ਨਵੇਂ-ਨਕੋਰ ਅਰਥ ਵੀ ਲਿਸ਼ਕਾਰੇ ਮਾਰਨ ਲੱਗਦੇ ਹਨ। ਉਸ ਦੀ ਲੇਖਣੀ ’ਚ ਸਾਡੇ ਬਹੁਤੇ ਵਾਰਤਕਕਾਰਾਂ ਵਾਂਗ ਕੋਈ ਸ਼ਰਾਰਤ ਨਹੀਂ, ਸਗੋਂ ਇਕ ਵਿਸ਼ੇਸ਼ ਕਿਸਮ ਦੀ ਮਾਸੂਮੀਅਤ ਝਲਕਾਰੇ ਮਾਰਦੀ ਹੈ।”

ਇਕਬਾਲ ਨੇ ਰਾਮੂਵਾਲੇ ਤੋਂ ਸਕੂਲੀ ਪੜ੍ਹਾਈ, ਮੋਗੇ ਤੋਂ ਕਾਲਜੀ ਤੇ ਸਰਕਾਰੀ ਕਾਲਜ ਲੁਧਿਆਣੇ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਸੀ। ਉਸ ਨੇ ਕਵਿਤਾ ਲਿਖੀ, ਕਵੀਸ਼ਰੀ ਕੀਤੀ, ਗਾਇਆ ਵਜਾਇਆ ਤੇ ਗੁਰੂਸਰ ਸੁਧਾਰ ਕਾਲਜ ਵਿਚ ਪੜ੍ਹਾਇਆ। ਉੱਥੇ ਉਹ ਅੰਗਰੇਜ਼ੀ ਦਾ ਲੈਕਚਰਾਰ ਹੁੰਦਾ ਸੀ ਤੇ ਫਿਰ ਟਰਾਂਟੋ ਵਿਚ ਸਕੂਲ ਅਧਿਆਪਕ ਰਿਹਾ। ਕਵਿਤਾ, ਕਹਾਣੀ ਤੇ ਲੇਖ ਲਿਖਦਾ ਉਹ ਨਾਵਲ ਲਿਖਣ ਲੱਗ ਪਿਆ ਸੀ। ਜੀਹਦੇ ਕੋਲ ਸ਼ਬਦ-ਭੰਡਾਰ ਦੀ ਅਮੀਰੀ ਤੇ ਮੌਲਿਕ ਲਿਖਣ ਸ਼ੈਲੀ ਹੋਵੇ ਉਹ ਕਿਸੇ ਵੀ ਸਾਹਿਤ ਰੂਪ ਉੱਤੇ ਹੱਥ ਅਜ਼ਮਾ ਸਕਦਾ ਹੈਇਹੋ ਕੁਝ ਇਕਬਾਲ ਨੇ ਕੀਤਾ।

ਉਸ ਦਾ ਅੰਗਰੇਜ਼ੀ ਵਿਚ ਲਿਖਿਆ ਨਾਵਲਦਾ ਡੈੱਥ ਆਫ਼ ਏ ਪਾਸਪੋਰਟਪੜ੍ਹਨ ਪਿੱਛੋਂ ਮੈਂ ਉਸ ਨੂੰ ਸਲਾਹ ਦਿੱਤੀ ਸੀ ਕਿ ਉਸ ਨੂੰ ਪੰਜਾਬੀ ਵਿਚ ਵੀ ਲਿਖੇ। ਉਹ ਅਨੁਵਾਦ ਕਰਵਾਉਣ ਲੱਗਾ ਸੀ। ਮੈਂ ਜ਼ੋਰ ਪਾਇਆ ਕਿ ਇਹ ਨਾਵਲ ਮੌਲਿਕ ਰੂਪ ਵਿਚ ਪੰਜਾਬੀ ਵਿੱਚ ਲਿਖਿਆ ਜਾਣਾ ਚਾਹੀਦਾ ਹੈਮੈਨੂੰ ਪਤਾ ਸੀ ਕਿ ਇਕਬਾਲ ਕੋਲ ਪੰਜਾਬੀ ਭਾਸ਼ਾ ਦੀ ਅਜਿਹੀ ਸਮਰੱਥਾ ਹੈ ਕਿ ਉਹ ਨਾਵਲ ਵਿਚ ਨਵੀਂ ਜਾਨ ਫੂਕ ਦੇਵੇਗਾ। ਮੌਲਿਕ ਰਚਨਾ ਦੀ ਆਪਣੀ ਤਾਜ਼ਗੀ ਹੁੰਦੀ ਹੈ। ਜੇਕਰ ਉਹ ਨਾਵਲ ਅੰਗਰੇਜ਼ੀ ਦਾ ਸਿੱਧਾ ਅਨੁਵਾਦ ਹੁੰਦਾ ਤਾਂ ਬੇਹਾ ਬੇਹਾ ਲੱਗਦਾ।

ਕੋਈ ਲੇਖਕ ਜਿੰਨਾ ਵਧੀਆ ਆਪਣੀ ਮਾਂ ਬੋਲੀ ਵਿੱਚ ਲਿਖ ਸਕਦਾ ਹੈ ਉੰਨਾ ਹੋਰ ਜ਼ੁਬਾਨ ਵਿਚ ਨਹੀਂ ਲਿਖ ਸਕਦਾ। ਬਲਵੰਤ ਗਾਰਗੀ ਦੀ ਮਿਸਾਲ ਲੈ ਲਓ। ਇਕ ਪਾਸੇ ਉਹਦੀਨੇਕਡ ਟਰੈਂਗਲਰੱਖ ਲਓ ਤੇ ਦੂਜੇ ਪਾਸੇਨੰਗੀ ਧੁੱਪ'ਜੋ ਸ਼ਿੱਦਤ ਨੰਗੀ ਧੁੱਪ ਵਿਚ ਹੈ ਉਹ ਨੇਕਡ ਟਰੈਂਗਲ ਵਿਚ ਨਹੀਂ। ਨੰਗੀ ਧੁੱਪ ਦੀ ਤਾਜ਼ਗੀ, ਨਿੱਘ ਤੇ ਚਮਕ ਦਾ ਆਪਣਾ ਜਲੌਅ ਹੈ। ਇਕਬਾਲ ਦੇ ਨਾਵਲਮੌਤ ਇਕ ਪਾਸਪੋਰਟ ਦੀਦਾ ਵੀ ਆਪਣਾ ਜਲੌਅ ਹੈ।

ਇਕਬਾਲ ਨੇ ਤੀਹ ਵਰ੍ਹੇ ਪੰਜਾਬ ਦੀ ਤੇ ਚਾਲੀ ਵਰ੍ਹੇ ਕੈਨੇਡਾ ਦੀ ਖ਼ਾਕ ਛਾਣੀ। ਉਹ ਕੈਨੇਡੀਅਨ ਅਧਿਆਪਕ ਲੱਗਣ ਤੋਂ ਪਹਿਲਾਂ ਕੈਨੇਡਾ ਦਾ ਮਜ਼ਦੂਰ ਬਣਿਆ, ਰੈਸਟੋਰੈਂਟਾਂ ਦੀਆਂ ਪਲੇਟਾਂ ਸਾਫ ਕਰਦਾ ਰਿਹਾ, ਸਕਿਉਰਿਟੀ ਗਾਰਡ ਦੀ ਡਿਊਟੀ ਦਿੱਤੀ ਤੇ ਟੈਕਸੀ ਵਾਹੀ। ਕੈਨੇਡਾ ਦੀ ਤਿਲ੍ਹਕਣੀ ਧਰਤੀ ’ਤੇ ਪੈਰ ਜਮਾਉਣ ਲਈ ਜਿਹੋ ਜਿਹੇ ਜਫ਼ਰ ਕਿਸੇ ਨਵੇਂ ਪਰਵਾਸੀ ਨੂੰ ਜਾਲਣੇ ਪੈਂਦੇ ਹਨ ਉਸ ਨੂੰ ਵੀ ਜਾਲਣੇ ਪਏ। ਉਸ ਨੇ ਵਾਟਰਲੂ, ਡਲਹੌਜ਼ੀ ਤੇ ਯੌਰਕ ਦੀਆਂ ਯੂਨੀਵਰਸਿਟੀਆਂ ਤੋਂ ਕੋਰਸ ਪਾਸ ਕੀਤੇ ਅਤੇ ਅਧਿਆਪਕ ਬਣਿਆ ਜਿੱਥੇ ਉਸ ਦਾ ਵਾਹ ਅਨੇਕਾਂ ਰੰਗਾਂ ਤੇ ਨਸਲਾਂ ਦੇ ਵਿਦਿਆਰਥੀਆਂ ਨਾਲ ਪਿਆ। ਉਹ ਪੰਜਾਬੀ ਤੇ ਅੰਗਰੇਜ਼ੀ ਦੇ ਸਾਹਿਤਕ ਸੈਮੀਨਾਰਾਂ ਦੀ ਸ਼ਾਨ ਸੀ। ਚੋਟੀ ਦਾ ਬੁਲਾਰਾ ਸੀ।

ਇਕ ਦਿਨ ਉਸ ਨੇ ਦੱਸਿਆ ਬਈ ਬਾਪੂ ਜੀ ਦਾ ਜਥਾ ਕਲਕੱਤੇ ਪ੍ਰੋਗਰਾਮ ’ਤੇ ਗਿਆ ਹੋਇਆ ਸੀ। ਓਧਰ ਕਈ ਹਫ਼ਤੇ ਲੱਗ ਜਾਣੇ ਸਨ। ਉਦੋਂ ਉਹ ਸੱਤਵੀਂ ’ਚ ਪੜ੍ਹਦਾ ਸੀ, ਬਲਵੰਤ ਦਸਵੀਂ ਤੇ ਰਛਪਾਲ ਹਾਲੇ ਪੰਜਵੀਂ ’ਚ ਸੀ। ਪਿਓ ਦੀ ਗ਼ੈਰ ਹਾਜ਼ਰੀ ਵਿਚ ਪੁੱਤਾਂ ਨੂੰ ਸਕੀਮ ਸੁੱਝੀ। ਉਹ ਆਪਣਾ ਹੀ ਜਥਾ ਬਣਾ ਕੇ ਗੁਆਂਢੀ ਪਿੰਡ ਦੇ ਇਕ ਵਿਆਹ ਵਿਚ ਗਾਉਣ ਚਲੇ ਗਏ ਤੇ ਉੱਥੋਂ ਡੂਢ ਦੋ ਸੌ ਰੁਪਏ ਦੇ ਇਨਾਮ ਮਾਠ ਲਿਆਏ। ਘਰ ਆ ਕੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਝਿੜਕੇ ਕਿ ਆ ਲੈਣ ਦਿਓ ਥੋਡੇ ਪਤੰਦਰ ਨੂੰ ...

ਪਰ ਉਹ ਆਪਣੀ ਆਈ ਤੋਂ ਨਾ ਟਲੇ। ਪਾਰਸ ਹੋਰਾਂ ਦੇ ਪਰਤਣ ਤਕ ਉਨ੍ਹਾਂ ਦਾ ਜਥਾ ਵਾਹਵਾ ਰਵਾਂ ਹੋ ਗਿਆ। ਪਾਰਸ ਨੂੰ ਕੋਈ ਸੱਜਣ ਪੁੱਛਣ ਆਇਆ ਕਿ ਪ੍ਰੋਗਰਾਮ ਦੇ ਕਿੰਨੇ ਪੈਸੇ ਲਓਗੇ? ਪਾਰਸ ਨੇ ਮਿਥਿਆ ਰੇਟ ਦੱਸ ਦਿੱਤਾ। ਫਿਰ ਉਹ ਮੁੰਡਿਆਂ ਦੇ ਜਥੇ ਦਾ ਰੇਟ ਪੁੱਛਣ ਲੱਗਾ। ਉਹ ਦਰਅਸਲ ਮੁੰਡਿਆਂ ਦਾ ਜਥਾ ਹੀ ਬੁੱਕ ਕਰਨ ਆਇਆ ਸੀ। ਪਾਰਸ ਹੈਰਾਨ ਰਹਿ ਗਿਆ। ਮਿਲਣ ਆਇਆ ਸੱਜਣ ਤਾਂ ਪਾਰਸ ਨੇ ਤੋਰ ਦਿੱਤਾ ਪਰ ਪੁੱਤਰ ਸੱਦ ਲਏ। ਨਾਲੇ ਅੱਖਾਂ ਵਿੱਚੋਂ ਹੰਝੂ ਵਹਾਈ ਜਾਵੇ ਤੇ ਨਾਲੇ ਆਖੀ ਜਾਵੇ, ਜੇ ਗਾਉਣਾ ਤਾਂ ਸੂਈ ਦੇ ਨੱਕੇ ਵਿੱਚੋਂ ਲੰਘਣਾ ਪਊ। ਮੇਰੀ ਤਸੱਲੀ ਤਦ ਹੋਊ ਜੇ ਕਰਨੈਲ ਦੇ ਪੁੱਤ ਉਹਤੋਂ ਦੋ ਰੱਤੀਆਂ ਉੱਤੋਂ ਦੀ ਹੋਣ।

ਦੋ ਰੱਤੀਆਂ ਉੱਤੋਂ ਦੀ ਕਰਨ ਲਈ ਫਿਰ ਪਿਉ ਨੇ ਪੁੱਤਾਂ ਦੀ ਕਰੜੀ ਮਸ਼ਕ ਕਰਵਾਈ। ਉਚਾਰਨ ਠੀਕ ਕੀਤਾ ਤੇ ਸ਼ੀਸ਼ੇ ਸਾਹਮਣੇ ਖੜ੍ਹਾਅ ਕੇ ਹੱਥ ਦੀ ਵਾੱਲੀ ਮਾਰਨੀ ਸਿਖਾਈ। ਉਸੇ ਅਭਿਆਸ ਦਾ ਨਤੀਜਾ ਸੀ ਕਿ 60ਵਿਆਂ ਵਿਚ ਰਾਮੂਵਾਲੀਏ ਭਰਾਵਾਂ ਦਾ ਕਵੀਸ਼ਰੀ/ਢਾਡੀ ਜਥਾ ਪੰਜਾਬੀ ਗਾਇਕੀ ਦੇ ਗਗਨ ਉੱਤੇ ਉਡਾਰੀਆਂ ਭਰਦਾ ਰਿਹਾ। ਰੋਜ਼ ਆਲ ਇੰਡੀਆ ਰੇਡੀਓ ਤੋਂ ਉਨ੍ਹਾਂ ਦੀ ਸਾਰੰਗੀ ਵੱਜਦੀ, ਢੱਡ ਖੜਕਦੀ ਤੇ ਕਵੀਸ਼ਰੀ ਗੂੰਜਦੀ। ਉਹ ਗਾਉਂਦੇ:

-ਗਈ ਥਲ ਵਿਚ ਭੁੜਥਾ ਹੋ, ਸੱਸੀ ਪੁੰਨਣਾ ਪੁੰਨਣਾ ਕਰਦੀ...

-ਜੋਗੀ ਉੱਤਰ ਪਹਾੜੋਂ ਆਏ, ਭਿੱਛਿਆ ਤੂੰ ਪਾ ਦੇ ਸੁੰਦਰਾਂ...

-ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ...

-ਨਿੰਮ ਦਾ ਮਾਣ ਕਰੀਂ ਨਾ ਹੀਰੇ, ਤੋਤਿਆਂ ਨੂੰ ਬਾਗ ਬੜੇ...

-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ...

-ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ...

ਦੁਨੀਆ ਵਾਕਿਆ ਈ ਚਹੁੰ ਕੁ ਦਿਨਾਂ ਦਾ ਮੇਲਾ ਹੈ। ਰੇਲਾਂ ਦਾ ਜੰਕਸ਼ਨ ਹੈ। ਇਹਨੀਂ ਦਿਨੀਂ ਪੰਜਾਬੀ ਸਾਹਿਤ ਦੇ ਜੰਕਸ਼ਨ ਤੋਂ ਪਹਿਲਾਂ ਅਜਮੇਰ ਔਲਖ ਰਵਾਨਾ ਹੋਇਆ ਤੇ ਮਗਰੇ ਇਕਬਾਲ ਰਾਮੂਵਾਲੀਆ। ਦੋਵੇਂ ਧਰਮਾਂ ਕਰਮਾਂ ਦੀ ਸੰਕੀਰਣਤਾ ਦੇ ਵਿਰੁੱਧ ਸਨ। ਦੋਹਾਂ ਦੇ ਧੀਆਂ ਹੀ ਜਨਮੀਆਂ ਜਿਨ੍ਹਾਂ ਨੂੰ ਪੁੱਤਰ ਸਮਝਿਆ ਗਿਆ।

ਦੋਹਾਂ ਨੇ ਕਿਹਾ ਸੀ ਕਿ ਸਾਡੇ ਮਰਨੇ ਦੀਆਂ ਫਜ਼ੂਲ ਧਾਰਮਿਕ ਰਸਮਾਂ ਰੀਤਾਂ ਨਾ ਕੀਤੀਆਂ ਜਾਣ। ਕੁਝ ਕਰਨਾ ਹੋਵੇ ਤਾਂ ਸਾਦੇ ਸ਼ਰਧਾਂਜਲੀ ਸਮਾਗਮ ਕਰ ਲੈਣੇ। ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ ਉੱਤੇ ਪਹਿਰਾ ਦੇਣਾ ਹੀ ਹੋਵੇਗੀ। ਇਕਬਾਲ ਰਾਮੂਵਾਲੀਏ ਦੀ ਸੋਚ ਨੂੰ ਸਲਾਮ!

**

ਵਿਛੜੀ ਰੂਹ ਨੂੰ ਸ਼ਰਧਾਂਜਲੀ --- ਬਲਰਾਜ ਦਿਓਲ

BalrajDeol7IqbalRamoowaliaA1

ਉਹਨਾਂ ਦੇ ਲਿਖੇ ਐਡੀਟੋਰੀਅਲ ਮੁੱਦੇਤਰਕ ਅਤੇ ਬੋਲੀ-ਸ਼ੈਲੀ ਪੱਖੋਂ ਬਹੁਤ ਸਲਾਹੇ ਜਾਂਦੇ ਸਨ ...”
(24 ਜੂਨ 2017)

 

 

ਬਰੈਂਪਟਨ: ਸਥਾਨਕ ਪੰਜਾਬੀ ਭਾਈਚਾਰੇ ਦੀ ਅਹਿਮ ਸਖਸ਼ੀਅਤ ਸ੍ਰੀ ਇਕਬਾਲ (ਗਿੱਲ) ਰਾਮੂਵਾਲੀਆ 17 ਜੂਨ ਦਿਨ ਸਨਿੱਚਰਵਾਰ ਸਵੇਰ ਨੂੰ ਸਵਰਗਵਾਸ ਹੋ ਗਏ ਸਨ। ਉਹ ਪਿਛਲੇ 6-7 ਸਾਲਾਂ ਤੋਂ ਪ੍ਰੌਸਟੇਟ ਕੈਂਸਰ ਤੋਂ ਪੀੜਤ ਸਨ ਅਤੇ ਆਪਣਾ ਅੰਤਿਮ ਸਵਾਸ ਲੈਣ ਮੌਕੇ ਪ੍ਰਿੰਸਿਜ਼ ਮਾਰਗਰਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।

ਸਤੰਬਰ 1999 ਵਿੱਚ ਅਖ਼ਬਾਰ ਖ਼ਬਰਨਾਮਾ ਸ਼ੁਰੂ ਕਰਨ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਅਤੇ ਉਹਨਾਂ ਦੇ ਲਿਖੇ ਐਡੀਟੋਰੀਅਲ ਮੁੱਦੇ, ਤਰਕ ਅਤੇ ਬੋਲੀ-ਸ਼ੈਲੀ ਪੱਖੋਂ ਬਹੁਤ ਸਲਾਹੇ ਜਾਂਦੇ ਸਨ। ਮਈ 2006 ਵਿੱਚ ਉਹ ਅਖ਼ਬਾਰ ਖ਼ਬਰਨਾਮਾ ਨੂੰ ਆਪਣੇ ਮਰਜ਼ੀ ਨਾਲ ਛੱਡ ਗਏ ਸਨ। ਕੈਨੇਡਾ ਆਉਣ ਤੋਂ ਪਹਿਲਾਂ ਸ੍ਰੀ ਇਕਬਾਲ ਰਾਮੂਵਾਲੀਆ ਸੁਧਾਰ ਕਾਲਜ ਵਿੱਚ ਪ੍ਰੋਫੈਸਰ ਰਹੇ ਅਤੇ ਫਿਰ ਕੈਨੇਡਾ ਵਿੱਚ ਨਾਰਥ ਯਾਰਕ ਬੋਰਡ ਆਫ਼ ਐਜੂਕੇਸ਼ਨ ਵਿੱਚ ਕਈ ਸਾਲ ਟੀਚਰ ਵਜੋਂ ਸੇਵਾਵਾਂ ਨਿਭਾਉਣ ਪਿੱਛੋਂ ਪੀਅਲ ਬੋਰਡ ਵਿੱਚ ਟੀਚਰ ਵਜੋਂ ਸੇਵਾ ਮੁਕਤ ਹੋਏ।

ਸ੍ਰੀ ਰਾਮੂਵਾਲੀਆ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਜਿਹਨਾਂ ਵਿੱਚੋਂ ਅੱਧੀਆਂ ਪੰਜਾਬੀ ਕਵਿਤਾ ਨਾਲ ਸਬੰਧਿਤ ਸਨ। ਖ਼ਬਰਨਾਮਾ ਦੇ ਬਹੁਤ ਸਾਰੇ ਪਾਠਕਾਂ, ਸਨੇਹੀਆਂ ਅਤੇ ਭਾਈਚਾਰੇ ਦੇ ਆਗੂਆਂ ਨੇ ਇਕਬਾਲ ਦੀ ਮੌਤ ਪਿੱਛੋਂ ਖਬਰਨਾਮਾ ਨੂੰ ਵੀ ਫੋਨ ਕਰਕੇ ਦੁੱਖ ਪ੍ਰਗਟ ਕੀਤਾ ਹੈ। ਅਸੀਂ ਉਹਨਾਂ ਸਭ ਦੇ ਧੰਨਵਾਦੀ ਹਾਂ। ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਅਸੀਂ ਉਹਨਾਂ ਦੀ ਬੇਵਕਤ ਮੌਤ ’ਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ।

*****

(743)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author