SarwanSingh7ਮੈਦਾਨ ਵਿੱਚੋਂ ਉਹ ਬਾਹਰ ਆਉਣ ਲੱਗਾ ਤਾਂ ਜਨੂੰਨੀ ਹਜ਼ੂਮ ਨੇ ‘ਇੰਡੀਆ ...
(2 ਜੂਨ 2020)

 

‘ਗੋਲਡਨ ਹੈਟ ਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। 25 ਮਈ ਦੀ ਸ਼ਾਮ ਨੂੰ ਚੰਡੀਗੜ੍ਹ ਵਿਚ ਰਾਜਕੀ ਸਨਮਾਨ ਸਹਿਤ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਕਿ ਮੁਹਾਲੀ ਵਿਚਲੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਹਾਕੀ ਸਟੇਡੀਅਮ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਪੁਰਜ਼ੋਰ ਸਿਫਾਰਸ਼ ਕਰੇਗੀ ਕਿ ਵਿਸ਼ਵ ਦੇ ਸਿਰਮੌਰ ਭਾਰਤੀ ਹਾਕੀ ਖਿਡਾਰੀ ਅਤੇ ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇ।

ਬਲਬੀਰ ਸਿੰਘ ਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਨੂੰ ਸੋਮਵਾਰ ਦੇ ਦਿਨ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਨੂੰ ਸੋਮਵਾਰ ਦੇ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸ ਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦ ਉਹ ਮਿਲ ਕੇ ਆਏ ਤਾਂ ਉਹ ਠੀਕ-ਠਾਕ ਲੱਗੇ ਸਨ ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪਿਆ, ਜਿਸ ਨਾਲ ਜੀਵਨ ਦੀ ਖੇਡ ਹੀ ਖ਼ਤਮ ਹੋ ਗਈ। ਪਿਛਲੇ ਸਾਲ ਬਲਬੀਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਚ 108 ਦਿਨ ਇੰਨਟੈਸਿਵ ਕੇਅਰ ਵਿਚ ਰਹਿਣਾ ਪਿਆ ਸੀ। ਕੁਝ ਮਹੀਨੇ ਬਾਅਦ ਫੋਰਟਿਸ ਹਸਪਤਾਲ ਮੁਹਾਲੀ ਵਿਚ ਦਾਖਲ ਹੋਣਾ ਪਿਆ, ਜਿੱਥੇ ਉਹ ਸਿਹਤਯਾਬ ਹੋ ਗਿਆ ਸੀ। ਇਕ ਵਾਰ ਹੋਰ ਵੀ ਰਾਜ਼ੀ ਹੋ ਕੇ ਮੁੜਿਆ ਸੀ। ਪਰ ਇਸ ਵਾਰ 8 ਮਾਰਚ ਨੂੰ ਫੋਰਟਿਸ ਹਸਪਤਾਲ ਵਿਚ ਫਿਰ ਦਾਖਲ ਹੋਇਆ ਤਾਂ ਦਿਲ ਦੇ ਚਾਰ ਦੌਰਿਆਂ ਕਾਰਨ ਸਦਾ ਲਈ ਵਿਛੜਾ ਦੇ ਗਿਆ।

ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸ ਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ, ਜੋ ਉਸ ਦੀ ਯੋਗ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਇਲਾਜ ਕਰਵਾਉਣ ਤੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਬਲਬੀਰ ਸਿੰਘ ਸਰੀਰਕ ਤੌਰ ਬੇਸ਼ਕ ਨਹੀਂ ਰਿਹਾ ਪਰ ਉਹਦਾ ਨਾਂ ਸਦਾ ਅਮਰ ਰਹੇਗਾ।

‘ਗੋਲਡਨ ਹੈਟ ਟ੍ਰਿਕ’ ਐਜ਼ ਟੋਲਡ ਟੂ ਸੈਮੂਅਲ ਬੈਨਰਜੀ, - ਬਲਬੀਰ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਆਟੋਗਰਾਫੀ ਹੈ ਜੋ 1977 ਵਿਚ ਛਪੀ ਸੀ। ‘ਗੋਲਡਨ ਗੋਲ’ ਮੇਰੇ ਵੱਲੋਂ ਪੰਜਾਬੀ ਵਿਚ ਲਿਖੀ ਉਹਦੀ ਜੀਵਨੀ ਹੈ ਜੋ 2015 ਵਿਚ ਪ੍ਰਕਾਸ਼ਿਤ ਹੋਈ। ਉਹ ਜੀਵਨੀ ਮੈਂ ਬਲਬੀਰ ਸਿੰਘ ਦੇ ਇਸ ਕਥਨ ਨਾਲ ਸਮਾਪਤ ਕੀਤੀ ਸੀ, "ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉੱਪਰਲੇ ਨਾਲ ਹੈ। ਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਖ਼ਤਮ ਹੋ ਜਾਵੇਗੀ।"

ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ ਪਿਛਲੇ ਸਾਲ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਰਿਹਾ। ਜੀਵਨ ਖੇਡ ਦੇ ਮੈਚ ਦਾ ਸੰਘਰਸ਼ ਚਲਦਾ ਰਿਹਾ। ਉਸ ਦੀ ਚੜ੍ਹਦੀ ਕਲਾ ਵਾਲੀ ਖੇਡ ਭਾਵਨਾ ਨੇ ਗੋਲ ਨਾ ਹੋਣ ਦਿੱਤਾ। ਐਕਸਟਰਾ ਟਾਈਮ ਵਿਚ ਵੀ ਮੈਚ ਸਾਵਾਂ ਰਿਹਾ। ਗੋਲਡਨ ਗੋਲ ਦੇ ਐਕਸਟਰਾ ਟਾਈਮ ਵਿਚ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਚ ਦਾਖਲ ਕਰਾਉਣਾ ਪਿਆ। ਕਰੋਨਾ ਵਾਇਰਸ ਦੇ ਟੈੱਸਟ ਵਿਚ ਤਾਂ ਉਹ ਠੀਕ-ਠਾਕ ਨਿਕਲਿਆ ਪਰ ਦਿਲ ਦੇ ਵਾਰ ਵਾਰ ਪੈਂਦੇ ਦੌਰਿਆਂ ਨੇ ਆਖ਼ਰ ਗੋਲਡਨ ਗੋਲ ਕਰ ਹੀ ਦਿੱਤਾ, ਜਿਸ ਨਾਲ ਉਹਦੀ ਜੀਵਨ ਖੇਡ ਖ਼ਤਮ ਹੋ ਗਈ।

ਮੈਂ ‘ਗੋਲਡਨ ਗੋਲ’ ਦੇ ਸਰਵਰਕ ਉੱਤੇ ਲਿਖਿਆ ਸੀ, “ਹਾਕੀ ਦੇ ਯੁਗ ਪੁਰਸ਼ ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ਵਿੱਚੋਂ ਤਿੰਨ ਗੋਲਡ ਮੈਡਲ ਜਿੱਤੇ ਜਿਸ ਕਰਕੇ ਉਸ ਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਕਿਹਾ ਜਾਂਦੈਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਵਿੱਚ ਭਾਰਤੀ ਟੀਮ ਦੇ 9 ਗੋਲਾਂ ਵਿੱਚੋਂ 8 ਗੋਲ ਉਸ ਦੀ ਹਾਕੀ ਨਾਲ ਹੋਏ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ਵਿੱਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਹੁਣ ਤਕ ਅਟੁੱਟ ਰਿਕਾਰਡ ਹੈ।

ਲੰਡਨ ਓਲੰਪਿਕ-2012 ਮੌਕੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚੋਂ ਜਿਹੜੇ 16 ‘ਆਈਕੌਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ਵਿੱਚ ਬਲਬੀਰ ਸਿੰਘ ਵੀ ਸ਼ਾਮਲ ਹੈ। ਸਾਰੀ ਦੁਨੀਆ ਵਿੱਚੋਂ ਹਾਕੀ ਦਾ ਸਿਰਫ਼ ਉਹੀ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਮਰਦ ਹਨ 8 ਔਰਤਾਂ। ਉਨ੍ਹਾਂ ਵਿਚ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਹੀ ਦਿੱਤਾ ਹੈ ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?

ਓਲੰਪਿਕ ਖੇਡਾਂ ਦੇ ਗੋਲਡਨ ਹੈਟ ਟ੍ਰਿਕ ਤੋਂ ਬਿਨਾਂ ਉਸ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿਤਾਇਆ ਅਤੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਹਾਕੀ ਦੀ ਕੋਚਿੰਗ ਬਾਰੇ ‘ਦੀ ਗੋਲਡਨ ਯਾਰਡ ਸਟਿੱਕ’ ਪੁਸਤਕ ਵੀ ਲਿਖੀ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਾਈ ਦੇ ਸਪੁਰਦ ਕਰ ਦਿੱਤੀਆਂ ਜੋ ਸਾਈ ਨੇ ਪਤਾ ਨਹੀਂ ਕਿਥੇ ‘ਗੁਆ’ ਛੱਡੀਆਂ...?"

ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ ਭਾਰਤ ਰਤਨ ਦੇ ਦਿੱਤਾ ਗਿਆ। ਵੇਖਦੇ ਹਾਂ ਬਲਬੀਰ ਸਿੰਘ ਨੂੰ ਭਾਰਤ ਰਤਨ ਜਿਊਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?

ਕਾਸ਼! ਹਾਕੀ ਦਾ ਸਰਬੋਤਮ ਖਿਡਾਰੀ 20 ਸਾਲਾਂ ਤੋਂ ਵੱਧ ਖੇਡ ਕੇ ਤੇ 96 ਸਾਲਾਂ ਤੋਂ ਵੱਧ ਜੀਅ ਕੇ ‘ਓਲੰਪਿਕ ਰਤਨ’ ਦੇ ਨਾਲ ‘ਭਾਰਤ ਰਤਨ’ ਦਾ ਖ਼ਿਤਾਬ ਲੈ ਕੇ ਦੁਨੀਆ ਤੋਂ ਵਿਦਾ ਹੁੰਦਾ!

ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਸ ਦਾ ਦਾਦਕਾ ਗੋਤ ਦੁਸਾਂਝ ਹੈ ਤੇ ਨਾਨਕਾ ਧਨੋਆ। ਉਹਦੇ ਸਹੁਰੇ ਲਹੌਰੀਏ ਸੰਧੂ ਨੇ ਜਿਨ੍ਹਾਂ ਦਾ ਪਿਛਲਾ ਪਿੰਡ ਭੜਾਣਾ ਸੀ। ਉਸ ਦੇ ਤਿੰਨੇ ਪੁੱਤਰ ਹੁਣ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ। ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਭੋਮੀਆ ਹਨ। ਬਲਬੀਰ ਸਿੰਘ ਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਭਾਈ ਬਿਧੀ ਚੰਦ ਸੀ। ਇਹ ਬੰਸਾਵਲੀ ਬਲਬੀਰ ਸਿੰਘ ਤੋਂ ਉੱਪਰ ਨੂੰ ਤੁਰਦੀ ਦਲੀਪ ਸਿੰਘ, ਬਸੰਤ ਸਿੰਘ, ਜੈਮਲ ਸਿੰਘ, ਦਲ ਸਿੰਘ, ਚੜ੍ਹਤ ਸਿੰਘ, ਗੁਰ ਸਿੰਘ, ਜੱਸੂ, ਦਲਪਤ, ਬਿਧੀ ਚੰਦ, ਡੱਲਾ, ਰਜਾਣੀਆਣ, ਸਾਬਾ ਤੇ ਦੁਸਾਂਝ ਤੋਂ ਹੁੰਦੀ ਹੋਈ ਸਰੋਇਆ ਤਕ ਜਾਂਦੀ ਹੈ।

ਬਲਬੀਰ ਸਿੰਘ ਕਿਹਾ ਕਰਦਾ ਸੀ, “ਮੈਂ ਪਿੱਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉੱਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉੱਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ ਤੇ ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ ...ਮੇਰੇ `ਤੇ ਰੱਬ ਦੀ ਰਹਿਮਤ ਹੈ, ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਦੇ ਸਾਥੀਆਂ, ਦੋਸਤਾਂ ਮਿੱਤਰਾਂ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।”

ਪੁਸਤਕ ‘ਗੋਲਡਨ ਗੋਲ’ ਦੇ ਕੁਝ ਅੰਸ਼:

-1947 ਦੇ ਖੂੰਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰੀ। ਜੇਕਰ ਰਾਈਫਲ ਵਿੱਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਓਲੰਪਿਕ ਖੇਡਾਂ ਦਾ ‘ਗੋਲਡਨ ਹੈਟ ਟ੍ਰਿਕ’ ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋ ਬਚ ਗਿਆ। ਗੋਲੀ ਉਹਦੇ ਮੱਥੇ ਉੱਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!

-ਬਲਬੀਰ ਸਿੰਘ ਠਾਣੇਦਾਰ ਬਣਿਆ ਪੁਲਿਸ ਪਾਰਟੀ ਨਾਲ ਬੱਦੋਵਾਲ ਗਿਆ। ਉੱਥੇ ਇਕ ਹਾਦਸਾ ਵਾਪਰਿਆ ਸੀ। ਇਕ ਔਰਤ ਆਪਣੇ ਦੋ ਬੱਚਿਆਂ ਨਾਲ ਬੱਸ ਤੋਂ ਉੱਤਰੀ ਸੀ। ਬੱਚਿਆਂ ਦਾ ਬਾਪ ਬਾਰ ਦੇ ਇਲਾਕੇ ਵਿਚ ਜਨੂੰਨੀਆਂ ਹੱਥੋਂ ਮਾਰਿਆ ਗਿਆ ਸੀ। ਔਰਤ ਬੱਚਿਆਂ ਨੂੰ ਬਚਾ ਕੇ ਕਿਵੇਂ ਨਾ ਕਿਵੇਂ ਆਪਣੇ ਪੇਕਿਆਂ ਕੋਲ ਬੱਦੋਵਾਲ ਪਹੁੰਚ ਗਈ ਸੀ। ਉਸ ਨੇ ਭੁੱਖ ਨਾਲ ਬੇਹਾਲ ਹੋਏ ਬੱਚਿਆਂ ਨੂੰ ਰੁੱਖ ਦੀ ਛਾਵੇਂ ਬਹਾ ਕੇ ਰੋਟੀ ਖੁਆਈ। ਫਿਰ ਸਮਾਨ ਦੀ ਗੱਠੜੀ ਸਿਰ ’ਤੇ ਰੱਖੀ ਤੇ ਬੱਚਿਆਂ ਨੂੰ ਉਂਗਲ ਲਾ ਕੇ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਉਹ ਬਾਰ ਵਿੱਚੋਂ ਉੱਜੜ ਕੇ ਆਏ ਸਨ। ਤੀਜੇ ਦਿਨ ਔਰਤ ਦੇ ਮਾਪੇ ਠਾਣੇ ਆਏ ਤੇ ਦੱਸਿਆ ਕਿ ਉਨ੍ਹਾਂ ਦੀ ਅਭਾਗੀ ਧੀ ਤੇ ਬੱਚਿਆਂ ਨੇ ਉਨ੍ਹਾਂ ਕੋਲ ਹੀ ਆਉਣਾ ਸੀ। ਉਹ ਮਾਰ ਧਾੜ ਵਿੱਚੋਂ ਤਾਂ ਬਚ ਆਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੋਣੀ ਪੇਕਿਆਂ ਕੋਲ ਵੀ ਸ਼ਹਿ ਲਾ ਕੇ ਬੈਠੀ ਸੀ!

-ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਸਟੇਜ ਉੱਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿੱਧਣ ਲੱਗਾ। ਬਲਬੀਰ ਸਿੰਘ ਤਿਰੰਗੇ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ ਜੋ ਉਹ ਓਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਉਸ ਨੇ ਦੌੜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਖ਼ਾਲਿਸਤਾਨੀ ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲਿਸ ਆ ਗਈ, ਜਿਸ ਨੇ ਸਥਿਤੀ ਸੰਭਾਲ ਲਈ।

-ਲਾਸ ਏਂਜਲਸ ਤੋਂ ਉਹ ਆਪਣੇ ਪੁੱਤਰਾਂ ਨੂੰ ਮਿਲਣ ਵੈਨਕੂਵਰ ਗਿਆ ਤਾਂ ਕੁਝ ਸ਼ੁਭਚਿੰਤਕਾਂ ਨੇ ਕਿਹਾ ਕਿ ਉਸ ਨੇ ਤਿਰੰਗੇ ਝੰਡੇ ਲਈ ਐਵੇਂ ਐਡਾ ਵੱਡਾ ਰਿਸਕ ਲੈ ਲਿਆ। ਕੈਨੇਡਾ/ਅਮਰੀਕਾ ਵਿਚ ਖ਼ਾਲਿਸਤਾਨੀ ਹਵਾ ਹੈ। ਏਥੇ ਬਚ ਕੇ ਰਹਿਣਾ ਪਵੇਗਾ। ਉਹ ਭਾਰਤ ਪਰਤਣ ਲਈ ਹਵਾਈ ਜਹਾਜ਼ ਚੜ੍ਹਿਆ। 2 ਨਵੰਬਰ 1984 ਦਾ ਦਿਨ ਸੀ। ਟੋਕੀਓ ਦੇ ਹਵਾਈ ਅੱਡੇ ’ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤੈ। ਦਿੱਲੀ ਵਿਚ ਸਿੱਖਾਂ ਦੀ ਜਾਨ ਖ਼ਤਰੇ ਵਿਚ ਹੈ। ਕੁਝ ਸਿੱਖ ਮੁਸਾਫ਼ਿਰ ਟੋਕੀਓ ਰੁਕ ਗਏ ਪਰ ਬਲਬੀਰ ਸਿੰਘ ਨਾ ਰੁਕਿਆ। ਜਿਹੋ ਜਿਹਾ ਖ਼ਤਰਾ ਲਾਸ ਏਂਜਲਸ ਵਿਚ ਸਹੇੜਿਆ ਸੀ ਉਹੋ ਜਿਹਾ ਖ਼ਤਰਾ ਸਹੇੜਨ ਲਈ ਉਹ ਦਿੱਲੀ ਨੂੰ ਚੱਲ ਪਿਆ। ਉਸ ਨੇ ਆਪਣੀ ਧੀ ਸੁਸ਼ਬੀਰ ਤੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਪਾਸ ਦਿੱਲੀ ਆਉਣਾ ਸੀ। ਮਲਵਿੰਦਰ ਸਿੰਘ ਦਾ ਛੋਟਾ ਭਰਾ ਗੁਰਿੰਦਰਜੀਤ ਸਿੰਘ ਬੀ. ਐੱਸ. ਐੱਫ. ਵਿਚ ਅਫ਼ਸਰ ਸੀ। ਉਸ ਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ ’ਤੇ ਜਾਵੇ ਅਤੇ ਬਲਬੀਰ ਸਿੰਘ ਨੂੰ ਸੁਰੱਖਿਅਤ ਘਰ ਲਿਆਵੇ। ਕੈਸੇ ਦਿਨ ਆ ਗਏ ਸਨ? ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਕਰਕੇ ਉਹਦੀ ਜਾਨ ਖ਼ਤਰੇ ਵਿਚ ਸੀ!

-ਸਿਰੋਂ ਮੋਨੇ ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨਾ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇੱਥੇ ਮੈਨੂੰ ਕਾਹਦਾ ਖ਼ਤਰਾ? ਤਿਰੰਗੇ ਦੀ ਇੱਜ਼ਤ ਤੇ ਸਨਮਾਨ ਲਈ ਖ਼ਤਰੇ ਸਹੇੜਨ ਵਾਲੇ ਜ਼ਿੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਜ਼ਲਸ ਤੇ ਵੈਨਕੂਵਰ ਵਿਚਲੇ ਖ਼ਤਰਿਆਂ ਤੋਂ ਤਾਂ ਉਹ ਬਚ ਆਇਆ ਸੀ ਪਰ ਦਿੱਲੀ ਵਿਚਲਾ ਖ਼ਤਰਾ ਉਸ ਨੂੰ ਬਰੂਹਾਂ ਉੱਤੇ ਉਡੀਕ ਰਿਹਾ ਸੀ! ਇਹ ਤਾਂ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਜੀਂਦੇ ਜੀਅ ਧੀ ਦੇ ਘਰ ਲੈ ਆਇਆ।

-ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈੱਸਟ ਆਫ਼ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਲ ਸਨ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, “ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਪਿੰਡ ਦੇ ਹਾਂ। ਤੁਸੀਂ ਵੀ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।”

-ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ਼ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ ਵਿੱਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ ‘ਬਲਬੀਰ ਸਿੰਘ ਜ਼ਿੰਦਾਬਾਦ’ ਦੇ ਨਾਹਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਮੈਦਾਨ ਵਿੱਚੋਂ ਉਹ ਬਾਹਰ ਆਉਣ ਲੱਗਾ ਤਾਂ ਜਨੂੰਨੀ ਹਜ਼ੂਮ ਨੇ ‘ਇੰਡੀਆ ਮੁਰਦਾਬਾਦ’ ਦਾ ਨਾਹਰਾ ਲਾ ਦਿੱਤਾ, ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਬਾਹਰ ਆਇਆ ਤਾਂ ਉਨ੍ਹਾਂ ਨੇ ਕਿਹਾ, “ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀਂ ਪਸੰਦ ਨਹੀਂ ਕਰ ਰਹੇ।” ਬਲਬੀਰ ਸਿੰਘ ਦਾ ਜਵਾਬ ਸੀ, “ਤੁਸੀਂ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!”

ਅਫਸੋਸ ਹੈ! ਬਲਬੀਰ ਸਿੰਘ ਵਰਗੇ ਦੇਸ਼ਭਗਤ ਇਨਸਾਨ ਅਤੇ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਦੀ ਭਾਰਤ ਦੀਆਂ ਕੌਮੀ ਸਰਕਾਰਾਂ ਉਹ ਕਦਰ ਨਹੀਂ ਪਾ ਸਕੀਆਂ ਜਿਸ ਦਾ ਉਹ ਹੱਕਦਾਰ ਸੀ। ਸ਼ੁਕਰ ਹੈ ਵਿਸ਼ਵ ਦੀ ਸੁਪਰੀਮ ਖੇਡ ਬੌਡੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਉਸ ਨੂੰ ‘ਆਈਕੌਨਿਕ ਓਲੰਪੀਅਨ’ ਯਾਨੀ ਓਲੰਪਿਕ ਰਤਨ ਦੇ ਖ਼ਿਤਾਬ ਨਾਲ ਨਿਵਾਜਿਆ। ਅਮਰ ਰਹੇ ਸਾਡਾ ਜੋਧਾ ਖਿਡਾਰੀ ਬਲਬੀਰ ਸਿੰਘ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2172) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author