“ਕੰਵਲ ਦੀਆਂ ਪੁਸਤਕਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਦੀ ਗਿਣਤੀ ਹੀ ...”
(16 ਫਰਵਰੀ 2020)
ਜਸਵੰਤ ਸਿੰਘ ਕੰਵਲ, ਸਰਵਣ ਸਿੰਘ, ਸਰਬਜੀਤ ਸਿੰਘ ਤੇ ਬੀਬੀ ਗੁਰਪ੍ਰੀਤ ਕੌਰ (28 ਜਨਵਰੀ 2020)
ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਲਿਖਣ ਵਾਲਾ ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਅੰਤਮ ਫਤਿਹ ਬੁਲਾ ਗਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿੱਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿੱਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਇਸ਼ਨਾਨ ਕਰਾ ਕੇ ਉਸ ਦਾ ਸਪੁੱਤਰ ਸਰਬਜੀਤ ਸਿੰਘ ਕੱਪੜੇ ਪਹਿਨਾ ਰਿਹਾ ਸੀ ਕਿ ਮਾਮੂਲੀ ਹਟਕੋਰੇ ਨਾਲ ਸਵਾਸ ਪੂਰੇ ਹੋ ਗਏ। ਉਸੇ ਦਿਨ ਬਾਅਦ ਦੁਪਹਿਰ 3:30 ਵਜੇ ਉਸ ਦੀ ਮ੍ਰਿਤਕ ਦੇਹ ਨੂੰ ਲੇਖਕਾਂ ਤੇ ਲੋਕਾਂ ਦੇ ਵੱਡੇ ਇਕੱਠ ਨੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨਾਲ ਸਪੁਰਦੇ ਆਤਿਸ਼ ਕਰ ਦਿੱਤਾ।
10 ਫਰਵਰੀ ਨੂੰ ਢੁੱਡੀਕੇ ਦੇ ਗੁਰਦਵਾਰੇ ਉੱਚੇ ਡੇਰੇ ਕੰਵਲ ਨਮਿੱਤ ਅੰਤਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਕੰਵਲ ਦੇ ਦੋਹਤੇ ਡਾ. ਸੁਮੇਲ ਸਿੰਘ ਸਿੱਧੂ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ ਅਤੇ ਮੈਂਨੂੰ ਨੇੜਲੇ ਸਾਥੀ ਵਜੋਂ ਸੰਗਤ ਨੂੰ ਜੀ ਆਇਆਂ ਕਹਿਣ ਲਈ ਆਖਿਆ ਗਿਆ। ਮੇਰਾ ਕੰਵਲ ਨਾਲ 62 ਸਾਲਾਂ ਦਾ ਸਾਥ ਸੀ ਜਿਨ੍ਹਾਂ ਵਿੱਚੋਂ ਤੀਹ ਸਾਲ ਮੈਂ ਢੁੱਡੀਕੇ ਕਾਲਜ ਵਿੱਚ ਪੜ੍ਹਾਇਆ ਸੀ। ਕੰਵਲ ਦੀ ਪੰਜਾਬੀਆਂ ਨੂੰ ਦੇਣ ਦਾ ਜ਼ਿਕਰ ਕਰਦਿਆਂ ਮੈਂ ਪੰਜਾਬ ਸਰਕਾਰ ਦਾ ਸ਼ਰਧਾਂਜਲੀ ਪੱਤਰ ਵੀ ਪੜ੍ਹ ਕੇ ਸੁਣਾਇਆ ਜਿਸ ਵਿੱਚ ਲਿਖਿਆ ਸੀ ਕਿ ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣਾਏ ਨਵੇਂ ਆਡੀਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਭਵਨ ਰੱਖਿਆ ਜਾਵੇਗਾ। ਡਾ. ਸਰਦਾਰਾ ਸਿੰਘ ਜੌਹਲ, ਅਮਰਜੀਤ ਗੁਰਦਾਸਪੁਰੀ, ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ, ਤੇਜਵੰਤ ਸਿੰਘ ਮਾਨ, ਸਵਰਾਜਬੀਰ ਸਿੰਘ, ਜਥੇਦਾਰ ਤੋਤਾ ਸਿੰਘ, ਬੀਰਦਵਿੰਦਰ ਸਿੰਘ, ਜਗਮੀਤ ਸਿੰਘ ਬਰਾੜ, ਬਲਵੰਤ ਸਿੰਘ ਰਾਮੂਵਾਲੀਆ ਅਤੇ ਕੁਝ ਹੋਰ ਬੁਲਾਰਿਆਂ ਨੇ ਕੰਵਲ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਬਲਦੇਵ ਸਿੰਘ ਸੜਕਨਾਮਾ, ਫਿਲਮ ਵਾਲੇ ਮਨਮੋਹਨ ਸਿੰਘ, ਬਾਬੂ ਸਿੰਘ ਮਾਨ, ਹਰਭਜਨ ਮਾਨ, ਮੁਹੰਮਦ ਸਦੀਕ, ਦਰਸ਼ਨ ਬੁੱਟਰ ਸਮੇਤ ਅਨੇਕਾਂ ਲੇਖਕ ਤੇ ਕਲਾਕਾਰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ। ਸੰਗਤ ਦਾ ਧੰਨਵਾਦ ਕੰਵਲ ਦੇ ਪੁੱਤਰ ਸਰਬਜੀਤ ਸਿੰਘ ਤੇ ਪਿੰਡ ਦੇ ਸਰਪੰਚ ਨੇ ਕੀਤਾ।
ਕੰਵਲ ਦਾ ਜਨਮ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਢਾਈ ਮਹੀਨੇ ਬਾਅਦ 27 ਜੂਨ 1919 ਨੂੰ ਢੁੱਡੀਕੇ ਦੀ ਕਪੂਰਾ ਪੱਤੀ ਵਿੱਚ ਮਾਹਲਾ ਸਿੰਘ ਗਿੱਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਉਹ ਪੰਜ ਸਾਲ ਦਾ ਸੀ ਜਦੋਂ ਉਹਦੇ ਬਾਪ ਦਾ ਦੇਹਾਂਤ ਹੋ ਗਿਆ। ਉਸ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ ਜੋ ਉੱਚੇ ਲੰਮੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉੱਠ ਕੇ ਹਲ ਜੋੜਦਾ, ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਨੀ ਕੰਵਲ ਨੂੰ ਵਿਰਸੇ ਵਿੱਚ ਮਿਲੀ ਸੀ। ਉਹਦੀਆਂ ਲਿਖਤਾਂ ਵਿੱਚ ਵੀ ਕਿਰਸਾਨੀ ਉਹਦੇ ਹੱਡੀਂ ਰਚੀ ਦਿਸਦੀ ਹੈ। ਉਹਦੀਆਂ ਲਿਖਤਾਂ ਦੇ ਬਹੁਤੇ ਪਾਤਰ ਕਿਰਤੀ ਕਿਸਾਨ ਹਨ।
ਉਹਦੇ ਬਚਪਨ ਦੇ ਦੋਸਤ ਮਹਿੰਗੇ ਦੇ ਦੱਸਣ ਮੂਜਬ ਉਹਦੀ ਮੁੱਢਲੀ ਪਛਾਣ ‘ਮਾਹਲੇ ਕਾ ਬੰਤਾ’ ਸੀ। ਮਾਹਲੇ ਕਾ ਬੰਤਾ ਨਿੱਕਾ ਹੁੰਦਾ ਡੰਗਰ ਚਾਰਦਾ, ਕੌਡੀਬਾਡੀ ਖੇਡਦਾ, ਛਾਲਾਂ ਲਾਉਂਦਾ, ਇਲਤਾਂ ਕਰਦਾ, ਬਾਤਾਂ ਪਾਉਂਦਾ, ਹੀਰ ਵਾਰਿਸ ਸ਼ਾਹ ਦੀਆਂ ਬੈਂਤਾਂ ਗਾਉਂਦਾ ਸੀ। ਆਂਢ ਗਵਾਂਢ ਤੇ ਆਏ ਗਏ ਦਾ ਜੀਅ ਪਰਚਾਉਂਦਾ ਸੀ। ਕਦੇ ਕਦੇ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦਾ ਸੀ। ਸਿਰ ਤੋਂ ਬਾਪ ਦਾ ਸਾਇਆ ਜੁ ਉੱਠ ਚੁੱਕਾ ਸੀ। ਉਦੋਂ ਕਿਸੇ ਦੇ ਖ਼ਾਬ ਖਿਆਲ ਵਿੱਚ ਨਹੀਂ ਸੀ ਕਿ ਉਹ ਪੰਜਾਬੀ ਦਾ ਨਾਮਵਰ ਨਾਵਲਕਾਰ ਬਣੇਗਾ ਤੇ ਉਹਦੇ ਨਾਂ ਨਾਲ ਉਹਦਾ ਪਿੰਡ ਢੁੱਡੀਕੇ ਹੋਰ ਮਸ਼ਹੂਰ ਹੋਵੇਗਾ। ਢੁੱਡੀਕੇ ਦੀ ਮਸ਼ਹੂਰੀ ਵਿੱਚ ਛੇ ਗਦਰੀ ਬਾਬਿਆਂ, ਲਾਲਾ ਲਾਜਪਤ ਰਾਏ ਤੇ ਜਸਵੰਤ ਸਿੰਘ ਕੰਵਲ ਦੇ ਜਨਮ ਸਥਾਨ ਹੋਣ ਦਾ ਵਿਸ਼ੇਸ਼ ਰੋਲ ਹੈ।
ਉਹਦੇ ਜਨਮ ਵੇਲੇ ਢੁੱਡੀਕੇ ਕੱਚੇ ਕੋਠਿਆਂ ਵਾਲਾ ਪਿੰਡ ਸੀ। ਕੱਚੇ ਪਹੇ ਸਨ ਤੇ ਵਿੰਗੀਆਂ ਟੇਢੀਆਂ ਪਗਡੰਡੀਆਂ। ਟਾਵੇਂ ਟੱਲੇ ਖੂਹ ਸਨ ਜਿਨ੍ਹਾਂ ਉੱਤੇ ਹਲਟ ਚਲਦੇ। ਹਲਟਾਂ ਦੇ ਕੁੱਤੇ ਹਨ੍ਹੇਰੀਆਂ ਤੇ ਚਾਨਣੀਆਂ ਰਾਤਾਂ ਵਿੱਚ ਟਿੱਚ ਟਿੱਚ ਕਰਦੇ। ਨੇੜਲੇ ਸ਼ਹਿਰ ਜਗਰਾਓਂ ਤੇ ਮੋਗਾ ਸਨ ਜਿੱਥੋਂ ਸੌਦਾ ਸੂਤ ਲਿਆਂਦਾ ਜਾਂਦਾ। ਨੇੜਲਾ ਰੇਲਵੇ ਸਟੇਸ਼ਨ ਅਜੀਤਵਾਲ ਦੋ ਕੋਹ ਦੂਰ ਸੀ। ਆਉਣ ਜਾਣ ਲਈ ਗੱਡੇ ਸਨ। ਸਰਦੇ ਪੁੱਜਦੇ ਬੰਦੇ ਊਠ ਘੋੜੇ ਦੀ ਸਵਾਰੀ ਵੀ ਕਰ ਲੈਂਦੇ। ਬਹੁਤੇ ਖੇਤਾਂ ਵਿੱਚ ਸਾਲ ਵਿੱਚ ਇੱਕੋ ਫਸਲ ਹੁੰਦੀ। ਭਾਈਚਾਰਾ ਜੁੜਵਾਂ ਸੀ। ਕੰਵਲ ਨੇ ਬਚਪਨ ਵਿੱਚ ਆਪਣੇ ਪਿੰਡ ਵਿੱਚੋਂ ਜੋ ਪ੍ਰਭਾਵ ਲਿਆ ਉਹੀ ਉਹਦੀਆਂ ਲਿਖਤਾਂ ਵਿੱਚ ਵਾਰ ਵਾਰ ਪਰਗਟ ਹੁੰਦਾ ਰਿਹਾ।
ਉਹਦੇ ਨਾਵਲ ‘ਪੂਰਨਮਾਸ਼ੀ’ ਵਿਚਲਾ ‘ਨਵਾਂ ਪਿੰਡ’ ਕੰਵਲ ਦਾ ਬਚਪਨ ਤੇ ਜਵਾਨੀ ਵਿੱਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਹੈ। ਨਾਵਲ ਦੇ ਆਰੰਭ ਵਿੱਚ ਜਿਹੜਾ ਖੂਹ ਚਲਦਾ ਵਿਖਾਇਆ ਗਿਆ ਉਹ ਉਹਦੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕਾ ਹੈ। ਬੇਆਬਾਦ ਹੋਇਆ ਉਹ ਖੂਹ ਉਹਦੇ ਨਾਵਲ ਪੂਰਨਮਾਸ਼ੀ ਵਿੱਚ ਆਬਾਦ ਹੈ ਜਿਸ ਦੀ ਮੌਣ ਉੱਤੇ ਕਦੇ ਕੰਵਲ ਤੇ ਕਦੇ ਬਲਰਾਜ ਸਾਹਨੀ ਵੀ ਬਹਿੰਦੇ ਰਹੇ।
ਪੂਰਨਮਾਸ਼ੀ ਨਾਵਲ ਵਿੱਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਾਕੀਆਂ ਅੱਖਾਂ ਅੱਗੇ ਆਉਂਦੀਆਂ ਹਨ। ਕਿਤੇ ਤ੍ਰਿੰਜਣ, ਕਿਤੇ ਮੇਲੇ, ਕਿਤੇ ਤੀਆਂ, ਕਿਤੇ ਖੇਡ ਮੁਕਾਬਲੇ, ਕਿਤੇ ਖਾਣ ਪੀਣ ਦੀਆਂ ਮਹਿਫ਼ਲਾਂ, ਕਿਤੇ ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਕਿਤੇ ਡਾਕਾ, ਕਿਤੇ ਠਾਣੇ ਦੀ ਹਵਾਲਾਤ, ਕਿਤੇ ਅਮਲੀ ਦੇ ਟਾਂਗੇ ਦੀ ਸਵਾਰੀ, ਜੰਨਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਨ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਅਖਾੜੇ, ਗਵੰਤਰੀਆਂ ਦੀਆਂ ਢੱਡ ਸਾਨਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ ਵਿੱਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ ਦੇ ਲਾਲਚ, ਪੰਚਾਂ ਦੇ ਪੱਖਪਾਤੀ ਫੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਕਿਤੇ ਇਨਕਲਾਬ ਦੀਆਂ ਗੱਲਾਂ ...।
ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋਇਆ ਤਾਂ ਉਸ ਦੇ ਮੌਲਿਕ, ਅਨੁਵਾਦਾਂ ਤੇ ਚੋਣਵੇਂ ਸੰਗ੍ਰਿਹਾਂ ਸਣੇ 101 ਕਿਤਾਬੀ ਟਾਈਟਲ ਛਪ ਚੁੱਕੇ ਸਨ। ਇੰਜ ਉਸ ਨੇ ਸੌ ਸਾਲ ਤੋਂ ਵੱਧ ਜਿਊਂਦੇ ਰਹਿਣ ਤੇ 101 ਕਿਤਾਬਾਂ ਰਚਨ ਦਾ ਰਿਕਾਰਡ ਰੱਖ ਦਿੱਤਾ ਸੀ। ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿੱਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਤੋਂ ਵੱਧ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਆਖ਼ਰ ਇਹ ਸੈਂਚਰੀ ਮਾਰਨੀ ਇੱਕ ਪੰਜਾਬੀ ਲੇਖਕ ਦੇ ਹਿੱਸੇ ਆਈ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਵਿੱਚ ਸਭ ਤੋਂ ਵੱਧ ਪਾਠਕ ਪੈਦਾ ਕੀਤੇ। ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਉਸ ਦੀ ਅਨਮੋਲ ਦੇਣ ਹੈ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ਹਵਾਵਾਂ ਦੇ ਵੇਗ ਵਿੱਚ ਝੂੰਮਦਾ ਸੀ। ਕਦੇ ਖੱਬੇ ਲਹਿਰਾਉਂਦਾ ਸੀ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦਾ ਸੀ। ਉਹਦਾ ਤਣਾ ਮਜ਼ਬੂਤ ਸੀ ਤੇ ਜੜ੍ਹਾਂ ਡੂੰਘੀਆਂ, ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਸਨ ਹਿਲਾ ਸਕੇ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ਵਿੱਚ ਲਿਖੇ ਵਾਕ ਸਿੱਧੇ ਦਿਲਾਂ ਉੱਤੇ ਵਾਰ ਕਰਦੇ ਰਹੇ। ਉਸ ਨੇ ਲਗਭਗ ਪੰਜਾਹ ਲੱਖ ਲਫ਼ਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ ਜੋ ਨੌਜਵਾਨ ਕੁੜੀਆਂ ਮੁੰਡਿਆਂ ਦੀਆਂ ਡਾਇਰੀਆਂ ਉੱਤੇ ਚੜ੍ਹਦੇ ਰਹੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜਵਾਨ ਕਾਮਰੇਡ ਬਣਾਏ ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ।
ਕੰਵਲ ਚਾਰ ਜਮਾਤਾਂ ਢੁੱਡੀਕੇ ਤੋਂ ਪੜ੍ਹ ਕੇ ਅੱਠਵੀਂ ਜਮਾਤ ਤਕ ਨਾਨਕੇ ਪਿੰਡ ਚੂਹੜਚੱਕ ਪੜ੍ਹਿਆ ਸੀ। ਉੱਥੇ ਹੀ ਚੂਹੜਚੱਕ ਦਾ ਜੰਮਪਲ ਲਛਮਣ ਸਿੰਘ ਗਿੱਲ ਪੜ੍ਹਦਾ ਸੀ ਜੋ ਉਸ ਤੋਂ ਦੋ ਸਾਲ ਵੱਡਾ ਸੀ। ਉਹ ਪੰਜਾਬ ਦਾ ਸਿੱਖਿਆ ਮੰਤਰੀ ਤੇ ਫਿਰ ਮੁੱਖ ਮੰਤਰੀ ਬਣਿਆ ਜਿਸ ਨੇ ਦਸੰਬਰ 1967 ਵਿੱਚ ਵਿਧਾਨ ਸਭਾ ਤੋਂ ਪੰਜਾਬ ਰਾਜ ਭਾਸ਼ਾ ਐਕਟ ਪਾਸ ਕਰਵਾ ਕੇ ਪੰਜਾਬੀ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਵਿੱਚ ਅਮਲੀ ਤੌਰ ਉੱਤੇ ਲਾਗੂ ਕੀਤਾ। ਉਹ ਪੰਜਾਬੀ ਲਈ ਜੋ ਕਰ ਗਿਆ ਉਸ ਤੋਂ ਬਾਅਦ ਪੰਜਾਬ ਕੋਈ ਹੋਰ ਮੁੱਖ ਮੰਤਰੀ ਨਹੀਂ ਕਰ ਸਕਿਆ। ਪੰਜਾਬੀ ਸੂਬੇ ਦੇ ਇੱਕ ਮੁੱਖ ਮੰਤਰੀ ਨੇ ਤਾਂ ਅਹੁਦੇ ਦੀ ਸਹੁੰ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਚੁੱਕੀ ਸੀ!
ਲਛਮਣ ਸਿੰਘ ਗਿੱਲ ਤੇ ਜਸਵੰਤ ਸਿੰਘ ਕੰਵਲ ਦਾ ਸਮਕਾਲੀ ਗਿਆਨੀ ਲਾਲ ਸਿੰਘ ਗਵਾਂਢੀ ਪਿੰਡ ਦੌਧਰ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਿਆ ਸੀ। ਇਸ ਨੂੰ ਸਬੱਬ ਕਹਿ ਲਵੋ ਜਾਂ ਕੁਝ ਹੋਰ ਕਿ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਉਹ ਤਿੰਨੇ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਵੱਡੇ ਥੰਮ੍ਹ ਬਣੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਗਿਆਨੀ ਲਾਲ ਸਿੰਘ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਕਾਰਜ ਨਿਭਾਇਆ ਅਤੇ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਸਭਾਵਾਂ, ਕਨਵੈਨਸ਼ਨਾਂ ਤੇ ਪੰਜਾਬੀ ਕਾਨਫਰੰਸਾਂ ਕਰਵਾ ਕੇ ਅਤੇ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਅਮੀਰ ਬਣਾਇਆ। ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਨਾਵਲਕਾਰ ਤੇ ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਤੇ ਕਦੇ ਪੰਜਾਬ ਦੇ ਪੇਂਡੂ ਜੀਵਨ, ਖ਼ਾਸ ਕਰ ਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਮੰਨਿਆ ਜਾਂਦਾ ਰਿਹਾ।
ਚੜ੍ਹਦੀ ਜਵਾਨੀ ਵਿੱਚ ਉਸ ਨੇ ਮਲਾਇਆ ਵਿੱਚ ਚੌਕੀਦਾਰੇ ਦੀ ਨੌਕਰੀ ਕੀਤੀ। ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਲਰਕੀ ਕੀਤੀ। ਦੇਸ਼ ਦੀ ਵੰਡ ਸਮੇਂ ਢੁੱਡੀਕੇ ਦੇ ਮੁਸਲਮਾਨਾਂ ਨੂੰ ਬਚਾਇਆ ਤੇ ਕੈਂਪਾਂ ਵਿੱਚ ਪੁਚਾਇਆ। 1947 ਦੇ ਉਜਾੜੇ ਪਿੱਛੋਂ ਕਿਰਸਾਨੀ ਕਰਦਿਆਂ ਤੇ ਕਿਤਾਬਾਂ ਲਿਖਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਢੁੱਡੀਕੇ ਵਿੱਚ ਉੱਚ ਸਿੱਖਿਆ ਤੇ ਸਿਹਤ ਦੇ ਅਦਾਰੇ ਬਣਵਾ ਕੇ ਪਿੰਡ ਦਾ ਵਿਕਾਸ ਕੀਤਾ। ਭਾਸ਼ਾ ਵਿਭਾਗ ਪੰਜਾਬ ਦਾ ਸਲਾਹਕਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ। ਉਹਦੇ ਸਥਾਪਤ ਕੀਤੇ ਪੰਜਾਬੀ ਸਾਹਿਤ ਟ੍ਰਸਟ ਢੁੱਡੀਕੇ ਨੇ ਸੌ ਤੋਂ ਵੱਧ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਯਾਦਗਾਰੀ ਅਵਾਰਡ ਦਿੱਤੇ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੋਹਰੀ ਰਿਹਾ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿੱਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ਵਿੱਚ ਖਚਤ ਹੋਣ ਤੋਂ ਬਚਾਉਣ ਵਿੱਚ ਅਹਿਮ ਰੋਲ ਨਿਭਾਇਆ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਵੀ ਰਿਹਾ।
ਕੰਵਲ ਦੀਆਂ ਪੁਸਤਕਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਦੀ ਗਿਣਤੀ ਹੀ ਪੈਂਤੀਆਂ ਤੋਂ ਉੱਪਰ ਹੈ। ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਛਪਿਆ ਜਦ ਕਿ ਆਖ਼ਰੀ ਨਾਵਲ ‘ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ’ 2006 ਵਿੱਚ ਪ੍ਰਕਾਸ਼ਿਤ ਹੋਇਆ। ਇਨ੍ਹਾਂ ਵਿਚਕਾਰ ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪ ਧਾਰਾ, ਹਾਣੀ, ਭਵਾਨੀ, ਹੁਨਰ ਦੀ ਜਿੱਤ, ਦੇਵਦਾਸ (ਅਨੁਵਾਦ) , ਮਿੱਤਰ ਪਿਆਰੇ ਨੂੰ, ਤਾਰੀਖ਼ ਵੇਖਦੀ ਹੈ, ਜੇਰਾ, ਬਰਫ਼ ਦੀ ਅੱਗ, ਜੰਗਲ ਦੇ ਸ਼ੇਰ, ਲਹੂ ਦੀ ਲੋਅ, ਸੂਰਮੇ, ਮਨੁੱਖਤਾ, ਮੋੜਾ, ਮੂਮਲ, ਸੁਰ ਸਾਂਝ, ਐਨਿਆਂ ਵਿੱਚੋਂ ਉੱਠੋ ਸੂਰਮਾ, ਅਹਿਸਾਸ, ਖ਼ੂਬਸੂਰਤ ਦੁਸ਼ਮਣ, ਨਵਾਂ ਸੰਨਿਆਸ, ਤੌਸ਼ਾਲੀ ਦੀ ਹੰਸੋ, ਕਾਲਾ ਹੰਸ, ਝੀਲ ਦੇ ਮੋਤੀ, ਕੀੜੀ ਦਾ ਹੰਕਾਰ, ਹਾਲ ਮੁਰੀਦਾਂ ਦਾ, ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰੂਪਵਤੀ, ਮੁਕਤੀ ਮਾਰਗ ਅਤੇ ਸੁੰਦਰਾਂ ਆਦਿ ਨਾਵਲ ਛਪੇ।
ਕਹਾਣੀ ਸੰਗ੍ਰਹਿ ‘ਕੰਡੇ’ ਤੋਂ ‘ਜਸਵੰਤ ਸਿੰਘ ਕੰਵਲ ਦੀਆਂ ਸ੍ਰੇਸ਼ਟ ਕਹਾਣੀਆਂ’ ਤਕ ਦਰਜਨ ਤੋਂ ਵੱਧ ਕਹਾਣੀ ਸੰਗ੍ਰਹਿ ਹਨ ਜਿਨ੍ਹਾਂ ਦੇ ਨਾਂ ਜ਼ਿੰਦਗੀ ਦੂਰ ਨਹੀਂ, ਸੰਧੂਰ, ਰੂਪ ਦੇ ਰਾਖੇ, ਫੁੱਲਾਂ ਦਾ ਮਾਲੀ, ਫੁੱਲਾਂ ਦੀ ਰਾਣੀ, ਰੂਹ ਦਾ ਹਾਣ, ਹਉਕਾ ਤੇ ਮੁਸਕਾਣ, ਮਾਈ ਦਾ ਲਾਲ, ਗਵਾਚੀ ਪੱਗ, ਜੰਡ ਪੰਜਾਬ ਦਾ, ਚਿੱਕੜ ਦੇ ਕੰਵਲ ਤੇ ਲੰਮੇ ਵਾਲਾਂ ਦੀ ਪੀੜ ਆਦਿ ਹਨ। ਤਿੰਨ ਕਾਵਿ ਸੰਗ੍ਰਹਿ ‘ਭਾਵਨਾ’ ‘ਸਾਧਨਾ’ ਤੇ ‘ਅਰਾਧਨਾ’ ਕੰਵਲ ਦੇ ਨਾਂ ਹਨ। ਗੋਰਾ ਮੁੱਖ ਸੱਜਣਾਂ ਦਾ, ਮਰਨ ਮਿੱਤਰਾਂ ਦੇ ਅੱਗੇ ਅਤੇ ਜੂਹੂ ਦਾ ਮੋਤੀ ਤਿੰਨ ਰੇਖਾ ਚਿੱਤਰਾਂ ਦੇ ਸੰਗ੍ਰਹਿ ਹਨ। ‘ਜੀਵਨ ਕਣੀਆਂ’ ਕਾਵਿ ਖਿਆਲਾਂ ਦੀ ਪੁਸਤਕ ਹੈ। ‘ਪੁੰਨਿਆ ਦਾ ਚਾਨਣ’ ‘ਰੂਹ ਦੀਆਂ ਹੇਕਾਂ’ ਅਤੇ ‘ਧੁਰ ਦਰਗਾਹ’ ਜੀਵਨ ਯਾਦਾਂ ਤੇ ਨਿੱਜੀ ਅਨੁਭਵ ਦੀਆਂ ਪੁਸਤਕਾਂ ਹਨ। ਕੰਵਲ ਦੇ ਅਖ਼ਬਾਰੀ ਲੇਖਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਜਿਨ੍ਹਾਂ ਨੂੰ 17 ਲੇਖ ਸੰਗ੍ਰਿਹਾਂ ਵਿੱਚ ‘ਇਕੱਠੇ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ਜਿੱਤ ਨਾਮਾ, ਦੂਜਾ ਜਫ਼ਰਨਾਮਾ, ਸਿੱਖ ਜੱਦੋਜਹਿਦ, ਜੱਦੋਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਆਪਣਾ ਕੌਮੀ ਘਰ, ਹਾਲ ਮੁਰੀਦਾਂ ਦਾ, ਸਾਡੇ ਦੋਸਤ ਸਾਡੇ ਦੁਸ਼ਮਣ, ਪੰਜਾਬ ਦਾ ਸੱਚ, ਸਚੁ ਕੀ ਬੇਲਾ, ਪੰਜਾਬੀਓ ਜੀਣਾ ਹੈ ਕਿ ਮਰਨਾ, ਕੌਮੀ ਲਲਕਾਰ, ਪੰਜਾਬ ਤੇਰਾ ਕੀ ਬਣੂੰ ਅਤੇ ਰੁੜ੍ਹ ਚੱਲਿਆ ਪੰਜਾਬ ਆਦਿ ਹਨ। ਉਹਦੇ ਨਾਵਲਾਂ ਤੇ ਲੇਖ ਸੰਗ੍ਰਹਿਆਂ ਦੀਆਂ ਦਰਜਨ ਤੋਂ ਵੱਧ ਐਡੀਸ਼ਨਾਂ ਛਪਦੀਆਂ ਰਹੀਆਂ। ਉਹਦੀਆਂ ਸੌ ਕੁ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵਧ ਛਪ ਚੁੱਕੀਆਂ ਹੋਣਗੀਆਂ। ਇੱਕ ਕਾਪੀ ਦੀ ਰਾਇਲਟੀ ਦਸ ਵੀਹ ਰੁਪਏ ਵੀ ਮਿਲੀ ਹੋਵੇ ਤਾਂ ਹਿਸਾਬ ਲਾ ਲਓ ਕਿੰਨੀ ਰਾਇਲਟੀ ਮਿਲੀ ਹੋਵੇਗੀ? ਪੰਜਾਬੀ ਵਿੱਚ ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਉਹਦੇ ਜਿੰਨੀ ਰਾਇਲਟੀ ਮਿਲੀ ਹੋਵੇ।
ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ ਹਨ। ਚੜ੍ਹਦੀ ਜਵਾਨੀ ਵਿੱਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਨਾਲ ਮੇਲਜੋਲ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮੱਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ ਸੀ। ਭਾਰਤ ਦੇ ਹੁਕਮਰਾਨਾਂ ਤੇ ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ ਸੀ। ਅਖ਼ੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਆ ਸੀ। ਜਾਂਦੀ ਵਾਰ ਉਹ ਪੰਜਾਬ ਦੋਖੀਆਂ ਦੇ ਵੈਣ ਪਾ ਰਿਹਾ ਸੀ!
1958 ਤੋਂ ਮੈਂਨੂੰ ਉਹਦੀ ਨੇੜਤਾ ਮਾਨਣ ਦਾ ਨਿੱਘ ਹਾਸਲ ਰਿਹਾ। 1967 ਤੋਂ 96 ਤਕ ਮੈਂਨੂੰ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ। ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਜਾਂਦਾ ਰਿਹਾ। ਕੈਨੇਡਾ ਤੋਂ ਪੰਜਾਬ ਆ ਕੇ ਮਿਲਦਾ ਗਿਲਦਾ ਰਿਹਾ। 9 ਦਸੰਬਰ 2018 ਨੂੰ ਮੈਂ ਉਹਨੂੰ ਮਿਲਣ ਗਿਆ ਤਾਂ ਉਹ ਧਾਅ ਕੇ ਮਿਲਿਆ ਸੀ। ਸਰੀਰ ਭਾਵੇਂ ਕੁਝ ਝੰਵਿਆਂ ਲੱਗਾ ਪਰ ‘ਮੈਂ ਕਾਇਮ ਹਾਂ’ ਦੇ ਬੋਲ ਗੜ੍ਹਕਵੇਂ ਲੱਗੇ ਸਨ। ਪੜ੍ਹਨ ਲਿਖਣ ਵਾਲੇ ਕਮਰੇ ਵਿੱਚ ਉਹਦੀਆਂ ਫੋਟੋਆਂ ਵਿਚਕਾਰ ਡਾ. ਜਸਵੰਤ ਗਿੱਲ ਦੀ ਫੋਟੋ ਵੀ ਲੱਗੀ ਹੋਈ ਸੀ। ਕੋਠੀ ਉਵੇਂ ਹੀ ਸੀ ਪਰ ਡਾ. ਜਸਵੰਤ ਗਿੱਲ ਦੀ ਜੀ ਆਇਆਂ ਕਹਿਣ ਵਾਲੀ ਮੁਸਕਰਾਹਟ ਉੱਥੇ ਨਹੀਂ ਸੀ। 98 ਸਾਲ ਦੀ ਉਮਰ ਵਿੱਚ ਲਿਖੀ ਉਹਦੀ ਆਖ਼ਰੀ ਪੁਸਤਕ ‘ਧੁਰ ਦਰਗਾਹ’ ਮੇਜ਼ ਉੱਤੇ ਪਈ ਸੀ। ਉਹਦੇ ਸਰਵਰਕ ਉੱਤੇ ਸਤਰਾਂ ਛਪੀਆਂ ਸਨ: ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇੱਕ ਦਿਨ ਖਿਲਰਣਾ ਹੀ ਹੈ। ਆਓ ਰਲ ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ। ਯਾਰਾਂ ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ...
ਉਸ ਨੂੰ ਦਿਸਦਾ ਸਾਫ ਸੀ ਪਰ ਸੁਣਦਾ ਉੱਚਾ ਸੀ। ਕੋਈ ਹਾਲ ਚਾਲ ਪੁੱਛਦਾ ਤਾਂ ਆਖਦਾ ਸੀ, “ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
5 ਜਨਵਰੀ 2019 ਨੂੰ ਮੈਂ ਫਿਰ ਮਿਲਣ ਗਿਆ ਤਾਂ ਉਹ ਇੱਕੋ ਸ਼ਿਅਰ ਵਾਰ ਵਾਰ ਦੁਹਰਾਈ ਗਿਆ ਸੀ: ਹਮ ਜੋ ਗਏ ਤੋਂ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋਂ ਮੰਜ਼ਲੇਂ ਲਾਏਂ...
ਰਾਤ ਮੈਂ ਉਹਦੇ ਕੋਲ ਹੀ ਰਿਹਾ ਸਾਂ। ਬੜੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸ਼ਿਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇੱਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤੈਅ ਕਰ ਕੇ ਬਟੂਏ ਵਿੱਚ ਪਾ ਲਿਆ ਜੋ ਅੱਜ ਤਕ ਮੇਰੇ ਬਟੂਏ ਵਿੱਚ ਹੈ। ਉਸ ਉੱਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗੱਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਸੀ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਹਨ।
ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਸੂਫੀ ਬਾਣੀ, ਲੋਕ ਬਾਣੀ ਤੇ ਵਾਰਸ ਦੀ ਹੀਰ ਤੋਂ ਮਿਲੀ ਸੀ। ਉਹ ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਵਰਗੇ ਲੇਖਕਾਂ ਤੋਂ ਪ੍ਰਭਾਵਿਤ ਹੋਇਆ ਸੀ। ਉਹ ਭਾਵੇਂ ਅਲਜ਼ਬਰਾ ਨਾ ਆਉਣ ਕਾਰਨ ਦਸਵੀਂ ਵਿੱਚ ਅੜ ਗਿਆ ਸੀ ਪਰ ਲਿਖਣ ਵਿੱਚ ਇੰਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।
ਉਸ ਨੂੰ ਬਥੇਰੇ ਸਿਆਸਤਦਾਨ ਤੇ ਸਾਧ ਸੰਤ ਮਿਲਦੇ ਅਤੇ ਆਪਣਾ ਸਲਾਹਕਾਰ ਬਣਾਉਂਦੇ ਰਹੇ। ਉਹ ਦੇਸ ਪਰਦੇਸ ਸੈਰ ਸਪਾਟਿਆਂ ਉੱਤੇ ਵੀ ਜਾਂਦਾ ਰਿਹਾ ਅਤੇ ਮਹਿੰਜੋਦਾੜੋ ਦੇ ਖੰਡਰ ਤੇ ਵਿਸ਼ਵ ਦੇ ਅਜਾਇਬ ਘਰ ਵੇਖਦਾ ਰਿਹਾ। ਉਹ ਦੇਸ ਪਰਦੇਸ ਦੇ ਸਾਹਿਤ ਸਮਾਗਮਾਂ ਦੀਆਂ ਪਰਧਾਨਗੀਆਂ ਕਰਦਾ ਰਿਹਾ ਤੇ ਮੇਰੇ ਨਾਲ ਕੈਨੇਡਾ ਦੇ ਕਬੱਡੀ ਮੇਲੇ ਵੀ ਵੇਖਦਾ ਰਿਹਾ। ਅਸੀਂ ਇਕੱਠੇ ਕਦੇ ਵਿਸਲਾਂ ਫੜ ਕੇ ਤੇ ਕਦੇ ਮਾਈਕ ਫੜ ਕੇ ਕਬੱਡੀ ਦੇ ਮੈਚ ਖਿਡਾਉਂਦੇ ਰਹੇ। 1967 ਵਿੱਚ ਉਸ ਨੇ ਹੀ ਮੈਂਨੂੰ ਖ਼ਾਲਸਾ ਕਾਲਜ ਦਿੱਲੀ ਤੋਂ ਪੱਟ ਕੇ ਢੁੱਡੀਕੇ ਦੇ ਕਾਲਜ ਵਿੱਚ ਲਿਆਂਦਾ ਸੀ ਜਿੱਥੇ ਮੈਂ ਉਹਦੇ ਕਰਕੇ ਲੰਮਾ ਸਮਾਂ ਟਿਕਿਆ ਰਿਹਾ।
ਜੂਨ 2019 ਤੋਂ ਉਹ ਆਪ ਮੰਗ ਕੇ ਕੁਝ ਨਹੀਂ ਖਾਂਦਾ ਪੀਂਦਾ। ਉਸ ਦਾ ਸਪੁੱਤਰ ਸਰਬਜੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਤੇ ਘਰ ਦੇ ਹੋਰ ਜੀਅ ਹਰ ਵੇਲੇ ਉਹਦੀ ਸੇਵਾ ਸੰਭਾਲ ਵਿੱਚ ਲੱਗੇ ਹੋਏ ਸਨ। ਇੰਨੀ ਚੰਗੀ ਸਾਂਭ ਸੰਭਾਲ ਕਿਸੇ ਕਰਮਾਂ ਵਾਲੇ ਬਜ਼ੁਰਗ ਦੀ ਹੁੰਦੀ ਹੈ। 27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਜਿਆ ਸੀ ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ, ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਹਨ ਅਤੇ ਅਸੀਂ ਸੇਵਾ ਸੰਭਾਲ ਕਰਨ ਦੇ ਯੋਗ ਹਾਂ। ਇਹ ਪੈਸੇ ਕਿਸੇ ਲੋੜਵੰਦ ਪੰਜਾਬੀ ਲੇਖਕ ਨੂੰ ਦੇ ਦਿੱਤੇ ਜਾਣ ਜਾਂ ਪੰਜਾਬੀ ਭਾਸ਼ਾ ਦੇ ਲੇਖੇ ਲਾ ਦਿੱਤੇ ਜਾਣ। ਸਾਨੂੰ ਬਾਪੂ ਜੀ ਨੇ ਪਾਲਿਆ ਹੈ ਤੇ ਬੁਢਾਪੇ ਵਿੱਚ ਉਨ੍ਹਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈ।
8 ਨਵੰਬਰ 2019 ਨੂੰ ਕੈਨੇਡਾ ਤੋਂ ਪਿੰਡ ਪਹੁੰਚਣ ਸਾਰ ਮੈਂ ਸਿੱਧਾ ਕੰਵਲ ਕੋਲ ਗਿਆ। ਉਸ ਦੀਆਂ ਅੱਖਾਂ ਅਧਮੀਟੀਆਂ ਸਨ। ਅੱਖਾਂ ਪੁੱਟੀਆਂ ਤਾਂ ਉਸ ਨੇ ਟਿਕਟਿਕੀ ਲੱਗਾ ਕੇ ਮੇਰੇ ਵੱਲ ਵੇਖਿਆ। ਮੈਂ ਤਪਾਕ ਨਾਲ ਹੱਥ ਫੜੇ ਅਤੇ ਸਰਬਜੀਤ ਨੇ ਸਹਾਰੇ ਨਾਲ ਕੁਰਸੀ ਉੱਤੇ ਬਿਠਾਇਆ। ਫਿਰ ਮੈਂ ਆਪਣੀ ਕਿਤਾਬ ਉਹਦੀਆਂ ਅੱਖਾਂ ਅੱਗੇ ਕੀਤੀ ਤਾਂ ਕਿ ਮੇਰਾ ਨਾ ਪੜ੍ਹ ਕੇ ਪਛਾਣ ਲਵੇ। ਉਸ ਨੇ ਮੈਂਨੂੰ ਸਿਆਣ ਤਾਂ ਲਿਆ ਪਰ ਬੋਲ ਨਹੀਂ ਸਕਿਆ। ਅੱਖਾਂ ਵਿੱਚ ਕੁਝ ਖ਼ੁਸ਼ੀ ਦਿਸੀ ਤੇ ਰਤਾ ਕੁ ਤਰਾਵਟ ਵੀ। ਬੀਬੀ ਗੁਰਪ੍ਰੀਤ ਕੌਰ ਚਾਹ ਲੈ ਕੇ ਆਈ ਤਾਂ ਕੰਵਲ ਨੇ ਵੀ ਚਾਹ ਮੰਗ ਲਈ। ਉਹ ਹੈਰਾਨ ਹੋਈ ਕਿ ਬਾਪੂ ਜੀ ਨੇ ਚਾਰ ਪੰਜ ਮਹੀਨਿਆਂ ਬਾਅਦ ਪਹਿਲੀ ਵਾਰ ਚਾਹ ਮੰਗੀ ਹੈ! ਮੇਰੇ ਨਾਲ ਉਸ ਨੇ ਚਾਹ ਦਾ ਅੱਧਾ ਕੁ ਕੱਪ ਪੀ ਵੀ ਲਿਆ। ਸੱਤ ਮਹੀਨਿਆਂ ਤੋਂ ਉਹ ਬਾਹਰਲੀ ਕੋਠੀ ਵਿੱਚ ਹੀ ਸੀ ਅਤੇ ਅੰਦਰਲੇ ਘਰ ਵੀਲ੍ਹ ਚੇਅਰ ਉੱਤੇ ਇੱਕ ਵਾਰ ਹੀ ਜਾ ਸਕਿਆ ਸੀ। ਖ਼ੈਰ ਸੁਖ ਪੁੱਛਣ ਵਾਲੇ ਬਾਹਰਲੀ ਕੋਠੀ ਆ ਕੇ ਮਿਲਦੇ ਸਨ ਜਿੱਥੇ ਘਰ ਦਾ ਕੋਈ ਨਾ ਕੋਈ ਜੀਅ ਹਰ ਵੇਲੇ ਹਾਜ਼ਰ ਹੁੰਦਾ ਸੀ।
ਜਸਵੰਤ ਸਿੰਘ ਕੰਵਲ ਉਦੋਂ ਢੁੱਡੀਕੇ ਦਾ ਸਰਪੰਚ ਸੀ ਜਦੋਂ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ 64 ਵਰ੍ਹੇ ਪਹਿਲਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਸ਼ੁਰੂ ਕੀਤਾ ਸੀ। ਮੇਲੇ ਦਾ ਮੋਢੀ ਕੰਵਲ ਸੌ ਸਾਲ ਦੀ ਉਮਰ ਤਕ ਮੇਲੇ ਦੀ ਹਾਜ਼ਰੀ ਭਰਦਾ ਰਿਹਾ ਸੀ। 2018 ਵਿੱਚ ਮੈਂ ਕੰਵਲ ਨੂੰ ਮੱਲੋਮੱਲੀ ਮੇਲੇ ਵਿੱਚ ਲੈ ਗਿਆ ਸਾਂ। 2019 ਵਿੱਚ ਮੇਲੇ ਵਿੱਚ ਲਿਜਾ ਕੇ ਝੰਡੀ ਵੀ ਕਰਵਾ ਆਇਆ ਸਾਂ। 2020 ਦਾ ਮੇਲਾ ਵਿਖਾਉਣ ਲਈ ਵੀ ਬਥੇਰਾ ਕਿਹਾ: ਚੱਲ ਮੇਲੇ ਚੱਲੀਏ, ਓੜਕ ਨੂੰ ਮਰ ਜਾਣਾ...
ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ ...।
ਉਮਰ ਦੀ ਸੈਂਚਰੀ ਮਾਰਨ ਪਿੱਛੋਂ ਉਹ ਇਕੋਤਰੀ ਮਾਰਨ ਦੇ ਰਾਹ ਉੱਤੇ ਸੀ ਜਿਸਦਾ ਰਿਕਾਰਡ ਰੱਖਣ ਵਿੱਚ ਸਿਰਫ਼ ਪੰਜ ਮਹੀਨੇ ਬਾਕੀ ਸਨ। ਪਰ ਕੁਦਰਤ ਨੂੰ ਜੋ ਮਨਜ਼ੂਰ ਸੀ ਉਹੀ ਹੋਇਆ। ਕੰਵਲ ਦੀ ਦੇਹ ਦਾ ਅੰਤ ਹੋਇਆ ਹੈ ਉਸ ਦੀਆਂ ਲਿਖਤਾਂ ਦਾ ਨਹੀਂ। ਉਸ ਦੇ ਲਿਖੇ ਲੱਖਾਂ ਲਫ਼ਜ਼ ਤਾਰਿਆਂ ਹਾਰ ਜਗਦੇ ਰਹਿਣਗੇ ਤੇ ਚੰਦ ਦੀ ਪੂਰਨਮਾਸ਼ੀ ਵਾਂਗ ਹਨ੍ਹੇਰੀਆਂ ਰਾਤਾਂ ਰੁਸ਼ਨਾਉਂਦੇ ਰਹਿਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1943)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)