“ਬਲਦੇਵ ਸਿਅ੍ਹਾਂ, ਤੇਰੀ ਮਿਹਨਤ ਤੇ ਨਾਵਲਕਾਰੀ ਨੂੰ ਸਲੂਟ! ...”
(2 ਜਨਵਰੀ 2018)
ਪਹਿਲਾਂ ਇਸ ਇਤਿਹਾਸਕ ਨਾਵਲ ‘ਸੂਰਜ ਦੀ ਅੱਖ’ ਦਾ ਸਮਰਪਣ ਪੜ੍ਹੋ:
ਉਨ੍ਹਾਂ ਲੱਖਾਂ ਬੇਨਾਮ ਸਿਪਾਹੀਆਂ ਦੇ ਨਾਮ ਜਿਹੜੇ ਸਿਰਫ਼ ਦੋ ਜਾਂ ਤਿੰਨ ਰੁਪਏ ਮਹੀਨੇ ਦੀ ਤਨਖਾਹ ਪਾ ਕੇ ਆਪਣੇ ਮਹਾਰਾਜੇ ਲਈ ਲੜੇ ਤੇ ਜੰਗ ਦੇ ਮੈਦਾਨ ਵਿਚ ਲੜਦਿਆਂ ਵੀਰ-ਗਤੀ ਪ੍ਰਾਪਤ ਕੀਤੀ। ਜਿਹਨਾਂ ਦੀ ਨਾ ਮਹਾਰਾਜੇ ਨੇ ਪਰਵਾਹ ਕੀਤੀ ਨਾ ਹੀ ਇਤਿਹਾਸ ਨੇ।
ਫਿਰ ਸ਼ਾਹ ਮੁਹੰਮਦ ਦਾ ਪ੍ਰਸਿੱਧ ਕਾਵਿ-ਬੰਦ ਪੜ੍ਹੋ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ ਪਸ਼ੌਰ ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮੈਂ ਆਲੋਚਕ ਨਹੀਂ। ਪਾਠਕ ਹਾਂ ਅਤੇ ਮਾੜਾ ਮੋਟਾ ਲੇਖਕ। ਪੜ੍ਹਦਿਆਂ-ਗੁੜ੍ਹਦਿਆਂ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਪੜ੍ਹਾਉਂਦਾ ਰਿਹਾ ਹਾਂ। ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਲੈ ਕੇ ਵਿਸ਼ਵ ਦੇ ਸ਼ਾਹਕਾਰ ਨਾਵਲ ਪੜ੍ਹੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਲਿਖਣ ਦੇ ਰੁਝੇਵੇਂ ਵਧ ਜਾਣ ਕਰਕੇ ਪੰਜਾਬੀ ਨਾਵਲ, ਖ਼ਾਸ ਕਰ ਕੇ ਵਡੇਰੇ ਆਕਾਰ ਦੇ ਨਾਵਲ ਨਹੀਂ ਪੜ੍ਹ ਸਕਿਆ। ਮਹਾਰਾਜਾ ਰਣਜੀਤ ਸਿੰਘ ਬਾਰੇ 600 ਪੰਨਿਆਂ ਦਾ ਨਾਵਲ ‘ਸੂਰਜ ਦੀ ਅੱਖ’ ਮੇਰੇ ਹੱਥ ਦੇਰ ਨਾਲ ਆਇਆ, ਜੋ ਮੈਂ ਧਿਆਨ ਨਾਲ ਪੜ੍ਹਿਆ। ਪੜ੍ਹਦਿਆਂ ਜੋ ਅਨੁਭਵ ਕੀਤਾ, ਉਹ ਲਿਖਣਾ ਜ਼ਰੂਰੀ ਸਮਝਦਾ ਹਾਂ। ਵੈਸੇ ਵੀ ਵਿਚਾਰ ਵਟਾਂਦਰਾ ਕਰਨਾ ਚੰਗਾ ਹੀ ਹੁੰਦਾ ਹੈ, ਭਾਵੇਂ ਕੋਈ ਠੀਕ ਸਮਝੇ ਭਾਵੇਂ ਗ਼ਲਤ। ਗੁਰਬਾਣੀ ਦਾ ਵੀ ਆਦੇਸ਼ ਹੈ:
ਜਬ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ।
ਮਹਾਰਾਜਾ ਰਣਜੀਤ ਸਿੰਘ ਨੇ ਸੱਸੀ ਹਾਸ਼ਮ ਦਾ ਕਿੱਸਾ ਲਿਖਣ ਵਾਲੇ ਹਾਸ਼ਮ ਸ਼ਾਹ ਨੂੰ ਇਨਾਮ ਵਿੱਚ ਖੂਹ ਬਖਸਿ਼ਆ ਸੀ। ਉਹ ਕਵੀਆਂ/ਕਲਾਕਾਰਾਂ ਦਾ ਕਦਰਦਾਨ ਸੀ। ਮੈਨੂੰ ਪੱਕਾ ਯਕੀਨ ਹੈ ਜੇਕਰ ਮਹਾਰਾਜਾ ਰਣਜੀਤ ਸਿੰਘ ਅੱਜ ਜਿਉਂਦਾ ਹੁੰਦਾ ਤਾਂ ਇਹ ਨਾਵਲ ਪੜ੍ਹ/ਸੁਣ ਕੇ ਇਸ ਦੇ ਲੇਖਕ ਬਲਦੇਵ ਸਿੰਘ ਨੂੰ ਹਾਸ਼ਮ ਸ਼ਾਹ ਤੋਂ ਵੀ ਵੱਡੀ ਜਾਗੀਰ ਬਖਸ਼ਦਾ। ਫ਼ਕੀਰ ਅਜ਼ੀਜ਼ਉਦਦੀਨ ਨੇ ਮਹਾਰਾਜੇ ਦੀ ਵਡਿਆਈ ਵਿਚ ਬੜੇ ਚੰਗੇ ਸ਼ਬਦ ਆਖੇ ਹਨ। ਪਰ ‘ਸੂਰਜ ਦੀ ਅੱਖ’ ਬਲਦੇਵ ਸਿੰਘ ਨੇ ਹੀ ਆਖਿਆ ਹੈ। ਨਾਵਲ ਪੜ੍ਹ ਕੇ ਪਤਾ ਲੱਗਦਾ ਹੈ ਕਿ ਰਣਜੀਤ ਸਿੰਘ ‘ਮਹਾਰਾਜਾ’ ਅਸਾਧਾਰਨ ਸੀ ਜਦ ਕਿ ‘ਬੰਦਾ’ ਆਮ ਬੰਦਿਆਂ ਵਰਗਾ ਹੀ ਸੀ।
21 ਸਾਲ ਦੀ ਉਮਰ ਵਿਚ ਮਹਾਰਾਜਾ ਬਣਨ ਸਮੇਂ ਰਣਜੀਤ ਸਿੰਘ ਦੇ ਨਾਵਲ ਵਿਚਲੇ ਸੰਵਾਦ ਉਸ ਦੀ ਵਡਿਆਈ ਹੀ ਤਾਂ ਹਨ। ਤਾਜਪੋਸ਼ੀ ਦੀ ਰਸਮ ਪੂਰੀ ਹੋ ਗਈ। ਬਾਬਾ ਸਾਹਿਬ ਸਿੰਘ ਬੇਦੀ ਨੇ ਸੰਮਨ ਬੁਰਜ ਅੰਦਰ ਪਏ ਮੁਗ਼ਲਾਂ ਦੇ ਤਖ਼ਤ ਉੱਪਰ ਰਣਜੀਤ ਸਿੰਘ ਨੂੰ ਬਿਰਾਜਮਾਨ ਹੋਣ ਲਈ ਕਿਹਾ। ਪਰ ਰਣਜੀਤ ਸਿੰਘ ਨੇ ਦ੍ਰਿੜ੍ਹਤਾ ਨਾਲ ਕਿਹਾ, “ਬਾਬਾ ਜੀ, ਖ਼ਿਮਾ ਕਰਨਾ, ਮੈਂ ਇਸ ਤਖ਼ਤ ਉੱਪਰ ਕਦੇ ਨਹੀਂ ਬੈਠਾਂਗਾ।”
ਦੋਹਾਂ ਵਿਚਕਾਰ ਕੁਝ ਬਚਨ ਬਿਲਾਸ ਹੁੰਦੇ ਹਨ। ਰਣਜੀਤ ਸਿੰਘ ਕਹਿੰਦਾ ਹੈ, “ਮੈਂ ਇਕ ਸਿਰ ਨਾਲ ਨਹੀਂ, ਵਧੇਰੇ ਸਿਰਾਂ ਨਾਲ ਹਕੂਮਤ ਕਰਾਂਗਾ।”
“ਬਾਬਾ ਜੀ, ਫਿਰ ਵੀ ਮੈਂ ਇਸ ਤਖ਼ਤ ਉੱਪਰ ਨਹੀਂ ਬੈਠ ਸਕਦਾ, ਮੈਨੂੰ ਇਸ ਤਖ਼ਤ ਵਿੱਚੋਂ ਲੱਖਾਂ ਪੰਜਾਬੀ ਮਰਦ, ਔਰਤਾਂ, ਬੱਚਿਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਦੀਆਂ ਹਨ। ਲਹੂ ਰਿਸਦਾ ਦਿਸਦਾ ਹੈ।” ਰਣਜੀਤ ਸਿੰਘ ਨੇ ਤਖਤ ਵੱਲੋਂ ਮੂੰਹ ਘੁੰਮਾ ਲਿਆ।
“ਸਿੰਘ ਸਾਹਿਬ ਜੀ, ਮੈਨੂੰ ਫਿਰ ਖ਼ਿਮਾ ਕਰਨਾ। ਮੈਂ ਤਾਜ ਨਹੀਂ ਪਹਿਨਾਂਗਾ। ਨਾ ਹੀ ਤਾਜ ਪਹਿਨ ਕੇ ਮੈਨੂੰ ‘ਮਹਾਰਾਜਾ’ ਅਖਵਾਉਣ ਦਾ ਸ਼ੌਕ ਹੈ। ਮੇਰੀ ਤਲਵਾਰ ਹੀ ਮੈਨੂੰ ਇਹ ਰੁਤਬਾ ਬਖਸ਼ਦੀ ਹੈ। ਬਾਹਰੀ ਵਿਖਾਵਿਆਂ ਦੀ ਮੈਨੂੰ ਕੋਈ ਲੋੜ ਨਹੀਂ। ਲੋਕਾਂ ਵੱਲੋਂ ‘ਸਿੰਘ ਸਾਹਿਬ’ ਅਖਵਾ ਕੇ ਮੈਂ ਵਧੇਰੇ ਖ਼ੁਸ਼ ਹੋਵਾਂਗਾ।”
ਪੇਸ਼ਾਵਰ ਉੱਪਰ ਕਬਜ਼ੇ ਤੋਂ ਬਾਅਦ ਰਣਜੀਤ ਸਿੰਘ ਨੇ ਐਲਾਨ ਕੀਤਾ, “ਕਿਸੇ ਵੀ ਸ਼ਹਿਰੀ ਨੂੰ ਤੰਗ ਨਹੀਂ ਕੀਤਾ ਜਾਏਗਾ। ਕਿਸੇ ਵੀ ਘਰ ਨੂੰ ਲੁੱਟਿਆ ਨਹੀਂ ਜਾਏਗਾ। ਪੇਸ਼ਾਵਰ ਦੇ ਬਸ਼ਿੰਦਿਆਂ ਦੀ ਜਾਇਦਾਦ ਅਤੇ ਜਾਨ-ਮਾਲ ਦੀ ਰਾਖੀ ਕੀਤੀ ਜਾਏਗੀ। ਲੋਕ ਪਹਿਲਾਂ ਵਾਂਗ ਹੀ ਕੰਮ-ਧੰਦੇ ਬਿਨਾਂ ਖ਼ੌਫ਼ ਕਰਦੇ ਰਹਿਣ।” ਲੇਖਕ ਹੋਰ ਵਡਿਆਈ ਕਿਵੇਂ ਕਰਦਾ?
ਸੂਰਜ ਉਦੈ ਹੋ ਰਿਹਾ ਸੀ। ਰਣਜੀਤ ਸਿੰਘ ਨੇ ਵੇਖਿਆ, ਉਸ ਦੀਆਂ ਕਿਰਨਾਂ ਨੇ ਅਟਕ ਦੇ ਪਾਣੀ ਨੂੰ ਢਲੇ ਹੋਏ ਸੋਨੇ ਵਾਂਗ ਬਣਾ ਦਿੱਤਾ। ਕਿਨਾਰਿਆਂ ਉੱਪਰ ਜੰਗਲੀ ਫੁੱਲ ਖਿੜੇ ਹੋਏ ਸਨ। ਰਣਜੀਤ ਸਿੰਘ ਸੋਚਣ ਲੱਗਾ, ਦਿਨ ਢਲਦਿਆਂ ਹੀ ਇਹ ਫੁੱਲ ਮੁਰਝਾ ਜਾਣਗੇ। ਕੀ ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ? ਉਸ ਨੇ ਲੰਮਾ ਸਾਹ ਲਿਆ। ਸੋਚਿਆ ... ਆਪਣੇ ਰਾਜ ਨੂੰ, ਆਪਣੇ ਤਖ਼ਤ ਨੂੰ ਬਚਾਉਣ ਲਈ, ਦੂਸਰੇ ਦੇ ਤਖ਼ਤ ਨੂੰ ਤਬਾਹ ਕਰਨਾ ਜ਼ਰੂਰੀ ਹੋ ਜਾਂਦਾ ਹੈ। ਖੁਦ ਜਿਊਂਦਾ ਰਹਿਣ ਲਈ, ਦੂਜਿਆਂ ਨੂੰ ਮਾਰਨਾ ਜ਼ਰੂਰੀ ਏ।
ਮੁਸਲਮਾਨਾਂ ਦੇ ਮੁਕਾਬਲੇ ਸਿੱਖ 7% ਸਨ। 40 ਸਾਲ ਮਿਨਾਰਟੀ ਰਾਜ ਕਰਦੀ ਰਹੀ। ਇਕ ਵੀ ਵਿਦਰੋਹ ਨਹੀਂ ਹੋਇਆ ਜਾਤੀ ਦੇ ਨਾਮ ’ਤੇ। ਇਕ ਵੀ ਅਜਿਹੀ ਘਟਨਾ ਨਹੀਂ ਵਾਪਰੀ ਕਿ ਮੁਸਲਮਾਨਾਂ ਨੇ ਕਿਹਾ ਹੋਵੇ, ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ। ਉਸ ਨੇ ਬਿਨਾਂ ਜਾਤੀ ਭੇਦ ਭਾਵ ਦੇ ਕਿਸੇ ਦੀ ਵੀ ਕਾਬਲੀਅਤ ਨੂੰ ਇਗਨੋਰ ਨਹੀਂ ਕੀਤਾ।
ਬਰਨਜ਼ ਨੇ ਲਿਖਿਆ, “ਕੁਦਰਤ ਨੇ ਇਸ ਵਿਅਕਤੀ ਨੂੰ ਬੜੀ ਕੰਜੂਸੀ ਨਾਲ ਦਾਤਾਂ ਬਖਸ਼ੀਆਂ ਨੇ ਤੇ ਇਹ ਦਾਤਾਂ ਦੇਣ ਸਮੇਂ ਜ਼ਰੂਰ ਹੀ ਬੁੱਧੀ ਅਤੇ ਜਿਸਮ ਦਰਮਿਆਨ ਝਗੜਾ ਹੋਇਆ ਹੋਵੇਗਾ। ਉਸ ਦੀ ਇਕ ਅੱਖ ਹੈ। ਚਿਹਰਾ ਮਾਤਾ ਦੇ ਦਾਗ਼ਾਂ ਨਾਲ ਭਰਿਆ ਹੋਇਆ ਹੈ। ਉਸ ਦਾ ਕੱਦ ਯਕੀਨਨ 5 ਫੁੱਟ 3 ਇੰਚ ਤੋਂ ਵੱਧ ਨਹੀਂ। ਉਹ ਵਿਖਾਵੇ ਤੋਂ ਪੂਰੀ ਤਰ੍ਹਾਂ ਮੁਕਤ ਹੈ ਤੇ ਤੜਕ-ਫੜਕ ਤੋਂ ਬੇ-ਨਿਆਜ਼।”
ਜੈਕਮਾਊਂਟ ਨੇ ਆਪਣੀ ਡਾਇਰੀ ਵਿਚ ਲਿਖਿਆ: ... ਉਹ ਕਮਾਲ ਦਾ ਇੰਡੀਅਨ ਹੈ। ਹਰ ਗੱਲ ਜਾਨਣੀ ਚਾਹੁੰਦਾ ਹੈ। ਉਹ ਹੈਰਾਨ ਕਰਨ ਵਾਲੇ ਸੁਆਲ ਪੁੱਛਦਾ ਹੈ। ਅੰਗਰੇਜ਼ਾਂ ਬਾਰੇ, ਨਪੋਲੀਅਨ ਬਾਰੇ, ਰੂਸ ਬਾਰੇ, ਯੂਰਪ ਬਾਰੇ, ਸੰਸਾਰ ਬਾਰੇ, ਅਗਲੀ ਦੁਨੀਆ ਬਾਰੇ, ਸਵਰਗ ਬਾਰੇ, ਨਰਕ ਬਾਰੇ, ਰੱਬ ਬਾਰੇ, ਸ਼ੈਤਾਨ ਬਾਰੇ ...।”
ਰਾਤ ਨੂੰ ਜੰਗਲ ਵਿਚ ਭਟਕਦੀ ਸ਼ੇਰਨੀ ਰੋ ਰਹੀ ਸੀ। ਮਹਾਰਾਜਾ ਸ਼ਿਕਾਰ ਖੇਡਣ ਪਿੱਛੋਂ ਆਪਣੇ ਤੰਬੂ ਵਿਚ ਸੌਣ ਦੀ ਤਿਆਰੀ ਕਰ ਰਿਹਾ ਸੀ। ਸੈਨਿਕ ਨੇ ਦੱਸਿਆ, “ਸ਼ੇਰ ਦਾ ਜਿਹੜਾ ਬੱਚਾ ਅਸੀਂ ਪਕੜਿਆ ਹੈ, ਇਹ ਰੋਂਦੀ ਆਵਾਜ਼ ਇਸ ਬੱਚੇ ਦੀ ਮਾਂ ਦੀ ਹੈ।”
“ਔਹ, ਇਸ ਬੱਚੇ ਦੀ ਮਾਂ!” ਕੂਲਾ ਜਿਹਾ ਬਲੂੰਗੜਾ ਬੱਚਾ ਮਹਾਰਾਜੇ ਦੇ ਕੋਲ ਸੀ।
“ਹਾਂ ਮਹਾਰਾਜ, ਏਧਰ ਓਧਰ ਭਟਕ ਰਹੀ ਹੈ ਤੇ ਕੁਰਲਾ ਰਹੀ ਹੈ।”
“ਆਖ਼ਰ ਮਾਂ ਹੈ ਨਾ। ਬੱਚੇ ਲਈ ਤੜਪ ਰਹੀ ਹੈ।” ਰਣਜੀਤ ਸਿੰਘ ਨੇ ਜਿਵੇਂ ਅੰਦਰਲੇ ਨੂੰ ਕਿਹਾ। ਫਿਰ ਬੋਲਿਆ, “ਬੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਦੇ ਲਾਗੇ ਛੱਡ ਦਿਓ।”
ਸੈਨਿਕ ਬੱਚੇ ਦੇ ਬਹਾਨੇ ਸ਼ੇਰਨੀ ਵੀ ਕਾਬੂ ਕਰਨਾ ਚਾਹੁੰਦੇ ਸਨ ਪਰ ਸੂਰਜ ਦੀ ਅੱਖ ਵੇਖ ਕੇ ਡਰ ਗਏ।
ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਰਾਜ ਕੀਤਾ ਜਿਸ ਦੇ ਰਾਜ ਦਾ ਖੇਤਰਫਲ ਡੇਢ ਲੱਖ ਵਰਗ ਮੀਲ ਦੇ ਕਰੀਬ ਸੀ। ਜੇ ਉਹ ਆਪਣੇ ਨਿੱਜੀ ਜੀਵਨ ਵਿਚ ਸੰਜਮ ਅਤੇ ਸਵੈਕਾਬੂ ਰੱਖਦਾ ਅਤੇ ਆਪਣੀਆਂ ਇਤਿਹਾਸਕ ਜ਼ਿੰਮੇਵਾਰੀਆਂ ਵੱਲ ਉਚੇਚਾ ਧਿਆਨ ਦਿੰਦਾ ਤਾਂ ਸ਼ਾਇਦ ਕੌਮੀ ਦੁਖਾਂਤ ਤੋਂ ਅਤੇ ਰਾਜਨੀਤਕ ਹਾਰ ਤੋਂ ਬਚਿਆ ਜਾ ਸਕਦਾ ਸੀ। ਆਪਣੇ ਜੀਵਨ ਕਾਲ ਵਿਚ ਮਹਾਰਾਜੇ ਨੇ ਆਪਣੇ ਆਪ ਨੂੰ ਕੌਮ ਅਤੇ ਪਰਜਾ ਦਾ ਸੇਵਕ ਸਮਝਿਆ। ਉਸ ਨੇ ਰਾਜਨੀਤਕ ਆਦਰਸ਼ਾਂ ਵਿਚ ਉਸ ਖ਼ਾਲਸਾਈ-ਤੰਤਰ ਨੂੰ ਸਨਮੁੱਖ ਰੱਖਣ ਦਾ ਵਿਖਾਵਾ ਤਾਂ ਕੀਤਾ, ਪਰ ਉਸ ਦੇ ਨਿੱਗਰ ਤੇ ਸਥਾਈ ਅੰਸ਼ਾਂ ਵੱਲੋਂ ਅੱਖਾਂ ਮੁੰਦ ਲਈਆਂ। ਨਾ ਗੁਰਮਤੇ ਵਾਲੀ, ਨਾ ਸਾਂਝੀਵਾਲਤਾ ਵਾਲੀ ਪ੍ਰੰਪਰਾ ਕਾਇਮ ਰਹੀ, ਨਾ ਹੀ ਸਿੱਖ ਮਿਸ਼ਨ ਕਾਲ ਦੇ ਰਾਸ਼ਟਰ ਮੰਡਲ ਵਾਲੀ ਸਮੂਹਕ ਭਰਾਤਰੀ ਭਾਵਨਾ ਅੱਗੇ ਤੁਰ ਸਕੀ। ਇਸ ਦੀ ਜਗ੍ਹਾ ਸਮਰਾਟ ਦੇ ਨਿੱਜੀ ਜੀਵਨ ਉੱਤੇ ਸਭ ਸ਼ਕਤੀਆਂ ਕੇਂਦਰਿਤ ਹੋ ਗਈਆਂ ਤੇ ਖ਼ਾਲਸਾ ਰਾਜ ਇਕ ਪੁਰਖੀ ਨਿਰੰਕੁਸ਼ ਰਾਜ-ਤੰਤਰ ਦਾ ਰੂਪ ਧਾਰਨ ਕਰ ਗਿਆ। ਰਣਜੀਤ ਸਿੰਘ ਨੇ ਖ਼ਾਲਸਾ ਆਦਰਸ਼ਾਂ ਦੀ ਥਾਂ ਮੁਗ਼ਲ ਬਾਦਸ਼ਾਹਾਂ ਵਾਲੀਆਂ ਨੀਤੀਆਂ ਨੂੰ ਹੀ ਸਾਹਮਣੇ ਰੱਖਿਆ।
ਸਰ ਲੇਪਿਲ ਗਰਿਫਨ ਨੇ ਲਿਖਿਆ, “ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਬੀਜ ਬੀਜਿਆ, ਉਹੋ ਜਿਹੀ ਹੀ ਫਸਲ ਉੱਗੀ। ਪਿਤਾ ਨੇ ਖੱਟੇ ਅੰਗੂਰ ਖਾਧੇ, ਦੰਦ ਖੱਟੇ ਉਸ ਦੀ ਔਲਾਦ ਦੇ ਹੋਏ। ਸਾਰੀਆਂ ਕੋਸ਼ਿਸ਼ਾਂ ਰਾਜ ਦੀਆਂ ਹੱਦਾਂ ਅਤੇ ਫੌਜੀ ਸ਼ਕਤੀ ਵਧਾਉਣ ਵੱਲ ਲੱਗੀਆਂ ਰਹੀਆਂ। ਪਰ ਕੌਮ ਦੀ ਫ਼ਿਤਰਤ ਅਤੇ ਇਖਲਾਕ ਨੂੰ ਸੁਧਾਰਨ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਸਾਡਾ ਮਹਾਰਾਜਾ ਧਰਮੀ ਰਾਜੇ ਵਜੋਂ ਜਾਣਿਆਂ ਜਾਂਦਾ ਹੈ। ਆਪਣੇ ਰਾਜ ਕਾਲ ਵਿਚ ਉਸ ਨੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਪਰ ਇਕ ਲੈਲੀ ਘੋੜੀ ਪਿੱਛੇ ਤੇ ਕੋਹੇਨੂਰ ਪਿੱਛੇ ਉਸ ਨੇ ਹਜ਼ਾਰਾਂ ਸੈਨਿਕ ਮਰਵਾ ਘੱਤੇ।
ਨਾਵਲ ਸਮਾਪਤ ਹੋ ਕੇ ਵੀ ਸਮਾਪਤ ਨਹੀਂ ਹੁੰਦਾ। ਨਾਵਲ ਦੇ ਗਰਭ ਵਿਚ ਅਨੇਕਾਂ ਨਾਵਲ ਹੋ ਸਕਦੇ ਹਨ। ਇਤਿਹਾਸ, ਰਾਤ ਵੇਲੇ ਇਕ ਪੁਰਾਣੀ ਹਵੇਲੀ ਵਾਂਗ ਹੁੰਦਾ ਹੈ ਜਿਸ ਦੀਆਂ ਸਾਰੀਆਂ ਬੱਤੀਆਂ ਮੱਧਮ ਜਿਹੀਆਂ ਜਗਦੀਆਂ ਹੋਣ ਤੇ ਉਸ ਅੰਦਰ ਪੁਰਖੇ ਫੁਸਫਸਾ ਰਹੇ ਹੋਣ। ਨਗਰ ਵਸਦੇ ਉੱਜੜਦੇ ਰਹਿੰਦੇ ਨੇ। ਰਾਜਾਂ ਤੇ ਰਾਸ਼ਟਰਾਂ ਦੇ ਨਾਮ ਨਿਸ਼ਾਨ ਮਿਟ ਜਾਂਦੇ ਨੇ। ਸਿਰਫ਼ ਵੀਰਤਾ ਦੇ ਮਹਾਂ-ਕਾਰਜ ਸਦਾ ਯਾਦ ਰਹਿੰਦੇ ਨੇ। ਕਿਸੇ ਵੀ ਸਭਿਅਤਾ ਦਾ ਅਖ਼ੀਰ ਕਹਿਣਾ ਸੌਖਾ ਹੈ, ਪਰ ਅਖ਼ੀਰ ਵੇਖਣਾ ਬਹੁਤ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਅੰਤ ਵੀ ਬਹੁਤ ਦੁਖਦਾਈ ਸੀ। ਬੀਤ ਗਈਆਂ ਨੂੰ ਕੁਝ ਚਿਰ ਤਾਂ ਢਕਿਆ ਜਾ ਸਕਦਾ ਹੈ ਪਰ ਇਤਿਹਾਸ ਜਾਂ ਜੀਵਨ ਵਿੱਚੋਂ ਕੱਢ ਕੇ ਵੱਖ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਸੂਰਜ ਵਾਂਗ ਚਮਕਿਆ। ਸ਼ੁਹਰਤ ਦੀ ਸਿਖਰ ਵੇਲੇ ਉਸ ਵੱਲ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ ਜਾ ਸਕਦਾ। ਉਹੀ ਸੂਰਜ ਆਥਣ ਹੁੰਦਿਆਂ ਢਲ ਗਿਆ।
“ਕੀ, ਅਜਿਹੇ ਇਤਿਹਾਸ ਤੋਂ, ਸਾਡੇ ਰਹਿਬਰ, ਸਾਡੇ ਆਗੂ, ਸਾਡੇ ਨੇਤਾ, ਕੋਈ ਸਬਕ ਸਿੱਖਣਗੇ? ਜਦੋਂ ਕਿ ਉਹਨਾਂ ਨੂੰ ਪਤਾ ਹੈ, ਕੁਝ ਵੀ ਸਥਾਈ ਨਹੀਂ, ਸਿਰਫ਼ ਲੋਕਾਂ ਲਈ ਕੀਤੇ ਮਹਾਂ-ਕਾਰਜ ਹੀ ਸਦਾ ਯਾਦ ਰਹਿੰਦੇ ਹਨ। ਕੀ ਅਜਿਹੇ ਸੁਆਲ ਤੁਹਾਡੇ ਮਨਾਂ ਵਿਚ ਨਹੀਂ ਉਪਜਦੇ?”
ਇਹ ਹੈ ‘ਸੂਰਜ ਦੀ ਅੱਖ’ ਦਾ ਸਾਰ। ਅੱਖਾਂ ਖੋਲ੍ਹ ਕੇ, ਖੁੱਲ੍ਹੇ ਦਿਮਾਗ ਨਾਲ ਪੜ੍ਹਨ ਦੀ ਲੋੜ ਹੈ।
ਇਕ ਰਣਜੀਤ ਸਿੰਘ ‘ਮਹਾਰਾਜਾ’ ਸੀ, ਦੂਜਾ ਸੀ ‘ਮਨੁੱਖ’। ਉਸ ਵਿਚ ‘ਮਹਾਰਾਜਿਆਂ’ ਵਾਲੇ ਬੜੇ ਗੁਣ ਸਨ ਤੇ ‘ਮਨੁੱਖਾਂ’ ਵਾਲੇ ਕਈ ਔਗੁਣ ਵੀ ਸਨ। ਉਹ ਸੂਰਬੀਰ, ਬਹਾਦਰ, ਤੇਗਬਾਜ਼, ਨਿਆਂਕਾਰ, ਸਖ਼ੀ, ਦਾਨੀ ਤੇ ਸਿਰੇ ਦਾ ਅਯਾਸ਼ ਵੀ ਸੀ। ਰਾਣੀਵਾਸ ਵਿਚ ਰਾਣੀਆਂ, ਮਹਾਂਰਾਣੀਆਂ, ਰਖੈਲਾਂ ਤੇ ਦਾਸੀਆਂ ਸਨ। ਮਹਿਤਾਬ ਕੌਰ, ਦਾਤਾਰ ਕੌਰ, ਰੂਪ ਕੌਰ, ਲੱਛਮੀ, ਗੁੱਡਾਂ, ਰਾਜ ਬੰਸੋ, ਮੋਰਾਂ, ਗੁਲਬਹਾਰ ਬੇਗ਼ਮ, ਸੰਮਨ ਕੌਰ, ਗੁਲਾਬ ਕੌਰ ਤੇ ਅਨੇਕਾਂ ਹੋਰ ਸਨ। ਤੇ ਮਰਨ ਨੇੜੇ ਢੁੱਕੇ ਨੇ ਵਿਆਹੀ ਸੀ ਆਪਣੇ ਤੋਂ ਅੱਧੀ ਉਮਰ ਦੀ ਰਾਣੀ ਜਿੰਦਾਂ ਜਿਸ ਨੇ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਖ਼ਾਲਸਾ ਫੌਜ ਨੂੰ ਬਲਦੀ ਦੇ ਬੁੱਥੇ ਧੱਕਿਆ ਸੀ:
ਜਿਨ੍ਹਾਂ ਕੋਹਕੇ ਮਾਰਿਆ ਵੀਰ ਮੇਰਾ, ਮੈਂ ਤਾਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ,
ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ,
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ ਚੌਕ ਤੇ ਵਾਲੀਆਂ ਡੰਡੀਆਂ ਨੀ,
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਮਹਾਰਾਜੇ ਦਾ ਦਰਸ਼ਨੀ ਦਰਬਾਰ ਸੀ, ਦਰਬਾਰੀ ਸਨ, ਸੈਨਾਪਤੀ, ਜਰਨੈਲ ਤੇ ਸੱਤ ਸ਼ਹਿਜ਼ਾਦੇ ਸਨ। ਪਰ ਰਾਜ ਸੰਭਾਲਣ ਦੇ ਕਾਬਲ ਇਕ ਵੀ ਸਾਬਤ ਨਾ ਹੋਇਆ। ਅਸਾਧਾਰਨ ‘ਮਹਾਰਾਜੇ’ ਦੇ ਸਭ ਸ਼ਹਿਜ਼ਾਦੇ ਸਾਧਾਰਨ ਨਿਕਲੇ। 27 ਜੂਨ 1839 ਨੂੰ ਮਹਾਰਾਜੇ ਦਾ ਅਕਾਲ ਚਲਾਣਾ ਹੋਇਆ। ਉਹਦੀ ਚਿਖਾ ਵਿੱਚ ਚਾਰ ਰਾਣੀਆਂ, ਗੁੱਡਾਂ, ਹਰਦੇਵੀ, ਰਾਜ ਕੁੰਵਰ, ਰਾਣੀ ਬਿਨਾਲੀ ਤੇ ਸੱਤ ਦਾਸੀਆਂ, ਚੰਨੋ ਜਮਾਦਾਰਨੀ, ਬਦਾਮੋ, ਸੂਬੀ, ਚੰਨੀ, ਜਵਾਹਰੋ, ਨਾਮੋ ਕਾਲੀ ਤੇ ਭਾਨੀ ਸਤੀ ਹੋਈਆਂ। ਚਿਖਾ ਠੰਢੀ ਹੋਣ ਸਾਰ ਆਪਸੀ ਕਤਲੋਗਾਰਤ ਸ਼ੁਰੂ ਹੋ ਗਈ ...
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ, ਪਈ ਖੜਕਦੀ ਨਿੱਤ ਤਲਵਾਰ ਮੀਆਂ।
1845-46 ਵਿਚ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਤੋਂ ਸ਼ੁਰੂ ਹੋ ਕੇ 11 ਮਾਰਚ 1849 ਦੇ ਦਿਨ ਚਤਰ ਸਿੰਘ ਤੇ ਸ਼ੇਰ ਸਿੰਘ ਨੇ ਰਾਵਲਪਿੰਡੀ ਨੇੜੇ ਮੇਜਰ ਗਿਲਬਰਟ ਅੱਗੇ ਆਤਮ ਸਮਰਪਣ ਕਰ ਦਿੱਤਾ। ਜਨਰਲ ਥੈਕਵੈੱਲ ਨੇ ਲਿਖਿਆ, “ਕੁਝ ਹੰਢੇ ਤਜਰਬੇਕਾਰ ਖ਼ਾਲਸੇ ਹਥਿਆਰ ਛੱਡਣ ਲਈ ਰਾਜ਼ੀ ਨਹੀਂ ਸਨ। ਕੁਝ ਤਾਂ ਆਪਣੇ ਹੰਝੂਆਂ ਉੱਪਰ ਵੀ ਕਾਬੂ ਨਾ ਰੱਖ ਸਕੇ। ਕੁਝ ਇਕਨਾਂ ਦੇ ਚਿਹਰੇ ਘ੍ਰਿਣਾ, ਨਫਰਤ ਅਤੇ ਗੁੱਸੇ ਨਾਲ ਭਖ਼ ਰਹੇ ਸਨ। ਇਕ ਪ੍ਰੌੜ੍ਹ ਖਾਲਸੇ ਨੇ ਹਥਿਆਰ ਰੱਖਦਿਆਂ ਕਿਹਾ: ਅੱਜ ਰਣਜੀਤ ਸਿੰਘ ਮਰ ਗਿਆ!”
ਕਾਰਪੋਰੇਟ ਰਾਈਡਰ ਨੇ ਲਿਖਿਆ, “ਅਸੀਂ, ਆਤਮ ਸਮਰਪਣ ਕੀਤੇ ਕੁਝ ਸਿੱਖ ਸੈਨਿਕਾਂ ਨੂੰ ਪੁੱਛਿਆ, ਹੁਣ ਹੋਰ ਤਾਂ ਨਹੀਂ ਲੜੋਗੇ ਸਾਡੇ ਨਾਲ? ਉਹਨਾਂ ਪੂਰੇ ਜੋਸ਼ ਨਾਲ ਕਿਹਾ, ਜ਼ਰੂਰ ਲੜਾਂਗੇ, ਜੇ ਤੁਸੀਂ ਕਾਇਦੇ ਕਾਨੂੰਨ ਨਾਲ ਲੜੇ ਤਾਂ ਅਸੀਂ ਜਿੱਤਾਂਗੇ ਵੀ ਜ਼ਰੂਰ।”
30 ਮਾਰਚ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ੇ ਦਾ ਐਲਾਨ ਕਰ ਦਿੱਤਾ। ਕਿਲ੍ਹੇ ਉੱਪਰੋਂ ਖ਼ਾਲਸਾ ਰਾਜ ਦਾ ਝੰਡਾ ਉਤਾਰ ਕੇ ‘ਯੂਨੀਅਨ ਜੈਕ’ ਲਹਿਰਾ ਦਿੱਤਾ ਗਿਆ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਰਣਜੀਤ ਸਿੰਘ ‘ਧਰਮੀ ਰਾਜਾ’ ਬਣ ਕੇ ਵੀ ‘ਮਨੁੱਖੀ’ ਕਮਜ਼ੋਰੀਆਂ ਉੱਤੇ ਕਾਬੂ ਨਾ ਪਾ ਸਕਿਆ। ਸ਼ਰਾਬ, ਅਫ਼ੀਮ, ਨਾਚੀਆਂ, ਰਾਗ-ਰੰਗ, ਰੰਗ-ਰਲੀਆਂ, ਹੋਲੀਆਂ ... ਸਭ ਕੁਝ ਸੀ। ਨਾਵਲਕਾਰ ਇਹ ਸਾਰਾ ਕੁਝ ਵੇਰਵੇ ਨਾਲ ਚਿੱਤਰ ਬੈਠਾ। ਕਈਆਂ ਨੂੰ ਭਾਇਆ, ਕਈਆਂ ਨੂੰ ਨਾ ਭਾਇਆ। ਪਰ ਨਾਵਲਕਾਰ ਨੇ ਰਣਜੀਤ ਸਿੰਘ ਦਾ ਕੋਈ ਐਸਾ ਐਬ ਜ਼ਾਹਿਰ ਨਹੀਂ ਕੀਤਾ ਜੋ ਪਹਿਲਾਂ ਹੀ ਇਤਿਹਾਸਕ ਡਾਇਰੀਆਂ ਤੇ ਕਿਤਾਬਾਂ ਵਿੱਚ ਨਸ਼ਰ ਨਾ ਹੋਇਆ ਹੋਵੇ। ਵਡਿਆਈ ਵਧਾ ਕੇ ਵੀ ਕੀਤੀ ਲੱਗਦੀ ਹੈ। ਸਿੱਖ ਰਾਜ ਦੇ ਆਤਮਘਾਤ ਦਾ ਅਫ਼ਸੋਸ ਵੀ ਹੋਇਆ ਲੱਗਦਾ ਹੈ।
ਲੱਗਦਾ ਹੈ ਕਿ ਕੁਝ ਵੀਰਾਂ ਨੇ ਪੂਰਾ ਨਾਵਲ ਪੜ੍ਹਨ ਤੋਂ ਬਿਨਾਂ ਹੀ ਜਿਵੇਂ ਸਿੱਟਾ ਕੱਢ ਲਿਆ ਹੋਵੇ ਕਿ ਲੇਖਕ ਮਹਾਰਾਜੇ ਦੀ ਬਦਖੋਹੀ ਕਰ ਰਿਹਾ ਹੈ। ਹੋ ਸਕਦਾ ਹੈ ਕਿ ਉਹ ਰਣਜੀਤ ਸਿੰਘ ਨੂੰ ‘ਮਹਾਰਾਜਾ’ ਮੰਨਣ ਦੀ ਥਾਂ ਗੁਰਬਾਣੀ ਵਾਲਾ ‘ਗੁਰਸਿੱਖ’ ਮੰਨਦੇ ਹੋਣ। ਵੀਰ ਮੇਰਿਓ ਉਹ ਗੁਰਮਤਿ ਦੇ ਅਸੂਲਾਂ ’ਤੇ ਪੂਰਾ ਉੱਤਰਨ ਵਾਲਾ ‘ਗੁਰਸਿੱਖ’ ਨਹੀਂ ਸੀ। ਕੇਸ ਦਾੜ੍ਹੀ ਜ਼ਰੂਰ ਸਿੱਖਾਂ ਵਾਲੇ ਸਨ। ਕਹਾਉਂਦਾ ਵੀ ਸਿੰਘ ਸਾਹਿਬ ਸੀ। ਪਰ ਮਰਨਿਆਂ ਪਰਨਿਆਂ ਸਮੇਂ ਸਿੱਖੀ ਨਾਲੋਂ ਬ੍ਰਾਹਮਣੀ ਰਹੁ-ਰੀਤਾਂ ਭਾਰੂ ਸਨ। ਚਿਖਾ ਨੂੰ ਅਗਨੀ ਦੇਣ ਦਾ ਸਮਾਂ ਬ੍ਰਾਹਮਣਾਂ ਤੇ ਜੋਤਸ਼ੀਆਂ ਦੇ ਟੇਵੇ ਮੁਤਾਬਿਕ ਤੈਅ ਹੋਇਆ ਸੀ। ਵੀਰ ਜੀਓ, ਧੱਕੇ ਨਾਲ ਨਾ ਮਹਾਰਾਜੇ ਨੂੰ ‘ਗੁਰਮੁਖ’ ਬਣਾਈ ਜਾਓ। ਕਿਰਪਾ ਕਰ ਕੇ ਇਸ ਨਾਵਲ ਨੂੰ ਨੀਝ ਨਾਲ ਪੜ੍ਹੋ। ਆਪਾਂ ਸੁਚੇਤ ਸੰਸਾਰ ਵਿਚ ਜਿਊਂਦੇ ਹਾਂ। ਰਣਜੀਤ ਸਿੰਘ ਆਦਿ ਕਾਲ ਵਿਚ ਨਹੀਂ ਹੋਇਆ। ਅਜੇ ਕੱਲ੍ਹ ਦੀ ਤਾਂ ਗੱਲ ਹੈ। ਤੱਥ ਮੌਜੂਦ ਹਨ। ਤੱਥਾਂ ਨੂੰ ਨਜ਼ਰ ਅੰਦਾਜ਼ ਨਾ ਕਰੀਏ। ਆਲੋਚਕ ਸਹੀ ਆਲੋਚਨਾ ਕਰਨ। ਨਾਵਲ ਦੀਆਂ ਕਮੀਆਂ ਪੇਸ਼ੀਆਂ ਦਲੀਲ ਨਾਲ ਦੱਸਣ/ਸੁਣਨ ਤਾਂ ਕਿ ਸਾਰਥਕ ਬਹਿਸ ਛਿੜੇ। ਧਮਕੀਆਂ ਦੀ ਲੋੜ ਨਹੀਂ।
ਮੈਂ ਭਾਵੇਂ ਇਤਿਹਾਸ ਦਾ ਵਿਦਿਆਰਥੀ ਵੀ ਰਿਹਾ ਹਾਂ ਪਰ ਇਹ ਨਾਵਲ ਪੜ੍ਹ ਕੇ ਹੀ ਪਤਾ ਲੱਗਾ ਕਿ ਕਈ ਪੀੜ੍ਹੀਆਂ ਪਹਿਲਾਂ ਰਣਜੀਤ ਸਿੰਘ ਦੇ ਵਡੇਰੇ ਕਾਲੂ ਵੜੈਚ ਨੇ 15ਵੀਂ ਸਦੀ ਦੇ ਅੰਤ ਵਿਚ ਪਿੰਡ ਤੁੰਗ ਗੁਮਟਾਲਾ ਦੀ ਜ਼ਮੀਨ ਵਿਚ ਬਣਨ ਵਾਲੇ ਅੰਮ੍ਰਿਤਸਰ ਸਰੋਵਰ ਤੋਂ ਚਾਰ ਕੁ ਕੋਹ ਦੂਰ ਸਾਂਹਸੀ ਪਿੰਡ ਵਿਚ ਡੇਰਾ ਲਾਇਆ ਸੀ। ਸਾਂਹਸੀ ਉਦੋਂ ਧਾੜਵੀਆਂ, ਰਾਹਮਾਰਾਂ, ਚੋਰਾਂ, ਠੱਗਾਂ, ਡਾਕੂਆਂ, ਕਾਤਲਾਂ ਤੇ ਮੁਖਬਰਾਂ ਦੇ ਪਿੰਡ ਵਜੋਂ ਬਦਨਾਮ ਸੀ। ਉਦੋਂ ਕੋਈ ਨਹੀਂ ਸੀ ਜਾਣਦਾ ਸੀ ਕਿ ਕਾਲੂ ਵੜੈਚ ਦਾ ਕੋਈ ਵਾਰਸ 19ਵੀਂ ਸਦੀ ਵਿੱਚ ਪੰਜਾਬ ਦਾ ਮਹਾਰਾਜਾ ਬਣੇਗਾ? ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਹੋਇਆ। ਪੰਜਾਬ ਉਦੋਂ ਬਾਰਾਂ ਮਿਸਲਾਂ ਵਿਚ ਵੰਡਿਆ ਹੋਇਆ ਸੀ। ਰਣਜੀਤ ਸਿੰਘ ਦੇ 5 ਸਾਲ ਦੀ ਉਮਰ ਵਿਚ ਮਾਤਾ ਨਿਕਲ ਆਈ ਸੀ ਜਿਸ ਨਾਲ ਖੱਬੀ ਅੱਖ ਮਾਰੀ ਗਈ ਸੀ ਤੇ ਸਾਂਵਲੇ ਮੂੰਹ ਉੱਤੇ ਮਾਤਾ ਦੇ ਡੂੰਘੇ ਦਾਗ ਪੈ ਗਏ ਸਨ। ਉਹ ਅੱਥਰਾ ਬਾਲਕ ਸੀ ਜਿਸ ਨੂੰ ਤਲਵਾਰਬਾਜ਼ੀ ਤੇ ਘੋੜ ਸਵਾਰੀ ਦਾ ਸ਼ੌਕ ਸੀ। ਦਸਾਂ ਕੁ ਸਾਲਾਂ ਦੀ ਉਮਰ ਵਿਚ ਹੀ ਉਹ ਅੱਥਰੇ ਘੋੜਿਆਂ ਉੱਪਰ ਸਵਾਰੀ ਕਰਨੋ ਨਹੀਂ ਸੀ ਝਿਜਕਦਾ। ਉਸ ਨੇ ਮੌਲਵੀ ਤੋਂ ਫਾਰਸੀ ਤੇ ਭਾਈ ਜੀ ਤੋਂ ਗੁਰਮੁਖੀ ਕੇਵਲ ਦਸਤਖ਼ਤ ਕਰਨ ਜੋਗੀ ਹੀ ਸਿੱਖੀ। ਉਸ ਦਾ ਪਿਤਾ ਮਹਾਂ ਸਿੰਘ 27 ਸਾਲ ਦੀ ਜੁਆਨ ਉਮਰ ਵਿਚ ਹੀ ਚਲਾਣਾ ਕਰ ਗਿਆ।
ਜਦੋਂ ਕੁ ਵੜੈਚ ਕਾਲੂ ਸਾਂਹਸੀ ਪਿੰਡ ਵਿਚ ਆ ਵਸਿਆ ਉਦੋਂ ਕੁ ਹੀ ਰਾਏ ਭੋਏ ਦੀ ਤਲਵੰਡੀ ਵਿਚ ਮਹਿਤਾ ਕਾਲੂ ਦੇ ਘਰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਸਾਹਿਬਾਨ ਦੀਆਂ ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਤਕ ਚੱਲੀਆਂ। ਮੁਗ਼ਲ ਬਾਦਸ਼ਾਹ ਬਾਬਰ ਤੋਂ ਔਰੰਗਜ਼ੇਬ ਤਕ ਅੱਪੜ ਗਏ। ਕਾਲੂ ਵੜੈਚ ਦੀ ਮੌਤ 1488 ਵਿਚ ਹੋਈ। ਉਹਦੀ ਵੰਸ਼ ਅੱਗੇ ਤੁਰਦੀ ਹੋਈ ਜਾਦੋ, ਗੁਲਾਬਾ, ਕਿੱਡੋ, ਰਾਜਦੇਵ, ਤਖਤ ਮੱਲ, ਬਾਰਾ, ਬੁੱਧਾ ਤਕ ਅੱਪੜ ਗਈ। ਬੁੱਧਾ 1699 ਵਿਚ ਅੰਮ੍ਰਿਤ ਛਕ ਕੇ ਬੁੱਧ ਸਿੰਘ ਬਣ ਗਿਆ। ਬੁੱਧ ਸਿੰਘ ਦਾ ਨੌਧ ਸਿੰਘ ਤੇ ਨੌਧ ਸਿੰਘ ਦਾ ਚੜ੍ਹਤ ਸਿੰਘ। ਚੜ੍ਹਤ ਸਿੰਘ ਦਾ ਮਹਾਂ ਸਿੰਘ ਤੇ ਮਹਾਂ ਸਿੰਘ ਦਾ ਰਣਜੀਤ ਸਿੰਘ। ਸ਼ੁਕਰਚੱਕੀਆ ਮਿਸਲ ਦਾ ਮਾਲਕ। ਜੋ ਸਿੱਖ ਮਿਸਲਾਂ, ਮੁਗ਼ਲਾਂ, ਅਫਗ਼ਾਨਾਂ, ਪਠਾਣਾਂ, ਡੋਗਰਿਆਂ ਤੇ ਪਹਾੜੀ ਰਾਜਿਆਂ ਨੂੰ ਪਤਿਆ ਕੇ ਜਾਂ ਲੜਾਈ ਦੇ ਮੈਦਾਨ ਵਿਚ ਹਰਾ ਕੇ ਵਿਸ਼ਾਲ ਰਾਜ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਬਣਿਆ।
ਜਿਸ ਨੇ ਪੰਜਾਬ ਦੇ ਇਤਿਹਾਸ ਨੂੰ, ਸਿੱਖ ਕੌਮ ਦੇ ਇਤਿਹਾਸ ਨੂੰ ਅਤੇ ‘ਮਹਾਰਾਜੇ’ ਤੇ ‘ਗੁਰਸਿੱਖ’ ਵਿਚਲੇ ਫਰਕ ਨੂੰ ਚੰਗੀ ਤਰ੍ਹਾਂ ਸਮਝਣਾ ਹੈ, ਉਹ ਇਸ ਨਾਵਲ ਨੂੰ ਨੀਝ ਨਾਲ ਪੜ੍ਹੇ। ‘ਸੂਰਜ ਦੀ ਅੱਖ’ ਅੱਖਾਂ ਖੋਲ੍ਹਣ ਵਾਲਾ ਨਾਵਲ ਹੈ। ਅਜਿਹਾ ਨਾਵਲ ਕਿਸੇ ਹੋਰ ਦੇਸ਼/ਕੌਮ ਦੀ ਭਾਸ਼ਾ ਵਿਚ ਲਿਖਿਆ ਹੁੰਦਾ ਤਾਂ ਵੱਡੇ ਤੋਂ ਵੱਡੇ ਇਨਾਮ ਲਈ ਵਿਚਾਰਿਆ ਜਾਂਦਾ। ਕਾਸ਼! ਸਾਡੇ ਅਜੋਕੇ ‘ਪੰਜਾਬੀ’ ਜਾਂ ਕਹਿ ਲਓ ਰਣਜੀਤ ਸਿੰਘ ਦੇ ‘ਵਾਰਸ’, ਮਹਾਰਾਜਾ ਰਣਜੀਤ ਸਿੰਘ ਵਾਂਗ ਕਲਾਕਾਰਾਂ ਦੀ ਕਦਰ ਕਰਨੀ ਸਿੱਖ ਜਾਣ।
ਬਲਦੇਵ ਸਿਅ੍ਹਾਂ, ਤੇਰੀ ਮਿਹਨਤ ਤੇ ਨਾਵਲਕਾਰੀ ਨੂੰ ਸਲੂਟ! ਸੁਣਿਐਂ, ਹੁਣ ਤੂੰ ਹੋਰ ਇਤਿਹਾਸਕ ਨਾਵਲ ਲਿਖਣ ਤੋਂ ਤੋਬਾ ਕਰ ਲਈ ਹੈ। ਤੈਨੂੰ ਪਰੇਸ਼ਾਨ ਜੁ ਕੀਤਾ ਗਿਆ ਅਤੇ ਕੀਤਾ ਜਾ ਰਿਹੈ। ਆਪੋ ਆਪਣੀ ਸੋਚ ਹੈ। ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਆਪਣੇ ਆਪ ਨੂੰ ਨਿਰਬਲ ਬਿਲਕੁਲ ਨਾ ਸਮਝੀਂ। ਹਜ਼ਾਰਾਂ/ਲੱਖਾਂ ਪਾਠਕ ਤੇਰੇ ਨਾਲ ਹਨ। ਵੇਖੀਂ ਕਿਤੇ ਗੁਰੂ ਨਾਨਕ ਦੇਵ ਜੀ ਵੱਲੋਂ ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ ਦੀ ਪਾਈ ਪਿਰਤ ਤੋਂ, ਮੂੰਹ ਨਾ ਮੋੜ ਬੈਠੀਂ। ਸਿੱਖ ਇਤਿਹਾਸ ਦੇ ਸੂਰਬੀਰਾਂ ਤੇ ਮਹਾਂਨਾਇਕਾਂ ਦੇ ਚਿਹਰਿਆਂ ਨੂੰ ਜਿਹੜੀ ਗਰਦ ਨਾਲ ਢਕ ਦਿੱਤਾ ਗਿਆ ਹੈ ਉਸ ਨੂੰ ਝਾੜ ਪੂੰਝ ਕੇ ਮੁੜ ਉੱਜਲਾ ਕਰਨ ਦਾ ਕਾਰਜ ਜਾਰੀ ਰੱਖੀਂ। ਅਗਿਆਨ ਅੱਗੇ ਗਿਆਨ ਦਾ ਗੋਡੇ ਟੇਕ ਜਾਣਾ ਗੁਰਬਾਣੀ ਦਾ ਸੰਦੇਸ਼ ਨਹੀਂ।
*****
(955)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)