SarwanSingh7ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਭ ਨੂੰ ਆਪੋ ਆਪਣਾ ਬਣਦਾ ਸਰਦਾ ਯੋਗਦਾਨ ...
(12 ਨਵੰਬਰ 2018)

 

ਟੀਕੇ ਲਾ ਕੇ ਏਦਾਂ ਹੀ ਜੇ ਪਏ ਰਹੇ ਲੰਮੇ ਬਈ,
ਪੈਰੋਂ ਲੈ ਕੇ ਸਿਰ ਤਾਈਂ ਹੋਜੋਂਗੇ ਨਿਕੰਮੇ ਬਈ

ਕੀਹਦੇ ਗਲ਼ੇ ਲੱਗ ਰੋਣ ਥੋਡੀਆਂ ਜ਼ਨਾਨੀਆਂ,
ਗੁੰਮਗੇ ਜੁਆਨ ਗੁੰਮ ਗਈਆਂ ਨੇ ਜੁਆਨੀਆਂ

ਕੀ ਪੰਜਾਬ ਦੀਆਂ ਜੁਆਨੀਆਂ ਸੱਚਮੁੱਚ ਗੁੰਮ ਗਈਆਂ ਹਨ? ਕੀ ਪੰਜਾਬੀ ਨੌਜੁਆਨ ਸੱਚਮੁੱਚ ਹੀ ਨਸ਼ੇ ਪੱਤੇ ਵਿੱਚ ਗਰਕ ਗਏ ਹਨ? ਕੀ ਉਨ੍ਹਾਂ ਦੇ ਸਾਹਮਣੇ ਜੀਵਨ ਦਾ ਕੋਈ ਉਸਾਰੂ ਉਦੇਸ਼ ਨਹੀਂ ਰਿਹਾ? ਕੀ ਉਹ ਸੱਚਮੁੱਚ ਹੀ ਨਿਪੁੰਸਕ ਹੋ ਰਹੇ ਹਨ? ਕੀ ਹੋਵੇਗਾ ਪੰਜਾਬ ਦੀ ਜੁਆਨੀ ਤੇ ਪੰਜਾਬ ਦਾ ਭਵਿੱਖ? ਕੀ ਰੰਗਲਾ ਪੰਜਾਬ ਸੱਚਮੁੱਚ ਕੰਗਲਾ ਹੋ ਗਿਆ ਹੈ? ਅਜਿਹੇ ਅਨੇਕਾਂ ਸਵਾਲ ਹਨ ਜੋ ਪੰਜਾਬ ਦਾ ਦਰਦ ਰੱਖਣ ਵਾਲੇ ਦਰਦੀਆਂ ਦੇ ਮਨਾਂ ਵਿੱਚ ਪੈਦਾ ਹੋ ਰਹੇ ਹਨਪੰਜਾਬ ਦੇ ਜੁਆਨਾਂ ਬਾਰੇ ਜੋ ਰਿਪੋਰਟਾਂ ਆ ਰਹੀਆਂ ਹਨ, ਉਹ ਪੰਜਾਬ ਦੇ ਬੁੱਧੀਜੀਵੀਆਂ ਦੀ ਚਿੰਤਾ ਵਧਾਉਣ ਵਾਲੀਆਂ ਹਨਅਜਿਹੀ ਹਾਲਤ ਵਿਚ ਆਦਰਸ਼ਕ ਅਧਿਆਪਕਾਂ, ਲੋਕ ਪੱਖੀ ਲੇਖਕਾਂ ਤੇ ਕਲਾਕਾਰਾਂ, ਇਮਾਨਦਾਰ ਅਫ਼ਸਰਾਂ, ਪਰਉਪਕਾਰੀ ਡਾਕਟਰਾਂ, ਸੇਵਾਭਾਵੀ ਸਿਆਸਤਦਾਨਾਂ, ਮਜ਼੍ਹਬੀ ਰਹਿਬਰਾਂ ਅਤੇ ਸੰਵੇਦਨਸ਼ੀਲ ਸੱਜਣਾਂ, ਸਭਨਾਂ ਨੂੰ ਰਲ ਮਿਲ ਕੇ ਇਸ ਵਬਾਅ ਦਾ ਕੋਈ ਉਪਾਅ ਕਰਨਾ ਚਾਹੀਦਾ ਹੈਪੰਜਾਬ ਨੂੰ ਨਸ਼ਿਆਂ ਪੱਤਿਆਂ ਦੀ ਜਿੱਲ੍ਹਣ ਵਿੱਚੋਂ ਕੱਢਣਾ ਚਾਹੀਦਾ ਹੈ

ਕਦੇ ਪੰਜਾਬ ਦੁੱਧ ਘਿਉ ਦੀਆਂ ਲਹਿਰਾਂ ਬਹਿਰਾਂ ਵਾਲਾ ਦੇਸ ਕਿਹਾ ਜਾਂਦਾ ਸੀਅਕਸਰ ਗਾਇਆ ਜਾਂਦਾ ਸੀ: ਸੋਹਣਾ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓਪੰਜਾਬ ਦੇਸੀ ਖੁਰਾਕਾਂ, ਅਧਰਿੜਕੇ ਮਲਾਈਆਂ, ਖੋਏ ਪੰਜੀਰੀਆਂ, ਬਦਾਮਾਂ ਦੀਆਂ ਸ਼ਰਦਾਈਆਂ, ਘੋਲ ਕਬੱਡੀਆਂ, ਰੁਸਤਮੇ ਹਿੰਦ ਪਹਿਲਵਾਨਾਂ, ਚੈਂਪੀਅਨ ਖਿਡਾਰੀਆਂ, ਬਹਾਦਰ ਫੌਜੀਆਂ, ਸੁਤੰਤਰਤਾ ਸੰਗਰਾਮੀਆਂ, ਨਿਡਰ ਜੋਧਿਆਂ, ਬਾਰਾਂ, ਬੰਜਰਾਂ ਤੇ ਤਰਾਈਆਂ ਆਬਾਦ ਕਰਨ ਵਾਲੇ ਮਿਹਨਤੀ ਕਿਸਾਨਾਂ ਕਰਕੇ ਜਾਣਿਆ ਜਾਂਦਾ ਸੀਪਰ ਹੁਣ ਨਸ਼ੇੜੀਆਂ ਦੇ ਪੰਜਾਬ ਵਜੋਂ ਜਾਣਿਆ ਜਾਣ ਲੱਗਾ ਹੈਅੱਗੇ ਪੰਜਾਬ ਵਿਚ ਤਿੰਨ ਚਾਰ ਨਸ਼ੇ ਹੀ ਸੁਣਦੇ ਸਾਂਅਫ਼ੀਮ, ਸ਼ਰਾਬ, ਭੰਗ ਤੇ ਭੁੱਕੀਹੁਣ ਤਾਂ ਕੋਈ ਅੰਤ ਹੀ ਨਹੀਂ ਰਿਹਾਸਿੰਥੈਟਿਕ ਨਸ਼ਿਆਂ ਦੀਆਂ ਬੇਸ਼ੁਮਾਰ ਕਿਸਮਾਂ, ਗੋਲੀਆਂ, ਕੈਪਸੂਲ, ਟੀਕੇ, ਪਾਊਡਰ, ਹੈਰੋਇਨ, ਸਮੈਕ, ਚਰਸ, ਸੁਲਫ਼ਾ, ਕਰੈਕ, ਕੋਕੀਨ, ਮਾਰਫਿਨ, ਮੀਥਾਡੋਨ, ਮੈਪਰੀਡੋਨ, ਨਾਫੀਨ ਤੇ ਜ਼ਹਿਰੀ ਰਸਾਇਣ ਮਿਲਾ ਕੇ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਨਸ਼ੀਲਾ ਪਦਾਰਥ ‘ਚਿੱਟਾ’!

ਚਿੱਟੇ ਦਾ ਨਸ਼ਾ ਨੱਕ ਰਾਹੀਂ ਵੀ ਲਿਆ ਜਾਂਦਾ ਹੈ ਤੇ ਨਾੜ ਰਾਹੀਂ ਵੀਕਰੰਸੀ ਨੋਟ ਜਾਂ ਐਲੋਮੀਨੀਅਮ ਪੇਪਰ ਉੱਤੇ ਚਿੱਟਾ ਰੱਖ ਕੇ, ਹੇਠਾਂ ਲਾਈਟਰ ਜਾਂ ਸੀਖ ਨਾਲ ਅੱਗ ਲਾ ਕੇ ਨੱਕ ਰਾਹੀਂ ਧੂੰਆਂ ਖਿੱਚਿਆ ਜਾਂਦਾ ਹੈਜਾਂ ਫਿਰ ਨਸ਼ੀਲਾ ਪਦਾਰਥ ਪਾਣੀ ਵਿੱਚ ਘੋਲ ਕੇ ਸਰਿੰਜ ਨਾਲ ਨਾੜ ਵਿੱਚ ਟੀਕਾ ਲਾਇਆ ਜਾਂਦਾ ਹੈਕਈ ਵਾਰ ਓਵਰਡੋਜ਼ ਲੈਣ ਨਾਲ ਸਰਿੰਜ ਨਾੜ ਵਿੱਚੋਂ ਕੱਢਣ ਤੋਂ ਪਹਿਲਾਂ ਹੀ ਨਸ਼ੇੜੀ ਦੀ ਮੌਤ ਹੋ ਜਾਂਦੀ ਹੈਅਜਿਹੀਆਂ ਦਰਦਨਾਕ ਖ਼ਬਰਾਂ ਨਾਲ ਅਖ਼ਬਾਰਾਂ ਦੇ ਸਫ਼ੇ ਭਰੇ ਰਹਿੰਦੇ ਹਨਚਿੱਟਾ ਵਸਦੇ ਰਸਦੇ ਘਰਾਂ ਦੇ ਹੋਣਹਾਰ ਚਿਰਾਗ਼ਾਂ ਦੀ ਰੌਸ਼ਨੀ ਬੁਝਾ ਕੇ ਹਨ੍ਹੇਰ ਲਿਆਈ ਜਾਂਦਾ ਹੈਇਹ ਐਸਾ ਨਾਮੁਰਾਦ ਨਸ਼ਾ ਹੈ ਜੀਹਨੂੰ ਜੇ ਕੋਈ ਇਕ ਵਾਰ ਲੈ ਬੈਠੇ, ਮੁੜ ਕੇ ਛੱਡਣਾ ਔਖਾ ਹੋ ਜਾਂਦਾ ਹੈਇਹਦਾ ਅਸਰ ਸ਼ੁਕਰਾਣੂਆਂ `ਤੇ ਵੀ ਪੈਂਦਾ ਹੈ ਜਿਸ ਕਰਕੇ ਨਸ਼ੇੜੀ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦਾਚਿੱਟੇ ਦਾ ਨਸ਼ਾ ਕਰਨ ਵਾਲਾ ਨਸ਼ੇੜੀ ਹਰ ਵੇਲੇ ਅਗਲੀ ਡੋਜ਼ ਦੀ ਭਾਲ ਵਿਚ ਭਟਕਦਾ ਰਹਿੰਦਾ ਹੈ ਤੇ ਇਹੋ ਉਹਦਾ ਜੀਵਨ ਉਦੇਸ਼ ਬਣ ਜਾਂਦਾ ਹੈਅੜਿਆਂ ਥੁੜਿਆਂ ਆਇਓਡੈਕਸ, ਬੂਟ ਪਾਲਿਸ਼, ਬੂਟਾਂ ਦੇ ਪਤਾਵਿਆਂ ਦੀ ਮੈਲ, ਚੂਨੇ ਦੀ ਗੈਸ, ਕੀੜੇ ਮਕੌੜੇ ਅਤੇ ਮਰੀਆਂ ਹੋਈਆਂ ਕਿਰਲੀਆਂ ਵੀ ਨਸ਼ੇ ਦੀ ਪੂਰਤੀ ਵਿਚ ਸ਼ਾਮਲ ਹੋ ਜਾਂਦੀਆਂ ਹਨ!

ਨਸ਼ਿਆਂ ਦੀ ਲਤ ਪੂਰੀ ਕਰਨ ਲਈ ਨਸ਼ੇੜੀਆਂ ਵੱਲੋਂ ਚੋਰੀਆਂ, ਲੁੱਟਾਂ-ਖੋਹਾਂ, ਦਿਨ ਦਿਹਾੜੇ ਡਾਕੇ, ਬੈਂਕ ਡਕੈਤੀਆਂ, ਔਰਤਾਂ ਨਾਲ ਛੇੜਛਾੜ, ਬਲਾਤਕਾਰ, ਅਗਵਾ, ਕਤਲ, ਫਿਰੌਤੀਆਂ, ਅੰਨ੍ਹੇਵਾਹ ਸੜਕ ਹਾਦਸੇ ਅਤੇ ਹਰ ਤਰ੍ਹਾਂ ਦੇ ਘਿਨਾਉਣੇ ਅਪਰਾਧ ਨਿੱਤ ਪੜ੍ਹਨ ਸੁਣਨ ਨੂੰ ਮਿਲਦੇ ਹਨਰਿਪੋਰਟਾਂ ਹਨ ਕਿ ਮਾਲਵੇ ਦੇ 65 ਫੀਸਦੀ ਅਤੇ ਮਾਝੇ/ਦੁਆਬੇ ਦੇ 68 ਫੀਸਦੀ ਪਰਿਵਾਰਾਂ ਦੇ ਜੀਅ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨਪੰਜਾਬ ਦੇ 1 ਲੱਖ 23 ਹਜ਼ਾਰ ਨਸ਼ੇੜੀ ਹੈਰੋਇਨ ਦਾ ਅਤਿ ਮਹਿੰਗਾ ਤੇ ਮਾਰੂ ਨਸ਼ਾ ਕਰਨ ਲੱਗ ਪਏ ਹਨ ਜਿਸ ਦੀ ਕੀਮਤ ਪ੍ਰਤੀ ਗਰਾਮ ਚਾਰ ਤੋਂ ਪੰਜ ਹਜ਼ਾਰ ਰੁਪਏ ਤਕ ਜਾ ਪਹੁੰਚੀ ਹੈ1995 ਤਕ ਸਮੈਕ ਲੈਣ ਵਾਲੇ ਨਸ਼ੇੜੀ, ਕੁੱਲ ਨਸ਼ੱਈਆਂ ਵਿੱਚੋਂ 3% ਸਨ ਜੋ ਤਿੰਨ ਸਾਲਾਂ ਵਿਚ ਹੀ 16% ਹੋ ਗਏ ਸਨਦਿਨੋ ਦਿਨ ਇਹ ਫੀਸਦੀ ਹੋਰ ਵਧੀ ਜਾ ਰਹੀ ਹੈਰਿਪੋਰਟ ਅਨੁਸਾਰ ਵਧੇਰੇ ਨਸ਼ੇੜੀ 18-30 ਸਾਲ ਦੀ ਉਮਰ ਦੇ ਹਨਅੰਕੜੇ ਦੱਸਦੇ ਹਨ ਕਿ ਹਰ ਸਾਲ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਡਰੱਗਾਂ ਦੀ ਸਮੱਗਲਿੰਗ ਹੋ ਰਹੀ ਹੈ ਜਿਸ ਨਾਲ ਸਮੱਗਲਰਾਂ ਅਤੇ ਉਨ੍ਹਾਂ ਦੇ ਸਰਪ੍ਰਸਤ ਅਫ਼ਸਰਾਂ/ਸਿਆਸਤਦਾਨਾਂ ਦੇ ਵਾਰੇ ਨਿਆਰੇ ਹੋ ਰਹੇ ਹਨਉਹ ਪੈਸੇ ਨਾਲ ਰਾਜ ਸੱਤਾ ਤੇ ਰਾਜ ਸੱਤਾ ਨਾਲ ਪੈਸਾ ਜੋੜੀ ਹਰਾਮ ਦੀ ਕਮਾਈ ਵਿਦੇਸ਼ਾਂ ਵਿੱਚ ਢੋਈ ਜਾਂਦੇ ਹਨਇਕ ਗਰਾਮ ਸਮੈਕ 1000 ਤੋਂ 1500 ਰੁਪਏ ਨੂੰ ਮਿਲਦੀ ਹੈਸਮੈਕ ਦੇ ਨਸ਼ੇੜੀ ਹਰ ਰੋਜ਼ 2-3 ਗਰਾਮ ਸਮੈਕ ਦਾ ਨਸ਼ਾ ਲੈਂਦੇ ਹਨਨਸ਼ਾ ਕਰਨ ਲਈ ਫਿਰ ਮਾਪਿਆਂ ਦੇ ਗਲ਼ ਗੂਠਾ ਦੇਣੋ ਵੀ ਨਹੀਂ ਟਲ਼ਦੇਨਸ਼ਿਆਂ ਖ਼ਾਤਰ ਪੁੱਤਰਾਂ ਹੱਥੋਂ ਪਿਉ ਮਾਰ ਦੇਣ ਦੀਆਂ ਗੱਲਾਂ ਖੁੰਢ-ਚਰਚਾ ਬਣ ਗਈਆਂ ਹਨ

ਪਹਿਲਾਂ ਪੰਜਾਬ ਵਿਚ ਪਾਣੀ ਦੇ ਪਿਆਓ ਲੱਗਦੇ ਸਨਹੁਣ ਸ਼ਰਾਬ ਦੇ ਠੇਕੇ ਹੀ ਪਾਣੀ ਦੇ ਪਿਆਓ ਲਾਉਣ ਵਾਂਗ ਹੋ ਗਏ ਹਨ2006 ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 5600 ਸੀਦਸਾਂ ਸਾਲਾਂ ਵਿਚ ਪੰਜਾਬ ਦੇ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵੀ ਵਧ ਗਈ ਅਤੇ ਖਪਤ ਵੀ ਦੁੱਗਣੀ ਹੋ ਗਈ ਹੈਖ਼ਬਰ ਹੈ ਕਿ 3 ਕਰੋੜ ਤੋਂ ਘੱਟ ਆਬਾਦੀ ਵਾਲੇ ਪੰਜਾਬ ਵਿਚ ਸਾਲਾਨਾ 38 ਕਰੋੜ ਤੋਂ ਵੱਧ ਬੀਅਰ/ਸ਼ਰਾਬ ਦੀਆਂ ਬੋਤਲਾਂ ਵਰਤਾਈਆਂ ਜਾਂਦੀਆਂ ਹਨਸ਼ਰਾਬ ਦੇ ਠੇਕਿਆਂ ਤੋਂ ਪੰਜਾਬ ਸਰਕਾਰ ਨੂੰ ਸਾਲਾਨਾ 5000 ਕਰੋੜ ਤੋਂ ਵੱਧ ਦੀ ‘ਕਮਾਈ’ ਹੋਣ ਲੱਗ ਪਈ ਹੈਅੱਗੋਂ ਠੇਕੇਦਾਰ ਤੇ ਨਜਾਇਜ਼ ਸ਼ਰਾਬ ਕੱਢਣ/ਵੇਚਣ ਵਾਲੇ ਕਿੰਨੇ ਕਮਾਉਂਦੇ ਹਨ, ਉਹਦਾ ਕੋਈ ਲੇਖਾ ਨਹੀਂਦਸ ਸਾਲ ਪਹਿਲਾਂ ਪੰਜਾਬੀ ਰੋਜ਼ਾਨਾ 8 ਕਰੋੜ ਦੀ ਸ਼ਰਾਬ ਪੀਂਦੇ ਸਨ ਹੁਣ ਹਰ ਰੋਜ਼ 13 ਕਰੋੜ ਦੀ ਪੀ ਕੇ ਵੀ ਕਹਿੰਦੇ ਹਨ ਸਾਡਾ ਏਨੀ ਨਾਲ ਨਹੀਂ ਸਰਦਾ!

ਸਭਿਆਚਾਰਕ ਕਦਰਾਂ ਕੀਮਤਾਂ ਵਿੱਚ ਆਇਆ ਇਕ ਹੋਰ ਨਿਘਾਰ ਇਹ ਕਿ ਪਹਿਲਾਂ ਪੰਜਾਬ ਵਿੱਚ ਕੇਵਲ ਮਰਦ ਹੀ ਸ਼ਰਾਬ ਪੀਂਦੇ ਸਨ, ਹੁਣ ਔਰਤਾਂ ਵੀ ‘ਆਧੁਨਿਕ’ ਹੋਈਆਂ ਇਕ ਦੂਜੀ ਦੀ ਰੀਸ ਨਾਲ ਸ਼ਰਾਬ ਦਾ ਖੁੱਲ੍ਹਾ ਸੇਵਨ ਕਰਨ ਲੱਗ ਪਈਆਂ ਹਨਖਾਂਦੇ ਪੀਂਦੇ ਘਰਾਂ ਵਿੱਚ ਇਸ ਨੂੰ ‘ਸਭਿਅਕ’ ਸਮਝਿਆ ਜਾ ਰਿਹਾ ਹੈ! ਪਾਰਟੀਆਂ ਵਿਚ ਮੁੰਡੇ ਕੁੜੀਆਂ ਦਾ ਇਕੱਠਿਆਂ ਨਸ਼ਾ ਕਰਨਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈਕੰਜ ਕੁਆਰੀਆਂ ਵੀ ਮੰਗ ਕਰਨ ਲੱਗੀਆਂ ਹਨ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ, ਪਾਬੰਦੀ ਨਹੀਂ ਹੋਣੀ ਚਾਹੀਦੀਦਲੀਲ ਇਹ ਦਿੱਤੀ ਜਾਂਦੀ ਹੈ ਕਿ ਮਰਦਾਂ ਵਾਂਗ ਅਸੀਂ ਵੀ ‘ਆਜ਼ਾਦ’ ਹਾਂ!

ਬੀਤੇ ਸਮੇਂ ਪੰਜਾਬ ਦੇ ਜੁਆਨਾਂ ਦੀ ਉਪਮਾ ਵਿਚ ਬੜੇ ਗੀਤ ਲਿਖੇ ਗਏ ਤੇ ਵਾਰਾਂ ਗਾਈਆਂ ਗਈਆਂਉਨ੍ਹਾਂ ਦੇ ਸਰੂ ਵਰਗੇ ਕੱਦਾਂ, ਚੌੜੀਆਂ ਹਿੱਕਾਂ, ਵੇਲਣਿਆਂ ਵਰਗੇ ਪੱਟਾਂ ਤੇ ਮੱਛਲੀਆਂ ਵਾਲੇ ਡੌਲਿਆਂ ਦੀਆਂ ਉਸਤਤਾਂ ਦੇ ਪੁਲ ਬੰਨ੍ਹੇ ਗਏਪ੍ਰੋ. ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਵਰਗੇ ਕਵੀਆਂ ਨੇ ਪੰਜਾਬ ਦੇ ਜੁਆਨਾਂ ਦੀ ਰੱਜ ਕੇ ਸਿਫ਼ਤ ਕੀਤੀਪੰਜਾਬ ਦੇ ਖਿਡਾਰੀਆਂ ਬਾਰੇ ਬੜੇ ਸਿਫ਼ਤੀ ਲੇਖ ਲਿਖੇ ਗਏਅਖੇ ਪੰਜਾਬੀ ਜਿੰਨੇ ਜ਼ੋਰ ਨਾਲ ਹਲ ਵਾਹੁੰਦੇ ਹਨ ਉੰਨੇ ਹੀ ਜ਼ੋਰ ਨਾਲ ਖੇਡਦੇ ਹਨਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉੰਨੇ ਹੀ ਉਤਸ਼ਾਹ ਨਾਲ ਖੇਡ ਮੁਕਾਬਲਿਆਂ ਵਿੱਚ ਸ਼ਰੀਕ ਹੁੰਦੇ ਹਨਮੈਂ ਆਪਣੀ ਅੱਖੀਂ ਵੇਖਦਾ ਤੇ ਲਿਖਦਾ ਰਿਹਾ ਹਾਂਬੜੀ ਟੌਹਰ ਹੁੰਦੀ ਸੀ ਪੰਜਾਬ ਦੇ ਖਿਡਾਰੀਆਂ ਦੀ! ਦੇਸ਼ ਪੱਧਰ ਦੀਆਂ ਖੇਡਾਂ ਦੇ ਬਹੁਤੇ ਨੈਸ਼ਨਲ ਰਿਕਾਰਡ ਪੰਜਾਬੀ ਖਿਡਾਰੀਆਂ ਦੇ ਨਾਂ ਹੁੰਦੇ ਸਨਉਦੋਂ ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵੇ ਦੇ ਨਾਂ ਤਿੰਨ-ਤਿੰਨ ਚਾਰ-ਚਾਰ ਕੌਮੀ ਰਿਕਾਰਡ ਸਨਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ, ਅਜੀਤ ਸਿੰਘ ਤੇ ਜੋਗਿੰਦਰ ਸਿੰਘ ਵਰਗਿਆਂ ਦੀ ਏਸ਼ੀਆ ਵਿੱਚ ਝੰਡੀ ਹੁੰਦੀ ਸੀਭਾਰਤੀ ਟੀਮ ਹਾਕੀ ਦੇ ਗੋਲਡ ਮੈਡਲ ਆਮ ਕਰ ਕੇ ਪੰਜਾਬੀ ਖਿਡਾਰੀਆਂ ਦੇ ਸਿਰ ’ਤੇ ਜਿੱਤਦੀ ਸੀਦੇਸ਼ ਦੀ ਆਜ਼ਾਦੀ ਪਿੱਛੋਂ ਵੀਹ ਪੱਚੀ ਸਾਲਾਂ ਤਕ ਭਾਰਤ ਨੇ ਏਸ਼ਿਆਈ ਜਾਂ ਹੋਰ ਕੌਮਾਂਤਰੀ ਖੇਡ ਮੁਕਬਲਿਆਂ ਵਿੱਚੋਂ ਜੋ ਮੈਡਲ ਜਿੱਤੇ, ਉਹ ਵਧੇਰੇ ਕਰ ਕੇ ਪੰਜਾਬੀ ਖਿਡਾਰੀਆਂ ਰਾਹੀਂ ਜਿੱਤੇਪੁਲਿਸ ਅਤੇ ਫੌਜ ਵਿਚ ਵਿਖਾਈ ਬਹਾਦਰੀ ਦੇ ਵਧੇਰੇ ਮੈਡਲ ਅਤੇ ਪੁਰਸਕਾਰ ਵੀ ਪੰਜਾਬੀ ਜੁਆਨ ਪ੍ਰਾਪਤ ਕਰਦੇ ਸਨਪਰ ਹੁਣ ਪੰਜਾਬੀਆਂ ਦੀ ਉਹ ਚੜ੍ਹਤ ਨਹੀਂ ਰਹੀਪੰਜਾਬ ਦੇ ਹਾਕਮ ਵਿਕਾਸ ਦੀਆਂ ਜੋ ਮਰਜ਼ੀ ਟਾਹਰਾਂ ਪਏ ਮਾਰਨ ਪਰ ਜੋ ਅਸਲੀਅਤ ਹੈ, ਉਹ ਕਿਸੇ ਤੋਂ ਗੁੱਝੀ ਨਹੀਂਰਾਜਸੀ ਸਰਪ੍ਰਸਤੀ ਵਾਲੇ ਚੰਦ ਘਰਾਂ ਨੂੰ ਛੱਡ ਕੇ ਆਮ ਘਰਾਂ ਵਿੱਚ ਭੰਗ ਭੁੱਜਦੀ ਹੈਹੁਣ ਤਾਂ ਕੋਈ ਹਰਿਆ ਬੂਟ ਰਹਿਓ ਵਾਲੀ ਗੱਲ ਹੋਈ ਪਈ ਹੈ

ਭਾਰਤ ਦੀਆਂ ਕੌਮੀ ਖੇਡਾਂ ਵਿਚ ਪਹਿਲਾਂ ਪੰਜਾਬ ਮੀਰੀ ਹੁੰਦਾ ਸੀ, ਹੁਣ ਹੋਰਨਾਂ ਸੂਬਿਆਂ ਤੋਂ ਕਿਤੇ ਪਛੜ ਗਿਆ ਹੈਇੱਥੋਂ ਤਕ ਕਿ ਹਰਿਆਣਾ, ਦਿੱਲੀ, ਮਨੀਪੁਰ ਤੇ ਕੇਰਲਾ ਵਰਗੇ ਛੋਟੇ-ਛੋਟੇ ਸੂਬੇ ਕੌਮੀ ਖੇਡਾਂ ਵਿਚ ਪੰਜਾਬ ਤੋਂ ਕਿਤੇ ਵੱਧ ਮੈਡਲ ਜਿੱਤਣ ਲੱਗ ਪਏ ਹਨਹੁਣ ਜਦੋਂ ਪੰਜਾਬ ਦੇ ਜੁਆਨਾਂ ਜਾਂ ਖਿਡਾਰੀਆਂ ਦੀਆਂ ਪਹਿਲਾਂ ਵਾਂਗ ਸਿਫ਼ਤਾਂ ਕਰਦੇ ਹਾਂ ਤਾਂ ਇਉਂ ਲੱਗਦੈ ਜਿਵੇਂ ਝੂਠ ਬੋਲ ਰਹੇ ਹੋਈਏਲੈ ਦੇ ਕੇ ਇਕੱਲੀ ਕਬੱਡੀ ਰਹਿ ਗਈ ਐ ਪੰਜਾਬੀਆਂ ਕੋਲ ਤੇ ਉਹ ਵੀ ਡਰੱਗ ਦੇ ਟੀਕਿਆਂ ਵਾਲੀ! ਕਬੱਡੀ ਖੇਡਣ ਚੱਲੇ ਬਹੁਤੇ ਜੁਆਨ ਖੇਡ ਕਿੱਟ ਬੇਸ਼ਕ ਭੁੱਲ ਜਾਣ ਪਰ ਟੀਕਿਆਂ ਵਾਲੀ ਕਿੱਟ ਲਿਜਾਣੀ ਨਹੀਂ ਭੁੱਲਦੇਅੱਗੇ ਗੀਤ ਸੀ, ਕੱਪ ਓਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ, ਪੱਟਾਂ ਵਿਚ ਜਾਨਾਂਹੁਣ ਪੈਰੋਡੀ ਚੱਲ ਪਈ ਹੈ, ਕੱਪ ਓਹੀਓ ਜਿੱਤਣਗੇ ਜਿਨ੍ਹਾਂ ਦੀਆਂ ਕਿੱਟਾਂ ਵਿਚ ਸਮਾਨਾ!

2008 ਵਿਚ ਇੰਗਲੈਂਡ ਅਤੇ ਕੈਨੇਡਾ ਦਾ ਕਬੱਡੀ ਸੀਜ਼ਨ ਖੇਡਣ ਪਹੁੰਚੇ ਕਬੱਡੀ ਖਿਡਾਰੀਆਂ ਦੇ ਡੋਪ ਟੈੱਸਟ ਕਰਵਾਏ ਗਏ ਤਾਂ 119 ਖਿਡਾਰੀ ਡਰੱਗੀ ਨਿਕਲੇ! ਫਿਰ ਪੰਜਾਬ ਦੇ ਕਬੱਡੀ ਵਰਲਡ ਕੱਪ-2011 ਲਈ ਭਾਰਤੀ ਟੀਮ ਦੀ ਚੋਣ ਕਰਨ ਵੇਲੇ 51 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਿਨ੍ਹਾਂ ਵਿੱਚੋਂ 20 ਖਿਡਾਰੀ ਪਾਜ਼ੇਟਿਵ ਨਿਕਲੇਪੂਰੀ ਰਿਪੋਰਟ ਆਉਣ ਪਿੱਛੋਂ ਟਰਾਇਲਾਂ ਦੌਰਾਨ 20 ਤੇ ਕੱਪ ਦੌਰਾਨ 52 ਖਿਡਾਰੀ ਜੋੜ ਕੇ ਕੁੱਲ 72 ਖਿਡਾਰੀ ਡਰੱਗੀ ਸਾਬਤ ਹੋਏ! ਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ 8, ਅਮਰੀਕਾ 8, ਸਪੇਨ 7, ਆਸਟ੍ਰੇਲੀਆ 6, ਇਟਲੀ 6, ਨਾਰਵੇ 3, ਭਾਰਤ 1, ਪਾਕਿਸਤਾਨ 1, ਜਰਮਨੀ 1 ਅਤੇ ਅਰਜਨਟੀਨਾ ਦਾ ਵੀ 1 ਖਿਡਾਰੀ ਸੀਟਰਾਇਲਾਂ ਵਾਲੇ ਜੋੜ ਕੇ ਭਾਰਤ ਯਾਨੀ ਪੰਜਾਬ ਦੇ 21 ਖਿਡਾਰੀ ਡਰੱਗੀ ਸਨ!

ਕਈ ਡਰੱਗੀ ਖਿਡਾਰੀ ਘੋੜਿਆਂ ਨੂੰ ਲੱਗਣ ਵਾਲੇ ਟੀਕੇ ਆਪਣੇ ਆਪ ਨੂੰ ਲਾਉਣ ਲੱਗ ਪਏ ਹਨ ਤੇ ਕਹਿੰਦੇ ਹਨ ਕਿ ਹੁਣ ਸਾਡੇ ਵਿੱਚ ਘੋੜੇ ਜਿੰਨੀ ਤਾਕਤ ਹੋ ਗਈ! ਟੀਕਿਆਂ ਉੱਤੇ ਸਾਫ਼ ਲਿਖਿਆ ਹੁੰਦਾ ਹੈ ਕਿ ਇਹ ਘੋੜਿਆਂ ਲਈ ਹਨਕਬੱਡੀ ਦੇ ਇਕ ਖਿਡਾਰੀ ਨੇ ਮੈਨੂੰ ਉਨ੍ਹਾਂ ਟੀਕਿਆਂ ਦੀ ਸ਼ੀਸ਼ੀ ਵਿਖਾਈਨਾਲ ਭੇਤ ਦੀ ਗੱਲ ਦੱਸੀ ਪਈ ਪਰਚੀ ਘੋੜੇ ਦੀ ਬਣਵਾਈਦੀ ਐ, ਵਰਤੀ ਦੀ ਐ ਬੰਦੇ ਲਈ! ਇਹ ਵੀ ਦੱਸਿਆ ਕਿ ਪੰਜਾਬ ਦੀਆਂ ਕੁਝ ਕਬੱਡੀ ਅਕੈਡਮੀਆਂ ਵਿੱਚ ਕਬੱਡੀ ਦੀ ਕੋਚਿੰਗ ਘੱਟ ਪਰ ਟੀਕੇ ਲਾਉਣ ਦੀ ‘ਕੋਚਿੰਗ’ ਵੱਧ ਮਿਲਦੀ ਐ! ‘ਮਾਲ’ ਵੀ ਉਹੀ ਮੰਗਵਾ ਦਿੰਦੇ ਐਉਂਜ ਖਿਡਾਰੀਆਂ ਨੂੰ ਕਿੱਥੋਂ ਪਤਾ ਲੱਗਣਾ ਸੀ ਪਈ ਤਾਕਤ ਦਾ ਖ਼ਜ਼ਾਨਾ ਕਿੱਥੇ ਐ? ਇਸ ਹਮਾਮ ਵਿੱਚ ਨਸ਼ਾ ਤਸ਼ਕਰ, ਕੁਝ ਕਬੱਡੀ ‘ਕੋਚ’, ਕੁਝ ਕਬੱਡੀ ‘ਪ੍ਰਮੋਟਰ’ ਤੇ ਕੁਝ ਕਬੱਡੀ ਕਲੱਬਾਂ ਵਾਲੇ ਵੀ ਨੰਗੇ ਮਿਲਣਗੇਉਨ੍ਹਾਂ ਨੂੰ ਹੱਥ ਪਤਾ ਨਹੀਂ ਕਦੋਂ ਪਵੇਗਾ? ਪਤਾ ਸਭ ਨੂੰ ਹੈ ਕਿ ਸਿਆਸੀ ਸਰਪ੍ਰਸਤੀ ਤੇ ਪੁਲਿਸ ਦੀ ਮਿਲੀ ਭੁਗਤ ਬਿਨਾਂ ਅਜਿਹਾ ਧੰਦਾ ਨਹੀਂ ਚੱਲ ਸਕਦਾ

2018 ਵਿਚ ਪੰਜਾਬ ਸਰਕਾਰ ਨੇ ‘ਤੰਦਰੁਸਤ ਪੰਜਾਬ’ ਦੇ ਨਾਹਰੇ ਹੇਠ ਗਲੋਬਲ ਕਬੱਡੀ ਲੀਗ ਕਰਵਾਈ ਹੈਕੀ ਉਸ ਨੇ ਲੀਗ ਖੇਡੇ ਕਬੱਡੀ ਖਿਡਾਰੀਆਂ ਦੇ ਡੋਪ ਟੈੱਸਟ ਕਰਾਏ ਹਨ? ਜੇ ਕਰਾਏ ਹਨ ਤਾਂ ਨਤੀਜੇ ਨਸ਼ਰ ਕੀਤੇ ਜਾਣ ਤਾਂ ਜੋ ਅੱਗੇ ਤੋਂ ਕੋਈ ਕਬੱਡੀ ਕਲੱਬ/ਫੈਡਰੇਸ਼ਨ ਡਰੱਗੀ/ਡੋਪੀ ਖਿਡਾਰੀਆਂ ਨੂੰ ਕਿਤੇ ਕਬੱਡੀ ਨਾ ਖਿਡਾਵੇ

ਕਹਾਵਤ ਹੈ ‘ਚੋਰ ਨਹੀਂ, ਚੋਰ ਦੀ ਮਾਂ ਨੂੰ ਫੜੋ’ਨਸ਼ਿਆਂ ਦਾ ਜੂੜ ਵੱਢਣ ਲਈ ਨਸ਼ੇੜੀਆਂ ਦੀ ਥਾਂ ਨਸ਼ਾਵਰ ਡਰੱਗ ਬਣਾਉਣ ਤੇ ਸਪਲਾਈ ਕਰਨ ਵਾਲੇ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਸਰਪ੍ਰਸਤਾਂ ਨੂੰ ਫੜਨ ਦੀ ਲੋੜ ਹੈ ਨਾ ਕਿ ਸਾਧਾਰਨ ਕਰਮਚਾਰੀਆਂ ਦਾ ਡੋਪ ਟੈੱਸਟ ਕਰਾਉਣ ਦੀਮੁੱਦਾ ਨਸ਼ਿਆਂ ਦੀ ਜਣਨੀ ਨੂੰ ਫੜਨ ਦਾ ਹੈਬਥੇਰੇ ਹਨ ਜਿਹੜੇ ਨਸ਼ਿਆਂ ਦੀ ਸੌਦਾਗਰੀ ਕਰਦੇ ਬਿਨਾਂ ਕਿਸੇ ਡਰ ਖ਼ੌਫ਼ ਦੇ ਨੋਟ ਇਕੱਠੇ ਕਰੀ ਜਾਂਦੇ ਹਨਨੋਟਾਂ ਨਾਲ ‘ਕਾਮਯਾਬ ਰੈਲੀਆਂ’ ਕਰੀ ਜਾਂਦੇ ਹਨਨਾਲ ਕਹੀ ਵੀ ਜਾਂਦੇ ਹਨ ਕਿ ਚੋਣਾਂ ਜਿੱਤਣ ਲਈ ਇਹ ਧੰਦਾ ਜ਼ਰੂਰੀ ਹੈ!

ਪਿੱਛੇ ਜਿਹੇ ਆਈ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ, ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਦੀ ਰਿਪੋਰਟ ਪੰਜਾਬੀਆਂ ਦੀਆਂ ਅੱਖਾਂ ਖੋਲ੍ਹਣ ਵਾਲੀ ਹੈਯੂਥ ਡਿਵੈਲਪਮੈਂਟ ਰਿਪੋਰਟ-2010 ਮੁਤਾਬਿਕ ਪੰਜਾਬ ਦਾ ਨੌਜੁਆਨ ਵਰਗ ਸਿਹਤ, ਵਿਕਾਸ ਅਤੇ ਸਮਾਜਿਕ ਕਾਰਜਾਂ ਵਿਚ ਭਾਗ ਲੈਣ ਦੇ ਮਾਮਲਿਆਂ ਵਿੱਚ ਭਾਰਤ ਦੇ ਅਤਿ ਪਛੜੇ ਸੂਬਿਆਂ ਦੇ ਨੌਜੁਆਨਾਂ ਤੋਂ ਵੀ ਪਛੜ ਗਿਆ ਹੈਪਿਛਲੇ ਸਮੇਂ ਪੰਜਾਬ ਦੇ ਨੌਜੁਆਨ ਦੇਸ਼ ਭਰ ਵਿੱਚ ਆਪਣੀ ਸਰੀਰਕ ਸਡੌਲਤਾ, ਸੋਹਣੀ ਦਿੱਖ ਤੇ ਡੀਲ-ਡੌਲ ਕਰਕੇ ਦੂਰੋਂ ਪਛਾਣੇ ਜਾਂਦੇ ਸਨਪਰ ਉਕਤ ਰਿਪੋਰਟ ਅਨੁਸਾਰ ਯੂਥ ਹੈਲਥ ਇੰਡੈਕਸ ਵਿਚ ਪੰਜਾਬ 0.682 ਅੰਕਾਂ ਨਾਲ ਭਾਰਤ ਵਿਚ ਹੀ 5ਵੇਂ ਸਥਾਨ ’ਤੇ ਚਲਾ ਗਿਆ ਹੈਕੇਰਲਾ, ਜੋ ਕਦੇ ਪੰਜਾਬ ਤੋਂ ਬਹੁਤ ਪਿੱਛੇ ਸੀ, ਉੱਥੋਂ ਦੇ ਨੌਜੁਆਨ ਵਰਗ ਨੇ ਸਿਹਤ ਪੱਖੋਂ ਕੇਰਲਾ ਨੂੰ ਅੱਵਲ ਨੰਬਰ ’ਤੇ ਲਿਆ ਦਿੱਤਾ ਹੈਇਸ ਇੰਡੈਕਸ ਵਿਚ ਗੋਆ ਦੂਜੇ, ਦਿੱਲੀ ਤੀਜੇ ਤੇ ਮੇਘਾਲਿਆ ਚੌਥੇ ਸਥਾਨ ’ਤੇ ਹਨ

ਯੂਥ ਡਿਵੈਲਪਮੈਂਟ ਇੰਡੈਕਸ ਵਿਚ ਪੰਜਾਬ ਦੀ ਹਾਲਤ ਹੋਰ ਵੀ ਮਾੜੀ ਹੈਇਸ ਵਿਚ ਇਸ ਦਾ 17ਵਾਂ ਸਥਾਨ ਹੈਗੁਰੂ ਸਾਹਿਬਾਨ ਦੇ ‘ਕਿਰਤ ਕਰੋ ਤੇ ਵੰਡ ਛਕੋ’ ਦੇ ਉਪਦੇਸ਼ ਅਤੇ ਪਰਉਪਕਾਰੀ ਬਣਨ ਦੀ ਸਿੱਖਿਆ ਦੇ ਬਾਵਜੂਦ ਪੰਜਾਬ ਦਾ ਨੌਜੁਆਨ ਵਰਗ ਨਿਸ਼ਕਾਮ/ਪਰਉਪਕਾਰੀ ਕਾਰਜਾਂ ਤੋਂ ਮੁੱਖ ਮੋੜ ਗਿਆ ਹੈਕੌਮੀ ਸੇਵਾ ਵਿਚ ਦੇਸ਼ ਦੀ ਦਰ 9.86 ਫੀਸਦੀ ਹੈ ਪਰ ਪੰਜਾਬ ਵਿਚ 1.7 ਫੀਸਦੀ ਹੈ ਜੋ ਸਭ ਤੋਂ ਘੱਟ ਹੈਇਸ ਵਿਚ ਗੋਆ ਦੀ 57 ਫੀਸਦੀ, ਹਰਿਆਣੇ ਦੀ 10.39 ਤੇ ਹਿਮਾਚਲ ਦੀ 5.89 ਫੀਸਦੀ ਹੈਨਹਿਰੂ ਯੁਵਕ ਕੇਂਦਰਾਂ ਨਾਲ ਵੀ ਪੰਜਾਬ ਦਾ ਨੌਜੁਆਨ ਵਰਗ ਉੰਨਾ ਨਹੀਂ ਜੁੜਿਆ ਜਿੰਨੇ ਹੋਰਨਾਂ ਸੂਬਿਆਂ ਦੇ ਨੌਜੁਆਨ ਜੁੜੇ ਨੇ ਹਾਲਾਂਕਿ ਪੰਜਾਬ ਵਿਚ ਕਬੱਡੀ ਦੇ ਪੇਂਡੂ ਟੂਰਨਾਮੈਂਟ ਸਭ ਤੋਂ ਵੱਧ ਹੁੰਦੇ ਨੇਪੰਜਾਬ ਦੇ ਪੇਂਡੂ ਨੌਜੁਆਨਾਂ ਦੀ ਐਨਰੋਲਮੈਂਟ 2.46 ਫੀਸਦੀ ਹੈ ਜਦ ਕਿ ਹਿਮਾਚਲ ਦੇ ਨੌਜੁਆਨਾਂ ਦੀ 7.2 ਫੀਸਦੀ ਹੈਨਹਿਰੂ ਯੁਵਕ ਕੇਂਦਰ ਸੰਗਠਨ ਗ਼ੈਰ ਸਿਆਸੀ ਆਰਗੇਨਾਈਜੇਸ਼ਨ ਹੈਇਸ ਨਾਲ 13 ਤੋਂ 35 ਸਾਲ ਦੇ 80 ਲੱਖ ਦਿਹਾਤੀ ਨੌਜੁਆਨ ਜੁੜੇ ਹੋਏ ਹਨਪੰਜਾਬ ਦੇ ਪੇਂਡੂ ਨੌਜੁਆਨਾਂ ਨੂੰ ਇਸ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈਉਨ੍ਹਾਂ ਨੂੰ ਖੇਡ ਮੈਦਾਨਾਂ ਵਿੱਚ ਖੇਡਣਾ ਅਤੇ ਪਸੀਨੇ ਵਹਾਉਣ ਵਾਲੀਆਂ ਖੇਡਾਂ ਅਤੇ ਸਰੀਰਕ ਕਸਰਤਾਂ ਦੇ ਲੜ ਲੱਗਣਾ ਚਾਹੀਦਾ ਹੈਜਿੰਨਾ ਪਸੀਨਾ ਵਹੇਗਾ ਉੰਨਾ ਹੀ ਜੁੱਸਾ ਕੰਗਣ ਵਰਗਾ ਬਣੇਗਾਪੰਜਾਬ ਦੇ ਬਹੁਤੇ ਜਿੰਮਾ ਦਾ ਹਾਲ ਬਹੁਤ ਮਾੜਾ ਹੈਉਨ੍ਹਾਂ ਵਿਚ ‘ਮੱਸਲ’ ਕਸਰਤਾਂ ਨਾਲ ਨਹੀਂ, ਸਿੰਥੈਟਿਕ ਸਪਲੀਮੈਂਟਾਂ ਦੇ ਸੇਵਨ ਨਾਲ ਬਣਾਏ ਜਾਂਦੇ ਹਨ ਜੋ ਸਿਹਤ ਲਈ ਘਾਤਕ ਰੁਝਾਨ ਹੈ

ਇੰਜ ਪੰਜਾਬ ਦੀ ਜੁਆਨੀ ਗੰਭੀਰ ਸੰਕਟ ਵਿੱਚ ਹੈਉਹ ਬੁਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੀ ਹੈਨਸ਼ੇ ਵੀ ਮਹਿੰਗੇ ਤੋਂ ਮਹਿੰਗੇ ਹਨ ਅਤੇ ਅੰਤਾਂ ਦੇ ਮਾਰੂ ਹਨਪੰਜਾਬ ਦੇ ਨੌਜੁਆਨਾਂ ਨੂੰ ਪਿੰਡ ਪੱਧਰ ’ਤੇ ਪੰਚਾਇਤਾਂ, ਖੇਡ ਕਲੱਬਾਂ ਤੇ ਸਭਾ ਸੁਸਾਇਟੀਆਂ ਵੱਲੋਂ ਰਲ ਮਿਲ ਕੇ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਚਾਹੀਦਾ ਹੈ ਤੇ ਉਸਾਰੂ ਕਾਰਜਾਂ ਵਿਚ ਲਾਉਣਾ ਚਾਹੀਦਾ ਹੈ, ਤਦ ਹੀ ਪੰਜਾਬ ਦੀ ਖੁੱਸੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈਨਹੀਂ ਤਾਂ ਪੰਜਾਬ ਦਾ ਭਵਿੱਖ ਹਨੇਰਾ ਹੀ ਹਨੇਰਾ ਹੈ

ਟੈਕਨਾਲੋਜੀ ਤੋਂ ਪ੍ਰਭਾਵਤ ਹੋ ਕੇ ਸਮਾਜਿਕ ਵਿਸ਼ਿਆਂ ਨੂੰ ਵਿਸਾਰ ਦੇਣਾ ਵੱਡੀ ਭੁੱਲ ਹੈਤਕਨਾਲੋਜੀ ਨਾਲ ਸੰਬੰਧਿਤ ਵਿਸ਼ੇ ਬਹੁਮੰਜ਼ਲੀਆਂ ਇਮਾਰਤਾਂ ’ਤੇ ਪਏ ਦੀਵਿਆਂ ਦਾ ਭਟਕਦਾ ਚਾਨਣ ਹੈ, ਜਦੋਂ ਕਿ ਸਮਾਜਿਕ ਵਿਗਿਆਨ, ਸਾਹਿਤ ਤੇ ਮਨ ਨਾਲ ਸੰਬੰਧਿਤ ਵਿਸ਼ੇ ਦਰਿਆ ਕਿਨਾਰੇ ਜਗਦੇ ਦੀਵਿਆਂ ਦੀ ਲੋਅ ਵਾਂਗ ਹਨ

ਜੀਵਨ ਦੀਆਂ ਥੁੜਾਂ ਅਤੇ ਔਖਿਆਈਆਂ ਨਾਲ ਖਹਿ ਕੇ ਲੰਘਦੀ ਜ਼ਿੰਦਗੀ ਹੀ ਕੰਮ ਦੇ ਰਸ ਦਾ ਅਸਲੀ ਆਨੰਦ ਮਾਣ ਸਕਦੀ ਹੈਹਕੀਕਤਾਂ ਨਾਲ ਖਹਿ ਕੇ ਲੰਘਦੀ ਜ਼ਿੰਦਗੀ ਰਗੜ ਪੈਦਾ ਕਰਦੀ ਹੈ ਰਗੜ ਚੰਗਿਆੜੀਆਂ ਨੂੰ ਜਨਮ ਦਿੰਦੀ ਹੈ ਤੇ ਜੀਵਨ ਵਿੱਚ ਭਖਦੀਆਂ ਚੰਗਿਆੜੀਆਂ ਹੀ ਮਤਾਬੀ ਰੰਗ ਪੈਦਾ ਕਰ ਸਕਦੀਆਂ ਹਨ

ਗੰਦੇ ਗੀਤਾਂ ਦੀ ਸ਼ਬਦਾਵਲੀ ਨੌਜੁਆਨਾਂ ਦੇ ਅੱਲ੍ਹੜ ਮਨਾਂ ’ਤੇ ਮਾਰੂ ਅਸਰ ਕਰਦੀ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਗਲਾਸ ਅਤੇ ਹਥਿਆਰ ਫੜਾ ਦਿੰਦੀ ਹੈ ਜਦ ਕਿ ਮਿਆਰੀ ਗੀਤ ਸਾਰਥਕ ਤੇ ਮਿਹਨਤਕਸ਼ ਜ਼ਿੰਦਗੀ ਦੇ ਪੂਰਨੇ ਪਾਉਂਦੇ ਹਨ

ਗੁਰੂਆਂ ਦੇ ਨਾਂ ’ਤੇ ਜੀਂਦੇ ਪੰਜਾਬ ਵਿਚ, ਹੱਥੀਂ ਕਿਰਤ ਕਰ ਕੇ ਜਿਊਣ ਦਾ ਗਾਡੀ ਰਾਹ ਬਹੁਤ ਸਾਰੇ ਨੌਜੁਆਨ ਭੁੱਲੇ ਬੈਠੇ ਹਨਕਿਰਤ ਤੋਂ ਟੁੱਟਿਆਂ ਦਾ ਹਾਲ ਮੰਦਾ ਹੀ ਹੁੰਦਾ ਹੈਵਿਹਲਾ ਬੰਦਾ ਸ਼ੈਤਾਨ ਦਾ ਚਰਖਾ ਬਣ ਜਾਂਦਾ ਹੈਪੰਜਾਬ ਵਿਚ ਵੱਡੀ ਪੱਧਰ ’ਤੇ ਪਸਰੀ ਬੇਰੁਜ਼ਗਾਰੀ ਨਸ਼ਿਆਂ ਦਾ ਧਰਾਤਲ ਹੈਜਦੋਂ ਕੋਈ ਕੰਮ ਨਾ ਹੋਵੇ ਤਾਂ ਨਸ਼ੇ ਦਸਤਕ ਦੇਣ ਲੱਗਦੇ ਨੇਫਿਰ ਕੋਈ ਨੌਜੁਆਨ ਨਸ਼ੇ ਵੇਚਣ ਲੱਗ ਜਾਂਦੈ ਤੇ ਕੋਈ ਖਾਣ ਲੱਗ ਜਾਂਦੈਨਸ਼ਿਆਂ ਦੇ ਮਨਹੂਸ ਪਰਛਾਵੇਂ ਉਨ੍ਹਾਂ ਉੱਤੇ ਵੀ ਪੈਣ ਲੱਗਦੇ ਨੇ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾਹੌਲੀ-ਹੌਲੀ ਨਸ਼ਿਆਂ ਦੀ ਕਾਲੀ-ਬੋਲੀ ਰਾਤ ਪਸਰ ਜਾਂਦੀ ਹੈ

ਪੰਜਾਬ ਵਿਚ ਨਸ਼ੇ ਪਸਰਨ ਦੇ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਹਨਪੰਜਾਬੀ ਸਮਾਜ ਵਿਚ ਹੁਣ ਨੈਤਿਕ ਸਿੱਖਿਆ ਅਤੇ ਸੁਚੱਜੀਆਂ ਕਦਰਾਂ ਕੀਮਤਾਂ ਦੀ ਲਗਭਗ ਅਣਹੋਂਦ ਹੈਰਾਜਨੀਤਕ, ਧਾਰਮਕ ਅਤੇ ਸਮਾਜਕ ਆਗੂ ਵੀ ਹੁਣ ਮਾਡਲ ਪਾਤਰ ਨਹੀਂ ਰਹੇਉਹ ਗ਼ਲਤ ਢੰਗਾਂ ਨਾਲ ਅਹੁਦੇ ਹਾਸਲ ਕਰਦੇ ਅਤੇ ਚੌਧਰਾਂ ਚਮਕਾਉਂਦੇ ਹਨਇੱਥੋਂ ਤਕ ਕਿ ਨਸ਼ਿਆਂ ਦੀ ਤਸ਼ਕਰੀ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇਛੇਤੀ ਤੇ ਸੌਖਿਆਂ ਅਮੀਰ ਹੋਣ ਦੀ ਲਾਲਸਾ ਨੇ ਚੰਗੇ ਭਲਿਆਂ ਨੂੰ ਕਾਲੇ ਧੰਦਿਆਂ ਵਿਚ ਪਾ ਦਿੱਤਾ ਹੈਪੰਜਾਬ ਵਿਚ ਜਿੱਡੀ ਧਿਰ ਨਸ਼ੇ ਵੇਚਣ ਵਾਲਿਆਂ ਦੀ ਹੈ ਓਡੀ ਹੀ ਧਿਰ ਨਸ਼ੇ ਸੇਵਨ ਵਾਲਿਆਂ ਦੀ ਖੜ੍ਹੀ ਹੋ ਗਈ ਹੈ

ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਵਾਲਾ ਸੰਵੇਦਨਸ਼ੀਲ ਲੇਖਕ ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ਆਪਣੀਆਂ ਪੁਸਤਕਾਂ ‘ਸੰਭਲੋ ਪੰਜਾਬ’, ‘ਜੀਵੇ ਜਵਾਨੀ’ ਤੇ ‘ਅੱਲ੍ਹੜ ਉਮਰਾਂ ਤਲਖ਼ ਸੁਨੇਹੇ’ ਰਾਹੀਂ ਪੰਜਾਬੀਆਂ ਨੂੰ ਜਾਗਣ ਦਾ ਹੋਕਾ ਦੇ ਰਿਹਾ ਹੈਉਹ ਕਿੱਤੇ ਵਜੋਂ ਪੁਲਿਸ ਦਾ ਏ ਆਈ ਜੀ ਹੈ ਤੇ ਸ਼ੌਕ ਵਜੋਂ ਪੱਤਰਕਾਰ/ਲੇਖਕਉਹ ਪੰਜਾਬ ਦੀ ਜਵਾਨੀ ਨੂੰ ਚੜ੍ਹਦੀ ਕਲਾ ਵਿੱਚ ਵੇਖਣੀ ਚਾਹੁੰਦਾ ਹੈ ਜੋ ਢਹਿੰਦੀ ਕਲਾ ਵੱਲ ਜਾ ਰਹੀ ਹੈ, ਨਸ਼ਿਆਂ, ਲੁੱਟਾਂ-ਖੋਹਾਂ, ਮਾਰ-ਧਾੜ, ਗੈਂਗ-ਵਾਰ, ਲੱਚਰਤਾ ਅਤੇ ਅਵੈੜੇ ਵੈਲਾਂ ਵਿਚ ਖੱਚਤ ਹੋ ਰਹੀ ਹੈ; ਕੰਮਾਂ-ਕਾਰਾਂ ਤੋਂ ਵਿਰ੍ਹਵੀ, ਵਿਹਲੜ, ਅੱਯਾਸ਼ ਤੇ ਫੋਕੀਆਂ ਟੌਹਰਾਂ ਦੀ ਪੱਟੀ ਹੋਈ ਹੈਕੰਨ ਵਿੰਨ੍ਹਾਈ, ਸਿਰ ਮੁਨਾਈ ਤੇ ਟੈਟੂ ਖੁਣਵਾਈ ਫਿਰਦੀ ਹੈਮੋਟਰ ਬਾਈਕਾਂ ਬਿਨਾਂ ਪੈਰ ਪੁੱਟਣਾ ਆਪਣੀ ਸ਼ਾਨ ਦੇ ਉਲਟ ਸਮਝਦੀ ਹੈਬਰਾਂਡਿਡ ਚੀਜ਼ਾਂ ਵਸਤਾਂ, ਫੈਸ਼ਨਾਂ ਤੇ ਟਸ਼ਨਾਂ ਨਾਲ ਟਿੱਟ ਫਾਰ ਟੈਟ ਹੋਈ ਫਿਰਦੀ ਹੈਅਜਿਹੀ ਜੁਆਨੀ ਨਾਲ ਲੇਖਕ ਦਾ ਪੁਲਿਸ ਅਫਸਰ ਹੋਣ ਦੇ ਨਾਤੇ ਨਿੱਤ ਵਾਹ ਪੈਂਦਾ ਹੈਨਿੱਜੀ ਤਜਰਬਾ ਹੁੰਦਾ ਰਹਿੰਦਾ ਹੈ

ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਭ ਨੂੰ ਆਪੋ ਆਪਣਾ ਬਣਦਾ ਸਰਦਾ ਯੋਗਦਾਨ ਪਾਉਣਾ ਚਾਹੀਦਾ ਹੈਬੇਸ਼ਕ ਕੁਝ ਵਿਅਕਤੀ ਪਾ ਵੀ ਰਹੇ ਹਨ ਪਰ ਇਹ ਕਾਫ਼ਲਾ ਅਜੇ ਛੋਟਾ ਹੈਕੋਈ ਵੀ ਮਸਲਾ ਇੰਨਾ ਪੇਚੀਦਾ ਨਹੀਂ ਹੁੰਦਾ ਕਿ ਉਹਦਾ ਕੋਈ ਹੱਲ ਨਾ ਹੋ ਸਕੇਪੰਜਾਬੀ ਡਿੱਗ-ਡਿੱਗ ਕੇ ਉੱਠਦੇ ਰਹੇ ਹਨ ਤੇ ਕੁਕਨੂਸ ਵਾਂਗ ਰਾਖ ਵਿੱਚੋਂ ਉਗਮਦੇ ਰਹੇ ਹਨਘੋੜਿਆਂ ਦੀਆਂ ਕਾਠੀਆਂ ’ਤੇ ਰਹਿਣ/ਸੌਣ ਵਾਲੇ ਰਾਜ ਭਾਗ ਦੇ ਮਾਲਕ ਬਣੇ ਸਨ1947 ਦੇ ਘੋਰ ਉਜਾੜੇ ਪਿੱਛੋਂ ਫਿਰ ਘੁੱਗ ਵੱਸੇ ਸਨ ਤੇ ਕੰਗਾਲ ਪੰਜਾਬ ਨੂੰ ਖ਼ੁਸ਼ਹਾਲ ਕੀਤਾ ਸੀਦਹਿਸ਼ਤੀ ਦੌਰ ਦੀਆਂ ਮਾਰਾਂ ਝੱਲੀਆਂ ਹਨ ਤੇ ਪਰਦੇਸਾਂ ਦੇ ਦੁੱਖੜੇ ਝਾਗੇ ਹਨਨੌਜੁਆਨਾਂ ਦੀ ਨਿੱਘਰਦੀ ਤਾਕਤ ਨੂੰ ਹੁਣ ਵੀ ਉਸਾਰੀ ਵਿਚ ਲਾਇਆ ਜਾ ਸਕਦਾ ਹੈ‘ਜਿੱਥੇ ਚਾਹ ਉੱਥੇ ਰਾਹ’ ਵਾਂਗ ਸੂਝ ਸਿਆਣਪ ਨਾਲ ਫੈਸਲੇ ਲੈ ਕੇ ਉਹਨਾਂ ਉੱਤੇ ਦ੍ਰਿੜ ਇਰਾਦੇ ਨਾਲ ਅਮਲ ਕਰਨ ਦੀ ਲੋੜ ਹੈ

ਸੰਯੁਕਤ ਰਾਸ਼ਟਰ ਦੀ ਡਰੱਗਜ਼ ਤੇ ਜੁਰਮਾਂ ਦਾ ਲੇਖਾ-ਜੋਖਾ ਰੱਖਦੀ ਸੰਸਥਾ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਤਿੰਨ ਉਪਾਅ ਹਨ1. ਨਸ਼ਿਆਂ ਦੀ ਮੁੱਢਲੀ ਸਪਲਾਈ ਲਾਈਨ ਨੂੰ ਰੋਕ ਦਿੱਤਾ ਜਾਵੇ2. ਨਸ਼ੱਈ ਲੋਕਾਂ ਦਾ ਇਲਾਜ ਕਰਵਾ ਕੇ ਨਸ਼ਿਆਂ ਦੀ ਲੋੜ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ3. ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਲਿਆ ਜਾਵੇਚੀਨ ਨੇ ਅਫ਼ੀਮ ਦੀ ਅੱਤ ਵਿਰੁੱਧ ਲੜਾਈ ਲੜ ਕੇ ਅਫ਼ੀਮ ਦੀ ਸਪਲਾਈ ਨੂੰ ਪੂਰਨ ਰੂਪ ਵਿਚ ਬੰਦ ਕਰ ਦਿੱਤਾਕਿਸੇ ਸਮੇਂ ਅਫ਼ੀਮ ਨਾਲ ਅਧਮੋਇਆ ਕੀਤਾ ਚੀਨ ਹੁਣ ਉਲੰਪਿਕ ਖੇਡਾਂ ਵਿੱਚੋਂ ਸਭ ਤੋਂ ਬਹੁਤੇ ਮੈਡਲ ਜਿੱਤਣ ਜੋਗਾ ਹੋ ਗਿਆ ਹੈ ਤੇ ਦੁਨੀਆ ਦੀ ਵੱਡੀ ਤਾਕਤ ਮੰਨਿਆ ਜਾ ਰਿਹਾ ਹੈਖੇਡਾਂ ਵਿਚ ਹੀ ਨਹੀਂ, ਚੀਨ ਵਿਸ਼ਵ ਦੇ ਵਣਜ ਵਪਾਰ ਵਿਚ ਵੀ ਸਿਖਰ ਉੱਤੇ ਹੈਜੇ ਚੀਨ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ?

ਮਿਆਰੀ ਵਿੱਦਿਆ ਅਤੇ ਰੁਜ਼ਗਾਰ ਦੇਣਾ ਅਤੇ ਭ੍ਰਿਸ਼ਟਾਚਾਰ ਰੋਕਣਾ ਸਰਕਾਰ ਯਾਨੀ ਸਿਸਟਮ ਦੇ ਹੱਥ-ਵੱਸ ਹਨਪਰ ਕੁਝ ਅਜਿਹੇ ਪੱਖ ਵੀ ਹਨ ਜੋ ਨੌਜੁਆਨਾਂ ਦੇ ਆਪਣੇ ਹੱਥ ਹਨਜਿਵੇਂ ਹੱਥੀਂ ਕਿਰਤ ਕਰਨਾ, ਬਾਕਾਇਦਾ ਕਸਰਤ ਕਰਨੀ, ਖੇਡਣਾ ਮੱਲ੍ਹਣਾ, ਚੰਗਾ ਸਾਹਿਤ ਪੜ੍ਹਨਾ, ਚੰਗਿਆਂ ਦੀ ਸੰਗਤ ਕਰਨੀ ਤੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣਾ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦਾ ਹੈਉਹ ਮਹਾਨ ਖਿਡਾਰੀਆਂ, ਕਲਾਕਾਰਾਂ, ਸਮਾਜ ਸੇਵਕਾਂ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਨਾਇਕਾਂ ਨੂੰ ਆਪਣਾ ਮਾਡਲ ਮੰਨ ਕੇ ਉਨ੍ਹਾਂ ਦੀ ਰੀਸ ਕਰ ਸਕਦੇ ਹਨਅਜਿਹਾ ਕਰਨ ਨਾਲ ਉਹ ਖ਼ੁਦ ਹੋਰਨਾਂ ਲਈ ਮਾਡਲ ਬਣ ਸਕਦੇ ਹਨ ਤੇ ਪੰਜਾਬ ਨੂੰ ਮੁੜ ਵਸਦਾ ਰਸਦਾ ਕਰ ਸਕਦੇ ਹਨਫਿਰ ਉਹੀ ਗੀਤ ਗੂੰਜ ਸਕਦੇ ਹਨ: ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ...ਨਹੀਂ ਰੀਸਾਂ ਦੇਸ ਪੰਜਾਬ ਦੀਆਂ, ਨਹੀਂ ਰੀਸਾਂ ...!

*****

(1388)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author