“ਜਿਹੜੇ ਲੋਕ ਦੁੱਖਾਂ ਦੇ ਕਾਰਨ ਖੋਜਣ ਦੀ ਥਾਂ ਦਿਮਾਗ ਦਾ ਬੂਹਾ ਭੇੜ ਕੇ ਐਵੇਂ ...”
(15 ਅਪਰੈਲ 2020)
ਹੁਣ ਜਦੋਂ ਸਾਰੀ ਦੁਨੀਆ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਹੈ ਤਾਂ ਗ਼ੈਬੀ ਸ਼ਕਤੀਆਂ ਵਾਲੇ ਅਖੌਤੀ ਬਾਬੇ, ਸਾਧ, ਪੀਰ, ਪੰਡਤ, ਸਿਆਣੇ, ਜੋਗੀ, ਸਾਈਂ, ਸ਼ਾਹ ਤੇ ਤਾਂਤਰਿਕ ਕਿੱਥੇ ਹਨ? ਉਨ੍ਹਾਂ ਦੇ ਲੱਖਾਂ ਕਰੋੜਾਂ ਮੁਰੀਦ ਦਿਮਾਗ ਨਾਲ ਸੋਚਣ, ਕੀ ਉਨ੍ਹਾਂ ਦੇ ‘ਬਾਬੇ’ ਸੱਚਮੁੱਚ ਕੁਝ ਕਰਨ ਜੋਗੇ ਹਨ? ਕਿਤੇ ਭੇਡ ਚਾਲ ਵਾਂਗ ਉਹ ਉਨ੍ਹਾਂ ਦੇ ਮਗਰ ਤਾਂ ਨਹੀਂ ਲੱਗੇ ਹੋਏ? ਪੱਟੇ ਤਾਂ ਨਹੀਂ ਜਾ ਰਹੇ?
ਇੱਕ ‘ਬਾਬੇ’ ਦਾ ਇਸ਼ਤਿਹਾਰ ਛਪਦਾ, “ਆਪਣੀ ਹਰ ਖ਼ਾਹਿਸ਼ ਪੂਰੀ ਕਰੋ! ਮੇਰਾ ਸਭ ਨੂੰ ਚੈਲਿੰਜ ਹੈ। ਇੱਕ ਵਾਰ ਜ਼ਰੂਰ ਅਜ਼ਮਾਓ! ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਨ ਵਾਲਾ ਕਰਾਮਾਤੀ ਤਾਵੀਤ ਹਾਸਲ ਕਰੋ। ਮੈਂ ਸਾਰੇ ਦੁਖੀ ਭੈਣ ਭਰਾਵਾਂ ਨੂੰ ਸੱਦਾ ਦਿੰਦਾ ਹਾਂ ਕਿ ਮੇਰੇ ਕੋਲ ਕਾਲੀ ਤਾਕਤ ਦੀ ਮਹਾਂ ਸ਼ਕਤੀ ਹੈ ਜਿਸ ਨਾਲ ਤੁਹਾਡੇ ਤਮਾਮ ਦੁੱਖ ਅਤੇ ਪਰੇਸ਼ਾਨੀਆਂ ਤਿੰਨ ਦਿਨਾਂ ਵਿੱਚ ਹੀ ਖ਼ਤਮ ਹੋ ਜਾਣਗੀਆਂ।” ਨਾਲ ਲਿਖਿਆ ਹੁੰਦਾ ਕਿ ਤੁਹਾਡਾ ਪਤਾ ਟਿਕਾਣਾ ਸਭ ਕੁਝ ਗੁਪਤ ਰੱਖਿਆ ਜਾਵੇਗਾ ਅਤੇ ਸਾਡੇ ਕੰਮ ਦੀ ਪੂਰੀ ਗਰੰਟੀ ਹੈ।
ਸਭ ਕੁਝ ‘ਗੁਪਤ’ ਰੱਖਣ ਵਾਲੇ ਗਰੰਟੀਸ਼ੁਦਾ ‘ਬਾਬੇ’ ਤੋਂ ਤਾਂ ਫਿਰ ਉਹਦੇ ਮੁਰੀਦਾਂ ਨੂੰ ਹੀ ਤਿੰਨ ਦਿਨਾਂ ਵਿੱਚ ਕਰੋਨਾ ਖ਼ਤਮ ਕਰਨ ਦੀ ਗਰੰਟੀ ਲੈ ਲੈਣੀ ਚਾਹੀਦੀ ਹੈ! ਨਾਲੇ ਪਤਾ ਲੱਗ ਜਾਵੇਗਾ ‘ਬਾਬਾ’ ਕਿੰਨੀ ਕੁ ਸ਼ਕਤੀ ਵਾਲਾ ਹੈ?
ਇੱਕ ‘ਪੰਡਿਤ’ ਬਾਬੇ ਨੂੰ ਵੀ ਮਾਤ ਪਾਉਂਦਾ ਦਾਅਵਾ ਕਰਦਾ ਕਿ 1952 ਤੋਂ ਲੈ ਕੇ ਹੁਣ ਤਕ ਉਹਦਾ ਕੋਈ ਮੁਕਾਬਲਾ ਨਹੀਂ। ਉਹ ਸਿਰਫ 72 ਘੰਟਿਆਂ ਵਿੱਚ ਕਾਲੇ ਜਾਦੂ, ਟੂਣੇ ਜਾਂ ਕਰੇ ਕਰਾਏ ਦਾ ਮੁਕੰਮਲ ਖ਼ਾਤਮਾ ਕਰਦਾ ਹੈ। ਉਹਦਾ ਪਰਚਾਰ ਸੀ ਜੇਕਰ ਕਿਸੇ ਨੇ ਤੁਹਾਡੇ ਜਾਂ ਤੁਹਾਡੇ ਘਰ ਵਾਲਿਆਂ ਉੱਤੇ ਕਿਸੇ ਕਿਸਮ ਦਾ ਕਾਲਾ ਜਾਦੂ, ਧਾਗਾ ਤਵੀਤ ਜਾਂ ਕੋਈ ਹੋਰ ਕਾਰਾ ਕਰ ਦਿੱਤਾ ਜਿਸ ਨਾਲ ਤੁਹਾਡੀ ਮੁਸੀਬਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਤਾਂ ਪੰਡਿਤ ਜੀ ਸੌ ਫੀਸਦੀ ਗਰੰਟੀ ਨਾਲ ਇਸਦਾ ਮੁਕੰਮਲ ‘ਤੋੜ’ ਸਿਰਫ 72 ਘੰਟਿਆਂ ਵਿੱਚ ਕਰ ਦੇਣਗੇ ਕਿਉਂਕਿ ਪੰਡਿਤ ਜੀ ਕਾਲੇ ਜਾਦੂ ਦੀ ਕਾਟ ਪਲਟ ਤੇ ਇਸਦੀ ਬੰਦਿਸ਼ ਦੇ ਮਾਹਿਰ ਹਨ। ਜਿਹੜੇ ਭੈਣ ਭਰਾ ਕਿਸੇ ਕਾਰਨ ਆਪ ਨਹੀਂ ਆ ਸਕਦੇ, ਉਹ ਫੋਨ ਜਾਂ ਚਿੱਠੀ ਪੱਤਰ ਰਾਹੀਂ ਗੁਪਤ ਤਰੀਕੇ ਨਾਲ ਘਰ ਬੈਠਿਆਂ ਆਪਣੇ ਸਾਰੇ ਦੁੱਖ ਦਰਦ ਹਮੇਸ਼ਾ ਲਈ ਦੂਰ ਕਰਵਾ ਸਕਦੇ ਹਨ।
ਜਿਹੜੇ ਪਹਿਲਾਂ ਹੀ ਕਿਸੇ ‘ਸਿਆਣੇ’ ਤੋਂ ਉੱਨ ਲੁਹਾਈ ਬੈਠੇ ਹੋਣ ਉਨ੍ਹਾਂ ਨੂੰ ਭਰਮਾਉਣ ਲਈ ਲਿਖਿਆ ਹੁੰਦਾ ਹੈ, “ਜੇਕਰ ਤੁਹਾਡਾ ਕੰਮ ਕਿਸੇ ਹੋਰ ਕੋਲੋਂ ਨਹੀਂ ਹੋ ਸਕਿਆ ਤੇ ਤੁਸੀਂ ਹਿੰਮਤ ਹਾਰ ਕੇ ਢੇਰੀ ਢਾਹ ਬੈਠੇ ਹੋ ਤਾਂ ਪੰਡਿਤ ਜੀ ਥੋੜ੍ਹੇ ਦਿਨਾਂ ਵਿੱਚ ਹੀ ਆਪਣੀ ਜੋਤਿਸ਼ ਵਿੱਦਿਆ, ਤਾਂਤਰਿਕ ਸ਼ਕਤੀ ਤੇ ਜੰਤਰ-ਮੰਤਰ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ।”
ਕੋਈ ‘ਪੀਰ’ ਫੁਰਮਾਉਂਦਾ ਹੈ, “ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਮੈਂਨੂੰ ਆਪਣੀਆਂ ਚਿੰਤਾਵਾਂ ਸਦਾ ਲਈ ਖ਼ਤਮ ਕਰਨ ਦਾ ਮੌਕਾ ਦਿਓ।” ਭੇਤੀ ਬੰਦੇ ਹੀ ਇਸ ਫ਼ਿਕਰੇ ਦਾ ਮਤਲਬ ਸਮਝ ਸਕਦੇ ਕਿ ਚਿੰਤਾਵਾਂ ਕਿਸਦੀਆਂ ਖ਼ਤਮ ਹੋਣੀਆਂ ਸਨ? ਯਕੀਨ ਬੰਨ੍ਹਾਉਣ ਲਈ ਉਹ ਪ੍ਰਚਾਰਦਾ ਕਿ ਇਸ ਸਮੇਂ ਹਜ਼ਾਰਾਂ ਹੀ ਦੁਖੀ ਭੈਣ ਭਰਾ ‘ਪੀਰ’ ਦੀਆਂ ਦੁਆਵਾਂ ਅਤੇ ਜਾਦੂ ਦਾ ਅਸਰ ਕਰਨ ਵਾਲੇ ਤਾਵੀਜ਼ ਨਾਲ ਖੁਸ਼ੀ ਖੁਸ਼ੀ ਵਧੀਆ ਜੀਵਨ ਬਤੀਤ ਕਰ ਰਹੇ ਹਨ।
ਖੁਸ਼ ਜੀਵਨ ਬਤੀਤ ਕਰਨ ਦਾ ਲਾਲਚ ਭਲਾ ਕਿਸ ਨੂੰ ਨਹੀਂ ਹੁੰਦਾ? ਸੋ ਸਿੱਧੇ ਸਾਦੇ ਲੋਕ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਈ ਜਾਂਦੇ ਸਨ। ਇੱਕ ਹੋਰ ‘ਬਾਬਾ’ ਇਸ਼ਤਿਹਾਰ ਦਿੰਦਾ ਹੈ, “ਧੋਖੇ ਤੋਂ ਬਚੋ ਤੇ ਬਾਬਾ ਜੀ ਦੀਆਂ ਦੁਆਵਾਂ ਲਵੋ।” ਮੁੰਡਾ ਹੋਣ ਦਾ ਨੁਸਖ਼ਾ ਦੱਸਦਿਆਂ ਕਹਿੰਦਾ ਕਿ ਕੁੱਖ ਵਿੱਚ ਪਲਦਾ ਬੱਚਾ ਬਾਬਾ ਜੀ ਦੇ ਉਪਾਅ ਨਾਲ ਮੁੰਡਾ ਬਣ ਜਾਵੇਗਾ। ਇੱਥੇ ਹੀ ਬੱਸ ਨਹੀਂ, ਉਹ ਨੂੰਹ ਸੱਸ, ਪਤੀ ਪਤਨੀ, ਜੀਜਾ ਸਾਲੀ ਜਾਂ ਘਰ ਵਿੱਚ ਕਿਸੇ ਵੀ ਲੜਾਈ ਕਲੇਸ਼ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ‘ਨੁਸਖ਼ਾ’ ਦਿੰਦਾ ਹੈ।
ਲੜਾਈ ਕਲੇਸ਼ ਹਮੇਸ਼ਾ ਵਾਸਤੇ ਖ਼ਤਮ ਕਰਨ ਲਈ ਭਾਰਤ ਤੇ ਪਾਕਿਸਤਾਨ ਦੇ ਰਹਿਬਰਾਂ ਨੂੰ ਜ਼ਰੂਰ ਉਸ ‘ਬਾਬੇ’ ਤੋਂ ‘ਨੁਸਖ਼ਾ’ ਲੈ ਲੈਣਾ ਚਾਹੀਦਾ ਹੈ!
ਕੋਈ ‘ਯੋਗੀ’ ਪੁੱਤਰ ਦੀ ਦਾਤ ਦਿੰਦਾ, ਕੋਰਟ ਕੇਸਾਂ ਦੀ ਭਵਿੱਖਬਾਣੀ ਕਰਦਾ ਤੇ ਇੰਮੀਗਰੇਸ਼ਨ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਨਾਲ ਨਸ਼ੇ ਪੱਤੇ ਛਡਾਉਣ ਦੇ ਗੁਰ ਦੱਸਦਾ ਹੈ। ਕਹਿੰਦਾ ਹੈ ਕਿ ਧਨ ਦੀ ਕਮੀ ਨਹੀਂ ਰਹਿਣ ਦਿਆਂਗਾ। ਇਹ ਤਾਂ ਰੱਬ ਜਾਣੇ ਕਿ ਉਹ ਆਪਣੇ ਧਨ ਬਾਰੇ ਕਹਿੰਦਾ ਜਾਂ ਅਗਲੇ ਦੇ ਧਨ ਬਾਰੇ? ਇੱਡੇ ਪੁੱਜੇ ਹੋਏ ਯੋਗੀ ਜੀ ਨੂੰ ਬੇਨਤੀ ਹੈ ਕਿ ਕਰੋੜਾਂ ਲੋਕ ਤਾਂ ਉਨ੍ਹਾਂ ਨੇ ਪਹਿਲਾਂ ਹੀ ਤਾਰ ਦਿੱਤੇ ਹਨ, ਧਰਤੀ ’ਤੇ ਵਸਦੇ ਬਾਕੀ ਕਰੋੜਾਂ ਲੋਕਾਂ ਦਾ ਵੀ ਕਲਿਆਣ ਕਰ ਦੇਣ। ਫਿਰ ਤਾਂ ਯੋਗੀ ਜੀ ਲਈ ਨੋਬਲ ਪ੍ਰਾਈਜ਼ ਵੀ ਵੱਟ ’ਤੇ ਪਿਆ ਹੈ!
ਇੱਕ ‘ਸਿਆਣਾ’ ਦੁਖੀ ਅਤੇ ਪਰੇਸ਼ਾਨ ਭੈਣਾਂ ਭਰਾਵਾਂ ਲਈ ਖੁਸ਼ਖ਼ਬਰੀ ਦਿੰਦਿਆਂ ਦਸ ਹਜ਼ਾਰ ਡਾਲਰ ਦੇ ਨਕਦ ਇਨਾਮ ਜਿੱਤਣ ਦਾ ਐਲਾਨ ਕਰਦਾ। ਪਰ ਸ਼ਰਤ ਅਜਿਹੀ ਹੁੰਦੀ ਕਿ ਕੋਈ ਇਨਾਮ ਜਿੱਤ ਹੀ ਨਹੀਂ ਸੀ ਸਕਦਾ। ਉਹ ਕਹਿੰਦਾ, ਕੋਈ ਮਾਈ ਦਾ ਲਾਲ ਇਹ ਸਾਬਤ ਕਰੇ ਕਿ ਉਹਦਾ ਸਬਜੈਕਟ ਕਿਸੇ ਧਰਮ, ਜਾਤ, ਮਨੁੱਖ ਜਾਂ ਕਿਸੇ ਸ਼ਹਿਰ ਦੇ ਖ਼ਿਲਾਫ਼ ਹੈ। ਨਾਲ ਕਹਿੰਦਾ ਕਿ ਉਹਦੇ ਕੋਲ ਛੇਤੀ ਤੇ ਤੇਜ਼ ਅਸਰ ਕਰਨ ਵਾਲੀ ਦੁਨੀਆ ਦੀ ਮਸ਼ਹੂਰ ਗਿੱਦੜਸਿੰਗੀ ਹੈ ਜਿਹੜੀ ਚੌਵੀ ਘੰਟਿਆਂ ਵਿੱਚ ਹੀ ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਉਹਦੇ ਨਾਲ ਦੁਨੀਆਂ ਦੀ ਹਰ ਸ਼ੈਅ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਹੀ ਮਿਲੋ ਜਾਂ ਫੋਨ ਕਰੋ। ਹਰ ਤਰ੍ਹਾਂ ਦੀ ਕਾਰਵਾਈ ਗੁਪਤ ਰੱਖੀ ਜਾਵੇਗੀ।
ਇਹ ‘ਗੁਪਤ’ ਕਾਰਵਾਈ ਹੀ ਠੱਗ ਬਾਬਿਆਂ ਨੂੰ ਵਾਰਾ ਖਾਂਦੀ ਹੈ। ਜਿਨ੍ਹਾਂ ਨੂੰ ਗੁਪਤੋ-ਗੁਪਤੀ ਥੁੱਕ ਲੱਗ ਜਾਂਦਾ ਬੱਸ ਇਸੇ ‘ਗੁਪਤ’ ਕਾਰਵਾਈ ਕਰਕੇ ਕੁਸਕ ਨਾ ਸਕਦੇ! ਸਵਾਲ ਕੀਹਨੇ ਕਰਨਾ ਸੀ?
ਅਜਿਹੀਆਂ ਇਸ਼ਤਿਹਾਰਬਾਜ਼ੀਆਂ ਦਾ ਕੋਈ ਅੰਤ ਨਹੀਂ। ਵਿਕਾਊ ਮੀਡੀਆ ਇਹੋ ਕੁਝ ਭਾਲਦੈ। ਵਿਚਾਰੇ ਭੋਲੇ ਭਾਲੇ ਲੋਕ ਠੱਗੇ ਜਾ ਰਹੇ ਨੇ ਜਿਨ੍ਹਾਂ ਨੂੰ ਸੁਚੇਤ ਕਰਨਾ ਮੀਡੀਏ ਦਾ ਫ਼ਰਜ਼ ਹੈ। ਪਰ ਜੇ ਭਾੜੇ ਦਾ ਮੀਡੀਆ ਹੀ ਠੱਗਾਂ ਨਾਲ ਰਲ ਜਾਵੇ ਤਾਂ ਕੌਣ ਕਹੇ ਰਾਣੀਏਂ ਅੱਗਾ ਢਕ?
ਦੁੱਖ ਸੁਖ ਕੁਦਰਤ ਦੀ ਦੇਣ ਹਨ। ਸ਼ਾਇਦ ਹੀ ਕੋਈ ਮਨੁੱਖ ਹੋਵੇ, ਜੀਹਨੂੰ ਕਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਜਿਊਂਦੇ ਜਾਗਦੇ ਬੰਦੇ ਦੁੱਖਾਂ ਦੇ ਕਾਰਨ ਲੱਭਦੇ ਹਨ ਅਤੇ ਸੂਝ ਸਿਆਣਪ ਨਾਲ ਦੁੱਖਾਂ ਨੂੰ ਦੂਰ ਕਰਦੇ ਹਨ। ਜਿਹੜੇ ਲੋਕ ਦੁੱਖਾਂ ਦੇ ਕਾਰਨ ਖੋਜਣ ਦੀ ਥਾਂ ਦਿਮਾਗ ਦਾ ਬੂਹਾ ਭੇੜ ਕੇ ਐਵੇਂ ਅੱਕੀਂ ਪਲਾਹੀਂ ਹੱਥ ਮਾਰਦੇ ਹਨ, ਉਹ ਅਖੌਤੀ ਪੀਰਾਂ-ਪੰਡਿਤਾਂ ਅਤੇ ਯੋਗੀਆਂ-ਬਾਬਿਆਂ ਦੇ ਜਾਲ ਵਿੱਚ ਫਸ ਜਾਂਦੇ ਹਨ। ਧਾਗੇ ਤਵੀਤਾਂ ਅਤੇ ਗਿੱਦੜਸਿੰਗੀਆਂ ਵਿੱਚ ਕੋਈ ਕਰਾਮਾਤ ਹੁੰਦੀ ਤਾਂ ਦੁਨੀਆਂ ਕਦੋਂ ਦੀ ਤਰ ਗਈ ਹੁੰਦੀ। ਕਰੋਨਾ ਮਹਾਂਮਾਰੀ ਦੇ ਔਖੇ ਦਿਨ ਵੀ ਹੋਰਨਾਂ ਮਹਾਂਮਾਰੀਆਂ ਦੇ ਦਿਨਾਂ ਵਾਂਗ ਲੰਘ ਜਾਣਗੇ। ਪਰ ਸਵਾਲ ਹੈ, “ਕੀ ਸਾਡੇ ਲੋਕ ਠੱਗ ਬਾਬਿਆਂ ਤੋਂ ਸੁਚੇਤ ਹੋਣਗੇ?”
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2058)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)
ਪੰਜਾਬੀ ਜਾਗਰਣ 15 ਅਪਰੈਲ 2020