SarwanSingh7ਪੰਜਾਬੀ ਲਿਖਤਾਂ ਵਿਚ ਮੱਲਾਂ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਦਾ ਫੁਟਕਲ ਵੇਰਵਾ ਤਾਂ ...
(13 ਸਤੰਬਰ 2016)

 

ਖੇਡਾਂ ਅਤੇ ਖਿਡਾਰੀਆਂ ਬਾਰੇ ਪੰਜਾਬੀ ਵਿਚ ਸੌ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਹਨ। 2010 ਵਿਚ ਦਸ ਖੇਡ ਪੁਸਤਕਾਂ ਪ੍ਰਕਾਸ਼ਤ ਹੋਈਆਂ ਸਨ। ਅਗਲੇ ਸਾਲ ਬਾਰਾਂ ਹੋ ਗਈਆਂ ਤੇ ਉਸ ਤੋਂ ਅਗਲੇ ਸਾਲ ਪੰਦਰਾਂ। ਪਿਛਲੇ ਸਾਲ ਵੀਹ ਖੇਡ ਪੁਸਤਕਾਂ ਛਪੀਆਂ। ਇਹ ਵਾਧਾ ਲਗਾਤਾਰ ਹੋ ਰਿਹਾ ਹੈਇਨ੍ਹਾਂ ਵਿਚ ਖਿਡਾਰੀਆਂ ਦੀਆਂ ਜੀਵਨੀਆਂ, ਸਵੈਜੀਵਨੀਆਂ, ਰੇਖਾ ਚਿੱਤਰ, ਕਹਾਣੀਆਂ, ਖੇਡਾਂ ਦਾ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਤਬਸਰੇ, ਖੇਡਾਂ ਦੀ ਜਾਣ ਪਛਾਣ, ਖੇਡਾਂ ਦੀਆਂ ਬਾਤਾਂ, ਖੇਡਾਂ ਦੇ ਨਿਯਮ, ਖੇਡਾਂ ਦਾ ਕਾਵਿ-ਸੰਸਾਰ, ਖੇਡ ਸਾਹਿਤ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ, ਅਲੋਪ ਹੋ ਰਹੀਆਂ ਦੇਸੀ ਖੇਡਾਂ ਅਤੇ ਖੇਡੀਆਂ ਜਾਂਦੀਆਂ ਅਜੋਕੀਆਂ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹਨ। ਅਜਿਹੇ ਪੰਜਾਹ ਕੁ ਲੇਖਕ ਹਨ ਜਿਨ੍ਹਾਂ ਦੀਆਂ ਇਕ ਜਾਂ ਇਕ ਤੋਂ ਵੱਧ ਖੇਡ ਪੁਸਤਕਾਂ ਛਪੀਆਂ ਹਨ ਪਰ ਸਾਡੇ ਆਲੋਚਕਾਂ ਦਾ ਇਸ ਪਾਸੇ ਧਿਆਨ ਨਹੀਂ ਗਿਆ। ਖੇਡਾਂ ਦੇ ਗੀਤ ਗੂੰਜਣ ਲੱਗ ਪਏ ਹਨ ਅਤੇ ਖੇਡ ਫਿਲਮਾਂ ਚੱਲ ਪਈਆਂ ਹਨ। ਹੁਣ ਸਾਹਿਤਕ ਗੋਸ਼ਟੀਆਂ ਵਿਚ ਪੰਜਾਬੀ ਖੇਡ ਸਾਹਿਤ ਦੀ ਗੱਲ ਕਰਨੀ ਵੀ ਉਚਿਤ ਹੋਵੇਗੀ।

ਪੰਜਾਬੀਆਂ ਦੀਆਂ ਸੌ ਤੋਂ ਵੱਧ ਆਪਣੀਆਂ ਦੇਸੀ ਖੇਡਾਂ ਹਨ। ਛੂਹਣ ਛੁਹਾਈ ਅਤੇ ਗੁੱਲੀ ਡੰਡੇ ਤੋਂ ਲੈ ਕੇ ਕਬੱਡੀ ਤੇ ਕੁਸ਼ਤੀ ਤਕ। ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਸਦੀਆਂ ਤੋਂ ਪੰਜਾਬੀ ਜ਼ੋਰ ਕਰਦੇ ਤੇਅ ਘੁਲਦੇ ਆਏ ਹਨ। ਰਿਗਵੇਦ, ਰਾਮਾਇਣ ਅਤੇ ਮਹਾਭਾਰਤ ਜਿਹੇ ਪੁਰਾਤਨ ਗ੍ਰੰਥਾਂ ਵਿਚ ਮੱਲਾਂ ਦੇ ਘੋਲਾਂ ਦਾ ਜ਼ਿਕਰ ਆਇਆ ਹੈ। ਹਨੂਮਾਨ, ਭੀਮ ਸੈਨ, ਬਾਲੀ ਅਤੇ ਸੁਗਰੀਵ ਮੱਲ ਵੀ ਸਨ ਤੇ ਯੋਧੇ ਵੀ। ਉਨ੍ਹਾਂ ਦੀ ਕੁਸ਼ਤੀ ਨੂੰ ਮੱਲ-ਯੁੱਧ ਕਿਹਾ ਜਾਂਦਾ ਸੀ। ਹਿੰਦੋਸਤਾਨ ਵਿਚ ਮੁਸਲਮਾਨਾਂ ਦੇ ਰਾਜ ਸਮੇਂ ਕੁਸ਼ਤੀ ਦੇ ਦੰਗਲਾਂ ਨੇ ਜ਼ੋਰ ਫੜਿਆ। ਰਾਜਪੂਤ ਰਿਆਸਤਾਂ ਨੇ ਵੀ ਪਹਿਲਵਾਨ ਪਾਲੇ। ਸਿੱਖਾਂ ਦੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਚ ਮੱਲਾਂ ਦੇ ਅਖਾੜੇ ਦੀ ਪਿਰਤ ਪਾਈ ਜਿੱਥੇ ਹੁਣ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਛਿੰਝਾਂ ਪੁਆਉਂਦੇ ਤੇ ਗੁਰੂ ਗੋਬਿੰਦ ਸਿੰਘ ਘੋੜ ਸਵਾਰੀ, ਨੇਜ਼ਾਬਾਜ਼ੀ ਅਤੇ ਗਤਕੇ ਵਰਗੀਆਂ ਮਾਰਸ਼ਲ ਖੇਡਾਂ ਕਰਾਉਂਦੇ ਰਹੇ। ਹਰੀ ਸਿੰਘ ਨਲੂਆ ਖੇਡ ਮੁਕਾਬਲਿਆਂ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੇ ਚੜ੍ਹਿਆ ਸੀ।

ਪੰਜਾਬੀ ਲਿਖਤਾਂ ਵਿਚ ਮੱਲਾਂ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਦਾ ਫੁਟਕਲ ਵੇਰਵਾ ਤਾਂ ਗੁਰਬਾਣੀ ਅਤੇ ਕਿੱਸਾ ਸਾਹਿਤ ਦੇ ਸਮੇਂ ਤੋਂ ਹੀ ਮਿਲਦਾ ਹੈ ਪਰ ਪਹਿਲਵਾਨਾਂ ਬਾਰੇ ਪੂਰੀ ਪੁਸਤਕ ਬਲਬੀਰ ਸਿੰਘ ਕੰਵਲ ਨੇ 1964 ਵਿਚ ਪ੍ਰਕਾਸ਼ਤ ਕੀਤੀ। ਇਸ ਪੁਸਤਕ ਦਾ ਨਾਂ ‘ਭਾਰਤ ਦੇ ਪਹਿਲਵਾਨ’ ਰੱਖਿਆ ਗਿਆ। ਇਸ ਪੁਸਤਕ ਵਿਚ ਮੁਗ਼ਲ ਕਾਲ ਦੇ ਪਹਿਲਵਾਨ ਉਸਤਾਦ ਨੂਰਉਦੀਨ ਤੋਂ ਲੈ ਕੇ ਦੇਸ਼ ਦੀ ਵੰਡ ਤਕ ਦੇ ਨਾਮੀ ਪਹਿਲਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਨੂੰ ਪਾਠਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਦੀ ਪਹਿਲੀ ਛਾਪ ਤੁਰਤ ਮੁੱਕ ਗਈ। ਇਸ ਵਿਚ ਪਹਿਲਵਾਨਾਂ ਦੇ ਕੱਦ-ਕਾਠ, ਉਨ੍ਹਾਂ ਦੀ ਖਾਧ-ਖੁਰਾਕ, ਡੰਡ-ਬੈਠਕਾਂ, ਜ਼ੋਰ ਕਰਨ ਅਤੇ ਕੁਸ਼ਤੀਆਂ ਲੜਨ ਬਾਰੇ ਇੰਨਾ ਹੈਰਾਨ ਕਰਨ ਵਾਲਾ ਮਸਾਲਾ ਹੈ ਕਿ ਇਹ ਪੁਸਤਕ ਪਾਠਕਾਂ ਨੂੰ ਕਿਸੇ ਦਿਲਚਸਪ ਨਾਵਲ ਨਾਲੋਂ ਵੀ ਵੱਧ ਰੌਚਿਕ ਲੱਗੀ।

ਮਿਸਾਲ ਵਜੋਂ ਵਰਤਮਾਨ ਕੁਸ਼ਤੀ ਦੇ ਮੋਢੀ ਨੂਰਉਦੀਨ ਬਾਰੇ ਦੱਸਿਆ ਗਿਆ ਕਿ ਉਹ ਨਿੱਤ ਪੰਜ ਹਜ਼ਾਰ ਡੰਡ ਅਤੇ ਪੰਜ ਹਜ਼ਾਰ ਬੈਠਕਾਂ ਕੱਢਦਾ ਸੀ ਤੇ ਘੰਟਿਆਂ ਬੱਧੀ ਖੂਹ ਗੇੜਦਾ ਸੀ। ਖ਼ਲੀਫ਼ਾ ਅਬਦੁੱਰਹੀਮ ਨੇ ਇਕ ਰੁੱਖ ਹੀ ਜੱਫਾ ਪਾ ਕੇ ਪੁੱਟ ਦਿੱਤਾ ਸੀ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਤੇ ਪਹਿਲਵਾਨ ਦੀਆਂ ਯਾਦਗਾਰੀ ਵਸਤਾਂ ਦੇ ਦਰਸ਼ਨ ਕਰਾਏ ਜਾਂਦੇ ਹਨ। ਖ਼ਲੀਫ਼ਾ ਚਰਾਗਉੱਦੀਨ ਤੇ ਰਮਜ਼ੀ ਦਿਓ-ਕੱਦ ਭਲਵਾਨ ਸਨ ਜਿਨ੍ਹਾਂ ਨੂੰ ਛਿੰਝਾਂ ਤੇ ਲਿਜਾਂਦਿਆਂ ਘੋੜੀਆਂ ਬਦਲਣੀਆਂ ਪੈਂਦੀਆਂ ਸਨ। ਬਾਬਾ ਫਤਿਹ ਸਿੰਘ ਨੇ ਖੂਹ ਵਿਚ ਡਿੱਗੀ ਡਾਚੀ ਇਕੱਲੇ ਨੇ ਹੀ ਲੱਜਾਂ ਪਾ ਕੇ ਬਾਹਰ ਖਿੱਚ ਲਈ ਸੀ। ਪਹਿਲਵਾਨ ਅਲੀਏ ਨੇ ਜੂਲੇ ਜੁੜ ਕੇ ਖੁੱਭਿਆ ਗੱਡਾ ਕੱਢ ਦਿੱਤਾ ਸੀ। ਲੇਖਕ ਨੂੰ ਬਹੁਤੀਆਂ ਗੱਲਾਂ ਦੰਦ ਕਥਾਵਾਂ ਦੇ ਰੂਪ ਵਿਚ ਸੁਣਤੋ-ਸੁਣਤੀ ਮਿਲੀਆਂ। ਉਸ ਨੇ ਪਹਿਲਵਾਨਾਂ ਵੱਲੋਂ ਸਾਬਤੇ ਬੱਕਰੇ ਖਾਣ, ਵੀਹ-ਵੀਹ ਸੇਰ ਮਾਸ ਦੀਆਂ ਯਖਣੀਆਂ ਪੀਣ, ਧੜੀ-ਧੜੀ ਦੁੱਧ ਤੇ ਸੇਰ-ਸੇਰ ਘਿਓ ਪੀਣ ਖਾਣ ਦੀਆਂ ਗੱਲਾਂ ਕੀਤੀਆਂ ਜੋ ਪਾਠਕਾਂ ਨੂੰ ਅਦਭੁੱਤ ਲੱਗੀਆਂ। ਕੁਝ ਵੀ ਅਦਭੁੱਤ ਹੋਣਾ ਲਿਖਤ ਨੂੰ ਰੌਚਿਕ ਬਣਾ ਦਿੰਦੈ।

ਪਹਿਲਵਾਨ ਸਦੀਕੇ ਬਾਰੇ ਲਿਖਿਆ ਕਿ ਉਹ ਮੌਰਾਂ ਉੱਤੇ ਝੋਟੇ ਨੂੰ ਚੁੱਕ ਕੇ ਇਕ ਮੀਲ ਤੁਰ ਸਕਦਾ ਸੀ। ਇਕ ਵਾਰ ਖੋਤੇ ਦੇ ਸਿਰ ਵਿਚ ਅਜਿਹਾ ਮੁੱਕਾ ਮਾਰਿਆ ਕਿ ਖੋਤਾ ਥਾਂਏਂ ਮਰ ਗਿਆ। ਲਾਹੌਰ ਦੇ ਬੂਟੇ ਪਹਿਲਵਾਨ ਵਿਚ ਹਾਥੀ ਜਿੰਨਾ ਜ਼ੋਰ ਸੀ। ਕਿੱਕਰ ਸਿੰਘ ਦਾ ਕੱਦ ਸੱਤ ਫੁਟ ਤੇ ਭਾਰ ਸੱਤ ਮਣ ਸੀ। ਉਹ ਗਲ ਵਿਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਿਆ ਕਰਦਾ ਸੀ ਜਿਸ ਕਰਕੇ ਉਹਦੀ ਧੌਣ ਉੱਤੇ ਬਲਦ ਵਾਂਗ ਕੰਨ੍ਹਾ ਪਿਆ ਹੋਇਆ ਸੀ। ਪਹਿਲਵਾਨ ਗ਼ੁਲਾਮ ਬੜੇ ਨਿਮਰ ਸੁਭਾਅ ਦਾ ਸੀ ਜੋ ਰੁਸਤਮੇ ਜ਼ਮਾਂ ਬਣਿਆ। ਕਲਕੱਤੇ ਦੀ ਮਸ਼ਹੂਰ ਗਾਇਕਾ ਗੌਹਰ ਜਾਨ ਗ਼ੁਲਾਮ ਤੇ ਮਰਦੀ ਸੀ ਤੇ ਉਹਦੇ ਤੋਂ ਪੁੱਤਰ ਲੋਚਦੀ ਸੀ ਪਰ ਗ਼ੁਲਾਮ ਕਹਿੰਦਾ ਸੀ,ਮਾਂ ਮੈਨੂੰ ਹੀ ਆਪਣਾ ਪੁੱਤਰ ਬਣਾ ਲੈ।”

ਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਹਨੇ ਪੇਲੜੇ ਭਲਵਾਨ ਦੇ ਪੁੱਤਰ ਕਰੀਮ ਨੂੰ ਤਨਜ਼ ਮਾਰੀ ਕਿ ਔਹ ਪੇਲੜੇ ਦੀ ਬੁਲਬੁਲ ਚੱਲੀ ਏ। ਕਰੀਮ ਮਦਰੱਸਾ ਛੱਡ ਕੇ ਤਕੜਾ ਪਹਿਲਵਾਨ ਬਣ ਗਿਆ ਤੇ ਰੁਸਤਮੇ ਜ਼ਮਾਂ ਬਣਿਆ। ਕੱਲੂ ਨੇ ਮੰਨ੍ਹੀ ਪਹਿਲਵਾਨ ਰੈਣੀ ਵਾਲੇ ਨੂੰ ਲਹੌਰੀਆਂ ਦੀ ਬੁਲਬੁਲ ਕਹਿ ਕੇ ਗਲ ਪੁਆ ਲਿਆ ਸੀ ਤੇ ਚੰਗੀ ਖੁੰਭ ਠਪਾਈ ਸੀ। ਕੰਵਲ ਨੇ ਕਿੱਕਰ, ਗੁੰਗੇ, ਗਾਮੇ, ਗ਼ੁਲਾਮ, ਗੁਰਦਾਵਰ, ਕੇਸਰ ਤੇ ਦਾਰੇ ਹੋਰਾਂ ਬਾਰੇ ਜੁੜੀਆਂ ਦੰਦ ਕਥਾਵਾਂ ਨਾਲ ਸਮੱਗਰੀ ਏਨੀ ਰੌਚਿਕ ਬਣਾ ਦਿੱਤੀ ਕਿ ਪੰਜਾਬੀ ਖੇਡ ਸਾਹਿਤ ਦੀ ਪਹਿਲੀ ਪੁਸਤਕ ਹੀ ਚਰਚਿਤ ਹੋ ਗਈ। ਬਾਅਦ ਵਿਚ ਪਹਿਲਵਾਨ ਮਿਹਰ ਦੀਨ ਨੇ ਬੰਦ ਜੋੜੇ:

ਕਿੱਕਰ ਕੱਲੂ ਗ਼ੁਲਾਮ ਇਮਾਮ ਗਾਮਾ ਛੱਡ ਗਏ ਜਹਾਨ ਨਿਸ਼ਾਨੀਆਂ ਨੇ
ਜ਼ਰਾ ਗ਼ੌਰ ਕਰਨਾ ਸਿਆਣੇ ਆਖਦੇ ਨੇ ਬਹੁਤ ਔਖੀਆਂ ਇਹ ਭਲਵਾਨੀਆਂ ਨੇ

ਮੱਲਾਂ ਅਤੇ ਕੁਸ਼ਤੀਆਂ ਬਾਰੇ ਪੰਜਾਬੀ ਵਿਚ ਦਰਜਨ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਕੁਝ ਵੱਡਅਕਾਰੀ ਵੀ ਹਨ। ਪਿਆਰਾ ਸਿੰਘ ਰਛੀਨ ਦੀ ਪੁਸਤਕ ‘ਭਾਰਤ ਦੇ ਰੁਸਤਮ ਪਹਿਲਵਾਨ’ ਅਤੇ ਐੱਚ. ਐੱਮ. ਬਿਲਗਾ ਤੇ ਪੀ. ਆਰ. ਸੋਂਧੀ ਦੀ ਪੁਸਤਕ ‘ਕੁਸ਼ਤੀ ਦੇ ਧਨੰਤਰ’ ਪੰਜ-ਪੰਜ ਸੌ ਪੰਨਿਆਂ ਦੇ ਆਸ ਪਾਸ ਹਨ। ਬਿਲਗਾ ਅਤੇ ਸੋਂਧੀ ਦੀ ਇਕ ਹੋਰ ਪੁਸਤਕ ‘ਕੁਸ਼ਤੀ ਅੰਬਰ ਦੇ ਤਾਰੇ’ ਹੈ। ਪਿਆਰਾ ਸਿੰਘ ਰਛੀਨ ਨੇ ‘ਕੁਸ਼ਤੀ ਅਖਾੜੇ’ ਤੇ ‘ਪਹਿਲਵਾਨ ਕਿਵੇਂ ਬਣੀਏ?’ ਦੋ ਹੋਰ ਖੇਡ ਪੁਸਤਕਾਂ ਲਿਖੀਆਂ ਹਨ। ਪਹਿਲਵਾਨ ਦਾਰਾ ਸਿੰਘ ਨੇ ਆਪਣੀ ਜੀਵਨ ਗਾਥਾ ‘ਮੇਰੀ ਆਤਮ ਕਥਾ’ ਲਿਖੀ ਹੈ। ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖ ਕੇ ਪੰਜਾਬੀ ਖੇਡ ਸਾਹਿਤ ਨੂੰ ਹੋਰ ਅਮੀਰ ਕੀਤਾ ਹੈ। ਪੰਜਾਬੀ ਦੇ ਜੀਵਨੀ ਸਾਹਿਤ ਵਿਚ ਇਸ ਪੁਸਤਕ ਦਾ ਖ਼ਾਸ ਮੁਕਾਮ ਹੈ। ਬਲਵੰਤ ਸਿੰਘ ਸੰਧੂ ਨੇ ਪਹਿਲਵਾਨ ਦਾਰੇ ਦੁਲਚੀਪੁਰੀਏ ਬਾਰੇ ਨਾਵਲ ‘ਗੁੰਮਨਾਮ ਚੈਂਪੀਅਨ’ ਲਿਖ ਕੇ ਖੇਡ ਸਾਹਿਤ ਵਿਚ ਗਲਪੀ ਰੰਗ ਭਰਿਆ ਹੈ। ਪ੍ਰੋ. ਕਰਮ ਸਿੰਘ ਦੀ ਪੁਸਤਕ ‘ਮੱਲਾਂ ਦੀਆਂ ਗੱਲਾਂ’ ਵਿਚ ਪਹਿਲਵਾਨੀ ਦੇ ਦਾਅ ਪੇਚਾਂ ਸਮੇਤ ਬੜੀਆਂ ਸਿੱਖਿਆਦਾਇਕ ਗੱਲਾਂ ਲਿਖੀਆਂ ਗਈਆਂ ਹਨ। ਭਲਵਾਨਾਂ ਬਾਰੇ ਕਿੱਸਾਕਾਰਾਂ ਦੇ ਕੁਝ ਕਿੱਸੇ ਜੋੜੇ ਵੀ ਮਿਲਦੇ ਹਨ।

ਮੈਂ ਖ਼ੁਦ 1966 ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਦਾ ਆ ਰਿਹਾ ਹਾਂਇਸ ਦੌਰਾਨ ਮੇਰੀਆਂ 22 ਖੇਡ ਪੁਸਤਕਾਂ ਛਪੀਆਂ ਹਨ। ਭਾਰਤੀ ਭਾਸ਼ਾਵਾਂ ਵਿਚ ਇਸ ਉੱਦਮ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਖੇਡ ਸਾਹਿਤ ਦੇ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਹੈ। ਮੈਂ ‘ਖੇਡ ਮੇਲੇ ਵੇਖਦਿਆਂ’ ਪੁਸਤਕ ਦੇ ਸਰਵਰਕ ਤੇ ਲਿਖਿਆ ਸੀ,ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਖਿਡਾਰੀ ਹਨ। ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ ਤੇ ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ।”

ਮੇਰਾ ਪਹਿਲਾ ਖੇਡ ਆਰਟੀਕਲ ਏਸ਼ੀਆ ਦੇ ਡਿਕੈਥਲੋਨ ਚੈਂਪੀਅਨ ਗੁਰਬਚਨ ਸਿੰਘ ਰੰਧਾਵੇ ਬਾਰੇ ਸੀ ਜੋ ‘ਮੁੜ੍ਹਕੇ ਦਾ ਮੋਤੀ’ ਸਿਰਲੇਖ ਹੇਠ ਸਾਹਿਤਕ ਰਸਾਲੇ ‘ਆਰਸੀ’ ਵਿਚ ਛਪਿਆ। ਫਿਰ ਆਰਸੀ ਵਿਚ ਹੀ ਪਰਵੀਨ ਕੁਮਾਰ ਬਾਰੇ ‘ਧਰਤੀਧੱਕ’, ਸਰਦਾਰਾ ਸਿੰਘ ਬਾਰੇ ‘ਅੱਗ ਦੀ ਨਾਲ’, ਮਹਿੰਦਰ ਸਿੰਘ ਬਾਰੇ ‘ਅਲਸੀ ਦਾ ਫੁੱਲ’, ਅਜਮੇਰ ਸਿੰਘ ਬਾਰੇ ‘ਸ਼ਹਿਦ ਦਾ ਘੁੱਟ’ ਤੇ ਜਰਨੈਲ ਸਿੰਘ ਬਾਰੇ ‘ਕਲਹਿਰੀ ਮੋਰ’ ਆਦਿ ਵੀਹ ਕੁ ਖਿਡਾਰੀਆਂ ਦੇ ਰੇਖਾ ਚਿੱਤਰ ਛਪੇ। ਉਨ੍ਹਾਂ ਰੇਖਾ ਚਿੱਤਰਾਂ ਨੂੰ ਨਵਯੁਗ ਪਬਲਿਸ਼ਰਜ਼ ਨੇ ‘ਪੰਜਾਬ ਦੇ ਉੱਘੇ ਖਿਡਾਰੀ’ ਪੁਸਤਕ ਵਿਚ ਪ੍ਰਕਾਸ਼ਿਤ ਕੀਤਾ। ਉਸ ਦੇ ਮੁਖਬੰਦ ਵਿਚ ਮੈਂ ਲਿਖਿਆ ਸੀ,ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ ਉਹ ਕੁਝ ਕਲਮ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿੱਥੇ ਤਕ ਹੈ?”

ਸਮੇਂ ਅਨੁਸਾਰ ਮੇਰੀ ਖੇਡ ਲੇਖਣੀ ਦੀ ਮੈਰਾਥਨ ਅਜੇ ਜਾਰੀ ਹੈ। ਅਖ਼ਬਾਰਾਂ ਤੇ ਰਸਾਲਿਆਂ ਵਿਚ ਅਨੇਕਾਂ ਆਰਟੀਕਲ ਛਪੇ ਹਨ ਤੇ ਲਗਾਤਾਰ ਛਪੀ ਜਾ ਰਹੇ ਹਨ। ਮੇਰੀਆਂ ਖੇਡ ਪੁਸਤਕਾਂ ਦੇ ਨਾਂ ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ ਚੋਂ, ਓਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਓਲੰਪਿਕ ਖੇਡਾਂ ਦੀ ਸਦੀ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਕਬੱਡੀ ਕਬੱਡੀ ਕਬੱਡੀ, ਪੰਜਾਬ ਦੇ ਚੋਣਵੇਂ ਖਿਡਾਰੀ, ਖੇਡਾਂ ਦੀ ਦੁਨੀਆ, ਮੇਲੇ ਕਬੱਡੀ ਦੇ, ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਏਥਨਜ਼ ਤੋਂ ਲੰਡਨ, ਖੇਡ ਅਤੇ ਸਿਹਤ ਵਾਰਤਾ, ਕਿੱਸਾ ਕਬੱਡੀ ਦਾ ਤੇ ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਹਨ। ਭਾਰਤ ਵਿਚ ਹਾਕੀ ਪੁਸਤਕ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਹੋਈ ਹੈ।

ਬਲਬੀਰ ਸਿੰਘ ਕੰਵਲ ਨੇ ‘ਭਾਰਤ ਦੇ ਪਹਿਲਵਾਨ’ ਤੋਂ ਇਲਾਵਾ ‘ਪੰਜਾਬ ਕਬੱਡੀ ਦਾ ਇਤਿਹਾਸ’ ਅਤੇ ‘ਆਲਮੀ ਕਬੱਡੀ ਦਾ ਇਤਿਹਾਸ’ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿਚ ਦੇਸ਼ ਵੰਡ ਤੋਂ ਪਹਿਲੇ ਕੌਡਿਆਲਾਂ ਦਾ ਵੀ ਵੇਰਵਾ ਦਿੱਤਾ ਹੈ। ਮਸਲਨ ਵੀਹਵੀਂ ਸਦੀ ਦੀ ਅੱਖ ਖੁੱਲ੍ਹਣ ਨਾਲ ਜਿਹੜਾ ਖਿਡਾਰੀ ਇਕ ‘ਕਹਾਵਤੀ’ ਰੁਤਬੇ ਨੂੰ ਅੱਪੜਿਆ ਉਹ ਸਰਗੋਧੇ ਦਾ ਬਾਬੂ ਫਕੀਰ ਮੁਹੰਮਦ ਸੀ। ਸਰੀਰ ਵਿਚ ਆਖ਼ਰਾਂ ਦੀ ਤੜ੍ਹ ਸੀ, ਤਾਕਤ ਸੀ ਤੇ ਜਦੋਂ ਦਮ ਪਾਉਣ ਜਾਂਦਾ ਤਾਂ ਇਓਂ ਲੱਗਦਾ ਜਿਵੇਂ ਵਿਰੋਧੀ ਨੂੰ ਪਾੜ ਕੇ ਖਾ ਜਾਵੇਗਾ। ਉਦੋਂ ਉਸ ਬਾਰੇ ਇਕ ਕਹਾਵਤ ਪ੍ਰਚਲਤ ਹੋਈ - ਕੌਡੀ ਫ਼ਕੀਰ ਦੀ ਪਾਸੇ ਜਾਵੇ ਚੀਰਦੀ। ਉਸ ਪਿੱਛੋਂ ਸੁਲਤਾਨ ਸ਼ਾਹ ਆਦੇ ਵਾਲਾ ਇਕ ਹੈਰਤਨਾਕ ਧਾਵੀ ਸਾਬਤ ਹੋਇਆ। ਉਸ ਨੂੰ ਯਾਦ ਕਰਦਿਆਂ ਵਾਰਸ ਸ਼ਾਹ ਦਾ ਇਕ ਸ਼ੇਅਰ ਯਾਦ ਆ ਜਾਂਦਾ ਹੈ:

ਵਿਹੜੇ ਵਿਚ ਔਧੂਤ ਜਾਂ ਗੱਜਦਾ ਸੀ,ਮਸਤ ਸਾਨ੍ਹ ਵਾਂਗ ਜਾਂ ਮੇਲ੍ਹਦਾ ਸੀ।

ਬਲਿਹਾਰ ਸਿੰਘ ਰੰਧਾਵਾ ਨੇ ਦੋ ਖੇਡ ਪੁਸਤਕਾਂ ਲਿਖੀਆਂ ਹਨ, ‘ਕਬੱਡੀ ਦੇ ਅੰਗ ਸੰਗ’ ਅਤੇ ‘ਖੇਡ ਮੇਲਿਆਂ ਦੇ ਅੰਗ ਸੰਗ’। ਇਨ੍ਹਾਂ ਵਿਚ ਬਹੁਤ ਸਾਰੇ ਕਬੱਡੀ ਖਿਡਾਰੀਆਂ ਅਤੇ ਕਬੱਡੀ ਮੇਲਿਆਂ ਦੀ ਜਾਣਕਾਰੀ ਦਿੱਤੀ ਹੈ। ਉਸ ਦੀ ਲਿਖਤ ਦਾ ਨਮੂਨਾ ਵੇਖੋ:

ਹਜ਼ਾਰਾਂ ਵਰ੍ਹਿਆਂ ਦੇ ਅੱਥਰੇ ਲਫੇੜਿਆਂ, ਸਿਆਲਾਂ ਹੁਨਾਲਾਂ, ਮੀਹਾਂ ਝੱਖੜਾਂ ਤੇ ਪਿਆਰ ਮਜਬੂਰੀਆਂ ਨੇ ਪੰਜਾਬੀਆਂ ਦਾ ਜੋ ਸੁਭਾਅ ਬਣਾਇਆ, ਦਾਇਰੇ ਵਾਲੀ ਕਬੱਡੀ ਉਹਦੇ ਅਨੁਕੂਲ ਹੈ। ਕੱਲੇ ਨੂੰ ਕੱਲੇ ਦਾ ਟੱਕਰਨਾ ਤੇ ਉਹ ਵੀ ਸਾਹਮਣਿਓਂ। ਹਿੱਕ ਨੂੰ ਹੱਥ ਲਾ ਕੇ ਵੰਗਾਰਨਾ। ਗੁੱਟ ਫੜ ਕੇ ਅਗਲੇ ਨੂੰ ਖੜ੍ਹਾ ਕਰ ਦੇਣਾ। ਥਾਪੀਆਂ ਮਾਰਦੇ ਵਿਰੋਧੀਆਂ ਦੀ ਭੀੜ ਵਿੱਚੋਂ ਗਲੀਆਂ ਘੱਤ ਕੇ ਬੁੱਕਦਿਆਂ ਲੰਘ ਜਾਣਾ। ਦਾਬ ਦੇਂਦਿਆਂ ਦਲਾਂ ਨੂੰ ਭਾਜੜਾਂ ਪਾਉਣੀਆਂ। ਡਾਜਾਂ ਮਾਰ ਮਾਰ ਅਫੜਾ ਤਫੜੀਆਂ ਮਚਾਉਣੀਆਂ। ਹਜ਼ਾਰਾਂ ਵਰ੍ਹਿਆਂ ਦੀ ਡਗਰ ਡਗਰ ਤੇ ਵੱਜਦੀ ਆ ਰਹੀ ਡਮਾ ਡੱਮ, ਖੱਗਾ ਖੱਗ, ਗਡਾ ਗੱਡ ਤੋਂ ਬਣੀ ਹੈ ਕਬੱਡੀ। ਕੌਡੀ ਤੋਂ ਬਣੀ ਕਬੱਡੀ ਜਾਂ ਕੱਟਾਵੱਢੀ ਤੋਂ, ਕੁਝ ਵੀ ਸਮਝੋ, ਕੋਈ ਫਰਕ ਨਹੀਂ ਪੈਂਦਾ।

ਸੋਹਨ ਸਿੰਘ ਚੀਮਾ ਨੇ ਵੱਡਅਕਾਰੀ ਪੁਸਤਕ ‘ਖੇਡ ਮੈਦਾਨ ਵਿਚ ਅੱਧੀ ਸਦੀ’ ਲਿਖੀ ਹੈ। ਉਸ ਵਿਚ ਉਸ ਨੇ ਇੰਗਲੈਂਡ ਵਿਚ ਕਬੱਡੀ ਦੇ ਸ਼ੁਰੂ ਹੋਣ ਤੇ ਵਿਕਾਸ ਕਰਨ ਉੱਤੇ ਚਾਨਣਾ ਪਾਇਆ ਹੈ। ਖੇਡ ਖੇਤਰ ਨਾਲ ਜੁੜਿਆ ਆਪਣਾ ਅੱਧੀ ਸਦੀ ਦਾ ਤਜਰਬਾ ਪਾਠਕਾਂ ਨਾਲ ਸਾਂਝਾ ਕੀਤਾ ਹੈ। ਇਹਦੇ ਵਿਚ ਇਤਿਹਾਸ ਅਤੇ ਸਵੈਜੀਵਨੀ ਦੇ ਅੰਸ਼ ਹਨ। ਲੇਖਕ ਲਿਖਦਾ ਹੈ,1963 ਤੋਂ ਕਬੱਡੀ ਦੀ ਸ਼ੁਰੂਆਤ ਦਾ ਸੰਖੇਪ ਜਿਹਾ ਇਤਿਹਾਸ ਲਿਖਣ ਲੱਗਾ ਹਾਂ। ਉਦੋਂ ਤੋਂ ਲੈ ਕੇ ਅੱਜ ਤਕ ਭਰਾਵਾਂ, ਪੁੱਤਰਾਂ ਤੇ ਪੋਤਿਆਂ ਜਾਣੀ ਤਿੰਨ ਪੀੜ੍ਹੀਆਂ ਦੀ ਅੱਖੀਂ ਡਿੱਠੀ ਤੇ ਹੱਥੀਂ ਖਿਡਾਈ ਕਬੱਡੀ ਦਾ ਹਾਲ ਲਿਖਣ ਵਿਚ ਮਾਣ ਮਹਿਸੂਸ ਕਰਦਾ ਹਾਂ।

ਗੱਪਾਂ ਸ਼ੱਪਾਂ ਮਾਰਦਿਆਂ ਗੱਲਾਂ-ਗੱਲਾਂ ਵਿਚ ਕਬੱਡੀ ਦੀ ਗੱਲ ਤੁਰ ਪਈ ਤੇ ਸ਼ੋਅ ਮੈਚ ਉੱਥੇ ਈ ਪੱਕਾ ਹੋ ਗਿਆ। ਮੀਰਪੁਰ ਦੇ ਇਕ ਖਿਡਾਰੀ ਨੇ ਕਿਹਾ, ਜਨਾਬ ਇਕ ਗੱਲ ਮੈਂ ਮੂੰਹ ਪਰ ਜ਼ਰੂਰ ਕਰਸਾਂ ਕਿਉਂਕਿ ਬਾਅਦ ਵਿਚ ਤੁਸੀਂ ਕੋਈ ਇਤਰਾਜ਼ ਨਾ ਕਰਸੀ। ਇਸ ਲਈ ਗੱਲ ਪਹਿਲਾਂ ਈ ਟੁੱਕ ਛੱਡਣੀ ਠੀਕ ਏ। ਉਹ ਵਜ਼੍ਹਾ ਇਹ ਵੇ ਕਿ ਸਾਡੇ ਪਾਕਿਸਤਾਨ ਦੇ ਲੋਕ ਇੱਥੇ ਘੱਟ ਈ, ਇਸ ਲਈ ਅਸਾਂ ਕੁਝ ਖਿਡਾਰੀ ਬਰਮਿੰਘਮ ਤੋਂ ਖੜਨੇ ਨੇ। ਏਧਰੋਂ ਇਕ ਨੇ ਕਿਹਾ ਕਿ ਆਪਾਂ ਤਾਂ ਸ਼ੁਗਲ ਈ ਕਰਨਾ ਹੈ, ਤੁਹਾਡੇ ਖਿਡਾਰੀ ਘੱਟ ਹੋਏ ਤਾਂ ਆਪਾਂ ਰਲ ਮਿਲ ਕੇ ਖੇਡ ਲਵਾਂਗੇ। ਇਹ ਕਹਿ ਕੇ ਮੈਚ 1963 ਵਿਚ ਜੂਨ ਮਹੀਨੇ ਦੇ ਆਖ਼ਰੀ ਹਫ਼ਤੇ ਐਤਵਾਰ ਦਾ ਪੱਕਾ ਕਰ ਦਿੱਤਾ।”

ਲਾਭ ਸਿੰਘ ਸੰਧੂ ਨੇ ‘ਗੱਭਰੂ ਪੁੱਤ ਪੰਜਾਬ ਦੇ’ ਤੇ ‘ਚੰਨ ਮਾਹੀ ਦੀਆਂ ਬਾਤਾਂ’ ਪੁਸਤਕਾਂ ਲਿਖੀਆਂ ਹਨ। ਪਹਿਲੀ ਪੁਸਤਕ ਵਿਚ ਪ੍ਰਸਿੱਧ ਖਿਡਾਰੀਆਂ ਦੇ ਰੇਖਾ ਚਿੱਤਰ ਹਨ ਤੇ ਦੂਜੀ ਕਿਤਾਬ ਵਿਚ ਖਿਡਾਰੀਆਂ ਦੀਆਂ ਪਤਨੀਆਂ ਦੇ ਇੰਟਰਵਿਊ ਹਨ। ਪਤਨੀਆਂ ਨੇ ਆਪਣੇ ਪਤੀਆਂ ਅਤੇ ਪਰਿਵਾਰ ਬਾਰੇ ਖੁੱਲ੍ਹੀਆਂ ਗੱਲਾਂ ਕੀਤੀਆਂ ਹਨ। ਉਨ੍ਹਾਂ ਦੀਆਂ ਗੱਲਾਂ ਬਾਤਾਂ ਵਿੱਚੋਂ ਖਿਡਾਰੀਆਂ ਦੇ ਜੀਵਨ ਦੇ ਕਈ ਅਹਿਮ ਭੇਦ ਖੁੱਲ੍ਹਦੇ ਹਨ। ਰਾਜਿੰਦਰ ਸਿੰਘ ਨੇ ਕੋਚਿੰਗ ਦੇ ਨੁਕਤੇ ਤੋਂ ‘ਕ੍ਰਿਕਟ ਕਿਵੇਂ ਖੇਡੀਏ’ ਤੇ ‘ਵਾਲੀਬਾਲ ਕਿਵੇਂ ਖੇਡੀਏ’ ਆਦਿ ਪੁਸਤਕਾਂ ਲਿਖੀਆਂ ਹਨ। ਰਾਜਿੰਦਰ ਸਿੰਘ ਦੀ ਇਕ ਪੁਸਤਕ ਹੌਲਦਾਰ ਜੋਗਿੰਦਰ ਸਿੰਘ ਦੀ ਜੀਵਨੀ ਹੈ ਜੋ ਸੌ ਸਾਲ ਤੋਂ ਵੱਧ ਜੀਵਿਆ। ਤਰਲੋਕ ਸਿੰਘ ਨੇ ਪੀ. ਟੀ. ਊਸ਼ਾ ਦੀ ਜੀਵਨੀ ਲਿਖੀ ਤੇ ਵੈਟਰਨ ਖਿਡਾਰੀਆਂ ਬਾਰੇ ਲਿਖਿਆ ਹੈ। ਉਹ ਖ਼ੁਦ ਵੈਟਰਨ ਅਥਲੀਟ ਰਿਹਾ ਜਿਸ ਨੇ ਆਪਣੀ ਸਵੈਜੀਵਨੀ ਵੀ ਲਿਖੀ।

ਧਰਮੂਚੱਕ ਦੇ ਪਹਿਲਵਾਨ ਦਾਰਾ ਸਿੰਘ ਦੀ ਸਵੈਜੀਵਨੀ ‘ਮੇਰੀ ਆਤਮ ਕਥਾ’ ਪੰਜਾਬੀ ਸਵੈਜੀਵਨੀ ਸਾਹਿਤ ਵਿਚ ਵਿਸ਼ੇ ਸਥਾਨ ਰੱਖਦੀ ਹੈ। ਉਸ ਨੇ ਬੜੀ ਸਾਦਗੀ ਨਾਲ ਆਪਣੇ ਜੀਵਨ ਦੇ ਦਿਲਚਸਪ ਪਹਿਲੂ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਕ ਸਾਧਾਰਨ ਕਿਸਾਨ ਦਾ ਪੁੱਤਰ ਕਿਵੇਂ ਸਿੰਘਾਪੁਰ ਗਿਆ, ਕਿਵੇਂ ਪਹਿਲਵਾਨ ਬਣਿਆ ਤੇ ਕਿਵੇਂ ਫਿਲਮਾਂ ਵੱਲ ਚਲਾ ਗਿਆ, ਇਹ ਬੜੀ ਰੌਚਿਕ ਕਹਾਣੀ ਹੈ। ਗੋਲਾ ਸੁੱਟਣ ਵਿਚ ਏਸ਼ਿਆ ਦੇ ਚੈਂਪੀਅਨ ਜੋਗਿੰਦਰ ਸਿੰਘ ਜੋਗੀ ਨੇ ਆਪਣੀ ਸਵੈਜੀਵਨੀ ‘ਜੱਗ ਦਾ ਜੋਗੀ’ ਲਿਖੀ। ਕੁਰਾਲੀ ਨੇੜਲੇ ਪਿੰਡ ਕਿਸ਼ਨਪੁਰਾ ਦੇ ਜੰਮਪਲ ਜੋਗਿੰਦਰ ਸਿੰਘ ਦਾ ਸਕੂਲ ਪੜ੍ਹਨਾ, ਡੰਗਰ ਚਾਰਨੇ, ਯੂ. ਪੀ. ਜਾਣਾ ਤੇ ਉੱਥੋਂ ਦੇ ਜੰਗਲ ਨਾਲ ਮੱਥਾ ਲਾਉਣਾ, ਫੌਜ ਵਿਚ ਸਿਪਾਹੀ ਭਰਤੀ ਹੋ ਕੇ ਮੇਜਰ ਦੇ ਰੈਂਕ ਤਕ ਪੁੱਜਣਾ ਤੇ ਸਾਲਾਂ ਬੱਧੀ ਗੋਲਾ ਸੁੱਟਣ ਦਾ ਚੈਂਪੀਅਨ ਬਣੇ ਰਹਿਣਾ ਕਮਾਲ ਦੀ ਗਾਥਾ ਹੈ। ਏਡੇ ਸਿਰੜੀ ਬੰਦੇ ਦਾ ਅੰਤ ਦਿੱਲੀ ਵਿਚ ਗੁਰਬਚਨ ਸਿੰਘ ਰੰਧਾਵੇ ਨਾਲ ਚਾਹ ਪੀਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਇਆ।

ਮੇਰੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਸਤਾਸੀ ਖੇਡਾਂ ਦਾ ਵਰਣਨ ਹੈ। ‘ਪੰਜਾਬ ਦੇ ਚੋਣਵੇਂ ਖਿਡਾਰੀ’ ਪੁਸਤਕ ਵਿਚ ਪੰਜਾਸੀ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਸੁਖਦੇਵ ਮਾਦਪੁਰੀ ਨੇ ‘ਪੰਜਾਬ ਦੀਆਂ ਲੋਕ ਖੇਡਾਂ’ ਤੇ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਪੁਸਤਕਾਂ ਲਿਖੀਆਂ। ਮੁਲਕ ਰਾਜ ਅਨੰਦ ਦੀ ਪੁਸਤਕ ‘ਭਾਰਤ ਦੀਆਂ ਕੁਝ ਲੋਕ ਖੇਡਾਂ’ ਨੈਸ਼ਨਲ ਬੁੱਕ ਟਰੱਸਟ ਦੀ ਅਨੁਵਾਦਤ ਪੁਸਤਕ ਹੈ। ਨੈਸ਼ਨਲ ਬੁੱਕ ਟਰੱਸਟ ਦੀਆਂ ਕੁਝ ਹੋਰ ਖੇਡ ਪੁਸਤਕਾਂ ‘ਚੋਟੀ ਤੋਂ ਚੋਟੀ’, ‘ਓਲੰਪਿਕ ਖੇਡਾਂ ਦੇ ਮਹਾਨ ਖਿਡਾਰੀ’, ‘ਭਾਰਤ ਦੇ ਕ੍ਰਿਕਟ ਖਿਡਾਰੀ’, ‘ਭਾਰਤ ਵਿਚ ਹਾਕੀ’, ‘ਪੰਜਾਬ ਦੇ ਚੋਣਵੇਂ ਖਿਡਾਰੀ’ ਅਤੇ ‘ਅਥਲੈਟਿਕਸ ਵਿਚ ਸੋਨ ਤਮਗ਼ਾ ਕਿਵੇਂ ਜਿੱਤੀਏ’ ਆਦਿ ਹਨ।

ਮਿਲਖਾ ਸਿੰਘ ਨੇ ਆਪਣੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਛਾਪੀ ਜਿਸ ਨੂੰ ਲਿਖਣ ਵਿਚ ਪਾਸ਼ ਨੇ ਸਹਿਯੋਗ ਦਿੱਤਾ। ਇਸ ਵਿਚ ਮਿਲਖਾ ਸਿੰਘ ਦੇ ਟੁਕੜੇ ਟੁਕੜੇ ਹੋਏ ਬਚਪਨ ਦਾ ਮਾਰਮਿਕ ਬਿਰਤਾਂਤ ਹੈ। ਦੌੜਾਂ ਦੌੜਨ ਲਈ ਕੀਤੀ ਉਸ ਦੀ ਮਿਹਨਤ ਮੁਸ਼ੱਕਤ, ਦੌੜਾਂ ਦੇ ਰੱਖੇ ਰਿਕਾਰਡ ਅਤੇ ਜੀਵਨ ਵਿਚ ਵਾਪਰੀਆਂ ਨਾਟਕੀ ਘਟਨਾਵਾਂ ਦਾ ਰੌਚਿਕ ਬਿਆਨ ਹੈ। ਅਜਿਹੀਆਂ ਲਿਖਤਾਂ ਬੱਚਿਆਂ ਅਤੇ ਜੁਆਨਾਂ ਨੂੰ ਚੰਗੇ ਖਿਡਾਰੀ ਬਣਨ ਲਈ ਪ੍ਰੇਰਦੀਆਂ ਹਨ। ਹੁਣ ਮਿਲਖਾ ਸਿੰਘ ਦੀ ਲੜਕੀ ਨੇ ਆਪਣੇ ਪਿਤਾ ਦੀ ਹੱਡਬੀਤੀ ਲਿਖੀ ਹੈ। ਬਲਬੀਰ ਸਿੰਘ ਸੀਨੀਅਰ ਨੇ ਆਪਣੀ ਸਵੈਜੀਵਨੀ ‘ਗੋਲਡਨ ਹੈਟ ਟ੍ਰਿਕ’ ਸੈਮੁਅਲ ਬੈਨਰਜੀ ਦੇ ਸਹਿਯੋਗ ਨਾਲ ਲਿਖੀ ਹੈ ਜੋ ਅੰਗਰੇਜ਼ੀ ਵਿਚ ਹੈ। ਪੰਜਾਬੀ ਵਿਚ ਉਸ ਦੀ ਜੀਵਨੀ ‘ਗੋਲਡਨ ਗੋਲ’ ਮੈਂ ਲਿਖੀ ਹੈ। ਸੁਰਜੀਤ ਹਾਂਸ ਨੇ ਪਹਿਲਵਾਨ ਹਰਬੰਸ ਸਿੰਘ ਦੀ ਜੀਵਨੀ ਅੰਗਰੇਜ਼ੀ ਵਿਚ ਛਪਵਾਈ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੱਖ ਵੱਖ ਖੇਡਾਂ ਦੀ ਕੋਚਿੰਗ ਬਾਰੇ ਕੁਝ ਕਿਤਾਬਚੇ ਛਪਵਾਏ ਹਨ ਜੋ ਜੋਗਿੰਦਰ ਸਿੰਘ ਜੋਗੀ ਨੇ ਲਿਖੇ ਸਨ। ਉਸ ਨੇ ਪੁਸਤਕ ‘ਪੰਜਾਬ ਦੇ ਪ੍ਰਸਿੱਧ ਖਿਡਾਰੀ’ ਵੀ ਲਿਖੀ ਹੈ।

ਡਾ. ਚਰਨਜੀਤ ਸਿੰਘ ਪੱਡਾ ਦੀ ਪੁਸਤਕ ‘ਏਸ਼ੀਆ ਦਾ ਜਰਨੈਲ’ ਪ੍ਰਸਿੱਧ ਫੁਟਬਾਲਰ ਜਰਨੈਲ ਸਿੰਘ ਦੀ ਜੀਵਨੀ ਹੈ। ਉਸ ਨੇ ਏਸ਼ੀਅਨ ਆਲ ਸਟਾਰ ਫੁਟਬਾਲ ਟੀਮ ਦੀ ਕਪਤਾਨੀ ਕੀਤੀ ਸੀ। ਬਲਜਿੰਦਰ ਮਾਨ ਨੇ ‘ਫੁਟਬਾਲ ਜਗਤ ਮਾਹਿਲਪੁਰ’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿਚ ਮਾਹਿਲਪੁਰ ਇਲਾਕੇ ਦੀਆਂ ਫੁਟਬਾਲ ਹਸਤੀਆਂ ਦਾ ਵੇਰਵਾ ਅਤੇ ਫੁਟਬਾਲ ਦੇ ਟੂਰਨਾਮੈਂਟਾਂ ਦਾ ਲੇਖਾ ਜੋਖਾ ਕੀਤਾ ਹੈ। ਮਾਹਿਲਪੁਰ ਨੂੰ ਉਹ ਫੁਟਬਾਲ ਦਾ ਮੱਕਾ ਕਹਿੰਦਾ ਹੈ ਜਿਵੇਂ ਸੰਸਾਰਪੁਰ ਹਾਕੀ ਦਾ ਹੈ। ਸੰਸਾਰਪੁਰ ਦੀ ਹਾਕੀ ਬਾਰੇ ਡਾ. ਕੁਲਾਰ ਨੇ ਥੀਸਸ ਲਿਖਿਆ ਹੈ ਅਤੇ ਕਿਤਾਬ ਵੀ ਛਪਵਾਈ ਹੈ। ਉਸ ਵਿਚ ਓਲੰਪੀਅਨ ਗੁਰਮੀਤ ਸਿੰਘ ਕੁਲਾਰ ਤੋਂ ਲੈ ਸੰਸਾਰਪੁਰ ਦੇ ਦਰਜਨ ਤੋਂ ਵੱਧ ਓਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ।

ਬਲਜੀਤ ਸਿੰਘ ਸਿੱਧੂ ਨੇ ‘ਜੇ ਓਲੰਪਿਕ ਜਿੱਤਣੀ ਹੈ ਤਾਂ’ ਪੁਸਤਕ ਛਪਵਾਈ ਹੈ ਜਿਸ ਵਿਚ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਤਕ ਜਾਣ ਲਈ ਪ੍ਰੇਰਨਾ ਦਿੱਤੀ ਗਈ ਹੈ ਤੇ ਵਰਜਿਤ ਦਵਾਈਆਂ ਲੈਣ ਤੋਂ ਖਿਡਾਰੀਆਂ ਨੂੰ ਸਾਵਧਾਨ ਕੀਤਾ ਹੈ। ਰਣਜੀਤ ਸਿੰਘ ਪ੍ਰੀਤ ਨੇ ‘ਵਿਸ਼ਵ ਖੇਡ ਦਰਪਨ’ ਪੁਸਤਕ ਵਿਚ ਬਹੁਤ ਸਾਰੀਆਂ ਖੇਡਾਂ ਦੀ ਜਾਣ ਪਛਾਣ ਕਰਾਈ ਹੈ। ਉਸ ਦੀ ਦੂਜੀ ਖੇਡ ਪੁਸਤਕ ‘ਏਸ਼ਿਆਈ ਖੇਡਾਂ ਦੀ ਰੌਚਿਕ ਕਹਾਣੀ’ ਹੈ ਜਿਸ ਵਿਚ ਏਸ਼ਿਆਈ ਖੇਡਾਂ ਦਾ ਸੰਖੇਪ ਇਤਿਹਾਸ ਪੇਸ਼ ਕੀਤਾ ਹੈ। ਸੁਜਾਨ ਸਿੰਘ ਨੇ ਸਰੀਰਕ ਸਿੱਖਿਆ ਦੀਆਂ ਪੁਸਤਕਾਂ ਲਿਖਣ ਦੇ ਨਾਲ ਇਕ ਪੁਸਤਕ ਖੇਡਾਂ ਦੇ ਨਿਯਮਾਂ ਬਾਰੇ ਲਿਖੀ ਹੈ। ਕਸਰਤਾਂ ਅਤੇ ਯੋਗਾ ਬਾਰੇ ਵੀ ਪੁਸਤਕਾਂ ਮਿਲਦੀਆਂ ਹਨ। ਹਰਬੰਸ ਸਿੰਘ ਵਿਰਦੀ ਨੇ ਸਿੱਖ ਓਲੰਪੀਅਨਾਂ ਬਾਰੇ ਪੁਸਤਕ ਲਿਖੀ ਜੋ ਗੁਰਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਨੇ ਪ੍ਰਕਾਸ਼ਾਤ ਕੀਤੀ। ਹਾਕੀ ਦੇ ਜਾਦੂਗਰ ਧਿਆਨ ਚੰਦ ਬਾਰੇ ਲਿਖੀ ਪੁਸਤਕ ਦਾ ਨਾਂ ‘ਗੋਲ’ ਹੈ। ਜੋਗਿੰਦਰ ਸਿੰਘ ਆਹਲੂਵਾਲੀਆ ਜੋ ਹਾਕੀ ਅੰਪਾਇਰ ਦੀ ਡਿਊਟੀ ਨਿਭਾਉਂਦੇ ਰਹੇ, ਹਾਕੀ ਬਾਰੇ ਲਿਖਦੇ ਵੀ ਰਹੇ। ਹਾਕੀ ਦੇ ਨਿਯਮਾਂ ਬਾਰੇ ਉਨ੍ਹਾਂ ਦੀ ਕਿਤਾਬ ‘ਹਾਕੀ ਦਾ ਖੇਲ’ ਹੈ। ਹਾਕੀ ਬਾਰੇ ਇਕ ਕਿਤਾਬ ਗਿਆਨ ਸਿੰਘ ਨੇ ਲਿਖੀ ਹੈ।

ਪ੍ਰਿੰ. ਤਰਲੋਚਨ ਸਿੰਘ ਭਾਟੀਆ ਨੇ ‘ਦਿੱਲੀ ਏਸ਼ੀਆਡ’ ਨਾਂ ਦੀ ਕਿਤਾਬ ਲਿਖੀ ਅਤੇ ‘ਰੁਸਤਮ’ ਨਾਂ ਦਾ ਖੇਡ ਰਸਾਲਾ ਕੱਢਿਆ। ਮੈਂ ਅਤੇ ਸੰਤੋਖ ਸਿੰਘ ਮੰਡੇਰ ‘ਖੇਡ ਸੰਸਾਰ’ ਨਾਂ ਦਾ ਮੈਗਜ਼ੀਨ ਕੱਢਦੇ ਰਹੇ ਹਾਂ। ਖੇਡਾਂ ਦੇ ਹੋਰ ਮੈਗਜ਼ੀਨ ‘ਅਖਾੜਾ’, ‘ਉੱਤਮ ਖੇਡ ਕਬੱਡੀ’, ‘ਬੱਲੇ ਪੰਜਾਬ’, ‘ਹਾਕ’, ‘ਚੱਕਦੇ ਕਬੱਡੀ’, ‘ਬੱਲੇ ਕਬੱਡੀ’ ਤੇ ‘ਪੰਜਾਬ ਦੀ ਮਾਂ ਖੇਡ ਕਬੱਡੀ’ ਹਨ। ਪੰਜਾਬੀ ਦੇ ਦਰਜਨਾਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਖੇਡਾਂ ਅਤੇ ਖਿਡਾਰੀਆਂ ਨਾਲ ਸੰਬੰਧਿਤ ਕਾਲਮ ਛਪ ਰਹੇ ਹਨ। ਉਨ੍ਹਾਂ ਦੇ ਖੇਡ ਅੰਕ ਨਿਕਲ ਰਹੇ ਹਨ। ਸੋਵੀਅਤ ਰਾਜ ਸਮੇਂ ਪ੍ਰਗਤੀ ਪ੍ਰਕਾਸ਼ਨ ਵੱਲੋਂ ਸੋਸ਼ਲਿਸਟ ਦੇਸ਼ਾਂ ਵਿਚ ਖੇਡਾਂ, ਓਲੰਪਿਕ ਮਾਸਕੋ-80, ਸੋਵੀਅਤ ਦੇਸ਼ ਵਿਚ ਬੱਚਿਆਂ ਦੀਆਂ ਖੇਡਾਂ ਅਤੇ ਸੋਵੀਅਤ ਖਿਡਾਰੀਆਂ ਬਾਰੇ ਕਿਤਾਬਚੇ ਛਾਪੇ ਗਏ। ਨੱਥਾ ਸਿੰਘ ਗਾਖਲ ਨੇ ‘ਪੰਜਾਬ ਦੇ ਹੀਰੇ’ ਪੁਸਤਕ ਵਿਚ ਕਬੱਡੀ ਖਿਡਾਰੀਆਂ ਦੀ ਜਾਣ ਪਛਾਣ ਕਰਾਈ ਹੈ।

ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪੰਜਾਬੀ ਖੇਡ ਸਾਹਿਤ ਦਾ ਅਧਿਐਨ ਵਿਸ਼ੇ ਉੱਤੇ ਪੀਐੱਚ. ਡੀ. ਕੀਤੀ ਹੈ। ਉਸ ਨੇ ਇੰਡੋ-ਪਾਕਿ ਪੰਜਾਬ ਖੇਡਾਂ ਬਾਰੇ ‘ਜਦੋਂ ਖੇਡੇ ਪੰਜੇ ਆਬ’ ਕਿਤਾਬ ਲਿਖੀ ਹੈ। ਸੁਖਬੀਰ ਸਿੰਘ ਗਰੇਵਾਲ ਨਾਲ ਉਸ ਦੂਜੀ ਪੁਸਤਕ ਦਾ ਨਾਂ ‘ਕਰੋੜਾਂ ਦੀ ਕਬੱਡੀ’ ਹੈ। ਤੀਜੀ ਪੁਸਤਕ ਕਬੱਡੀ ਦਾ ਪਹਿਲਾ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਬਾਰੇ ਹੈ ਜਿਸ ਦਾ ਨਾਂ ‘ਜੱਗ ਜੇਤੂ ਕਬੱਡੀ ਖਿਡਾਰੀ’ ਰੱਖਿਆ ਹੈ। ਦੂਜੇ ਕਬੱਡੀ ਵਿਸ਼ਵ ਕੱਪ ਬਾਰੇ ਪੁਸਤਕ ਹੈ, ‘ਚੱਕ ਦੇ ਕਬੱਡੀ’। ਵਰਲਡ ਕਬੱਡੀ ਲੀਗ ਬਾਰੇ ‘ਰੰਗੀਲੀ ਕਬੱਡੀ’। ਪਰਮਜੀਤ ਸਿੰਘ ਬਾਗੜੀਆਂ ਦੀ ਪੁਸਤਕ ‘ਨੇੜਿਓਂ ਵੇਖਿਆ ਵਿਸ਼ਵ ਕਬੱਡੀ ਕੱਪ’ ਹੈ। ਕਬੱਡੀ ਦੀ ਖੇਡ ਅਤੇ ਖਿਡਾਰੀਆਂ ਬਾਰੇ ਪੰਜਾਬੀ ਵਿਚ ਦੋ ਦਰਜਨ ਤੋਂ ਵੱਧ ਪੁਸਤਕਾਂ ਮਿਲਦੀਆਂ ਹਨ। ਮੇਰੀਆਂ ‘ਕਬੱਡੀ ਕਬੱਡੀ ਕਬੱਡੀ’, ‘ਮੇਲੇ ਕਬੱਡੀ ਦੇ’, ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਤੇ ‘ਕਿੱਸਾ ਕਬੱਡੀ ਦਾ’ ਚਾਰ ਪੁਸਤਕਾਂ ਕਬੱਡੀ ਬਾਰੇ ਹੀ ਹਨ। ਗੁਰਪ੍ਰੀਤ ਸਹਿਜੀ ਦੀਆਂ ਕਬੱਡੀ ਬਾਰੇ ਕਈ ਪੁਸਤਕਾਂ ਮਿਲਦੀਆਂ ਜਿਨ੍ਹਾਂ ਦੇ ਨਾਂ ‘ਕਬੱਡੀ ਦੀ ਸੁਨਹਿਰੀ ਪੈੜ’, ‘ਮਸਤ ਕਬੱਡੀ ਫੰਨੇ ਖਾਂ’, ‘ਹਟ ਕਬੱਡੀ ਸ਼ਾਬਾਸ਼ੇ’, ‘ਸ਼ੀ ਸ਼ੀ ਕਬੱਡੀ ਅਸ਼ਕੇ’ ਅਤੇ ਗੁਰਜੀਤ ਤੂਤ, ਕੁਲਜੀਤ ਮਲਸੀਹਾਂ ਤੇ ਮੰਗੀ ਬੱਗਾ ਦੀਆਂ ਜੀਵਨੀਆਂ ਹਨ। ਰਣਜੀਤ ਝਨੇਰ ਦੀ ਕਿਤਾਬ ਦਾ ਨਾਂ ‘ਸਦੀਆਂ ਤੋਂ ਸਦੀਆਂ ਤਕ ਕਬੱਡੀ’ ਹੈ। ਦਿਲਬਾਗ ਸਿੰਘ ਘਰਿਆਲਾ ਦੀਆਂ ਤਿੰਨ ਖੇਡ ਪੁਸਤਕਾਂ ‘ਪੰਜਾਬ ਦੇ ਸ਼ੇਰ ਪੁੱਤ’,‘ਪੰਜਾਬ ਦੇ ਓਲੰਪੀਅਨ ਖਿਡਾਰੀ’ ਅਤੇ ‘ਖੇਡ ਮੈਦਾਨ ਦੇ ਹੀਰੇ’ ਹਨ।

ਨਵਦੀਪ ਸਿੰਘ ਗਿੱਲ ਨੇ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’ ਤੇ ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਤਿੰਨ ਪੁਸਤਕਾਂ ਲਿਖੀਆਂ ਹਨ। ਉਸ ਨੇ ਪੰਜਾਬੀ ਟ੍ਰਿਬਿਊਨ ਵੱਲੋਂ ਦੋਹਾ ਦੀਆਂ ਏਸ਼ਿਆਈ ਖੇਡਾਂ ਤੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਕਵਰ ਕੀਤੀਆਂ ਸਨ। ਇਨ੍ਹਾਂ ਪੁਸਤਕਾਂ ਵਿਚ ਖਿਡਾਰੀਆਂ ਦੇ ਰੇਖਾ ਚਿੱਤਰ ਅਤੇ ਖੇਡਾਂ ਮੁਕਾਬਲਿਆਂ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਹੈ। ‘ਮਾਣ ਕਬੱਡੀ ਦੇ’, ‘ਸਟਾਰ ਕਬੱਡੀ ਦੇ’ ਤੇ ‘ਕਬੱਡੀ ਦੇ ਚਮਕਦੇ ਹੀਰੇ’ ਕਰਮਜੀਤ ਦੌਧਰ ਦੀਆਂ ਖੇਡ ਪੁਸਤਕਾਂ ਹਨ। ਇਨ੍ਹਾਂ ਕਿਤਾਬਾਂ ਵਿਚ ਕਬੱਡੀ ਖਿਡਾਰੀਆਂ ਦੇ ਸੰਖੇਪ ਰੇਖਾ ਚਿੱਤਰ ਉਲੀਕੇ ਗਏ ਹਨ। ਡਾ. ਬਿੱਲੂ ਰਾਇਸਰ ਦੀ ਪੁਸਤਕ ਦਾ ਨਾਂ ‘ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਨੂੰ ਯਾਦ ਕਰਦਿਆਂ’ ਹੈ ਜੋ ਖਿਡਾਰੀ ਪ੍ਰਤੀ ਸ਼ਰਧਾਂਜਲੀ ਹੈ।

ਪਰਮਜੀਤ ਬਾਠ ਨੇ ਇਕ ਪੁਸਤਕ ‘ਗੱਲਾਂ ਖੇਡ ਮੈਦਾਨ ਦੀਆਂ’ ਲਿਖੀ ਹੈ ਜਿਸ ਵਿਚ ਖੇਡ ਮੁਕਾਬਲਿਆਂ ਦੀਆਂ ਰੌਚਿਕ ਬਾਤਾਂ ਹਨ। ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ਰੰਗੀਨ ਤਸਵੀਰਾਂ ਨਾਲ ਸ਼ਿਗਾਰੀ ‘ਹਾਕੀ ਸਿਤਾਰੇ ਸੁਧਾਰ ਦੇ’ ਪੁਸਤਕ ਪ੍ਰਕਾਸ਼ਤ ਕੀਤੀ ਹੈ ਜੋ ਇਕ ਸੌਗਾਤ ਵਜੋਂ ਲਈ ਦਿੱਤੀ ਜਾ ਸਕਦੀ ਹੈ। ਇਸ ਵਿਚ ਸੁਧਾਰ ਇਲਾਕੇ ਦੀ ਹਾਕੀ ਨੂੰ ਦੇਣ ਦਰਜ ਕੀਤੀ ਹੈ ਤੇ ਸੁਧਾਰੀਏ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਗੁਰਮੇਲ ਮਡਾਹੜ ਦੀ ‘ਸੰਸਾਰ ਪ੍ਰਸਿੱਧ ਖੇਡ ਕਹਾਣੀਆਂ’ ਪੰਜਾਬੀ ਵਿਚ ਅਨੁਵਾਦਤ ਪੁਸਤਕ ਹੈ। ਇਹ ਖੇਡ ਕਹਾਣੀਆਂ ਕਈਆਂ ਭਾਸ਼ਾਵਾਂ ਵਿੱਚੋਂ ਲਈਆਂ ਗਈਆਂ ਹਨ। ਇਨ੍ਹਾਂ ਨਾਲ ਪੰਜਾਬੀ ਖੇਡ ਸਹਿਤ ਵਿਚ ਗਲਪ ਦਾ ਪ੍ਰਵੇਸ਼ ਹੋਇਆ ਹੈ।

ਸਤਵਿੰਦਰ ਸਿੰਘ ਸੁਹੇਲਾ ਨੇ ਬਲਵਿੰਦਰ ਸਿੰਘ ਫਿੱਡੂ ਬਾਰੇ ਸਚਿੱਤਰ ਪੁਸਤਕ ‘ਰੁਸਤਮੇ ਕਬੱਡੀ ਬਲਵਿੰਦਰ ਫਿੱਡਾ’ ਐਲਬਮ ਦੇ ਰੂਪ ਵਿਚ ਛਾਪੀ ਸੀ। ‘ਸ਼ੇਰ ਮੈਦਾਨਾਂ ਦੇ’ ਪੁਸਤਕ ਜਗਦੇਵ ਸਿੰਘ ਬਰਾੜ ਨੇ ਲਿਖੀ ਹੈ। ਸੁਖਵਿੰਦਰ ਸਿੰਘ ਮਨੌਲੀ ਦੀ ਪੁਸਤਕ ‘ਹਾਕੀ ਖਿਡਾਰੀ’ ਹੈ ਅਤੇ ਅਮਰੀਕ ਸਿੰਘ ਭਾਗੋਵਾਲੀਆ ਦੀਆਂ ‘ਘੋੜਿਆਂ ਵਾਲੇ ਸਰਦਾਰ’ ਤੇ ‘ਸ਼ੌਂਕੀ ਬਲਦਾਂ ਦੇ’ ਨਾਂ ਦੀਆਂ ਪੁਸਤਕਾਂ ਹਨ। ਰਾਮਫਲ ਰਾਜਲਹੇੜੀ ਦੀ ਪੁਸਤਕ ਦਾ ਨਾਂ ‘ਸਿਰਨਾਵੇਂ ਸ਼ੇਰਾਂ ਦੇ’ ਹੈ। ਇਕਬਾਲ ਸਰੋਆ ਨੇ ‘ਹਾਕੀ ਦੇ ਸੁਲਤਾਨ’ ਲਿਖੀ ਹੈ। ਹਾਕੀ ਬਾਰੇ ਉਸ ਦੀ ਇਕ ਹੋਰ ਪੁਸਤਕ ਵੀ ਛਪ ਗਈ ਹੈ। ਡਾ. ਜਸਪਾਲ ਸਿੰਘ ਦੀ ਪੁਸਤਕ ‘ਖੇਡ ਚਿੰਤਨ’ ਵਿਚ ਖੇਡ ਅਧਿਐਨ ਹੈ। ਇਹ ਗੰਭੀਰ ਖੇਡ ਪੁਸਤਕ ਹੈ। ਪਰਮਜੀਤ ਬਾਗੜੀਆ ਨੇ ‘ਨੇੜਿਓਂ ਤੱਕਿਆ ਵਿਸ਼ਵ ਕਬੱਡੀ ਕੱਪ’ ਲਿਖੀ ਹੈ। ਕਬੂਤਰਾਂ ਦੀਆਂ ਬਾਜ਼ੀਆਂ, ਕੁੱਤਿਆਂ ਦੀਆਂ ਦੌੜਾਂ, ਭੇਡੂਆਂ ਦੇ ਭੇੜਾਂ, ਖੱਚਰ ਰੇੜ੍ਹਾ ਦੌੜ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਅਖ਼ਬਾਰਾਂ ਵਿਚ ਆਰਟੀਕਲ ਤਾਂ ਛਪਦੇ ਹਨ ਪਰ ਇਨ੍ਹਾਂ ਬਾਰੇ ਅਜੇ ਕੋਈ ਕਿਤਾਬ ਨਜ਼ਰ ਨਹੀਂ ਆਈ। ਸੰਭਵ ਹੈ ਮੈਥੋਂ ਕੁਝ ਖੇਡ ਪੁਸਤਕਾਂ ਦਾ ਜ਼ਿਕਰ ਨਾ ਹੋ ਸਕਿਆ ਹੋਵੇ।

ਪੰਜਾਬੀਆਂ ਨੇ ਕਿਸਾਨੀ, ਫੌਜ, ਖੇਡਾਂ ਤੇ ਟਰਾਂਪੋਰਟ ਵਿਚ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਇਕੱਲੇ ਖੇਡ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਹਿਲਵਾਨ ਰੁਸਤਮੇ ਜ਼ਮਾਂ ਰਹੇ ਹਨ, ਹਾਕੀ ਦੇ ਖਿਡਾਰੀ ਓਲੰਪਿਕ ਚੈਂਪੀਅਨ ਹਨ, ਸੌ ਤੋਂ ਵੱਧ ਖਿਡਾਰੀ ਏਸ਼ੀਆ ਦੇ ਚੈਂਪੀਅਨ ਹਨ ਤੇ ਨੈਸ਼ਨਲ ਚੈਂਪੀਅਨਾਂ ਦੀ ਤਾਂ ਗਿਣਤੀ ਹੀ ਨਹੀਂ। ਕੁਝ ਖਿਡਾਰੀਆਂ ਨੇ ਏਸ਼ੀਅਨ ਆਲ ਸਟਾਰਜ਼ ਟੀਮਾਂ ਦੀਆਂ ਕਤਪਤਾਨੀਆਂ ਕੀਤੀਆਂ ਹਨ। ਉਨ੍ਹਾਂ ਬਾਰੇ ਵੀ ਕਿਤਾਬਾਂ ਲਿਖੀਆਂ ਜਾਣੀਆਂ ਬਣਦੀਆਂ ਹਨ। ਲੋੜ ਹੈ ਵਿਸ਼ਵ ਜੇਤੂ ਪੰਜਾਬੀ ਖਿਡਾਰੀਆਂ ਦੇ ਜੀਵਨ ਬਾਰੇ ਕਹਾਣੀਆਂ ਅਤੇ ਨਾਵਲ ਲਿਖੇ ਜਾਣ ਦੀ ਜੋ ਕਿਸੇ ਦਿਨ ਲਿਖੇ ਵੀ ਜਾਣਗੇ। ਪੰਜਾਬੀ ਖੇਡ ਅਦਬ ਦਾ ਪਹੁਫੁਟਾਲਾ ਪੰਜਾਹ ਸਾਲ ਪਹਿਲਾਂ ਹੋਇਆ ਸੀ, ਫਿਰ ਸਵੇਰਾ ਹੋਇਆ ਤੇ ਹੁਣ ਇਹ ਦੁਪਹਿਰ ਦੇ ਜੋਬਨ ਵੱਲ ਵੱਧ ਰਿਹਾ ਹੇਕਈ ਸਾਲ ਪਹਿਲਾਂ ਇਕ ਗੋਸ਼ਟੀ ਵਿਚ ਮੈਥੋਂ ਕਹਿ ਹੋ ਗਿਆ ਸੀ,ਤੁਸੀਂ ਸਾਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਨਾ ਮੰਨੋ। ਅਸੀਂ ਸਿਹਤਕਾਰ ਹੀ ਸਹੀ! ਵੇਖਦੇ ਰਹਿਓ, ਜੇ ਸਾਡੇ ਵਿਚ ਦਮ ਹੋਇਆ ਤਾਂ ਅਸੀਂ ਪੰਜਾਬੀ ਖੇਡ ਸਾਹਿਤ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।” ਲੱਗਦਾ ਹੈ ਕਿ ਪੰਜਾਬੀ ਖੇਡ ਲੇਖਕਾਂ ਵਿਚ ਦਮ ਹੈ ਤੇ ਅਜੇ ਉਹਨਾਂ ਨੇ ਹੋਰ ਅੱਗੇ ਵਧਣਾ ਹੈ

*****

(427)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author