“ਇੱਕ ਬੰਦਾ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਬਿੱਲ ਗੇਟਸ ਨਹੀਂ, ਸਭ ਤੋਂ ਵੱਡਾ ...”
(22 ਅਗਸਤ 2019)
ਗੁਰੂ ਨਾਨਕ ਦੇਵ ਅਤੇ ਸਮੁੰਦਰੀ ਮਲਾਹ ਵਾਸਕੋ ਡਾ ਗਾਮਾ ਹਾਣੋ-ਹਾਣੀ ਸਨ। ਦੋਹਾਂ ਦਾ ਜਨਮ 1469 ਈਸਵੀ ਵਿੱਚ ਹੋਇਆ ਸੀ। 1969 ਵਿੱਚ ਦੋਹਾਂ ਦੀਆਂ ਪੰਜਵੀਂਆਂ ਜਨਮ ਸ਼ਤਾਬਦੀਆਂ ਧੂਮਧਾਮ ਨਾਲ ਮਨਾਈਆਂ ਗਈਆਂ। ਪੁਰਤਗਾਲ ਦੀ ਸਰਕਾਰ ਨੇ ਵਾਸਕੋ ਡਾ ਗਾਮਾ ਦੀ ਯਾਦ ਵਿੱਚ ਯਾਦਗਾਰੀ ਸਿੱਕੇ ਕੱਢੇ ਸਨ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਦੇ ਨਾਂ ਉੱਤੇ ਅੰਮ੍ਰਿਤਸਰ ਵਿੱਚ ਯੂਨੀਵਰਸਿਟੀ ਸਥਾਪਿਤ ਕੀਤੀ ਸੀ। ਸਮੇਂ ਦਾ ਗੇੜ ਵੇਖੋ ਕਿ ਪੂਰਬ ਵੱਲੋਂ ਗੁਰੂ ਨਾਨਕ ਦੇਵ 1496 ਵਿੱਚ ਉਦਾਸੀਆਂ ਦੇ ਪੰਧ ਪਏ ਅਤੇ ਪੱਛਮ ਵੱਲੋਂ ਵਾਸਕੋ ਡਾ ਗਾਮਾ 1497 ਵਿੱਚ ਪੁਰਤਗਾਲ ਤੋਂ ਇੰਡੀਆ ਨੂੰ ਠਿੱਲ੍ਹਿਆ।
ਗੁਰੂ ਨਾਨਕ ਦੇਵ ਪੂਰਬ ਵਿੱਚ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਜਨਮੇ ਸਨ ਜਦ ਕਿ ਵਾਸਕੋ ਡਾ ਗਾਮਾ ਪੱਛਮ ਵਿੱਚ ਪੁਰਤਗਾਲ ਦੇ ਸ਼ਹਿਰ ਸਾਈਨਜ਼ ਵਿੱਚ ਜੰਮਿਆ ਸੀ। ਦੋਹਾਂ ਨੇ ਦੁਨੀਆ ਦਾ ਲੰਮਾ ਚੌੜਾ ਸਫ਼ਰ ਕੀਤਾ। ਇੱਕ ਨੇ ਪੈਦਲ ਤੇ ਦੂਜੇ ਨੇ ਸਮੁੰਦਰੀ ਬੇੜਿਆਂ ਉੱਤੇ। ਅਣਜਾਣੇ ਰਾਹਾਂ ਦਾ ਉਹ ਸਫ਼ਰ ਹਜ਼ਾਰਾਂ ਕੋਹਾਂ ਦਾ ਸੀ। ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਔਝੜ ਪੈਂਡਿਆਂ ਦਾ ਉਦੇਸ਼ ਕੀ ਸੀ? ਉਨ੍ਹਾਂ ਦੇ ਅਨੁਆਈਆਂ ਨੇ ਉਨ੍ਹਾਂ ਦੇ ਉਦੇਸ਼ ਉੱਤੇ ਕਿੰਨਾ ਕੁ ਅਮਲ ਕੀਤਾ? ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉਨ੍ਹਾਂ ਦੀਆਂ ਉਦਾਸੀਆਂ ਦੇ ਉਦੇਸ਼ ਨੂੰ ਅਪਨਾਉਣ ਦੀ ਕਿਤੇ ਵੱਧ ਲੋੜ ਹੈ।
ਬਾਲ ਨਾਨਕ ਪਾਂਧੇ ਅਤੇ ਮੌਲਵੀ ਤੋਂ ਅੱਖਰ ਪੜ੍ਹ ਕੇ ਡੰਗਰ ਚਾਰਨ ਲੱਗੇ ਸਨ। ਡੰਗਰ ਚਾਰਦਿਆਂ ਧੁੱਪੇ ਹਿ ਅੱਖ ਲੱਗ ਗਈ। ਮੱਝਾਂ ਰਾਏ ਬੁਲਾਰ ਦੀ ਪੈਲੀ ਵਿੱਚ ਵੜ ਗਈਆਂ। ਉਲਾਂਭੇ ਆਉਣ ਲੱਗੇ। ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਲੀਹ ਉੱਤੇ ਪਾਉਣ ਲਈ ਵੀਹ ਰੁਪਈਏ ਦੇ ਕੇ ਕਿਹਾ, “ਜਾਹ ਨਾਨਕ, ਸੌਦਾ ਪੱਤਾ ਕਰ, ਖੱਟ ਕਮਾ।”
ਉਦੋਂ ਦੇ ਵੀਹ ਰੁਪਈਏ ਹੁਣ ਦੇ ਲੱਖਾਂ ਰੁਪਈਆਂ ਬਰਾਬਰ ਸਨ।
ਗੁਰੂ ਨਾਨਕ ਨੇ ਉਨ੍ਹਾਂ ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਯਾਨੀ ਲੋੜਵੰਦਾਂ ਨੂੰ ਅੰਨ ਪਾਣੀ ਛਕਾ ਦਿੱਤਾ। ਆਪਣੇ ਜਾਣੇ ਸੱਚਾ ਸੌਦਾ ਕਰ ਲਿਆ। ਕਾਰਲ ਮਾਰਕਸ ਦੀ ਵਿਚਾਰਧਾਰਾ ‘ਯੋਗਤਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਵਸਤ’ ਬਾਅਦ ਵਿੱਚ ਆਈ। ਗੁਰੂ ਨਾਨਕ ਦੀ ਸੱਚੇ ਸੌਦੇ ਵਾਲੀ ਮਿਸਾਲ ਨਾਲ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਣ ਦੀ ਪਿਰਤ ਪੈ ਗਈ ਜਿਸ ਨੂੰ ਗੁਰੂ ਦੇ ਸਿੱਖਾਂ ਨੇ ‘ਗੁਰੂ ਕਾ ਲੰਗਰ’ ਨਾਂ ਦੇ ਦਿੱਤਾ। ਸ਼ੁਕਰ ਹੈ ਉਹ ਪਿਰਤ ਅੱਜ ਵੀ ਕਾਇਮ ਹੈ। ਪਦਾਰਥਵਾਦ ਦੇ ਬੇਰੁਖੇ ਵਰਤਾਰਿਆਂ ਸਮੇਂ ਵੀ ਗੁਰਦਵਾਰਿਆਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਖਾਣਾ ਪਰੋਸਿਆ ਜਾਂਦਾ ਹੈ। ਉੱਥੇ ਜਾਤ ਬਰਾਦਰੀ ਨਹੀਂ ਵੇਖੀ ਜਾਂਦੀ, ਊਚ ਨੀਚ ਨਹੀਂ ਪਰਖੀ ਜਾਂਦੀ। ਫਿਰ ਵੀ ਸਭ ਥਾਂਈਂ ਸਭ ਕੁਝ ਅੱਛਾ ਨਹੀਂ। ਗੁਰੂ ਦੇ ਸਿੱਖਾਂ ਨੂੰ ਆਪਣੀ ਅੰਤਰ ਆਤਮਾ ਅੰਦਰ ਝਾਤ ਮਾਰਨ ਦੀ ਲੋੜ ਹੈ।
ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸੀ, ਪਰਾਇਆ ਹੱਕ ਨਾ ਮਾਰਨਾ, ਮਾਇਆ ਨਾਲ ਮੋਹ ਨਾ ਕਰਨਾ, ਮਾਇਆ ਵਿੱਚ ਖਚਤ ਨਾ ਹੋਣਾ, ਮਾਇਆ ਇਕੱਠੀ ਕਰਨ ਲਈ ਕਿਰਤੀਆਂ ਅਤੇ ਉਪਜਾਊ ਸਾਧਨਾਂ ਦੀ ਲੁੱਟ ਖਸੁੱਟ ਨਾ ਕਰਨੀ ਅਤੇ ਸਾਰੀ ਉਮਰ ਮਾਇਆ ਖ਼ਾਤਰ ਹੀ ਪਾਪੜ ਨਾ ਵੇਲੀ ਜਾਣੇ। ਮਾਇਆ ਦੇ ਮਾੜੇ ਰੋਲ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਕੁਝ ਲਿਖਿਆ ਜਿਸਦਾ ਤੱਤਸਾਰ ਹੈ: ਪਾਪਾ ਵਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ। ਸਰਲ ਅਰਥ ਹਨ: ਪਾਪਾਂ ਬਿਨਾਂ ਯਾਨੀ ਲੁੱਟ ਖੋਹ ਕਰੇ ਬਿਨਾਂ ਮਾਇਆ ਇਕੱਠੀ ਨਹੀਂ ਹੁੰਦੀ। ਜਿਹੜੇ ਫਿਰ ਵੀ ਇਕੱਠੀ ਕਰਨੋ ਨਹੀਂ ਟਲਦੇ, ਮਰਨ ਵੇਲੇ ਉਹ ਉਨ੍ਹਾਂ ਦੇ ਨਾਲ ਨਹੀਂ ਜਾਂਦੀ। ਚੰਗਾ ਰਹੇ ਜੇ ਬੰਦਾ ਕਿਰਤ ਕਰੇ, ਵੰਡ ਛਕੇ ਤੇ ਨਾਮ ਜਪੇ। ਸਰਬੱਤ ਦਾ ਭਲਾ ਇਸੇ ਵਿੱਚ ਹੀ ਹੈ। ਇਸ ਉਦੇਸ਼ ਦੇ ਪਰਚਾਰ ਲਈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਭਾਵ ਚਾਰ ਲੰਮੇ ਸਫ਼ਰ ਕੀਤੇ। ਬਾਣੀ ਰਚੀ, ਗਾਈ, ਗੋਸ਼ਟਾਂ ਕੀਤੀਆਂ ਅਤੇ ਕਹੀਆਂ ਗੱਲਾਂ ਉੱਤੇ ਖ਼ੁਦ ਅਮਲ ਕਰ ਕੇ ਵਿਖਾਇਆ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਦੇ ਸਿੱਖ ਗੁਰਬਾਣੀ ’ਤੇ ਖ਼ੁਦ ਅਮਲ ਕਰ ਰਹੇ ਹਨ? ਕਿਤੇ ਪਾਖੰਡ ਤਾਂ ਨਹੀਂ ਕਰ ਰਹੇ? ਗੁਰਾਂ ਦਾ ਬਚਨ ਹੈ: ਛੋਡੀਲੇ ਪਾਖੰਡਾ ...।
ਦੂਜਾ ਪਾਸਾ ਦੇਖੋ। ਵਾਸਕੋ ਡਾ ਗਾਮਾ ਅਣਗੌਲਿਆ ਬੱਚਾ ਸੀ। ਉਹਦੀ ਜਨਮ ਤਾਰੀਖ ਦਾ ਅਜੇ ਵੀ ਪੱਕਾ ਪਤਾ ਨਹੀਂ। ਇੰਨਾ ਕੁ ਪਤਾ ਲੱਗ ਸਕਿਆ ਕਿ ਉਹ 1460ਵਿਆਂ ਵਿੱਚ ਜੰਮਿਆ ਸੀ। ਉਹਦਾ ਜਨਮ ਸਾਲ ਅਟੇਸਟੇ ਨਾਲ ਹੀ 1469 ਲਿਖਿਆ ਗਿਆ ਜੋ ਸਬੱਬ ਨਾਲ ਗੁਰੂ ਨਾਨਕ ਦੇਵ ਦਾ ਅਸਲੀ ਜਨਮ ਸਾਲ ਹੈ। ਮਲਾਹਗੀਰੀ ਉਹਦਾ ਸ਼ੌਕ ਸੀ। ਜਾਨ ਜੋਖੋਂ ਵਾਲਾ ਸੀ। ਖ਼ਤਰੇ ਸਹੇੜਨ ਵਾਲਾ। ਜੁਆਨ ਹੋਇਆ ਤਾਂ ਪੁਰਤਗਾਲ ਦੇ ਬਾਦਸ਼ਾਹ ਨੇ ਉਸ ਨੂੰ ਸਮੁੰਦਰੀ ਬੇੜਾ ਦੇ ਕੇ ਇੰਡੀਆ ਲੱਭਣ ਲਈ ਭੇਜਿਆ। ਉਸ ਦਾ ਉਦੇਸ਼ ਸੀ, ਨਵਾਂ ਮੁਲਕ ਲੱਭਣਾ, ਵਣਜ ਵਪਾਰ ਕਰਨਾ ਅਤੇ ਦੌਲਤ ਨਾਲ ਮਾਲਾਮਾਲ ਹੋਣਾ। ਇਹ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਦੇ ਬਿਲਕੁਲ ਉਲਟ ਸੀ।
ਵਾਸਕੋ ਡਾ ਗਾਮਾ ਨੇ ਇੰਡੀਆ ਨੂੰ ਪਹਿਲਾ ਸਮੁੰਦਰੀ ਬੇੜਾ 8 ਜੁਲਾਈ 1497 ਨੂੰ ਠੇਲ੍ਹਿਆ। ਉਹ 20 ਮਈ 1498 ਨੂੰ ਕਾਲੀਕਟ ਪੁੱਜਾ। ਗੁਰੂ ਨਾਨਕ ਦੇਵ ਵਾਂਗ ਨਾ ਕਿਸੇ ਨਾਲ ਗੋਸ਼ਟ ਕੀਤੀ, ਨਾ ਜੀਵਨ ਦਾ ਉਦੇਸ਼ ਦੱਸਿਆ, ਨਾ ਜੀਵਨ ਦੀ ਬੰਦਖਲਾਸੀ ਦਾ ਰਾਹ ਦੱਸਿਆ। ਇੰਡੀਆ ਪਹੁੰਚਾ ਤੇ ਮਸਾਲਿਆਂ ਦੇ ਬੇੜੇ ਭਰ ਕੇ ਯੂਰਪ ਵਿੱਚ ਮਹਿੰਗੇ ਭਾਅ ਵੇਚਣ ਲਈ ਲੈ ਗਿਆ। ਗੁਰੂ ਨਾਨਕ ਦਾ ਉਦੇਸ਼ ਮਾਇਆ ਤੋਂ ਮੁਕਤ ਸਚਿਆਰਾ ਜੀਵਨ ਜਿਊਣਾ ਸੀ ਜਦ ਕਿ ਵਾਸਕੋ ਡਾ ਗਾਮਾ ਨੂੰ ਭੇਜਣ ਵਾਲੇ ਬਾਦਸ਼ਾਹ ਦਾ ਮੰਤਵ ਬਹੁਤੀ ਮਾਇਆ ਇਕੱਠੀ ਕਰਨਾ ਸੀ। ਵਾਸਕੋ ਡਾ ਗਾਮੇ ਨੇ ਚਾਰ ਗੇੜੇ ਲਾਏ ਤੇ ਚੌਥਾ ਗੇੜਾ ਲਾਉਂਦਿਆਂ 24 ਦਸੰਬਰ 1524 ਨੂੰ ਇੰਡੀਆ ਦੇ ਸ਼ਹਿਰ ਕੋਚੀ ਵਿੱਚ ਚਲਾਣਾ ਕਰ ਗਿਆ। ਉਸ ਦੀ ਦੇਹ ਦਫਨਾ ਕੇ ਪਹਿਲਾਂ ਉਹਦੀ ਕਬਰ ਕੋਚੀ ਵਿੱਚ ਹੀ ਬਣਾਈ ਗਈ, ਫਿਰ 1939 ਵਿੱਚ ਦੇਹ ਪੁਰਤਗਾਲ ਲਿਜਾ ਕੇ ਦਫਨਾਈ ਗਈ। ਗੁਰੂ ਨਾਨਕ ਦੇਵ ਜੀ ਨੇ ਵੀ ਚਾਰ ਉਦਾਸੀਆਂ ਭਾਵ ਚਾਰ ਚੱਕਰ ਲਾਏ। ਫਿਰ ਕਰਤਾਰਪੁਰ ਵਸਾਇਆ, ਖ਼ੁਦ ਖੇਤੀ ਕੀਤੀ, ਲੰਗਰ ਲਾਏ ਅਤੇ 1939 ਵਿੱਚ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਜਿੱਥੋਂ ਦੇ ਲਾਂਘੇ ਦੀਆਂ ਗੱਲਾਂ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਹਨ।
ਸਮੇਂ ਦਾ ਗੇੜ ਵੇਖੋ, ਵਾਸਕੋ ਡਾ ਗਾਮਾ ਨੂੰ ਬਿਖੜੇ ਪੈਂਡਿਆਂ ਉੱਤੇ ਪਾਉਣ ਵਾਲਿਆਂ ਦੇ ਲੋਟੂ ਟੋਲੇ ਸਮੇਂ ਨਾਲ ਗਲੋਬਲਾਈਜੇਸ਼ਨ ਤਕ ਪੁੱਜਦਿਆਂ ਮਲਟੀਨੈਸ਼ਨਲ ਕੰਪਨੀਆਂ ਬਣਾ ਕੇ ਕੁੱਲ ਦੁਨੀਆ ਦੀ ਦੌਲਤ ਲੁੱਟ ਰਹੇ ਹਨ ਤੇ ਮਾਇਆ ਇਕੱਠੀ ਕਰਨ ਡਹੇ ਹਨ। ਮਾਇਆ ਇਕੱਠੀ ਕਰਨ ਲਈ ਉਹ ਜੰਗੀ ਹਥਿਆਰ ਬਣਾ ਰਹੇ, ਮੁਲਕਾਂ ਨੂੰ ਪਾੜ ਰਹੇ, ਆਪਸ ਵਿੱਚ ਲੜਾ ਰਹੇ, ਮਾਰੂ ਨਸ਼ੇ ਚਲਾ ਰਹੇ, ਦਹਿਸ਼ਤ ਫੈਲਾਅ ਰਹੇ, ਵੱਡੇ ਮੌਲ ਬਣਾ ਰਹੇ, ਵਣਜ ਵਪਾਰ ਵਧਾ ਰਹੇ, ਕਰੰਸੀ ਦੀ ਖੇਡ ਖੇਡ ਰਹੇ ਅਤੇ ਲੋਕਰਾਜਾਂ ਦੀ ਪੱਟੀ ਮੇਸ ਕਰਨ ਲਈ ਵੋਟਾਂ ਵੇਚ ਵੱਟ ਰਹੇ ਨੇ! ਲੋਕਾਈ ਬਲਦੀ ਦੇ ਮੂੰਹ ਦੇ ਰੱਖੀ ਹੈ ਉਨ੍ਹਾਂ ਨੇ।
ਇੱਧਰ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਵੱਲ ਨਜ਼ਰ ਮਾਰੋ। ਕੀ ਉਹ ਆਪਣੇ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲ ਰਹੇ ਨੇ ਜਾਂ ਉਹ ਵੀ ਵਾਸਕੋ ਡਾ ਗਾਮੇ ਦੇ ਚੇਲੇ ਬਣ ਗਏ ਹੋਏ ਨੇ! ਕਿਤੇ ‘ਰਾਜ ਨਹੀਂ ਸੇਵਾ’ ਦੇ ਨਾਂ ਉੱਤੇ ਨੋਟਾਂ ਨਾਲ ਰਾਜ ਲੈਣ ਤੇ ਰਾਜ ਨਾਲ ਨੋਟ ਇਕੱਠੇ ਕਰਨ ਦਾ ਡਰਾਮਾ ਤਾਂ ਨਹੀਂ ਕਰੀ ਜਾ ਰਹੇ?
ਕੁਝ ਸਾਲ ਪਹਿਲਾਂ ਮੈਂ ਸਿਆਟਲ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਕਰਨ ਗਿਆ। ਕੁਮੈਂਟਰੀ ਕਰਦਿਆਂ ਮੈਥੋਂ ਕਿਹਾ ਗਿਆ ਕਿ ਕੰਪਿਊਟਰ ਸਾਫਟਵੇਅਰ ਵਾਲਾ ਬਿੱਲ ਗੇਟਸ ਇਸੇ ਸ਼ਹਿਰ ਦਾ ਹੀ ਹੈ। ਉਹ ਸਭ ਤੋਂ ਵੱਡਾ ਇੰਪਲਾਇਰ ਹੈ। ਉਹਦੀ ਸਾਲਾਨਾ ਆਮਦਨ 90 ਬਿਲੀਅਨ ਡਾਲਰ ਤੋਂ ਵੱਧ ਐ। ਇੱਕ ਬੰਦਾ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਬਿੱਲ ਗੇਟਸ ਨਹੀਂ, ਸਭ ਤੋਂ ਵੱਡਾ ਇੰਪਲਾਇਰ ਐ ਗੁਰੂ ਗ੍ਰੰਥ ਸਾਹਿਬ। ਸਾਡਾ ਮਹਾਰਾਜ। ਉਹਦੀ ਸਾਲਾਨਾ ਆਮਦਨ ਦੇ ਤਾਂ ਬਿੱਲ ਗੇਟਸ ਪਾ ਪਾਸਕ ਵੀ ਨਹੀਂ।”
ਮੈਂ ਕਿਹਾ, “ਮਹਾਰਾਜ ਤਾਂ ਮਾਇਆ ਤੋਂ ਮੁਕਤੀ ਦਾ ਮਾਰਗ ਦੱਸਦੇ ਨੇ। ਮੈਂਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ।”
ਉਸ ਨੇ ਗੱਲ ਸਮਝਾਈ - ਅਖੇ ਸਾਡੇ ਮਹਾਰਾਜ ਦੇ ਵੀ ਅਨੇਕਾਂ ਏਜੰਟ ਨੇ, ਜਿਨ੍ਹਾਂ ਵਾਸਕੋ ਡਾ ਗਾਮਾ ਵਾਂਗ ਵਪਾਰੀ ਬਣ ਕੇ ਗੁਰਬਾਣੀ ਹੀ ਵੇਚਣੀ ਲਾ ਛੱਡੀ ਐ! ਵੇਖ ਲਓ ਹਜ਼ਾਰਾਂ ਗੁਰਦਵਾਰੇ ਜਥੇਦਾਰਾਂ ਤੇ ਸੇਵਾਦਾਰਾਂ ਨੇ ਕਮਾਈ ਦੇ ਸਟੋਰ ਬਣਾ ਛੱਡੇ ਨੇ। ਉੱਥੇ ਪਾਠ ਵਿਕਦੇ ਨੇ, ਕੀਰਤਨ ਵਿਕੀ ਜਾਂਦਾ ਹੈ, ਕਥਾ ਵਿਕਦੀ ਐ, ਕਾਰ ਸੇਵਾ ਵਿਕਦੀ ਹੈ, ਕੀ ਨਹੀਂ ਵਿਕਦਾ ਉੱਥੇ? ਅਗਲਿਆਂ ਨੇ ਅਰਦਾਸ ਦੀ ਵੀ ਭੇਟਾ/ਫੀਸ ਲਾ ਰੱਖੀ ਐ। ਢੋਲਕੀਆਂ ਵਾਜੇ, ਢੱਡ ਸਾਰੰਗੀਆਂ, ਗੱਲ ਕੀ ਸਾਰੇ ਸਾਜ਼ ਬਾਜ ਈ ਪੌਂਡ ਪੌਂਡ, ਡਾਲਰ ਡਾਲਰ ਕੂਕੀ ਜਾਂਦੇ ਨੇ। ਦਰਬਾਰ ਸਾਹਿਬ ਜਾ ਕੇ ਦੇਖ ਲਓ। ਘੱਟ ਮਾਇਆ ਨਾਲ ਮੱਥਾ ਟੇਕੋ ਤਾਂ ਚੱਲੋ ਅਗਾਂਹ। ਵਧ ਮਾਇਆ ਨਾਲ ਮੱਥਾ ਟੇਕੋ ਤਾਂ ਅਗਲੇ ਸਿਰੋਪੇ ਬਖ਼ਸ਼ਦੇ ਨੇ!
ਕੌਣ ਪੁੱਛਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਮਲਕ ਭਾਗੋ ਦੇ ਮਾਲ੍ਹ ਪੂੜਿਆਂ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਸ਼ਬਦ ਉਚਾਰਿਆ ਸੀ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
ਅਜੇ ਵੀ ਵੇਲਾ ਹੈ ਪਾਖੰਡ ਛੱਡਣ ਦਾ, ਆਪਣੇ ਗੁਰੂ ਦੇ ਲੜ ਲੱਗਣ ਦਾ, ਨਾ ਕਿ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਵਾਸਕੋ ਡਾ ਗਾਮਾ ਦੇ ਪਿਛਲੱਗ ਬਣਨ ਦਾ, ਅਤੇ ਮਾਇਆ ਦੇ ਟੇਟੇ ਚੜ੍ਹ ਕੇ ਖੱਜਲ ਖੁਆਰ ਹੋਈ ਜਾਣ ਦਾ। ਨਹੀਂ ਤਾਂ ਫਿਰ ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1707)
(ਸਰੋਕਾਰ ਨਾਲ ਸੰਪਰਕ ਲਈ: