SarwanSingh7“... ਟੋਆ ਪੁੱਟ ਕੇਪੈਸੇ ਰੱਖ ਕੇ ਉੱਤੇ ਮਿੱਟੀ ਪਾ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ ...
(ਜੂਨ 4, 2016)

 

ਕਈ ਵਾਰ ਹੈਰਾਨ ਹੁੰਦਾ ਹਾਂ ਕਿ ਪੰਜਾਬ ਦੇ ਦਹਿਸ਼ਤੀ ਦਿਨਾਂ ਵਿਚ ਮੈਂ ਕਿਵੇਂ ਬਚਿਆ ਰਿਹਾ? ਮੈਂ ਉਦੋਂ ਢੁੱਡੀਕੇ ਕਾਲਜ ਵਿਚ ਪੜ੍ਹਾਉਂਦਾ ਸਾਂ। ਢੁੱਡੀਕੇ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਚਿੱਟੇ ਦਿਨ ਇਕ ਮੋਨੇ ਮਾਸਟਰ ਨੂੰ ਮਾਰਨ ਹਥਿਆਰਬੰਦ ਬੰਦੇ ਆ ਗਏ। ਸਭ ਖੂੰਜੇ ਲੱਗ ਗਏ। ਮਾਰੇ ਜਾਣ ਵਾਲਾ ਮਾਸਟਰ ਕੁਦਰਤੀ ਵਾਸ਼ ਰੂਮ ਗਿਆ ਹੋਇਆ ਸੀ। ਕਿਸੇ ਨੇ ਖ਼ਬਰ ਕਰ ਦਿੱਤੀ ਕਿ ਕੁੰਡੀ ਲਾ ਕੇ ਅੰਦਰੇ ਬੈਠਾ ਰਹਿ। ਅੰਦਾਜ਼ਾ ਲਾਓ, ਕਿਵੇਂ ਉਹਦਾ ਜਿਉਂਦੇ ਦਾ ਮਾਰਨ ਹੋਇਆ? ਵਧੀ ਕਹਿ ਲਓ ਜਾਂ ਕੁਝ ਹੋਰ, ਮਸਾਂ ਬਚੀ ਉਹਦੀ ਜਾਨ! ਉਹ ਹਾਲੀਂ ਵੀ ਜਿਊਂਦਾ ਹੈ ਤੇ ਹੈਰਾਨ ਹੁੰਦਾ ਹੈ ਕਿ ਬਚ ਕਿਵੇਂ ਗਿਆ! ਮੈਂ ਸੋਚਦਾਂ, ਜੇ ਮੇਰਾ ਸਿਰ ਮੁੰਨਿਆ ਹੁੰਦਾ ਅਤੇ ਮੈਂ ਵਾਸ਼ ਰੂਮ ਨਾ ਗਿਆ ਹੁੰਦਾ, ਫਿਰ ਕੀ ਹੁੰਦਾ?

ਗੁਆਂਢੀ ਪਿੰਡ ਹੈ ਦੌਧਰ। ਅੰਨ੍ਹਿਆਂ ਨੂੰ ਕੀਰਤਨ ਸਿਖਾ ਕੇ ਸੁਜਾਖੇ ਬਣਾਉਣ ਵਾਲਾ। ਉਸ ਸਕੂਲ ਦੇ ਇਕ ਮਾਸਟਰ ਦੀ ਕਿਸਮਤ ਢੁੱਡੀਕੇ ਦੇ ਮਾਸਟਰ ਵਰਗੀ ਨਹੀਂ ਸੀ। ਉਹ ਬੱਚਿਆਂ ਨੂੰ ਊੜਾ ਐੜਾ ਪੜ੍ਹਾ ਰਿਹਾ ਸੀ। ਨਾ ਕਿਸੇ ਨਾਲ ਵੈਰ ਨਾ ਵਿਰੋਧ। ਬੱਸ ਸਿਰ ਹੀ ਘੋਨਾ ਸੀ। ਊੜਾ ਆੜਾ ਪੜ੍ਹਾਉਂਦੇ ਨੂੰ ਏ. ਕੇ. ਸੰਤਾਲੀ ਵਾਲੇ ਮਾਰ ਕੇ ਔਹ ਗਏ! ਨਾ ਕੋਈ ਪਰਚਾ, ਨਾ ਪੁੱਛ ਪੜਤਾਲ। ਉਸੇ ਸਕੂਲ ਦੇ ਹੋਰ ਮਾਸਟਰ ਅੱਜ ਵੀ ਹੈਰਾਨ ਹਨ ਕਿ ਉਹ ਕਿਵੇਂ ਬਚੇ ਰਹੇ?

ਮੇਰੇ ਭਰਾ ਨੇ ਇਕ ਦਿਨ ਬਰੰਗ ਲਫਾਫ਼ੇ ਵਾਲੀ ਚਿੱਠੀ ਮੈਨੂੰ ਲਿਆ ਦਿੱਤੀ। ਕਹਿਣ ਲੱਗਾ,"ਬਹੁਤ ਮਾੜੀ ਐ, ਪੜ੍ਹ ਕੇ ਦੇਖ ਲੈ।ਲਫ਼ਾਫ਼ੇ ਉੱਤੇ ਮੇਰੇ ਨਾਂ ਨਾਲ ਪ੍ਰੋਫੈਸਰ ਲਿਖ ਕੇ ਘਰ ਗੁਰਦੁਆਰੇ ਦੇ ਕੋਲ ਲਿਖਿਆ ਸੀ। ਪਿੰਡ ਤੇ ਡਾਕਖਾਨਾ ਖ਼ਾਸ ਚਕਰ ਸੀ। ਸਿਰਨਾਵੇਂ ਦਾ ਕੋਈ ਭੁਲੇਖਾ ਨਹੀਂ ਸੀ ਛੱਡਿਆ। ਡਾਕੀਏ ਨੇ ਬਰੰਗ ਲਫਾਫ਼ੇ ਦੇ ਪੈਸੇ ਭਰਾ ਤੋਂ ਲੈ ਲਏ। ਭਰਾ ਚਿੱਠੀ ਪੜ੍ਹਨ ਸਾਰ ਹੀ ਮੇਰੇ ਕੋਲ ਢੁੱਡੀਕੇ ਪਹੁੰਚ ਗਿਆ।

ਮੈਂ ਚਿੱਠੀ ਦੀ ਤਹਿ ਖੋਲ੍ਹੀ ਤਾਂ ਲਿਖਤੁਮ ਜਰਨੈਲ ਸਿੰਘ ਹਲਵਾਰਾ ਲਿਖਿਆ ਹੋਇਆ ਸੀ। ਲਿਖਿਆ ਸੀ ਕਿ ਤੁਹਾਡੇ ਭਰਾ ਨੇ ਸਾਨੂੰ ਸਕੂਟਰ ਨਹੀਂ ਸੀ ਦਿੱਤਾ ਤੇ ਉਲਟਾ ਜੀਪ ਸਾਡੇ ਮਗਰ ਲਾਈ ਸੀ, ਸਾਨੂੰ ਫੜਨ ਲਈ। ਅਸੀਂ ਪਿੜਾਂ ਵਿਚ ਲੁਕ ਕੇ ਮਸਾਂ ਜਾਨ ਬਚਾਈ। ਲੁਕਦਿਆਂ ਸਾਡੇ ਤਿੰਨ ਹਥਿਆਰ ਪਿੜਾਂ ਵਿਚ ਰਹਿਗੇ ਜਿਨ੍ਹਾਂ ਦੀ ਕੀਮਤ 39500 ਰੁਪਏ ਬਣਦੀ ਹੈ। ਸਜ਼ਾ ਤਾਂ ਤੁਹਾਨੂੰ ਵੱਡੀ ਦੇਣੀ ਸੀ ਪਰ ਗੁਰੂ ਰਾਖਾ। ਪਹਿਲਾਂ ਅਸੀਂ ਢੁੱਡੀਕੇ ਤੁਹਾਡੇ ਦੋਹਾਂ ਪੁੱਤਰਾਂ ਨੂੰ ਮਾਰਨ ਗਏ ਸੀ ਪਰ ਉਸ ਦਿਨ ਸਕੂਟਰ ਦਗ਼ਾ ਦੇ ਗਿਆ। ਅਕਾਲ ਪੁਰਖ ਨੇ ਈ ਤੁਹਾਡੇ ਬੱਚੇ ਬਚਾਏ ਐ। ਹੁਣ ਘੱਟ ਸਜ਼ਾ ਏਹੋ ਐ ਕਿ ਤਿੰਨ ਹਥਿਆਰ ਜਾਂ 39500 ਰੁਪਏ ਨਾਨਕਸਰ ਦੇ ਗੁਰਦੁਆਰੇ ਕੋਲ ਬਾਬਾ ਨੰਦ ਸਿੰਘ ਮਾਰਗ ਦੇ ਬੋਰਡ ਹੇਠਾਂ ਟੋਆ ਪੁੱਟ ਕੇ, ਪੈਸੇ ਰੱਖ ਕੇ ਉੱਤੇ ਮਿੱਟੀ ਪਾ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ। ਜੇ ਕੋਈ ਚੁਸਤੀ ਚਲਾਕੀ ਕੀਤੀ ਤਾਂ ਸਾਰੇ ਪਰਿਵਾਰ ਨੂੰ ਸੋਧ ਦਿੱਤਾ ਜਾਊ।

ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਮੇਰਾ ਕੀ ਹਾਲ ਹੋਇਆ ਹੋਵੇਗਾ? ਸੱਚਮੁੱਚ ਹੀ ਮੈਂ ਬਹੁਤ ਡਰ ਗਿਆ ਸਾਂ। ਖਾਣਾ ਪੀਣਾ ਵਿੱਸਰ ਗਿਆ ਸੀ। ਇੰਨਾ ਸ਼ੁਕਰ ਸੀ ਕਿ ਬੱਚੇ ਬਚ ਗਏ ਸਨ। ਜੇ ਉਸ ਦਿਨ ਉਨ੍ਹਾਂ ਦਾ ਸਕੂਟਰ ਨਾ ਵਿਗੜਦਾ ਤਾਂ ...। ਹੈਰਾਨ ਹਾਂ ਕਿ ਬਚਾਅ ਕਿਸ ਬਿਧ ਹੋਇਆ? ਕੀ ਪਤਾ ਉਦੋਂ ਸਾਰੇ ਪਰਿਵਾਰ ਦਾ ਹੀ ਭੋਗ ਪੈ ਜਾਂਦਾ!

ਇਕ ਦਿਨ ਖਾੜਕੂਆਂ ਦੇ ਸੱਦੇ ’ਤੇ ਕਾਲਜ ਬੰਦ ਸੀ। ਮੈਂ ਆਪਣੇ ਸਹੁਰਾ ਸਾਹਿਬ ਦਾ ਫੌਜੀ ਕਾਰਡ ਲੈ ਕੇ ਹਲਵਾਰੇ ਕੰਟੀਨ ਤੋਂ ਰੰਮ ਲੈਣ ਚਲਾ ਗਿਆ। ਬੋਤਲਾਂ ਸਕੂਟਰ ਦੀ ਡਿੱਕੀ ਵਿਚ ਰੱਖ ਕੇ ਸੁਧਾਰ ਦੇ ਪੁਲ ਤੋਂ ਨਹਿਰ ਦੀ ਪਟੜੀ ਪਿੰਡ ਨੂੰ ਮੁੜ ਪਿਆ। ਜੱਸੋਵਾਲ ਵਿਚ ਦੀ ਚੌਕੀਮਾਨ ਹੋ ਕੇ ਢੁੱਡੀਕੇ ਆਉਣਾ ਸੀ। ਉਦੋਂ ਈ ਪਤਾ ਲੱਗਾ ਜਦੋਂ ਕਾਹਾਂ ਦੇ ਬੂਝਿਆਂ ਉਹਲਿਓਂ ਦੋ ਬੰਦੇ ਨਿਕਲੇ ਜਿਨ੍ਹਾਂ ਨੇ ਸਕੂਟਰ ਰੋਕਣ ਲਈ ਹੱਥ ਖੜ੍ਹੇ ਕੀਤੇ। ਮੈਨੂੰ ਜਰਨੈਲ ਸਿੰਘ ਹਲਵਾਰਾ ਯਾਦ ਆ ਗਿਆ ਤੇ ਮੇਰੇ ਭਰਾ ਦੇ ਸਕੂਟਰ ਨੂੰ ਰੋਕਣ ਵਾਲੇ ਵੀ ਯਾਦ ਆ ਗਏ। ਹੁਣ? ਜੇ ਸਕੂਟਰ ਰੋਕਦਾ ਸੀ ਤਾਂ ਵੀ ਮੌਤ ਦਾ ਡਰ ਸੀ, ਜੇ ਨਹੀਂ ਸੀ ਰੋਕਦਾ ਤਾਂ ਵੀ ਪਿੱਛੋਂ ਗੋਲੀ ਆ ਸਕਦੀ ਸੀ।

ਸਹਿਮੇ ਹੋਏ ਨੇ ਮੈਂ ਸਕੂਟਰ ਰੋਕ ਲਿਆ। ਮਨ ਵਿਚ ਕਿਹਾ, ਵੇਖੀ ਜਾਊ ਜੋ ਹੋਊ। ਉਹ ਦੋਵੇਂ ਜਣੇ ਮੇਰੇ ਪਿੱਛੇ ਬਹਿ ਗਏ ਤੇ ਕਹਿਣ ਲੱਗੇ,“ਚੱਲ।”ਮੈਂ ਚੱਲ ਪਿਆ ਤੇ ਸੋਚਣ ਲੱਗਾ, ਗੋਲੀ ਵੱਜੀ ਕਿ ਵੱਜੀ। ਉਹ ਹਿਲਦੇ ਜੁਲਦੇ ਤਾਂ ਅਏਂ ਲੱਗਦਾ ਜਿਵੇਂ ਹਥਿਆਰ ਕੱਢਦੇ ਹੋਣ। ਸਕੂਟਰ ਚਲਾਉਂਦਾ ਮੈਂ ਸੋਚੀ ਜਾਵਾਂ ਕਿ ਰਿਵਾਲਵਰ ਪਿੱਛੋਂ ਗਿੱਚੀ ਨਾਲ ਲਾਉਣਗੇ। ਇਕ ਵਾਰ ਲੱਗਾ ਵੀ ਜਿਵੇਂ ਉਹਨਾਂ ਨੇ ਮੇਰੀ ਗਿੱਚੀ ਨਾਲ ਕੁਛ ਲਾਇਆ ਹੋਵੇ। ਇਹ ਅੰਤਲਾ ਸਮਾਂ ਸੀ। ਬੱਸ ਇਕ ਮਿੰਟ ਤੇ ਖੇਡ ਖ਼ਤਮ ਹੋ ਜਾਣੀ ਸੀ। ਰੰਮ ਦੀਆਂ ਖੜਕਦੀਆਂ ਬੋਤਲਾਂ ਮੌਤ ਨੂੰ ਅੱਡ ’ਵਾਜ਼ਾਂ ਮਾਰ ਰਹੀਆਂ ਸਨ!

ਸੁਧਾਰ ਪਹੁੰਚ ਕੇ ਮੇਰੇ ਮੂੰਹੋਂ ਮਸਾਂ ਬੋਲ ਨਿਕਲੇ, “ਬਾਬਿਓ, ਮੈਂ ਤਾਂ ਐਥੇ ਤਕ ਈ ਆਉਣਾ ਸੀ।”ਉਹ ਚੁੱਪ ਚਾਪ ਸਕੂਟਰ ਤੋਂ ਉੱਤਰੇ ਤੇ ਬਿਨਾਂ ਕੁਝ ਕਹੇ ਪੁਲ ਉੱਤੋਂ ਦੀ ਦੂਜੇ ਪਾਸੇ ਚਲੇ ਗਏ। ਮੇਰੀ ਜਾਨ ਵਿਚ ਜਾਨ ਆਈ। ਮੈਂ ਸੋਚਿਆ, ਜੇ ਉਹ ਸੱਚੀਂ ਜਰਨੈਲ ਸਿੰਘ ਹਲਵਾਰਾ ਹੁੰਦਾ ਤੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਹੀ ਪ੍ਰੋਫੈਸਰ ਸਾਂ ਜੀਹਨੇ ਚਿੱਠੀ ਮਿਲਣ ਦੇ ਬਾਵਜੂਦ ਹਥਿਆਰਾਂ ਦੇ ਪੈਸੇ ਨਹੀਂ ਸੀ ਰੱਖੇ, ਫਿਰ ਕੀ ਹੁੰਦਾ? ਮੇਰਾ ਦਾਣਾ ਪਾਣੀ ਇੱਥੇ ਹੀ ਮੁੱਕ ਜਾਂਦਾ ਤੇ ਮੇਰੀ ਲਾਸ਼ ਨੂੰ ਨਹਿਰ ਵਿਚ ਰੋੜ੍ਹ ਦਿੱਤਾ ਜਾਂਦਾ!

ਸਵੇਰੇ ਸਵਖਤੇ ਹੀ ਕਾਮਰੇਡ ਮਹਿੰਦਰ ਸੈਕਟਰੀ ਦਾ ਲੜਕਾ ਸਾਡੇ ਘਰ ਆਇਆ। ਮੈਂ ਚਕਰ ਹੀ ਸਾਂ। ਉਸ ਨੇ ਰੋਂਦਿਆਂ ਦੱਸਿਆ ਕਿ ਅੱਤਵਾਦੀ ਉਹਦੇ ਪਿਤਾ ਨੂੰ ਮਾਰ ਗਏ। ਦਿਨ ਛਿਪੇ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹ ਉਹਦੇ ’ਤੇ ਈ ਚੱਲੀਆਂ ਸੀ। ਘਰ ਦੇ ਜੀਆਂ ਨੇ ਡਰ ਦੇ ਮਾਰਿਆਂ ਰਾਤ ਘਰੋਂ ਬਾਹਰ ਕੱਟੀ ਸੀ। ਉਹ ਉਹਦਾ ਰਿਵਾਲਵਰ ਮੰਗਦੇ ਸੀ। ਇਕ ਅੱਧ ਗੱਲ ਹੋਈ ਸੀ ਕਿ ਉਹ ਜਾਨ ਬਚਾਉਣ ਲਈ ਭੱਜ ਪਿਆ। ਕੰਧ ਟੱਪਣ ਲੱਗੇ ਦੇ ਉਹ ਏ. ਕੇ. ਸੰਤਾਲੀ ਦਾ ਬ੍ਰਸਟ ਮਾਰ ਗਏ। ਲਾਸ਼ ਉੱਥੇ ਈ ਪਈ ਸੀ।

ਬੰਦੇ ਮਰਨ/ਮਾਰਨ ਦੀਆਂ ਖ਼ਬਰਾਂ ਹਰ ਰੋਜ਼ ਪੜ੍ਹਦੇ ਸੁਣਦੇ ਹੋਣ ਕਾਰਨ ਇਹ ਖ਼ਬਰ ਅਸਚਰਜ ਤਾਂ ਨਹੀਂ ਸੀ ਪਰ ਮੇਰੇ ਲਈ ਅਸਚਰਜ ਸੀ। ਮੈਂ ਸੋਚਣ ਲੱਗਾ, “ਜੇ ਉੱਦਣ ਮੇਰਾ ਭਰਾ ਭਜਨ ਅਮਰੀਕਾ ਤੋਂ ਪਿੰਡ ਨਾ ਆਇਆ ਹੁੰਦਾ ਤਾਂ ਮੈਂ ਘਰ ਦਿਆਂ ਨੂੰ ਮਿਲ ਕੇ ਸ਼ਾਮ ਨੂੰ ਮਹਿੰਦਰ ਵੱਲ ਚਲੇ ਜਾਣਾ ਸੀ। ਉੱਥੇ ਉਸ ਨੇ ਮੈਨੂੰ ਖਾਣ ਪੀਣ ਲਾ ਲੈਣਾ ਸੀ। ਗੱਲਾਂ ਕਰਦਿਆਂ ਉੱਥੇ ਦਿਨ ਛਿਪ ਜਾਣਾ ਸੀ। ਉਹ ਜਿਹੜੇ ਉਹਨੂੰ ਮਾਰਨ ਆਏ ਸਨ ਉਦੋਂ ਮੈਂ ਵੀ ਉੱਥੇ ਬੈਠੇ ਹੋਣਾ ਸੀ। ਉਨ੍ਹਾਂ ਨੇ ਮੈਨੂੰ ਕਿਹੜਾ ਬਖਸ਼ਣਾ ਸੀ? ਆਹ ਵੇਖ ਲਓ, ਮਹਿੰਦਰ ਕੱਲ੍ਹ ਚੰਗਾ ਭਲਾ ਸੀ, ਅੱਜ ਖ਼ਤਮ ਐਂ! ਇਹੋ ਕੁਝ ਮੇਰੇ ਨਾਲ ਹੋਣਾ ਸੀ।ਮੈਂ ਹੈਰਾਨ ਸਾਂ ਕਿ ਇਕ ਵਾਰ ਫਿਰ ਮੌਤ ਦੇ ਅੜਿੱਕੇ ਆਉਣੋਂ ਬਚ ਗਿਆ ਸਾਂ!

ਜੂਨ 1984 ਦੀ 3 ਤਾਰੀਖ ਸੀ। ਉੱਦਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਉਸੇ ਦਿਨ ਚੌਕੀਮਾਨ ਮੇਰੀ ਪਤਨੀ ਦੇ ਚਚੇਰੇ ਭਰਾ ਦਾ ਵਿਆਹ ਸੀ। ਜੰਨ ਕਿਲਾ ਰਾਇਪੁਰ ਜਾਣੀ ਸੀ। ਅਨੰਦ ਕਾਰਜ ਹੋ ਗਏ ਤੇ ਖਾਣ ਪੀਣ ਵੀ ਹੋ ਗਿਆ। ਡੋਲੀ ਲੈ ਕੇ ਮੁੜ ਰਹੇ ਸਾਂ ਕਿ ਨਾਰੰਗਵਾਲ ਲੰਘ ਕੇ ਨਹਿਰ ਦੇ ਪੁਲ ਉੱਤੇ ਕੁਝ ਜਾਨੀ ਪਾਣੀ ਧਾਣੀ ਪੀਣ ਉੱਤਰੇ। ਉੱਥੇ ਹੀ ਕਿਸੇ ਨੇ ਦੱਸਿਆ ਕਿ ਅੱਜ ਰੇਡੀਓ ਤੋਂ ਇੰਦਰਾ ਗਾਂਧੀ ਬੋਲੀ ਸੀ। ਲੱਗਦੈ ਕੁਛ ਹੋਊਗਾ।

ਜੰਨ ਜੋਧਾਂ-ਮਸੂਰਾਂ ਵਿਚ ਦੀ ਚੌਕੀਮਾਨ ਪਰਤ ਆਈ। ਸਵੇਰੇ ਜਾਗੇ ਤਾਂ ਪਤਾ ਲੱਗਾ ਕਿ ਸੜਕਾਂ ’ਤੇ ਆਵਾਜਾਈ ਬੰਦ ਹੈ ਤੇ ਕੋਈ ਰੇਲ ਗੱਡੀ ਨਹੀਂ ਚੱਲ ਰਹੀ। ਨਾ ਅਖ਼ਬਾਰ ਆਏ ਸਨ ਤੇ ਨਾ ਰੇਡੀਓ ਤੋਂ ਕੋਈ ਖ਼ਬਰ ਆ ਰਹੀ ਸੀ। ਜਿਹੜਾ ਕੋਈ ਚੌਕੀਮਾਨ ਦੇ ਬੱਸ ਅੱਡੇ ’ਤੇ ਜਾਂਦਾ, ਉਹ ਖੱਜਲ਼ ਖੁਆਰ ਹੋ ਕੇ ਮੁੜਦਾ। ਜੇ ਕੋਈ ਜ਼ਰੂਰੀ ਕੰਮ ਜਾਣ ਦਾ ਵਾਸਤਾ ਪਾਉਂਦਾ ਤਾਂ ਫੌਜੀ ਕੰਨ ਫੜਾ ਕੇ ਬੈਠਕਾਂ ਕਢਾਉਂਦੇ। ਸਾਈਕਲਾਂ ਵਾਲਿਆਂ ਦੇ ਗਲਾਂ ’ਚ ਸਾਈਕਲ ਪੁਆ ਕੇ ਗੇੜੇ ਕਢਾਏ ਜਾਂਦੇ। ਪਸ਼ੂਆਂ ਲਈ ਪੱਠੇ ਲਿਆਉਣੇ ਔਖੇ ਹੋ ਗਏ। ਇਹੋ ਅਫ਼ਵਾਹਾਂ ਉੱਡੀ ਗਈਆਂ ਕਿ ਫਲਾਣੇ ਥਾਂ ਗੋਲੀ ਚੱਲੀ ਐ ਤੇ ਫਲਾਣੇ ਥਾਂ ਐਨੇ ਬੰਦੇ ਮਾਰੇ ਗਏ। ਫਿਰ ਰੇਡੀਓ ਤੋਂ ਬੀ. ਬੀ. ਸੀ. ਦੀ ਖ਼ਬਰ ਆਈ ਕਿ ਫੌਜ ਨੇ ਦਰਬਾਰ ਸਾਹਿਬ ’ਤੇ ਹੱਲਾ ਬੋਲ ਦਿੱਤੈ। ਸਾਨੂੰ ਚੌਕੀਮਾਨ ਘਿਰਿਆਂ ਨੂੰ 4 ਤਾਰੀਖ ਵੀ ਲੰਘ ਗਈ ਤੇ 5 ਵੀ ਲੰਘ ਗਈ। ਅਸੀਂ ਰੇਡੀਓ ਨਾਲ ਕੰਨ ਲਾ ਕੇ ਬੀ. ਬੀ. ਸੀ. ਦੀਆਂ ਖ਼ਬਰਾਂ ਸੁਣਦੇ। ਖ਼ਬਰਾਂ ਆ ਰਹੀਆਂ ਸਨ ਕਿ ਦਰਬਾਰ ਸਾਹਿਬ ਉੱਤੇ ਟੈਂਕ ਚਾੜ੍ਹੇ ਗਏ ਤੇ ਅਕਾਲ ਤਖਤ ਨੂੰ ਤੋਪਾਂ ਨਾਲ ਢਾਹ ਢੇਰੀ ਕਰ ਦਿੱਤਾ! ਅਜਿਹੀਆਂ ਖ਼ਬਰਾਂ ਨਾਲ ਸਿੱਖਾਂ ਦੇ ਹਿਰਦੇ ਛਲਣੀ ਹੋ ਗਏ ਤੇ ਕਈ ਵਾਹੋ ਦਾਹ ਅੰਮ੍ਰਿਤਸਰ ਵੱਲ ਨੂੰ ਵਹੀਰਾਂ ਘੱਤ ਤੁਰੇ। 6 ਜੂਨ ਨੂੰ ਮੈਂ ਤੇ ਮੇਰਾ ਭਰਾ ਪੈਦਲ ਹੀ ਚੌਕੀਮਾਨ ਤੋਂ ਸੋਹੀਆਂ ਦੇ ਖੇਤਾਂ ਵਿਚ ਦੀ ਹੁੰਦੇ ਹੋਏ ਆਪਣੇ ਪਿੰਡ ਚਕਰ ਨੂੰ ਚੱਲ ਪਏ। ਖੇਤਾਂ ਵਿਚ ਕੋਈ ਟਾਵਾਂ ਟੱਲਾ ਬੰਦਾ ਹੀ ਨਜ਼ਰੀਂ ਪੈ ਰਿਹਾ ਸੀ। ਪਿੰਡਾਂ ਵਿਚ ਵੀ ਸੁੰਨਸਾਨ ਸੀ।

ਸੋਹੀਆਂ, ਗਗੜਾ ਤੇ ਕੋਠੇ ਲੰਘ ਕੇ ਜਗਰਾਓਂ ਤੋਂ ਰਾਏਕੋਟ ਜਾਣ ਵਾਲੀ ਪੱਕੀ ਸੜਕ ਲੰਘਣੀ ਸੀ। ਸਾਨੂੰ ਡਰ ਸੀ ਕਿ ਉਹਦੇ ਉੱਤੇ ਵੀ ਫੌਜੀਆਂ ਦਾ ਪਹਿਰਾ ਹੋਵੇਗਾ। ਆਸਾ ਪਾਸਾ ਵੇਖ ਕੇ ਅਸੀਂ ਸਾਇੰਸ ਕਾਲਜ ਕੋਲੋਂ ਸੜਕ ਪਾਰ ਕੀਤੀ ਤੇ ਡੱਲੇ ਨੂੰ ਜਾਣ ਵਾਲੀ ਲਿੰਕ ਸੜਕ ਉੱਤੇ ਜਾ ਚੜ੍ਹੇ। ਭਰਾ ਉੱਥੋਂ ਚਕਰ ਨੂੰ ਚਲਾ ਗਿਆ ਤੇ ਮੈਂ ਸੂਏ ਪੈ ਕੇ ਢੁੱਡੀਕੇ ਵੱਲ ਤੁਰ ਪਿਆ। ਅਗਾਂਹ ਸੂਏ ’ਤੇ ਫੌਜੀ ਗੱਡੀ ਵੇਖ ਕੇ ਮੈਂ ਰੁਕਿਆ ਤੇ ਵੱਡੇ ਕੌਂਕਿਆਂ ਨੂੰ ਮੁੜਨਾ ਮੁਨਾਸਿਬ ਸਮਝਿਆ। ਕੌਂਕੀਂ ਢੁੱਡੀਕੇ ਕਾਲਜ ਦਾ ਇਕ ਵਿਦਿਆਰਥੀ ਮਿਲ ਗਿਆ ਜਿਸ ਨੇ ਮੈਨੂੰ ਆਪਣਾ ਸਾਈਕਲ ਦੇ ਦਿੱਤਾ। ਜਦੋਂ ਮੈਂ ਕੌਂਕਿਆਂ ਤੋਂ ਚੂਹੜਚੱਕ ਵੱਲ ਨੂੰ ਚੱਲਿਆ ਤਾਂ ਗੁਰੂਸਰ ਕੌਂਕਿਆਂ ਵੱਲ ਫਾਇਰਿੰਗ ਹੋਈ। ਜੇ ਮੈਂ ਵੱਡੇ ਕੌਂਕਿਆਂ ਵੱਲ ਨਾ ਮੁੜਦਾ ਤਾਂ ਉਸ ਸਮੇਂ ਫਾਇਰਿੰਗ ਵਾਲੀ ਥਾਂ ਹੋਣਾ ਸੀ। ਬਾਅਦ ਵਿਚ ਪਤਾ ਲੱਗਾ ਕਿ ਉੱਥੇ ਰਾਹ ਜਾਂਦੇ ਤਿੰਨ ਚਾਰ ਬੰਦੇ ਮਾਰੇ ਗਏ। ਇਹ ਓਹੀ ਜਗ੍ਹਾ ਸੀ ਜਿੱਥੇ ਮੈਂ ਬਚਪਨ ਵਿਚ ਰੇਲ ਗੱਡੀ ਮੂਹਰੇ ਬੋਤੇ ਤੋਂ ਡਿੱਗਣੋ ਬਚਿਆ ਸਾਂ। ਮੈਂ ਸ਼ੁਕਰ ਕੀਤਾ ਕਿ ਓਧਰਲੇ ਰਾਹ ਨਹੀਂ ਸਾਂ ਪਿਆ। ਹੈਰਾਨੀ ਹੈ ਕਿ ਬਚਪਨ ਦਾ ਬਚਿਆ ਓਦਣ ਵੀ ਬਚ ਗਿਆ!

ਰਾਤ ਢੁੱਡੀਕੇ ਕੱਟ ਕੇ ਮੈਂ ਚਕਰ ਚਲਾ ਗਿਆ। ਸਾਡਾ ਘਰ ਗੁਰਦਵਾਰੇ ਦੇ ਨੇੜੇ ਹੀ ਹੈ। ਮੈਂ ਸਾਝਰੇ ਉੱਠਿਆ ਤਾਂ ਮੂੰਹ ਹਨ੍ਹੇਰੇ ਵਿਚ ਵੇਖਿਆ ਕਿ ਘਰ ਤੋਂ ਗੁਰਦੁਆਰੇ ਦੇ ਵਿਚਕਾਰ ਖਾਲੀ ਪਈ ਥਾਂ ’ਤੇ ਫੌਜੀ ਮੋਰਚੇ ਮੱਲੀ ਬੈਠੇ ਸਨ। ਮੈਂ ਬਾਹਰ ਨੂੰ ਜੰਗਲ ਪਾਣੀ ਜਾਂਦਾ ਰੁਕ ਗਿਆ। ਦਿਨ ਦਾ ਚਾਨਣ ਹੋਇਆ ਤਾਂ ਚਾਰ ਚੁਫੇਰੇ ਫੌਜ ਈ ਫੌਜ ਸੀ। ਏਨੀ ਫੌਜ ਤਾਂ ਮੈਂ ਹਿੰਦ-ਪਾਕਿ ਦੀਆਂ ਲੜਾਈਆਂ ਸਮੇਂ ਵੀ ਨਹੀਂ ਸੀ ਵੇਖੀ। ਰਾਤੋ ਰਾਤ ਟਰੱਕਾਂ ਦੇ ਟਰੱਕ ਪਿੰਡਾਂ ਵਿਚ ਆਣ ਵੜੇ ਸਨ। ਸਾਡੇ ਪਿੰਡ ਦਾ ਗੁਰਦੁਆਰਾ ਇਤਿਹਾਸਕ ਹੋਣ ਕਾਰਨ ਇਹਨੂੰ ਘੇਰਾ ਪਾਇਆ ਗਿਆ ਸੀ ਪਰ ਉੱਥੇ ਕੋਈ ਖਾੜਕੂ ਨਹੀਂ ਸੀ।

ਮੈਂ ਅਜੇ ਚਕਰ ਹੀ ਸਾਂ ਕਿ ਵੱਡੇ ਤੜਕੇ ਲਾਊਡ ਸਪੀਕਰ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਪਈ ਕੋਈ ਬੰਦਾ ਘਰੋਂ ਬਾਹਰ ਨਾ ਨਿਕਲੇ। ਬਾਹਰ ਫੌਜ ਨੇ ਪਿੰਡ ਨੂੰ ਘੇਰਾ ਪਾਇਆ ਹੋਇਐ। ਫਿਰ ਚਾਨਣ ਦੇ ਗੋਲੇ ਛੱਡੇ ਗਏ। ਲਾਊਡ ਸਪੀਕਰ ਤੋਂ ਆਵਾਜ਼ਾਂ ਦੇ ਕੇ ਲਸੰਸੀਏ ਬੁਲਾਏ ਗਏ ਤੇ ਉਨ੍ਹਾਂ ਦਾ ਅਸਲਾ ਲੈ ਲਿਆ ਗਿਆ। ਕੁਝ ਇਕਨਾਂ ਨੂੰ ਫੌਜੀ ਗੱਡੀਆਂ ਉੱਤੇ ਬਿਠਾ ਕੇ ਜਗਰਾਓਂ ਲੈ ਗਏ। ਕਈਆਂ ਦੀ ਕੁੱਟ ਮਾਰ ਵੀ ਹੋਈ। ਲੋਕ ਹੈਰਾਨ ਪਰੇਸ਼ਾਨ ਸਨ ਕਿ ਇਹ ਜੱਗੋਂ ਤੇਰ੍ਹਵੀਂ ਕਾਹਤੋਂ ਕੀਤੀ ਜਾ ਰਹੀ ਹੈ? ਵਿੱਚੇ ਪੰਚ ਸਨ ਵਿੱਚੇ ਸਰਪੰਚ। ਭਲੇ ਬੰਦੇ ਜ਼ਲੀਲ ਕੀਤੇ ਜਾ ਰਹੇ ਸਨ। ਮੈਂ ਇਸ ਨੂੰ ਨਾਦਰਸ਼ਾਹੀ ਸਮਝ ਰਿਹਾ ਸਾਂ। ਮੇਰੇ ਮਨ ਵਿਚ ਰੋਹ ਉੱਠ ਰਿਹਾ ਸੀ ਕਿ ਫੌਜੀ ਅਫਸਰਾਂ ਤੋਂ ਪੁੱਛਾਂ ਤਾਂ ਸਹੀ ਪਈ ਇਹ ਹਨ੍ਹੇਰਗਰਦੀ ਕਿਉਂ ਕਰਦੇ ਓਂ? ਮੈਂ ਬਾਹਰ ਜਾਣ ਲਈ ਅਹੁਲਦਾ ਰਿਹਾ ਪਰ ਘਰਦਿਆਂ ਨੇ ਮੈਨੂੰ ਰੋਕੀ ਰੱਖਿਆ, ਨਹੀਂ ਤਾਂ ਸੰਭਵ ਸੀ ਮੇਰਾ ਗਰਮ ਖੂੰਨ ਮੈਨੂੰ ਉੱਥੇ ਹੀ ਲੈ ਬਹਿੰਦਾ!

ਮੇਰੀ ਸੁਰਤ ਵਿਚ ਪਹਿਲਾਂ 1947 ਵਿਚ ਦੇਸ਼ ਦੀ ਵੰਡ ਸਮੇਂ ਲੱਖਾਂ ਬੇਦੋਸ਼ੇ ਮਾਰੇ ਗਏ। ਫਿਰ 1984 ਦੇ ਦਹਾਕੇ ਵਿਚ ਹਜ਼ਾਰਾਂ ਲੋਕਾਂ ਦੀ ਮਾਰ ਮਰਾਈ ਹੋਈ। ਦੋਸ਼ੀ ਘੱਟ ਮਰੇ, ਬੇਦੋਸ਼ੇ ਵੱਧ। ਧਰਮ ਦੇ ਨਾਂ ’ਤੇ ਜੋ ਹਾਲਾਤ ਹੁਣ ਬਣਾਏ ਜਾ ਰਹੇ ਹਨ, ਡਰ ਹੈ ਕਿ ਦਹਿਸ਼ਤੀ ਦੌਰ ਫਿਰ ਨਾ ਸ਼ੁਰੂ ਹੋ ਜਾਵੇ! ਡੱਬੂਆਂ ਨੇ ਤਾਂ ਅੱਗ ਲਾ ਕੇ ਕੰਧ ’ਤੇ ਜਾ ਬਹਿਣਾ ਹੈ। ਅੱਗ ਵਿਚ ਸੜਣਾ ਬੇਦੋਸ਼ਿਆਂ ਨੂੰ ਪੈਣਾ ਹੈ। ਮੇਰੇ ਵਾਂਗ ਜਿਹੜੇ ਪਹਿਲਾਂ ਬਚਦੇ ਰਹੇ, ਨਵੇਂ ਦਹਿਸ਼ਤੀ ਦੌਰ ਵਿਚ ਸ਼ਾਇਦ ਨਾ ਹੀ ਬਚ ਸਕਣ!

*****

(308)

(ਕੀ ਤੁਸੀਂ ਵੀ ਕਾਲ਼ੇ ਦਿਨਾਂ ਬਾਰੇ ਆਪਣੇ ਅਨੁਭਵ ‘ਸਰੋਕਾਰ’ ਦੇ ਪਾਠਕਾਂ ਨਾਲ ਸਾਂਝੇ ਕਰਨੇ ਚਾਹੋਗੇ? ... ਸਵਾਗਤ ਹੈ।)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author