SarwanSingh7ਲਹੂ ਦੀ ਲੋਅ’ ਨੂੰ ਮਿਲਿਆ ਇਨਾਮ ਕੰਵਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ ...
(ਜੁਲਾਈ 4, 2016)

 

ਜਸਵੰਤ ਸਿੰਘ ਕੰਵਲ ਦਾ ਹਾਲ ਚਾਲ ਮੈਥੋਂ ਅਕਸਰ ਹੀ ਪੁੱਛ ਲਿਆ ਜਾਂਦੈ। ਉਹਦੇ ਪਿੰਡ ਢੁੱਡੀਕੇ ਰਹਿੰਦਾ ਜੁ ਰਿਹਾਂ। ਕਈ ਮੈਨੂੰ ਸਮਝਦੇ ਹੀ ਢੁੱਡੀਕੇ ਦਾ ਹਨ ਜਦ ਕਿ ਮੇਰਾ ਆਪਣਾ ਪਿੰਡ ਚਕਰ ਹੈ। ਕੰਵਲ ਵੱਡੀ ਉਮਰ ਵਿਚ ਵੀ ਕਾਇਮ ਹੈ। ਪਿਛਲੇ ਸੋਮਵਾਰ (27 ਜੂਨ) ਉਹਦਾ 98ਵਾਂ ਜਨਮ ਦਿਨ ਸੀ। ਉਹ ਹੁਣ ਪੰਜਾਬੀ ਦਾ ਸਭ ਤੋਂ ਵਡਉਮਰਾ ਸਾਹਿਤਕਾਰ ਹੈ। ਉਹਨੂੰ ਲਿਖਦਿਆਂ ਪੌਣੀ ਸਦੀ ਤੋਂ ਵੱਧ ਸਮਾਂ ਹੋ ਗਿਐ ਤੇ ਉਹ ਅਜੇ ਵੀ ਲਿਖੀ ਜਾ ਰਿਹੈ। 70 ਕੁ ਕਿਤਾਬਾਂ ਲਿਖ ਦਿੱਤੀਆਂ ਹਨ ਤੇ ਹੋਰ ਪਤਾ ਨਹੀਂ ਕਿੰਨੀਆਂ ਲਿਖੇ? ਅਜੇ ਤਕ ਉਹਨੇ ਡੰਗੋਰੀ ਨਹੀਂ ਫੜੀ ਤੇ ਉਹਨੂੰ ਢੁੱਡੀਕੇ ਦੀ ਫਿਰਨੀ ਤੇ ਤੁਰਦਾ ਫਿਰਦਾ ਵੇਖਿਆ ਜਾ ਸਕਦੈ। ਉਹ ਜ਼ਿੰਦਾਦਿਲ, ਜਜ਼ਬਾਤੀ, ਰੁਮਾਂਚਿਕ, ਆਦਰਸ਼ਵਾਦੀ, ਦਿਲਚਸਪ ਤੇ ਅੱਜ ਕੱਲ੍ਹ ਕੁਝ ਵਧੇਰੇ ਹੀ ਭਾਵਕ ਹੋਇਆ ਲੇਖਕ ਹੈ। ਪੰਜਾਬੀ ਵਿਚ ਉਸਦੇ ਸਭ ਤੋਂ ਵੱਧ ਪਾਠਕ ਰਹੇ ਹਨ। ਉਸ ਨੂੰ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਦਾ ਉਹ ਜੁਆਬ ਦਿੰਦਾ ਰਿਹਾ। ਉਸਦੀਆਂ ਚਿੱਠੀਆਂ ਹੀ ਕੱਠੀਆਂ ਕਰਨੀਆਂ ਹੋਣ ਤਾਂ ਉਨ੍ਹਾਂ ਦਾ ਵੱਡਾ ਸੰਗ੍ਰਹਿ ਬਣ ਸਕਦੈ।

ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉਹ ਵਗਦੀਆਂ ਹਵਾਵਾਂ ਨਾਲ ਸਰੂ ਵਾਂਗ ਝੂਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਗੁਲਾਈ ਵਿਚ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹਦਾ ਕੱਦ ਕਾਠ ਵੀ ਸਰੂ ਵਾਂਗ ਲੰਮਾ ਝੰਮਾ ਹੈ ਤੇ ਉਮਰ ਦੇ 98ਵੇਂ ਸਾਲ ਵਿਚ ਵੀ ਉਹ ਸਿਹਤਯਾਬ ਹੈ। ਅੱਖਾਂ, ਕੰਨ, ਦੰਦ, ਮਿਹਦਾ, ਜਿਗਰ, ਗਿੱਟੇ-ਗੋਡੇ ਤੇ ਲੱਤਾਂ-ਬਾਹਾਂ ਸਭ ਹੀ ਕਾਇਮ ਨੇ। ਦਿਲ ਨੂੰ ਕੁਝ ਤਕਲੀਫ਼ ਹੋਈ ਸੀ ਜੋ ਇਲਾਜ ਕਰਾਉਣ ਨਾਲ ਠੀਕ ਹੋ ਗਈ। ਖਾਣ ਪੀਣ ਵੱਲੋਂ ਉਹ ਪੂਰਾ ਪਰਹੇਜ਼ਗਾਰ ਹੈ।

ਉਹ ਕਾਨਫਰੰਸਾਂ, ਸੈਮੀਨਾਰ, ਰੂਬਰੂ ਤੇ ਸਾਹਿਤਕ ਮੇਲਿਆਂ ਗੇਲਿਆਂ ਵਿਚ ਜਾਂਦਾ ਰਹਿੰਦੈ। ਭੋਗਾਂ ਤੇ ਘੱਟ ਜਾਂਦੈ ਤੇ ਵਿਆਹ ਵੀ ਘੱਟ ਵੇਖਦੈ। ਖੇਡ ਮੇਲੇ ਸਾਊਥਾਲ, ਟੋਰਾਂਟੋ ਤੇ ਵੈਨਕੂਵਰ ਤਕ ਨਹੀਂ ਸੀ ਛੱਡੇ। ਅਸੀਂ ਬਦੇਸ਼ਾਂ ਦੇ ਖੇਡ ਮੇਲਿਆਂ ਵਿਚ ਅਕਸਰ ਕੱਠੇ ਹੋ ਜਾਂਦੇ ਸਾਂ। ਉਹਦਾ ਜਨਮ 27 ਜੂਨ 1919 ਨੂੰ ਸ. ਮਾਹਲਾ ਸਿੰਘ ਗਿੱਲ ਦੇ ਘਰ ਢੁੱਡੀਕੇ ਦੀ ਕਪੂਰਾ ਪੱਤੀ ਵਿਚ ਹੋਇਆ ਸੀ। ਉਹ ਪੰਜ ਕੁ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਜੈਤੋ ਦੇ ਮੋਰਚੇ ਵਿਚ ਗਏ। ਉਹ ਤਿੰਨ ਭਰਾ ਸਨ। ਵੱਡਾ ਭਰਾ ਗਿਆਨੀ ਕਰਤਾਰ ਸਿੰਘ ਡਿਸਟ੍ਰਿਕ ਬੋਰਡ ਦਾ ਮੈਂਬਰ ਸੀ ਜੋ ਚਿਰੋਕਣਾ ਚਲਾਣਾ ਕਰ ਚੁੱਕੈ। ਛੋਟਾ ਭਰਾ ਹਰਬੰਸ ਸਿੰਘ ਵੀ ਇਸ ਸਾਲ ਗੁਜ਼ਰ ਗਿਐ। ਦੋਵੇਂ ਪਤਨੀਆਂ ਤੇ ਚਾਰ ਧੀਆਂ ’ਚੋਂ ਤਿੰਨ ਧੀਆਂ ਗੁਜ਼ਰ ਗਈਆਂ। ਪੁੱਤਰ ਸਰਬਜੀਤ ਘਰ ਬਾਰ ਸੰਭਾਲਦੈ।

ਕੰਵਲ ਨੇ ਪਿੰਡੋਂ ਚਾਰ ਪੜ੍ਹ ਕੇ ਹਾਈ ਸਕੂਲ ਦੀ ਪੜ੍ਹਾਈ ਚੂਹੜਚੱਕ ਅਤੇ ਮੋਗੇ ਤੋਂ ਕੀਤੀ ਪਰ ਦਸਵੀਂ ਪਾਸ ਨਾ ਹੋਈ। ਉਹ ਸੋਲਾਂ ਸਾਲਾਂ ਦੀ ਉਮਰੇ ਮਲਾਇਆ ਚਲਾ ਗਿਆ। ਉੱਥੇ ਜਾਗੇ ਦੀ ਨੌਕਰੀ ਕਰਦੇ ਨੂੰ ਮੀਨਾ ਨਾਂ ਦੀ ਚੀਨਣ ਨੇ ਫਾਹੁਣਾ ਚਾਹਿਆ ਪਰ ਮੀਨਾ ਨਾਲ ਪੂਰਨ ਦੀ ਸੁੰਦਰਾਂ ਵਾਲੀ ਹੋਈ। ਉਹਦਾ ਜ਼ਿਕਰ ਉਸ ਨੇ ‘ਚਿੱਕੜ ਦੇ ਕੰਵਲ’ ਪੁਸਤਕ ਦੀ ਕਹਾਣੀ ‘ਪਹਿਲੀ ਮੁਹੱਬਤ’ ਵਿਚ ਕੀਤਾ। ਪਰਵਾਸ ਨੇ ਉਹਦੇ ਅੰਦਰ ਸਾਹਿਤਕ ਚੇਟਕ ਲਾ ਦਿੱਤੀ। ਉਹ ਤਿੰਨ ਸਾਲ ਮਲਾਇਆ ਵਿਚ ਲਾ ਕੇ ਢੁੱਡੀਕੇ ਮੁੜ ਆਇਆ ਤੇ ਵੀਹ ਸਾਲ ਦੀ ਉਮਰ ਵਿਚ ‘ਜੀਵਨ ਕਣੀਆਂ’ ਛਪਵਾ ਕੇ ਲੇਖਕ ਬਣ ਗਿਆ।

ਉਹਦੇ ਲਿਖਣ-ਮੇਜ਼ ਦੀ ਉਮਰ ਅੱਧੀ ਸਦੀ ਤੋਂ ਵੱਧ ਹੈ। ਉਹ ਪਿੰਡ ਦੇ ਕਾਰੀਗਰ ਨੇ ਬਣਾਇਆ ਸੀ। ਮੇਜ਼ ਨਾਲ ਦੀ ਪੁਰਾਣੀ ਕੁਰਸੀ ਹਲਕੇ ਫੁਲਕੇ ਕੰਵਲ ਦਾ ਭਾਰ ਸਹਿਣ ਜੋਗੀ ਹੀ ਹੈ। ਇਕ ਵਾਰ ਮੈਂ ਉਹਦੇ ਤੇ ਬੈਠਾ ਤਾਂ ਉਹਦਾ ਜੜਾਕਾ ਪੈ ਗਿਆ ਸੀ ਪਰ ਕੰਵਲ ਨੇ ਪੱਤੀਆਂ ਤੇ ਮੇਖਾਂ ਲੁਆ ਕੇ ਫਿਰ ਬਹਿਣ ਜੋਗੀ ਕਰ ਲਈ। ਅੱਧੀ ਸਦੀ ਦੀਆਂ ਹਨੇਰੀਆਂ ਉਸ ਮੇਜ਼ ਕੁਰਸੀ ਤੋਂ ਲੰਘੀਆਂ ਹਨ। ਕੰਵਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸ ਮੇਜ਼ ਕੁਰਸੀ ਤੇ ਹੀ ਚੰਗਾ ਲਿਖ ਸਕਦੈ!

 ਇਕੇਰਾਂ ਕੰਵਲ ਤੇ ਮੈਂ ਡਾ. ਸਰਦਾਰਾ ਸਿੰਘ ਜੌਹਲ ਨੂੰ ਮਿਲਣ ਲੁਧਿਆਣੇ ਗਏ। ਮੁੜਦਿਆਂ ਮੈਂ ਕੰਵਲ ਤੋਂ ਉਮਰ ਪੁੱਛ ਬੈਠਾ। ਉਸ ਨੇ 77 ਸਾਲ ਦੱਸੀ। ਜਨਮ ਦਿਨ ਪੁੱਛਿਆ ਤਾਂ ਸਬੱਬੀਂ ਉੱਦਣ ਹੀ ਉਹਦਾ ਜਨਮ ਦਿਨ ਸੀ। ਮੈਂ ਆਖਿਆ, “ਚਲੋ ਅੱਜ ਢੁੱਡੀਕੇ ਚੱਲ ਕੇ ਤੁਹਾਡਾ ਜਨਮ ਦਿਨ ਮਨਾਵਾਂਗੇ।” ਉਸ ਨੇ ਕਿਹਾ, “ਅੱਗੇ ਤਾਂ ਕਦੇ ਮਨਾਇਆ ਨੀ।” ਮੈਂ ਕਿਹਾ, “ਅੱਗੇ ਪਤਾ ਨਹੀਂ ਸੀ, ਅੱਜ ਪਤਾ ਲੱਗ ਗਿਐ।” ਅਸੀਂ ਜਗਰਾਓਂ ਅੱਪੜੇ ਤਾਂ ਇਕ ਰੇੜ੍ਹੀ ਤੇ ਦਸਹਿਰੀ ਅੰਬ ਪਏ ਵੇਖੇ। ਕੰਵਲ ਨੇ ਕਿਹਾ, “ਇਹ ਅੰਬ ਤਾਂ ਡਾਕਟਰ ਵੀ ਪਸੰਦ ਕਰੂ ਪਰ ਚੂਪੂ ਇਕ ਈ।” ਉਹਦਾ ਮਤਲਬ ਡਾ. ਜਸਵੰਤ ਗਿੱਲ ਸੀ ਜੋ ਉਸ ਦੀ ਪ੍ਰੇਮਿਕਾ-ਪਤਨੀ ਬਣ ਕੇ ਬਾਹਰਲੇ ਘਰ ਰਹਿ ਰਹੀ ਸੀ। ਕੰਵਲ ਦੇ ਬੱਚੇ ਉਸ ਨੂੰ ਮਾਸੀ ਕਹਿੰਦੇ ਸਨ। ਇਕੱਠੇ ਰਹਿਣ ਤੋਂ ਪਹਿਲਾਂ ਦੋਹਾਂ ਜਸਵੰਤ ਗਿੱਲਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੋਈ ਬੱਚਾ ਪੈਦਾ ਨਹੀਂ ਕਰਨਗੇ।

ਮੈਂ ਰੇੜ੍ਹੀ ਤੋਂ ਅੰਬ ਲੈਣ ਲੱਗਾ ਤਾਂ ਕੰਵਲ ਨੇ ਕਿਹਾ, “ਅੰਬ ਮੈਂ ਖਰੀਦਾਂਗਾ, ਜਨਮ ਦਿਨ ਮੇਰਾ ਐ।” ਉਸ ਨੇ ਦਸ ਬਾਰਾਂ ਅੰਬ ਚੁਣੇ ਜੋ ਦੋ ਕਿੱਲੋ ਬਣੇ। ਮੈਂ ਆਖਿਆ, “ਕੰਵਲ ਸਾਹਿਬ, ਇੰਨੇ ਅੰਬਾਂ ਨਾਲ ਨੀ ਸਰਨਾ। 77ਵਾਂ ਜਨਮ ਦਿਨ ਮਨਾਉਣ ਲੱਗੇ ਆਂ, ਘੱਟੋ ਘੱਟ 77 ਅੰਬ ਤਾਂ ਹੋਣ!” ਕੰਵਲ ਨੇ ਰੇੜ੍ਹੀ ਵਾਲੇ ਨੂੰ ਪੈਸੇ ਦਿੱਤੇ ਤੇ ਮੈਨੂੰ ਜਵਾਬ ਦਿੱਤਾ, ਬੱਲੇ ਓਏ ਤੇਰੇ! ਤੇਰੇ ਵਰਗਿਆਂ ਦੇ ਆਖੇ ਲੱਗ ਕੇ ਮੈਂ ਝੁੱਗਾ ਨੀ ਚੌੜ ਕਰਾਉਣਾ। ਮੈਂ ਤਾਂ ਫੇਰ ਵੀ ਦੋ ਕਿੱਲੋ ਲੈ-ਲੇ। ਜਾ ਸੇਖੋਂ ਤੋਂ ਕਿੱਲੋ ਅੰਬ ਈ ਲੈ ਕੇ ਦਿਖਾਦੇ!” ਮੈਂ ਮਨ ਵਿਚ ਕਿਹਾ, “ਬੱਲੇ ਓਏ ਪੰਜਾਬੀ ਸਾਹਿਤ ਦੇ ਸਰੂਓ ਤੇ ਬੋਹੜੋ! ਨਈਂ ਰੀਸਾਂ ਥੋਡੀਆਂ!”

ਰਾਹ ਵਿਚ ਕੰਵਲ ਕਹਿਣ ਲੱਗਾ, “ਮੇਰਾ ਜੀਅ ਕਰਦੈ 84 ਸਾਲ ਜੀਵਾਂ, ਨਾਲੇ ਚੁਰਾਸੀ ਕੱਟੀ ਜਾਊ।” ਉਦੋਂ ਉਸ ਨੂੰ ਦਿਲ ਦੀ ਤਕਲੀਫ਼ ਹੋਈ ਸੀ। ਉਸ ਨੂੰ ਲੱਗਦਾ ਸੀ ਕਿ ਉਹ ਬਹੁਤੇ ਸਾਲ ਨਹੀਂ ਜੀਵੇਗਾ। ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। 2009 ਵਿਚ ਉਸਦਾ 91ਵਾਂ ਜਨਮ ਦਿਨ ਢੁੱਡੀਕੇ ਦੇ ਮੇਲੇ ਵਿਚ ਮਨਾਇਆ ਗਿਆ। ਮੈਂ ਮੇਲੀਆਂ ਨੂੰ ਕਿਹਾ, “ਆਓ ਸ਼ੁਭ ਇਛਾਵਾਂ ਦੇਈਏ ਬਈ ਇਸ ਮੇਲੇ ਦਾ ਬਾਨੀ ਬਾਈ ਕੰਵਲ ਸੌ ਸਾਲ ਜੀਵੇ।” ਉਦੋਂ ਤੋਂ ਉਹਦਾ ਜਨਮ ਦਿਨ ਹਰ ਸਾਲ ਢੁੱਡੀਕੇ ਪਿੰਡ ਵੱਲੋਂ ਮਨਾਇਆ ਜਾ ਰਿਹੈ।

1967 ਵਿਚ ਮੈਂ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਕੰਵਲ ਜੁਆਨਾਂ ਵਰਗਾ ਸੀ। ਪ੍ਰਿੰ. ਪ੍ਰੀਤਮ ਸਿੰਘ ਉਹਦਾ ਸਲਾਹਕਾਰ ਸੀ ਜਿਸ ਨੇ ਸਲਾਹ ਦਿੱਤੀ ਕਿ ਪੇਂਡੂ ਕਾਲਜ ਲਈ ਸਟਾਫ ਪੇਂਡੂ ਪਿਛੋਕੜ ਦਾ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਮੈਨੂੰ ਦਿੱਲੀ ਦੇ ਖਾਲਸਾ ਕਾਲਜ ਤੋਂ ਢੁੱਡੀਕੇ ਲਿਆਂਦਾ ਗਿਆ ਸੀ। ਅਗਸਤ ਵਿਚ ਕੰਵਲ ਨੇ ਮਲਾਇਆ ਨੂੰ ਉਡਾਰੀ ਮਾਰੀ ਤਾਂ ਮੈਂ ਮੁੜ ਦਿੱਲੀ ਨੂੰ ਉਡਾਰੀ ਮਾਰ ਗਿਆ। ਉਹ ਢੁੱਡੀਕੇ ਮੁੜਿਆ ਤਾਂ ਮੈਨੂੰ ਦਿੱਲੀ ਤੋਂ ਸੱਦਿਆ। ਮੱਥੇ ਲੱਗਾ ਤਾਂ ਪੈਂਦੀ ਸੱਟੇ ਮਿਹਣਾ ਮਾਰਿਆ, “ਜੇ ਪਿੰਡਾਂ ਦੇ ਪੜ੍ਹਿਆਂ ਨੇ ਸ਼ਹਿਰਾਂ ਦੀ ਅੰਗੂਰੀ ਈ ਚਰਨੀ ਐਂ ਤਾਂ ਤੁਹਾਨੂੰ ਪੜ੍ਹਾਉਣਾ ਕਾਹਨੂੰ ਸੀ?” ਮਿਹਣਾ ਸਿੱਧਾ ਮੇਰੇ ਸੀਨੇ ਵਿਚ ਵੱਜਾ ਤੇ ਮੈਂ ਦਿੱਲੀ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

ਉਹਨੀਂ ਦਿਨੀਂ ਉਹਦੇ ਕੋਲ ਬਲਰਾਜ ਸਾਹਨੀ ਆਉਂਦਾ ਹੁੰਦਾ ਸੀ। ਬਲਰਾਜ ਸਾਹਨੀ ਕੋਲ ਛੋਟਾ ਟਾਈਪ ਰਾਈਟਰ ਹੁੰਦਾ ਸੀ ਜਿਸ ਉੱਤੇ ਉਸ ਨੇ ਆਪਣੇ ਸਫ਼ਰਨਾਮੇ ਕੰਵਲ ਦੇ ਘਰ ਬੈਠ ਕੇ ਟਾਈਪ ਕੀਤੇ। ਉਹਦੀ ਗੁਰਮੁਖੀ ਹੱਥਲਿਖਤ ਵੀ ਸੋਹਣੀ ਸੀ ਜੋ ਮੈਂ ਉਸ ਦੀਆਂ ਚਿੱਠੀਆਂ ਤੋਂ ਵੇਖੀ ਸੀ। ਉਸ ਦੇ ਰੂਸੀ ਸਫ਼ਰਨਾਮੇ ਨੂੰ ਸੋਵੀਅਤ ਦੇਸ ਨਹਿਰੂ ਪੁਰਸਕਾਰ ਮਿਲਿਆ ਤਾਂ ਉਸ ਨੇ ਪੁਰਸਕਾਰ ਵਿਚ ਮਿਲੇ ਪੈਸੇ ਢੁੱਡੀਕੇ ਕਾਲਜ ਨੂੰ ਦਾਨ ਕਰ ਦਿੱਤੇ ਜੋ ਕਾਲਜ ਦੀ ਦਾਨ ਸ਼ਿਲਾ ਤੇ ਉੱਕਰੇ ਗਏ। ਬਲਰਾਜ ਦੇ ਪੁੱਤਰ ਪ੍ਰੀਕਸ਼ਤ ਸਾਹਨੀ ਨੇ ਬਾਪ ਨੂੰ ਦੱਸੇ ਬਿਨਾਂ ਵਿਆਹ ਕਰਵਾਇਆ ਸੀ ਤੇ ਉਸ ਦੀ ਵਧਾਈ ਦੀ ਤਾਰ ਬਲਰਾਜ ਨੂੰ ਕੰਵਲ ਦੇ ਅੰਦਰਲੇ ਘਰ ਮਿਲੀ ਸੀ।

ਪੰਜਾਬੀ ਸੂਬੇ ਲਈ ਮੋਰਚੇ ਬੇਸ਼ਕ ਅੰਮ੍ਰਿਤਸਰੋਂ ਲੱਗਦੇ ਰਹੇ ਪਰ ਨਿਰੋਲ ਭਾਸ਼ਾ ਦੇ ਆਧਾਰ ਤੇ ਸੈਕੂਲਰ ਪੰਜਾਬੀ ਸੂਬੇ ਦਾ ਮਤਾ ਕੰਵਲ ਦੇ ਸੱਦੇ ਤੇ ਢੁੱਡੀਕੇ ਵਿਚ ਪਾਸ ਹੋਇਆ ਸੀ। ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਸਿੱਖ ਬਹੁਗਿਣਤੀ ਵਾਲੇ ਸੂਬੇ ਨਾਲ ਰਲਗੱਡ ਕੀਤੀ ਹੋਈ ਸੀ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਕੂਟਨੀਤਕ ਚਾਲ ਚੱਲਦਿਆਂ ਸਿੱਖ ਬਹੁਗਿਣਤੀ ਵਾਲਾ ਸੂਬਾ ਤਾਂ ਬਣਾ ਦਿੱਤਾ ਪਰ ਪੰਜਾਬੀ ਬੋਲਦੇ ਕੁਝ ਇਲਾਕੇ ਪੰਜਾਬੀ ਸੂਬੇ ਤੋਂ ਬਾਹਰ ਰੱਖ ਲਏ। ਲੰਗੜਾ ਪੰਜਾਬੀ ਸੂਬਾ ਬਣਾਉਣ ਵਿਚ ਕਸੂਰ ਦੋਹਾਂ ਧਿਰਾਂ ਦਾ ਸੀ।

ਕੰਵਲ ਵਾਲੀਬਾਲ ਦਾ ਚੰਗਾ ਖਿਡਾਰੀ ਸੀ। ਮਿੰਟਗੁਮਰੀ ਦੇ ਚੱਕਾਂ ਵਿਚ ਉਸ ਦੇ ਨਾਨਕੇ ਸਨ ਜਿੱਥੇ ਉਹਦੇ ਨਾਲ ਇਕ ਨੌਜੁਆਨ ਵਾਲੀਬਾਲ ਖੇਡਦਾ ਹੁੰਦਾ ਸੀ ਜੋ ਉਹਦੇ ਪਹਿਲੇ ਨਾਵਲ ‘ਸੱਚ ਨੂੰ ਫਾਂਸੀ’ ਦਾ ਨਾਇਕ ਬਣਿਆ। ਕੰਵਲ ਨੇ ‘ਸੱਚ ਨੂੰ ਫਾਂਸੀ’ ਤੇ ‘ਪਾਲੀ’ ਨਾਵਲ ਪਾਕਿਸਤਾਨ ਬਣਨ ਤੋਂ ਪਹਿਲਾਂ ਲਿਖੇ ਅਤੇ ‘ਰਾਤ ਬਾਕੀ ਹੈ’ ਤੇ ‘ਪੂਰਨਮਾਸ਼ੀ’ ਵੰਡ ਤੋਂ ਪਿੱਛੋਂ, ਜਿਨ੍ਹਾਂ ਨੇ ਉਹਦੀ ਗੁੱਡੀ ਅਸਮਾਨੇ ਚੜ੍ਹਾ ਦਿੱਤੀ। ਦੇਸ਼ ਵੰਡ ਤੋਂ ਪਹਿਲਾਂ ਉਹ ਗੱਡੀ ਚੜ੍ਹ ਕੇ ਲਾਹੌਰ ਕਿਤਾਬਾਂ ਖਰੀਦਣ ਜਾਂਦਾ ਤੇ ਅਨਾਰਕਲੀ ਦਾ ਗੇੜਾ ਕੱਢਦਾ। ਉਦੋਂ ਰੇਲ ਗੱਡੀ ਦਾ ਭਾੜਾ ਕੁਝ ਆਨੇ ਹੀ ਸੀ। ਡੇਢ ਦੋ ਰੁਪਇਆਂ ਦੀਆਂ ਦਸ ਪੰਦਰਾਂ ਕਿਤਾਬਾਂ ਆ ਜਾਂਦੀਆਂ ਜੋ ਦੋ ਢਾਈ ਮਹੀਨੇ ਲੰਘਾ ਦਿੰਦੀਆਂ।

ਦੇਸ਼ ਦੀ ਵੰਡ ਵੇਲੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ ਜਿਸ ਦੇ ਜ਼ਿੰਮੇ ਲਹਿੰਦੇ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਸੁਰੱਖਿਅਤ ਲਿਆਉਣ ਦੀ ਡਿਊਟੀ ਲੱਗੀ ਸੀ। ਉਸਦਾ ਵਾਹ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨਾਲ ਪੈਂਦਾ ਰਹਿੰਦਾ ਸੀ। ਪੰਜਾਬ ਦੀ ਵੰਡ ਦਾ ਦਰਦ ਉਸ ਨੇ ਆਪਣੇ ਪਿੰਡੇ ਤੇ ਹੰਢਾਇਆ। ਉਸ ਨੇ ਢੁੱਡੀਕੇ ਦੇ ਮੁਸਲਮਾਨਾਂ ਨੂੰ ਜਾਨ ਹੂਲ ਕੇ ਸਿੱਖ ਜਨੂੰਨੀਆਂ ਤੋਂ ਬਚਾਇਆ ਤੇ ਕਾਫਲੇ ਵਿਚ ਪੁਚਾਇਆ।

ਕੰਵਲ ਨਾਲ ਮੇਰੀ ਪਹਿਲੀ ਮਿਲਣੀ 1958 ਵਿਚ ਹੋਈ। ਮੈਂ ਉਦੋਂ ਐੱਮ. ਆਰ. ਕਾਲਜ ਫਾਜ਼ਿਲਕਾ ਵਿਚ ਪੜ੍ਹਦਾ ਸਾਂ। ਸਾਡੀ ਸਭਾ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਲਈ ਉਸ ਨੂੰ ਸੱਦਿਆ ਸੀ। ਉਸ ਕਵੀ ਦਰਬਾਰ ਵਿਚ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਕਈ ਕਵੀ ਆਏ ਸਨ। ਡਾ. ਜਗਤਾਰ ਉਦੋਂ ਜਗਤਾਰ ਪਪੀਹਾ ਹੁੰਦਾ ਸੀ। 1960 ਤੋਂ ਮੈਂ ਉਸ ਦਾ ਪਾਠਕ ਬਣਿਆ। ਕਾਲਜ ਦੀ ਲਾਇਬਰੇਰੀ ਵਿੱਚੋਂ ਨਾਵਲ ‘ਪੂਰਨਮਾਸ਼ੀ’ ਕਢਵਾ ਕੇ ਜਮਾਤ ਵਿਚ ਪਿਛਲੇ ਬੈਂਚ ਤੇ ਜਾ ਬੈਠਾ। ਨਾਵਲ ਨੇ ਐਸਾ ਬੰਨ੍ਹਿਆਂ ਪਈ ਪਤਾ ਈ ਨਾ ਲੱਗਾ ਪ੍ਰੋਫੈਸਰ ਕੀ ਪੜ੍ਹਾਉਂਦੇ ਗਏ ਤੇ ਪੀਰੀਅਡ ਕਦੋਂ ਬਦਲਦੇ ਗਏ। ਮੈਂ ਨਾਵਲ ਵਿਚਲੇ ਨਵੇਂ ਪਿੰਡ ਦੇ ਖੇਤਾਂ, ਮੱਦੋਕੇ ਦੇ ਗੁਰਦਵਾਰੇ, ਕਿਲੀ ਚਹਿਲਾਂ ਦੇ ਮੇਲੇ, ਕਪੂਰੇ, ਤਖਾਣਵੱਧ, ਦਾਉਧਰ ਦੇ ਸੂਏ, ਬੁੱਟਰ ਦੇ ਛੱਪੜ ਤੇ ਟਾਂਗੇ ਵਾਲੇ ਦਿਆਲੇ ਅਮਲੀ ਸੰਗ ਵਿਚਰ ਰਿਹਾ ਸਾਂ। ਉੱਥੇ ਚੰਨੋ ਸੀ, ਸ਼ਾਮੋ ਸੀ, ਜਗੀਰ ਸੀ, ਰੂਪ ਸੀ ਤੇ ਗਿਆਨੀ ਬਣਿਆ ਕੰਵਲ ਆਪ ਸੀ। ਕੇਰਾਂ ਕੰਵਲ ਨੇ ਮੇਰੇ ਕੋਲ ਭੇਤ ਖੋਲ੍ਹਿਆ, “ਮੈਨੂੰ ਲੋਕਾਂ ਨੇ ਜੁਆਨੀ ਚੜ੍ਹਦੇ ਨੂੰ ਈ ਗਿਆਨੀ ਕਹਿਣਾ ਸ਼ੁਰੂ ਕਰਤਾ ਸੀ। ਊਂ ਮੈਂ ਗਿਆਨੀ ਗਿਊਨੀ ਕੋਈ ਨੀ। ਜੇ ਮੇਰੇ ਨਾਂ ਨਾਲ ਗਿਆਨੀ ਨਾ ਜੁੜਦਾ ਤਾਂ ਮੈਂ ਵੀ ਐਸ਼ਾਂ ਕਰਨੀਆਂ ਸੀ।” ਦੂਜੇ ਕਮਰੇ ਵਿਚ ਡਾ. ਜਸਵੰਤ ਗਿੱਲ ਬੈਠੀ ਸੀ। ਮੈਂ ਮਨ ਵਿਚ ਕਿਹਾ, “ਘੱਟ ਤਾਂ ਕੰਵਲ ਸਾਹਿਬ ਆਪਾਂ ਗਿਆਨੀ ਬਣ ਕੇ ਵੀ ਨਹੀਂ ਗੁਜ਼ਾਰੀ!”

ਪੂਰਨਮਾਸ਼ੀ’ ਵਿਚਲਾ ਪਾਤਰ ਰੂਪ, ਕੌਲੂ ਪੱਤੀ ਦਾ ਗੁਲਜ਼ਾਰਾ ਸੀ ਜੋ ਇਲਾਕੇ ਦਾ ਦਰਸ਼ਨੀ ਜੁਆਨ ਸੀ। ਉਸ ਦੇ ਪੁੱਤਰ ਮੈਥੋਂ ਪੜ੍ਹਦੇ ਰਹੇ, ਜੋ ਹੁਣ ਕੈਨੇਡਾ ਵਿਚ ਹਨ। ‘ਰਾਤ ਬਾਕੀ ਹੈ’ ਨੇ ਜਿੰਨੇ ਮੁੰਡੇ ਕਮਿਊਨਿਸਟ ਬਣਾਏ, ਉੰਨੇ ਸ਼ਾਇਦ ਕਮਿਊਨਿਸਟ ਪਾਰਟੀ ਨੇ ਵੀ ਨਾ ਬਣਾਏ ਹੋਣ। ਕੰਵਲ ਦੀ ਪਹਿਲੀ ਪ੍ਰਸਿੱਧੀ ਕਾਮਰੇਡ ਲੇਖਕ ਕਰਕੇ ਸੀ ਤੇ ਸੀ. ਪੀ. ਆਈ. ਉਸ ਨੂੰ ਆਪਣਾ ਬੰਦਾ ਸਮਝਦੀ ਸੀ। ਕਦੇ ਕੰਵਲ ਨਕਸਲਬਾੜੀਆਂ ਦੀ ਪਿੱਠ ਤੇ ਆਇਆ, ਕਦੇ ਖਾੜਕੂਆਂ ਦੀ ਪਿੱਠ ਥਾਪੜੀ। ਕਦੇ ਹੁਸਨ ਇਸ਼ਕ ਦੀਆਂ ਬਾਤਾਂ ਪਾਈਆਂ, ਕਦੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਮਸਲੇ ਉਭਾਰੇ। ਕਦੇ ਪੰਜਾਬ ਨਾਲ ਹੋਏ ਧੱਕਿਆਂ ਦੀ ਬੂ ਪਾਹਰਿਆ ਕੀਤੀ। ਕਦੇ ਸੈਕੂਲਰ ਹੋਇਆ, ਕਦੇ ਪੰਥਕ। ਕਦੇ ਇਨਕਲਾਬੀ, ਕਦੇ ਸੁਧਾਰਕ। ਕਦੇ ਕਾਮਰੇਡਾਂ ਨਾਲ, ਕਦੇ ਅਕਾਲੀਆਂ ਨਾਲ ਤੇ ਕਦੇ ਮਨਪ੍ਰੀਤ ਬਾਦਲ ਨਾਲ। ਉਹ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਲੇਖਕ ਕਹਿੰਦਾ ਹੈ। ਪੰਜਾਬ ਅਤੇ ਕਿਸਾਨੀ ਦਾ ਦਰਦ ਉਹਦੇ ਦਿਲੋਂ ਬੋਲਦੈ। ਉਸਦੀਆਂ ਅਜੋਕੀਆਂ ਕਿਤਾਬਾਂ ਦੇ ਨਾਂ ਪੜ੍ਹੋ ‘ਪੰਜਾਬੀਓ! ਜੀਣਾ ਐ ਕਿ ਮਰਨਾ?’ ‘ਕੌਮੀ ਲਲਕਾਰ’ ਤੇ ‘ਪੰਜਾਬ! ਤੇਰਾ ਕੀ ਬਣੂੰ?’ ਉਹਦੀ ਅਜੋਕੀ ਲਿਖਤ ਦੇ ਨਮੂਨੇ ਵੇਖੋ:

- ਹੁਣ ਪੰਜਾਬ ਦੇ ਕਾਂਗਰਸੀ ਕੇਂਦਰ ਦੇ ਗ਼ੁਲਾਮ, ਜਿੱਥੇ ਮਰਜ਼ੀ ਅੰਗੂਠੇ ਲੁਆਉਣ, ਹੁੱਤ ਨਹੀਂ ਕਰਨਗੇ। ਅਕਾਲੀ ਤੇਰੇ ਪੈ ਗਏ ਜਨ ਸੰਘੀਆਂ ਦੀ ਝੋਲੀ, ਦੋਵੇਂ ਭੁੱਖੇ ਬਘਿਆੜ, ਪੰਜਾਬ ਕਿਵੇਂ ਬਚੇਗਾ? ਨੀਅਤ ਦੇ ਚੋਰਾਂ, ਪੰਜਾਬ ਦੇ ਦੁੱਧ ਤੋਂ ਤਰਦੀ ਤਰਦੀ ਮਲਾਈ ਲਾਹ ਲਈ; ਲੱਸੀ ਵੀ ਕੋਈ ਕਰਮਾਂ ਵਾਲਾ ਪੀ ਲਵੇ ਵਾਹ ਭਲੀ, ਨਹੀਂ ਹਾਲ ਕੋਈ ਨਹੀਂ। ਰਾਜਸੀ ਦਵੜ ਸੱਟ ਇਸ ਤਰ੍ਹਾਂ ਹੀ ਰਹੀ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਬੋਲੋ ਰਾਮ ਹੋ ਚੁੱਕਾ ਸਮਝੋ। ਜਿਸ ਪੰਜਾਬ ਵਿਚ ਦਰਿਆਵਾਂ ਦੀਆਂ ਲਹਿਰਾਂ ਝੱਲੀਆਂ ਨਹੀਂ ਸਨ ਜਾਂਦੀਆਂ, ਹਾੜ੍ਹ ਬੋਲਣ ਵਾਲਾ ਹੈ। ਮੈਨੂੰ ਦੋਸ਼ ਕਾਹਤੋਂ ਦੇਂਦਾ ਏਂ, ਆਪਣੇ ਦੋਸ਼ੀ ਕਾਂਗਰਸੀਆਂ, ਅਕਾਲੀਆਂ ਤੇ ਜਨ ਸੰਘੀਆਂ ਨੂੰ ਧੌਣੋਂ ਫੜ।

- ਗੁਰੂ ਦੇ ਲਾਡਲੇ ਪੰਜਾਬ! ਤੂੰ ਹੁਣ ਕਿਵੇਂ ਜੀਵੇਂਗਾ? ਤੇਰਾ ਤਾਂ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤਕ ਛਾਂਗ ਸੁੱਟਿਆ। ਤੇਰਾਂ ਲੱਖ ਟਿਯੂਬਬੈੱਲਾਂ, ਤੇਰੀ ਤਾਂ ਅੱਡੀਆਂ ਤਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ, ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਸ਼ਾਨਾਂ ਮਾਨਾਂ ਨਿਰਾਲੀਆਂ ਹੀ ਹੋਣਗੀਆਂ। ਕਿੱਥੇ ਹੈ ਉਹ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆ ਦੇ ਨਕਸ਼ੇ ਤੋਂ ਲਹਿਣ ਵਾਲਾ ਹੋ ਗਿਆ ਏਂ। ਤੇਰਾ ਅੱਤ ਮੰਦੜਾ ਹਾਲ ਵੇਖ, ਮੇਰੀ ਕਲਮ ਦਾ ਸਾਹ-ਸਤ ਰੁਕਿਆ ਪਿਆ ਹੈ। ਤੇਰਾ ਹੁਣ ਕੀ ਬਣੂੰ ਭਾਨਿਆਂ?

ਉਹਦੇ ਨਾਵਲ ‘ਲਹੂ ਦੀ ਲੋਅ’ ਦੀ ਬੜੀ ਚਰਚਾ ਹੋਈ ਸੀ ਜਿਸ ਨੂੰ ਐਮਰਜੈਂਸੀ ਦੇ ਦਿਨੀਂ ਲੁਕੋ ਛੁਪੋ ਕੇ ਸਿੰਘਾਪੁਰ ਦੇ ਇਕ ਛਾਪੇਖਾਨੇ ਵਿੱਚੋਂ ਛਪਾਇਆ ਗਿਆ ਸੀ। ਕੀਮਤ ਸੀ ਤੀਹ ਰੁਪਏ। ਕਿਤਾਬ ਮਸੀਂ ਮਿਲਦੀ ਸੀ, ਜੋ ਇਕ-ਇਕ ਕਾਪੀ ਸੌ-ਸੌ ਜਣਿਆਂ ਨੇ ਪੜ੍ਹੀ। ਐਮਰਜੈਂਸੀ ਹਟੀ ਤਾਂ ਨਵਯੁਗ ਪਬਲਿਸ਼ਰਜ਼ ਨੇ ਦੂਜੀ ਛਾਪ ਛਾਪੀ ਤੇ ਕੀਮਤ ਰੱਖੀ ਪੰਦਰਾਂ ਰੁਪਏ। ਜ਼ਰਾਇਤੀ ਯੂਨੀਵਰਸਿਟੀ ਦੇ ਮੇਲੇ ਵਿਚ ਲਹੂ ਦੀ ਲੋਅ ਖਰੀਦਣ ਲਈ ਲਾਈਨਾਂ ਲੱਗ ਗਈਆਂ। ਪਾਠਕ ਤੀਹਾਂ ਰੁਪਈਆਂ ਦੀ ਥਾਂ ਕੀਮਤ ਪੰਦਰਾਂ ਰੁਪਏ ਸੁਣਦੇ ਤਾਂ ਪੁੱਛਦੇ, “ਅੱਧੇ ਮੁੱਲ ਦੀ ਇਹ ‘ਲਹੂ ਦੀ ਲੋਅ’ ਕਿਤੇ ਨਕਲੀ ਤਾਂ ਨੀ!”

ਲਹੂ ਦੀ ਲੋਅ’ ਨੂੰ ਮਿਲਿਆ ਇਨਾਮ ਕੰਵਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ ਮੈਂ ਉਸ ਸਰਕਾਰ ਦਾ ਇਨਾਮ ਨਹੀਂ ਲੈ ਸਕਦਾ। ਪਿੱਛੋਂ ਸ਼੍ਰੋਮਣੀ ਸਾਹਿਤਕਾਰ ਦਾ ਸਭ ਤੋਂ ਵੱਡਾ ਸਰਕਾਰੀ ਇਨਾਮ ਲੈ ਵੀ ਲਿਆ। ਉਸ ਨੇ ‘ਸਾਹਿਤ ਟ੍ਰਸਟ ਢੁੱਡੀਕੇ’ ਬਣਾ ਕੇ ਡੇਢ ਦੋ ਸੌ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਅਤੇ ਡਾ. ਜਸਵੰਤ ਗਿੱਲ ਯਾਦਗਾਰੀ ਪੁਰਸਕਾਰ ਦਿੱਤੇ ਹਨ। ਉਹ ਸਖੀ ਵੀ ਹੈ ਤੇ ਸੂਮ ਵੀ। ਇਕ ਹੱਥ ਨਾਲ ਦਿੰਦੈ, ਦੂਜੇ ਨਾਲ ਲੈ ਵੀ ਲੈਂਦੈ। ਉਹ ਵਾਰਤਾਕਾਰ ਵੀ ਹੈ ਤੇ ਕਵੀ ਵੀ:

ਸੱਜਣ ਵਸੇਂਦੇ ਪਾਰ ਓ ਯਾਰ, ਸੱਜਣ ਵਸੇਂਦੇ ਪਾਰ!
ਜਾਣੇ ਕਿਹੜਾ ਹਾਲ ਮਨਾਂ ਦੇ, ਪੁੱਠੇ ਚਾਲੇ ਇਸ ਝਨਾਂ ਦੇ,
ਡੋਬੇ ਅੱਧ ਵਿਚਕਾਰ ਓ ਯਾਰ, ਸੱਜਣ ਵਸੇਂਦੇ ਪਾਰ ਓ ਯਾਰ!

ਆਸ਼ਕ ਵੇਖੋ ਮੁੜੇ ਨਾ ਮੋੜੇ, ਸਿਦਕ ਉਹਨਾਂ ਦਾ ਸੂਲੀ ਤੋੜੇ,
ਪੀੜਾਂ ਰਹਿਣ ਉਰਾਰ ਓ ਯਾਰ, ਸੱਜਣ ਵਸੇਂਦੇ ਪਾਰ ...।

ਉਹ ਭਾਵੇਂ ਦਸਵੀਂ ਵਿਚ ਅੜ ਗਿਆ ਸੀ ਪਰ ਲਿਖਣ ਵਿਚ ਇੰਨਾ ਅੱਗੇ ਵਧਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਅਤੇ ਭਾਰਤੀ ਸਾਹਿਤ ਅਕਾਡਮੀ ਨੇ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।

ਉਸ ਨੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਅਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿਚ ਪਹਿਲੀ ਵਿਸ਼ਵ ਕਾਨਫਰੰਸ ਕਰਾਉਣ ਵਿਚ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿਚ ਲਿਖਣ ਅਤੇ ਪੰਜਾਬੀ ਸ਼ਬਦਾਵਲੀ ਨੂੰ ਹਿੰਦੀ ਸੰਸਕ੍ਰਿਤ ਦੀ ਪਾਹ ਚਾੜ੍ਹਨੋਂ ਬਚਾਇਆ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟ੍ਰਸਟ ਢੁੱਡੀਕੇ ਤਾਂ ਹੈ ਹੀ ਉਹਦਾ। ਅਨੂਪ ਵਿਰਕ ਉਹਦੇ ਬਾਰੇ ਲਿਖਦੈ:

ਉਹ ਚੰਨ ਚਾਨਣੀ ਰਾਤ ਜਿਹਾ
ਔੜਾਂ ਵਿਚ ਹੋਈ ਬਰਸਾਤ ਜਿਹਾ

ਉਹ ਸੁਪਨਾ ਸਾਹਿਤ ਸਮੁੰਦਰ ਦਾ
ਉਹ ਅਕਾਸ਼ ਦੀ ਖੁੱਲ੍ਹੀ ਕਿਤਾਬ ਜਿਹਾ

ਉਹ ਇਸ਼ਟ ਜਿਹਾ ਉਹ ਇਸ਼ਕ ਜਿਹਾ
ਮੇਰੇ ਸੀਨੇ ਦੇ ਵਿਚ ਲਿਸ਼ਕ ਰਿਹਾ।

ਪੰਜਾਬੀ ਸਾਹਿਤ ਦਾ ਇਹ ਚੰਦ ਜੁਗੋ ਜੁਗ ਚਮਕੇ। ਹੋਰ ਚਾਨਣ ਵੰਡੇ, ਜਿਸ ਨਾਲ ਬਾਕੀ ਰਹਿੰਦੀਆਂ ਰਾਤਾਂ ਰੁਸ਼ਨਾਈਆਂ ਜਾਣ। ਇਹਦੀਆਂ ਪੂਰਨਮਾਸ਼ੀਆਂ ਵਾਰ ਵਾਰ ਆਉਣ। ਪੰਜਾਬ ਵਿਚ ਲਹੂ ਦੀ ਥਾਂ ਚਾਨਣ ਦੀ ਲੋਅ ਹੋਵੇ। ਮਿੱਤਰਾਂ ਨੂੰ ਪਿਆਰੇ ਤੇ ਹਾਣੀਆਂ ਨੂੰ ਹਾਣੀ ਮਿਲਣ। ਕੰਵਲ ਪੰਜਾਬ ਦੀ ਸਾਹਿਤਕ ਭੋਇੰ ਤੇ ਝੂਮਦਾ ਸਰੂ ਦਾ ਰੁੱਖ ਹੈ। ਸ਼ਾਲਾ! ਇਹ ਵਗਦੀਆਂ ਵਾਵਾਂ ਨਾਲ ਜਿੰਨਾ ਮਰਜ਼ੀ ਝੂਮੇ, ਜਿੰਨੇ ਮਰਜ਼ੀ ਹੁਲਾਰੇ ਲਵੇ ਪਰ ਬੋਹੜ ਵਾਂਗ ਆਪਣੀਆਂ ਜੜ੍ਹਾਂ ਧਰਤੀ ਵਿਚ ਗੱਡੀ ਰੱਖੇ।

*****
(340)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author