“ਡੂੰਘੇ ਹਨ੍ਹੇਰੇ ਅਸੀਂ ਲੁਧਿਆਣੇ ਨੂੰ ਚਾਲੇ ਪਾਏ। ਲਿੰਕ ਸੜਕਾਂ ਉੱਤੇ ਸੁੰਨ ਸਰਾਂ ਸੀ ..”
(ਜਨਵਰੀ 21, 2016)
ਜੱਸੋਵਾਲ ਗਾਉਣ ਮੇਲਿਆਂ ਦਾ ਮੋਹੜੀਗੱਡ ਸੀ। ਉਸ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਉਹਦਾ ਪੂਰਾ ਨਾਂ ਉਹਦੇ ਕੱਦ ਕਾਠ ਜਿੱਡਾ ਹੀ ਸੀ -ਜਥੇਦਾਰ ਜਗਦੇਵ ਸਿੰਘ ਜੱਸੋਵਾਲ। ਉਸ ਨੇ ਪਿੰਡ ਜੱਸੋਵਾਲ ਦੀ ਮਸ਼ਹੂਰੀ ਉਵੇਂ ਹੀ ਕਰਾਈ ਜਿਵੇਂ ਗਰੇਵਾਲਾਂ ਦੀਆਂ ਖੇਲ੍ਹਾਂ ਨੇ ਕਿਲਾ ਰਾਇਪੁਰ ਦੀ ਕਰਾਈ। ਜੇ ਉਹ ਆਪਣੇ ਨਾਂ ਨਾਲ ਆਪਣਾ ਗੋਤ ਗਰੇਵਾਲ ਜੋੜੀ ਰੱਖਦਾ ਤਾਂ ਪਿੰਡ ਜੱਸੋਵਾਲ ਨੂੰ ਦੂਰ ਦੁਰਾਡੇ ਦੇ ਲੋਕ ਨਾ ਜਾਣ ਸਕਦੇ। ਜਗਦੇਵ ਸਿੰਘ ਦੇ ਨਾਂ ਨਾਲ ਪਿੰਡ ਜੱਸੋਵਾਲ ਦਾ ਨਾਂ ਵੀ ਦੂਰ-ਦੂਰ ਤਕ ਧੁੰਮਿਆਂ। ਉਹ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ, ਜਿਸ ਵਿਚ ਅਨੇਕਾਂ ਗੁਣ ਸਨ। ਉਹਦਾ ਜੀਵਨ ਰੰਗ ਤਮਾਸ਼ਿਆਂ ਦੀ ਲੀਲ੍ਹਾ ਸੀ। ਮੇਲਿਆਂ ਗੇਲਿਆਂ ਵਿਚ ਮੇਲ੍ਹਦਾ ਉਹ ਹੱਸਦਾ ਖੇਲ੍ਹਦਾ ਤੁਰ ਗਿਆ।
ਉਹ ਯਾਰਾਂ ਦਾ ਯਾਰ, ਜਥੇਦਾਰਾਂ ਦਾ ਜਥੇਦਾਰ, ਸਿਆਸਤਦਾਨਾਂ ਦਾ ਸਿਆਸਤਦਾਨ, ਕਲਾਕਾਰਾਂ ਦਾ ਕਦਰਦਾਨ ਤੇ ਸਭਿਆਚਾਰਕ ਮੇਲਿਆਂ ਦਾ ਸੁਲਤਾਨ ਸੀ। ਉਹਦੇ ਵਿਚ ਮਹਿਕ ਸੀ, ਟਹਿਕ ਸੀ, ਮਿਠਾਸ ਸੀ ਤੇ ਕਰਾਰਾਪਣ ਸੀ। ਉਹ ਨੱਚਣ ਕੁੱਦਣ ਮਨ ਕਾ ਚਾਓ ਪੂਰਾ ਕਰਦਿਆਂ, ਹਸੰਦਿਆਂ, ਖੇਲੰਦਿਆਂ, ਖਾਵੰਦਿਆਂ, ਪਹਿਨੰਦਿਆਂ ਵਿੱਚੇ ਮੁਕਤੀ ਪਾ ਗਿਆ। ਕੱਦ ਉਹਦਾ ਸਵਾ ਛੇ ਫੁੱਟ ਤੇ ਭਾਰ ਉਹਦਾ ਸਵਾ ਕੁਇੰਟਲ ਸੀ। ਮਣਾਂ ਵਿਚ ਤੋਲਦੇ ਤਾਂ ਤਿੰਨ ਮਣ ਤੇਰਾਂ ਸੇਰ ਬਣਦਾ। ਉਹ ਤਿੰਨਾਂ ਵਿਚ ਵੀ ਸੀ ਤੇ ਤੇਰਾਂ ਵਿਚ ਵੀ ਸੀ। ਖੜ੍ਹਾ ਤਾਂ ਦਿਸਦਾ ਹੀ ਸੀ, ਬੈਠਾ ਵੀ ਦਿਸਦਾ ਸੀ।
ਮੈਂ ਕਈ ਵਾਰ ਸੋਚਦਾਂ ਜੇ ਉਹ ਕਬੱਡੀਆਂ ਪਾਉਂਦਾ ਹੁੰਦਾ ਤਾਂ ਕਿਸੇ ਤੋਂ ਡੱਕਿਆ ਨਹੀਂ ਸੀ ਜਾਣਾ। ਜੇ ਜੱਫੇ ਲਾਉਂਦਾ ਹੁੰਦਾ ਤਾਂ ਕਿਸੇ ਨੂੰ ਨਿਕਲਣ ਨਹੀਂ ਸੀ ਦੇਣਾ। ਖੇਡ ਜਗਤ ਵਿਚ ਉਹਦੀ ਧੰਨ ਧੰਨ ਹੋਣੀ ਸੀ। ਫਿਰ ਮੈਂ ਉਹਦੇ ਰੇਖਾ ਚਿੱਤਰ ਦਾ ਨਾਂ ‘ਧਰਤੀ ਧਕੇਲ’ ਰੱਖਣਾ ਸੀ। ਕੁਮੈਂਟਰੀ ਕਰਦਿਆਂ ਕਹਿਣਾ ਸੀ, “ਟੇਕ ਕੇ ਧਰਤੀ ਮਾਂ ਨੂੰ ਮੱਥਾ, ਚੱਲਿਆ ਜੱਗਾ ਜੱਸੋਵਾਲੀਆ ਕੌਡੀ ਪਾਉਣ ... ਧਰਤੀ ਕੰਬਦੀ ਆ ਧਰਤੀ ਧਕੇਲ ਦੇ ਕਦਮਾਂ ਥੱਲੇ! ਥੱਬੇ ਥੱਬੇ ਦੇ ਪੱਟ, ਮੂੰਗਲਿਆਂ ਵਰਗੇ ਡੌਲੇ, ਗਜ਼ ਚੌੜੀ ਛਾਤੀ, ਮੁਗਦਰ ਵਰਗਾ ਜੁੱਸਾ, ਵੇਖਦੇ ਆਂ ਕਿਹੜਾ ਮਾਈ ਦਾ ਲਾਲ ਜੱਗੇ ਜੱਟ ਨੂੰ ਡੱਕਦਾ? ਕਬੱਡੀ ਕਬੱਡੀ ਕਬੱਡੀ ... ਔਹ ਮਾਰਿਆ ਜਾਫੀ ਚਲਾ ਕੇ ਮੱਕੀ ਦੇ ਪੂਲੇ ਵਾਂਗ ... ਨਈਂ ਰੀਸਾਂ ਜੱਗੇ ਦੀਆਂ ... ਜੀਂਦਾ ਰਹਿ ਜੁਆਨਾ!”
ਉਹਦਾ ਕੱਦ ਵੀ ਵੱਡਾ ਸੀ, ਨਾਂ ਵੀ ਵੱਡਾ ਤੇ ਹੱਡ ਗੋਡੇ ਵੀ ਵੱਡੇ ਸਨ। ਉਹ ਫਿਫਟੀ ਵੀ ਵੱਡੀ ਲਾਉਂਦਾ ਸੀ ਤੇ ਪੱਗ ਵੀ ਵੱਡੀ ਬੰਨ੍ਹਦਾ ਸੀ। ਫਿਫਟੀ ਚਿੱਟੀ ਜਾਂ ਕੇਸਰੀ ਹੁੰਦੀ ਸੀ ਤੇ ਪੱਗ ਕਾਲੀ। ਉਹਦੀ ਦਾੜ੍ਹੀ ਵੀ ਵੱਡੀ ਸੀ ਤੇ ਮੁੱਛਾਂ ਵੀ ਵੱਡੀਆਂ। ਝੱਗਾ ਵੀ ਵੱਡਾ ਤੇ ਜੇਬਾਂ ਖੀਸੇ ਵੀ ਵੱਡੇ। ਉਹ ਵੱਡੇ ਦਿਲ ਵਾਲਾ ਬੰਦਾ ਸੀ। ਪਰਾਤ ਜਿੱਡਾ ਦਿਲ ਸੀ ਉਹਦਾ। ਉਹ ਆਏ ਗਿਆਂ ਨੂੰ ਪਰਾਤਾਂ ਭਰ ਭਰ ਛਕਦਾ ਛਕਾਉਂਦਾ। ਜੱਗ ਭਰ ਭਰ ਪੀਂਦਾ ਪਿਆਉਂਦਾ। ਉਹਦਾ ਘਰ ਆਉਣ ਜਾਣ ਵਾਲਿਆਂ ਦਾ ਜੰਕਸ਼ਨ ਸੀ ਜਿੱਥੇ ਆਵਾਜਾਈ ਬਣੀ ਰਹਿੰਦੀ। ਉੱਥੇ ਸਾਜ਼ ਵੀ ਖੜਕਦੇ ਤੇ ਭਾਂਡੇ ਵੀ ਖੜਕਦੇ।
ਉਹਦੇ ਘਰ ਆਉਣ ਵਾਲਿਆਂ ਵਿੱਚ ਵਿੱਚੇ ਗਵੱਈਏ ਹੁੰਦੇ ਵਿੱਚੇ ਹਸੱਈਏ, ਵਿੱਚੇ ਲਿਖਾਰੀ ਵਿੱਚੇ ਮਦਾਰੀ, ਵਿੱਚੇ ਜੋਗੀ ਵਿੱਚੇ ਭੋਗੀ, ਵਿੱਚੇ ਭੰਡ ਵਿੱਚੇ ਨਕਲੀਏ, ਵਿੱਚੇ ਜੌੜੇ ਵਿੱਚੇ ਭੌਰੇ। ਵਿੱਚੇ ਮਹਿੰਦਰ ਚੀਮਾ ਵਿੱਚੇ ਪਰਗਟ ਗਰੇਵਾਲ। ਸਵਾ ਕੁਇੰਟਲ ਦੇ ਗੁਰਭਜਨ ਗਿੱਲ ਤੋਂ ਲੈ ਕੇ ਪੰਜਾਹ ਕਿੱਲੋ ਦੇ ਨਿੰਦਰ ਘੁਗਿਆਣਵੀ ਤੇ ਕਵੀ ਸੁਰਜੀਤ ਪਾਤਰ ਤੋਂ ਲੈ ਕੇ ਗੀਤਕਾਰ ਸ਼ਮਸ਼ੇਰ ਸੰਧੂ ਤਕ ਸਭ ਆਉਂਦੇ ਜਾਂਦੇ ਰੌਣਕਾਂ ਲਾਈ ਰੱਖਦੇ। ਜੱਸੋਵਾਲ ਦਾ ‘ਆਲ੍ਹਣਾ’ ਉਹਦੇ ਲਈ ਭਾਵੇਂ ਆਲ੍ਹਣਾ ਹੀ ਸੀ ਪਰ ਆਉਣ ਜਾਣ ਵਾਲਿਆਂ ਲਈ ਨੂਰ ਮਹਿਲ ਦੀ ਸਰਾਂ ਸੀ ਜਿਥੇ ਚਹਿਲ ਪਹਿਲ ਬਣੀ ਰਹਿੰਦੀ। ਚੁੱਲ੍ਹੇ ਤਪਦੇ ਰਹਿੰਦੇ ਤੇ ਲੰਗਰ ਚਲਦਾ ਰਹਿੰਦਾ। ਉਹਦਾ ਕੁੱਤਾ ਕਿਸੇ ਨੂੰ ਭੌਂਕਦਾ ਕਿਸੇ ਨੂੰ ਨਾ ਭੌਂਕਦਾ। ਜੱਸੋਵਾਲ ਬਿਮਾਰ ਹੋਇਆ ਤਾਂ ਦੁੱਧ ਪੀਣ ਲਈ ਬੱਕਰੀ ਰੱਖਣੀ ਪਈ। ਉਹ ਵਿੱਚੇ ਮਿਆਂਕੀ ਜਾਂਦੀ ਤੇ ਵਿੱਚੇ ਮੀਂਗਣਾਂ ਨਾਲ ਵਿਹੜਾ ਸ਼ਿੰਗਾਰੀ ਜਾਂਦੀ। ਜੱਸੋਵਾਲ ਦੀ ਸਰਦਾਰਨੀ ਸੁਰਜੀਤ ਕੌਰ ਬੱਕਰੀ ਨੂੰ ਬੁਰਾ ਭਲਾ ਕਲਪਦੀ ਕਿਸੇ ਵੱਲ ਕੌੜਾ ਝਾਕਦੀ, ਕਿਸੇ ਵੱਲ ਮਿੱਠਾ। ਉਹਦੀ ਬੁੜਬੁੜ ਕਿਸੇ ਨੂੰ ਸੁਣਦੀ, ਕਿਸੇ ਨੂੰ ਨਾ ਸੁਣਦੀ। ਵਿੱਚੇ ਬੰਦੇ ਆਈ ਜਾਂਦੇ, ਵਿੱਚੇ ਤੁਰੇ ਜਾਂਦੇ। ਚੁੱਲ੍ਹਾ ਤਪਦਾ ਰਹਿੰਦਾ ਤੇ ਰੌਣਕ ਮੇਲਾ ਲੱਗਿਆ ਰਹਿੰਦਾ।
ਜਦੋਂ ਬੰਦੇ ਆਉਂਦੇ ਤਾਂ ਉਹ ਭੌਂਪੂ ਵਜਾਉਂਦਾ ਜਿਸ ਦੀ ’ਵਾਜ਼ ਸੁਣ ਕੇ ਨੌਕਰ ਭੱਜਿਆ ਆਉਂਦਾ। ਉਹ ਕਹਿੰਦਾ, “ਕਾਕਾ, ਬੰਦੇ ਗਿਣ ਲੈ। ਦੋ ਦੋ ਮਿੱਸੇ ਪਰੌਂਠੇ, ਦਹੀਂ ਦੀ ਇਕ ਇਕ ਬਾਟੀ, ਅੰਬ ਦਾ ਅਚਾਰ, ਗੰਢਾ ਤੇ ਮਿਰਚ, ਲੱਸੀ ਤੇ ਗੁੜ। ਲੈ ਆ, ਬੱਸ ਛੇਤੀ ਲੈ ਆ। ਬੰਦੇ ਆਗੇ, ਹੋਰ ਆਉਣੇ ਆ। ਮੇਲਾ ਲਾਉਣਾ ਮੇਲਾ। ਜਾਹ ਬੀਬੀ ਨੂੰ ਪੁੱਛ ਕਿਹੜੀ ਚੀਜ਼ ਹੈਗੀ, ਕਿਹੜੀ ਹੈਨੀ? ਆਹ ਸੁਣ ਹੋਕਾ। ਲੱਗਦਾ ਸਬਜ਼ੀ ਆਲਾ ਹੋਕਾ ਦਿੰਦਾ।”
ਨਿੰਦਰ ਘੁਗਿਆਣਵੀ ਨੇ ਲਿਖਿਆ, “ਨੌਕਰ ਤੇ ਮੈਂ ਜੱਸੋਵਾਲ ਦੇ ਨਾਲ ਬਾਹਰ ਨਿੱਕਲੇ। ਰੇਹੜੀ ਉੱਤੇ ਭੱਈਆ ਸਾਗ ਵੇਚਦਾ ਫਿਰਦਾ ਸੀ। ਜੱਸੋਵਾਲ ਨੇ ਪੁੱਛਿਆ, “ਕਾਕਾ, ਹਾਅ ਸਾਰਾ ਸਾਗ ਕਿੰਨੇ ਦਾ?”
ਭਈਆ ਬੋਲਿਆ, “ਇਹ ਸੌ ਰੁਪਏ ਕਾ ਹੈ ਜੀ।”
ਜੱਸੋਵਾਲ ਨੇ ਸੌ ਦਾ ਨੋਟ ਦਿੰਦਿਆਂ ਕਿਹਾ, “ਆਹ ਲੈ, ਲਾਹ ਦੇ ਸਾਰਾ ਈ।”
ਜਦੋਂ ਸਾਗ ਦੀ ਪੰਡ ਰਸੋਈ ਵਿਚ ਰੱਖੀ ਤਾਂ ਬੀਬੀ ਰੌਲਾ ਪਾਉਣ ਲੱਗੀ, “ਲੈ ਹੈਂਅ, ਦੱਸੋ ਖਾਂ ਭਲਾ, ਐਨਾ ਸਾਗ ਕੀ ਪਸ਼ੂਆਂ ਨੂੰ ਪਾਉਣਾ ਸੀ? ਕੌਣ ਰਿੰਨ੍ਹੂੰ ਇਹਨੂੰ? ਮਣ ਪੱਕਾ ਸਾਗ ਚੱਕ ਕੇ ਲੈ ਆਏ ... ਕੀ ਫੂਕਣਾ ਸੀ ਐਨਾ ਸਾਗ?”
ਜੱਸੋਵਾਲ ਨੇ ਆਖਿਆ, “ਗੁਆਂਢੀਆਂ ਦੇ ਘਰੀਂ ਦੇ ਆਓ ... ਵੰਡ ਦਿਓ, ਚੁੰਡ ਦਿਓ, ਦਾਨ-ਪੁੰਨ ਕਰ ਦਿਓ, ਹਰੇਵਾਈ ਦਾਨ ਕਰਨੀ ਚੰਗੀ ਹੁੰਦੀ ਆ ... ਘਰੇ ਹਰੇਵਾਈ ਆਈ ਆ, ਲੋਕ ਤਰਸਦੇ ਆ ਹਰੇਵਾਈ ਨੂੰ ... ਚਾਰ ਚੁਫੇਰੇ ਪੱਤਝੜ ਈ ਪੱਤਝੜ ਆ ... ਵੰਡੋ ਕਾਕਾ, ਹਰੇਵਾਈ ਵੰਡੋ। ਬੀਬੀ ਦਾ ਜੇਰਾ ਮਾੜਾ। ਮੈਂ ਖ਼ੁਸ਼ ਆਂ ...।”
ਉਹ ਖੁਸ਼ੀ ਵੰਡਦਾ ਰਹਿੰਦਾ, ਬੀਬੀ ਬੁੜਬੁੜ ਕਰਨ ਪਿੱਛੋਂ ਚੁੱਪ ਵੱਟ ਲੈਂਦੀ। ਉਹ ਗੱਜ ਵੱਜ ਕੇ ਮੇਲੇ ਲਾਉਂਦਾ, ਗੱਜ ਵੱਜ ਕੇ ਮੇਲਿਆਂ ’ਤੇ ਜਾਂਦਾ ਤੇ ਰੱਜ ਪੁੱਜ ਕੇ ਆਲ੍ਹਣੇ ’ਚ ਆਉਂਦਾ। ਜੀਵਨ ਨੂੰ ਉਹ ਸਮਝਦਾ ਹੀ ਮੇਲਾ ਗੇਲਾ ਸੀ। ਹਰੇਕ ਗੱਲ ਪਿੱਛੋਂ ਉਹ ‘ਹੈਂ ਜੀ’ ਕਹਿੰਦਾ। ਹੁੰਗਾਰਾ ਨਾ ਮਿਲਦਾ ਤਾਂ ਆਪ ਹੀ ‘ਹਾਂ ਜੀ’ ਕਹਿ ਕੇ ਗੱਲ ਮੁਕਾ ਦਿੰਦਾ। ਕਹਿੰਦਾ ਰਹਿੰਦਾ, “ਬੱਸ ਆਹੀ ਹੁੰਦਾ, ਆਹੀ ਹੋਣਾ ਸੀ, ਹੈ ਕਿ ਨਾ, ਹੈਂ ਜੀ?”
‘ਥੋਡੀ ਓ ਭੈਣ ਦੀ’ ਉਹਦੀ ਗਾਲ੍ਹ ਨਹੀਂ, ਉਹਦਾ ਤਕੀਆ ਕਲਾਮ ਸੀ। ਇਹ ਉਹਦੇ ਮੂੰਹੋਂ ‘ਹਾਂ ਜੀ’ ਤੇ ‘ਹੈਂ ਜੀ’ ਵਾਂਗ ਹੀ ਨਿਕਲਦਾ। ਤੇ ਉਹਦੇ ਮੂੰਹੋਂ ਸਜਦਾ ਵੀ ਖ਼ੂਬ! ਇਕੇਰਾਂ ਮੋਹਨ ਸਿੰਘ ਮੇਲੇ ਤੋਂ ਦੋ ਕੁ ਦਿਨ ਪਹਿਲਾਂ ਮੈਨੂੰ ਜੱਸੋਵਾਲ ਦੇ ਡੇਰੇ ਜਾਣ ਦਾ ਮੌਕਾ ਮਿਲਿਆ। ਉਹ ਮੈਨੂੰ ਮੋਹਨ ਸਿੰਘ ਚੌਂਕ ਵਿੱਚੋਂ ਹੀ ਗੱਡੀ ’ਚ ਬਹਾ ਕੇ ਲੈ ਗਿਆ। ਜਾਂਦਿਆਂ ਡਾਕ ਬਕਸੇ ਵਿੱਚੋਂ ਡਾਕ ਕੱਢੀ। ਖੜ੍ਹਾ ਖੜੋਤਾ ਨਾਲੇ ਲਫ਼ਾਫ਼ੇ ਖੋਲ੍ਹੀ ਜਾਵੇ ਨਾਲੇ ਮੇਰੇ ਨਾਲ ਗੱਲਾਂ ਕਰੀ ਜਾਵੇ। ਉਹ ਜਿਹੜਾ ਲਫ਼ਾਫ਼ਾ ਖੋਲ੍ਹੇ ਉਹਦੇ ’ਚੋਂ ਈ ਚੈੱਕ ਨਿਕਲ ਆਵੇ। ਖੁਸ਼ ਹੁੰਦਾ ਉਹ ਨਾਲ ਦੀ ਨਾਲ ਆਖੀ ਜਾਵੇ, “ਆਹ ਲੈ, ਹਜ਼ਾਰ ਦਾ ਨਿਕਲ ਆਇਆ, ਆਹ ਪੰਜ ਸੌ ਦਾ ... ਬੱਲੇ! ਆਹ ਪੰਦਰਾਂ ਸੌ ਦਾ। ਥੋਡੀ ਓਏ ਭੈਣ ਦੀ ... ਆਹ ਚੱਕ ਦੋ ਹਜ਼ਾਰ ਦਾ! ਪਹਿਲੇ ਮੇਲੇ ਵੇਲੇ ਦਸ ਦਸ ਰੁਪਈਏ ਮਸਾਂ ’ਕੱਠੇ ਕੀਤੇ ਸੀ, ਹੈਂ ਜੀ? ਓਏ ਐਸ ਲਫ਼ਾਫ਼ੇ ’ਚੋਂ ’ਕੱਠੇ ਈ ਪੰਜ ਚੈੱਕ! ਆਹ ਤਾਂ ਝੁਰਲੂ ਫਿਰ ਗਿਆ ਓਏ ... ਲੋਕ ਤਾਂ ਸੱਚੀਂ ਮੇਰੇ ਮਗਰ ਲੱਗ ਗਏ ਲੱਗਦੇ ਆ ... ਹੁਣ ਆਪਾਂ ਕੀਹਦੇ ਲੈਣ ਦੇ ਆਂ? ਹੈਂ ਜੀ?” ਉਹਨੇ ਅੱਖਾਂ ਟੱਡ ਕੇ ਗੋਲ ਡੇਲੇ ਘੁਮਾਏ। ਉਹਦੇ ‘ਹਾਂ ਜੀ’ ਕਹਿਣ ਤੋਂ ਪਹਿਲਾਂ ਮੈਂ ‘ਹਾਂ ਜੀ’ ਕਿਹਾ ਤਾਂ ਉਹ ਹੋਰ ਵੀ ਖ਼ੁਸ਼ ਹੋਇਆ।
ਜੱਸੋਵਾਲ ਮੈਥੋਂ ਪੰਜ ਸਾਲ ਵੱਡਾ ਸੀ। ਉਸ ਦਾ ਜਨਮ ਲੁਧਿਆਣੇ ਤੋਂ ਨੌਂ ਕਿਲੋਮੀਟਰ ਦੂਰ ਪਿੰਡ ਜੱਸੋਵਾਲ ਸੂਦਾਂ ਵਿਚ 30 ਅਪ੍ਰੈਲ 1935 ਨੂੰ ਹੋਇਆ ਸੀ। ਜੱਸੋਵਾਲ ਨਾਂ ਦਾ ਇਕ ਹੋਰ ਪਿੰਡ ਤਸੀਲ ਜਗਰਾਓਂ ਵਿਚ ਵੀ ਹੈ, ਜਿਸ ਨੂੰ ਜੱਸੋਵਾਲ ਕੁਲਾਰ ਕਿਹਾ ਜਾਂਦਾ ਹੈ। ਜੱਸੋਵਾਲ ਸੂਦਾਂ ਵਿਚ ਸੂਦ ਤੇ ਗਰੇਵਾਲ ਗੋਤ ਦੇ ਲੋਕ ਵਧੇਰੇ ਹਨ। ਉੱਥੇ ਰੇਲਵੇ ਸਟੇਸ਼ਨ ਵੀ ਹੈ ਤੇ ਇਕ ਪੁਰਾਣਾ ਮੰਦਰ ਵੀ। ਉਸ ਮੰਦਰ ਕਰਕੇ ਜੱਸੋਵਾਲ ਹਿੰਦੂ ਧਰਮ ਦੇ ਅਠਾਹਟ ਤੀਰਥਾਂ ਵਿਚ ਗਿਣਿਆ ਜਾਂਦਾ ਹੈ। ਉੱਥੋਂ ਦਾ ਇਕ ਕਹਿੰਦਾ ਕਹਾਉਂਦਾ ਜ਼ਿਮੀਦਾਰ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਸੀ ਜਿਸ ਦੀ ਪਤਨੀ ਸਰਦਰਨੀ ਅਮਰ ਕੌਰ ਦੀ ਕੁੱਖੋਂ ਪੰਜ ਪੁੱਤਰਾਂ ਨੇ ਜਨਮ ਲਿਆ। ਜਗਦੇਵ ਸਿੰਘ ਉਨ੍ਹਾਂ ਵਿੱਚੋਂ ਹੀ ਸੀ ਜਿਸ ਨੂੰ ਜੁਗੋ ਕਿਹਾ ਜਾਂਦਾ ਸੀ।
ਜੁਗੋ ਨੇ ਪ੍ਰਾਇਮਰੀ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਮੈਟ੍ਰਿਕ ਦੀ ਕਿਲਾ ਰਾਇਪੁਰ ਦੇ ਹਾਈ ਸਕੂਲ ਤੋਂ। ਕਿਲਾ ਰਾਇਪੁਰ ਦਾ ਆਲਾ ਦੁਆਲਾ ਗਰੇਵਾਲਾਂ ਦਾ ਗੜ੍ਹ ਹੈ। ਗਰੇਵਾਲਾਂ ਦਾ ਇਤਿਹਾਸ ਲਿਖਣ ਵਾਲੇ ਖੋਜੀਆਂ ਨੇ ਲਿਖਿਆ ਹੈ ਕਿ ਰਿੱਖਪਾਲ ਨਾਂ ਦੇ ਰਾਜੇ ਦਾ ਇਕ ਪੁੱਤਰ ਬੈਰਸੀ ਸੀ। ਉਹ ਆਪਣੇ ਸਾਥੀਆਂ ਨਾਲ ਸਤਲੁਜ ਲਾਗਲੇ ਇਲਾਕੇ ਯਾਨੀ ਅਜੋਕੇ ਗੁੱਜਰਵਾਲ ਪਿੰਡ ਦੇ ਆਸ ਪਾਸ ਘੁੰਮ ਰਿਹਾ ਸੀ। ਉਦੋਂ ਸਤਲੁਜ ਵੀ ਲੁਧਿਆਣੇ ਦੇ ਦੱਖਣ ਵੱਲ ਵਗਦਾ ਅਗਾਂਹ ਬਠਿੰਡੇ ਵੱਲ ਜਾਂਦਾ ਸੀ। ਸਮੇਂ ਦੇ ਬਦਲਣ ਨਾਲ ਦਰਿਆਵਾਂ ਦੇ ਵਹਿਣ ਵੀ ਬਦਲ ਗਏ ਹਨ। ਬਠਿੰਡੇ ਕੋਲ ਦੀ ਵਗਦਾ ਸਤਲੁਜ ਸਮੇਂ ਨਾਲ ਫਿਰੋਜ਼ਪੁਰ ਕੋਲ ਦੀ ਵਗਣ ਲੱਗ ਪਿਆ ਹੈ ਜੋ ਹੁਣ ਸਿਆਲ ਵਿਚ ਸੁੱਕਾ ਹੀ ਰਹਿੰਦਾ ਹੈ।
ਕਹਿੰਦੇ ਹਨ ਕਿ ਰਾਜਕੁਮਾਰ ਬੈਰਸੀ ਨੇ ਸਤਲੁਜ ਲਾਗੇ ਰਹਿਣ ਵਾਲੇ ਜੱਟਾਂ ਦੀ ਇਕ ਕੁੜੀ ਨਾਲ ਸ਼ਾਦੀ ਕਰ ਲਈ। ਜਦੋਂ ਉਹ ਨਵਵਿਆਹੁਤਾ ਨੂੰ ਲੈ ਕੇ ਆਪਣੇ ਰਾਜੇ ਬਾਪ ਪਾਸ ਪਹੁੰਚਾ ਤਾਂ ਰਾਜਪੂਤ ਰਾਜੇ ਨੇ ਇਸ ਨੂੰ ਖਾਨਦਾਨ ਦੀ ਹੇਠੀ ਸਮਝਿਆ। ਰਾਜਪੂਤ ਸ਼ਰੀਕੇ ਨੇ ਬੈਰਸੀ ਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ। ਬੈਰਸੀ ਨੂੰ ਮਜਬੂਰੀ ਵੱਸ ਪਤਨੀ ਦੇ ਪਿੰਡ ਵੱਲ ਆਉਣਾ ਪਿਆ। ਉਨ੍ਹਾਂ ਕੋਲ ਕੋਈ ਘਰ ਨਹੀਂ ਸੀ, ਜਿੱਥੇ ਉਨ੍ਹਾਂ ਦੇ ਬੱਚੇ ਦਾ ਜਨਮ ਹੋ ਸਕਦਾ। ਕਿਸਾਨਾਂ ਨੇ ਫਸਲਾਂ ਕੱਟ ਕੇ ਗਰੇ ਲਾਏ ਹੋਏ ਸਨ। ਬੈਰਸੀ ਦੇ ਬੱਚੇ ਦਾ ਜਨਮ ਇਕ ਗਰੇ ਵਿਚ ਹੋਇਆ ਜਿਸ ਕਰਕੇ ਉਸ ਦਾ ਨਾਂ ਹੀ ਗਰਾ ਰੱਖਿਆ ਗਿਆ। ਗਰੇ ਦੀ ਔਲਾਦ ਅੱਗੋਂ ਗਰੇਵਾਲ ਅਖਵਾਈ ਜਿਸ ਦੇ ਪਹਿਲੇ ਪਿੰਡ ਗੁੱਜਰਵਾਲ, ਨਾਰੰਗਵਾਲ, ਕਿਲਾ ਰਾਇਪੁਰ, ਮਹਿਮਾ ਸਿੰਘ ਵਾਲਾ ਤੇ ਲੋਹਗੜ੍ਹ ਆਦਿ ਹੋਂਦ ਵਿਚ ਆਏ। ਫਿਰ ਆਲੇ ਦੁਆਲੇ ਗਰੇਵਾਲਾਂ ਦਾ ਤਪਾ ਫੈਲ ਗਿਆ। ਇਨ੍ਹਾਂ ਪਿੰਡਾਂ ਵਿਚ ਵਿੱਦਿਆ ਦੀ ਜਾਗ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚੋਂ ਸਭ ਤੋਂ ਪਹਿਲਾਂ ਲੱਗੀ। ਗਰੇਵਾਲ ਜੱਟ ਸਿੱਖਾਂ ਵਿੱਚੋਂ ਵਧੇਰੇ ਪੜ੍ਹੇ ਲਿਖੇ ਮੰਨੇ ਜਾਂਦੇ ਹਨ ਤੇ ਵਧੇਰੇ ਹਿਸਾਬੀ ਕਿਤਾਬੀ ਵੀ। ਕਈ ਇਸੇ ਕਾਰਨ ਗਰੇਵਾਲਾਂ ਨੂੰ ਜੱਟਾਂ ਦੇ ਅਗਰਵਾਲ ਕਹਿ ਕੇ ਛੇੜਦੇ ਹਨ। ਪਰ ਜਗਦੇਵ ਸਿੰਘ ਜੱਸੋਵਾਲ ਹਿਸਾਬਾਂ ਕਿਤਾਬਾਂ ਤੋਂ ਉੱਪਰ ਸੀ। ਉਹਦੇ ਵਿਚ ਅਗਰਵਾਲਾਂ ਵਾਲੀ ਕੋਈ ਗੱਲ ਨਹੀਂ ਸੀ।
ਜੱਸੋਵਾਲ ਦਾ ਪਿਤਾ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਇਲਾਕੇ ਦਾ ਮੰਨਿਆ ਪ੍ਰਮੰਨਿਆ ਬੰਦਾ ਸੀ। ਉਸ ਨੇ ਲਖਨਊ ਦੇ ਹੇਵਰਡ ਇੰਜਨੀਅਰਿੰਗ ਸਕੂਲ ਤੋਂ ਓਵਰਸੀਅਰੀ ਦਾ ਕੋਰਸ ਕੀਤਾ ਸੀ ਪਰ ਓਵਰਸੀਅਰ ਨਹੀਂ ਸੀ ਲੱਗਾ। ਉਹ ਕ੍ਰਿਕਟ ਦਾ ਖਿਡਾਰੀ ਸੀ ਤੇ ਰੱਜਿਆ ਪੁੱਜਿਆ ਜੱਟ ਜ਼ਿਮੀਦਾਰ ਸੀ। ਉਸ ਨੇ ਆਪਣੇ ਪੁੱਤਰਾਂ ਨੂੰ ਰੱਜ ਕੇ ਪੜ੍ਹਾਇਆ। ਸਾਰੇ ਹੀ ਪੁੱਤਰ ਪੜ੍ਹੇ ਲਿਖੇ ਨਿਕਲੇ। ਉਹ ਤੀਹ ਸਾਲ ਡਿਸਟ੍ਰਿਕ ਬੋਰਡ ਲੁਧਿਆਣੇ ਦਾ ਮੈਂਬਰ ਚੁਣਿਆ ਜਾਂਦਾ ਰਿਹਾ। ਉਹ ਬਾਰਾਂ ਸਾਲ ਲ੍ਹਾ ਬੋਰਡ ਦਾ ਮੀਤ ਪ੍ਰਧਾਨ ਤੇ ਪ੍ਰਧਾਨ ਰਿਹਾ। ਸਰਬ ਸੰਮਤੀ ਨਾਲ ਪੈਂਤੀ ਸਾਲ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਰਿਹਾ। ਉਸ ਨੇ ਇਲਾਕੇ ਵਿਚ ਕਈ ਡਿਸਟ੍ਰਿਕ ਬੋਰਡ ਸਕੂਲ ਖੁੱਲ੍ਹਵਾਏ, ਰਸਤੇ ਬਣਵਾਏ ਤੇ ਡਿਸਪੈਂਸਰੀਆਂ ਚਾਲੂ ਕਰਵਾਈਆਂ। ਜਗਦੇਵ ਸਿੰਘ ਨੂੰ ਲੋਕ ਭਲਾਈ ਦੇ ਕਾਰਜ ਕਰਨੇ ਕਰਾਉਣੇ ਵਿਰਸੇ ਵਿਚ ਮਿਲੇ। ਉਸ ਦੇ ਸਾਰੇ ਭਰਾਵਾਂ ਨੇ ਆਪਣੇ ਨਾਂ ਪਿੱਛੇ ਗਰੇਵਾਲ ਲਾਇਆ ਪਰ ਜਗਦੇਵ ਸਿੰਘ ਨੇ ਗਰੇਵਾਲ ਦੀ ਥਾਂ ਜੱਸੋਵਾਲ ਜੋੜਿਆ।
ਆਪਣੇ ਨਾਂ ਨਾਲ ਜੱਸੋਵਾਲ ਜੋੜਨ ਦਾ ਕਾਰਨ ਉਸ ਦਾ ਅਕਾਲੀ ਪਾਰਟੀ ਨਾਲ ਜੁੜਨਾ ਸੀ। ਅਕਾਲੀ ਆਪਣੇ ਨਾਂ ਪਿੱਛੇ ਗੋਤ ਦੀ ਥਾਂ ਪਿੰਡ ਲਾਉਂਦੇ ਸਨ। ਜੱਸੋਵਾਲ ਅਜੇ ਪੜ੍ਹਦਾ ਸੀ ਕਿ ਉਸ ਦਾ ਬਰਨਾਲੇ ਕੋਲ ਪਿੰਡ ਧੂੜਕੋਟ ਵਿਚ ਬੀਬੀ ਸੁਰਜੀਤ ਕੌਰ ਨਾਲ ਵਿਆਹ ਹੋ ਗਿਆ। ਉਹ ਪੰਜ ਭਰਾਵਾਂ ਦੀ ਲਾਡਲੀ ਭੈਣ ਸੀ। ਵਿਆਹ ਪਿੱਛੋਂ ਮੁਕਲਾਵਾ ਲੈਣ ਜਾਣਾ ਸੀ। ਮੁਕਲਾਵਾ ਲੈਣ ਚੱਲਿਆ ਤਾਂ ਰਾਹ ਵਿਚ ਅਕਾਲੀਆਂ ਦੀ ਕਾਨਫਰੰਸ ਹੋ ਰਹੀ ਸੀ, ਜਿੱਥੇ ਜੋਸ਼ੀਲੀਆਂ ਤਕਰੀਰਾਂ ਹੋ ਰਹੀਆਂ ਸਨ। ਉੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਤਾਂ ਲੱਗਣੇ ਹੀ ਸਨ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਵੀ ਲੱਗ ਰਹੇ ਸਨ। ਉਹਨੀਂ ਦਿਨੀਂ ਨਹਿਰੂ ਸਰਕਾਰ ਦੇ ਇਸ਼ਾਰੇ ’ਤੇ ਕੈਰੋਂ ਸਰਕਾਰ ਨੇ ਪੰਜਾਬੀ ਸੂਬੇ ਦੇ ਨਾਹਰੇ ਉੱਤੇ ਪਾਬੰਦੀ ਲਾਈ ਹੋਈ ਸੀ। ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਹੋਇਆ ਸੀ।
ਜਗਦੇਵ ਸਿੰਘ ਚੜ੍ਹਦੀ ਜੁਆਨੀ ਵਿਚ ਸੀ। ਗਰਮ ਲਹੂ ਠਾਠਾਂ ਮਾਰ ਰਿਹਾ ਸੀ। ਮੁਕਲਾਵਾ ਲੈਣ ਜਾਂਦਾ ਉਹ ਵੀ ਪੰਜਾਬੀ ਸੂਬੇ ਦੇ ਨਾਹਰੇ ਨਾਲ ਜ਼ਿੰਦਾਬਾਦ ਕੂਕ ਉੱਠਿਆ। ਫੇਰ ਕੀ ਸੀ, ਉੱਥੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਸਹੁਰੇ ਘਰ ਢੁੱਕਣ ਦੀ ਥਾਂ ਉਹ ਜੇਲ੍ਹ ਜਾ ਢੁੱਕਾ। ਸਹੁਰਿਆਂ ਦੀ ਖੰਡ ਘਿਓ ਵਾਲੀ ਰੋਟੀ ਖਾਣ ਦੀ ਥਾਂ ਜੇਲ੍ਹ ਦੀ ਦਾਲ ਤੇ ਸੁੱਕੀ ਸੜੀ ਰੋਟੀ ਮਿਲੀ। ਨਵਾਰੀ ਪਲੰਘ ਦੀ ਥਾਂ ਰੜੇ ਸੌਣਾ ਪਿਆ। ਫੁੱਲਾਂ ਵਾਲੇ ਰੇਸ਼ਮੀ ਵਿਛਾਉਣੇ ਦੀ ਥਾਂ ਮੁਸ਼ਕ ਮਾਰਦੇ ਜੁੱਲੜੇ ਮਿਲੇ। ਜੇਲ੍ਹ ਦੀ ਜ਼ਿੱਲਤ ਸਹਿਣ ਤੋਂ ਬਿਨਾਂ ਜੁਰਮਾਨਾ ਵੀ ਭਰਨਾ ਪਿਆ ਪਰ ਉਹ ਜੇਲ੍ਹ ਵਿੱਚੋਂ ‘ਜੱਸੋਵਾਲ’ ਬਣ ਕੇ ਨਿਕਲਿਆ। ਉਹ ਸਿੱਖਾਂ ਦੇ ਨੇਤਾ ਮਾਸਟਰ ਤਾਰਾ ਸਿੰਘ ਦੇ ਸੰਪਰਕ ਵਿਚ ਆ ਗਿਆ। ਉੱਥੋਂ ਹੀ ਉਸ ਦਾ ਸਿਆਸੀ ਜੀਵਨ ਸ਼ੁਰੂ ਹੋਇਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਬਣਨ ਤਕ ਪੁੱਜਾ, ਪਰ ਉਹ ਮੰਤਰੀ ਨਾ ਬਣ ਸਕਿਆ।
ਉਹ ਟਿਕ ਕੇ ਬਹਿਣ ਵਾਲਾ ਬੰਦਾ ਨਹੀਂ ਸੀ। ਚੋਣ ਹਾਰ ਕੇ ਵੀ ਨਹੀਂ ਸੀ ਟਿਕਦਾ। ਉਹਦੇ ਮਨ ਵਿਚ ਆਈ, ਮੰਤਰੀ ਜਾਂ ਮੁੱਖ ਮੰਤਰੀ ਤਾਂ ਬਣ ਨਹੀਂ ਹੁੰਦਾ, ਗਵਰਨਰੀ ਕਿਹੜਾ ਮਾੜੀ ਹੈ? ਉਹ ਪੰਜਾਬੀ ਗਾਇਕੀ ਦੀ ਗਵਰਨਰੀ ਮਗਰ ਪੈ ਗਿਆ ਤੇ ਲੋਕ ਉਸ ਨੂੰ ‘ਗਵੱਈਆਂ ਦਾ ਗਵਰਨਰ’ ਕਹਿਣ ਲੱਗ ਪਏ। ਇਓਂ ਉਹ ਮੁੱਖ ਮੰਤਰੀ ਅਤੇ ਮੰਤਰੀਆਂ ਤੋਂ ਉੱਪਰ ਦੀ ਹੋ ਗਿਆ। ਮੁੱਖ ਮੰਤਰੀ ਤੇ ਮੰਤਰੀ ਤਾਂ ਬਦਲਦੇ ਰਹੇ ਪਰ ਉਹਦੀ ਗਵਰਨਰੀ ਅੰਤ ਤਕ ਪੱਕੀ ਰਹੀ। ਉਹਦਾ ਰਾਜ ਲੋਕਾਂ ਦੇ ਦਿਲਾਂ ’ਤੇ ਕਾਇਮ ਰਿਹਾ।
ਜਗਦੇਵ ਜੁਗੋ ਜਦੋਂ ਬੱਚਾ ਸੀ ਤਾਂ ਕਾਟੋਆਂ ਦਾ ਸ਼ਿਕਾਰ ਕਰਿਆ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਪੇਂਡੂ ਬੱਚਿਆਂ ਨੂੰ ਵਹਿਮ ਸੀ ਕਿ ਕਾਟੋ ਦੇ ਚੌਰਸ ਸਿਰ ਵਿਚ ਦੁਆਨੀ ਹੁੰਦੀ ਹੈ। ਉਦੋਂ ਰੁਪਏ ਦੇ 64 ਮੋਰੀ ਵਾਲੇ ਪੈਸੇ ਜਾਂ ਡੱਬਰ ਪੈਸਿਆਂ ਤੋਂ ਬਿਨਾਂ ਅਧਿਆਨੀ, ਆਨਾ, ਦੁਆਨੀ, ਚੁਆਨੀ ਤੇ ਅਠਿਆਨੀ ਦੇ ਸਿੱਕੇ ਹੁੰਦੇ ਸਨ। ਆਨੇ ਦਾ ਸਿੱਕਾ ਗੋਲ ਕਿੰਗਰਿਆਂ ਵਾਲਾ ਹੁੰਦਾ ਸੀ ਜਦ ਕਿ ਦੁਆਨੀ ਦਾ ਸਿੱਕਾ ਚੌਰਸ ਹੁੰਦਾ ਸੀ ਜਿਸ ਕਰਕੇ ਬੱਚਿਆਂ ਨੂੰ ਭੁਲੇਖਾ ਸੀ ਕਿ ਕਾਟੋ ਦੇ ਸਿਰ ਵਿਚ ਦੁਆਨੀ ਹੈ। ਕਾਟੋ ਕਿੱਕਰ ’ਤੇ ਚੜ੍ਹ ਕੇ ਜਾਨ ਬਚਾਉਣ ਲੱਗਦੀ ਤਾਂ ਜੁਗੋ ਹੋਰੀਂ ਡਲੇ਼ ਮਾਰ ਕੇ ਕਾਟੋ ਨੂੰ ਹੇਠਾਂ ਸੁੱਟ ਲੈਂਦੇ। ਉਹਦਾ ਸਿਰ ਫੇਹ ਕੇ ਵੇਖਦੇ ਪਰ ਦੁਆਨੀ ਨਾ ਨਿਕਲਦੀ। ਫਾਇਰ ਫੋਕਾ ਨਿਕਲ ਜਾਣ ’ਤੇ ਦੂਜੀ ਕਾਟੋ ਮਗਰ ਪੈਂਦੇ ਪਰ ਦੁਆਨੀ ਫਿਰ ਵੀ ਨਾ ਲੱਭਦੀ। ਉਨ੍ਹਾਂ ਨੇ ਬਥੇਰੀਆਂ ਕਾਟੋਆਂ ਮਾਰੀਆਂ। ਸ਼ਾਇਦ ਉਨ੍ਹਾਂ ਕਾਟੋਆਂ ਨੂੰ ਮਾਰਨ ਦਾ ਪਾਪ ਹੀ ਲੱਗਾ ਹੋਵੇ ਕਿ ਜੁਗੋ ਤੋਂ ਜੱਸੋਵਾਲ ਬਣੇ ਜਗਦੇਵ ਸਿੰਘ ਨੂੰ ਸਿਆਸਤ ਰਾਸ ਨਾ ਆਈ। ਸਿਆਸਤ ਵਿਚ ਉਹ ਖੱਜਲ ਖੁਆਰ ਹੀ ਹੋਇਆ।
ਪਹਿਲਾਂ ਲੱਗਦਾ ਰਿਹਾ ਕਿ ਅਕਾਲੀ ਦਲ ਵਿੱਚੋਂ ਕੁਛ ਨਿਕਲੂ, ਫਿਰ ਲੱਗਣ ਲੱਗਾ ਕਿ ਕਾਂਗਰਸ ’ਚੋਂ ਨਿਕਲੂ। ਜੱਸੋਵਾਲ ਕਦੇ ਅਕਾਲੀਆਂ ਨਾਲ ਤੇ ਕਦੇ ਕਾਂਗਰਸੀਆਂ ਨਾਲ ਰਲਦਾ ਰਿਹਾ। ਕਦੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਾ, ਕਦੇ ਅਕਾਲੀ ਦਲ ਦੀ ਟਿਕਟ ’ਤੇ। ਉਹ ਦੋਹਾਂ ਦਾ ਸ਼ਿਕਾਰ ਕਰਦਾ ਖ਼ੁਦ ਸ਼ਿਕਾਰ ਹੁੰਦਾ ਰਿਹਾ ਪਰ ‘ਦੁਆਨੀ’ ਕਿਸੇ ਪਾਸਿਓਂ ਨਾ ਨਿਕਲੀ। ਉਹ ਸਿਆਸਤਦਾਨਾਂ ਦੇ ਕਾਟੋ ਕਲੇਸ਼ ਦੀ ਭੇਟ ਚੜ੍ਹਦਾ ਰਿਹਾ। ਅਖ਼ੀਰ ਵਿਚ ਕਹਿਣ ਲੱਗ ਪਿਆ ਸੀ, ਕਾਂਗਰਸੀ ਤੇ ਅਕਾਲੀ ਇੱਕੋ ਜਿਹੇ ਹਨ। ਅਕਾਲੀਆਂ ਜਾਂ ਕਾਂਗਰਸੀਆਂ ਦੇ ਰਾਜ ਦਾ ਦੋ ਕੁ ਸੌ ਘਰਾਂ ਨੂੰ ਹੀ ਫਰਕ ਪੈਂਦੈ, ਬਾਕੀ ਦੇ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ!
ਇਕ ਦਿਨ ਸਵੇਰੇ ਹੀ ਮੈਂ ਉਸ ਨੂੰ ਮਿਲਣ ਗਿਆ। ਕੰਮ ਤਾਂ ਕੋਈ ਨਹੀਂ ਸੀ, ਬੱਸ ਦਰਸ਼ਨ ਹੀ ਕਰਨੇ ਸਨ। ਦਰਸ਼ਨ ਕੀਤੇ ਤਾਂ ਉਹ ਉਦਾਸ ਦਿਸਿਆ। ਅੱਖਾਂ ਵਿੱਚੋਂ ਪਹਿਲਾਂ ਵਾਲੀ ਚਮਕ ਗ਼ਾਇਬ ਸੀ। ਹਾਸਾ ਵੀ ਨਾਯਾਬ। ਇਓਂ ਤਾਂ ਉਹ ਕਦੇ ਦਿਸਿਆ ਹੀ ਨਹੀਂ ਸੀ। ਉਂਜ ਵੀ ਘਰ ਵਿਚ ਸੁੰਨ ਸਰਾਂ ਸੀ। ਨੌਕਰ ਪਤਾ ਨਹੀਂ ਕਿੱਧਰ ਗਿਆ ਸੀ? ਉਹ ਗੋਡਿਆਂ ’ਤੇ ਹੱਥ ਰੱਖ ਕੇ ਉੱਠਿਆ ਅਤੇ ਘੜੇ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਫੜਾਇਆ। ਚਾਹ ਪੀਣ ਬਾਰੇ ਪੁੱਛ ਕੇ ਕਹਿਣ ਲੱਗਾ, “ਲੋਕਾਂ ਨੇ ਸਿਆਸਤ ਵਿੱਚੋਂ ਕਰੋੜਾਂ ਕਮਾ ਲਏ, ਜ਼ਮੀਨਾਂ ਖਰੀਦ ਲਈਆਂ, ਮਹੱਲ ਪਾ ਲਏ, ਆਪਣੀਆਂ ਸੱਤਾਂ ਪੀੜ੍ਹੀਆਂ ਲਈ ਧਨ ਜੋੜ ਲਿਆ ਤੇ ਮੈਂ ਆਹ ਬੈਠਾਂ ਮਲੰਗ ਦਾ ਮਲੰਗ। ਜ਼ਮੀਨ ਵੀ ਵਿਕ ਗਈ ਤੇ ਪਿੰਡ ਵੀ ਛੱਡੀ ਬੈਠਾਂ। ਬੈਂਕ ਬੈਲੈਂਸ ਰਹਿ ਗਿਆ ਉੱਨੀ ਰੁਪਈਏ। ਉੱਨੀਆਂ ਨੂੰ ਭਵਾਂ ਹੇਠਾਂ ਲੈ-ਲਾਂ ਭਵਾਂ ਉੱਤੇ। ਹੈਂ ਜੀ?”
ਮੈਨੂੰ ਹੁੰਗਾਰਾ ਭਰਨਾ ਹੀ ਪੈਣਾ ਸੀ ਜੋ ‘ਹਾਂ ਜੀ’ ਕਹਿ ਕੇ ਭਰ ਦਿੱਤਾ। ਉਹਦੀ ਅੱਧੀ ਉਦਾਸੀ ਉਸੇ ਵੇਲੇ ਦੂਰ ਹੋ ਗਈ ਲੱਗੀ। ਹੁੰਗਾਰਾ ਸੁਣ ਕੇ ਉਸ ਨੇ ਗੱਲ ਅੱਗੇ ਤੋਰੀ, “ਆਪਾਂ ਹੁਣ ਸਿਆਸਤ ਵਾਲੀ ਹੱਟੀ ਬੰਦ ਕਰਤੀ। ਤਕੜੀ ਵੱਟੇ ਸਾਂਭਤੇ, ਸੌਦਾ ਸੂਤ ਸੰਤੋਖਤਾ। ਕੀ ਪਿਆ ਸਿਆਸਤ ’ਚ? ਜਿੰਨਾ ਚਿਰ ਚਲਦੀ ਸੀ ਚਲਾਲੀ, ਹੁਣ ਨੀ ਹੋਰ ਚਲਾ ਹੁੰਦੀ। ਮੈਂ ਹਜ਼ਾਰਾਂ ਬੰਦਿਆਂ ਦਾ ਕੰਮ ਕਰਾਇਆ ਹੋਊ। ਕਦੇ ਕੋਈ ਦਰ ਆਇਆ ਨੀ ਮੋੜਿਆ। ਸੈਂਕੜੇ ਮੁੰਡਿਆਂ ਨੂੰ ਨੌਕਰੀਆਂ ਦੁਆਈਆਂ, ਹਜ਼ਾਰਾਂ ਬਦਲੀਆਂ ਕਰਾਈਆਂ, ਵਿਆਹ ਮੰਗਣੇ ਕਰਾਏ, ਗਾਇਕ ਬਣਾਏ, ਸਟੇਜਾਂ ’ਤੇ ਚੜ੍ਹਾਏ ਤੇ ਟੂਰ ਲੁਆਏ। ਕਈ ਬਦੇਸ਼ਾਂ ’ਚ ਪੱਕੇ ਹੋ ਗਏ। ਕਈ ਅਫ਼ਸਰ ਲੱਗ ਗਏ। ਮੈਂ ਲੁਧਿਆਣੇ ਤੋਂ ਲੋਕ ਸਭਾ ਦੀ ਚੋਣ ਲੜੀ। ਉਮੀਦ ਸੀ ਕਿ ਜਿੱਤੂੰਗਾ। ਪਰ ਵੋਟਾਂ ਓਨੀਆਂ ਵੀ ਨੀ ਨਿਕਲੀਆਂ ਜਿੰਨੇ ਬੰਦੇ ਮੋਹਨ ਸਿੰਘ ਮੇਲਾ ਦੇਖਦੇ ਆ। ਲੋਕ ਪਤਾ ਨੀ ਕੀ ਭਾਲਦੇ ਆ? ਮੈਂ ਤਾਂ ਕਹਿਨਾਂ ਵੋਟਾਂ ਕੰਮ ਨੂੰ ਨੀ, ਲਾਰਿਆਂ ਨੂੰ ਪੈਂਦੀਆਂ। ਸਿਆਸਤ ਰਹਿਗੀ ਲਾਰੇ ਲੱਪਿਆਂ ਦੀ, ਝੂਠ ਤੁਫ਼ਾਨਾਂ ਦੀ ਤੇ ਲੁੱਚਿਆਂ ਲੰਡਿਆਂ ਦੀ। ਆਪਾਂ ਤੋਂ ਲੁੱਚੇ ਲੰਡੇ ਨੀ ਬਣਿਆਂ ਜਾਂਦਾ। ਹੈਂ ਜੀ?”
ਗੱਲ ਅਗਾਂਹ ਸੁਣਨ ਲਈ ਮੈਂ ਫਿਰ ਹੁੰਗਾਰਾ ਭਰਿਆ, “ਹਾਂ ਜੀ।”
ਉਹ ਕਹਿਣ ਲੱਗਾ, “ਹੁਣ ਮੈਨੂੰ ਸਮਝ ਨੀ ਲੱਗਦੀ ਮੈਂ ਕਰਾਂ ਤਾਂ ਕੀ ਕਰਾਂ? ਇਸ਼ਕ ਕਰਨ ਦੀ ਮੇਰੀ ਉਮਰ ਨੀ, ਨਹੀਂ ਤਾਂ ਇਸ਼ਕ ਈ ਕਰ ਲੈਂਦੇ। ਜਦੋਂ ਹੁੰਦਾ ਸੀ ਓਦੋਂ ਕੀਤਾ ਨੀ ਗਿਆ। ਸਾਧਾਂ ਸੰਤਾਂ ਦਾ ਵੀ ਸਰਿਆ ਪਿਆ, ਨਹੀਂ ਤਾਂ ਸਾਧ ਸੰਤ ਬਣ ਕੇ ਈ ਦੇਖ ਲੈਂਦੇ। ਚੋਰੀ ਯਾਰੀ ਮੈਂ ਕਰ ਨੀ ਸਕਦਾ ਬਈ ਵਾਧੂ ਦੀ ਬਦਨਾਮੀ ਹੋਊ। ਅਗਲੇ ਕਹਿਣਗੇ ਧੌਲ ਦਾੜ੍ਹੀਆ ਕਰੀ ਕੀ ਜਾਂਦੈ? ਸਿਆਸਤ ਮੇਰੀ ਚੱਲੀ ਨੀ। ਖੇਤੀ ਮੈਂ ਕਰ ਨੀ ਸਕਦਾ। ਇਕ ਆਹ ਮੇਲਿਆਂ ਆਲੇ ਨੀ ਟਿਕਣ ਦਿੰਦੇ। ਟਿਕਣ ਤਾਂ ਮੇਰਾ ਸਾਲਾ ਮੇਰਾ ਦਿਲ ਈ ਨੀ ਦਿੰਦਾ। ਕਹਿੰਦਾ ਕਰੀ ਚੱਲ ਕੁਛ ਨਾ ਕੁਛ। ਦੱਸ ਦਿਲ ਦੇ ਆਖੇ ਲੱਗਾਂ ਕਿ ਦਿਮਾਗ ਦੇ? ਤੂੰ ਹੀ ਦੱਸ ਕਰਾਂ ਤਾਂ ਕੀ ਕਰਾਂ? ਹੈਂ ਜੀ?”
ਮੈਂ ਕੀ ਦੱਸਦਾ? ਜੇ ਸੱਤਾਂ ਪੱਤਣਾਂ ਦੇ ਤਾਰੂ ਦਾ ਇਹ ਹਾਲ ਸੀ ਤਾਂ ਮੇਰੇ ਵਰਗਾ ਕੀ ਦੱਸ ਸਕਦਾ ਸੀ। ਮੈਂ ਉਹਦੀ ਅਜਿਹੀ ਮਾਨਸਿਕ ਹਾਲਤ ’ਤੇ ਹੈਰਾਨ ਸਾਂ। ਮੇਲਿਆਂ ਗੇਲਿਆਂ ਵਾਲੇ ਜੱਸੋਵਾਲ ਨੂੰ ਹੋ ਕੀ ਗਿਆ ਸੀ? ਜਥੇਦਾਰ ਹੋਰ ਉੱਧੜਿਆ, “ਦਿਮਾਗ ਤਾਂ ਮੇਰਾ ਠੀਕ ਆ ਪਰ ਪੰਗਾ ਸਾਰਾ ਦਿਲ ਦਾ ਪਾਇਆ ਹੋਇਆ। ਦਿਲ ਨੂੰ ਬਥੇਰਾ ਆਖੀਦਾ, ਬਈ ਟਿਕ ਜਾ, ਟਿਕ ਜਾ, ਪਰ ਇਹ ਭੈਣ ਦੇਣਾ ਕਿੱਥੇ ਟਿਕਣ ਦਿੰਦਾ? ਖਰਾਬੀ ਸਾਰੀ ਇਹਦੇ ’ਚ ਆ। ਇਹਦਾ ਇਲਾਜ ਦੱਸ ਕੋਈ? ਜੇ ਇਹ ਟਿਕ ਜੇ ਤਾਂ ਮੈਂ ਵੀ ਟਿਕ ਜਾਂ। ਹੈਂ ਜੀ?”
ਮੈਂ ਹੁੰਗਾਰਾ ਭਰਿਆ, “ਹਾਂ ਜੀ।” ਗੱਲ ਤਾਂ ਜੱਸੋਵਾਲ ਨੇ ਸਿਰੇ ਦੀ ਕਰ ਦਿੱਤੀ ਸੀ। ਸੋਲਾਂ ਆਨੇ ਸੱਚੀ। ਦਿਲ ਟਿਕ ਜੇ ਤਾਂ ਪਿੱਛੋਂ ਦਾਹ ਸੰਸਕਾਰ ਦੀਆਂ ਰਸਮਾਂ ਹੀ ਰਹਿ ਜਾਂਦੀਆਂ, ਜਿਵੇਂ ਜੱਸੋਵਾਲ ਦੀਆਂ ਦਿਲ ਦੀ ਧੜਕਣ ਰੁਕ ਜਾਣ ਪਿੱਛੋਂ ਹੋਈਆਂ। ਉਹਦਾ ਦਿਲ 30 ਅਪ੍ਰੈਲ 1935 ਤੋਂ 22 ਦਸੰਬਰ 2014 ਤਕ ਅੱਸੀ ਸਾਲ ਦੇ ਕਰੀਬ ਧੜਕਿਆ। ਅਖ਼ੀਰ ਟਿਕ ਗਿਆ। ਗੱਲ ਲੀਹ ’ਤੇ ਪਾਉਣ ਲਈ ਮੈਂ ਕਿਹਾ, “ਜੱਸੋਵਾਲ ਸਾਹਿਬ, ਦਿਲ ਤੁਹਾਡਾ ਬਿਲਕੁਲ ਠੀਕ ਐ। ਇਹਨੂੰ ਵਿਚਾਰੇ ਨੂੰ ਗਾਲ੍ਹਾਂ ਕਿਉਂ ਕੱਢਦੇ ਓਂ? ਗਾਲ੍ਹ ਕੱਢਣੀ ਐਂ ਤਾਂ ਦਿਮਾਗ ਨੂੰ ਕੱਢੋ। ਨੁਕਸ ਦਿਮਾਗ ’ਚ ਲੱਗਦੈ। ਹੈਂ ਜੀ?”
ਉਸ ਨੇ ਹੈਰਾਨੀ ’ਚ ਅੱਖਾਂ ਟੱਡੀਆਂ ਤੇ ਗੋਲ ਡੇਲੇ ਘੁਮਾਉਂਦਿਆਂ ਬੋਲਿਆ, “ਓਏ ਆਹੋ। ਆਹ ਤਾਂ ਲੱਖ ਰੁਪਈਏ ਦੀ ਗੱਲ ਕਰਤੀ। ਥੋਡੀ ਓ ਭੈਣ ਦੀ ... ਪੱਥਾ ਤਾਂ ਸਾਰਾ ਦਿਮਾਗ ਦਾ ਈ ਪਾਇਆ ਹੋਇਆ। ਹਾਸ਼ਮ ਸ਼ਾਹ ਵੀ ਕਹਿੰਦਾ ਸੀ ... ਮੂਰਖ ਲੋਕ ਸਦਾ ਸੁਖ ਸੌਂਦੇ ਖ਼ੂਬ ਕਮਾਵਣ ਪੈਸਾ ...। ਨਾਲੇ ਕਹਿੰਦਾ ਸੀ, ਮੈਨੂੰ ਸਮਝ ਸਤਾਇਆ। ਇਹ ਸਾਲੀ ਸਮਝ ਈ ਆ ਜਿਹੜੀ ਬੰਦੇ ਨੂੰ ਸਤਾਉਂਦੀ ਰਹਿੰਦੀ ਆ। ਦਿਮਾਗ ਦਾ ਨੁਕਸ ਦੱਸ ਕੇ ਤਾਂ ਤੂੰ ਮੇਰੀਆਂ ਅੱਖਾਂ ਈ ਖੋਲ੍ਹਤੀਆਂ। ਚਾਨਣ ਕਰਤਾ। ਕਰਦੇ ਆਂ ਹੁਣ ਦਿਮਾਗ ਦਾ ਵੀ ਕੋਈ ਇਲਾਜ। ਚਲਾਉਣੇ ਆਂ ਕੋਈ ਨਵੀਂ ਲਹਿਰ।”
ਉਹ ਸੱਚਮੁੱਚ ਲਹਿਰ ’ਚ ਆ ਗਿਆ। ਦੱਸਣ ਲੱਗ ਪਿਆ, “ਪੰਜਾਬ ਵਿਚ ਪਹਿਲਾਂ ਸਿੰਘ ਸਭਾ ਲਹਿਰ ਚੱਲੀ, ਫੇਰ ਗਦਰ ਲਹਿਰ, ਅਕਾਲੀ ਲਹਿਰ, ਫੇਰ ਆਜ਼ਾਦੀ ਦੀ ਲਹਿਰ, ਪੰਜਾਬੀ ਸੂਬੇ ਦੀ ਲਹਿਰ, ਕਮਿਊਨਿਸਟਾਂ ਤੇ ਨਕਸਲਬਾੜੀਆਂ ਦੀ ਲਹਿਰ, ਹਰੇ ਇਨਕਲਾਬ ਦੀ ਲਹਿਰ, ਖ਼ਾਲਿਸਤਾਨੀ ਲਹਿਰ ਤੇ ਹੁਣ ਸਭਿਆਚਾਰਕ ਮੇਲਿਆਂ ਦੀ ਲਹਿਰ। ਅੱਗੇ ਆਊ ਦਲਿਤ ਲਹਿਰ ...।” ਉਦੋਂ ਨਸ਼ਿਆਂ ਦੀ ਲਹਿਰ ਨਹੀਂ ਸੀ ਚੱਲੀ ਤੇ ਨਾ ਹੀ ਨਸ਼ਾ ਵਿਰੋਧੀ ਲਹਿਰ ਉੱਠੀ ਸੀ, ਨਹੀਂ ਤਾਂ ਜੱਸੋਵਾਲ ਉਹ ਵੀ ਗਿਣਾ ਦਿੰਦਾ।
ਚਲਦੀਆਂ ਗੱਲਾਂ ਵਿਚ ਆਉਣ ਜਾਣ ਵਾਲਿਆਂ ਦਾ ਮੇਲਾ ਲੱਗ ਗਿਆ। ਉਸ ਦੀ ਉਦਾਸੀ ਪਿੱਛੇ ਰਹਿ ਗਈ ਤੇ ਖੇੜਾ ਉੱਤੋਂ ਦੀ ਹੋ ਗਿਆ। ਜੱਸੋਵਾਲ ਭੌਂਪੂ ਵਜਾਉਣ ਲੱਗਾ। ਨੌਕਰ ਭੱਜਾ ਭੱਜਾ ਆਇਆ। ਜੱਸੋਵਾਲ ਕਹਿਣ ਲੱਗਾ, “ਕਿੱਥੇ ਮਰ ਗਿਆ ਸੀ ਤੂੰ? ਆਹ ਦੇਖ ਬੰਦੇ ਆ ਗਏ। ਔਹ ਹੋਰ ਤੁਰੇ ਆਉਂਦੇ ਆ। ਛੇਤੀ ਕਰ। ਲੈ ਗੀਤਾਂ ਵਾਲਾ ਵੀ ਆ ਗਿਆ ਤੇ ਸਟੋਰੀ ਵਾਲਾ ਵੀ। ਤੂੰ ਬਈ ਮੁੰਡਿਆ ਗਾ, ਗਾ ਬਈ ਗਾ। ਹੁਣੇ ਗਾ ਲੈ, ਫੇਰ ਟੈਮ ਨੀ ਮਿਲਣਾ। ਮੇਲੇ ਆਲਿਆਂ ਨੇ ਆਉਣਾ ... ਰਾਮੂੰ ਬੰਦੇ ਗਿਣ ਲੈ, ਤਿਆਰੀ ਕਰ ਲੈ। ਦੋ ਦੋ ਪਰੌਂਠੇ, ਬਾਟੀ ਬਾਟੀ ਦਹੀਂ ਦੀ, ਲੱਸੀ, ਗੁੜ, ਅੰਬ ਦਾ ਅਚਾਰ ਵੀ ਧਰ ਲਈਂ, ਗੰਢਾ ਵੀ ਲੈ ਆਈਂ, ਹਰੀ ਮਿਰਚ ਵੀ ਤੇ ਮੂਲੀ ਵੀ ...।”
ਉਦਾਸੀ ਜਿਵੇਂ ਆਈ ਸੀ, ਉਵੇਂ ਹੀ ਉੱਡ ਪੁੱਡ ਗਈ। ਜੱਸੋਵਾਲ ਦਾ ਆਲ੍ਹਣਾ ਉਵੇਂ ਹੀ ਚਹਿਕਣ ਲੱਗਾ ਜਿਵੇਂ ਹਰ ਰੋਜ਼ ਚਹਿਕਦਾ ਸੀ। ਕੁੱਤੇ ਨੂੰ ਵੀ ਪਤਾ ਲੱਗ ਗਿਆ ਕਿ ਮਾਲਕ ਖ਼ੁਸ਼ ਹੋ ਗਿਐ। ਪਹਿਲਾਂ ਉਹ ਸਿਰ ਸੁੱਟੀ ਪਿਆ ਸੀ। ਜੱਸੋਵਾਲ ਨੂੰ ਖ਼ੁਸ਼ ਵੇਖ ਕੇ ਉਹਨੇ ਵੀ ਸਿਰ ਚੁੱਕ ਲਿਆ। ਉਹ ਵੀ ਪੂਛ ਹਿਲਾਉਂਦਾ ਬਊਂ ਬਊਂ ਕਰਦਾ ਭੌਂਕਣ ਲੱਗ ਪਿਆ।
ਜੱਸੋਵਾਲ ਬਾਰੇ ਬੜੇ ਲੋਕਾਂ ਨੇ ਬੜਾ ਕੁਝ ਕਿਹਾ ਤੇ ਲਿਖਿਆ ਹੈ। ਹਰੇਕ ਦਾ ਆਪੋ ਆਪਣਾ ਅਨੁਭਵ ਹੈ। ਉਹ ਮਿਲਾਪੜਾ ਜਿਊੜਾ ਸੀ ਜਿਹੜਾ ਹਰੇਕ ਨੂੰ ਮਿਲ ਕੇ ਖ਼ੁਸ਼ ਹੁੰਦਾ ਸੀ। ਲਾਲੀਆਂ ਚੜ੍ਹ ਜਾਂਦੀਆਂ ਸਨ ਉਹਨੂੰ ਆਏ ਗਿਆਂ ਨੂੰ ਮਿਲ ਗਿਲ ਕੇ। ਮੈਂ ਕਈ ਵਾਰ ਸੋਚਦਾ ਹਾਂ, ਕੀ ਰਿਸ਼ਤਾ ਸੀ ਮੇਰਾ ਉਹਦੇ ਨਾਲ? ਸੱਚੀ ਗੱਲ ਹੈ ਕੋਈ ਵਾਹ ਵਾਸਤਾ ਨਹੀਂ ਸੀ। ਬੇਸ਼ੱਕ ਉਸ ਨੂੰ ਮਿਲਣ ਦਾ ਕੋਈ ਮਤਲਬ ਨਹੀਂ ਸੀ ਹੁੰਦਾ, ਫਿਰ ਵੀ ਲੁਧਿਆਣੇ ਵਿਚ ਦੀ ਲੰਘਦਾ ਤਾਂ ਉਹਨੂੰ ਮਿਲਣ ਨੂੰ ਦਿਲ ਕਰਦਾ। ਕੋਈ ਮਿਕਾਨਤੀਸੀ ਖਿੱਚ ਸੀ ਉਹਦੇ ਵਿਚ। ਉਹ ਸਾਡੇ ਪਿੰਡ ਚਕਰ ਤੇ ਢੁੱਡੀਕੇ ਵੱਲ ਆਉਂਦਾ ਤਾਂ ਮਿਲੇ ਬਿਨਾਂ ਨਹੀਂ ਸੀ ਮੁੜਦਾ। ਇਹਨੂੰ ਮੋਹ ਕਹਿ ਲਓ, ਮੁਹੱਬਤ ਕਹਿ ਲਓ। ਉਹ ਸੀ ਹੀ ਮੋਹ ਮੁਹੱਬਤ ਨਾਲ ਭਰਿਆ ਹੋਇਆ ਮੁਹੱਬਤੀ ਬੰਦਾ। ਕਲਾਕਾਰਾਂ ਦਾ ਦੀਵਾਨਾ ਸੀ, ਮਸੀਹਾ ਸੀ, ਮਸਤਾਨਾ ਸੀ ਜੱਸੋਵਾਲ।
ਉਸ ਦੇ ਮਸਤਾਨੇਪਣ ਦੀਆਂ ਅਨੇਕਾਂ ਮਿਸਾਲਾਂ ਹਨ। ਅੱਸੀ ਵਰ੍ਹੇ ਦੀ ਉਮਰ ਭੋਗਦਿਆਂ ਉਹ ਕਦੇ ਟਿਕ ਕੇ ਨਾ ਬੈਠਾ। ਨਾ ਬਚਪਨ ਵਿਚ, ਨਾ ਜੁਆਨੀ ਵਿਚ ਅਤੇ ਨਾ ਬੁਢੇਪੇ ਵਿਚ। ਬਚਪਨ ਉਸ ਦਾ ਜੱਸੋਵਾਲ ਦੀਆਂ ਬੀਹੀਆਂ ਤੇ ਜੂਹਾਂ ਵਿਚ ਬੀਤਿਆ। ਘਰ ਵਿਚ ਬੱਚਿਆਂ ਦਾ ਰੌਣਕ ਮੇਲਾ ਸੀ। ਬਾਪ ਕੋਲ ਬੰਦੇ ਆਏ ਹੀ ਰਹਿੰਦੇ ਸਨ। ਜੁਗੋ ਹੋਰੀਂ ਪੰਜ ਭਰਾ ਸਨ। ਵੱਡੇ ਹੋ ਕੇ ਕੋਈ ਕੁਛ ਬਣਿਆ, ਕੋਈ ਕੁਛ। ਉਨ੍ਹਾਂ ਦੇ ਨਾਂ ਹਨ ਸੂਬੇਦਾਰ ਗੁਰਦੇਵ ਸਿੰਘ ਗਰੇਵਾਲ, ਇੰਜਨੀਅਰ ਸੁਖਦੇਵ ਸਿੰਘ ਗਰੇਵਾਲ, ਕੈਪਟਨ ਚਮਕੌਰ ਸਿੰਘ ਗਰੇਵਾਲ ਤੇ ਇੰਦਰਜੀਤ ਸਿੰਘ ਗਰੇਵਾਲ। ਜੁਗੋ ਬਣਿਆ ਜਥੇਦਾਰ ਜਗਦੇਵ ਸਿੰਘ ਜੱਸੋਵਾਲ।
ਬਚਪਨ ਵਿਚ ਉਹ ਮਾਲ ਡੰਗਰ ਚਾਰਨ ਵਾਲੇ ਮੁੰਡਿਆਂ ਦਾ ਮੋਹਰੀ ਹੁੰਦਾ ਸੀ। ਲੀਡਰੀ ਦੀ ਜਾਗ ਉਸ ਨੂੰ ਬਚਪਨ ਵਿਚ ਹੀ ਲੱਗ ਗਈ ਸੀ। ਮੁੰਡਿਆਂ ਨੂੰ ਮੋੜੇ ਲਾਉਣ ਭੇਜ ਕੇ ਉਹ ਉਨ੍ਹਾਂ ਦੀਆਂ ਬੱਕਰੀਆਂ ਦਾ ਦੁੱਧ ਚੁੰਘ ਜਾਂਦਾ ਸੀ। ਸੱਜਰ ਸੂਈਆਂ ਮੱਝਾਂ ਦਾ ਦੁੱਧ ਵਧਾਉਣ ਲਈ ਉਦੋਂ ਮੱਝਾਂ ਨੂੰ ਛੋਲਿਆਂ ਦੀਆਂ ਬੱਕਲੀਆਂ ਪਾਈਆਂ ਜਾਂਦੀਆਂ ਸਨ। ਜੁਗੋ ਦੀ ਬੇਬੇ ਬੱਕਲੀਆਂ ਬੱਠਲ ਵਿਚ ਪਾ ਕੇ ਜੁਗੋ ਨੂੰ ਕਹਿੰਦੀ, ਜਾਹ ਪੁੱਤ ਮਹਿੰ ਦੀ ਸੰਨ੍ਹੀ ’ਚ ਰਲਾ ਦੇ। ਜੁਗੋ ਬੱਠਲ ਚੁੱਕ ਕੇ ਮੱਝ ਦੀ ਖੁਰਲੀ ਵੱਲ ਤੁਰ ਪੈਂਦਾ। ਜਾਂਦਾ ਜਾਂਦਾ ਬੱਕਲੀਆਂ ਦੇ ਫੱਕੇ ਮਾਰਦਾ ਜਾਂਦਾ। ਨਮਕੀਨ ਬੱਕਲੀਆਂ ਸੁਆਦ ਵੀ ਬੜੀਆਂ ਲੱਗਦੀਆਂ। ਉਹ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ ਤੇ ਬੱਕਲੀਆਂ ਨਾਲ ਹੱਡ ਪੈਰ ਹੋਰ ਖੁੱਲ੍ਹ ਰਹੇ ਸਨ। ਸੱਜਰ ਸੂਈ ਮੱਝ ਦੀ ਖੁਰਲੀ ਉੱਤੇ ਉਹ ਬੱਠਲ ਰੱਖ ਲੈਂਦਾ। ਜਿੰਨੀਆਂ ਬੱਕਲੀਆਂ ਮੱਝ ਨੂੰ ਪਾਉਂਦਾ ਓਨੀਆਂ ਕੁ ਆਪ ਖਾ ਲੈਂਦਾ। ਸੱਜਰ ਸੂਈ ਮੱਝ ਦਾ ਦੁੱਧ ਖ਼ਾਸ ਨਾ ਵਧਦਾ ਪਰ ਜੁਗੋ ਦਾ ਕੱਦ ਵਧੀ ਜਾਂਦਾ। ਇਹ ਬੱਕਲੀਆਂ ਦੀ ਮਿਹਰਬਾਨੀ ਸੀ ਕਿ ਜੁਗੋ ਸਾਰੇ ਭਰਾਵਾਂ ਨਾਲੋਂ ਲੰਮਾ ਤੇ ਭਾਰਾ ਸੀ।
ਉਹਦੀ ਬੱਕਲੀਆਂ ਖਾਣ ਦੀ ਚੋਰੀ ਫੜੀ ਨਹੀਂ ਸੀ ਜਾਣੀ ਜੇ ਬੇਬੇ ਪਸ਼ੂਆਂ ਵਾਲੇ ਵਾੜੇ ਵਿਚ ਨਾ ਜਾਂਦੀ। ਉਹ ਮੱਝ ਨੂੰ ਵੇਖਣ ਗਈ ਸੀ ਕਿ ਏਨੀਆਂ ਬੱਕਲੀਆਂ ਪਾਉਣ ਦੇ ਬਾਵਜੂਦ ਉਹ ਦੁੱਧ ਕਿਉਂ ਨਹੀਂ ਵਧਾਉਂਦੀ? ਕਿਤੇ ਕੋਈ ਅਹੁਰ ਹੀ ਨਾ ਹੋਵੇ? ਜਦੋਂ ਮੱਝ ਦੀ ਥਾਂ ਜੁਗੋ ਬੱਕਲੀਆਂ ਖਾਂਦਾ ਵੇਖਿਆ ਤਾਂ ਬੇਬੇ ਨੂੰ ਮੱਝ ਦੀ ਅਹੁਰ ਦਾ ਪਤਾ ਲੱਗ ਗਿਆ। ਉਸ ਪਿੱਛੋਂ ਬੇਬੇ ਨੇ ਆਪ ਹੀ ਮੱਝ ਨੂੰ ਬੱਕਲੀਆਂ ਪਾਉਣ ਵਿਚ ਸਿਆਣਪ ਸਮਝੀ। ਆਤਮ ਹਮਰਾਹੀ ਨੇ ਬੱਕਲੀਆਂ ਵਾਲਾ ਕਿੱਸਾ ਜੱਸੋਵਾਲ ਦੀ ਬਾਵਨੀ ਵਿਚ ਲਿਖਿਆ ਤਾਂ ਉਹ ਤਾੜੀ ਮਾਰ ਕੇ ਹੱਸਿਆ। ਖ਼ੁਸ਼ ਹੋਏ ਜੱਸੋਵਾਲ ਨੇ ਆਤਮ ਹਮਰਾਹੀ ਨੂੰ ਘਰ ਸੱਦ ਕੇ ਬੱਕਲੀਆਂ ਖੁਆਈਆਂ। ਬੱਕਲੀਆਂ ਆਤਮ ਹਮਰਾਹੀ ਨੂੰ ਵੀ ਲੱਗ ਗਈਆਂ ਤੇ ਉਹ ਸੁੱਖ ਨਾਲ ਕੁਇੰਟਲ ਦੇ ਨੇੜੇ ਪਹੁੰਚ ਗਿਆ। ਉਹ ਜਿੰਨਾ ਕੁ ਲੰਮਾ ਸੀ, ਓਨਾ ਕੁ ਹੀ ਚੌੜਾ ਹੋ ਗਿਆ। ਤੁਰਿਆ ਜਾਂਦਾ ਇਓਂ ਲੱਗਣ ਲੱਗਾ ਜਿਵੇਂ ਪਹੀਆ ਰਿੜ੍ਹਿਆ ਜਾਂਦਾ ਹੋਵੇ!
ਜੁਗੋ ਦੀ ਬੇਬੇ ਰਾਤ ਨੂੰ ਰੋਟੀ ਟੁੱਕ ਪਿੱਛੋਂ ਸਾਰੇ ਜੀਆਂ ਨੂੰ ਦੁੱਧ ਵਰਤਾਉਂਦੀ। ਸਭ ਨੂੰ ਹਿੱਸੇ ਬਹਿੰਦਾ ਬਾਟੀ ਬਾਟੀ ਆਉਂਦਾ। ਜਿੱਦਣ ਬੱਕਲੀਆਂ ਚਰਨ ਜਾਂ ਬੱਕਰੀਆਂ ਚੁੰਘਣ ਦਾ ਦਾਅ ਨਾ ਲੱਗਦਾ ਉੱਦਣ ਜੁਗੋ ਦਾ ਜੀਅ ਕਰਦਾ ਬਾਟੀ ਦੁੱਧ ਦੀ ਹੋਰ ਮਿਲ ਜਾਵੇ। ਦੁੱਧ ਦੀ ਦੂਜੀ ਬਾਟੀ ਲੈਣ ਲਈ ਉਹ ਕੋਈ ਸਕੀਮ ਘੜ ਲੈਂਦਾ। ਕਦੇ ਬਾਟੀ ਵਿਚ ਬਚਦੇ ਦੁੱਧ ਦੀ ਅਖ਼ੀਰਲੀ ਘੁੱਟ ਡੋਲ੍ਹ ਕੇ ਕਹਿੰਦਾ, ਲਓ ਦੁੱਧ ਤਾਂ ਸਾਰਾ ਈ ਡੁੱਲ੍ਹ ਗਿਆ। ਉਸ ਨੂੰ ਦੁੱਧ ਦੀ ਹੋਰ ਬਾਟੀ ਮਿਲ ਜਾਂਦੀ। ਕਦੇ ਕੋਈ ਸਕੀਮ ਕਦੇ ਕੋਈ। ਇਕ ਵਾਰ ਬੇਬੇ ਨੇ ਹਿੱਸੇ ਬਹਿੰਦਾ ਦੁੱਧ ਸਾਰਿਆਂ ਨੂੰ ਵਰਤਾ ਦਿੱਤਾ। ਚੌਂਕੇ ਵਿਚ ਬੈਠੇ ਸਨ ਸਾਰੇ ਜਣੇ। ਜੁਗੋ ਨੇ ਆਪਣੀ ਬਾਟੀ ਖਾਲੀ ਕਰ ਕੇ ਸਕੀਮ ਮੁਤਾਬਿਕ ਖਾਲੀ ਬਾਟੀ ਭੁੰਜੇ ਖੜਕਾਈ। ਸਾਰਿਆਂ ਦਾ ਧਿਆਨ ਬਾਟੀ ਵੱਲ ਹੋਇਆ ਪਰ ਕਿਸੇ ਨੇ ਆਪਣੇ ਹਿੱਸੇ ਦਾ ਦੁੱਧ ਨਾ ਵੰਡਾਇਆ।
ਪਰ ਜੁਗੋ ਮਾੜਾ ਮੋਟਾ ਸਕੀਮੀ ਨਹੀਂ ਸੀ। ਉਹ ਆਪਣੀ ਬੇਬੇ ਨੂੰ ਕਹਿਣ ਲੱਗਾ, “ਬੇਬੇ ਜਿਹੜਾ ਪਟਿਆਲੇ ਆਲਾ ਮਹਾਰਾਜਾ ਐ ਨਾ, ਉਹ ਤਾਂ ਮਣ ਪੱਕਾ ਦੁੱਧ ਪੀਂਦਾ ਹੋਊ।”
ਬੇਬੇ ਕਹਿਣ ਲੱਗੀ, “ਹਾਂ ਪੁੱਤ, ਰਾਜਿਆਂ ਨੂੰ ਕਾਹਦਾ ਘਾਟਾ? ਉਹ ਤਾਂ ਭਵਾਂ ਦੁੱਧ ਨਾਲ ਨਹਾਈ ਜਾਣ।”
ਜੁਗੋ ਨੇ ਫੇਰ ਬਾਟੀ ਖੜਕਾਈ ਤੇ ਕਿਹਾ, “ਬੇਬੇ ਮੈਂ ਦੁੱਧ ਨਾਲ ਨਹੌਣ ਦੀ ਗੱਲ ਨੀ ਕਰਦਾ, ਦੁੱਧ ਪੀਣ ਦੀ ਕਰਦਾਂ। ਮਹਾਰਾਜਾ ਤਾਂ ਰੱਜ ਕੇ ਦੁੱਧ ਪੀਂਦਾ ਹੋਊ।”
ਬੇਬੇ ਨੂੰ ਖੁੜਕ ਗਈ ਕਿ ਜੁਗੋ ਹੋਰ ਦੁੱਧ ਪੀਣਾ ਚਾਹੁੰਦੈ। ਸਾਰਿਆਂ ਦੇ ਸਾਹਮਣੇ ਸੰਗਦਾ ਈ ਨੀ ਮੰਗਦਾ। ਮਾਂ ਨੇ ਆਪ ਦੇ ਹਿੱਸੇ ਦਾ ਦੁੱਧ, ਦੁੱਧ ਪੀਣੇ ਪੁੱਤ ਦੀ ਬਾਟੀ ਵਿਚ ਪਲਟ ਕੇ ਕਿਹਾ, “ਲੈ ਮੇਰਾ ਸ਼ੇਰ, ਤੂੰ ਹੀ ਪੀ ਲੈ ਪੁੱਤ, ਮੇਰਾ ਸਰ ਜੂ ਦੁੱਧ ਬਿਨਾਂ। ਤੂੰ ਕਿਹੜਾ ਪਟਿਆਲੇ ਆਲੇ ਤੋਂ ਘੱਟ ਐਂ।” ਤੇ ਮਾਂ ਦੇ ਮਮਤਾ ਵਿਚ ਹੰਝੂ ਟਪਕ ਪਏ।
ਜੱਸੋਵਾਲ ਵੇਖਣ ਨੂੰ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਲੱਗਦਾ ਪਰ ਸੀਗਾ ਬਹੁਤ ਪੜ੍ਹਿਆ ਲਿਖਿਆ। ਜਿਨ੍ਹਾਂ ਦਿਨਾਂ ਵਿਚ ਗ੍ਰੈਜੂਏਟ ਯਾਨੀ ਬੀ. ਏ. ਪਾਸ ਹੋਣਾ ਨਾਂ ਨਾਲ ਲਿਖਣਾ ਸ਼ਾਨ ਸਮਝੀ ਜਾਂਦੀ ਸੀ, ਉਹ ਤਿੰਨ ਐੱਮ. ਏ. ਪਾਸ ਸੀ। ਵਿੱਚੇ ਬੀ. ਟੀ. ਕੀਤੀ ਤੇ ਵਿੱਚੇ ਐੱਲ. ਐੱਲ. ਬੀ. ਕੀਤੀ। ਉਹ ਜੱਸੋਵਾਲ, ਕਿਲਾ ਰਾਇਪੁਰ, ਲੁਧਿਆਣੇ, ਪਟਿਆਲੇ ਤੇ ਅਲੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਿਆ। ਉਹ ਮਾਸਟਰ ਲੱਗ ਸਕਦਾ ਸੀ, ਪ੍ਰੋਫ਼ੈਸਰ ਬਣ ਸਕਦਾ ਸੀ, ਵਕਾਲਤ ਕਰ ਸਕਦਾ ਸੀ ਤੇ ਜੱਜ ਲੱਗ ਸਕਦਾ ਸੀ ਪਰ ਉਹ ਸਿਆਸਤ ਦੇ ਔਝੜ ਰਾਹੀਂ ਔਝੜ ਗਿਆ। ਸਿਆਸਤ ਨੇ ਉਸ ਨੂੰ ਕਿਸੇ ਬੰਨੇ ਨਾ ਲਾਇਆ।
ਮੈਨੂੰ ਉਹਦੇ ਬਾਰੇ 1965-66 ਵਿਚ ਦਿੱਲੀ ਵਿਚ ਪਤਾ ਲੱਗਾ ਸੀ। ਮੇਰਾ ਮਿੱਤਰ ਗਿਆਨ ਸਿੰਘ ਸੰਧੂ ਤੇ ਮੈਂ ਖਾਲਸਾ ਕਾਲਜ ਦਿੱਲੀ ਵਿਚ ਪੜ੍ਹਾਉਂਦੇ ਸਾਂ। ਗਿਆਨ ਸਿੰਘ ਤੇ ਉਹਦਾ ਵੱਡਾ ਭਰਾ ਮੇਵਾ ਸਿੰਘ ਗੌਰਮਿੰਟ ਕਾਲਜ ਲੁਧਿਆਣੇ ਪੜ੍ਹੇ ਸਨ। ਜੱਸੋਵਾਲ ਮੇਵਾ ਸਿੰਘ ਨਾਲ ਪੜ੍ਹਦਾ ਸੀ ਜਿਸ ਕਰਕੇ ਗਿਆਨ ਸਿੰਘ ਉਸ ਨੂੰ ਮੇਵਾ ਸਿੰਘ ਵਾਂਗ ਵੱਡਾ ਭਰਾ ਹੀ ਸਮਝਦਾ ਸੀ। ਮੇਵਾ ਸਿੰਘ ਤੇ ਗਿਆਨ ਸਿੰਘ ਦੇ ਕੱਦ ਵੀ ਸਵਾ ਛੇ ਫੁੱਟੇ ਸਨ। ਕਾਲਜ ਵਿਚ ਉਹ ਸਭ ਤੋਂ ਉੱਚੇ ਦਿਸਦੇ। ਜਦੋਂ ਕਦੇ ਮੇਵਾ ਸਿੰਘ ਦਿੱਲੀ ਸਾਨੂੰ ਮਿਲਣ ਆਉਂਦਾ ਤਾਂ ਜੱਸੋਵਾਲ ਦੀਆਂ ਗੱਲਾਂ ਹੁੰਦੀਆਂ। ਮੈਂ ਦਿੱਲੀ ਵਿਚ 1962 ਤੋਂ 67 ਤਕ ਪੜ੍ਹਿਆ ਤੇ ਪੜ੍ਹਾਇਆ। ਜੱਸੋਵਾਲ ਉਹਨੀਂ ਦਿਨੀਂ ਸਿਆਸਤ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਉਹ ਮਾਸਟਰ ਤਾਰਾ ਸਿੰਘ ਨੂੰ ਮਿਲਦਾ ਮਿਲਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਮਿਲਣ ਲੱਗ ਪਿਆ ਸੀ। ਕੈਰੋਂ ਨੂੰ ਮਿਲਦਾ ਹੋਣ ਕਰਕੇ ਉਹਦੀਆਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਤਸਵੀਰਾਂ ਲਹਿਣ ਲੱਗ ਪਈਆਂ ਜੋ ਸਿਆਸਤ ਵਿਚ ਉਹਦਾ ਕੱਦ ਹੋਰ ਉੱਚਾ ਕਰਨ ਦੇ ਕੰਮ ਆਈਆਂ।
ਇਕ ਤਸਵੀਰ ਉਸ ਨੇ ਮੈਨੂੰ ਵੀ ਦਿੱਤੀ ਸੀ ਕਿ ਕਿਤੇ ਅਖ਼ਬਾਰ ਵਿਚ ਛਪਾਉਣ ਦੇ ਕੰਮ ਆਵੇਗੀ। ਉਸ ਵਿਚ ਸੱਜੇ ਹੱਥ ਨਹਿਰੂ ਖੜ੍ਹਾ ਸੀ, ਉਸ ਦੇ ਖੱਬੇ ਹੱਥ ਜੱਸੋਵਾਲ, ਕੈਰੋਂ ਤੇ ਦਰਬਾਰਾ ਸਿੰਘ ਹੋਰੀਂ ਖੜ੍ਹੇ ਸਨ। ਜੱਸੋਵਾਲ ਸਾਰਿਆਂ ਤੋਂ ਗਿੱਠ ਉੱਚਾ ਦਿਸਦਾ ਸੀ। ਦਿਸਣਾ ਹੀ ਸੀ ਕਿਉਂਕਿ ਦੂਜਿਆਂ ਨੇ ਨਾ ਉਸ ਜਿੰਨੀਆਂ ਬੱਕਲੀਆਂ ਖਾਧੀਆਂ ਸਨ ਤੇ ਨਾ ਬੱਕਰੀਆਂ ਚੁੰਘੀਆਂ ਸਨ। ਉਨ੍ਹਾਂ ਦੇ ਕੱਦ ਕਿਵੇਂ ਵਧਦੇ?
ਇਕ ਹੋਰ ਫੋਟੋ ਵਿਚ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ, ਗਵਰਨਰ ਉੱਜਲ ਸਿੰਘ, ਵਿਦੇਸ਼ ਮੰਤਰੀ ਸਵਰਨ ਸਿੰਘ, ਜਗਦੇਵ ਸਿੰਘ ਜੱਸੋਵਾਲ, ਦਰਬਾਰਾ ਸਿੰਘ, ਸਪੀਕਰ ਕਪੂਰ ਸਿੰਘ ਤੇ ਜਸਟਿਸ ਗੁਰਨਾਮ ਸਿੰਘ ਖੜ੍ਹੇ ਸਨ। ਉਸ ਵਿਚ ਸਮੁੰਦਰੀ ਤੇ ਸਵਰਨ ਸਿੰਘ ਦਾ ਕੱਦ ਜੱਸੋਵਾਲ ਜਿੱਡਾ ਹੀ ਦਿਸਦਾ ਸੀ। ਕੀ ਪਤਾ ਉਨ੍ਹਾਂ ਨੇ ਵੀ ਹਰੀਆਂ ਚਰੀਆਂ ਤੇ ਬੂਰੀਆਂ ਚੁੰਘੀਆਂ ਹੋਣ! ਸੀ ਤਾਂ ਉਹ ਵੀ ਕਿਸਾਨ ਘਰਾਂ ਦੇ ਜੰਮਪਲ।
ਜੱਸੋਵਾਲ ਨੇ ਸਿਆਸਤ ਵਿਚ ਪਹਿਲੀ ਵੱਡੀ ਛਾਲ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਸਿਆਸੀ ਸਕੱਤਰ ਬਣਨ ਦੀ ਮਾਰੀ ਸੀ। ਤਦ ਤਕ ਉਹ ਮਾਸਟਰ ਤਾਰਾ ਸਿੰਘ ਤੇ ਕੈਰੋਂ ਦੇ ਸੰਪਰਕ ਵਿਚ ਹੁੰਦਾ ਹੋਇਆ ਸੰਤ ਫਤਿਹ ਸਿੰਘ ਦੇ ਸੰਪਰਕ ਵਿਚ ਆ ਗਿਆ ਸੀ। ਹੇਠਲੀਆਂ ਜਥੇਦਾਰੀਆਂ ਕਰਦਾ ਉੱਪਰਲੀਆਂ ਜਥੇਦਾਰੀਆਂ ਨੂੰ ਪੈ ਗਿਆ ਸੀ। ਪੜ੍ਹਿਆ ਲਿਖਿਆ ਹੋਣ ਕਰਕੇ ਪੜ੍ਹੇ ਲਿਖੇ ਮੁੱਖ ਮੰਤਰੀ ਗੁਰਨਾਮ ਸਿੰਘ ਨੇ ਉਸ ਨੂੰ ਆਪਣਾ ਸਿਆਸੀ ਸਕੱਤਰ ਬਣਾ ਲਿਆ ਸੀ। ਉਸ ਨੂੰ ਸਿਆਸੀ ਸਕੱਤਰ ਬਣਾਉਣ ਦਾ ਇਕ ਕਾਰਨ ਹੋਰ ਵੀ ਸੀ। ਜਸਟਿਸ ਗੁਰਨਾਮ ਸਿੰਘ ਵੀ ਗਰੇਵਾਲ ਸੀ ਤੇ ਸੀ ਵੀ ਨਾਰੰਗਵਾਲ ਦਾ ਜੋ ਜੱਸੋਵਾਲ ਦੇ ਗੁਆਂਢ ਸੀ। ਉਹ ਉਸ ਦੇ ਕਿਲਾ ਰਾਇਪੁਰ ਹਲਕੇ ਦਾ ਕੰਮ ਵਧੇਰੇ ਚੰਗੀ ਤਰ੍ਹਾਂ ਨਿਪਟਾ ਸਕਦਾ ਸੀ ਤੇ ਜਸਟਿਸ ਦੀਆਂ ਵੋਟਾਂ ਹੋਰ ਪੱਕੀਆਂ ਕਰ ਸਕਦਾ ਸੀ।
ਪੰਜਾਬੀ ਸੂਬਾ ਬਣ ਚੁੱਕਾ ਸੀ, ਜਿਸ ਦਾ ਮੁੱਖ ਮੰਤਰੀ ਅਕਾਲੀ ਦਲ ਦਾ ਲੀਡਰ ਜਸਟਿਸ ਗੁਰਨਾਮ ਸਿੰਘ ਬਣਿਆ ਸੀ। ਕਿਉਂਕਿ ਉਹ ਜੱਜ ਰਿਹਾ ਸੀ ਇਸ ਲਈ ਜਥੇਦਾਰਾਂ ਵਾਂਗ ਨਹੀਂ ਸੀ ਵਿਚਰ ਸਕਦਾ ਤੇ ਜੈਕਾਰੇ ਵੀ ਨਹੀਂ ਸੀ ਛੱਡ ਸਕਦਾ। ਉਸ ਦੀ ਇਹ ਘਾਟ ਘੈਂਟ ਜਥੇਦਾਰ ਜਗਦੇਵ ਸਿੰਘ ਜੱਸੋਵਾਲ ਪੂਰੀ ਕਰ ਸਕਦਾ ਸੀ। ਜਸਟਿਸ ਅਸੂਲਾਂ ਦਾ ਬੰਦਾ ਸੀ ਪਰ ਵਧੇਰੇ ਜਥੇਦਾਰ ਅਸੂਲਾਂ ਅਸਾਲਾਂ ਨੂੰ ਟਿੱਚ ਸਮਝਦੇ ਸਨ। ਉਹ ਹਨ੍ਹੇਰੇ ਸਵੇਰੇ ਜਸਟਿਸ ਦੀ ਕੋਠੀ ਆ ਵੱਜਦੇ ਤੇ ਆਪਣੇ ਬੰਦਿਆਂ ਦਾ ਕੰਮ ਤੁਰਤ ਕਰਾਉਣ ਦੀ ਮੰਗ ਕਰਦੇ। ਕਹਿੰਦੇ, “ਅਸੀਂ ਗੱਜ ਵੱਜ ਕੇ ਵੋਟਾਂ ਪਾਈਆਂ, ਗੱਜ ਵੱਜ ਕੇ ਆਪਣੇ ਬੰਦਿਆਂ ਦਾ ਕੰਮ ਕਰਾਉਣਾ।”
ਜਸਟਿਸ ਆਪਣੀ ਉਮਰ ਭਰ ਦੀ ਆਦਤ ਮੁਤਾਬਿਕ ਸ਼ਾਮ ਨੂੰ ਨਿੱਜੀ ਸੰਗਤ ਤੇ ਸਵੇਰ ਨੂੰ ਆਰਾਮ ਨਾਲ ਤਿਆਰ ਹੋਣ ਦਾ ਆਦੀ ਸੀ। ਜਥੇਦਾਰ ਉਹਦੇ ਆਰਾਮ ਵਿਚ ਖਲਲ ਪਾ ਰਹੇ ਸਨ ਤੇ ਜਸਟਿਸ ਦੀਆਂ ਸ਼ਿਕਾਇਤਾਂ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਤਕ ਪੁਚਾ ਰਹੇ ਸਨ। ਅਖੇ ਸਾਡਾ ਕਾਹਦਾ ਮੁੱਖ ਮੰਤਰੀ ਹੈ, ਸਾਨੂੰ ਤਾਂ ਮਿਲਦਾ ਹੀ ਨਹੀਂ। ਅੱਕੇ ਹੋਏ ਜਸਟਿਸ ਨੇ ਜੱਸੋਵਾਲ ਨੂੰ ਪੁੱਛਿਆ, “ਤੂੰ ਜਥੇਦਾਰ ਰਿਹੈਂ। ਤੂੰ ਹੀ ਦੱਸ ਹੁਣ ਕੀ ਕਰੀਏ?”
ਜੱਸੋਵਾਲ ਨੇ ਕਿਹਾ, “ਜਸਟਿਸ ਸਾਹਿਬ, ਜਥੇਦਾਰਾਂ ਨੂੰ ਮੇਰੇ ’ਤੇ ਛੱਡੋ। ਮੈਂ ਸਾਭੂੰ ਉਹਨਾਂ ਨੂੰ। ਤੁਸੀਂ ਸ਼ਾਮ ਨੂੰ ਆਪਣੀ ਸੰਗਤ ਕਰਿਆ ਕਰੋ। ਸਵੇਰੇ ਵੀ ਆਰਾਮ ਨਾਲ ਉੱਠਿਆ ਕਰੋ। ਮੈਨੂੰ ਖੁੱਲ੍ਹਾ ਡੁੱਲ੍ਹਾ ਰਾਸ਼ਨ ਲੈ ਦਿਓ। ਘਿਓ ਦੇ ਪੀਪੇ, ਖੰਡ ਦੀਆਂ ਬੋਰੀਆਂ, ਸੂਜੀ ਦੇ ਗੱਟੂ, ਚਾਹ ਦੇ ਡੱਬੇ ਤੇ ਲੌਂਗ ਲੈਚੀਆਂ ਦੇ ਪੈਕਟ। ਇਕ ਕੜਾਹੀ ਤੇ ਇਕ ਵਲਟੋਹੀ ਲੈ ਦਿਓ। ਸੇਵਾਦਾਰ ਮੈਂ ਆਪੇ ਲੱਭ-ਲੂੰ। ਤੁਸੀਂ ਸੌਂਇਆਂ ਕਰੋ ਅਰਾਮ ਨਾਲ। ਸਵੇਰੇ ਤਿਆਰ ਹੋ ਕੇ ਜਦੋਂ ਬਾਹਰ ਨਿਕਲੋਂ ਤਾਂ ਸਾਰਿਆਂ ਦੇ ਸਾਹਮਣੇ ਦੇਗ ਲੈਣੀ ਨਾ ਭੁੱਲਿਓ ਤੇ ਹੱਥ ਜੋੜ ਕੇ ਫਤਿਹ ਵੀ ਗਜਾਉਂਦੇ ਜਾਇਓ। ਜਾਹ ਫੇਰ ਨੀ ਕੋਈ ਸ਼ਿਕਾਇਤ ਕਰਦਾ ਥੋਡੀ ਸੰਤ ਫਤਿਹ ਸਿੰਘ ਕੋਲ।”
ਜਸਟਿਸ ਨੇ ਗੱਲ ਪੱਲੇ ਬੰਨ੍ਹ ਲਈ। ਜੱਸੋਵਾਲ ਸੇਵਾਦਾਰਾਂ ਤੋਂ ਕੜਾਹ ਪ੍ਰਸ਼ਾਦ ਬਣਵਾਉਂਦਾ ਤੇ ਚਾਹ ਦੀ ਵਲਟੋਹੀ ਚੁੱਲ੍ਹੇ ਚੜ੍ਹਵਾਈ ਰੱਖਦਾ। ਜਿਹੜਾ ਜਥੇਦਾਰ ਆਉਂਦਾ ਉਹਦਾ ਲੌਂਗ ਲੈਚੀਆਂ ਵਾਲੀ ਗਰਮ ਚਾਹ ਤੇ ਸੌਗੀ ਖੋਪੇ ਵਾਲੇ ਸੂਜੀ ਦੇ ਕੜਾਹ ਨਾਲ ਸਵਾਗਤ ਹੁੰਦਾ। ਹੰਮੇ ਨਾਲ ਕੰਮ ਕਰਾਉਣ ਆਇਆ ਜਥੇਦਾਰ ਕੜਾਹ ਛੱਕ ਕੇ ਤੇ ਚਾਹ ਪੀ ਕੇ ਥਿੰਧੇ ਹੱਥਾਂ ਨਾਲ ਮੂੰਹ ਤੇ ਦਾੜ੍ਹੀ-ਮੁੱਛਾਂ ਦੀ ਖੁਸ਼ਕੀ ਦੂਰ ਕਰਦਾ। ਏਨਾ ਕੁਛ ਕਰਦਿਆਂ ਅੱਵਲ ਤਾਂ ਉਹ ਜਿਹੜੇ ਕੰਮ ਆਇਆ ਸੀ, ਉਹ ਭੁੱਲ ਹੀ ਜਾਂਦਾ; ਜੇ ਯਾਦ ਰਹਿ ਜਾਂਦਾ ਤਾਂ ਜਦੋਂ ਜਸਟਿਸ ਬਾਹਰ ਨਿਕਲਣ ਲੱਗਦਾ ਤਾਂ ਫਤਿਹ ਬੁਲਾਉਣ ਤੇ ਜੈਕਾਰਾ ਲਾਉਣ ਵੇਲੇ ਭੁਲਾ ਬਹਿੰਦਾ। ਜੈਕਾਰਾ ਲਾਉਣ ਵਾਲਾ ਜੇ ਕੋਈ ਹੋਰ ਨਾ ਨਿੱਤਰਦਾ ਤਾਂ ਜੱਸੋਵਾਲ ਖ਼ੁਦ ਇਹ ਘਾਟ ਪੂਰੀ ਕਰ ਦਿੰਦਾ। ਕੰਡੇਦਾਰ ਚਾਹ ਤੇ ਤਿੰਨ ਮੇਲ ਦੇ ਪਰਸ਼ਾਦ ਵਿਚ ਬਰਕਤ ਹੀ ਏਨੀ ਸੀ ਕਿ ਜਸਟਿਸ ਦੀ ਜੈ ਜੈ ਕਾਰ ਹੋਣ ਲੱਗੀ। ਇੰਜ ਜੱਸੋਵਾਲ ਨੇ ਜਸਟਿਸ ਨੂੰ ਵਾਧੂ ਦੀ ਪਰੇਸ਼ਾਨੀ ਤੋਂ ਬਚਾਈ ਰੱਖਿਆ। ਉਹਦੇ ਇਵਜ਼ ਵਿਚ ਜਸਟਿਸ ਨੇ ਜੱਸੋਵਾਲ ਨੂੰ ਕੁਝ ਵਧੇਰੇ ਹੀ ਅਧਿਕਾਰ ਦੇ ਦਿੱਤੇ।
ਜੀਹਦੇ ਕੋਲ ਮੁੱਖ ਮੰਤਰੀ ਦੇ ਅਧਿਕਾਰ ਆ ਜਾਣ ਉਹ ਫੇਰ ਕੀਹਦੇ ਲੈਣ ਦਾ ਹੁੰਦੈ! ਕਾਟੋ ਦੇ ਸਿਰ ’ਚੋਂ ਤਾਂ ਦੁਆਨੀ ਨਹੀਂ ਸੀ ਨਿਕਲੀ ਪਰ ਮੁੱਖ ਮੰਤਰੀ ਦਾ ਸਿਆਸੀ ਸਕੱਤਰ ਬਣ ਜਾਣ ਨਾਲ ਜੱਸੋਵਾਲ ਦੀ ਕਾਟੋ ਫੁੱਲਾਂ ’ਤੇ ਖੇਡਣ ਲੱਗੀ। ਦੱਸਣ ਵਾਲੇ ਦੱਸਦੇ ਹਨ ਕਿ ਉਹਨੀਂ ਦਿਨੀਂ ਜੱਸੋਵਾਲ ਦੇ ਘਰ ਸੰਦੂਕਾਂ ਵਿਚ ਰਜਾਈਆਂ ਘੱਟ ਤੇ ਨੋਟ ਵੱਧ ਜਮ੍ਹਾਂ ਰਹਿੰਦੇ ਸਨ। ਉਹ ਨੌਕਰੀਆਂ ਦਿੰਦਾ, ਬਦਲੀਆਂ ਕਰਾਉਂਦਾ ਤੇ ਆਏ ਗਿਆਂ ਦੇ ਅੜੇ ਥੁੜੇ ਕੰਮ ਕਰਾਉਂਦਾ। ਪਰ ਇਹ ਦੌਰ ਬਹੁਤੀ ਦੇਰ ਨਾ ਚੱਲਿਆ। ਜਸਟਿਸ ਗੁਰਨਾਮ ਸਿੰਘ ਨੂੰ ਠੇਕੇਦਾਰ ਲਛਮਣ ਸਿੰਘ ਗਿੱਲ ਲੱਕੋਂ ਪੈ ਗਿਆ ਤੇ ਨਾਲ ਹੀ ਜੱਸੋਵਾਲ ਵਲ੍ਹੇਟਿਆ ਗਿਆ। ਗੱਲ ਚਾਰ ਦਿਨਾਂ ਦੀ ਚਾਨਣੀ ਤੇ ਫੇਰ ਹਨ੍ਹੇਰੀ ਰਾਤ ਵਾਲੀ ਹੋ ਗਈ।
ਅਸਲ ਵਿਚ ਜੱਸੋਵਾਲ ਸਿਆਸਤ ਵਿਚ ਗਿਣ ਮਿਥ ਕੇ ਨਹੀਂ ਸੀ ਆਇਆ। ਸਿਆਸਤ ਉਹਦੇ ਪੈਰ ਹੇਠ ਬਟੇਰੇ ਵਾਂਗ ਆਈ ਸੀ। ਮੁਕਲਾਵਾ ਲੈਣ ਚੱਲੇ ਨੇ ਜਿਹੜਾ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਹਰਾ ਲਾਇਆ ਸੀ, ਉਹ ਉਸ ਨੂੰ ਸਿਆਸਤ ਵੱਲ ਧੂਹ ਕੇ ਲੈ ਗਿਆ ਸੀ। ਜਦੋਂ ਉਹ ਜੇਲ੍ਹੋਂ ਰਿਹਾ ਹੋ ਕੇ ਆਇਆ ਤਾਂ ਜੱਸੋਵਾਲੀਆਂ ਨੇ ਉਹਦੇ ਗਲ ਵਿਚ ਹਾਰ ਪਾਏ ਤੇ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਥਾਪ ਦਿੱਤਾ। ਉਸ ਪਿੱਛੋਂ ਉਸ ਨੂੰ ਹਾਰ ਪੈਣ ਦੀ ਕਦੇ ਤੋਟ ਨਾ ਆਈ। ਚੋਣ ਹਾਰਨ ਵੇਲੇ ਵੀ ਹਾਰ ਪੈਂਦੇ ਤੇ ਜਿੱਤਣ ਵੇਲੇ ਤਾਂ ਪੈਣੇ ਹੀ ਸਨ। ਉਹ ਸਿਆਸੀ ਤੇ ਸਭਿਆਚਾਰਕ ਮੰਚਾਂ ’ਤੇ ਹਾਰ ਪੁਆਉਂਦਾ ਹੀ ਪਰਲੋਕ ਸਿਧਾਰਿਆ। ਲੱਗਦੈ ਧਰਮ ਰਾਜ ਦੇ ਚੇਲੇ ਬਾਲਕੇ ਵੀ ਉਸ ਨੂੰ ਹਾਰ ਲੈ ਕੇ ਹੀ ਉਡੀਕਦੇ ਰਹੇ ਹੋਣਗੇ ਤੇ ਹੁਣ ਤਕ ਜੱਸੋਵਾਲ ਨੇ ਨਰਕ ਸੁਰਗ ਵਿਚ ਵੀ ਮੇਲਿਆਂ ਦੀ ਲਹਿਰ ਚਲਾ ਲਈ ਹੋਵੇਗੀ।
ਉਹ ਮੇਲਿਆਂ ਦਾ ਮੋਹਰੀ ਸੀ, ਮੁਦਈ ਸੀ ਤੇ ਸਭਿਆਚਾਰਕ ਮੇਲਿਆਂ ਦਾ ਸ਼ੈਦਾਈ ਸੀ।
ਪ੍ਰੋ. ਮੋਹਨ ਸਿੰਘ ਨਾਲ ਉਸ ਦੀ ਆੜੀ ਉਦੋਂ ਪਈ ਸੀ ਜਦੋਂ ਉਹ ਪੋਠੋਹਾਰ ਤੋਂ ਮਾਝੇ ਵਿਚ, ਫਿਰ ਦੁਆਬੇ ਵਿਚ ਤੇ ਅਖ਼ੀਰ ਮਾਲਵੇ ਦੇ ਸ਼ਹਿਰ ਲੁਧਿਆਣੇ ਆ ਟਿਕਿਆ ਸੀ। ਉਨ੍ਹਾਂ ਦੇ ਘਰ ਨੇੜੋ ਨੇੜ ਸਨ ਜਿਸ ਕਰਕੇ ਉਹ ਆਥਣ ਸਵੇਰ ਮਿਲਦੇ ਰਹਿੰਦੇ। ਸ਼ਾਮ ਦੀਆਂ ਮਹਿਫ਼ਲਾਂ ਕਦੇ ਮੋਹਨ ਸਿੰਘ ਵੱਲ ਲੱਗ ਜਾਂਦੀਆਂ ਕਦੇ ਜੱਸੋਵਾਲ ਵੱਲ। ਜੱਸੋਵਾਲ ਮੋਹਨ ਸਿੰਘ ਦੀ ਸ਼ਾਇਰੀ ਦਾ ਕਦਰਦਾਨ ਸੀ। ਉਨ੍ਹਾਂ ਦੀ ਮਿੱਤ੍ਰਤਾ ਨਿਸ਼ਕਾਮ ਸੀ। ਘੁੱਟ ਪੀਣ ਪਿੱਛੋਂ ਇਕ ਦੂਜੇ ਤੋਂ ਨਿਛਾਵਰ ਹੋਣ ਦੀਆਂ ਗੱਲਾਂ ਹੋਣ ਲੱਗਦੀਆਂ। ਮੋਹਨ ਸਿੰਘ ਦਾ ਦਿਹਾਂਤ ਹੋਇਆ ਤਾਂ ਜੱਸੋਵਾਲ ਸੋਗ ਵਿਚ ਡੁੱਬ ਗਿਆ। ਸੋਗ ਵਿੱਚੋਂ ਨਿਕਲਣ ਲਈ ਉਸ ਨੇ ਮੋਹਨ ਸਿੰਘ ਦੀ ਯਾਦ ਵਿਚ ਮੋਹਨ ਸਿੰਘ ਮੇਲਾ ਲਾਉਣ ਸਕੀਮ ਬਣਾਈ ਤੇ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਖੜ੍ਹੀ ਕੀਤੀ। ਉਸ ਵਿਚ ਪਰਗਟ ਸਿੰਘ ਗਰੇਵਾਲ, ਪ੍ਰਮਿੰਦਰ ਸਿੰਘ, ਗੁਰਭਜਨ ਗਿੱਲ, ਮਹਿੰਦਰ ਸਿੰਘ ਚੀਮਾ ਤੇ ਹੋਰ ਬਹੁਤ ਸਾਰਿਆਂ ਤੋਂ ਲੈ ਕੇ ਨਿਰਮਲ ਜੌੜੇ ਤਕ ਉਹਦੇ ਸਹਿਯੋਗੀ ਬਣ ਗਏ।
ਪਹਿਲਾ ਮੋਹਨ ਸਿੰਘ ਯਾਦਗਾਰੀ ਮੇਲਾ ਉਸ ਦੇ ਜਨਮ ਦਿਵਸ ਉੱਤੇ ਅਕਤੂਬਰ 1978 ਵਿਚ ਲੱਗਾ। ਉਸ ਵੇਲੇ ਦੇ ਨਾਮੀ ਗਵੱਈਏ ਮੇਲੇ ਦਾ ਮਨੋਰੰਜਨ ਕਰਨ ਪਧਾਰੇ। ਉਨ੍ਹਾਂ ਵਿਚ ਦੀਦਾਰ ਸੰਧੂ ਤੋਂ ਲੈ ਕੇ ਕੁਲਦੀਪ ਮਾਣਕ ਤਕ ਸਾਰੇ ਹੀ ਕਹਿੰਦੇ ਕਹਾਉਂਦੇ ਗਾਇਕ ਸ਼ਾਮਲ ਸਨ। ਮੈਂ ਉਹ ਮੇਲਾ ਸ਼ੁਰੂ ਤੋਂ ਹੀ ਵੇਖਦਾ ਆ ਰਿਹਾਂ। ਅਸੀਂ ਢੁੱਡੀਕੇ ਤੋਂ ਚੱਲ ਪੈਣਾ ਤੇ ਸਮਸ਼ੇਰ ਸੰਧੂ ਹੋਰਾਂ ਨੇ ਚੰਡੀਗੜ੍ਹ ਤੋਂ। ਜਦੋਂ ਮੇਲੇ ਵਿਚ ਪੁੱਜਣਾ ਤਾਂ ਪੰਜਾਬੀ ਭਵਨ ਦਾ ਵਿਹੜਾ ਫੰਨਕਾਰਾਂ, ਕਲਾਕਾਰਾਂ ਤੇ ਲੇਖਕਾਂ ਨਾਲ ਭਰਿਆ ਦਿਸਣਾ। ਮਿਲਦੇ ਗਿਲਦੇ ਪੰਜਾਬੀ ਭਵਨ ਦੇ ਖੁੱਲ੍ਹੇ ਡੁੱਲ੍ਹੇ ਆਡੀਟੋਰੀਅਮ ਵਿਚ ਦਾਖਲ ਹੋਣਾ ਤਾਂ ਜੱਸੋਵਾਲ ਉੱਚੀ ਆਵਾਜ਼ ਵਿਚ ਭਾਸ਼ਨ ਦਿੰਦਾ ਦਿਸਣਾ। ਉਸ ਨੇ ਕਹਿੰਦੇ ਹੋਣਾ, “ਉੱਤੋਂ ਵੀ ਧੁੱਪ ਪੈਂਦੀ ਆ ਤੇ ਹੇਠੋਂ ਵੀ ਧੁੱਪ। ਦੇਖੋ ਕਿਵੇਂ ਬੰਦੇ ’ਤੇ ਬੰਦਾ ਚੜ੍ਹਿਆ ਬੈਠਾ। ਲੋਕਾਂ ਨੂੰ ਧੁੱਪ ਦੀ ਕੋਈ ਪਰਵਾਹ ਨੀ, ਤੇਹ ਦੀ ਕੋਈ ਪਰਵਾਹ ਨੀ, ਦੇਖੋ ਕਿਵੇਂ ਢਾਣੀਆਂ ਬੰਨ੍ਹ ਤੁਰੇ ਆਉਂਦੇ ਆ ਲੋਕ ਮੇਲੇ ’ਚ। ਲਓ ਔਹ ਖੇਡ ਮੇਲਿਆਂ ਵਾਲਾ ਸਰਵਣ ਵੀ ਆ ਗਿਆ ਤੇ ਗੀਤਾਂ ਦਾ ਵਣਜਾਰਾ ਸ਼ਮਸ਼ੇਰ ਸੰਧੂ ਵੀ। ਔਹ ਬਰਨਾਲੇ ਵਾਲਾ ਅਣਖੀ ਵੀ ਤੁਰਿਆ ਆਉਂਦਾ ਤੇ ਲੰਮਾ ਝੰਮਾ ਜਸਵੰਤ ਸਿੰਘ ਕੰਵਲ ਵੀ। ਸੰਤ ਸਿੰਘ ਸੇਖੋਂ ਵੀ ਖੂੰਡੀ ਲਈ ਬੈਠਾ ਬਾਹਰ ਬੋਹੜ ਥੱਲੇ। ਆਜੋ ਥੋਡਾ ਹੁਣੇ ਈ ਸਨਮਾਨ ਕਰਦੀਏ ਫੇਰ ਟਾਈਮ ਨੀ ਲੱਗਣਾ। ਹੈਂ ਜੀ?”
ਮੋਹਨ ਸਿੰਘ ਮੇਲਿਆਂ ਦੀਆਂ ਯਾਦਾਂ ਤਾਂ ਬੇਸ਼ੁਮਾਰ ਹਨ ਜਿਨ੍ਹਾਂ ਵਿੱਚੋਂ ਇਕ ਦੋਂਹ ਦਾ ਜ਼ਿਕਰ ਕਰਨਾ ਹੀ ਵਾਜਬ ਹੋਵੇਗਾ। 1980ਵਿਆਂ ਦੀ ਗੱਲ ਹੈ। ਮੈਂ ਕਾਲਜ ਦੀਆਂ ਕਲਾਸਾਂ ਲਾ ਕੇ ਮੋਹਨ ਸਿੰਘ ਮੇਲੇ ਵੱਲ ਚਾਲੇ ਪਾਏ। ਪੰਜਾਬੀ ਭਵਨ ਪੁੱਜਾ ਤਾਂ ਸਕੂਲੀ ਬੱਚਿਆਂ ਦੇ ਗਾਇਣ ਮੁਕਾਬਲੇ ਹੋ ਚੁੱਕੇ ਸਨ। ਮੋਹਨ ਸਿੰਘ ਦੀ ਕਵਿਤਾ ਬਾਰੇ ਸੈਮੀਨਾਰ ਵੀ ਹੋ ਚੁੱਕਾ ਸੀ। ਉੱਥੇ ਡਾ. ਜੌਹਲ, ਸੇਖੋਂ, ਪ੍ਰਮਿੰਦਰ ਸਿੰਘ, ਨਰੂਲਾ, ਆਤਮ ਹਮਰਾਹੀ ਤੇ ਹੋਰ ਕਈ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਜਨਮੇਜਾ ਜੌਹਲ ਫੋਟੋ ਖਿੱਚਦਾ ਮਿਲਿਆ। ਆਡੀਟੋਰੀਅਮ ਵਿਚ ਗਾਇਕਾਂ ਦਾ ਅਖਾੜਾ ਲੱਗਣਾ ਸੀ। ਉਨ੍ਹਾਂ ਨੇ ਕੁਝ ਗੀਤ ਮੋਹਨ ਸਿੰਘ ਦੇ ਗਾਉਣੇ ਸਨ ਤੇ ਫਿਰ ਸਰੋਤਿਆਂ ਸੀ ਫਰਮਾਇਸ਼ ਦੇ। ਦੀਦਾਰ ਸੰਧੂ ਨੇ ਮੋਹਨ ਸਿੰਘ ਦੀ ਕਵਿਤਾ, ਘੋੜੀ ਤੇਰੀ ਦੇ ਗਲ ਘੁੰਗਰੂ ... ਗਾਈ। ਕਿਸੇ ਨੇ ਅੰਬੀ ਦੇ ਬੂਟੇ ਥੱਲੇ, ਕਿਸੇ ਨੇ ਖੂਹ ਦੀ ਗਾਧੀ ਉੱਤੇ ਤੇ ਕਿਸੇ ਹੋਰ ਨੇ ਕੋਈ ਹੋਰ ਕਵਿਤਾ ਗਾ ਕੇ ਸੁਣਾਈ। ਮੋਹਨ ਸਿੰਘ ਦੀਆਂ ਕਵਿਤਾਵਾਂ ਤੇ ਗੀਤਾਂ ਦਾ ਕੋਈ ਅੰਤ ਨਹੀਂ ਸੀ ਪਰ ਕੁਝ ਸਰੋਤੇ ਚੋਂਦੇ ਚੋਂਦੇ ਗੀਤ ਵੀ ਸੁਣਨਾ ਚਾਹੁੰਦੇ ਸਨ। ਦੀਦਾਰ ਸੰਧੂ ਕਹਿਣ ਲੱਗਾ, “ਬੱਸ ਆਹੀ ਗੀਤ ਰਹਿ ਗਿਆ ਮੋਹਨ ਸਿੰਘ ਦਾ। ਫੇਰ ਕਲਜੁਗ ਦਾ ਪਟਾ ਚੜ੍ਹਨ ਈ ਵਾਲਾ ...।”
ਮੋਹਨ ਸਿੰਘ ਮੇਲੇ ਵਿਚ ਦਿਨ ਛਿਪਣ ਪਿੱਛੋਂ ਅਕਸਰ ਕਲਜੁਗ ਦੇ ਪਟੇ ਚੜ੍ਹ ਜਾਂਦੇ ਸਨ। ਦਿਨ ਵੇਲੇ ਦੇ ਸਟੇਜ ਸੈਕਟਰੀ ਪਰਮਿੰਦਰ ਸਿੰਘ, ਮਹਿੰਦਰ ਸਿੰਘ ਚੀਮਾ, ਗੁਰਭਜਨ ਗਿੱਲ ਤੇ ਦਰਸ਼ਨ ਬੜੀ ਵਰਗੇ ਥਕੇਵਾਂ ਲਾਹੁਣ ਚਲੇ ਜਾਂਦੇ ਸਨ ਤੇ ਕਾਬੂ ਆ ਜਾਂਦੇ ਸਨ ਹਮਾਤੜ ਤੁਮਾਤੜ। ਉਸ ਦਿਨ ਮੈਂ ਕਾਬੂ ਆ ਗਿਆ ਸਾਂ। ਜੱਸੋਵਾਲ ਨੇ ਮੈਨੂੰ ਵਡਿਆ ਕੇ ਸਟੇਜ ’ਤੇ ਚਾੜ੍ਹ ਦਿੱਤਾ ਸੀ ਬਈ ਭੁਗਤਾ ਸਾਰਿਆਂ ਨੂੰ। ਉਦੋਂ ਤਕ ਮੇਲਾ ‘ਲਹਿਰ’ ’ਚ ਆ ਗਿਆ ਹੋਇਆ ਸੀ। ਮੈਂ ਜਿਵੇਂ ਢੁੱਡੀਕੇ ਦੇ ਖੇਡ ਮੇਲੇ ਵਿਚ ਕਬੱਡੀਆਂ ਪੁਆਉਂਦਾ ਸਾਂ, ਉਵੇਂ ਗਾਇਕਾਂ ਦੀਆਂ ਕਬੱਡੀਆਂ ਪੁਆਈ ਗਿਆ। ਵਿੱਚੇ ਤਾੜੀਆਂ ਵੱਜੀ ਗਈਆਂ ਵਿੱਚੇ ਹਾਤ ਹੂਤ ਹੁੰਦੀ ਗਈ। ਵਿੱਚੇ ਸੋਫੀ ਸਨ ਵਿੱਚੇ ਪੀਣ ਪਿਆਉਣ ਵਾਲੇ। ਜੱਸੋਵਾਲ ਤਾੜੀਆਂ ਮਾਰਦਾ ਮੇਲ੍ਹ ਰਿਹਾ ਸੀ। ਵਿੱਚੇ ਮੇਲੇ ਦੀਆਂ ਨਿਸ਼ਾਨੀਆਂ ਵੰਡੀਆਂ ਜਾ ਰਹੀਆਂ ਸਨ। ਵਿਚੇ ਜੋਗੀ ਬੀਨਾਂ ਤੇ ਸੱਪ ਲਈ ਫਿਰਦੇ ਸਨ ਤੇ ਵਿੱਚੇ ਨਕਲੀਏ ਚਮੋਟਿਆਂ ਦੇ ਪਟਾਕੇ ਪਾ ਰਹੇ ਸਨ। ਵਿੱਚੇ ਸੁੱਖੇ ਨਾਲ ਡੱਕੇ ਨਿਹੰਗ ਤੁਰੇ ਫਿਰਦੇ ਸਨ ਤੇ ਵਿਚੇ ਢੱਡ ਸਾਰੰਗੀਆਂ ਤੇ ਅਲਗੋਜ਼ਿਆਂ ਵਾਲੇ। ਨਿਹੰਗਾਂ ਦੇ ਚੱਕਰ ਚਮਕ ਰਹੇ ਸਨ ਤੇ ਸਾਰੰਗੀਆਂ ਦੇ ਕੋਕੇ। ਮੇਲਾ ਸੀ ਜਿਸ ਕਰਕੇ ਮਹੌਲ ਖੁੱਲ੍ਹਾ ਡੁੱਲ੍ਹਾ ਸੀ। ਖਾਣ ਪੀਣ ਵੀ ਖੁੱਲ੍ਹਾ ਡੁੱਲ੍ਹਾ ਸੀ।
ਜੱਸੋਵਾਲ ਮੈਨੂੰ ਘਰੋਂ ਖੁਆ ਪਿਆ ਕੇ ਲਿਆਇਆ ਸੀ ਤਾਂ ਜੋ ਅੱਧੀ ਰਾਤ ਤਕ ਸਟੇਜ ਚਲਾ ਸਕਾਂ। ਮੈਂ ਸਟੇਜਾਂ ਤਾਂ ਬਥੇਰੀਆਂ ਭੁਗਤਾਈਆਂ ਸਨ ਪਰ ਰਾਤ ਨੂੰ ਮੇਲੇ ਦੀ ਸਟੇਜ ਸਾਂਭਣ ਦਾ ਪਹਿਲਾ ਮੌਕਾ ਸੀ। ਕਈ ਖੁਸ਼ ਹੋਏ ਕਈ ਨਾਰਾਜ਼। ਉੱਥੇ ਗੁਰਦਾਸ ਮਾਨ ਵੀ ਗਾ ਗਿਆ ਸੀ ਤੇ ਹੰਸ ਰਾਜ ਹੰਸ ਵੀ। ਯਮਲੇ ਜੱਟ ਨੇ ਰਾਤ ਨੂੰ ਹਾਜ਼ਰੀ ਲੁਆਈ। ਫਰਮਾਇਸ਼ਾਂ ਕਰਨ ਵਾਲਿਆਂ ਦੀਆਂ ਪਰਚੀਆਂ ਨਾਲ ਖੀਸਾ ਭਰ ਗਿਆ ਸੀ। ਇਕ ਕੋਈ ਘੋਨੇ ਸਿਰ ਵਾਲਾ ਗਾਇਕ ਸੀ ਜਿਹੜਾ ਮੇਰੇ ’ਚ ਕਬੱਡੀ ਦੇ ਧਾਵੀ ਵਾਂਗ ਵੱਜਾ। ਉਹ ਗਾਉਂਦਾ ਘੱਟ ਪਰ ਗੇੜੇ ਵੱਧ ਕੱਢਦਾ ਸੀ। ਕਬੱਡੀ ਦੇ ਖਿਡਾਰੀਆਂ ਵਾਂਗ ਹੀ ਥਾਪੀਆਂ ਮਾਰਦਾ ਤੇ ਡੰਡ ਬੈਠਕਾਂ ਕੱਢਦਾ ਸੀ। ਉਹਦੇ ਸਾਥੀਆਂ ਨੇ ਰਾਤ ਨੂੰ ਜੋ ਕਬੱਡੀਆਂ ਪਾਈਆਂ ਉਹ ਵੀ ਕਮਾਲ ਦੀਆਂ ਸਨ।
ਅੱਧੀ ਰਾਤ ਹੋ ਗਈ ਸੀ ਜਦੋਂ ਮੇਲਾ ਵਿਛੜਿਆ। ਸਟੇਜ ਦਾ ਕੰਮ ਭੁਗਤਾ ਕੇ ਅਸੀਂ ਜੱਸੋਵਾਲ ਦੇ ਘਰ ਚਲੇ ਗਏ। ਉੱਥੇ ਪੀਣ ਖਾਣ ਵਾਲਿਆਂ ਦਾ ਰੌਣਕ ਮੇਲਾ ਸੀ। ਐਕਸਾਈਜ਼ ਮਹਿਕਮੇ ਦਾ ਇਕ ਅਫ਼ਸਰ ਮੇਲੇ ਦਾ ਫੀਤਾ ਕੱਟਣ ਆਇਆ ਸੀ ਤੇ ਇਵਜ਼ ਵਿਚ ਦਾਰੂ ਸਿੱਕੇ ਦੇ ਡੱਬੇ ਘਰ ਪੁਚਾ ਗਿਆ ਸੀ। ਕੋਈ ਪੇਂਡੂ ਮਿੱਤਰ ਪੰਜਾਬੀ ਸਭਿਆਚਾਰ ਦਾ ਪਰਸ਼ਾਦ ਜੱਸੋਵਾਲ ਦੇ ਡੇਰੇ ਚੜ੍ਹਾ ਗਿਆ ਸੀ। ਸੇਵਾਦਾਰ ਜੱਗ ਭਰੀ ਪੰਜਾਬੀ ਸਭਿਆਚਾਰ-ਪੰਜਾਬੀ ਸਭਿਆਚਾਰ ਕਹਿੰਦੇ ਪਰਸ਼ਾਦ ਵੰਡ ਰਹੇ ਸਨ। ਜੱਸੋਵਾਲ ਦੇ ਘਰ ਵਿਚ ਵਿਆਹ ਵਰਗਾ ਮਾਹੌਲ ਸੀ। ਜਿਨ੍ਹਾਂ ਨੂੰ ਗਾਉਣ ਦਾ ਸਮਾਂ ਨਹੀਂ ਸੀ ਮਿਲ ਸਕਿਆ ਖਾਣ ਪੀਣ ਦੀਆਂ ਡੰਝਾਂ ਲਾਹ ਕੇ ਹਿਸਾਬ ਬਰਾਬਰ ਕਰ ਰਹੇ ਸਨ। ਜੱਸੋਵਾਲ ਦੇ ਡੇਰੇ ਕਿਸੇ ਸ਼ੈਅ ਦੀ ਤੋਟ ਨਹੀਂ ਸੀ। ਜੱਸੋਵਾਲ ਖ਼ੁਦ ਬੋਤਲਾਂ ਕੱਢ ਕੇ ਖੁੱਲ੍ਹੀ ਡੁੱਲ੍ਹੀ ਵਰਤਾ ਰਿਹਾ ਸੀ। ਸੋਫੀ ਬੰਦਿਆਂ ਦਾ ਉੱਥੇ ਕੋਈ ਕੰਮ ਨਹੀਂ ਸੀ ਜਿਸ ਕਰਕੇ ਗੁਰਭਜਨ ਗਿੱਲ ਵਰਗੇ ਕਦੋਂ ਦੇ ਜਾ ਚੁੱਕੇ ਸਨ।
ਮੈਨੂੰ ਜੱਸੋਵਾਲ ਨੇ ਢੁੱਡੀਕੇ ਨਹੀਂ ਸੀ ਮੁੜਨ ਦਿੱਤਾ। ਕਿਹਾ ਸੀ ਕਿ ਮੇਲੇ ਤੋਂ ਵਿਹਲੇ ਹੋ ਕੇ ਕੰਮ ਦੀਆਂ ਗੱਲਾਂ ਕਰਾਂਗੇ। ਉਹ ਬਾਹਾਂ ਉੱਤੇ ਪੰਜ ਛੇ ਬੋਤਲਾਂ ਟਿਕਾਉਂਦਾ ਤੇ ਵੰਡਣ ਦਾ ਕੰਮ ਕਰ ਕੇ ਦੂਜੇ ਗੇੜੇ ਤੁਰ ਪੈਂਦਾ। ਤੜਕੇ ਦਾ ਤਾਰਾ ਚੜ੍ਹ ਗਿਆ ਸੀ ਜਦੋਂ ਦਾਰੂ ਦਾ ਦੌਰ ਮੁੱਕਾ। ਜੱਸੋਵਾਲ ਦੇ ਡੇਰੇ ’ਤੇ ਹਰ ਪਾਸੇ ਰੌਲਾ ਗੌਲਾ ਸੀ। ਗੁਆਂਢੀ ਪਰੇਸ਼ਾਨ ਸਨ। ਨਾਲ ਲੱਗਦੇ ਹਾਤੇ ਵਿਚ ਗਾਇਕਾਂ ਦੇ ਸਾਜ਼ੀ ਬਾਜੀ ਨੱਚ ਗਾ ਰਹੇ ਸਨ। ਜੱਸੋਵਾਲ ਤੇ ਮੈਂ ਸੌਣ ਲਈ ਇਕ ਕਮਰੇ ਵਿਚ ਆ ਗਏ ਸਾਂ। ਜੱਸੋਵਾਲ ਨੇ ਉਤਲੇ ਕਪੜੇ ਉਤਾਰੇ ਤਾਂ ਹੇਠੋਂ ਬੁਨੈਣ ਵੀ ਪਾਟੀ ਨਿਕਲੀ ਤੇ ਕਛਹਿਰਾ ਵੀ ਪਾਟਿਆ। ਉਹ ਖੁਸ਼ ਸੀ ਕਿ ਮੇਲਾ ਬਿਨਾਂ ਕਿਸੇ ਰੌਲੇ ਗੌਲੇ ਦੇ ਸੰਪੂਰਨ ਹੋ ਗਿਆ ਸੀ। ਗਾਇਕਾਂ ਦਾ ਰੌਲਾ ਗੌਲਾ ਸੁਣਦੀ ਜੱਸੋਵਾਲ ਦੀ ਘਰ ਵਾਲੀ ਵਾਖਰੂ ਵਾਖਰੂ ਕਰੀ ਜਾਂਦੀ ਸੀ। ਨਾਲ ਬੁੜ ਬੁੜ ਕਰਦੀ ਕਹੀ ਜਾਂਦੀ ਸੀ, ਕੋਈ ਚੱਕ ਲਏ ਇਹਨਾਂ ਖਸਮਾਂ ਖਾਣਿਆਂ ਨੂੰ ਜਿਹੜੇ ਤੜਕੇ ਤਕ ਵੀ ਸੌਣ ਨੀ ਦਿੰਦੇ।
ਮੈਂ ਵੀ ਰੌਲੇ ਗੌਲੇ ਤੋਂ ਪਰੇਸ਼ਾਨ ਸਾਂ। ਸੋਚ ਰਿਹਾ ਸਾਂ ਕਿੱਥੇ ਫਸ ਗਿਆ ਮੋਹਨ ਸਿੰਘ ਮੇਲੇ ’ਚ ਆ ਕੇ? ਜੱਸੋਵਾਲ ਘੁਰਾੜੇ ਮਾਰਨ ਲੱਗਾ ਤਾਂ ਹਾਤੇ ਵਿਚ ਵਾਧੂ ਖਾਣ ਪੀਣ ਵਾਲਿਆਂ ’ਚ ਖੜਕ ਪਈ। ਜੱਸੋਵਾਲ ਉੱਭੜਵਾਹੇ ਉੱਠਿਆ। ਸਰਦਾਰਨੀ ਰੌਲਾ ਪਾਉਣ ਲੱਗੀ, “ਹਟਾਓ ਮਰ ਜਾਣਿਆਂ ਨੂੰ। ਹੋਰ ਨਾ ਕਿਸੇ ਦਾ ਖੂੰਨ ਸਿਰ ਪੈਜੇ। ਵਾਖਰੂ, ਵਾਖਰੂ, ਬਖਸ਼ ਲੈ ਰੱਬਾ! ਮੈਂ ਤਾਂ ਪਹਿਲਾਂ ਈ ਕਹਿੰਦੀ ਸੀ, ਨਾ ’ਕੱਠੀ ਕਰ ਇਹ ਕੁਤੀੜ੍ਹ। ਤੂੰ ਰੱਬ ਦਿਆ ਬੰਦਿਆ ਨਾ ਟਲਿਆ ਮੇਲੇ ਲਾਉਣੋਂ। ਮੈਂ ਆਖ ਰਹੀ ... ਮੈਂ ਵੇਖ ਰਹੀ ...।” ਉਹਦੀ ਆਖੀ ਵੇਖੀ ਤਾਅ੍ਹਨੇ ਮਿਹਣਿਆਂ ਵਾਲੀ ਸੀ। ਬੱਸ ਵੈਣ ਪਾਉਣੇ ਹੀ ਬਾਕੀ ਸਨ। ਫਿਲਮ ਵਾਂਗ ਮੇਲਾ ਕਲਾਈਮੈਕਸ ’ਤੇ ਪਹੁੰਚ ਗਿਆ ਸੀ।
ਜੱਸੋਵਾਲ ਉੱਠਿਆ ਜਿਸ ਕਰਕੇ ਮੈਨੂੰ ਵੀ ਉੱਠਣਾ ਪਿਆ। ਉਹ ਪਾਟੀ ਬੁਨੈਣ ਤੇ ਪਾਟੇ ਕਛਹਿਰੇ ਨਾਲ ਬਾਹਰ ਨਿਕਲਿਆ ਤੇ ਅਸੀਂ ਹਾਤੇ ਵੱਲ ਵਧੇ। ਅਸੀਂ ਬਲਬਾਂ ਦੇ ਚਾਨਣ ਵਿਚ ਵੇਖਿਆ ਸਾਜ਼ੀ ਬਾਜੀ ਤੇ ਗਾਇਕ ਇਕ ਦੂਜੇ ਨਾਲ ਭਿੜ ਰਹੇ ਸਨ। ਧੱਕੇ ਦਿੰਦੇ ਗਾਲ੍ਹਾਂ ਕੱਢ ਰਹੇ ਸਨ ਤੇ ਇਕ ਦੂਜੇ ਦੇ ਜੁੰਡੇ ਪੁੱਟ ਰਹੇ ਸਨ। ਦੋ ਜਣੇ ਬੁਰੀ ਤਰ੍ਹਾਂ ਉਲਝੇ ਪਏ ਸਨ ਜਿਵੇਂ ਜਾਫੀ ਨੇ ਧਾਵੀ ਨੂੰ ਜਕੜਬੰਦ ਲਾਇਆ ਹੋਵੇ। ਜੱਸੋਵਾਲ ਨੇ ਲਲਕਾਰਾ ਮਾਰਿਆ, ਥੋਡੀ ਓਏ ਭੈਣ ਦੀ ... ਤੇ ਸਭ ਨੂੰ ਚੁੱਪ ਕਰਨ ਲਈ ਕਿਹਾ। ਉਹ ਚੁੱਪ ਤਾਂ ਕਰ ਗਏ ਪਰ ਘਸੁੰਨ ਮੁੱਕੀ ਫਿਰ ਵੀ ਜਾਰੀ ਰੱਖੀ। ਅਖ਼ੀਰ ਜੱਸੋਵਾਲ ਨੂੰ ਮੌਕੇ ਦੀ ਸੁੱਝੀ। ਮੇਲੇ ਲਈ ਜਿਹੜਾ ਬਾਲਣ ਪੜਵਾ ਕੇ ਰੱਖਿਆ ਸੀ, ਉਹਦੇ ਵਿੱਚੋਂ ਉਹਨੇ ਇਕ ਖਲਪਾੜ ਚੁੱਕ ਲਈ। ਦੂਜੀ ਮੈਨੂੰ ਚੁੱਕਣ ਲਈ ਕਿਹਾ। ਮੈਂ ਪਹਿਲੀ ਵਾਰ ਖਲਪਾੜ ਦਾ ਹਥਿਆਰ ਚੁੱਕ ਰਿਹਾ ਸਾਂ। ਹਾਕੀ ਬਥੇਰੀ ਖੇਡੀ ਸੀ ਪਰ ਖਲਪਾੜ ਪਹਿਲੀ ਵਾਰ ਫੜ ਰਿਹਾ ਸਾਂ। ਉਹ ਹਾਕੀ ਨਾਲੋਂ ਦੁੱਗਣੀ ਲੰਮੀ ਸੀ।
ਜੱਸੋਵਾਲ ਨੇ ਇਕ ਦੋਂਹ ਦੇ ਪੋਲੀ ਜਿਹੀ ਖਲਪਾੜ ਵਰ੍ਹਾਈ। ਏਨੇ ਨਾਲ ਕੁਝ ਟਿਕਾਅ ਜਿਹਾ ਹੋਇਆ ਪਰ ਜਿਹੜੇ ਦੋ ਜਣੇ ਆਪਸ ਵਿਚ ਉਲਝੇ ਹੋਏ ਸਨ ਉਹ ਅੱਡੋ-ਅੱਡ ਨਾ ਹੋਏ। ਉਨ੍ਹਾਂ ਨੂੰ ਅੱਡੋ-ਅੱਡ ਕਰਨ ਲਈ ਜੱਸੋਵਾਲ ਨੇ ਮੈਨੂੰ ਜੁਗਤ ਦੱਸੀ, “ਇਹਨਾਂ ਦੇ ਵਿਚਾਲੇ ਖਲਪਾੜ ਅੜਾ ਦੇ। ਅੜਾ ਦੇ ਖਲਪਾੜ, ਫੇਰ ਹੋਣਗੇ ਇਹ ਅੱਡੋ-ਅੱਡ। ਖਲਪਾੜ ਅੜਾਏ ਬਿਨਾਂ ਇਹਨਾਂ ਨੇ ਅੱਡ ਨੀ ਹੋਣਾ। ਅੜਾ, ਅੜਾ ਦੇ ਖਲਪਾੜ ...।” ਰਣਤੱਤੇ ਦਾ ਮੌਕਾ ਸੀ। ਉੱਤੋਂ ਮੇਲਿਆਂ ਦੇ ਜਰਨੈਲ ਦਾ ਹੁਕਮ ਸੀ। ਦੋਹਾਂ ਜਣਿਆਂ ਨੂੰ ਅੱਡੋ-ਅੱਡ ਕਰਨ ਲਈ ਮੈਂ ਭੁੰਜੇ ਮਾਰ ਕੇ ਖਲਪਾੜ ਖੜਕਾਈ ਤੇ ਫੇਰ ਉਹਨਾਂ ਦੇ ਵਿਚਾਲੇ ਜਾ ਅੜਾਈ। ਉੱਤੋਂ ਜੱਸੋਵਾਲ ਨੇ ਇਕ ਦੋ ਜੜ ਦਿੱਤੀਆਂ। ਉਹ ‘ਮਰ ਗਏ ਬਾਪੂ’ ਕਹਿੰਦੇ ਜੱਸੋਵਾਲ ਦੇ ਪੈਰੀਂ ਪੈਣ ਲੱਗੇ। ਤਦ ਤਕ ਕੁੱਕੜ ਵੀ ਬਾਗਾਂ ਦੇਣ ਲੱਗ ਪਏ। ਅੰਮ੍ਰਿਤ ਵੇਲਾ ਹੋ ਗਿਆ ਸੀ। ਜੱਸੋਵਾਲ ਫਿਰ ਘੁਰਾੜੇ ਮਾਰਨ ਲੱਗ ਪਿਆ ਸੀ ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਪੰਜਾਬੀ ਸਭਿਆਚਾਰ ਦੇ ਪਰਸ਼ਾਦ ਬਾਰੇ ਹੀ ਸੋਚੀ ਜਾਂਦਾ ਸਾਂ। ਜਿਨ੍ਹਾਂ ਨੂੰ ਪਰਸ਼ਾਦ ਮਿਲਿਆ ਸੀ ਉਹ ਪਤਾ ਨਹੀਂ ਕੀ ਸੋਚਦੇ ਹੋਣਗੇ?
ਸਵੇਰਾ ਹੋਇਆ, ਧੁੱਪਾਂ ਚੜ੍ਹੀਆਂ ਤੇ ਚੁੱਲ੍ਹਿਆਂ ਵਿੱਚੋਂ ਧੂੰਆਂ ਉੱਠਣ ਲੱਗਾ। ਪੰਛੀ ਆਕਾਸ਼ ਵਿਚ ਉਡਣ ਲੱਗੇ। ਜੱਸੋਵਾਲ ਨੇ ਕੇਸੀ ਇਸ਼ਨਾਨ ਕੀਤਾ ਤੇ ਮੂਹੜੇ ’ਤੇ ਬਹਿ ਕੇ ਕੇਸ ਸੁਕਾਉਣ ਲੱਗਾ। ਮੈਂ ਢੁੱਡੀਕੇ ਜਾਣ ਨੂੰ ਤਿਆਰ ਹੋ ਗਿਆ। ਜੱਸੋਵਾਲ ਬਚਦਾ ਪਰਸ਼ਾਦ ਮੇਰੇ ਬੈਗ ਵਿਚ ਪਾਉਣ ਲੱਗਾ ਤਾਂ ਮੈਂ ਆਖਿਆ, “ਮੈਂ ਤਾਂ ਜਿਹੜਾ ਲੈਣਾ ਸੀ, ਰਾਤੀਂ ਹੀ ਲੈ ਲਿਆ ਤੇ ਸੁਆਦ ਵੀ ਚੱਖ ਲਿਆ। ਇਹ ਦੀਪਕ ਜੈਤੋਈ ਨੂੰ ਦੇਣਾ, ਜਿਹੜਾ ਜਾਗਣ ਈ ਵਾਲਾ।” ਜੈਤੋਈ ਮੂਹਰਲੇ ਕਮਰੇ ਵਿਚ ਪਿਆ ਸੀ ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਰਾਤੀਂ ਖਲਪਾੜਾਂ ਵੀ ਚੱਲੀਆਂ ਸਨ।
ਮੈਂ ਅਜੇ ਬੂਹਿਓਂ ਬਾਹਰ ਨਿਕਲਣਾ ਸੀ ਕਿ ਮੇਲੇ ਦੀਆਂ ਵਧਾਈਆਂ ਦੇਣ ਵਾਲੇ ਬੂਹਿਓਂ ਅੰਦਰ ਆਉਣੇ ਸ਼ੁਰੂ ਹੋ ਗਏ। ਤੂੰਬੀਆਂ ਵਾਲੇ ਵੀ ਆ ਗਏ, ਅਲਗੋਜ਼ਿਆਂ ਵਾਲੇ ਵੀ ਤੇ ਬੀਨਾਂ ਵਾਲੇ ਵੀ। ਮਗਰੇ ਟੱਲੀਆਂ ਵਜਾਉਣ ਵਾਲੇ ਤੁਰੇ ਆਉਣ। ਜੱਸੋਵਾਲ ਭੌਂਪੂ ਵਜਾਉਣ ਲੱਗਾ। ਪੌਂਅ ... ਪੌਂਅ ...। ਨੌਕਰ ਭੱਜਾ ਆਇਆ। ਜੱਸੋਵਾਲ ਬੋਲਿਆ, “ਗਿਣ ਲੈ ਬੰਦੇ, ਦੋ ਦੋ ਪ੍ਰੌਂਠੇ, ਦਹੀਂ ਦੀਆਂ ਬਾਟੀਆਂ, ਲੱਸੀ, ਅਚਾਰ, ਗੰਢਾ ਤੇ ਗੁੜ ...।” ਵੇਖਦੇ ਵੇਖਦੇ ਬੀਨਾਂ ਵੱਜਣ ਲੱਗੀਆਂ ਤੇ ਸੱਪ ਮੇਲ੍ਹਣ ਲੱਗੇ। ਜੱਸੋਵਾਲ ਕਿਹੜਾ ਘੱਟ ਸੀ, ਉਹ ਵੀ ਮੇਲ੍ਹਣ ਲੱਗ ਪਿਆ। ਮਸਤੀ ਵਿਚ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਮੈਂ ਕਦੋਂ ਉੱਥੋਂ ਖਿਸਕਿਆ?
ਇਹ ਵੀ 1980ਵਿਆਂ ਦੀ ਗੱਲ ਹੈ। ਪੰਜਾਬ ਵਿਚ ਦਹਿਸ਼ਤੀ ਦੌਰ ਜਾਰੀ ਸੀ। ਮੈਂ ਇਕ ਸਾਥੀ ਨਾਲ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਲਈ ਵੋਟ ਪਾਉਣ ਪੰਜਾਬੀ ਭਵਨ ਗਿਆ। ਲਾਈਨ ਵਿਚ ਲੱਗਾ ਤਾਂ ਜੱਸੋਵਾਲ ਵੀ ਮਗਰੇ ਆ ਖੜ੍ਹਾ ਹੋਇਆ। ਖੜ੍ਹੇ-ਖੜ੍ਹੇ ਉਸ ਨੇ ਪੁੱਛਿਆ, “ਵੋਟ ਪਾਉਣ ਪਿੱਛੋਂ ਕੀ ਕਰਨੈ?” ਮੈਂ ਆਖਿਆ, “ਵਾਪਸ ਢੁੱਡੀਕੇ ਜਾਣੈ। ਸਕੂਟਰ ਅਸੀਂ ਅਜੀਤਵਾਲ ਦੇ ਅੱਡੇ ’ਤੇ ਖੜ੍ਹਾ ਕਰ ਕੇ ਆਏ ਆਂ।”
ਉਸ ਨੇ ਫੀਲਾ ਸੁੱਟਿਆ, “ਚੱਲੋ ਟੂਰਨਾਮੈਂਟ ਦੇਖਣ ਚੱਲੀਏ। ਜਗਤਪੁਰ ਐ ਟੂਰਨਾਮੈਂਟ। ਮੇਰਾ ਯਾਰ ਸੀ ਮੁਖਤਾਰ ...। ਖੇਡ ਪ੍ਰੀਸ਼ਦ ਦਾ ਸੈਕਟਰੀ। ਉਹਦੀ ਯਾਦ ਵਿਚ ਉਹਦੇ ਪਰਿਵਾਰ ਵੱਲੋਂ ਕਰਾਇਆ ਜਾ ਰਿਹੈ ਇਹ ਟੂਰਨਾਮੈਂਟ। ਉਹਨਾਂ ਨੇ ਈ ਮੈਨੂੰ ਕਿਹਾ ਖੇਡਾਂ ਵਾਲੇ ਸਰਵਣ ਨੂੰ ਵੀ ਲੈ ਕੇ ਆਈਂ। ਆਥਣੇ ਮੁੜ ਜਿਓ ਢੁੱਡੀਕੇ। ਚੱਲੋ ਚੱਲੀਏ ਜਗਤਪੁਰ।”
ਗੱਲ ਪਤਾ ਨਹੀਂ ਉਹਨੇ ਖੜ੍ਹੇ ਖੜੋਤੇ ਜੋੜੀ ਸੀ, ਪਤਾ ਨਹੀਂ ਸੱਚੀ ਸੀ। ਮੈਂ ਨਾਂਹ ਨਾ ਕਰ ਸਕਿਆ। ਜਿਵੇਂ ਗਾਉਣ ਮੇਲਿਆਂ ਲਈ ਉਹ ਤਿਆਰ ਹੁੰਦਾ ਹੈ, ਉਵੇਂ ਖੇਡ ਮੇਲਿਆਂ ਲਈ ਮੈਂ ਵੀ ਤਿਆਰ ਬਰਤਿਆਰ ਹੁੰਨਾਂ। ਵੋਟ ਪਾ ਕੇ ਪੰਜ ਜਣੇ ਜੱਸੋਵਾਲ ਦੀ ਗੱਡੀ ਵਿਚ ਜਗਤਪੁਰ ਨੂੰ ਚੱਲ ਪਏ। ਜੱਸੋਵਾਲ ਨਾਲ ਉਹਦਾ ਗੰਨਮੈਨ ਤੇ ਡਰਾਈਵਰ ਸੀ। ਮੇਰੇ ਨਾਲ ਢੁੱਡੀਕੇ ਕਾਲਜ ਦਾ ਲਾਇਬ੍ਰੇਰੀਅਨ ਪ੍ਰੀਤਮ ਸਿੰਘ ਸੀ।
ਫਿਲੌਰੋਂ ਨਗਰ ਤੇ ਅੱਪਰੇ ਵਿਚ ਦੀ ਅਸੀਂ ਜਗਤਪੁਰ ਸਟੇਡੀਅਮ ਵਿਚ ਅੱਪੜੇ। ਉੱਥੇ ਝੰਡੇ ਝੂਲ ਰਹੇ ਤੇ ਲਾਊਡ ਸਪੀਕਰ ਗੂੰਜ ਰਹੇ ਸਨ। ਇਕ ਪਾਸੇ ਕਬੱਡੀਆਂ ਪੈ ਰਹੀਆਂ ਸਨ, ਦੂਜੇ ਪਾਸੇ ਕੁੱਤਿਆਂ ਦੀਆਂ ਦੌੜਾਂ ਤੇ ਤੀਜੇ ਪਾਸੇ ਹਲਟ ਦੌੜਾਂ ਲੱਗ ਰਹੀਆਂ ਸਨ। ਪਰ੍ਹਾਂ ਪਹੀ ਉੱਤੇ ਬੈਲ ਗੱਡੀਆਂ ਦੌੜਾਈਆਂ ਜਾ ਰਹੀਆਂ ਸਨ। ਕਣਕਾਂ ਤੇ ਕਮਾਦੀਆਂ ਦੇ ਹਰੇ ਭਰੇ ਖੇਤਾਂ ਵਿਚ ਖੇਡ ਮੇਲੇ ਦਾ ਰੰਗ ਬੱਝਾ ਹੋਇਆ ਸੀ। ਮੈਂ ਇਕ ਮੈਚ ਦੀ ਕੁਮੈਂਟਰੀ ਕਰ ਕੇ ਆਪਣੀ ਹਾਜ਼ਰੀ ਲੁਆ ਦਿੱਤੀ। ਸਾਨੂੰ ਵਾਪਸ ਮੁੜਨ ਦੀ ਕਾਹਲ ਸੀ ਪਰ ਜੱਸੋਵਾਲ ਨੂੰ ਕੋਈ ਕਾਹਲੀ ਨਹੀਂ ਸੀ। ਮੇਲੇ ਵਿੱਚੋਂ ਨਿਕਲਣ ਨੂੰ ਉਹਦਾ ਦਿਲ ਨਹੀਂ ਸੀ ਕਰ ਰਿਹਾ। ਅਸੀਂ ਉਹਨੂੰ ਖਿੱਚ ਕੇ ਬਾਹਰ ਲਿਆਂਦਾ। ਸ਼ਾਮ ਹੋ ਗਈ ਸੀ। ਸੂਰਜ ਦੀ ਲਾਲੀ ਨੇ ਦੁਸਾਂਝਾਂ ਵੱਲ ਦਾ ਦਿਸਹੱਦਾ ਸੰਧੂਰੀ ਕਰ ਦਿੱਤਾ ਸੀ। ਪੰਛੀ ਆਲ੍ਹਣਿਆਂ ਨੂੰ ਮੁੜਨ ਲੱਗ ਪਏ ਸਨ।
ਜੱਸੋਵਾਲ ਪਹਿਲਾਂ ਸਾਨੂੰ ਮੁਖਤਾਰ ਸਿੰਘ ਦੇ ਘਰ ਲੈ ਗਿਆ ਤੇ ਫਿਰ ਕਿਸੇ ਦੇ ਖੂਹ ਉੱਤੇ। ਖੂਹ ਉੱਤੇ ਸਭ ਕੁਛ ਸੀ। ਉੱਥੇ ਦੁੱਧ ਸੀ, ਭੁੱਜੇ ਦਾਣੇ ਸਨ, ਗੰਨੇ ਸਨ ਤੇ ਘਰ ਦੀ ਕੱਢੀ ਦਾਰੂ ਸੀ। ਜੱਸੋਵਾਲ ਸਭ ਕੁਛ ਛਕੀ ਛਕਾਈ ਗਿਆ। ਸਾਨੂੰ ਵਾਪਸ ਮੁੜਨ ਤੇ ਅਜੀਤਵਾਲ ਅੱਡੇ ’ਤੇ ਖੜ੍ਹੇ ਸਕੂਟਰ ਨੂੰ ਚੁੱਕਣ ਦਾ ਫਿਕਰ ਸੀ। ਖੂਹ ਤੋਂ ਵੀ ਜੱਸੋਵਾਲ ਨੂੰ ਖਿੱਚ ਕੇ ਗੱਡੀ ਵਿਚ ਬਿਠਾਉਣਾ ਪਿਆ। ਉਹ ਲੋਰ ਵਿਚ ਸੀ। ਦਿਨ ਛਿਪ ਗਿਆ, ਦੀਵੇ ਜਗ ਪਏ। ਤਦੇ ਕਿਸੇ ਘੁਲਾੜੀ ਤੋਂ ਕੜ੍ਹਦੇ ਗੁੜ ਦੀ ਮਿੱਠੀ ਮਹਿਕ ਆ ਗਈ। ਗੱਡੀ ਘੁ਼ਲਾੜੀ ਵੱਲ ਮੋੜ ਲਈ ਗਈ। ਦਹਿਸ਼ਤ ਦਾ ਤਾਂ ਜੱਸੋਵਾਲ ਨੂੰ ਚਿੱਤ ਚੇਤਾ ਹੀ ਨਾ ਰਿਹਾ। ਘੁਲਾੜੀ ਵਾਲੇ ਉਡ ਕੇ ਮਿਲੇ ਜਿਵੇਂ ਜੱਸੋਵਾਲ ਦੇ ਪਹਿਲਾਂ ਹੀ ਜਾਣੂੰ ਹੋਣ। ਉਹਦਾ ਪਰਤਾਪ ਹੀ ਏਨਾ ਸੀ ਕਿ ਹਰ ਥਾਂ ਉਸ ਦਾ ਸਵਾਗਤ ਸੀ। ਉੱਥੇ ਗਰਮ ਗਰਮ ਗੁੜ ਖਾਧਾ ਤੇ ਮਸਾਲੇ ਪਾ ਕੇ ਕੱਢੀ ਦੁਆਬੇ ਦੀ ਦਾਰੂ ਦੇ ਹਾੜੇ ਲਾਏ। ਅਸੀਂ ਵੀ ਰੰਗ ਵਿਚ ਆ ਗਏ ਤੇ ਸਕੂਟਰ ਦਾ ਫਿਕਰ ਭੁਲਾ ਬੈਠੇ।
ਡੂੰਘੇ ਹਨ੍ਹੇਰੇ ਅਸੀਂ ਲੁਧਿਆਣੇ ਨੂੰ ਚਾਲੇ ਪਾਏ। ਲਿੰਕ ਸੜਕਾਂ ਉੱਤੇ ਸੁੰਨ ਸਰਾਂ ਸੀ। ਨਾ ਕਿਤੇ ਬੱਤੀ ਜਗਦੀ ਦਿਸਦੀ ਸੀ ਤੇ ਨਾ ਕੋਈ ਕੁੱਤਾ ਭੌਂਕਦਾ ਸੁਣਦਾ ਸੀ। ਕਿਤੇ ਵੀ ਕੋਈ ਮਾਰ ਧਾੜ ਵਾਲਾ ਟੱਕਰ ਸਕਦਾ ਸੀ। ਜੱਸੋਵਾਲ ਨੇ ਆਪਣੀ ਕਾਲੀ ਪੱਗ ਉਤਾਰੀ ਤੇ ਬੱਧੀ ਬਧਾਈ ਗੰਨਮੈਨ ਦੇ ਸਿਰ ਉੱਤੇ ਰੱਖ ਦਿੱਤੀ। ਮਤਲਬ ਸਾਫ ਸੀ ਕਿ ਜੇ ਕਿਸੇ ਨੇ ਗੋਲੀ ਮਾਰਨੀ ਹੋਈ ਤਾਂ ਜੱਸੋਵਾਲ ਦੇ ਭੁਲੇਖੇ ਗੰਨਮੈਨ ਨੂੰ ਈ ਵੱਜੂ। ਗੱਡੀ ਪਿੰਡਾਂ ਦੀਆਂ ਸੜਕਾਂ ਦੇ ਮੋੜ ਕੱਟਦੀ ਫਿਲੌਰ ਕੋਲ ਜਰਨੈਲੀ ਸੜਕ ਉੱਤੇ ਆ ਚੜ੍ਹੀ। ਜਰਨੈਲੀ ਸੜਕ ਉੱਤੇ ਗੋਲੀ ਵੱਜਣ ਦਾ ਖ਼ਤਰਾ ਘਟ ਗਿਆ ਸੀ। ਨਿਸ਼ਚਿੰਤ ਹੋਏ ਜੱਸੋਵਾਲ ਨੇ ਨਸ਼ੇ ਦੀ ਲੋਰ ਵਿਚ ਖੱਬਾ ਹੱਥ ਕੰਨ ’ਤੇ ਰੱਖਿਆ ਤੇ ਸੱਜੀ ਬਾਂਹ ਬਾਰੀ ਵਿੱਚੋਂ ਬਾਹਰ ਕੱਢ ਕੇ ਕਲੀ ਲਾਈ ਜੋ ਹਨ੍ਹੇਰੇ ਵਿਚ ਦੂਰ ਤਕ ਗੂੰਜਦੀ ਗਈ। ਕਦੇ ਉਹ ਗਿੱਧਾ ਪਾਉਂਦਾ, ਕਦੇ ਬੱਕਰਾ ਬੁਲਾਉਂਦਾ। ਉਹਦੇ ਊਲ ਜਲੂਲ ਦੀ ਸਮਝ ਨਹੀਂ ਸੀ ਲੱਗ ਰਹੀ।
ਸਤਲੁਜ ਦਾ ਪੁਲ ਆਇਆ ਤਾਂ ਉਸ ਨੇ ਗੱਡੀ ਰੁਕਵਾ ਲਈ। ਬਾਹਰ ਨਿਕਲ ਕੇ ਨੱਚਦਾ ਮੇਲ੍ਹਦਾ ਕੂਕਾਂ ਮਾਰਨ ਲੱਗਾ। ਉਹਦੀਆਂ ਕੂਕਾਂ ਪੁਲ ਦੇ ਜੰਗਲਿਆਂ ਵਿਚ ਦੀ ਲੰਘਦੀਆਂ ਸਤਲੁਜ ਦੇ ਕੰਢਿਆਂ ਉੱਤੇ ਉੱਗੇ ਕੱਖ ਕਾਨ ਵਿਚ ਜਾ ਗੁਆਚੀਆਂ। ਵਜਦ ਵਿਚ ਆਇਆ ਬੁੱਲ੍ਹੇ ਸ਼ਾਹ ਬਣਿਆ ਜੱਸੋਵਾਲ ਬੋਲਿਆ, “ਮੇਰਾ ਜੀਅ ਕਰਦਾ ਬਈ ਮੈਂ ਇਉਂ ਈ ਨੱਚਦਾ ਗਾਉਂਦਾ ਮਰਾਂ। ਮੈਨੂੰ ਮੰਜੇ ’ਤੇ ਪੈ ਕੇ ਹੱਡ ਗੋਡੇ ਨਾ ਰਗੜਾਉਣੇ ਪੈਣ। ਬੰਦਾ ਮਰੇ ਤਾਂ ਨੱਚਦਾ ਗਾਉਂਦਾ ਈ ਮਰੇ। ਹੈਂ ਕਿ ਨਾ?”
ਮੈਂ ਆਖਿਆ, “ਜੱਸੋਵਾਲ ਸਾਹਿਬ, ਇਹ ਤਾਂ ਕੰਮ ਈ ਬਹੁਤ ਸੌਖੈ। ਆਪਾਂ ਸਤਲੁਜ ਦੇ ਪੁਲ ’ਤੇ ਖੜ੍ਹੇ ਆਂ ਤੇ ਨੱਚ ਗਾ ਰਹੇ ਆਂ। ਤੁਸੀਂ ਰੱਬ ਦਾ ਨਾਂ ਲਓ ਤੇ ਪੁਲ ਦੀ ਬੰਨੀ ’ਤੇ ਖੜ੍ਹ ਕੇ ਸਤਲੁਜ ਵਿਚ ਛਾਲ ਮਾਰੋ। ਸਿੱਧੇ ਸੁਰਗਾਂ ਨੂੰ ਜਾਓਂਗੇ ਤੇ ਉਹ ਵੀ ਨੱਚਦੇ ਗਾਉਂਦੇ। ਜਾਂ ਫੇਰ ਲਿਖ ਕੇ ਦੇ ਦਿਓ, ਧੱਕਾ ਦੇਣ ਦੀ ਸੇਵਾ ਅਸੀਂ ਕਰ ਦਿੰਨੇ ਆਂ।”
ਜੱਸੋਵਾਲ ਬੋਲਿਆ, “ਓਏ ਮੈਂ ਛਾਲ ਤਾਂ ਮਾਰ ਦਿਆਂ ਪਰ ਸਤਲੁਜ ਵਿਚ ਡੁੱਬਣ ਜੋਗਾ ਪਾਣੀ ਤਾਂ ਹੋਵੇ! ਇਹ ਤਾਂ ਊਈਂ ਸੁੱਕਾ ਪਿਆ। ਛਾਲ ਮਾਰ ਕੇ ਰੜੇ ਈ ਡਿੱਗੂੰ ਤੇ ਚੂਕਣਾ ਵਾਧੂ ਦਾ ਤੁੜਾਊਂ। ਫੇਰ ਤਾਂ ਹੱਡ ਗੋਡੇ ਹੋਰ ਵੀ ਰਗੜਾਉਣੇ ਪੈਣਗੇ। ਨਾਲੇ ਥੋਡੇ ਸਿਰ ਧੱਕਾ ਦੇਣ ਦਾ ਪਾਪ ਕਿਉਂ ਚੜ੍ਹਾਵਾਂ? ਹੈਂ ਜੀ?”
“ਹਾਂ ਜੀ” ਕਹਿ ਕੇ ਅਸੀਂ ਮੁੜ ਗੱਡੀ ਵਿਚ ਬੈਠੇ ਤੇ ਸੁੱਖੀਂ ਸਾਂਦੀਂ ਘਰ ਅੱਪੜੇ।
ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਸਾਂ। ਸਾਲ ਹੋਵੇਗਾ 1998-99 ਦਾ। ਕਾਲਜ ਵਿਚ ਛੁੱਟੀ ਸੀ। ਜਗਦੇਵ ਸਿੰਘ ਜੱਸੋਵਾਲ, ਅੰਗਰੇਜ਼ ਅਲੀ, ਨਰਿੰਦਰ ਮਾਵੀ, ਇਕ ਬੌਣੇ ਜਿਹੇ ਕੱਦ ਦਾ ਸਟੇਜ ਸੰਚਾਲਕ ਤੇ ਤਿੰਨ ਚਾਰ ਹੋਰ ਛਲਾਰੂਆਂ ਨੂੰ ਨਾਲ ਲੈ ਕੇ ਮੇਰੇ ਕੋਲ ਆ ਗਿਆ। ਮੈਂ ਚਾਹ ਪਾਣੀ ਪਿਆਇਆ ਤਾਂ ਕਹਿਣ ਲੱਗਾ, “ਵਾਹਗੇ ਬਾਰਡਰ ਉੱਤੇ ਹਿੰਦ-ਪਾਕਿ ਮਿੱਤਰਤਾ ਦਾ ਸਭਿਆਚਾਰਕ ਮੇਲਾ ਲੱਗਣਾ। ਟਾਈਮ ਹੈਗਾ ਤਾਂ ਚੱਲੋ ਸਾਡੇ ਨਾਲ। ਰਾਹ ਵਿਚ ਦੋ ਕੁ ਮੇਲੇ ਹੋਰ ਵੀ ਦਿਖਾਵਾਂਗੇ। ਰਾਤ ਤਰਨ ਤਾਰਨ ਜਾਂ ਬਾਰਡਰ ਦੇ ਕਿਸੇ ਪਿੰਡ ਵਿਚ ਰੁਕਾਂਗੇ ਤੇ ਸਵੇਰੇ ਮਿੱਤਰਤਾ ਮੇਲੇ ਦੀ ਹਾਜ਼ਰੀ ਭਰ ਕੇ ਥੋਨੂੰ ਮੁਕੰਦਪੁਰ ਲਿਆ ਉਤਾਰਾਂਗੇ।”
ਮੇਰੀ ਵੀ ਜੱਸੋਵਾਲ ਵਾਲੀ ਗੱਲ ਸੀ - ਨਾਈ ਬੱਦੋਵਾਲ ਦਾ, ਏਹੋ ਕੁਝ ਭਾਲਦਾ। ਮੈਂ ਤਿਆਰ ਹੋ ਗਿਆ ਕਿ ਇਸ ਬਹਾਨੇ ਦੋ ਦਿਨ ਜੱਸੋਵਾਲ ਨਾਲ ਗੁਜ਼ਾਰਾਂਗਾ ਤੇ ‘ਜੱਸੋਵਾਲ ਦੇ ਨਾਲ ਨਾਲ’ ਦਾ ਅਖ਼ਬਾਰੀ ਆਰਟੀਕਲ ਲਿਖਾਂਗਾ।
ਤੁਰਨ ਲੱਗੇ ਤਾਂ ਜੱਸੋਵਾਲ ਨੇ ਅੱਖਾਂ ਦੇ ਡੇਲੇ ਘੁਮਾਉਂਦਿਆਂ ਪੁੱਛਿਆ, “ਹੈਗੀ ਕੋਈ ਸ਼ੀਸ਼ੀ ਸ਼ੂਸ਼ੀ?” ਸਬੱਬ ਨਾਲ ਹੈਗੀ ਸੀ ਜਿਸ ਨਾਲ ਉਹ ਘਰੋਂ ਹੀ ਵਾਰਮ ਅੱਪ ਹੋ ਗਿਆ। ਰਾਹ ਵਿਚ ਬਾਘੀਆਂ ਪਾਉਂਦਾ ਗਿਆ। ਕਦੇ ਅੰਗਰੇਜ਼ ਅਲੀ ਨੂੰ ਗਾਉਣ ਲਾ ਲੈਂਦਾ, ਕਦੇ ਨਰਿੰਦਰ ਮਾਵੀ ਨੂੰ। ਕਦੇ ਬੌਣੇ ਨੂੰ ਕਹਿੰਦਾ, ਹਸਾ ਬਈ ਹਸਾ, ਹਸਾ ਸਾਰਿਆਂ ਨੂੰ। ਹੱਸਦੇ ਹਸਾਉਂਦੇ ਬੰਗੇ ਫਗਵਾੜੇ ਵਿਚ ਦੀ ਜਲੰਧਰ ਪਹੁੰਚੇ ਤਾਂ ਉਹ ਇਕ ਵਿਆਹ ਵਿਚ ਲੈ ਗਿਆ। ਉੱਥੇ ਕਲਾਕਾਰਾਂ ਤੋਂ ਦੋ ਚਾਰ ਗੀਤ ਗੁਆਏ ਤੇ ਵੈਨ ਦਾ ਖਰਚਾ ਲੈ ਕੇ ਅਗਾਂਹ ਚੱਲ ਪਏ। ਰਈਏ ਜੰਡਿਆਲੇ ਕੋਲ ਕਿਸੇ ਦਾ ਸੰਸਕਾਰ ਸੀ। ਜਾਂਦੇ ਜਾਂਦੇ ਨੜੋਏ ਵਿਚ ਸ਼ਾਮਲ ਹੋਏ ਤੇ ਘਰਦਿਆਂ ਨਾਲ ਅਫਸੋਸ ਕੀਤਾ। ਜਦੋਂ ਤਰਨ ਤਾਰਨ ਪੁੱਜੇ ਤਾਂ ਸ਼ਾਮ ਪੈ ਚੁੱਕੀ ਸੀ। ਜੱਸੋਵਾਲ ਦੇ ਕਹਿਣ ਅਨੁਸਾਰ ‘ਵੱਗਾਂ ਵੇਲਾ’ ਹੋ ਗਿਆ ਸੀ।
ਤਰਨ ਤਾਰਨ ਦੇ ਮੋੜ ਘੋੜ ਮੁੜ ਕੇ ਮੇਲੇ ਵਾਲੀ ਥਾਂ ਲੱਭੀ। ਜਿੱਧਰੋਂ ਗਾਉਣ ਵਜਾਉਣ ਦੀ ਆਵਾਜ਼ ਆਉਂਦੀ ਸੀ, ਓਧਰ ਨੂੰ ਵੈਨ ਮੋੜ ਲਈ। ਅਗਾਂਹ ਮੇਲਾ ਲਾਉਣ ਵਾਲੇ ਮਝੈਲ ਹਾਰ ਲਈ ਖੜ੍ਹੇ ਸਨ। ਹਾਰ ਕਾਫੀ ਸਨ ਇਸ ਲਈ ਸਾਡੇ ਗਲੀਂ ਵੀ ਪੁਆ ਦਿੱਤੇ। ਉਹ ਪ੍ਰਧਾਨਗੀ ਦੀ ਕੁਰਸੀ ’ਤੇ ਸਜ ਗਿਆ ਤੇ ਗਾਇਕਾਂ ਦੇ ਗਾਣਿਆਂ ਉੱਤੇ ਤਾੜੀਆਂ ਮਾਰਨ ਲੱਗਾ। ਬੈਠੇ ਬੈਠੇ ਉਸ ਨੂੰ ਲੂਹਰੀ ਉੱਠੀ ਤੇ ਉੱਠ ਕੇ ਮਾਈਕ ਜਾ ਫੜਿਆ। ਕੰਨ ’ਤੇ ਹੱਥ ਰੱਖ ਕੇ ਕਲੀ ਲਾਈ ਤੇ ਪ੍ਰਧਾਨਗੀ ਭਾਸ਼ਨ ਦਿੰਦਾ ਗੜ੍ਹਕਣ ਲੱਗਾ। ਵੈਨ ਵਿਚ ਲਿਆਂਦੇ ਆਪਣੇ ਚੇਲੇ ਬਾਲਕੇ ਸਟੇਜ ’ਤੇ ਚੜ੍ਹਾਏ ਤੇ ਮਝੈਲਾਂ ਨੂੰ ਵਡਿਆ ਕੇ ਉਨ੍ਹਾਂ ਨੂੰ ਇਨਾਮ ਦੁਆਏ। ਉੱਥੋਂ ਮੇਲੇ ਵਾਲੇ ਖਾਣ ਪੀਣ ਦੀ ਸੇਵਾ ਲਈ ਲੈ ਗਏ।
ਸੇਵਾ ਦਾ ਪ੍ਰਬੰਧ ਇਕ ਖੁੱਲ੍ਹੇ ਹਾਤੇ ਵਿਚ ਸੀ ਜਿੱਥੇ ਤੰਦੂਰੀ ਰੋਟੀਆਂ ਲਹਿ ਰਹੀਆਂ ਸਨ ਤੇ ਮਹਾਂ ਪਰਸ਼ਾਦ ਦਾ ਵਲਟੋਹਾ ਚੜ੍ਹਿਆ ਹੋਇਆ ਸੀ। ਦੇਸੀ ਦਾਰੂ ਦੀਆਂ ਲਪਟਾਂ ਨਾਲ ਮਹਾਂ ਪਰਸ਼ਾਦ ਦੇ ਮਸਾਲਿਆਂ ਦੀ ਕਰਾਰੀ ਮਹਿਕ ਨੇ ਸਾਰਾ ਮਹੱਲਾ ਮਹਿਕਾ ਛੱਡਿਆ ਸੀ। ਮਝੈਲ ਭਾਊ ਮੀਟ ਛਕਦੇ ਆਪਣੇ ਸਫੈਦ ਕੁੜਤੇ ਤੰਬਿਆਂ ਨੂੰ ਤਰੀ ਨਾਲ ਰੰਗ ਰਹੇ ਸਨ। ਕੋਈ ਖੜ੍ਹਾ ਖੜੋਤਾ ਛਕ ਰਿਹਾ ਸੀ ਤੇ ਕੋਈ ਪੱਬਾਂ ਭਾਰ ਬਹਿ ਕੇ। ਇਹ ਪੰਜਾਬੀ ਸਭਿਆਚਾਰ ਦਾ ਵੱਖਰਾ ਨਜ਼ਾਰਾ ਸੀ।
ਸਟੇਜ ਤੇ ਹਾਤੇ ਦੇ ਨਜ਼ਾਰੇ ਲੈ ਕੇ ਅਸੀਂ ਰੈਣ ਬਸੇਰਾ ਟੋਹਲਣ ਲੱਗੇ। ਦਿਨ ਹੋਵੇ ਤਾਂ ਰੈਣ ਬਸੇਰਾ ਲੱਭੇ। ਰਾਤ ਡੂੰਘੀ ਹੋ ਗਈ ਸੀ। ਜੱਸੋਵਾਲ ਨੇ ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡ ਵੇਖੇ ਸਨ ਜਿੱਥੇ ਉਹ ਜੰਨ ਚੜ੍ਹਿਆ ਸੀ ਜਾਂ ਸਿਵਿਆਂ ਵਿਚ ਸੰਸਕਾਰ ਕਰਾਉਣ ਗਿਆ ਸੀ। ਇਸ ਲਈ ਟਿਕਾਣੇ ਥਾਓਂ ਥਾਂ ਸਨ। ਖਾਓ ਪੀਏ ਉਸ ਨੇ ਇਕ ਦਰ ਦਾ ਬੂਹਾ ਖੜਕਾਇਆ ਜਿਸ ਨਾਲ ਉਸ ਦਾ ਭਰਵਾਂ ਸਵਾਗਤ ਹੋਇਆ। ਮਾਵੀ ਨੂੰ ਔਰਤਾਂ ਵੱਲ ਪਾਇਆ, ਗਾਇਕਾਂ ਨੂੰ ਹਾਤੇ ਵਿਚ ਤੇ ਅਸੀਂ ਦੋਵੇਂ ਬੈਠਕ ਵਿਚ ਆ ਸੁੱਤੇ। ਜੱਸੋਵਾਲ ਨੇ ਕੁੜਤਾ ਲਾਹਿਆ ਤਾਂ ਉੱਦਣ ਬੁਨੈਣ ਪਾਟੀ ਨਹੀਂ ਸੀ। ਪਜਾਮਾ ਉਤਾਰਿਆ ਤਾਂ ਕਛਹਿਰਾ ਵੀ ਸਾਬਤਾ ਸੀ। ਇਸ ਦਾ ਮਤਲਬ ਸੀ ਕਿ ਜੱਸੋਵਾਲ ਖੁਸ਼ਹਾਲ ਹੋ ਗਿਆ ਸੀ। ਨਾ ਉਸ ਰਾਤ ਗਾਇਕ ਲੜੇ ਤੇ ਨਾ ਸਾਨੂੰ ਖਲਪਾੜਾਂ ਚੁੱਕਣੀਆਂ ਪਈਆਂ। ਮਤਲਬ ਸਾਫ ਸੀ ਕਿ ਗਾਉਣ ਮੇਲਿਆਂ ਨਾਲ ਅਮਨ ਅਮਾਨ ਕਾਇਮ ਹੋ ਗਿਆ ਸੀ। ਦਹਿਸ਼ਤੀ ਦੌਰ ਖ਼ਤਮ ਸੀ ਤੇ ਗਾਉਣ ਵਜਾਉਣ ਦਾ ਜੁੱਗ ਸ਼ੁਰੂ ਸੀ।
ਤਰਨ ਤਾਰਨ ਤੋਂ ਅਸੀਂ ਬਾਬਾ ਬੁੱਢਾ ਬੀੜ ਸਾਹਿਬ ਗਏ ਜਿੱਥੇ ਖੀਰ ਕੜਾਹ ਦਾ ਲੰਗਰ ਛਕਿਆ। ਜੱਸੋਵਾਲ ਨੇ ਕਿਹਾ, “ਗੁਰਦਵਾਰੇ ਦੀ ਗੋਲਕ ਨੂੰ ਮੱਥਾ ਟੇਕਣ ਦੀ ਥਾਂ ਲੰਗਰ ਨੂੰ ਮੱਥਾ ਟੇਕੋ। ਉਹ ਗੋਲਕ ਸਿਆਸਤਦਾਨਾਂ ਦੀ ਐ, ਆਹ ਗੋਲਕ ਸੇਵਾਦਾਰਾਂ ਦੀ।” ਮੈਨੂੰ ਆਪਣੇ ਪਿੰਡ ਦਾ ਵਾਕਿਆ ਯਾਦ ਆ ਗਿਆ। 1967 ਦੇ ਦਿਨ ਸਨ। ਸੰਤ ਫਤਿਹ ਸਿੰਘ ਸਾਡੇ ਪਿੰਡ ਪਧਾਰੇ। ਦੀਵਾਨ ਸਜਿਆ ਤਾਂ ਗੁਰਮੁਖ ਪਿਆਰੇ ਬਣਦੀ ਸਰਦੀ ਮਾਇਆ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸੰਤਾਂ ਨੂੰ ਵੀ ਮੱਥਾ ਟੇਕਦੇ ਗਏ। ਇਕ ਕਾਮਰੇਡ ਆਇਆ ਤਾਂ ਉਸ ਨੇ ਬਿਨਾਂ ਮਾਇਆ ਤੋਂ ਮਹਾਰਾਜ ਨੂੰ ਮੱਥਾ ਟੇਕ ਕੇ ਸੰਤ ਫਤਿਹ ਸਿੰਘ ਨੂੰ ਦਸਾਂ ਦੇ ਨੋਟ ਨਾਲ ਮੱਥਾ ਟੇਕ ਦਿੱਤਾ। ਸੰਤਾਂ ਨੇ ਪੁੱਛਿਆ, “ਭਾਈ ਗੁਰਮੁਖਾ ਇਹ ਕੀ?” ਕਾਮਰੇਡ ਕਹਿਣ ਲੱਗਾ, “ਸੰਤ ਜੀ, ਓਧਰੋਂ ਪਹਿਲਾਂ ਅੰਬਰਸਰ ਜਾਊ, ਫੇਰ ਥੋਡੇ ਕੋਲ ਆਊ। ਰਾਹ ਵਿਚ ਟੈਮ ਲੱਗੂ। ਮੈਂ ਤਾਂ ਬੱਸ ਸ਼ਾਰਟ ਕੱਟ ਈ ਮਾਰਿਐ!”
ਅਸੀਂ ਵੀ ਸ਼ਾਰਟ ਕੱਟ ਮਾਰ ਕੇ ਪਿੰਡਾਂ ਵਿਚ ਦੀ ਵਾਹਗੇ ਬਾਰਡਰ ਉੱਤੇ ਪੁੱਜੇ। ਰਾਹ ਵਿਚ ਆਉਂਦੇ ਪਿੰਡਾਂ ਦਾ ਜੱਸੋਵਾਲ ਇਤਿਹਾਸ ਦੱਸਦਾ ਗਿਆ। ਫਸਲਾਂ ਦੀ ਜਾਣਕਾਰੀ ਦਿੰਦਾ ਗਿਆ, ਪਸ਼ੂਆਂ ਤੇ ਪੰਛੀਆਂ ਬਾਰੇ ਦੱਸਦਾ ਅਗਮ ਨਿਗਮ ਦੀਆਂ ਗੱਲਾਂ ਕਰਦਾ ਗਿਆ। ਉਸ ਦੇ ਕਲਾਕਾਰਾਂ ਨੇ ਹਿੰਦ-ਪਾਕਿ ਮਿੱਤਰਤਾ ਮੇਲੇ ਵਿਚ ਜਾ ਰੰਗ ਭਰਿਆ। ਮੈਂ ਬਾਰਡਰ ਦਾ ਅੱਗਾ ਪਿੱਛਾ ਵੇਖਦਾ ਰਿਹਾ। ਸਾਂਝੀ ਧਰਤੀ ਸੀ, ਇੱਕੋ ਜਿਹੀ ਬੋਲ ਚਾਲ ਸੀ ਪਰ ਵਿਚਾਲੇ ਤਾਰ ਸੀ। ਬੰਦੇ ਲੰਘ ਨਹੀਂ ਸਨ ਸਕਦੇ ਪਰ ਪੰਛੀਆਂ ਨੂੰ ਕੋਈ ਰੋਕ ਨਹੀਂ ਸੀ।
ਮੇਲੇ ਵਿੱਚੋਂ ਵਿਹਲੇ ਹੋਏ ਤਾਂ ਵਾਪਸੀ ਲਈ ਚਾਲੇ ਪਾਏ। ਗੁਰੂ ਕੀ ਨਗਰੀ ਦੇ ਦਰਸ਼ਨ ਕੀਤੇ। ਮੈਨੂੰ ਡਰ ਸੀ ਕਿ ਰਾਹ ਵਿਚ ਕੋਈ ਮੇਲਾ ਲੱਗਾ ਨਾ ਮਿਲ ਜਾਵੇ, ਕਿਸੇ ਦਾ ਵਿਆਹ ਜਾਂ ਸੰਸਕਾਰ ਨਾ ਹੁੰਦਾ ਹੋਵੇ। ਜੱਸੋਵਾਲ ਦਾ ਕੀ ਸੀ, ਉਹਨੇ ਉੱਥੇ ਹੀ ਗੱਡੀ ਰੁਕਵਾ ਲੈਣੀ ਸੀ। ਇਕ ਵਾਰ ਇੰਜ ਹੀ ਕਿਸੇ ਪਿੰਡ ਵਿੱਚੋਂ ਲੰਘ ਰਿਹਾ ਸੀ। ਮਰਗ ਦਾ ਭੋਗ ਪੈ ਰਿਹਾ ਸੀ। ਕਹਿਣ ਲੱਗਾ, ਚਲੋ ਸ਼ਰਧਾਂਜਲੀ ਦਿੰਦੇ ਚਲਦੇ ਹਾਂ। ਕਿਸੇ ਦੀ ਪਤਨੀ ਮਰ ਗਈ ਸੀ। ਨੌਜੁਆਨ ਸਟੇਜ ਸਕੱਤਰ ਮਰਹੂਮ ਪਤਨੀ ਨੂੰ ਮਾਤਾ ਜੀ ਕਹਿ ਕੇ ਸੰਬੋਧਨ ਕਰ ਰਿਹਾ ਸੀ। ਉਸ ਨੇ ਸ਼ਰਧਾਂਜਲੀ ਦੇਣ ਲਈ ਮਾਈਕ ਜੱਸੋਵਾਲ ਨੂੰ ਫੜਾ ਦਿੱਤਾ।
ਜੱਸੋਵਾਲ ਘਰ ਵਾਲੇ ਦੀ ਮਾਤਾ ਦੇ ਗੁਣ ਗਾਉਣ ਲੱਗਾ। ਕੋਲੋਂ ਈ ਜੋੜ ਕੇ ਕਹਿਣ ਲੱਗਾ, “ਇਕ ਵਾਰ ਅਸੀਂ ਇਸ ਪਿੰਡ ਵਿੱਚੋਂ ਲੰਘ ਰਹੇ ਸੀ। ਮਾਤਾ ਨੇ ਸਾਨੂੰ ਪ੍ਰੌਂਠੇ ਖੁਆਏ ਸੀ, ਲੱਸੀ ਪਿਆਈ ਸੀ, ਗੁੜ ਦੀ ਭੇਲੀ ਲੜ ਬੰਨ੍ਹ ਦਿੱਤੀ ਸੀ। ਇਹੋ ਜੀ ਮਾਤਾ ਹਰੇਕ ਦੀ ਹੋਵੇ। ਸੁਰਗਾਂ ਵਿਚ ਵਾਸਾ ਹੋਵੇ ਮਾਤਾ ਦਾ ...।” ਨਿਰਮਲ ਜੌੜੇ ਨੇ ਪਜਾਮੇ ਦਾ ਪੌਂਚਾ ਖਿੱਚਦਿਆਂ ਕਿਹਾ, ਮਾਤਾ ਨਹੀਂ ਪਤਨੀ ਕਹੋ ਪਤਨੀ। ਜੱਸੋਵਾਲ ਨੇ ਕਾਂਟਾ ਬਦਲਿਆ, “ਜਦੋਂ ਘਰ ਵਾਲੀ ਮਰਦੀ ਐ ਨਾ, ਓਦੋਂ ਈ ਅਸਲੀ ਮਾਂ ਮਰਦੀ ਐ। ਇਹ ਜਿਹੜੀ ਭਾਈ ਸਾਹਿਬ ਦੀ ਪਤਨੀ ਸੀ, ਅਸਲੀ ਮਾਂ ਸੀ। ਆਪ ਗਿੱਲੇ ਥਾਂ ਸੌਂਦੀ ਸੀ, ਬੱਚਿਆਂ ਨੂੰ ਸੁੱਕੇ ਥਾਂ ਸੁਆਉਂਦੀ ਸੀ। ਨਹੀਂ ਲੱਭਣੀ ਓਏ ਇਹੋ ਜੀ ਪਤਨੀ ਤੇ ਨਹੀਂ ਮਿਲਣੀ ਇਹੋ ਜੀ ਮਾਂ।” ਨਾਲ ਹੀ ਜੱਸੋਵਾਲ ਨੇ ਭੁੱਬ ਮਾਰ ਕੇ ਮਾਹੌਲ ਸੋਗੀ ਬਣਾ ਦਿੱਤਾ।
ਅਟਾਰੀ ਤੋਂ ਮੁਕੰਦਪੁਰ ਤਿੰਨ ਕੁ ਘੰਟੇ ਦਾ ਰਸਤਾ ਹੈ ਪਰ ਜੱਸੋਵਾਲ ਦੀ ਸੰਗਤ ਵਿਚ ਛੇ ਘੰਟਿਆਂ ਵਿਚ ਪੂਰਾ ਹੋਇਆ। ਉਸ ਟੂਰ ਵਿਚ ਉਸ ਨੂੰ ਖਾਂਦਿਆਂ ਪੀਂਦਿਆਂ, ਨੱਚਦਿਆਂ ਗਾਉਂਦਿਆਂ, ਭਾਸ਼ਨ ਦਿੰਦਿਆਂ, ਅਫਸੋਸ ਕਰਦਿਆਂ ਤੇ ਖ਼ੁਸ਼ੀ ਮਨਾਉਂਦਿਆਂ ਸਭਨਾਂ ਰੰਗਾਂ ਵਿਚ ਵੇਖਿਆ। ਉਹ ਅੰਦਰੋਂ ਬਾਹਰੋਂ ਇੱਕ ਸੀ। ਕੋਈ ਪਰਦਾ ਨਹੀਂ, ਕੋਈ ਗੁੰਝਲ ਨਹੀਂ। ਜਿੰਨੇ ਕੁ ਮਾਨ ਸਨਮਾਨ ਗਾਇਕਾਂ ਨੂੰ ਦੁਆਏ, ਉਨ੍ਹਾਂ ਵਿੱਚੋਂ ਖਾਧਾ ਪੀਤਾ ਵੀ, ਮੱਥਾ ਵੀ ਟੇਕਿਆ ਤੇ ਨੱਚਣ ਵਾਲਿਆਂ ਦੇ ਸਿਰਾਂ ਤੋਂ ਵੀ ਵਾਰੇ। ਗੱਡੀ ਵਿਚ ਤਾਂ ਤੇਲ ਪੁਆਉਣਾ ਹੀ ਸੀ, ਤਲਬਗਾਰਾਂ ਵਿਚ ਵੀ ਤੇਲ ਪੁਆਇਆ। ਬਚਦੇ ਪੈਸੇ ਕਲਾਕਾਰਾਂ ਵਿਚ ਵੰਡ ਦਿੱਤੇ। ਆਪ ਉਹ ਸਾਰੀ ਉਮਰ ਮਲੰਗ ਦਾ ਮਲੰਗ ਰਿਹਾ।
ਜੱਸੋਵਾਲ ਸਾਡੀ ਮਾਤਾ ਦੇ ਭੋਗ ’ਤੇ ਆਇਆ, ਪਿਤਾ ਦੇ ਭੋਗ ’ਤੇ ਆਇਆ, ਮੇਰੇ ਮੁੰਡੇ ਦੀ ਜੰਨ ਚੜ੍ਹਿਆ ਤੇ ਗਾਉਣ ਵਾਲੇ ਗਿੱਲ ਹਰਦੀਪ ਤੋਂ ਮਾਈਕ ਲੈ ਕੇ ਕਲੀਆਂ ਲਾਉਂਦਾ ਰਿਹਾ। ਡਾ. ਜੌਹਲ, ਕੰਵਲ, ਸ਼ਮਸ਼ੇਰ ਸੰਧੂ ਤੇ ਡਾ. ਨਾਹਰ ਸਿੰਘ ਹੋਰਾਂ ਨਾਲ ਗੇੜਾ ਵੀ ਦਿੱਤਾ। ਉਸ ਨੇ ਕਦੇ ਬੀਤ ਗਏ ਦਾ ਝੋਰਾ ਨਹੀਂ ਝੁਰਿਆ ਤੇ ਨਾ ਆਉਣ ਵਾਲੇ ਦਿਨਾਂ ਬਾਰੇ ਪਰੇਸ਼ਾਨ ਹੋਇਆ। ਉਹ ਅਜਿਹਾ ਬੰਦਾ ਸੀ ਜਿਸ ਨੇ ਵਰਤਮਾਨ ਨੂੰ ਰੱਜ ਕੇ ਮਾਣਿਆ। ਉਹ ਖ਼ੁਸ਼ ਰਿਹਾ ਤੇ ਖ਼ੁਸ਼ੀਆਂ ਵੰਡਦਾ ਰਿਹਾ।
ਇਹ ਗੱਲ ਨਹੀਂ ਕਿ ਉਸ ਨੂੰ ਕਦੇ ਕੋਈ ਤਕਲੀਫ਼ ਨਹੀਂ ਹੋਈ। ਤਕਲੀਫ਼ਾਂ ਆਉਂਦੀਆਂ ਰਹੀਆਂ ਪਰ ਉਹ ਤੰਗੀਆਂ ਤਕਲੀਫ਼ਾਂ ਵਿਚ ਵੀ ਹੱਸਦਾ ਖੇਲ੍ਹਦਾ ਰਿਹਾ। ਉਹਦੇ ਹੰਝੂ ਕਈ ਵਾਰ ਵਹਿੰਦੇ ਵੇਖੇ ਪਰ ਪਤਾ ਉਦੋਂ ਹੀ ਲੱਗਦਾ ਜਦੋਂ ਹੰਝੂਆਂ ਵਿੱਚੋਂ ਹਾਸੇ ਛਲਕ ਪੈਂਦੇ। ਉਹ ਕੱਛਾਂ ਵਜਾਉਣ ਲੱਗਦਾ। ਨਾਲੇ ਭੌਂਪੂ ਵਜਾਉਂਦਾ ...ਪੌਂ ...ਪੌਂ ...।
ਜੱਸੋਵਾਲ ਨੇ ਬਚਪਨ ਵਿਚ ਬੱਕਲੀਆਂ ਖਾਧੀਆਂ, ਦੁੱਧ ਦੀਆਂ ਬਾਟੀਆਂ ਪੀਤੀਆਂ, ਜੁਆਨੀ ਵਿਚ ਮਨਮਰਜ਼ੀਆਂ ਕੀਤੀਆਂ ਤੇ ਖੁੱਲ੍ਹਾ ਡੁੱਲ੍ਹਾ ਖਾਧਾ ਪੀਤਾ। ਬੁਢਾਪੇ ਵਿਚ ਸਿਹਤ ਵਿਗੜ ਗਈ ਜਿਸ ਦਾ ਖਿਆਲ ਨਾ ਰੱਖਿਆ। ਉਹਦਾ ਜੁੱਸਾ ਸੈਂਚਰੀ ਮਾਰਨ ਵਾਲਾ ਸੀ ਜੋ ਉਸ ਨੇ ਅੱਸੀ ਸਾਲਾਂ ਵਿਚ ਹੰਢਾ ਦਿੱਤਾ। ਉਹਦੇ ਘਰ ਦੇ ਕੜੀਆਂ ਬਾਲੇ, ਉਹਦੀ ਗੱਡੀ, ਉਹਦੇ ਹੱਡ ਗੋਡੇ ਗੱਲ ਕੀ ਉਹਦਾ ਸਭ ਕੁਝ ਹੀ ਖੜਕਿਆ ਰਹਿੰਦਾ ਸੀ। ਉਹਦੀ ਸਕਾਰਪੀਓ ਗੱਡੀ ਤੇ ਜੱਸੋਵਾਲ ਬਾਰੇ ਨਿਰਮਲ ਜੌੜਾ ਲਿਖਦੈ ਕਿ ਜੱਸੋਵਾਲ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਤੇ ਗੱਡੀ ਨੂੰ ਵਰਕਸ਼ਾਪ ਲਾਉਣਾ ਪਿਆ।
ਜੱਸੋਵਾਲ ਨੂੰ ਹਸਪਤਾਲ ਵਿਚ ਹੋਸ਼ ਆਈ ਤਾਂ ਡਰਾਈਵਰ ਦਾ ਫੋਨ ਆਇਆ, “ਗੱਡੀ ਦਾ ਇੰਜਣ ਖੁੱਲ੍ਹ ਗਿਆ ਜੀ, ਮਿਸਤਰੀ ਕਹਿੰਦਾ ਇਹ ਤਾਂ ਸਾਰੀ ਈ ਖੜਕੀ ਪਈ ਆ। ਕਲੱਚ ਪਲੇਟਾਂ ਉਡ ਗਈਆਂ, ਸੈਂਸਰ ਵੀ ਕੰਮ ਨੀ ਕਰਦਾ। ਡੀਜ਼ਲ ਵਾਲਾ ਸਿਸਟਮ ਵੀ ਗਲਿਆ ਪਿਆ ਤੇ ਏ ਸੀ ਵਾਲੀ ਪਾਈਪ ਵੀ ਫਟੀ ਪਈ ਆ। ਮੁਗਲੈਲ ਜਾਦੇ ਚੱਕਦੀ ਆ, ਸਾਰੀ ਕਿੱਟ ਬਦਲਣੀ ਪੈਣੀ ਆਂ। ਹੈੱਡ ਵੀ ਨਵਾਂ ਪਊ ਹੁਣ, ਅਲਟਰਨੇਟਰ ਵੀ ਕੰਮ ਨੀ ਕਰਦਾ ਤਾਂ ਹੀ ਤਾਂ ਬੈਟਰੀ ਸੌਂ ਜਾਂਦੀ ਆ। ਰੇਡੀਏਟਰ ਦੀਆਂ ਪਾਈਪਾਂ ਵੀ ਲੀਕ ਕਰਦੀਆਂ, ਸਾਰੀ ਵੈਰਿੰਗ ਦੁਬਾਰਾ ਹੋਣ ਵਾਲੀ ਆ। ਅਜੈਂਸੀ ਆਲੇ ਆਖਦੇ ਆ ਬਈ ਅਣਜਾਣ ਮਕੈਨਕਾਂ ਨੇ ਚੰਗੀ ਭਲੀ ਗੱਡੀ ਦਾ ਸੱਤਿਆਨਾਸ਼ ਮਾਰਤਾ। ਮੂਹਰਲੇ ਰਿੰਮਾਂ ਦੀਆਂ ਗੋਲੀਆਂ ਟੁੱਟੀਆਂ ਪਈਆਂ। ਨਾਲੇ ਅਜੈਂਸੀ ਦਾ ਫੋਰਮੈਨ ਕਹਿੰਦਾ ਬਈ ਟੈਰਾਂ ਦਾ ਸੈੱਟ ਵੀ ਨਵਾਂ ਪਾ ਲੋ, ਐਵੇਂ ਧੋਖਾ ਖਾਓਗੇ। ਡੈਂਟਿੰਗ ਤੇ ਪੇਂਟਿੰਗ ਸਮੇਤ ਦਸ ਕੁ ਦਿਨ ਲੱਗ ਸਕਦੇ ਆ ... ਕਹੋਂ ਤਾਂ ਲਾ ਦੀਏ ਓਵਰਆਲ ਰਿਪੇਅਰ ’ਤੇ?”
ਏਨਾ ਕੁਝ ਸੁਣ ਕੇ ਜੱਸੋਵਾਲ ਨੂੰ ਫਿਰ ਦੌਰਾ ਪੈ ਜਾਣਾ ਸੀ ਪਰ ਉਹ ਸੰਭਲਿਆ ਰਿਹਾ। ਫੋਨ ਦੀ ਵਾਰਤਾਲਾਪ ਮੁੱਕੀ ਤਾਂ ਹਸਪਤਾਲ ਦਾ ਡਾਕਟਰ ਟੈੱਸਟ ਰਿਪੋਰਟਾਂ ਲੈ ਕੇ ਆ ਗਿਆ। ਦੱਸਣ ਲੱਗਾ, “ਸਰਦਾਰ ਸਾਹਿਬ, ਤੁਹਾਨੂੰ ਕਈ ਪ੍ਰਾਬਲਮਜ਼ ਨੇ। ਲਿਵਰ ਵਿਚ ਸੋਜ਼ ਆ, ਸ਼ੂਗਰ ਕੰਟਰੋਲ ਨਹੀਂ ਹੋ ਰਹੀ, ਯੂਰਿਕ ਐਸਿਡ ਕਾਫੀ ਵਧਿਆ ਹੋਇਐ। ਬਲੱਡ ਪ੍ਰੈਸ਼ਰ ਕਰਕੇ ਨਰਵਸ ਸਿਸਟਮ ਵੀਕ ਹੋ ਰਿਹੈ, ਫੇਫੜਿਆਂ ਵਿਚ ਇਨਫੈਕਸ਼ਨ ਆ ਤੇ ਕਿਡਨੀ ਵਿਚ ਵੀ ਇਨਫੈਕਸ਼ਨ ਦੇ ਸਿੰਪਟਮਜ਼ ਹੈਨ। ਇਸ ਕਰਕੇ ਕਿਡਨੀਜ਼ ਦੇ ਵੀ ਟੈੱਸਟ ਕਰਾਉਣੇ ਪੈਣਗੇ। ਐਗਜਾਰਸ਼ਨ ਜ਼ਿਆਦਾ ਰਹੀ ਜਿਸ ਕਰਕੇ ਰੈੱਸਟ ਦੀ ਵੀ ਲੋੜ ਐ। ਹਾਰਟ ਬੀਟ ਇਰੈਗੂਲਰ ਹੋਣ ਕਰਕੇ ਐਂਜੀਓਗਰਾਫੀ ਤੇ ਐੱਮ ਆਰ ਆਈ ਤੋਂ ਇਲਾਵਾ ਕੁਝ ਸਪੈਸ਼ਲ ਟੈੱਸਟ ਕਰਾਉਣੇ ਪੈਣੇ ਆ। ਅਸਲ ਵਿਚ ਅਨਰੈਕਮੈਂਡਿਡ ਮੈਡੀਸਨ ਨੇ ਥੋਨੂੰ ਹਾਰਮ ਕੀਤਾ। ਮੈਂ ਥੋਨੂੰ ਸਮਝਾਉਨਾਂ ਕਿ ...।
ਡਾਕਟਰ ਨੂੰ ਵਿੱਚੇ ਟੋਕ ਕੇ ਜੱਸੋਵਾਲ ਸਾਹਿਬ ਨੇ ਕਿਹਾ, “ਡਾਕਟਰ ਸਾਹਿਬ! ਸਮਝਾ ਤਾਂ ਮੈਨੂੰ ਮੇਰੇ ਡਰਾਈਵਰ ਨੇ ਫੋਨ ’ਤੇ ਈ ਦਿੱਤਾ। ਗੱਡੀ ਤਾਂ ਓਵਰਆਲ ਰਿਪੇਅਰ ’ਤੇ ਲਾਉਣੀ ਈ ਐਂ। ਹੁਣ ਤੁਸੀਂ ਮੈਨੂੰ ਵੀ ਓਵਰਆਲ ਰਿਪੇਅਰ ’ਤੇ ਈ ਲਾ ਦਿਓ।”
ਜੱਸੋਵਾਲ ਬਾਰੇ ਸੁਰਜੀਤ ਪਾਤਰ ਨੇ ਲਿਖਿਆ ਸੀ, “ਜੱਸੋਵਾਲ ਇਕ ਅਜਿਹਾ ਘਣਛਾਵਾਂ ਦਰਖਤ ਹੈ, ਜੋ ਕਵੀਆਂ ਕਵੀਸ਼ਰਾਂ, ਗਵੱਈਆਂ ਤੇ ਨਚਾਰਾਂ ਅਤੇ ਆਲਮਾਂ-ਫਨਕਾਰਾਂ ਨੂੰ ਆਪਣੀ ਛਾਵੇਂ ਬੈਠਣ ਲਈ ਬਾਹਾਂ ਚੁੱਕ ਚੁੱਕ ਪੁਕਾਰਦਾ ਰਹਿੰਦਾ ਹੈ। ਉਸ ਦੀ ਛਾਵੇਂ ਮਹਿਫ਼ਲਾਂ ਜੁੜੀਆਂ ਰਹਿੰਦੀਆਂ ਨੇ ਤੇ ਟਾਹਣਾਂ ’ਤੇ ਪੀਂਘਾਂ ਪਈਆਂ ਹੀ ਰਹਿੰਦੀਆਂ ਨੇ। ਮੇਲੇ ਦੀ ਸਟੇਜ ’ਤੇ ਖੜ੍ਹਾ ਜੱਸੋਵਾਲ ਏਨਾ ਉੱਚਾ ਲੱਗਦਾ ਹੈ ਕਿ ਉਸ ਦੇ ਪੈਰ ਧਰਤੀ ਉੱਤੇ ਹੁੰਦੇ ਹਨ ਤੇ ਪੱਗ ਤਾਰਿਆਂ ਨੂੰ ਛੂਹ ਰਹੀ ਹੁੰਦੀ ਹੈ। ਉਸ ਵੇਲੇ ਉਹੀ ਸਾਰੇ ਅਮੀਰਾਂ ਵਜ਼ੀਰਾਂ ਤੋਂ ਉੱਚੇ ਰੁਤਬੇ ਵਾਲਾ ਸ਼ਹਿਨਸ਼ਾਹ ਹੁੰਦਾ ਹੈ। ਹਜ਼ਾਰਾਂ ਦਰਸ਼ਕਾਂ ਨੂੰ ਖ਼ੁਸ਼ੀਆਂ ਵੰਡ ਰਿਹਾ ਸ਼ਹਿਨਸ਼ਾਹ। ਅਨੇਕਾਂ ਗਾਇਕਾਂ ਨੂੰ ਆਉਣ ਵਾਲੇ ਸਮਿਆਂ ਦੇ ਯੁਵਰਾਜ ਸਜਾ ਰਿਹਾ ਸ਼ਹਿਨਸ਼ਾਹ। ਹਰ ਇਕ ਦੇ ਦੁਖ ਸੁਖ ਵਿਚ ਸ਼ਾਮਲ ਹੁੰਦਿਆਂ ਉਸ ਨੇ ਬੇਅੰਤ ਧਰਤੀ ਗਾਹੀ ਹੈ। ਲੋਕਾਂ ਦੀਆਂ ਮੰਗਣੀਆਂ, ਮਕਾਣਾਂ, ਮੇਲਿਆਂ-ਗੇਲਿਆਂ ਤੇ ਗ਼ਮੀਆਂ-ਸ਼ਾਦੀਆਂ ਵਿਚ ਵੰਡੇ ਉਸ ਦੇ ਦਿਨ ਦੀਆਂ ਜਦੋਂ ਤਰਕਾਲਾਂ ਪੈਦੀਆਂ ਹਨ ਤਾਂ ਇਸ ਸ਼ਹਿਨਸ਼ਾਹ ਦਾ ਮਨ ਕਿਸੇ ਪਹੁੰਚੇ ਹੋਏ ਫ਼ਕੀਰ ਦੀ ਬਗਲੀ ਜਿਹਾ ਹੋ ਚੁੱਕਾ ਹੁੰਦਾ ਹੈ ਜਿਸ ਵਿਚ ਕਈ ਘਰਾਂ ਦੇ ਹਾਸੇ ਤੇ ਹੰਝੂ ਰਲ ਚੁੱਕੇ ਹੁੰਦੇ ਹਨ।”
“ਉਸ ਨੂੰ ਮਿਲਣ ਵਾਲੇ ਉਸ ਕੋਲੋਂ ਨਵੇਂ ਉਤਸ਼ਾਹ ਦਾ, ਕਿਸੇ ਸਿਆਣਪ ਭਰੇ ਕਥਨ ਦਾ, ਕਿਸੇ ਹਾਸੇ ਦਾ, ਕਿਸੇ ਨਵੇਂ ਮੇਲੇ ਦੇ ਸੱਦੇ ਦਾ, ਉਸ ਦੇ ਰੰਗ-ਬਰੰਗੇ ਜੀਵਨ ਦੇ ਕਿਸੇ ਦਿਲਚਸਪ ਕਿੱਸੇ ਦਾ, ਕਿਸੇ ਟੋਟਕੇ ਦਾ, ਕਿਸੇ ਲੋਕ ਗੀਤ ਦਾ ਪਰਸ਼ਾਦ ਲੈ ਕੇ ਜਾਂਦੇ ਹਨ।”
“ਜੱਸੋਵਾਲ ਅਜੇ ਵੀ ਹੱਸਦਾ ਹੈ, ਅਜੇ ਵੀ ਪਹਿਲਾਂ ਵਾਂਗ ਹਾਜ਼ਰ ਜਵਾਬ ਹੈ। ਅਜੇ ਵੀ ਗਾਇਕਾਂ, ਸਾਜ਼ਿੰਦਿਆਂ, ਹੁਨਰਮੰਦਾਂ, ਕਵੀਆਂ ਨੂੰ ਮਿਲ ਕੇ ਖਿੜ ਜਾਂਦਾ ਹੈ। ਅਜੇ ਵੀ ਮੇਲੇ ਉਸ ਨੂੰ ਅਵਾਜ਼ਾਂ ਮਾਰਦੇ ਹਨ ਪਰ ਉਸ ਦੀ ਸਿਹਤ ਉਸ ਦੇ ਪੱਬ ਨਹੀਂ ਉੱਠਣ ਦਿੰਦੀ। ਉਹ ਬੁੱਲ੍ਹੇ ਸ਼ਾਹ ਵਾਂਗ ਨੱਚਣਾ ਚਾਹੁੰਦਾ ਹੈ ਪਰ ਉਸ ਨੂੰ ਆਪਣੀ ਸਿਹਤ ਬਾਰੇ ਸੋਚ ਕੇ, ਆਪਣੇ ਵਿਛੜੇ ਯਾਰਾਂ ਬਾਰੇ ਸੋਚ ਕੇ, ਬਦਲ ਰਹੇ ਆਲੇ-ਦੁਆਲੇ ਬਾਰੇ ਸੋਚ ਕੇ ਬਾਬਾ ਫਰੀਦ ਦੇ ਬੋਲ ਯਾਦ ਆ ਜਾਂਦੇ ਹਨ ਤੇ ਉਹ ਉਦਾਸ ਹੋ ਜਾਂਦਾ ਹੈ:
ਫਰੀਦਾ ਇੰਨੀ ਨਿੱਕੀ ਜੰਘੀਐ ਥਲ ਡੂਗਰ ਭਵਿਓਮ
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ।”
ਨਿੰਦਰ ਘੁਗਿਆਣਵੀ ਦੱਸਦੈ ਕਿ 28 ਜੂਨ 1999 ਨੂੰ ਜੱਸੋਵਾਲ ਦਾ ਦੂਜਾ ਜਨਮ ਹੋਇਆ ਸੀ। ਕਿਸੇ ਦਾ ਚੱਕਿਆ ਚੁਕਾਇਆ ਦੈਂਤ ਵਰਗਾ ਇਕ ਨੇਪਾਲੀ ਜੱਸੋਵਾਲ ਨੂੰ ਮਾਰਨ ਆ ਪਿਆ ਸੀ। ਕੁਦਰਤੀ ਨਿੰਦਰ ਉਸ ਕੋਲ ਆਇਆ ਹੋਣ ਕਰਕੇ ਜੱਸੋਵਾਲ ਦਾ ਬਚਾਅ ਹੋ ਗਿਆ। ਪੁਲਿਸ ਦੇ ਪੁੱਜਣ ਤਕ ਜੱਸੋਵਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਾ ਸੀ, ਬਾਂਹ ਵਿੱਚੋਂ ਮਾਸ ਦਾ ਲੋਥੜਾ ਨਿੱਕਲ ਚੁੱਕਾ ਸੀ ਜਿੱਥੋਂ ਲਹੂ ਵਹਿ ਰਿਹਾ ਸੀ। ਜੇ ਨਿੰਦਰ ਨੇਪਾਲੀ ਦੇ ਪਤਾਲੂਆਂ ਨੂੰ ਵੱਟ ਨਾ ਚਾੜ੍ਹਦਾ ਤਾਂ ਉਸ ਨੇ ਜੱਸੋਵਾਲ ਨੂੰ ਨਹੀਂ ਸੀ ਛੱਡਣਾ। ਇਹ ਜੁਗਤ ਨੇਪਾਲੀ ਦੇ ਕਾਬੂ ਆਏ ਜੱਸੋਵਾਲ ਨੇ ਹੀ ਨਿੰਦਰ ਨੂੰ ਦੱਸੀ ਸੀ। ਇੰਜ ਜੱਸੋਵਾਲ ਦਾ ਬਚਾਅ ਹੋ ਗਿਆ ਸੀ। ਮਿਜਾਜ਼ ਪੁਰਸ਼ੀ ਲਈ ਆਏ ਸੱਜਣ ਮਿੱਤਰ ਸ਼ਾਮ ਨੂੰ ਇਕੱਠੇ ਹੋਏ ਤਾਂ ਜੱਸੋਵਾਲ ਫਿਰ ਪਹਿਲੇ ਰੰਗ ਵਿਚ ਸੀ।
ਨਿੰਦਰ ਘੁਗਿਆਣਵੀ ਲਿਖਦੈ, “ਜੱਸੋਵਾਲ ਨੇ ਕਿਹਾ, ਯਾਰ ਤੁਸੀਂ ਸਾਰੇ ਹੱਸੋ। ਖ਼ੁਸ਼ੀ ਮਨਾਓ, ਮੇਰਾ ਦੂਜਾ ਜਨਮ ਹੋਇਆ ... ਪਤੰਦਰੋ ਇਓਂ ਕਿਉਂ ਬਹਿਗੇ ਸੋਗ ਜਿਹਾ ਪਾ ਕੇ?” ਉਸ ਨੇ ਸ਼ਰਾਬ ਦੀ ਪੇਟੀ ਮੰਗਾਈ ਤੇ ਕਹਿਣ ਲੱਗਾ, “ਯਾਰੋ ਖ਼ੁਸ਼ ਹੋਵੋ। ਮੇਰਾ ਦੂਜਾ ਜਨਮ ਹੋਇਆ। ਜਾਨ ਬਚਗੀ ਭੈਣ ਦੇਣੀ ... ਮੈਨੂੰ ਕੁਛ ਨੀ ਹੋਇਆ ... ਮੈਂ ਨੌਂ ਬਰ ਨੌਂ ਆਂ। ਆਹ ਮੇਰਾ ਪੁੱਤ ਘੁਗਿਆਣਵੀ ਜੁਗ ਜੁਗ ਜੀਵੇ ... ਜੇ ਇਹ ਨਾ ਹੁੰਦਾ ਮੈਂ ਮਰ ਜਾਂਦਾ ... ਮੈਨੂੰ ਕਿਤਾਬ ਲਿਖ ਕੇ ਤਾਂ ਜਿਉਂਦਾ ਕੀਤਾ ਹੀ ਕੀਤਾ ... ਪਰ ਆਹ ਜੋ ਏਹਨੇ ਅੱਜ ਕੀਤਾ ... ਮੈਂ ... ਮੈ ...।
ਜੱਸੋਵਾਲ ਅੱਖਾਂ ਭਰ ਆਇਆ ਸੀ। ਫਿਰ ਕੱਚ ਦੇ ਗਲਾਸ ਟੁਣਕਣ ਲੱਗੇ ਤੇ ਜੱਸੋਵਾਲ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਸੱਜਣਾਂ ਮਿੱਤਰਾਂ ਦੇ ਮੁਰਝਾਏ ਚਿਹਰੇ ਵੀ ਖਿੜ ਗਏ। ਜੱਸੋਵਾਲ ਨੂੰ ਗੱਲਾਂ ਫੁਰਨ ਲੱਗੀਆਂ। ਉਹਦੇ ਨੈਣਾਂ ਵਿਚ ਮਸਤੀ ਉੱਤਰ ਆਈ ਤੇ ਉਹ ਵਾਰ ਵਾਰ ਕਹੀ ਜਾਵੇ - ਬਈ ਅੱਜ ਮੇਰਾ ਪੁਨਰ ਜਨਮ ਹੋਇਆ ... ਅੱਜ ਮੈਂ ਦੂਜੀ ਵੇਰ ਜੰਮਿਆਂ, ਮੇਰਾ ਦੂਜਾ ਜਨਮ ਹੋਇਆ ਅੱਜ ... ਮਾਰ ਗਿਆ ਸੀ ਭੈਣ ਦੇਣਾ ਨੇਪਾਲੀ।
ਜੱਸੋਵਾਲ ਦਾ ਕੁੱਤਾ ਵੀ ਉਹਦੇ ਆਸੇ ਪਾਸੇ ਪੂਛ ਮਾਰਦਾ, ਉਹਦੀਆਂ ਲੱਤਾਂ ਨਾਲ ਖਹਿਸਰਦਾ ਲਾਡ-ਬਾਡ ਜਿਹੇ ਕਰ ਰਿਹਾ ਸੀ। ਜੱਸੋਵਾਲ ਨੇ ਉਹਦੇ ਸਿਰ ਉੱ ਤੇ ਹੱਥ ਫੇਰਿਆ ਤੇ ਕਿਹਾ, ਵਾਹ ਓਏ ਮੇਰਿਆ ਸ਼ੇਰਾ... ਪੁੱਤ ਜੇ ਮੈਂ ਅੱਜ ਗੱਡੀ ਚੜ੍ਹ ਜਾਂਦਾ ਤਾਂ ... ਤੈਨੂੰ ਰੋਟੀ ਕੌਣ ਪਾਉਂਦਾ, ਦੁੱਧ-ਪਾਣੀ ਕੌਣ ਪਿਆਉਂਦਾ? ਫੇਰ ਤੂੰ ਕੀਹਦੇ ਮੰਜੇ ’ਤੇ ਚੜ੍ਹ ਕੇ ਬਹਿੰਦਾ ਪੁੱਤ ... ਜੇ ਮੈਂ ਅੱਜ ਗੱਡੀ ਚੜ੍ਹ ਜਾਂਦਾ?
ਕੁੱਤੇ ਦੇ ਸਿਰ ਉੱਤੇ ਹੱਥ ਫੇਰਦੇ ਜੱਸੋਵਾਲ ਦੀਆਂ ਅੱਖਾਂ ਵਿੱਚੋਂ ਮੋਟੇ-ਮੋਟੇ ਹੰਝੂ ਟਪਕੇ ਤੇ ਕਮਰੇ ਵਿਚ ਵਿਛੇ ਹੋਏ ਫਿੱਕੇ ਗੁਲਾਬੀ ਰੰਗ ਦੇ ਕਾਰਪੈੱਟ ਵਿਚ ਸਮਾ ਗਏ ...।”
ਜੱਸੋਵਾਲ ਨੇ ਸਿਆਸਤ ਦੇ ਮੇਲੇ ਵੀ ਖ਼ੂਬ ਵੇਖੇ। ਉਸ ਨੇ ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ। ਜਿੱਤਿਆ ਘੱਟ, ਹਾਰਿਆ ਵੱਧ। ਰਾਏਕੋਟ ਤੋਂ ਵਿਧਾਨ ਸਭਾ ਦੀ ਚੋਣ ਜਿੱਤੀ ਤੇ ਲੁਧਿਆਣੇ ਤੋਂ ਲੋਕ ਸਭਾ ਦੀ ਚੋਣ ਵਿਚ ਜ਼ਮਾਨਤ ਜ਼ਬਤ ਕਰਵਾਈ। ਉਸ ਨੂੰ ਚੁੱਕ ਚੁਕਾ ਕੇ ਪੰਜਾਬੀ ਸਾਹਿਤ ਅਕੈਡਮੀ ਦੀ ਮੀਤ ਪ੍ਰਧਾਨਗੀ ਦੀ ਚੋਣ ਲੜਾ ਦਿੱਤੀ ਗਈ। ਮੈਂ ਵੋਟ ਪਾ ਕੇ ਉਹਦੇ ਘਰ ਚਲਾ ਗਿਆ। ਪਹਿਲਾਂ ਉਸ ਨੇ ਪਾਣੀ ਪਿਆਇਆ, ਫਿਰ ਚਾਹ ਪਿਆਈ। ਟੈਲੀਫੋਨ ’ਤੇ ਵੋਟਾਂ ਦੀ ਗਿਣਤੀ ਦਾ ਪਤਾ ਲੱਗਦਾ ਗਿਆ। ਜਦੋਂ ਉਹ ਚੋਣ ਹਾਰ ਗਿਆ ਤਾਂ ਉਸ ਨੇ ਡਬਲ ਹਾੜਾ ਪਾਇਆ ਤੇ ਹਾਰਨ ਦੀ ਖ਼ੁਸ਼ੀ ਵਿਚ ਬੱਕਰਾ ਬੁਲਾਇਆ। ਮੈਂ ਹੈਰਾਨ ਸਾਂ ਕਿ ਕਿਹੋ ਜਿਹਾ ਇਨਸਾਨ ਹੈ, ਜਿਸ ਲਈ ਹਾਰ ਵੀ ਜਿੱਤ ਸਮਾਨ ਹੈ!
ਇਕ ਸਮਾਂ ਸੀ ਕਿ ਉਹ ਉੱਨੀ ਸਭਾ ਸੁਸਾਇਟੀਆਂ ਤੇ ਕਾਰਪੋਰੇਸ਼ਨਾਂ ਦਾ ਅਹੁਦੇਦਾਰ ਸੀ। ਹੌਲੀ ਹੌਲੀ ਸਾਰੀਆਂ ਛੱਡਦਾ ਗਿਆ ਜਾਂ ਛੁਡਾ ਦਿੱਤੀਆਂ ਗਈਆਂ। ਇਕ ਵਾਰ ਤਾਂ ਮੁੱਖ ਮੰਤਰੀ ਦੀ ਕੁਰਸੀ ਵੀ ਨੇੜੇ ਦਿਸਣ ਲੱਗ ਪਈ ਪਰ ਉਹ ਦੂਰ ਤੋਂ ਦੂਰ ਹੁੰਦੀ ਗਈ। ਜਿਸ ਪਟਿਆਲੇ ਦੇ ਮਹਾਰਾਜੇ ਬਾਰੇ ਕਹਿੰਦਾ ਸੀ ਕਿ ਉਹ ਤਾਂ ਦੁੱਧ ਰੱਜ ਕੇ ਪੀਂਦਾ ਹੋਊ ਉਸੇ ਮਹਾਰਾਜੇ ਦੀ ਕੁਰਸੀ ’ਤੇ ਉਹ ਜਾ ਬੈਠਾ। ਪਹਿਲਾਂ ਗੁਰੂ ਗਬਿੰਦ ਸਿੰਘ ਫਾਊਂਡੇਸ਼ਨ ਦਾ ਪ੍ਰਧਾਨ ਮਹਾਰਾਜਾ ਪਟਿਆਲਾ ਸੀ, ਫਿਰ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ ਬਣਿਆ।
ਜੱਸੋਵਾਲ ਨੇ ਸਿਆਸਤ ਵਿਚ ਸਾਲ ਤਾਂ ਬਹੁਤ ਲਾਏ ਪਰ ਨਿਕਲਿਆ ਕੁਛ ਨਾ। ਬਾਅਦ ਵਿਚ ਕਹਿਣ ਲੱਗ ਪਿਆ ਬਈ ਸਿਆਸਤ ਨੂੰ ਮੈਂ ਪੈਰ ਦੀ ਜੁੱਤੀ ਸਮਝਦਾਂ ਜਦ ਕਿ ਸਭਿਆਚਾਰ ਮੇਰੇ ਸਿਰ ਦਾ ਤਾਜ ਹੈ। ਜੱਸੋਵਾਲ ਦੀ ਮਾਂ ਅਮਰ ਕੌਰ ਇਕ ਦਿਨ ਉਸ ਨੂੰ ਕਹਿਣ ਲੱਗੀ, “ਜੁਗਿਆ, ਤੈਨੂੰ ਕੈਰੋਂ ਨੇ ਕੁਛ ਨੀ ਬਣਾਇਆ ... ਉਹਦੇ ਕੋਲ ਤਾਂ ਕਾਂ ਜਾਂਦੇ ਐ ਤੇ ਹੰਸ ਬਣ-ਬਣ ਆਉਂਦੇ ਐ। ਤੂੰ ਤਾਂ ਕਾਂ ਦਾ ਕਾਂ ਈ ਤੁਰਿਆ ਫਿਰਦੈਂ ...।”
ਜੱਸੋਵਾਲ ਬੋਲਿਆ, “ਬੇਬੇ, ਉਹਨੇ ਮੇਰੇ ਨਾਂ ’ਤੇ ਬਹੁਤ ਵੱਡਾ ਕੰਮ ਕਰਤਾ।”
ਬੇਬੇ ਨੇ ਪੁੱਛਿਆ, “ਕੀ ਕਰਤਾ ਵੇ?”
ਜੱਸੋਵਾਲ ਨੇ ਮੁਸਕੜੀਏਂ ਹੱਸਦਿਆਂ ਕਿਹਾ “ਉਹ ਜਿਹੜੀ ਜੱਸੋਵਾਲ ਡਰੇਨ ਬਣਾਈ ਆ ਨਾ, ਉਹ ਮੇਰੇ ਨਾਓਂ ’ਤੇ ਈ ਆ!”
ਬੇਬੇ ਬੋਲੀ, “ਵੇ ਜਾਹ ਵੇ ਜਾਹ, ਜਾ ਡੁੱਬ ਕੇ ਮਰ ਜਾ ਉਹਦੇ ’ਚ।”
ਇਕ ਵਾਰ ਜੱਸੋਵਾਲ ਬਜ਼ਾਰ ਵਿਚ ਗਾਉਂਦੇ ਫਿਰਦੇ ਜੰਗਮਾਂ ਨੂੰ ਘਰ ਆਉਣ ਦਾ ਸੱਦਾ ਦੇ ਆਇਆ। ਆ ਕੇ ਘਰ ਵਾਲੀ ਨੂੰ ਕਿਹਾ, “ਆਪਣੇ ਘਰ ਮਹਾਰਾਜੇ ਪਟਿਆਲੇ ਨੇ ਆਉਣਾ। ਖਾਣੇ ਤਿਆਰ ਕਰਵਾ ਲੈ।” ਪਟਿਆਲੇ ਵਾਲੇ ਦੇ ਨਾਂ ਉੱਤੇ ਖੁਸ਼ ਹੋਈ ਬੀਬੀ ਨੇ ਰੀਝ ਨਾਲ ਖਾਣੇ ਤਿਆਰ ਕਰਵਾਏ। ਬੀਬੀ ਘੜੀ-ਮੁੜੀ ਜੱਸੋਵਾਲ ਨੂੰ ਪੁੱਛੇ, “ਕਦੋਂ ਕੁ ਆਊਗਾ ਮਹਾਰਾਜਾ?”
ਜੱਸੋਵਾਲ ਕਹਿੰਦਾ, “ਬੱਸ ਆਉਂਦਾ ਈ ਹੋਊ। ਪਰ ਤੂੰ ਫਿਕਰ ਨਾ ਕਰ। ਜੇ ਨਾ ਆਇਆ ਤਾਂ ਕੋਈ ਹੋਰ ਖਾ ਲਊ।”
ਬੀਬੀ ਬੁੜਬੁੜ ਕਰਨ ਲੱਗੀ, “ਮੈਨੂੰ ਤਾਂ ਸਾਰੀ ਉਮਰ ਤੇਰਾ ਭੇਤ ਨਾ ਆਇਆ ਰੱਬ ਦਿਆ ਬੰਦਿਆ।”
ਜੱਸੋਵਾਲ ਕਹਿੰਦਾ, “ਬੀਬੀ, ਮੈਂ ਦੇਖਦਾਂ, ਮਹਾਰਾਜਾ ਕਿੱਥੇ ਕੁ ਆ?”
ਉਹ ਬਾਹਰ ਨਿਕਲਿਆ ਤੇ ਜੰਗਮਾਂ ਦੀ ਟੋਲੀ ਦੇ ਅੱਗੇ-ਅੱਗੇ ਤੁਰਨ ਲੱਗਿਆ। ਟੱਲੀਆਂ ਖੜਕਣ ਲੱਗੀਆਂ। ਬੀਬੀ ਜੰਗਮਾਂ ਨੂੰ ਲਈ ਆਉਂਦਾ ਵੇਖ ਕੇ ਪਿੱਟਣ ਲੱਗੀ, “ਲੈ ਹੈ? ਮੈਨੂੰ ਪਹਿਲਾਂ ਈ ਪਤਾ ਸੀ ਏਹਦੀ ਕਰਤੂਤ ਦਾ ... ਮੈਂ ਸਮੇਰੇ ਦੀ ਉੱਠੀ ਮਰਗੀ ਖਪਗੀ ਰਸੋਈ ’ਚ ... ਤੇ ਇਹ ਲੈ ਆਇਆ ਕਤੀੜ੍ਹ ’ਕੱਠੀ ਕਰ ਕੇ। ਮੈਨੂੰ ਤਾਂ ਪਹਿਲਾਂ ਈ ਪਤਾ ਸੀ ... ਨੀ ਤੇਰੇ ਕਿੱਥੇ ਆਉਂਦਾ ਮਹਾਰਾਜਾ? ਹਾਏ ਹਾਏ ... ਬੂ ਬੂ ...।”
ਬਿਮਾਰ ਹੋਏ ਜੱਸੋਵਾਲ ਨੂੰ ਡਾਕਟਰ ਨੇ ਸਲਾਹ ਦਿੱਤੀ ਕਿ ਬੱਕਰੀ ਦਾ ਦੁੱਧ ਪੀਆ ਕਰੋ। ਚਹੁੰ ਕੁ ਦਿਨਾਂ ਪਿੱਛੋਂ ਜੱਸੋਵਾਲ ਦੇ ਵਿਹੜੇ ਵਿਚ ਬੱਕਰੀ ਮਿਆਂਕਣ ਲੱਗੀ ... ਮਿਆਂ ... ਮਿਆਂ। ਉਹ ਇੱਜੜ ਵਿੱਚੋਂ ਆਉਣ ਕਰਕੇ ਓਦਰੀ ਹੋਈ ਸੀ। ਜਦੋਂ ਬੱਕਰੀ ਮਿਆਂਕੇ ਤਾਂ ਬੀਬੀ ਬੋਲੇ, “ਨੀ ਭੈਣੇ ਚੁੱਪ ਕਰਜਾ, ਮੇਰੇ ਨਾਲ ਬਥੇਰੀ ਹੋਈ ਆ ਏਸ ਘਰੇ ... ਮੈ ਤਾਂ ਸਾਰੀ ਉਮਰ ‘ਸੀ’ ਨਾ ਕੀਤੀ ਕੁੜੇ, ਤੇ ਤੂੰ ਆਉਣ ਸਾਰ ਈ ਮਿਆਂ-ਮਿਆਂ ਕਰਨ ਲੱਗਪੀ ਦਫ਼ਾ ਹੋਣੀਏਂ।”
ਬੱਕਰੀ ਨੇ ਮੇਮਣਾ ਦਿੱਤਾ ਤਾਂ ਥੋੜ੍ਹੇ ਦਿਨਾਂ ਮਗਰੋਂ ਲੋਹੜੀ ਆ ਗਈ। ਲੋਹੜੀ ਮੰਗਣ ਵਾਲਾ ਇਕ ਢੋਲੀ ਜੱਸੋਵਾਲ ਦੇ ਬੂਹੇ ਮੂਹਰੇ ਢੋਲ ਵਜਾਉਣ ਲੱਗਾ। ਉਸ ਨੇ ਢੋਲੀ ਨੂੰ ਅੰਦਰ ਸੱਦ ਲਿਆ ਤੇ ਸੌ ਰੁਪਿਆ ਦੇ ਕੇ ਕਿਹਾ, “ਦੱਬ ਕੇ ਵਜਾ ਢੋਲ ... ਅੱਜ ਸਾਡੇ ਮੇਮਣੇ ਦੀ ਲੋਹੜੀ ਆ। ਓਏ ਰਜਿੰਦਰ ... ਆਜੋ ਨੱਚ ਲੋ ... ਓਏ ਰਾਮੂੰ ਨੂੰ ਵੀ ਸੱਦ ਲੈ ... ਆਂਢੀਆਂ ਗੁਆਂਢੀਆਂ ਨੂੰ ਵੀ ਸੱਦ ਲੋ ... ਸੱਦ ਲੋ ਸਾਰਿਆਂ ਨੂੰ ... ਵਜਾ ਢੋਲ ... ਨੱਚੋ ਬਈ ਨੱਚੋ ... ਗਾਓ ਬਈ ਗਾਓ ...।”
ਜੱਸੋਵਾਲ ਨੇ ਖੜ੍ਹੇ ਖੜੋਤੇ ਮੇਮਣੇ ਦੇ ਨਾਂ ਉੱਤੇ ਨੱਚਣ ਗਾਉਣ ਦਾ ਮੇਲਾ ਲਾ ਲਿਆ!
ਜੱਸੋਵਾਲ ਦੇ ਆਲ੍ਹਣੇ ਦਾ ਗੇਟ ਬਹੁਤ ਉੱਚਾ ਹੈ। ਉਹਦੇ ਹੇਠੋਂ ਹਾਥੀ ਵੀ ਲੰਘ ਸਕਦੇ ਸਨ ਤੇ ਊਠ ਵੀ। ਪੰਛੀਆਂ ਨੂੰ ਤਾਂ ਕੋਈ ਰੋਕ ਹੀ ਨਹੀਂ ਸੀ। ਵਿਹੜੇ ਵਿਚ ਤਖਤਪੋਸ਼ ਡੱਠਾ ਹੁੰਦਾ ਸੀ ਜਿਹੜਾ ਕਈ ਕੰਮ ਆਉਂਦਾ। ਉਹਦੇ ਉੱਤੇ ਚੌਕੜਾ ਮਾਰ ਕੇ ਉਹ ਮਜਲਿਸ ਲਾਉਂਦਾ। ਸੱਚ ਵੀ ਬੋਲਦਾ ਤੇ ਕੁਫ਼ਰ ਵੀ ਤੋਲਦਾ। ਉਹਦੇ ਉੱਤੇ ਬੈਠ ਕੇ ਹੀ ਮਾਲਸ਼ ਕਰਦਾ ਤੇ ਖ਼ਾਲਸ ਖਾਧ ਖੁਰਾਕ ਖਾਂਦਾ। ਪੰਜਾਬੀ ਸਭਿਆਚਾਰ ਦਾ ਪਰਸ਼ਾਦ ਆਪ ਵੀ ਛਕਦਾ ਤੇ ਆਏ ਗਿਆਂ ਨੂੰ ਵੀ ਛਕਾਉਂਦਾ। ਉਹਦੇ ਉੱਤੇ ਧੁੱਪ ਵੀ ਪੈਂਦੀ ਤੇ ਬਰਸਾਤ ਵੀ ਹੁੰਦੀ। ਤਖਤਪੋਸ਼ ਦੇ ਪਿੱਛੇ ਕੰਧ ਉਤੇ ਸ਼ਿਲਪਕਾਰ ਬੰਤਾ ਸਿੰਘ ਦੀ ਬਣਾਈ ਮੋਰ ਦੀ ਤਸਵੀਰ ਸੀ। ਬਗਲੇ ਨੇ ਡੱਡ ਫੜੀ ਹੋਈ ਸੀ। ਸੱਪ ਖੁੱਡ ਵੱਲ ਵਧ ਰਿਹਾ ਸੀ। ਹੇਠਾਂ ਕੈਪਸ਼ਨ ਲਿਖੀ ਸੀ:
ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੁੱਕ ਲਿਆਵੇ ਡੱਡ ਨੂੰ,
ਕੱਸੀ ਉੱਤੇ ਬੈਠ ਕੇ ਕਬਿੱਤ ਜੋੜਦਾ, ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ?
ਵਿਆਖਿਆ ਕਰਦਾ ਉਹ ਕਹਿੰਦਾ ਹੁੰਦਾ ਸੀ, “ਯਾਰੋ ਇਹ ਧਰਤੀ ਸਭ ਦੀ ਸਾਂਝੀ ਹੈ। ਕੋਈ ਮੋਰ ਵਾਂਗ ਪੈਲਾਂ ਪਾਵੇ, ਕੋਈ ਬਗਲੇ ਵਾਂਗ ਉਡਾਰੀਆਂ ਲਾਵੇ, ਕੋਈ ਡੱਡ ਵਾਂਗ ਪਾਣੀਆਂ ਵਿਚ ਟਪੂਸੀਆਂ ਮਾਰੇ ਤੇ ਕੋਈ ਸੱਪ ਵਾਂਗ ਖੁੱਡਾਂ ਨੂੰ ਰੰਗ ਭਾਗ ਲਾਵੇ। ਸਾਰੇ ਰਲ ਮਿਲ ਕੇ ਜਿਊਣ, ਮੇਲੇ ਲਾਉਣ, ਮੁਸਾਹਬੇ ਮਨਾਉਣ। ਦੁਨੀਆ ਮੋਹ ਮੁਹੱਬਤ ਨਾਲ ਭਰੀ ਰਹੇ। ਕੀ ਪਿਆ ਲੜਾਈਆਂ ਝਗੜਿਆਂ ’ਚ। ਬੰਦਾ ਯਾਰੋ ਮੋਹ ਮੁਹੱਬਤ ਨਾਲ ਭਰਿਆ ਰਹੇ।”
ਜੱਸੋਵਾਲ ਸੱਚਮੁੱਚ ਮੁਹੱਬਤੀ ਬੰਦਾ ਸੀ। ਕਹਿੰਦਾ ਸੀ, “ਜੰਮਦਾ ਕੋਈ ਸੀ, ਨੱਚਦਾ ਮੈਂ ਸਾਂ। ਮਰਦਾ ਕੋਈ ਸੀ, ਪਿੱਟਦਾ ਮੈਂ ਸਾਂ।” ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਨਿਰਾਸ਼ ਹੋਇਆ ਉਹ ਕਹਿਣ ਲੱਗ ਪਿਆ ਸੀ, “ਹੁਣ ਮੈਂ ਨਿਰਲੇਪ ਹੋ ਜਾਣਾ ਚਾਹੁਨਾ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।”
ਵਜਦ ਵਿਚ ਆਇਆ ਉਹ ਹੇਕਾਂ ਵੀ ਲਾਉਣ ਲੱਗ ਪੈਂਦਾ ਸੀ:
ਇਕ ਦਿਨ ਵੱਜਣੋਂ ਹਟ ਜਾਣੇ ਨੇ ਗਲੀਆਂ ’ਚੋਂ ਲਲਕਾਰੇ ਨੀ
ਘਰੋ-ਘਰੀਂ ਸਭ ਬਹਿ ਜਾਣਗੇ ਮਿੱਤਰ ਯਾਰ ਪਿਆਰੇ ਨੀ ...।
ਕਹਿੰਦਾ ਹੁੰਦਾ ਸੀ, “ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ।”
ਜਦੋਂ ਕਵੀਸ਼ਰ ਕਰਨੈਲ ਸਿੰਘ ਪਾਰਸ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ ਤਾਂ ਰਾਮੂਵਾਲੇ ਦੇ ਖੇਤਾਂ ਵਿਚ ਸਜੇ ਪੰਡਾਲ ਵਿਚ ਉਸ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ, “ਜਦ ਤਕ ਸੂਰਜ ਚੰਦ ਰਹੇਗਾ, ਪਾਰਸਾ ਤੇਰਾ ਛੰਦ ਰਹੇਗਾ ...।”
ਉਹ ਬਿਮਾਰਾਂ ਠਮਾਰਾਂ ਦੀ ਮਿਜਾਜ਼ ਪੁਰਸ਼ ਲਈ ਜਾਂਦਾ ਸੀ ਤਾਂ ਢਿੱਲੀਆਂ ਗੱਲਾਂ ਨਹੀਂ ਸੀ ਕਰਦਾ। ਬਿਮਾਰ ਨੂੰ ਹੌਂਸਲਾ ਦਿੰਦਾ ਸੀ ਤੇ ਚੜ੍ਹਦੀ ਕਲਾ ਵਿਚ ਕਰਦਾ ਸੀ। ਮੁੰਬਈ ਵਿਚ ਮਰਨ ਕਿਨਾਰੇ ਪਏ ਗੁਰਨਾਮ ਸਿੰਘ ਤੀਰ ਨੂੰ ਉਹ ਮਣ ਪੱਕੇ ਦੁੱਧ ਦੀ ਢੋਲੀ ਲੈ ਕੇ ਮਿਲਣ ਗਿਆ ਸੀ। ਤੀਰ ਤੋਂ ਕਿੱਥੇ ਪੀਤਾ ਜਾਣਾ ਸੀ ਏਨਾ ਦੁੱਧ! ਹਸਪਤਾਲ ਵਿਚ ਦੁੱਧ ਦਾ ਲੰਗਰ ਲੱਗ ਗਿਆ। ਤੀਰ ਦੀ ਸਿਹਤਯਾਬੀ ਲਈ ਦੁਆਵਾਂ ਹੋਣ ਲੱਗੀਆਂ। ਜਦੋਂ ਉਹ ਆਪ ਮਰਨ ਕਿਨਾਰੇ ਸੀ ਤਾਂ ਹਰਭਜਨ ਮਾਨ ਤੋਂ ਕਲੀ ਸੁਣ ਕੇ ਸੋਗੀ ਗਾਇਕ ਨੂੰ ਮੁੜ ਖੇੜੇ ਵਿਚ ਲਿਆਂਦਾ। ਸਿਆਸੀ ਨੇਤਾ ਬੀਰਦਵਿੰਦਰ ਸਿੰਘ ਖ਼ਬਰ ਲੈਣ ਗਿਆ ਤਾਂ ਉਸ ਨੂੰ ਸ਼ਰਧਾਂਜਲੀ ਦੇਣ ਦੀ ਸਾਈ ਦੇ ਕੇ ਖੁਸ਼ ਕੀਤਾ। ਉਹ ਅਖ਼ੀਰ ਤਕ ਖ਼ੁਸ਼ੀਆਂ ਵੰਡਦਾ ਰਿਹਾ।
ਉਸ ਨੇ ਜਾਂਦੀ ਉਮਰੇ ਬੜੀਆਂ ਗੰਭੀਰ ਗੱਲਾਂ ਕੀਤੀਆਂ, “ਅਸੀਂ ਪੱਛਮੀ ਸਭਿਆਚਾਰ ਦੀ ਮਾਰ ਹੇਠ ਮਰ ਰਹੇ ਹਾਂ। ਸੰਭਲੋ! ਨਹੀਂ ਤਾਂ ਪੰਜਾਬੀਆਂ ਦੀ ਹੋਂਦ ਹੀ ਮਿਟ ਜਾਵੇਗੀ। ਮੇਲੇ ਲੋਕਾਂ ਨੂੰ ਜੋੜਦੇ ਆ, ਸਿਆਸਤ ਲੋਕਾਂ ਨੂੰ ਲੀਰੋ ਲੀਰ ਕਰਦੀ ਐ। ਮੇਲੇ ਮੁਹੱਬਤ ਵੰਡਦੇ ਨੇ, ਮਨੋਰੰਜਨ ਕਰਦੇ ਨੇ ਤੇ ਪਿਆਰ ਵਧਾਉਂਦੇ ਨੇ। ਓ ਮੇਰੇ ਦੇਸ਼ ਦੇ ਲੋਕੋ, ਜਿਹੜੀ ਮਰਜ਼ੀ ਪਾਰਟੀ ਵਿਚ ਰਹੋ ਪਰ ਸਾਲ ਵਿਚ ਇਕ ਦਿਨ ਸਾਰੇ ’ਕੱਠੇ ਹੋ ਕੇ ਮੇਲਾ ਜ਼ਰੂਰ ਮਨਾ ਲਿਆ ਕਰੋ ਤਾਂ ਜੋ ਮਰ ਕੇ ਤਾਂ ’ਕੱਠੇ ਰਹਿ ਸਕੀਏ ...।”
ਉਹ ਕਿਹਾ ਕਰਦਾ ਸੀ, “ਮੈਂ ਮਨੁੱਖਤਾ ਨੂੰ ਪਿਆਰ ਕੀਤਾ ਨਾ ਕਿ ਪੈਸੇ ਨੂੰ। ਪੈਸੇ ਜੋੜ ਕੇ ਕੀ ਕਰਨੇ ਸਨ? ਪਿਆਰ ਸਤਿਕਾਰ ਤੇ ਆਦਰ ਮਾਣ ਜੋੜਿਆ ਜੋ ਅਣਮੁੱਲਾ ਹੈ ... ਲਾਲਸਾਵਾਂ ਤੋਂ ਉੱਪਰ ਉੱਠ ਕੇ ਖ਼ੁਸ਼ ਤੇ ਸੰਤੁਸ਼ਟ ਰਹਿਣ ਦੀ ਕੋਸ਼ਿਸ਼ ਕੀਤੀ ਹੈ ... ਲੋਕ ਗਾਇਕ ਲੋਕਾਂ ਦੇ ਨੇੜੇ ਰਹਿਣ ... ਗਾਇਕੀ ਨੂੰ ਕਮੱਰਸ਼ਲ ਨਾ ਬਣਾਉਣ ... ਲੋਕ ਸਾਜ਼, ਲੋਕ ਸੁਰਾਂ ਤੇ ਲੋਕ ਗੀਤਾਂ ਦੀ ਉਮਰ ਸਦੀਵੀ ਹੁੰਦੀ ਹੈ। ਸੰਗੀਤ ਰੂਹ ਦੀ ਖੁਰਾਕ ਹੈ। ਜੇ ਸੰਗੀਤ ਨਾ ਹੁੰਦਾ ਤਾਂ ਮਨੁੱਖ ਕਦੋਂ ਦਾ ਮਰ ਮੁੱਕ ਜਾਂਦਾ, ਗੋਲੀ ਮਾਰਨ ਦੀ ਲੋੜ ਨਹੀਂ ਸੀ। ਜਿਵੇਂ ਚੰਦ ਸੂਰਜ ਤੇ ਹਵਾ ਸਾਂਝੀ ਹੈ, ਕਲਾਕਾਰ ਵੀ ਸਭ ਦੇ ਸਾਂਝੇ ਹੁੰਦੇ ਹਨ। ਗੀਤਕਾਰ ਜਾਂ ਗਾਇਕ ਗੀਤ ਰਿਕਾਰਡ ਕਰਾਉਣ ਤੋਂ ਪਹਿਲਾਂ ਆਪਣੀ ਮਾਂ, ਭੈਣ ਤੇ ਧੀ ਨੂੰ ਜ਼ਰੂਰ ਸੁਣਾਵੇ। ਆਪਣੀਆਂ ਧੀਆਂ ਭੈਣਾਂ ਤੋਂ ਵੱਡਾ ਕੋਈ ਸੈਂਸਰ ਬੋਰਡ ਨੀ ਹੁੰਦਾ। ਜਦੋਂ ਕੋਈ ਗਾਇਕ ਲੁੱਚਾ ਗੀਤ ਗਾਵੇ ਤਾਂ ਸਰੋਤੇ ਉਸੇ ਵੇਲੇ ਰੋਕਣ। ਆਪਣਾ ਅਮੀਰ ਸਭਿਆਚਾਰ ਕਲਾਕਾਰਾਂ ਨੂੰ ਭੁੱਲਣਾ ਨੀ ਚਾਹੀਦਾ।”
ਜੱਸੋਵਾਲ ਨੂੰ ਪੰਜਾਬੀ ਸਭਿਆਚਾਰ ਦਾ ਥੰਮ੍ਹ ਐਵੇਂ ਨਹੀਂ ਸੀ ਕਿਹਾ ਜਾਂਦਾ।
ਮੋਹਨ ਸਿੰਘ ਮੇਲੇ ਵਿਚ ਸਾਹਿਤਕਾਰ, ਗੀਤਕਾਰ, ਗਾਇਕ, ਕੱਵਾਲ, ਰਾਗੀ, ਢਾਡੀ, ਪੱਤਰਕਾਰ, ਚਿੱਤਰਕਾਰ, ਭੰਡ, ਨਕਲੀਏ, ਰਾਸਧਾਰੀਏ, ਕਵੀ, ਕਵੀਸ਼ਰ, ਸਪੇਰੇ, ਗਤਕੇ ਵਾਲੇ, ਗਿੱਧੇ ਤੇ ਭੰਗੜੇ ਵਾਲੇ, ਜਿੰਦਾ ਡਾਨਸ ਤੇ ਨਾਟਕ ਮੰਡਲੀਆਂ, ਗੱਲ ਕੀ, ਹਰ ਤਰ੍ਹਾਂ ਦੇ ਕਲਾਕਾਰ ਰਲ ਗਏ। ਜੱਸੋਵਾਲ ਦੇ ਕਹਿਣ ’ਤੇ ਇਕ ਵਾਰ ਮੈਂ ਕਬੱਡੀ ਦੇ ਖਿਡਾਰੀ ਵੀ ਲੈ ਗਿਆ ਜਿਨ੍ਹਾਂ ਨੇ ਮੇਲੇ ਵਿਚ ਕਬੱਡੀ ਦਾ ਨੁਮਾਇਸ਼ੀ ਮੈਚ ਵਿਖਾਇਆ। ਮੇਲੇ ਵਿਚ ਨੁਮਾਇਸ਼ਾਂ ਲੱਗਣ ਲੱਗੀਆਂ ਤੇ ਪੁਸਤਕਾਂ ਦੇ ਸਟਾਲ ਸਜਣ ਲੱਗੇ। ਮੋਹਨ ਸਿੰਘ ਮੇਲੇ ਨੂੰ ਬਹੁਤੇ ਲੋਕ ਜੱਸੋਵਾਲ ਦਾ ਮੇਲਾ ਕਹਿਣ ਲੱਗ ਪਏ। ਉਸ ਮੇਲੇ ਨੂੰ ਵੇਖ ਕੇ ਪੰਜਾਬ ਵਿਚ ਸਭਿਆਚਾਰਕ ਮੇਲਿਆਂ ਦੀ ਲਹਿਰ ਤੁਰ ਪਈ ਜੋ ਦੇਸ਼ ਤੋਂ ਬਾਹਰ ਬਦੇਸ਼ਾਂ ਵਿਚ ਵੀ ਚਲੀ ਗਈ। ਪੰਜਾਬੀ ਸਭਿਆਚਾਰ ਵਿਚ ਰੰਗਿਆ ਵੈਨਕੂਵਰ-ਸਰੀ ਦਾ ਗਦਰੀ ਬਾਬਿਆਂ ਦਾ ਮੇਲਾ ਏਨਾ ਮਸ਼ਹੂਰ ਹੋਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾਮਾਗਾਟਾ ਮਾਰੂ ਕਾਂਡ ਦੀ ਮੁਆਫ਼ੀ ਉਸ ਮੇਲੇ ਵਿਚ ਆ ਕੇ ਮੰਗੀ।
ਜੱਸੋਵਾਲ ਦੇ ਮੇਲਿਆਂ ਰਾਹੀਂ ਅਨੇਕਾਂ ਗਾਇਕ, ਗਾਇਕੀ ਦੇ ਅੰਬਰ ਵਿਚ ਛਾਏ ਤੇ ਤਾਰਿਆਂ ਵਾਂਗ ਜਗਮਗਾਉਣ ਲੱਗੇ। ਹਰਭਜਨ ਮਾਨ, ਪਰਮਿੰਦਰ ਸੰਧੂ, ਮਨਮੋਹਨ ਵਾਰਸ, ਸੁਰਜੀਤ ਬਿੰਦਰਖੀਆ, ਜੈਜ਼ੀ ਬੈਂਸ, ਦਿਲਸ਼ਾਦ ਅਖ਼ਤਰ, ਕਮਲਜੀਤ ਨੀਰੂ, ਭੁਪਿੰਦਰ ਕੌਰ ਮੁਹਾਲੀ, ਨਰਿੰਦਰ ਮਾਵੀ, ਪੰਮੀ ਬਾਈ, ਸੁੱਖੀ ਬਰਾੜ, ਚੰਨੀ ਇੰਗਲੈਂਡੀਆ, ਕਮਲਜੀਤ ਨੀਲੋਂ ਤੇ ਰਵਿੰਦਰ ਗਰੇਵਾਲ ਸਮੇਤ ਦਰਜਨਾਂ ਦੀ ਗਿਣਤੀ ਵਿਚ ਸੰਗੀਤ ਸਿਤਾਰੇ ਗਿਣਾਏ ਜਾ ਸਕਦੇ ਹਨ। ਬੀਬੀ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਗੁਰਦਾਸ ਮਾਨ, ਹੰਸ ਰਾਜ ਹੰਸ, ਦੀਦਾਰ ਸੰਧੂ ਤੇ ਕੁਲਦੀਪ ਮਾਣਕ ਜਿਹੇ ਗਾਇਕ ਮੋਹਨ ਸਿੰਘ ਮੇਲੇ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਦੇ ਰਹੇ। ਆਸ਼ਾ ਸ਼ਰਮਾ, ਦਰਸ਼ਨ ਬੜੀ, ਹਰਵਿੰਦਰ ਰਿਆੜ, ਨਿਰਮਲ ਜੌੜਾ ਤੇ ਦਲਜੀਤ ਜੱਸਲ ਵਰਗੇ ਸਟੇਜ ਸੰਚਾਲਕ ਮੋਹਨ ਸਿੰਘ ਮੇਲੇ ਦੀਆਂ ਸਟੇਜਾਂ ਤੋਂ ਉੱਪਰ ਉੱਠਦੇ ਗਏ। ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਭੰਡ ਸਨ ਜਿਨ੍ਹਾਂ ਨੂੰ ਜੱਸੋਵਾਲ ਨੇ ਕਿਤੇ ਤੋਂ ਕਿਤੇ ਪੁਚਾਇਆ। ਢਾਡੀਆਂ ਵਿਚ ਰਛਪਾਲ ਸਿੰਘ ਪਮਾਲ, ਚਰਨ ਸਿੰਘ ਆਲਮਗੀਰ, ਹਰਦੇਵ ਕੰਵਲ, ਕਵੀਸ਼ਰਾਂ ਵਿਚ ਪੰਡਤ ਸੋਮ ਨਾਥ ਰੋਡਿਆਂ ਵਾਲੇ, ਰਾਗੀਆਂ ਵਿਚ ਭਾਈ ਦਿਲਬਾਗ ਸਿੰਘ-ਗੁਲਬਾਗ ਸਿੰਘ, ਸੂਫੀ ਗਾਇਕਾਂ ਵਿਚ ਪੂਰਨ ਸ਼ਾਹਕੋਟੀ, ਬਰਕਤ ਸਿੱਧੂ, ਈਦੂ ਸ਼ਰੀਫ਼, ਪਿਆਰੇ ਲਾਲ - ਪੂਰਨ ਚੰਦ ਗੁਰੂ ਕੀ ਵਡਾਲੀ ਤੇ ਹੋਰ ਅਨੇਕਾਂ ਕਲਾਕਾਰ ਹਨ। ਕਲਾਕਾਰੀ ਦੇ ਖੇਤਰ ਵਿਚ ਜੱਸੋਵਾਲ ਦੀ ਦੇਣ ਬੇਮਿਸਾਲ ਹੈ।
ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸੰਤ ਸਿੰਘ ਸੇਖੋਂ ਬਾਰਾਂ ਵਰ੍ਹੇ ਮੋਹਨ ਸਿੰਘ ਮੇਲਾ ਵੇਖਣ ਆਉਂਦਾ ਰਿਹਾ ਤੇ ਉਹ ਵੀ ਖੂੰਡੀ ਫੜ ਕੇ। ਏਨੀ ਖਿੱਚ ਰਹੀ ਹੈ ਜੱਸੋਵਾਲ ਦੇ ਮੇਲੇ ਵਿਚ।
ਜਿਵੇਂ ਜਿਵੇਂ ਜੱਸੋਵਾਲ ਬੁੱਢਾ ਹੋ ਰਿਹਾ ਸੀ ਉਹ ਉਦਾਸ ਰਹਿਣ ਲੱਗ ਪਿਆ ਸੀ। ਘਰ ਵਿਚ ਇਕੱਲਾ ਰਹਿ ਜਾਂਦਾ ਤਾਂ ਕਹਿੰਦਾ, “ਨਿਆਣਾ ਮੇਲੇ ਵਿਚ ਗੁਆਚਦੈ ਤੇ ਬੁੜ੍ਹਾ ਬੰਦਾ ਘਰ ’ਚ।”
ਕਦੇ ਕਹਿੰਦਾ, “ਓਏ ਕਾਹਦੇ ਮੇਲੇ ਨੇ ... ਬੱਸ ਮੂੰਹ ਮੁਲਾਹਜ਼ਾ ਰੱਖਣਾ ਪੈਂਦੇ। ਬੜੇ ਮੇਲੇ ਦੇਖ ਲਏ ... ਬੜੇ ਲਾ ਲਏ ...ਥੱ ਕ ਗਿਆਂ ਹੁਣ ...’ਰਾਮ ਕਰਨਾ ਚਾਹੁਨਾ ਹੁਣ ਮੈਂ।” ਪਰ ਉਹ ਆਰਾਮ ਨਾ ਕਰ ਸਕਿਆ। ਮੇਲੇ ਲਾਉਂਦਾ ਉਹ ਹੰਭ ਗਿਆ ਸੀ। ਫਿਲਾਸਫਰਾਂ ਵਾਂਗ ਗੱਲਾਂ ਕਰਨ ਲੱਗ ਪਿਆ ਸੀ, “ਹੁਣ ਸ਼ਬਦਾਂ ਦੇ ਮਾਅਨੇ ਬਦਲ ਗਏ ਸਮੇਂ ਨਾਲ। ਲੋਕ ਤਿਲ-ਤਿਲ ਕਰ ਕੇ ਮਰ ਰਹੇ ਆ। ਸਿਆਸਤ ਬੁਰੀ ਤਰ੍ਹਾਂ ਨਿੱਘਰਗੀ। ਲੀਡਰ ਚੋਰ ਬਣਗੇ। ਸਿਆਸਤ ਪੈਸੇ ਵਾਲੇ ਦੀ ਰਹਿਗੀ ... ਚੜ੍ਹਾਵਾ ਲਓ ਤੇ ਅਗਾਂਹ ਚੜ੍ਹਾਓ। ਬੀਤ ਗਏ ਨੇਤਾ ਕਿੱਥੋਂ ਲੱਭਣ? ਰਾਜ ਭਾਗ ਦੀ ਸੁਣੋ ਕਹਾਣੀ, ਤੰਦ ਨਹੀਂ ਹੁਣ ਉਲਝੀ ਤਾਣੀ, ਲੋਕਾਂ ਦੀ ਪਰਵਾਹ ਨਾ ਕਰਦੇ, ਕੁਰਸੀ ਦਾ ਸਭ ਭਰਦੇ ਪਾਣੀ, ਪੁਤਲੀਗਰ ਪਏ ਨਾਚ ਨਚਾਉਂਦੇ, ਪਰਦੇ ਪਿੱਛੋਂ ਡੋਰਾਂ ਨਾਲ, ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ।”
ਕਹਿੰਦਾ ਸੀ, “ਗੀਤਾਂ ’ਚੋਂ ਸੁਰ ਗੁਆਚ ਗਈ, ਵੰਝਲ ਦੀ ਤਾਨ ਟੁੱਟ ਗਈ, ਸਰੰਗੀ ਦਾ ਗਜ ਵਿੰਗਾ ਹੋ ਗਿਆ, ਅਲਗੋਜ਼ਿਆਂ ਦੀਆਂ ਮੋਰੀਆਂ ਬੰਦ ਹੋਗੀਆਂ, ਯਮਲੇ ਦੀ ਤੂੰਬੀ ਤਿੜਕ ਗਈ, ਈਦੂ ਸ਼ਰੀਫ ਨੂੰ ਲਕਵਾ ਮਾਰ ਗਿਆ, ਰਾਮ ਸਰੂਪ ਰਾਜਸਥਾਨੀ ਨੂੰ ਕੈਂਸਰ, ਪੰਛੀ ਨੂੰ ਕੈਂਸਰ, ਪਰਮਿੰਦਰ ਸੰਧੂ ਨੂੰ ਕੈਂਸਰ, ਹਾਏ ਨੀ ਕੈਂਸਰ ਦੀਏ ਕਲਹਿਣੀਏਂ ਬਿਜਲੀਏ, ਤੈਨੂੰ ਡਿੱਗਣ ਨੂੰ ਪੰਜਾਬ ਦੇ ਫੱਨਕਾਰ ਈ ਲੱਭੇ ਸੀ ...?”
“ਪੰਜਾਬ ਦੇ ਵਿਹੜੇ ਸੁੰਨੇ! ਜਵਾਨੀ ਪਰਦੇਸਾਂ ਨੂੰ ਤੁਰ ਗਈ, ਵਹੀਰਾਂ ਘੱਤ ਗਈ। ਉੱਥੇ ਮਜ਼ਦੂਰੀਆਂ ਕਰਦੇ ਨੇ ਪੰਜਾਬ ਦੇ ਲਾਡਲੇ। ਪਰਦੇਸਾਂ ਦੀ ਖਾਕ ਛਾਣਦੇ ਨੇ। ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ। ਬੂਹੇ ਵੱਜਣਗੇ ਨੀ ਤਾਂ ਹੋਰ ਕੀ ਹੋਵੇਗਾ? ਪੰਜਾਬ ਉੱਜੜ ਰਿਹੈ। ਰਹਿੰਦੇ ਖੂੰਹਦੇ ਟੀਕੇ, ਗੋਲੀਆਂ ਤੇ ਸਮੈਕਾਂ ਨੇ ਨਿਗਲ ਲਏ, ਸਪਰੇਆਂ ਪੀ ਪੀ ਮਰੀ ਜਾਂਦੇ ਨੇ, ਓਏ ਕੌਣ ਸੰਭਾਲੂ ਪੰਜਾਬ ਨੂੰ? ਮੇਰੇ ਹਾਣੀ-ਪ੍ਰਾਣੀ ਸਭ ਤੁਰ ਗਏ ਜਿਨ੍ਹਾਂ ਨਾਲ ਦਿਲਾਂ ਦੀ ਸਾਂਝ ਸੀ। ਕੀਹਦੇ ਨਾਲ ਦਿਲ-ਲਗੀ ਕਰਾਂ ਹੁਣ? ਦੁਨੀਆਂ ਹੱਥਾਂ ’ਤੇ ਹੱਥ ਮਾਰਦੀ ਫਿਰਦੀ ਐ ...ਚੱ ਕ ਲੋ ਚੱਕ ਲੋ ਕਰੀ ਜਾਂਦੀ ਐ ... ਕੀਹਦੇ ’ਤੇ ਵਿਸ਼ਵਾਸ ਕਰਾਂ?”
“ਮੇਰਾ ਕੁੱਤਾ ਬੜਾ ਵਫ਼ਾਦਾਰ ਸੀ ... ਭੋਰਾ ਵਿਸਾਹ ਨੀ ਸੀ ਖਾਂਦਾ ਮੇਰਾ। ਇਕ ਵਾਰ ਮੈਂ ਕਨੇਡਾ ਚੱਲਿਆ। ਕੁੱਤੇ ਦੀਆਂ ਅੱਖਾਂ ਵਿਚ ਹੰਝੂ, ਮੇਰੀ ਗੋਦੀ ਵਿੱਚੋਂ ਨਾ ਉੱਤਰੇ। ਮੇਰੀ ਘਰ ਵਾਲੀ ਨੇ ਬੋਚ ਕੇ ਲਾਹਿਆ ... ਕੋਈ ਨਾ ਮੇਰਾ ਪੁੱਤ, ਰੋ ਨਾ, ਛੇਤੀ ਆਜੂਗਾ ਤੇਰਾ ਬਾਪੂ। ਜਦੋਂ ਮੈਂ ਗੱਡੀ ਵਿਚ ਬਹਿ ਕੇ ਚੱਲਿਆ ਤਾਂ ਕੁੱਤਾ ਵੀ ਮਗਰੇ ਦੌੜ ਪਿਆ। ਮਸਾਂ ਫੜਿਆ ਸੇਵਾਦਾਰ ਨੇ ...। ਭਾਈ ਕੁੱਤੇ ਦੀ ਰੀਸ ਬੰਦਾ ਕੀ ਕਰ-ਲੂ?”
“ਸਾਕ-ਸਕੀਰੀਆਂ ਸੁੱਕਗੀਆਂ ਤੀਲੇ ਵਾਂਗ। ਕਿਸੇ ਕੋਲ ਵਕਤ ਨੀ ਰਿਹਾ ਮਿਲਣ ਵਰਤਣ ਦਾ। ਪਹਿਲਾਂ ਪ੍ਰਾਹੁਣੇ ਆਉਣੇ ਤਾਂ ਚਾਅ ਚੜ੍ਹ ਜਾਣਾ, ਹੁਣ ਮੱਥੇ ਤਿਊੜੀਆਂ ਚੜ੍ਹ ਜਾਂਦੀਐਂ। ਕਿਤੇ ਕਾਂ ਨੀ ਬੋਲਦਾ, ਚਿੜੀ ਨੀ ਚੂਕਦੀ। ਕਿਸੇ ਵੇਲੇ ਪੰਜਾਬ ਪੰਛੀਆਂ ਦਾ ਦੇਸ਼ ਹੁੰਦਾ ਸੀ, ਪੰਛੀ ਗਾਉਂਦੇ - ਸੁਭਾਨ ਤੇਰੀ ਕੁਦਰਤ। ਹਾਲੀ ਵੀ ਹੇਕਾਂ ਲਾਉਂਦੇ। ਕਿਹੋ ਜਿਹੀ ਤਰੱਕੀ ਹੋਈ ਓਏ ਪੰਜਾਬ ਦੇ ਲੋਕੋ! ਮਨੁੱਖੀ ਕਦਰਾਂ-ਕੀਮਤਾਂ, ਸਾਦਗੀ, ਸੰਜੀਦਗੀ, ਸੁਹੱਪਣ, ਸ਼ਾਂਤੀ, ਸੇਵਾ, ਸੁਹਜ-ਸੁਆਦ ਤੇ ਸੰਜਮ ਲੱਭੇ ਨਹੀਂ ਲੱਭਦੇ। ਬੰਦੇ ਦੀ ਵੁੱਕਤ ਨਹੀਂ ਰਹੀ, ਬੱਸ ਵਿਖਾਵੇ, ਵਿਰੋਧ ਤੇ ਵਿਸ਼ਵਾਸਘਾਤ ਦਾ ਦੌਰ ਦੌਰਾ ਹੈ ਅੱਜ-ਕੱਲ੍ਹ। ਮੈਂ ਉਦਾਸ ਨਾ ਹੋਵਾਂ ਤਾਂ ਹੋਰ ਕੀ ਹੋਵਾਂ?”
ਜਦੋਂ ਉਹ ਢਿੱਲਾ ਮੱਠਾ ਹੁੰਦਾ ਤੇ ਕਿਸੇ ਮੇਲੇ ’ਤੇ ਜਾ ਨਾ ਸਕਦਾ ਤਾਂ ਆਖਦਾ:
ਤੋਰੀਏ ਨੂੰ ਪੈ ਗਿਆ ਤੇਲਾ
ਮੇਲਾ ਮੇਲਾ ਰਹਿਗੀ ਕਰਦੀ
ਵਿੱਚੇ ਰਹਿ ਗਿਆ ਤੱਤੀ ਦਾ ਮੇਲਾ ...
ਜੱਸੋਵਾਲ ਵਧੇਰੇ ਬਿਮਾਰ ਹੋਇਆ ਤਾਂ ਲੁਧਿਆਣੇ ਦੇ ਡੀ ਐੱਮ ਸੀ ਹਸਪਤਾਲ ਵਿਚ ਦਾਖਲ ਕਰਾ ਦਿੱਤਾ ਗਿਆ। ਪਰਿਵਾਰ ਦੇ ਜੀਆਂ ਨੇ ਰਾਤਾਂ ਜਾਗ ਕੇ ਦਿਨ ਰਾਤ ਸੇਵਾ ਕੀਤੀ। ਉਹਦਾ ਪੋਤਾ ਅਮਰਿੰਦਰ ਹਰ ਵੇਲੇ ਹਾਜ਼ਰ ਰਹਿੰਦਾ। ਸ਼ੁਭਚਿੰਤਕ ਹਾਲ ਚਾਲ ਪੁੱਛਣ ਆਉਂਦੇ ਰਹਿੰਦੇ। ਮੀਡੀਏ ਵਿਚ ਖ਼ਬਰਾਂ ਲੱਗਦੀਆਂ ਰਹਿੰਦੀਆਂ। ਸੁਰਤ ਸਿਰ ਹੁੰਦਾ ਤਾਂ ਚੜ੍ਹਦੀ ਕਲਾ ਵਿਚ ਕਹਿੰਦਾ ਤੇ ਪੋਚ ਪੋਚ ਕੇ ਪੱਗ ਬੰਨ੍ਹਦਾ। ਬੇਹੋਸ਼ ਹੁੰਦਾ ਤਾਂ ਕੁਝ ਬੋਲ ਨਾ ਸਕਦਾ। ਉਸ ਨੇ ਤਿੰਨ ਕੁ ਹਫ਼ਤੇ ਹਸਪਤਾਲ ਦੀਆਂ ਦਵਾਈਆਂ ਤੇ ਮਸ਼ੀਨਾਂ ਦੇ ਸਿਰ ’ਤੇ ਕੱਟੇ। ਆਖ਼ਰ ਸਾਲ ਦੇ ਸਭ ਤੋਂ ਛੋਟੇ ਦਿਨ 22 ਦਸੰਬਰ 2014 ਨੂੰ ਉਹ ਵੱਡੇ ਕੱਦ ਦਾ ਇਨਸਾਨ ਇਸ ਫਾਨੀ ਸੰਸਾਰ ਤੋਂ ਚਲਾਣਾ ਕਰ ਗਿਆ।
ਜਿਸ ਜੱਸੋਵਾਲ ਦਾ ਨਾਂ ਉਸ ਨੇ ਪੂਰੀ ਦੁਨੀਆਂ ਵਿਚ ਧੁਮਾਇਆ, ਉਹਦੀ ਦੇਹ ਦਾ ਅੰਤਮ ਸੰਸਕਾਰ ਜੱਸੋਵਾਲ ਦੇ ਸਿਵਿਆਂ ਵਿਚ ਨਹੀਂ, ਲੁਧਿਆਣੇ ਸ਼ਹਿਰ ਦੀ ਸ਼ਮਸ਼ਾਨ ਭੂਮੀ ਵਿਚ ਕੀਤਾ ਗਿਆ ਅਤੇ ਭੋਗ ਵੀ ਲੁਧਿਆਣੇ ਹੀ ਪਾਇਆ ਗਿਆ। ਜੱਸੋਵਾਲ ਦੇ ਸਿਵੇ ਧਾਹਾਂ ਨਾ ਮਾਰਦੇ ਤਾਂ ਹੋਰ ਕੀ ਕਰਦੇ? ਜਿਸ ਪੇਂਡੂ ਸਭਿਆਚਾਰ ਦਾ ਉਹ ਅਲੰਬਰਦਾਰ ਸੀ ਉੱਥੇ ਉਸ ਨੂੰ ਆਖ਼ਰੀ ਢੋਈ ਨਾ ਮਿਲੀ।
ਉਹਦੇ ਸੰਸਕਾਰ ਤੇ ਭੋਗ ਵਾਲੇ ਦਿਨ ਲੋਕ ਵੱਡੀ ਗਿਣਤੀ ਵਿਚ ਜੁੜੇ। ਇਲੈਕਟ੍ਰੌਂਨਿਕ ਤੇ ਪ੍ਰਿੰਟ ਮੀਡੀਏ ਨੇ ਉਸ ਦੇ ਚਲਾਣੇ ਨੂੰ ਵੱਡੀਆਂ ਖ਼ਬਰਾਂ ਨਾਲ ਨਸ਼ਰ ਕੀਤਾ। ਅੰਤਮ ਅਰਦਾਸ ਸਮੇਂ ਮਾਡਲ ਟਾਊਨ ਦੇ ਵੱਡੇ ਗੁਰਦਵਾਰੇ ਵਿਚ ਏਨਾ ਇਕੱਠ ਸੀ ਕਿ ਜਿੰਨੇ ਲੋਕ ਹਾਲ ਵਿਚ ਸਮਾ ਸਕਦੇ ਸਨ ਉਸ ਤੋਂ ਵੱਧ ਬਾਹਰ ਖੜ੍ਹੇ ਸਨ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਰਾਜਸੀ ਪਾਰਟੀਆਂ ਦੇ ਨੇਤਾ, ਸਰਕਾਰੀ ਅਫ਼ਸਰ, ਗਾਇਕ, ਗੀਤਕਾਰ, ਕਲਾਕਾਰ ਤੇ ਸਾਹਿਤਕਾਰ ਸ਼ਰਧਾਂਜਲੀਆਂ ਦੇ ਰਹੇ ਸਨ। ਉਨ੍ਹਾਂ ਦੇ ਬੋਲ ਹੰਝੂ ਵਹਾਉਣ ਵਾਲੇ ਸਨ। ਸਭਨਾਂ ਦੀ ਸੁਰ ਸੀ ਕਿ ਪੰਜਾਬੀ ਸਭਿਆਚਾਰ ਦਾ ਬੁਰਜ ਢਹਿ ਗਿਐ, ਥੰਮ੍ਹ ਡਿੱਗ ਪਿਐ ਤੇ ਪੰਜਾਬ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪੈ ਗਿਐ। ‘ਬਦਰੰਗ ਹੋ ਰਿਹਾ ਪੰਜਾਬੀ ਸਭਿਆਚਾਰ’ ਪੁਸਤਕ ਲਿਖਣ ਵਾਲੇ ਸਾਬਕਾ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨੇ ਅਖ਼ੀਰ ਵਿਚ ਇਹ ਕਹਿ ਕੇ ਗੱਲ ਮੁਕਾਈ ਕਿ ਘਾਟਾ ਪੈਣ ਦੀ ਗੱਲ ਤਾਂ ਸਾਰੇ ਕਰੀ ਜਾਂਦੇ ਨੇ। ਹੈ ਕੋਈ ਮਾਈ ਦਾ ਲਾਲ ਜਿਹੜਾ ਜੱਸੋਵਾਲ ਵੱਲੋਂ ਜਗਾਏ ਦੀਵੇ ਵਿਚ ਤੇਲ ਪਾਵੇ ਤੇ ਪੰਜਾਬੀ ਸਭਿਆਚਾਰ ਦਾ ਦੀਵਾ ਜਗਾਈ ਰੱਖੇ? ਹੈ ਕੋਈ ਜੱਸੋਵਾਲ ਦੀ ਥਾਂ ਪੂਰਨ ਵਾਲਾ?
ਪੰਜਾਬੀ ਸਭਿਆਚਾਰ ਦੇ ਭਵਿੱਖ ਦਾ ਸਵਾਲ ਹੁਣ ਸਾਰੇ ਪੰਜਾਬੀਆਂ ਦੇ ਸਨਮੁੱਖ ਹੈ।
*****
(161)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)