“ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ? --- ਪ੍ਰਿੰ. ਸਰਵਣ ਸਿੰਘ"
(30 ਅਗਸਤ 2018)
ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ? --- ਪ੍ਰਿੰ. ਸਰਵਣ ਸਿੰਘ
ਕਈ ਅਜੇ ਵੀ ਸ਼ਰਤਾਂ ਲਾਈ ਜਾਂਦੇ ਹਨ। ਮੈਥੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?
ਜਵਾਬ ਹੈ, ਦੋਵੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ, ਜੇ ਉਹ ਆਪਸ ਵਿਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ਹੀ ਦਾਰਾ ਸਿੰਘ ਰੱਖਿਆ ਗਿਆ ਸੀ ਜਦ ਕਿ ਛੋਟੇ ਦਾ ਜਮਾਂਦਰੂ ਨਾਂ ਦੀਦਾਰ ਸਿੰਘ ਸੀ। ਘਰ ਦੇ ਉਸ ਨੂੰ ਦਾਰੀ ਕਹਿੰਦੇ ਸਨ। ਵੱਡਾ ਹੋ ਕੇ ਉਹ ਦਾਰਾ ਸਿੰਘ ਬਣ ਗਿਆ। ਉਂਜ ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਦੋਵੇਂ ਦਾਰੇ ਰੁਸਤਮੇ-ਜ਼ਮਾਂ ਦੇ ਖ਼ਿਤਾਬਾਂ ਨਾਲ ਸਨਮਾਨੇ ਗਏ। ਦੋਵਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ। ਵੱਡੇ ਦਾਰੇ ਨੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਸ਼ਰੀਕ ਭਰਾ ਨੂੰ ਕਤਲ ਕਰ ਦਿੱਤਾ ਸੀ ਜਿਸ ਬਦਲੇ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਹੋਈ, ਜੋ ਪਿੱਛੋਂ ਉਮਰ ਕੈਦ ਵਿਚ ਬਦਲ ਗਈ। ਰੈੱਡ ਕਰਾਸ ਦਾ ਫੰਡ ’ਕੱਠਾ ਕਰਨ ਲਈ ਉਸ ਨੂੰ ਹੱਥਕੜੀ ਲਾ ਕੇ ਰਿੰਗ ਵਿਚ ਲਿਜਾਇਆ ਜਾਂਦਾ। ਕੁਸ਼ਤੀ ਲੜਨ ਵੇਲੇ ਹੱਥਕੜੀ ਖੋਲ੍ਹ ਦਿੱਤੀ ਜਾਂਦੀ ਸੀ, ਕੁਸ਼ਤੀ ਪਿੱਛੋਂ ਮੁੜ ਜੜ ਲਈ ਜਾਂਦੀ ਸੀ।
1957 ਵਿਚ ਉਹਦੀ ਇਕ ਕੁਸ਼ਤੀ ਫਾਜ਼ਿਲਕਾ ਦੇ ਗਊਸ਼ਾਲਾ ਮੈਦਾਨ ਵਿਚ ਮੈਂ ਆਪਣੀ ਅੱਖੀਂ ਵੇਖੀ ਸੀ। ਉਹਦਾ ਕੱਦ ਸੱਤ ਫੁੱਟ ਦੇ ਕਰੀਬ ਸੀ ਜਦ ਕਿ ਛੋਟੇ ਦਾਰੇ ਦਾ ਕੱਦ ਸਵਾ ਛੇ ਫੁੱਟ ਦੇ ਕਰੀਬ ਸੀ। ਵੱਡਾ ਦਾਰਾ 1918 ਵਿੱਚ ਜੰਮਿਆ ਸੀ, ਜੋ 1988 ਵਿਚ ਮਰ ਗਿਆ। ਪਿੱਛੋਂ ਉਹਦਾ ਇੱਕੋ ਇੱਕ ਪੁੱਤਰ ਵੀ ਮਰ ਗਿਆ ਤੇ ਪਤਨੀ ਵੀ ਮਰ ਗਈ। ਉਸਦੇ ਦੋ ਪੋਤੇ ਹਨ, ਇਕ ਪੜਪੋਤਾ ਤੇ ਇਕ ਪੜਪੋਤੀ। ਉਹ ਪਿੰਡੋਂ ਬਾਹਰ ਖੇਤ ਵਿਚ ਰਹਿੰਦੇ ਹਨ, ਜਿੱਥੇ ਉਨ੍ਹਾਂ ਨੇ ਦਾਰੇ ਦੀ ਸੱਤ ਫੁੱਟੀ ਸਮਾਧ ਬਣਾਈ ਹੈ। ਉਹਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ ਸਨ। ਉਸਦੀ ਜ਼ਿੰਦਗੀ ਮਾਲ ਡੰਗਰ ਚਾਰਦਿਆਂ ਡੰਡ ਬੈਠਕਾਂ ਕੱਢਣ ਤੇ ਘੁਲਣ-ਘੁਲਾਈ ਤੋਂ ਸ਼ੁਰੂ ਹੋ ਕੇ ਖੇਤੀ ਕਰਨ, ਪਰਵਾਸੀ ਬਣਨ, ਕੁਸ਼ਤੀਆਂ ਲੜਨ, ਖੂਨ ਕਰਨ, ਸਜ਼ਾ ਭੁਗਤਣ, ਰੁਮਾਂਸ, ਸਰਪੰਚੀ, ਨਸ਼ੇ ਤੇ ਭਲਵਾਨੀ ਕਲਚਰ ਵਿਚ ਗੁੱਧੀ ਹੋਈ ਸੀ, ਜਿਸ ’ਤੇ ਹਿੱਟ ਫਿਲਮ ਬਣ ਸਕਦੀ ਹੈ। ਉਸਦਾ ਆਖ਼ਰੀ ਸਮਾਂ ਬੜਾ ਬੁਰਾ ਬੀਤਿਆ। ਉਹ ਸ਼ੂਗਰ ਤੇ ਜੋੜਾਂ ਦੀਆਂ ਮਰਜ਼ਾਂ ਦਾ ਸ਼ਿਕਾਰ ਹੋ ਗਿਆ ਸੀ। ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ਼ 70 ਕਿੱਲੋ ਦਾ ਰਹਿ ਗਿਆ ਸੀ ਤੇ ਉਹ 70ਵੇਂ ਸਾਲ ਦੀ ਉਮਰ ਵਿਚ ਗੁਜ਼ਰ ਗਿਆ।
ਛੋਟੇ ਦਾਰੇ ਨੇ ਪਹਿਲਵਾਨੀ ਦੇ ਨਾਲ ਫਿਲਮਾਂ ਵਿਚ ਵੀ ਨਾਮਣਾ ਖੱਟਿਆ। ਉਹ ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰ ਕੇ ਹੋਰ ਮਸ਼ਹੂਰ ਹੋਇਆ। ਉਸ ਨੇ ਮੁਹਾਲੀ ਵਿਚ ਦਾਰਾ ਸਟੂਡੀਓ ਬਣਾਇਆ ਤੇ ਰਾਜ ਸਭਾ ਦਾ ਮੈਂਬਰ ਰਿਹਾ। 1978 ਵਿਚ ਜਸਵੰਤ ਸਿੰਘ ਕੰਵਲ ਨੇ ਮੈਨੂੰ ਜਲੰਧਰ ਲਿਜਾ ਕੇ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕਰਾਈਆਂ ਸਨ। ਉਹਦੇ ਬਾਰੇ ਲਿਖਿਆ ਮੇਰਾ ਲੇਖ ‘ਪਹਿਲਵਾਨਾਂ ਦਾ ਪਹਿਲਵਾਨ’ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਪੁਸਤਕ ‘ਪੰਜਾਬੀ ਖਿਡਾਰੀ’ ਤੇ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਛਾਪੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਸ਼ਾਮਲ ਹੈ। ਉਹ 19 ਨਵੰਬਰ 1928 ਨੂੰ ਧਰਮੂਚੱਕ ਵਿੱਚ ਜੰਮਿਆ ਸੀ ਤੇ 11 ਜੁਲਾਈ 2012 ਨੂੰ ਮੁੰਬਈ ਵਿੱਚ ਗੁਜ਼ਰਿਆ।
ਪਹਿਲਾਂ ਦਾਰਾ ਦੁਲਚੀਪੁਰੀਆ ਤਕੜਾ ਹੁੰਦਾ ਸੀ ਫਿਰ ਦਾਰਾ ਧਰਮੂਚੱਕੀਆ ਤਕੜਾ ਹੋ ਗਿਆ। ਦੋਹਾਂ ਦੀ ਉਮਰ ਵਿੱਚ ਦਸ ਸਾਲ ਦਾ ਫਰਕ ਜੁ ਸੀ। ਦੁਲਚੀਪੁਰ ਤੇ ਧਰਮੂਚੱਕ ਦੋਵੇਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਨ। ਦੋਹਾਂ ਦਾਰਿਆਂ ਨੇ ਫਰੀ ਸਟਾਈਲ ਕੁਸ਼ਤੀਆਂ ਵਿਚ ਨਾਮਣਾ ਖੱਟਿਆ ਜਦ ਕਿ ਦੇਸੀ ਕੁਸ਼ਤੀਆਂ ਨਾਂਮਾਤਰ ਲੜੀਆਂ। ਦਾਰਾ ਧਰਮੂਚੱਕੀਆ ਹਰਫ਼ਨਮੌਲਾ ਨਿਕਲਿਆ ਜਿਸ ਨੇ ਫਿਲਮਾਂ, ਬਿਜ਼ਨਿਸ ਤੇ ਸਿਆਸਤ ਵਿਚ ਵੀ ਮੱਲਾਂ ਮਾਰੀਆਂ। ਦਾਰਾ ਦੁਲਚੀਪੁਰੀਆ ਕੇਵਲ ਇਕ ਦੋ ਫਿਲਮਾਂ ਵਿੱਚ ਆ ਸਕਿਆ ਤੇ ਪਿੰਡ ਦੀ ਸਰਪੰਚੀ ਤਕ ਹੀ ਪੁੱਜਾ। ਮਗਰੋਂ ਉਹ ਬਦਨਾਮ ਤੇ ਗੁੰਮਨਾਮ ਹੋ ਗਿਆ। ਦਾਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੇਖਦੇ ਰਹੇ। ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਘੁਲੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ। ਕਦੇ ਸੈਮਸਨ, ਕਦੇ ਹਰਕੁਲੀਸ, ਕਦੇ ਜੱਗਾ ਡਾਕੂ, ਕਦੇ ਭੀਮ, ਕਦੇ ਧਿਆਨੂੰ ਭਗਤ, ਕਦੇ ਸੂਰਮਾ ਸਿੰਘ ਤੇ ਕਦੇ ਹਨੂੰਮਾਨ ਬਣਦਾ ਰਿਹਾ। ਸਮੇਂ ਨਾਲ ‘ਦਾਰਾ’ ਨਾਂ ਤਾਕਤ ਦਾ ਠੱਪਾ ਬਣ ਗਿਆ। ਇਸ਼ਤਿਹਾਰ ਦੇਣ ਵਾਲੇ ਘਿਉ ਦੇ ਡੱਬੇ ਵੇਚਣ ਲਈ ਦਾਰੇ ਦਾ ਨਾਂ ਵਰਤਣ ਲੱਗੇ। ਹੁਣ ਹਾਲਤ ਇਹ ਹੈ ਕਿ ਸ਼ੇਖ਼ੀਆਂ ਮਾਰਨ ਵਾਲੇ ਨੂੰ ਅਕਸਰ ਕਿਹਾ ਜਾਂਦੈ, “ਤੂੰ ਕਿਹੜਾ ਦਾਰਾ ਭਲਵਾਨ ਐਂ!”
**
ਦੀਦਾਰ, ਦਾਰੀ, ਦਾਰਾ ਧਰਮੂਚੱਕੀਆ ਉਰਫ਼ ਦਾਰਾ ਰੰਧਾਵਾ --- ਪ੍ਰਿੰ. ਸਰਵਣ ਸਿੰਘ
ਦੀਦਾਰ, ਦਾਰੀ, ਦਾਰਾ ਧਰਮੂਚੱਕੀਆ ਤੇ ਦਾਰਾ ਰੰਧਾਵਾ ਇੱਕੋ ਭਲਵਾਨ ਦੇ ਨਾਂ ਸਨ। ਉਸ ਨੇ 500 ਕੁਸ਼ਤੀਆਂ ਲੜੀਆਂ ਤੇ 144 ਫਿਲਮਾਂ ਵਿਚ ਕੰਮ ਕੀਤਾ। ਜੰਮਣ ਵੇਲੇ ਉਹ ਕੱਖਪਤੀ ਸੀ, ਮਰਨ ਵੇਲੇ ਕਰੋੜਪਤੀ। ਉਹ 19 ਨਵੰਬਰ 1928 ਨੂੰ ਧਰਮੂਚੱਕ ਵਿੱਚ ਜੰਮਿਆ ਸੀ ਤੇ 11 ਜੁਲਾਈ 2012 ਨੂੰ ਮੁੰਬਈ ਵਿਚ ਪੂਰਾ ਹੋਇਆ। ਮਿੱਤਰ ਪਿਆਰਿਆਂ, ਫਿਲਮੀ ਸਿਤਾਰਿਆਂ ਤੇ ਪ੍ਰਧਾਨ ਮੰਤਰੀ ਤੋਂ ਰਾਸ਼ਟਰਪਤੀ ਤਕ ਨੇ ਉਹਦੀ ਮੌਤ ’ਤੇ ਸ਼ੋਕ ਸੁਨੇਹੇ ਭੇਜੇ।
ਦਾਰਾ ਦੁਲਚੀਪੁਰੀਆ ਵੱਡਾ ਪਹਿਲਵਾਨ ਹੋ ਕੇ ਵੀ ਵੱਡੇ ਬੰਦਿਆਂ ਦੀਆਂ ਨਜ਼ਰਾਂ ਵਿਚ ਨਾ ਆਇਆ। ਦੋਹਾਂ ਦਾਰਿਆਂ ਨੇ ਫਰੀ ਸਟਾਈਲ ਕੁਸ਼ਤੀਆਂ ਸਿੰਘਾਪੁਰ ਤੋਂ ਸਿੱਖੀਆਂ। ਦੋਵੇਂ ਸਿੰਘਾਪੁਰ ਮਲਾਇਆ ਦੇ ਦੰਗਲਾਂ ਵਿਚ ਭਾੜੇ ਦੀਆਂ ਕੁਸ਼ਤੀਆਂ ਲੜਦੇ ਰਹੇ। ਦੀਦਾਰ ਦੇ ਮਾਪੇ ਉਹਨੂੰ ਦਾਰੀ ਕਹਿੰਦੇ ਰਹੇ। ਦਾਰੀ ਤੋਂ ਦੀਦਾਰ ਵੀ ਦਾਰਾ ਸਿੰਘ ਬਣ ਗਿਆ। ਧਰਮੂਚੱਕ ਵਿਚ ਤਿੰਨ ਮੁੰਡਿਆਂ ਦਾ ਨਾਂ ਦਾਰਾ ਰੱਖਿਆ ਗਿਆ। ਦਾਰਾ ਸਖੀਰਿਆਂ ਵਾਲਾ ਵੀ ਤਕੜਾ ਪਹਿਲਵਾਨ ਹੋਇਆ। ਜਿਹੜੇ ਕਹਿੰਦੇ ਹਨ ਕਿ ਛੋਟੇ ਦਾਰੇ ਨੇ ਵੱਡੇ ਦਾਰੇ ਦਾ ਨਾਂ ਵਰਤ ਕੇ ਉਹਦੀ ਕਮਾਈ ਖਾਧੀ, ਉਹ ਸਹੀ ਨਹੀਂ। ਸਿੰਘਾਪੁਰ ਵਿੱਚ ਦਾਰੇ ਰੰਧਾਵੇ ਦਾ ਨਾਂ ਦਾਰਾ ਦਾਸ ਵੀ ਚਲਦਾ ਰਿਹਾ।
ਉਹ ਫਿਲਮਾਂ ਦਾ ਅਦਾਕਾਰ, ਡਾਇਰੈਕਟਰ ਤੇ ਪ੍ਰੋਡਿਊਸਰ ਬਣਿਆ। ਹਿੰਦੀ ਦੀਆਂ 122 ਫਿਲਮਾਂ ਨਾਲ ਪੰਜਾਬੀ ਦੀਆਂ ਵੀ 22 ਫਿਲਮਾਂ ਵਿਚ ਕੰਮ ਕੀਤਾ। ਵਧੇਰੇ ਫਿਲਮਾਂ ਵਿਚ ਉਸ ਨੂੰ ਸੁਪਰਮੈਨ ਵਜੋਂ ਪੇਸ਼ ਕੀਤਾ ਗਿਆ। ਉਹਨੂੰ ਮਸ਼ਹੂਰੀਆਂ ਦੀ ਕਮਾਈ ਹੋਣ ਲੱਗੀ। ਕਿਸੇ ਨੇ ਗੱਲ ਉਡਾ ਦਿੱਤੀ ਪਈ ਖੱਡੇ ਵਿਚ ਡਿੱਗਿਆ ਟਰੱਕ ਉਹਨੇ ਜੱਫਾ ਪਾ ਕੇ ਬਾਹਰ ਕੱਢ ਲਿਆ ਸੀ!
ਉਂਜ ਏਡੇ ਵੱਡੇ ਭਲਵਾਨ ਦਾ ਬਚਪਨ ਵਿਚ ਸੁੱਤੇ ਪਿਆਂ ਪਿਸ਼ਾਬ ਨਿਕਲ ਜਾਂਦਾ ਸੀ। ਉਸ ਨੇ ਆਪਣੀ ‘ਆਤਮ ਕਥਾ’ ਵਿਚ ਆਪਣੇ ਵਿਆਹ ਵੇਲੇ ਬਿਸਤਰੇ ਵਿਚ ਪਿਸ਼ਾਬ ਨਿਕਲ ਜਾਣ ਦਾ ਕਿੱਸਾ ਵੀ ਬਿਆਨ ਕੀਤਾ! ਵਰਤਾਵੇ ਦੁੱਧ ਪਿਆਉਣ ਆਏ ਤਾਂ ਮੂਤ ਨਿਕਲਣ ਦੇ ਡਰੋਂ ਦਾਰੇ ਨੇ ਕਿਹਾ, ਮੈਂ ਦੁੱਧ ਨਹੀਂ ਪੀਣਾ। ਪਰ ਉਹਦੇ ਸਹੁਰੇ ਜ਼ੋਰ ਪਾਉਣ ਕਿ ਪ੍ਰਾਹੁਣੇ ਨੂੰ ਦੁੱਧ ਜ਼ਰੂਰ ਪਿਆਉਣਾ। ਉਨ੍ਹਾਂ ਦੁੱਧ ਦਾ ਭਰਿਆ ਕੰਗਣੀ ਵਾਲਾ ਗਲਾਸ ਉਹਦੇ ਮੂੰਹ ਨੂੰ ਲਾ ਦਿੱਤਾ। ਮਾਂ ਨੇ ਤਾਕੀਦ ਕਰ ਕੇ ਤੋਰਿਆ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰ ਲਵੀਂ। ਜੇ ਕਿਧਰੇ ਬਿਸਤਰਾ ਗਿੱਲਾ ਹੋ ਗਿਆ ਤਾਂ ਨਮੋਸ਼ੀ ਹੱਦੋਂ ਵੱਧ ਹੋਊ!
ਦੁੱਧ ਉਹ ਪੀ ਬੈਠਾ ਸੀ। ਹੁਣ ਕੱਢੇ ਕਿਵੇਂ? ਪੂਰਾ ਜ਼ੋਰ ਲਾ ਕੇ ਪਿਸ਼ਾਬ ਕੀਤਾ। ਪਰ ਏਨੀ ਛੇਤੀ ਦੁੱਧ ਨੇ ਬਾਹਰ ਥੋੜ੍ਹੋ ਨਿਕਲਣਾ ਸੀ? ਖ਼ੈਰ ਉਹ ਸੌਂ ਗਿਆ ਪਈ ਦੇਖੀ ਜਾਊ ਜੋ ਹੋਊ। ਫਿਰ ਉਹੀ ਕੁਝ ਹੋਇਆ ਜੀਹਦਾ ਡਰ ਸੀ। ਸੁੱਤੇ ਪਿਆਂ ਈ ਚੰਨ ਚੜ੍ਹ ਹੀ ਗਿਆ!
*
1947 ਵਿਚ ਉਹ ਸਿੰਘਾਪੁਰ ਗਿਆ। ਜਾਨੀ ਚੋਰ ਦਾ ਕਿੱਸਾ ਉਹਦੇ ਕੋਲ ਸੀ। ਉਹਦਾ ਦਿਲ ਵੀ ਜਾਨੀ ਚੋਰ ਬਣਨ ਨੂੰ ਕਰ ਆਇਆ। ਜਹਾਜ਼ ਦੇ ਡੈੱਕ ਉੱਤੇ ਸੁੱਤੀ ਕਿਸੇ ਔਰਤ ਦਾ ਹਾਰ ਚੋਰੀ ਕਰਨ ਲੱਗਾ ਤਾਂ ਰੌਲਾ ਪੈ ਗਿਆ। ਮਰਦ ਉਸ ਔਰਤ ਬਾਰੇ ਹੋਰ ਈ ਕਿਆਫ਼ੇ ਲਾਉਣ ਲੱਗੇ ਤਾਂ ਦਾਰੇ ਨੂੰ ਆਪਣੇ ਆਪ ’ਤੇ ਗਿਲਾਨੀ ਹੋਈ ਕਿ ਉਸ ਨੇ ਇਕ ਸ਼ਰੀਫ਼ ਔਰਤ ਦੀ ਬੇਇੱਜ਼ਤੀ ਕਰਵਾ ਦਿੱਤੀ। ਉਸ ਨੇ ਜਾਨੀ ਚੋਰ ਦਾ ਕਿੱਸਾ ਸੁੱਟਿਆ ਸਮੁੰਦਰ ਵਿਚ ਤੇ ਪ੍ਰਣ ਕੀਤਾ ਕਿ ਮੁੜ ਕੇ ਮਨ ਵਿਚ ਚੋਰੀ ਦਾ ਕਦੇ ਖ਼ਿਆਲ ਵੀ ਨਹੀਂ ਲਿਆਏਗਾ।
ਇਕ ਵਾਰ ਧਰਮੂਚੱਕੀਆਂ ਦੀ ਆਪਸ ਵਿਚ ਲੜਾਈ ਹੋ ਗਈ। ਫਿਰ ਸੁਲ੍ਹਾ ਵੀ ਆਪੇ ਕਰ ਲਈ। ਜਦ ਦੋਹਾਂ ਧਿਰਾਂ ਦੇ ਜ਼ਖਮੀ ਬੰਦੇ ਹਸਪਤਾਲਾਂ ਵਿੱਚੋਂ ਇਲਾਜ ਕਰਾ ਕੇ ਮੁੜੇ ਤਾਂ ਨਵੀਂ ਬਿਪਤਾ ਆ ਪਈ। ਵੱਡਾ ਠਾਣੇਦਾਰ ਪਿੰਡ ਆ ਕੇ ਗੁੱਸੇ ਵਿਚ ਆਖਣ ਲੱਗਾ, “ਬਰਛੀਆਂ ਤੇ ਨੇਜ਼ਿਆਂ ਨਾਲ ਲੜਾਈ ਹੋਈ, ਬੰਦੇ ਹਸਪਤਾਲਾਂ ਵਿਚ ਰਹੇ ਪਰ ਪੁਲਿਸ ਨੂੰ ਖ਼ਬਰ ਨਹੀਂ ਕੀਤੀ। ਇਹ ਤਾਂ ਬਹੁਤ ਵੱਡਾ ਜ਼ੁਰਮ ਹੈ!” ਡਰਦਾ ਕੋਈ ਕਹੇ, “ਸ਼ਰਾਬ ਦੀ ਮਿਹਰਬਾਨੀ ਹੋਗੀ ਸੀ ਜਨਾਬ। ” ਕੋਈ ਕਹੇ, “ਹਾਸੇ ਦਾ ਮੜਾਸਾ ਹੋ ਗਿਆ ਜੀ ਸਰਕਾਰ!”
ਆਖ਼ਰ ਦਾਰੇ ਦੇ ਬਾਬੇ ਬੂੜ ਸਿੰਘ ਨੇ ਠਾਣੇਦਾਰ ਦੀ ਤਸੱਲੀ ਕਰਾਈ, “ਜਨਾਬ ਇਹ ਲੜਾਈ ‘ਰਾਣੀ ਖਾਂ ਦਾ ਸਾਲਾ’ ਬਣਨ ਤੋਂ ਹੋਈ ਸੀ। ” ਠਾਣੇਦਾਰ ਨੇ ਪੁੱਛਿਆ, “ਉਹ ਕਿਵੇਂ?” ਬਾਬੇ ਨੇ ਕਿਹਾ, “ਅਰਜਨ ਸਿੰਘ ਐ ਸਾਡੇ ਪਿੰਡ ਦਾ ਨਾਢੂ ਖ਼ਾਂ - ਯਾਨੀ ਰਾਣੀ ਖਾਂ ਦਾ ਸਾਲਾ। ਤੇ ਇਹ ਮੇਰਾ ਮੁੰਡਾ ਬੜੇ ਚਿਰਾਂ ਮਗਰੋਂ ਸਿੰਘਾਪੁਰੋਂ ਮੁੜਿਆ। ਇਹ ਕਹਿੰਦਾ ਹੁਣ ਮੈਂ ਰਾਣੀ ਖ਼ਾਂ ਦਾ ਸਾਲਾ ਬਣਨਾ! ਬੱਸ ਏਸੇ ਗੱਲੋਂ ਲੜਾਈ ਹੋ ਗਈ। ਉਂਜ ਸਾਡਾ ਕੋਈ ਵੈਰ ਵਿਰੋਧ ਨਹੀਂ।” ਰਾਣੀ ਖ਼ਾਂ ਦੇ ਸਾਲੇ ਵਾਲੀ ਗੱਲ ਸੁਣ ਕੇ ਠਾਣੇਦਾਰ ਦਾ ਹਾਸਾ ਨਿਕਲ ਗਿਆ ਤੇ ਉਹ ਜਾਂਦਾ ਹੋਇਆ ਹਦਾਇਤ ਕਰ ਗਿਆ ਪਈ ਅੱਗੇ ਤੋਂ ਕਿਸੇ ਨੇ ਰਾਣੀ ਖ਼ਾਂ ਦਾ ਸਾਲਾ ਬਣਨ ਦੀ ਹਿਮਾਕਤ ਕੀਤੀ ਤਾਂ ਸਾਰੇ ਰਾਣੀ ਖ਼ਾਂ ਦੇ ਸਾਲੇ ਅੰਦਰ ਡੱਕ-ਦੂੰ!
*
ਜਦੋਂ ਦਾਰਾ ਸਿੰਘਾਪੁਰ ਗਿਆ ਤਾਂ ਉੱਥੇ ਕੁਸ਼ਤੀਆਂ ਕਰਾਉਣ ਵਾਲੇ ਦੋ ਠੇਕੇਦਾਰ ਸਨ। ਹੈਪੀ ਵਰਲਡ ਦਾ ਰਾਮ ਦਰਸ ਸਿੰਘ ਤੇ ਗ੍ਰੇਟ ਵਰਲਡ ਦਾ ਇਕ ਅੰਗਰਜ਼। ਹੈਪੀ ਵਰਲਡ ਕੋਲ ਦਾਰਾ ਦੁਲਚੀਪੁਰੀਆ, ਜੋਗਿੰਦਰ ਸੁਰਸਿੰਘੀਆ ਤੇ ਹੋਰ ਕਈ ਪਹਿਲਵਾਨ ਸਨ। ਹੈਪੀ ਵਰਲਡ ਦਾ ਸਟਾਰ ਦਾਰਾ ਦੁਲਚੀਪੁਰੀਆ ਸੀ ਤੇ ਗਰੇਟ ਵਰਲਡ ਦਾ ਕਿੰਗਕਾਂਗ। ਸਿੰਘਾਪੁਰ ਦਾਰਾ ਕੁਸ਼ਤੀਆਂ ਵੀ ਲੜਦਾ ਰਿਹਾ ਤੇ ਇੰਗਲਿਸ਼-ਪੰਜਾਬੀ ਟੀਚਰ ਕਿਤਾਬ ਤੋਂ ਅੰਗਰੇਜ਼ੀ ਵੀ ਸਿੱਖਦਾ ਗਿਆ।
**
ਦਾਰੇ ਦਾ ਚਾਚਾ ਨਿਰੰਜਣ ਸਿੰਘ ਲੜਾਈ ਝਗੜੇ ਵਾਲਾ ਸੀ। ਸਿੰਘਾਪੁਰ ਉਹ ਦਾਰੇ ਦੁਲਚੀਪੁਰੀਏ ਨਾਲ ਖਾਂਦਾ ਪੀਂਦਾ ਰਿਹਾ ਸੀ। ਦੁਲਚੀਪੁਰੀਏ ਨੇ ਆਪਣੇ ਭਰਾ ਦਾ ਬਦਲਾ ਲੈਣਾ ਸੀ। ਨਿਰੰਜਣ ਸਿੰਘ ਨੇ ਪਿੰਡ ਦਾ ਮੁੰਡਾ ਅਨੋਖ ਸਿੰਘ ਨਾਲ ਲਿਆ ਤੇ ਦਾਰੇ ਕੋਲ ਦੁਲਚੀਪੁਰ ਚਲਾ ਗਿਆ। ਸਰਦਾਰਾ ਛੱਪੜ ਵਿਚੋਂ ਮੱਝਾਂ ਕੱਢਣ ਆਇਆ ਉਨ੍ਹਾਂ ਦੇ ਅੜਿੱਕੇ ਆ ਗਿਆ। ਦਾਰੇ ਨੇ ਉਹਨੂੰ ਕੁਹਾੜੀ ਮਾਰ ਕੇ ਛੱਪੜ ਵਿਚ ਹੀ ਦੱਬ ਦਿੱਤਾ। ਸਰਦਾਰੇ ਦੇ ਭਰਾ ਗੁਰਮੁਖ ਸਿੰਘ ਨੇ ਕਤਲ ਵਿਚ ਚਾਰ ਬੰਦੇ ਦਾਰਾ ਸਿੰਘ, ਇੰਦਰ ਸਿੰਘ, ਨਿਰੰਜਣ ਸਿੰਘ ਤੇ ਅਨੋਖ ਸਿੰਘ ਲਿਖਾਏ। ਕੇਸ ਅੰਮ੍ਰਿਤਸਰ ਦੀ ਅਦਾਲਤ ਵਿਚ ਚੱਲਿਆ। ਉਹਨੀਂ ਦਿਨੀਂ ਦਾਰਾ ਰੰਧਾਵਾ ਵੀ ਪਿੰਡ ਹੀ ਸੀ ਤੇ ਅੰਮ੍ਰਿਤਸਰ ਚਾਚੇ ਨਾਲ ਮੁਲਾਕਾਤ ਕਰ ਆਉਂਦਾ ਸੀ। ਹੁਕਮ ਵਾਲੇ ਦਿਨ ਵੀ ਉਹ ਅਦਾਲਤ ਵਿਚ ਹਾਜ਼ਰ ਸੀ। ਗਵਾਹਾਂ ਕੋਲੋਂ ਨਿਰੰਜਣ ਤੇ ਅਨੋਖ ਦੀਆਂ ਸ਼ਨਾਖਤਾਂ ਠੀਕ ਨਹੀਂ ਸਨ ਹੋਈਆਂ ਜਿਸ ਕਰਕੇ ਉਹ ਬਰੀ ਹੋ ਗਏ। ਦਾਰੇ ਨੂੰ ਫਾਂਸੀ ਤੇ ਇੰਦਰ ਨੂੰ ਵੀਹ ਸਾਲ ਕੈਦ ਬੋਲੀ।
**
ਕੁਸ਼ਤੀਆਂ ਦੇ ਨਾਲ ਨਾਲ ਦਾਰਾ 1952 ਤੋਂ ਫਿਲਮਾਂ ਵਿਚ ਵੀ ਰੋਲ ਕਰਨ ਲੱਗ ਪਿਆ ਸੀ। ਸਭ ਤੋਂ ਪਹਿਲਾਂ ਉਸ ਨੇ ‘ਦੀ ਵਰਲਡ’ ਫਿਲਮ ਵਿਚ ਕੁਸ਼ਤੀ ਵਿਖਾਈ। ਫਿਰ ‘ਪਹਿਲੀ ਝਲਕ’ ਵਿਚ ਸਕਰੀਨ ’ਤੇ ਆਇਆ। ਫਿਲਮ ‘ਕਿੰਗਕਾਂਗ’ ਨੇ ਉਸਦੀ ਗੁੱਡੀ ਅਸਮਾਨੇ ਚੜ੍ਹਾ ਦਿੱਤੀ। 60ਵਿਆਂ ਵਿਚ ਤਾਂ ਇਕ ਸਾਲ ਉਹਦੀਆਂ ਬਾਰਾਂ ਫਿਲਮਾਂ ਰਿਲੀਜ਼ ਹੋਈਆਂ। ਫਿਲਮਾਂ ਬਣਾਉਣ ਵਾਲੇ ਉਹਦੇ ਅੱਗੇ ਪਿੱਛੇ ਤੁਰਨ ਲੱਗੇ। ਦਾਰੇ ਦੇ ਕਹਿਣ ਅਨੁਸਾਰ 11 ਮਈ 1961 ਨੂੰ ਉਹਦਾ ਦੂਜਾ ਪਰ ਅਸਲੀ ਵਿਆਹ ਹੋ ਗਿਆ। ਦੂਜੇ ਵਿਆਹ ਦੀ ਪਤਨੀ ਸੁਰਜੀਤ ਕੌਰ ਦੀ ਕੁੱਖੋਂ ਦੋ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ।
1983 ਵਿੱਚ ਉਸ ਨੇ ਕੁਸ਼ਤੀਆਂ ਨੂੰ ਅਲਵਿਦਾ ਕਹਿ ਦਿੱਤੀ ਤੇ 2007 ਤੋਂ ਫਿਲਮੀ ਰੋਲ ਕਰਨਾ ਛੱਡ ਦਿੱਤਾ। ਮੁੱਢਲੀਆਂ ਫਿਲਮਾਂ ਵਿਚ ਉਹਦੇ ਡਾਇਲਾਗ ਕਿਸੇ ਹੋਰ ਦੀ ਆਵਾਜ਼ ਵਿਚ ਡੱਬ ਕਰਨੇ ਪਏ ਸਨ ਕਿਉਂਕਿ ਉਹ ਹਿੰਦੋਸਤਾਨੀ ਪੰਜਾਬੀ ਵਾਂਗ ਬੋਲਦਾ ਸੀ। ਇਕ ਟੀਚਰ ਉਸ ਨੂੰ ਹਿੰਦੀ ਸਿਖਾਉਣ ਲਾਇਆ ਗਿਆ। ਦਾਰਾ ਫਿਰ ਵੀ ਹਿੰਦੀ ਬੋਲਣੀ ਨਾ ਸਿੱਖ ਸਕਿਆ ਜਦ ਕਿ ਹਿੰਦੀ ਟੀਚਰ ਪੰਜਾਬੀ ਬੋਲਣ ਲੱਗ ਪਿਆ!
ਦਾਰੇ ਦਾ ਕਥਨ ਹੈ: ਆਪਾਂ ਸਾਰੇ ਦੁਨੀਆ ਦਾ ਮੌਜ ਮੇਲਾ ਵੇਖਣ ਆਏ ਹਾਂ। ਆਪਣੇ ਬਜ਼ੁਰਗ ਇਸ ਦੁਨੀਆ ਨੂੰ ਸਾਡੇ ਵਾਸਤੇ ਸੁਹਾਵਣੀ ਬਣਾ ਗਏ ਹਨ। ਇਸਦਾ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆ ਨੂੰ ਬਜ਼ੁਰਗਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡੀਏ।
*****
(1284)