SarwanSingh7ਜੇ ਸਾਡੀਆਂ ਗੱਲਾਂ ਸੱਚੀਆਂ ਨਾ ਹੋਈਆਂ ਤਾਂ ਬੇਸ਼ੱਕ ਸਾਡਾ ਮੂੰਹ ਕਾਲਾ ...
(15 ਜੂਨ 2018)

 

2007 ਵਿਚ ਪ੍ਰਕਾਸ਼ਤ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂਡਾ ਭੰਨ ਰਿਹਾ ਹਾਂਫਿਰ ਬਿੱਲੀ ਥੈਲਿਓਂ ਬਾਹਰ ਆ ਗਈ ਅਤੇ ਅਨੇਕਾਂ ਖਿਡਾਰੀਆਂ ਦੇ ਡਰੱਗੀ ਹੋਣ ਦੀ ਗੁੱਝੀ ਗੱਲ ਜੱਗ ਜ਼ਾਹਿਰ ਹੋ ਗਈਕੈਨੇਡਾ ਤੇ ਇੰਗਲੈਂਡ ਦੇ ਕਬੱਡੀ ਸੀਜ਼ਨ-2008 ਵਿਚ ਖੇਡੇ ਢਾਈ ਸੌ ਖਿਡਾਰੀਆਂ ਵਿੱਚੋਂ 119 ਖਿਡਾਰੀ ਡਰੱਗੀ ਨਿਕਲੇ! 2014 ਵਿਚ ਕਿਤਾਬ ‘ਕਿੱਸਾ ਕਬੱਡੀ ਦਾ’ ਵਿਚ ‘ਕਬੱਡੀ ਨੂੰ ਡਰੱਗ ਦਾ ਕੋਹੜ’ ਕਾਂਡ ਲਿਖਿਆ ਤਾਂ ਸਾਰਾ ਹੀਜ ਪਿਆਜ਼ ਹੀ ਨੰਗਾ ਹੋ ਗਿਆ

ਸਿਹਤਮਾਰੂ ਸਟੀਰੌਇਡਜ਼ ਲੈਣ ਦਾ ਇਹ ਕੋਹੜ ਪੰਜਾਬ ਵਿੱਚੋਂ ਲੱਗਾ ਜਿੱਥੇ ਦਰਜਨਾਂ ਕਬੱਡੀ ਅਕੈਡਮੀਆਂ ਚੱਲ ਰਹੀਆਂ ਹਨਉਨ੍ਹਾਂ ਦੇ ਤਿੰਨ ਗੁੱਟ ਹਨਇਕ ਨੂੰ ਅਕੈਡਮੀਆਂ ਦੀ ਫੈਡਰੇਸ਼ਨ ਕਿਹਾ ਜਾਂਦਾ ਹੈ, ਦੂਜੀ ਨੂੰ ਅਕੈਡਮੀਆਂ ਦੀ ਐਸੋਸੀਏਸ਼ਨ ਤੇ ਤੀਜੀ ਪੰਜਾਬ ਕਬੱਡੀ ਐਸੋਸੀਏਸ਼ਨਤਿੰਨੇ ਗਰੁੱਪ ਸੌ ਤੋਂ ਵੱਧ ‘ਕਬੱਡੀ ਕੱਪ’ ਖੇਡਦੇ ਹਨ ਪਰ ਕਿਤੇ ਵੀ ਡੋਪ ਟੈੱਸਟ ਨਹੀਂ ਹੁੰਦੇਉਂਜ ਕਬੱਡੀ ਕੱਪਾਂ ਦਾ ਖਰਚਾ ਦਸ ਬਾਰਾਂ ਕਰੋੜ ਰੁਪਏ ਤੋਂ ਵੀ ਵੱਧ ਹੋ ਜਾਂਦਾ ਹੈਅੰਦਾਜ਼ਾ ਹੈ ਕਿ ਕਬੱਡੀ ਦੇ ਖਿਡਾਰੀ ਇਕ ਕਰੋੜ ਤੋਂ ਵੱਧ ਰੁਪਏ ਸਿਹਤ ਮਾਰੂ ਡਰੱਗਾਂ ਉੱਤੇ ਖਰਚਦੇ ਹਨ ਜਿਨ੍ਹਾਂ ਨਾਲ ਡਰੱਗ ਦਾ ਧੰਦਾ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੁੰਦੇ ਹਨ

ਇਉਂ ਖੁੱਲ੍ਹਾ ਸੀ ਭੇਤ

2006 ਵਿਚ ਮੈਂ ਵਿਨੀਪੈੱਗ ਦਾ ਟੂਰਨਾਮੈਂਟ ਭੁਗਤਾਅ ਕੇ ਟੋਰਾਂਟੋ ਮੁੜ ਰਿਹਾ ਸਾਂਉਸੇ ਜਹਾਜ਼ ਵਿਚ ਕਬੱਡੀ ਦੇ ਕੁਝ ਖਿਡਾਰੀ ਵੀ ਸਵਾਰ ਸਨਜਹਾਜ਼ ਚੜ੍ਹਾਉਣ ਆਏ ਮਿੱਤਰਾਂ ਨੇ ਉਨ੍ਹਾਂ ਨੂੰ ਖੁਆ ਪਿਆ ਕੇ ਵਿਦਾ ਕੀਤਾ ਸੀਨਸ਼ੇ ਵਿਚ ਗੱਲਾਂ ਕਰਦੇ ਉਹ ਡਰੱਗ ਲੈਣ ਵਾਲੇ ਕਬੱਡੀ ਖਿਡਾਰੀਆਂ ਦੇ ਕਿੱਸੇ ਤੋਰ ਬੈਠੇਮੇਰੇ ਲਈ ਉਨ੍ਹਾਂ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਸਨਉਹ ਵਿਸਕੀ ਪੀਂਦੇ ਕਹੀ ਜਾਣ, “ਅਸੀਂ ਤਾਂ ਜੀ ਆਹੀ ਮਾੜੀ ਮੋਟੀ ਪੀਣ ਦੇ ਸ਼ੁਕੀਨ ਆਂਸਾਡੇ ਨਾਲ ਦੇ ਖਿਡਾਰੀ ਮੱਝਾਂ ਦਾ ਦੁੱਧ ਲਾਹੁਣ ਤੇ ਘੋੜਿਆਂ ਨੂੰ ਭਜਾਉਣ ਵਾਲੇ ਟੀਕੇ ਲਾਈ ਜਾਂਦੇ ਆ! ਕਹਿੰਦੇ ਆ ਹੁਣ ਸਾਡੇ ਵਿੱਚ ਘੋੜੇ ਜਿੰਨੀ ਤਾਕਤ ਹੋਗੀ!”

ਹਵਾਈ ਸਫ਼ਰ ਦੌਰਾਨ ਉਹ ਡਰੱਗ ਲੈਣ ਵਾਲੇ ਖਿਡਾਰੀਆਂ ਦੇ ਕਾਰਨਾਮੇ ਸੁਣਾਉਂਦੇ ਆਏਮੈਨੂੰ ਇਹ ਵੀ ਕਹਿੰਦੇ ਆਏ ਕਿ ਉਨ੍ਹਾਂ ਬਾਰੇ ਜ਼ਰੂਰ ਲਿਖੋ ਪਰ ਸਾਡਾ ਨਾਂ ਨਾ ਲਿਖਿਓਜੇ ਸਾਡੀਆਂ ਗੱਲਾਂ ਸੱਚੀਆਂ ਨਾ ਹੋਈਆਂ ਤਾਂ ਬੇਸ਼ੱਕ ਸਾਡਾ ਮੂੰਹ ਕਾਲਾ ਕਰ ਦਿਓ! ਫਿਰ ਮੈਂ ਲੇਖ ਲਿਖਿਆ: ਕਬੱਡੀ ਨੂੰ ਡਰੱਗ ਦਾ ਜੱਫਾ

ਇਉਂ ਸ਼ੁਰੂ ਹੋਇਆ ਸੀ ਡੋਪ ਟੈੱਸਟ

1960 ਵਿਚ ਰੋਮ ਦੀਆਂ ਓਲੰਪਿਕ ਖੇਡਾਂ ਦੌਰਾਨ ਡਰੱਗ ਲੈਣ ਵਾਲੇ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ ਸੀਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਪੜਤਾਲ ਕਰ ਕੇ ਉਨ੍ਹਾਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਜੋ ਖਿਡਾਰੀਆਂ ਲਈ ਘਾਤਕ ਹਨਉਹ ਦਵਾਈਆਂ ਖਿਡਾਰੀਆਂ ਲਈ ਵਰਜਿਤ ਕੀਤੀਆਂ ਗਈਆਂਉਦੋਂ ਤੋਂ ਡੋਪ ਟੈੱਸਟ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਵਰਜਿਤ ਦਵਾਈਆਂ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਹਨ ਤੇ ਉਨ੍ਹਾਂ ਉੱਤੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦੀ ਪਾਬੰਦੀ ਲਾ ਦਿੱਤੀ ਜਾਂਦੀ ਹੈਉਨ੍ਹਾਂ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਤੇ ਖੇਡ ਰਿਕਾਰਡਾਂ ਵਿੱਚੋਂ ਉਨ੍ਹਾਂ ਦਾ ਨਾਂ ਮੇਟ ਦਿੱਤਾ ਜਾਂਦਾ ਹੈਕੈਨੇਡਾ ਦੇ ਦੌੜਾਕ ਬੈੱਨ ਜੌਹਨਸਨ, ਅਮਰੀਕਾ ਦੀ ਦੌੜਾਕ ਮੇਰੀਅਨ ਜੋਨਜ਼, ਆਇਰਲੈਂਡ ਦੀ ਮੀਸ਼ੇਲ ਸਮਿੱਥ ਤੇ ਹੋਰ ਕਈ ਚੋਟੀ ਦੇ ਖਿਡਾਰੀ ਡਰੱਗ ਲੈਣ ਦੀ ਸਜ਼ਾ ਭੁਗਤਦੇ ਰਹੇ ਹਨਉਡਣ ਪਰੀ ਮੇਰੀਅਨ ਜੋਨਜ਼ ਨੂੰ ਤਾਂ ਜੇਲ੍ਹ ਵੀ ਜਾਣਾ ਪਿਆ ਸੀ

ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚੋਂ ਤਿੰਨ ਗੋਲਡ ਮੈਡਲ ਜਿੱਤਣ ਵਾਲੀ ਦੌੜਾਕ ਫਲੋਰੈਂਸ ਗ੍ਰਿਫਤ ਜਾਏਨਰ ਡਰੱਗ ਤੇ ਲੱਗੀ ਹੋਈ ਸੀਡੋਪ ਟੈੱਸਟ ਤੋਂ ਪਹਿਲਾਂ ਉਹ ਅਜਿਹੀ ਦਵਾਈ ਲੈ ਲੈਂਦੀ ਸੀ ਜਿਸ ਨਾਲ ਡੋਪ ਟੈੱਸਟ ਵਿਚ ਫੜੀ ਨਹੀਂ ਸੀ ਜਾਂਦੀਉਹ ਡੋਪ ਟੈੱਸਟ ਕਰਨ ਵਾਲਿਆਂ ਨੂੰ ਤਾਂ ਧੋਖਾ ਦਿੰਦੀ ਰਹੀ ਪਰ ਮੌਤ ਨੇ ਧੋਖਾ ਨਾ ਖਾਧਾਮੌਤ ਨੇ ਉਸ ਨੂੰ ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਹੀ ਦਬੋਚ ਲਿਆਮੈਡਲ ਤਾਂ ਉਸ ਨੇ ਬੜੇ ਜਿੱਤੇ ਤੇ ਬੱਲੇ ਬੱਲੇ ਵੀ ਬੜੀ ਕਰਾਈ ਪਰ ਜਿੰਨੀ ਬੁਰੀ ਤਰ੍ਹਾਂ ਉਹ ਮਰੀ, ਉਹਦਾ ਦੁੱਖ ਉਹੀ ਜਾਣਦੀ ਸੀ

ਡਰੱਗ ਦੇ ਟੀਕੇ, ਕੈਪਸੂਲ ਤੇ ਪਾਊਡਰ

ਕਬੱਡੀ ਦੇ ਜਿਹੜੇ ਖਿਡਾਰੀ ਮੈਚ ਜਿੱਤਣ ਦੇ ਮੂਡ ਵਿਚ ਵੇਖਾ ਵੇਖੀ ਨਸ਼ੇ ਦੇ ਟੀਕੇ ਲੁਆਈ, ਕੈਪਸੂਲ ਲਈ ਤੇ ਪਾਊਡਰ ਪੀਈ ਜਾਂਦੇ ਹਨ ਉਨ੍ਹਾਂ ਨੂੰ ਪਤਾ ਉਦੋਂ ਲੱਗੇਗਾ ਜਦੋਂ ਨਿਪੁੰਸਕ ਹੋ ਗਏਜਿਹੜੇ ਐਨਾਬੌਲਿਕ ਸਟੇਰੌਇਡਜ਼ ਦਸਾਂ ਦਿਨਾਂ ਵਿਚ ਵੀਹ ਪੌਂਡ ਭਾਰ ਵਧਾਉਂਦੇ ਨੇ ਉਨ੍ਹਾਂ ਦੀ ਫੂਕ ਨਿਕਲਣ ਲੱਗਿਆਂ ਵੀ ਦਸ ਦਿਨ ਨਹੀਂ ਲੱਗਦੇ‘ਸਪੀਡ ਪਾਊਡਰ’ ਗਿਣਤੀ ਦੀਆਂ ਕਬੱਡੀਆਂ ਹੀ ਸਪੀਡ ਨਾਲ ਪੁਆਉਂਦਾ ਹੈ, ਜੋ ਮਗਰੋਂ ਹਿੱਲਣ ਜੋਗਾ ਵੀ ਨਹੀਂ ਛੱਡਦਾਭੇਤੀ ਬੰਦੇ ਚਿਹਰਾ ਵੇਖ ਈ ਬੁੱਝ ਲੈਂਦੇ ਹਨ ਕਿ ਜੁਆਨ ਡਰੱਗ ਤੇ ਲੱਗ ਚੁੱਕਾ ਹੈ!

ਐਨਾਬੌਲਿਕ ਸਟੇਰੌਇਡਜ਼ ਦਾ ਇਕ ਹਾਰਮੋਨ ਟੈੱਸਟੋਸਟੈਰੌਨ ਹੈਤਾਕਤ ਦੇਣ ਵਾਲੇ ਇਸ ਹਾਰਮੋਨ ਦੇ ਕਈ ਦੁਰਪ੍ਰਭਾਵ ਹਨਇਸ ਨਾਲ ਮੱਸਲ ਵਧ ਸਕਦੇ ਹਨ, ਮਰਦਾਨਾ ਸ਼ਕਤੀ ਘਟ ਸਕਦੀ ਹੈ ਅਤੇ ਅੰਡਕੋਸ਼ ਸਪਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨਕਿਸੇ ਦੇ ਗੰਜ ਪੈ ਸਕਦਾ ਹੈ, ਕਿਸੇ ਦੇ ਵਾਲ ਵਧ ਸਕਦੇ ਤੇ ਕਿਸੇ ਦੇ ਝੜ ਸਕਦੇ ਹਨਮੂੰਹ ਤੇ ਫਿਣਸੀਆਂ ਤੇ ਜਿਗਰ ਦਾ ਕੈਂਸਰ ਹੋ ਸਕਦਾ ਹੈਮਾੜਾ ਕਲੈਸਟਰੋਲ ਵਧ ਸਕਦਾ ਹੈ, ਬੰਦਾ ਗੁੱਸੇਖੋਰਾ ਤੇ ਧੱਕੜ ਬਣ ਸਕਦਾ ਹੈਉਹ ਗੁੰਮ ਸੁੰਮ ਤੇ ਡਰੱਗ ਦਾ ਗ਼ੁਲਾਮ ਵੀ ਹੋ ਸਕਦਾ ਹੈਟੀਕੇ ਦੀ ਸੂਈ ਨਾਲ ਲਾਗ ਦੀ ਬਿਮਾਰੀ ਲੱਗ ਸਕਦੀ ਹੈ, ਏਡਜ਼ ਤੇ ਹੈਪੀਟਾਈਟਸ ਹੋ ਸਕਦੀ ਹੈਮਰਦ ਲਈ ਵੱਡਾ ਮਿਹਣਾ ਹੈ ਨਾਮਰਦ ਹੋ ਜਾਣਾਕਈ ਖਿਡਾਰੀ ਕੱਪ ਜਿੱਤਦੇ-ਜਿੱਤਦੇ ਪਤਨੀਆਂ ਹਾਰ ਬੈਠੇ ਹਨ!

ਕਬੱਡੀ ਦੇ ਖਿਡਾਰੀਆਂ ਨੂੰ ਟੀਕਿਆਂ ਤੇ ਲਾਉਣ ਵਿੱਚ ਕਈ ਨੀਮ ਹਕੀਮਾਂ ਨੇ ਲੱਖਾਂ ਰੁਪਈਏ ਬਣਾਏ ਹਨਮੱਸਲ ਬਣਾਉਣ ਦੇ ਟੀਕੇ ਪ੍ਰਚਲਤ ਕਰਨ ਵਾਲਾ ਇਕ ਭਲਵਾਨ ਖ਼ੁਦ ਚੱਲ ਵਸਿਆ ਹੈਮੀਫੈਂਟਰਮਾਈਨ ਟੀਕੇ ਦਾ ਨਾਂ ਹੀ ‘ਮੌਕੇ’ ਦਾ ਟੀਕਾ ਪੱਕ ਗਿਆ ਹੈਕਬੱਡੀ ਦੀਆਂ ਕੁਝ ਕਥਿਤ ਅਕੈਡਮੀਆਂ ਵਿੱਚ ਕਬੱਡੀ ਦੀ ਕੋਚਿੰਗ ਨਾਲੋਂ ਟੀਕੇ ਲਾਉਣ ਦੀ ਕੋਚਿੰਗ ਵੱਧ ਮਿਲਦੀ ਹੈ! ਕਈ ਕੋਚਾਂ ਨੇ ਇਹਦਾ ਨਾਂ ‘ਸਪਲੀਮੈਂਟ ਡਾਈਟ’ ਰੱਖਿਆ ਹੈਚੋਰਾਂ ਨੂੰ ਫੜਨ ਨਾਲ ਮਾਵਾਂ ਵੀ ਫੜਨੀਆਂ ਚਾਹੀਦੀਆਂ ਹਨ ਜਿਹੜੀਆਂ ਚੋਰਾਂ ਨੂੰ ਜਨਮ ਦਿੰਦੀਆਂ ਹਨਜਿੱਥੋਂ ਇਹ ਡਰੱਗਾਂ ਸਪਲਾਈ ਹੁੰਦੀਆਂ ਹਨ, ਉੱਥੇ ਵੀ ਛਾਪੇ ਮਾਰਨੇ ਚਾਹੀਦੇ ਹਨ

ਕਬੱਡੀ ਖਿਡਾਰੀਆ ਦੇ ਡੋਪ ਟੈੱਸਟ

ਜਦੋਂ ਕਬੱਡੀ ਨੂੰ ਲੱਗੇ ਡਰੱਗ ਦੇ ਕੋਹੜ ਨੂੰ ਵਾਰ ਵਾਰ ਕਬੱਡੀ ਫੈਡਰੇਸ਼ਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਮਤੇ ਪਾਸ ਕੀਤੇ ਗਏ ਕਿ ਕੈਨੇਡਾ ਤੇ ਇੰਗਲੈਂਡ ਵਿਚ 2007 ਦਾ ਕਬੱਡੀ ਸੀਜ਼ਨ ਡੋਪ ਟੈੱਸਟ ਕਰਾ ਕੇ ਹੀ ਖਿਡਾਇਆ ਜਾਵੇਗਾਪਰ ਉਹਦੇ ਉੱਤੇ ਅਮਲ ਨਾ ਕੀਤਾ ਗਿਆਬਹੁਤੇ ਕਲੱਬਾਂ ਨੇ ਵੋਟ ਪਾ ਦਿੱਤੀ ਕਿ ਡੋਪ ਟੈੱਸਟ ਕਰਾਉਣੇ ਰਹਿਣ ਦਿਓ ਕਿਉਂਕਿ ਖਿਡਾਰੀ ਮਸਾਂ ਕੈਨੇਡਾ/ਇੰਗਲੈਂਡ ਸੱਦੇ ਨੇ! ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਜਿਨ੍ਹਾਂ ਖਿਡਾਰੀਆਂ ਨੇ ਡਰਦਿਆਂ ਟੀਕੇ ਲਾਉਣੇ ਛੱਡ ਦਿੱਤੇ ਸਨ ਉਹ ਦੁਬਾਰਾ ਲਾਉਣ ਲੱਗ ਪਏ ਤੇ ਪਿੱਛੇ ਤਾਰਾਂ ਖੜਕਾ ਦਿੱਤੀਆਂ ਪਈ ਇੱਥੇ ਤਾਂ ਹਰੀ ਝੰਡੀ ਐ! ਆਉਣ ਵਾਲੇ ਮਾਲ ਮੱਤਾ ਲਈ ਆਉਣ ਕਿਉਂਕਿ ਕੈਨੇਡਾ ਵਿੱਚ ਮਿਲਦਾ ਨਹੀਂ ਜਾਂ ਬਹੁਤ ਮਹਿੰਗਾ ਮਿਲਦਾ ਹੈਜਦੋਂ ਮਾਲ ਮੱਤੇ ਨਾਲ ਲੈਸ ਇਕ ਖਿਡਾਰੀ ਵੈਨਕੂਵਰ ਹਵਾਈ ਅੱਡੇ ’ਤੇ ਫੜਿਆ ਗਿਆ ਤਾਂ ਕਬੱਡੀ ਫੈਡਰੇਸ਼ਨਾਂ ਦੀਆਂ ਵੀ ਅੱਖਾਂ ਖੁੱਲ੍ਹ ਗਈਆਂਕਬੱਡੀ ਕਲੱਬਾਂ ਨੂੰ ਫੰਡ ਦੇਣ ਵਾਲੇ ਵੀ ਕਲੱਬਾਂ ਨੂੰ ਕਹਿਣ ਲੱਗ ਪਏ ਕਿ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਥੋਂ ਡੋਪ ਟੈੱਸਟ ਕਰਾਉਣ ਦਾ ਹੀ ਫੰਡ ਲੈ ਲਵੋ ਪਰ ਕਬੱਡੀ ਨੂੰ ਡਰੱਗ ਮੁਕਤ ਕਰੋ

ਕਬੱਡੀ ਸੀਜ਼ਨ 2008 ਤੋਂ ਪਹਿਲਾਂ ਉਨਟਾਰੀਓ, ਬੀ. ਸੀ. ਤੇ ਯੂ. ਕੇ. ਦੀਆਂ ਕਬੱਡੀ ਫੈਡਰੇਸ਼ਨਾਂ ਨੇ ਫਿਰ ਮਤੇ ਪਕਾਏ ਪਈ ਐਤਕੀਂ ਹਰ ਹਾਲਤ ਵਿਚ ਖਿਡਾਰੀਆਂ ਦੇ ਡੋਪ ਟੈੱਸਟ ਕੀਤੇ ਜਾਣਗੇਖਿਡਾਰੀ ਸਮਝਦੇ ਰਹੇ ਕਿ ਪਿਛਲੇ ਸਾਲ ਵਾਂਗ ਡਰਾਵਾ ਹੀ ਹੈਇਹ ਟੈੱਸਟ ਕਾਫੀ ਮਹਿੰਗੇ ਸਨ ਫਿਰ ਵੀ ਕਬੱਡੀ ਫੈਡਰੇਸ਼ਨਾਂ ਨੇ ਕਰਵਾ ਲਏਸ਼ਾਬਾਸ਼ੇ ਉਨ੍ਹਾਂ ਫੈਡਰੇਸ਼ਨਾਂ ਦੇ ਜਿਨ੍ਹਾਂ ਨੇ ਕਬੱਡੀ ਨੂੰ ਡਰੱਗ ਮੁਕਤ ਕਰਨ ਦਾ ਬੀੜਾ ਚੁੱਕਿਆ

2008 ਵਿਚ ਕੈਨੇਡਾ ਵਿੱਚ ਸਾਢੇ ਤਿੰਨ ਸੌ ਤੇ ਇੰਗਲੈਂਡ ਵਿਚ ਢਾਈ ਸੌ ਡੋਪ ਟੈੱਸਟ ਕੀਤੇ ਗਏਟੈੱਸਟਾਂ ’ਤੇ ਖਰਚਾ ਤਾਂ ਬਹੁਤ ਹੋ ਗਿਆ ਪਰ ਉੰਨਾ ਫਿਰ ਵੀ ਨਹੀਂ ਹੋਇਆ ਜਿੰਨਾ ਖਿਡਾਰੀ ਡਰੱਗਾਂ ਉੱਤੇ ਖਰਚਦੇ ਸਨਡੋਪ ਟੈੱਸਟ ਕਰਨੇ ਸੌਖਾ ਕਾਰਜ ਨਹੀਂ ਸੀਇਹ ਤਸੱਲੀ ਵਾਲੀ ਗੱਲ ਸੀ ਕਿ 8 ਅਗਸਤ 2008 ਦੀ ਮੀਟਿੰਗ ਵਿਚ ਉਨਟਾਰੀਓ, ਬੀ. ਸੀ., ਯੂ. ਕੇ. ਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਡੋਪ ਟੈੱਸਟ ਵਿਚ ਡਰੱਗੀ ਸਾਬਤ ਹੋਏ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਦੇਸ਼ ਵਿਚ ਕੋਈ ਕਲੱਬ ਕਬੱਡੀ ਨਹੀਂ ਖਿਡਾਏਗਾਪਰ ਇਸ ਫੈਸਲੇ ਨੂੰ ਅਮਲੀ ਰੂਪ ਵਿਚ ਲਾਗੂ ਨਾ ਕੀਤਾ ਗਿਆ

ਡੋਪ ਟੈੱਸਟਾਂ ਵਿਚ ਜਿਨ੍ਹਾਂ ਖਿਡਾਰੀਆਂ ਦਾ ਸੈਂਪਲ ਇਕ ਵਾਰ ਪਾਜ਼ੇਟਿਵ ਆਇਆ ਉਨ੍ਹਾਂ ਨੂੰ ਇਕ ਹਜ਼ਾਰ ਡਾਲਰ ਜੁਰਮਾਨਾ ਤੇ ਇਕ ਸਾਲ ਲਈ ਕਿਤੇ ਵੀ ਕਬੱਡੀ ਖੇਡਣ ਤੋਂ ਬੈਨ ਕੀਤਾ ਗਿਆ ਸੀਬੈਨ ਮੁੱਕਣ ਤੋਂ ਬਾਅਦ ਦੁਬਾਰਾ ਖੇਡਣ ਲੱਗੇ ਤੇ ਦੂਜੀ ਵਾਰ ਪਾਜ਼ੇਟਿਵ ਆਏ ਖਿਡਾਰੀ ਨੂੰ ਕਬੱਡੀ ਦੇ ਮੈਦਾਨ ਵਿੱਚੋਂ ਜੀਵਨ ਭਰ ਲਈ ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀਫੈਸਲਾ ਹੋਇਆ ਸੀ ਕਿ ਜਿਹੜੇ ਕਲੱਬ, ਅਕੈਡਮੀਆਂ, ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਬੈਨ ਹੋਏ ਖਿਡਾਰੀਆਂ ਨੂੰ ਬੈਨ ਦੌਰਾਨ ਖਿਡਾਉਣਗੀਆਂ ਉਨ੍ਹਾਂ ਦਾ ਕੋਈ ਵੀ ਖਿਡਾਰੀ ਇੰਗਲੈਂਡ ਜਾਂ ਕੈਨੇਡਾ ਵਿਚ ਨਹੀਂ ਸੱਦਿਆ ਜਾਵੇਗਾਜੇ ਕੋਈ ਹੋਰ ਮੁਲਕ ਉਨ੍ਹਾਂ ਨੂੰ ਸੱਦਦਾ ਹੈ ਤਾਂ ਉੱਥੇ ਇੰਗਲੈਂਡ ਤੇ ਕੈਨੇਡਾ ਦੀਆਂ ਫੈਡਰੇਸ਼ਨਾਂ ਵੱਲੋਂ ਕੋਈ ਖਿਡਾਰੀ ਨਹੀਂ ਭੇਜਿਆ ਜਾਵੇਗਾ

ਖੇਡਾਂ ਦਾ ਮੰਤਵ

ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈਆਂ ਝਗੜਿਆਂ ਤੋਂ ਬਚਾਉਣ, ਵਧੀਆ ਇਨਸਾਨ ਬਣਾਉਣ, ਸਰੀਰਾਂ ਵਿੱਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹੀ ਨਿਕਾਸ ਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀ ਭਾਵਨਾ ਉਪਜਾਉਣ, ਸਿਹਤਮੰਦ ਮਨੋਰੰਜਨ ਕਰਨ ਅਤੇ ਐਕਸੇਲੈਂਸ ਭਾਵ ਖੇਡ ਨੂੰ ਸਿਖਰ ’ਤੇ ਪੁਚਾਉਣ ਤੇ ਦਰਸਾਉਣ ਲਈ ਹੁੰਦੀਆਂ ਹਨਖੇਡਾਂ ਖਿਡਾਰੀਆਂ ਨੂੰ ਨਸਿ਼ਆਂ ’ਤੇ ਲਾ ਕੇ ਕੱਪ ਜਿੱਤਣ ਲਈ ਨਹੀਂ ਹੁੰਦੀਆਂ2008-9 ਵਿਚ ਬਾਕਾਇਦਾ ਡੋਪ ਟੈੱਸਟ ਹੋਣ ਕਾਰਨ ਡਰੱਗ ਦੇ ਕੋਹੜ ਨੂੰ ਕਾਫੀ ਠੱਲ੍ਹ ਪੈ ਗਈ ਸੀ2010 ਵਿਚ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਲਈ ਇਕ ਹਜ਼ਾਰ ਤੋਂ ਵੀ ਵੱਧ ਪੰਜਾਬੀ ਖਿਡਾਰੀ ਹਵਾਈ ਜਹਾਜ਼ਾਂ ’ਤੇ ਚੜ੍ਹੇ ਸਨ

ਵਰਲਡ ਕੱਪਾਂ ਵਿਚ ਡੋਪ ਟੈੱਸਟ

2010 ਵਿਚ ਪੰਜਾਬ ਦੇ ਪਹਿਲੇ ਕਬੱਡੀ ਵਰਲਡ ਕੱਪ ਸਮੇਂ ਡੋਪ ਟੈੱਸਟ ਕੀਤੇ ਤਾਂ 23 ਖਿਡਾਰੀ ਟਰਾਇਲਾਂ ਸਮੇਂ ਤੇ 9 ਖਿਡਾਰੀ ਟੂਰਨਾਮੈਂਟ ਦੌਰਾਨ ਪਾਜ਼ੇਟਿਵ ਪਾਏ ਗਏਪੰਜਾਬ ਦੇ ਦੂਜੇ ਕਬੱਡੀ ਵਰਲਡ ਕੱਪ-2011 ਲਈ ਭਾਰਤੀ ਟੀਮ ਦੀ ਚੋਣ ਕਰਨ ਵੇਲੇ 51 ਖਿਡਾਰੀਆਂ ਦੇ ਡੋਪ ਟੈੱਸਟ ਕੀਤੇ ਗਏ ਜਿਨ੍ਹਾਂ ਵਿੱਚੋਂ 20 ਖਿਡਾਰੀ ਪਾਜ਼ੇਟਿਵ ਨਿਕਲੇਕੱਪ ਦੌਰਾਨ ਹਰ ਮੈਚ ਪਿੱਛੋਂ ਦੋਹਾਂ ਟੀਮਾਂ ਦੇ ਦੋ ਦੋ ਖਿਡਾਰੀਆਂ ਦੇ ਸੈਂਪਲ ਲਏ ਜਾਂਦੇ ਰਹੇ ਤੇ ਦੋ ਦਿਨਾਂ ਬਾਅਦ ਨਤੀਜਾ ਨਸ਼ਰ ਕੀਤਾ ਜਾਂਦਾ ਰਿਹਾਦੂਜੇ ਵਿਸ਼ਵ ਕੱਪ ਵਿਚ ਕੁਲ 311 ਡੋਪ ਟੈਸਟ ਕੀਤੇ ਗਏ ਜਿਨ੍ਹਾਂ ਉੱਤੇ 47 ਲੱਖ ਰੁਪਏ ਖਰਚ ਹੋਏਕੱਪ ਦੌਰਾਨ 52 ਤੇ ਟਰਾਇਲਾਂ ਦੌਰਾਨ 20 ਖਿਡਾਰੀ ਜੋੜ ਕੇ ਕੁਲ 72 ਖਿਡਾਰੀ ਡਰੱਗੀ ਨਿਕਲੇਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ 8, ਅਮਰੀਕਾ 8, ਸਪੇਨ 7, ਆਸਟ੍ਰੇਲੀਆ 6, ਇਟਲੀ 6, ਨਾਰਵੇ 3, ਭਾਰਤ 1, ਪਾਕਿਸਤਾਨ 1, ਜਰਮਨੀ 1 ਅਤੇ ਅਰਜਨਟੀਨਾ ਦਾ ਵੀ 1 ਖਿਡਾਰੀ ਸੀਟਰਾਇਲਾਂ ਦੌਰਾਨ ਭਾਰਤ ਦੇ 20 ਖਿਡਾਰੀ ਡਰੱਗੀ ਨਿਕਲੇ ਸਨ ਜਿਨ੍ਹਾਂ ਵਿਚ 1 ਜੋੜ ਕੇ ਕੁਲ 21 ਬਣਦੇ ਸਨ! ਇਨ੍ਹਾਂ ਵਿਚ ਸਭ ਤੋਂ ਵੱਧ ਖਿਡਾਰੀ ਭਾਰਤ ਦੇ ਹੀ ਸਨ

ਕਬੱਡੀ ਵਰਲਡ ਕੱਪਾਂ ਵਿਚ 2010 ਤੋਂ 14 ਤਕ ਡੋਪ ਟੈਸਟ ਤਾਂ ਕੀਤੇ ਜਾਂਦੇ ਰਹੇ ਪਰ ਡੋਪੀ ਖਿਡਾਰੀਆਂ ਨੂੰ ਖ਼ਾਸ ਸਜ਼ਾ ਨਾ ਦਿੱਤੀ ਗਈ2015 ਦਾ ਵਰਲਡ ਕੱਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਮੁਲਤਵੀ ਕਰਨਾ ਪਿਆ2016 ਵਿਚ ਨਾਂ ਦਾ ਹੀ ਕਬੱਡੀ ਵਰਲਡ ਕੱਪ ਕਰਵਾਇਆ ਤਾਂ ਚੋਣਾਂ ਸਾਹਮਣੇ ਵੇਖਦਿਆਂ ਡੋਪ ਟੈਸਟ ਕੀਤੇ ਹੀ ਨਾ ਗਏਡਰ ਸੀ ਕਿ ਪਹਿਲਾਂ ਹੀ ਅਧੂਰਾ ਕੱਪ ਸ਼ਾਇਦ ਸਿਰੇ ਹੀ ਨਾ ਚੜ੍ਹੇ!

ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦਾ ਰੋਲ

ਕਬੱਡੀ ਕਲੱਬਾਂ, ਕਬੱਡੀ ਫੈਡਰੇਸ਼ਨਾਂ ਤੇ ਕਬੱਡੀ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਚਾਹੀਦਾ ਸੀ ਕਿ ਜਿੰਨੇ ਸਮੇਂ ਲਈ ਡਰੱਗੀ ਖਿਡਾਰੀਆਂ ਦੇ ਖੇਡਣ ਉੱਤੇ ਪਾਬੰਦੀ ਸੀ ਉੰਨਾ ਸਮਾਂ ਉਨ੍ਹਾਂ ਨੂੰ ਖਿਡਾਇਆ ਨਾ ਜਾਂਦਾ ਅਤੇ ਸੁਧਰਨ ਦਾ ਮੌਕਾ ਦਿੱਤਾ ਜਾਂਦਾਪਰ ਅਜਿਹਾ ਨਹੀਂ ਹੋਇਆਕਬੱਡੀ ਦੀਆਂ ਕੁਝ ਪੈਰਲਲ ਫੈਡਰੇਸ਼ਨਾਂ ਅਜਿਹੀਆਂ ਬਣ ਗਈਆਂ ਜੋ ਡੋਪ ਟੈੱਸਟ ਕਰਾ ਕੇ ਡਰੱਗੀ ਖਿਡਾਰੀਆਂ ਨੂੰ ਆਪਣੇ ਹੱਥੋਂ ਨਹੀਂ ਸਨ ਗੁਆਉਣਾ ਚਾਹੁੰਦੀਆਂਡਰੱਗ ਦੇ ਵਪਾਰੀ ਵੀ ਨਹੀਂ ਸੀ ਚਾਹੁੰਦੇ ਕਿ ਡਰੱਗ ਦਾ ਕਾਰੋਬਾਰ ਬੰਦ ਹੋਵੇਉਨ੍ਹਾਂ ਦੀ ਚਾਂਦੀ ਇਸੇ ਵਿਚ ਸੀਜਿਹੜੇ ‘ਕਬੱਡੀ ਪ੍ਰਮੋਟਰ’ ਡਰੱਗੀ ਖਿਡਾਰੀਆਂ ਨੂੰ ਆਪਣੇ ਟੂਰਨਾਮੈਂਟਾਂ ਵਿਚ ਖਿਡਾਉਂਦੇ ਹਨ ਉਹ ਡਾਲਰਾਂ ਨਾਲ ਖਿਡਾਰੀਆਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦਾ ਬੁਰਾ ਹੀ ਕਰਦੇ ਹਨ ਜੋ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗੇਗਾਕਬੱਡੀ ਵਿਚ ਡਰੱਗ ਦੀ ਆਮਦ ਨੇ ਹੁਣ ਚੰਗੀ ਸੋਚ ਵਾਲੇ ਲੋਕਾਂ ਦਾ ਕਬੱਡੀ ਤੋਂ ਮੋਹ ਭੰਗ ਕਰ ਦਿੱਤਾ ਹੈਹੁਣ ਕਬੱਡੀ ਟੂਰਨਾਮੈਂਟ ਵੇਖਣ ਲਈ ਉੰਨੇ ਦਰਸ਼ਕ ਨਹੀਂ ਜੁੜਦੇ ਜਿੰਨੇ ਪਹਿਲਾਂ ਜੁੜਦੇ ਸਨਜਿਹੜੇ ਥੋੜ੍ਹੇ ਬਹੁਤੇ ਜੁੜਦੇ ਵੀ ਹਨ ਉਨ੍ਹਾਂ ਵਿੱਚੋਂ ਵੀ ਕਬੱਡੀ ਪ੍ਰੇਮੀ ਘੱਟ ਹੁੰਦੇ ਹਨ ਤੇ ਤਮਾਸ਼ਬੀਨ ਵੱਧ

ਵੀਜ਼ਾ ਹੀ ਗੋਲਡ ਮੈਡਲ

ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਸਭ ਤੋਂ ਵੱਡੀ ਖ਼ੁਸ਼ੀ ਓਦੋਂ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਵਿਦੇਸ਼ ਜਾਣ ਦੇ ਵੀਜ਼ੇ ਮਿਲ ਜਾਣਉਹ ਵੀਜ਼ੇ ਨੂੰ ਹੀ ਕਬੱਡੀ ਦਾ ਗੋਲਡ ਮੈਡਲ ਸਮਝਦੇ ਹਨਬਹੁਤੇ ਖਿਡਾਰੀ ਸਿਰਫ਼ ਇਸ ਲਈ ਕਬੱਡੀ ਖੇਡਦੇ ਹਨ ਕਿ ਕਿਸੇ ਦਿਨ ਉਹ ਵਿਦੇਸ਼ ਜਾਣ ਦਾ ਵੀਜ਼ਾ ਲੈ ਸਕਣਗੇਕਈ ਅਖੰਡ ਪਾਠ ਸੁੱਖ ਲੈਂਦੇ ਹਨ ਕਿ ਵੀਜ਼ਾ ਮਿਲ ਗਿਆ ਤਾਂ ਪੁੰਨ ਦਾਨ ਵੀ ਕਰਾਂਗੇਦੁਆਬੇ ਵਿਚ ਇਕ ਐਸਾ ਗੁਰਦੁਆਰਾ ਹੈ ਜਿੱਥੇ ਮੰਨਤ ਵਜੋਂ ਹਵਾਈ ਜਹਾਜ਼ਾਂ ਦੇ ਖਿਡੌਣੇ ਚੜ੍ਹਾਏ ਜਾਂਦੇ ਸਨਹੁਣ ਉੱਥੇ ਖਿਡੌਣੇ ਰੱਖਣ ਦੀ ਥਾਂ ਨਹੀਂ ਬਚੀ!

ਕਬੱਡੀ ਹੁਣ ਲੱਖਾਂ ਕਰੋੜਾਂ ਦਾ ਕਾਰੋਬਾਰ ਬਣ ਚੁੱਕੀ ਹੈਕਬੱਡੀ ਦੀ ਮੰਡੀ ਵਿਚ ਡਰੱਗੀ ਖਿਡਾਰੀ ਵੀ ਬੋਲੀ ਲੁਆ ਜਾਂਦੇ ਹਨਸਿਰੇ ਦਾ ਡਰੱਗੀ ਖਿਡਾਰੀ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ ਦੇ ਟੂਰਨਾਮੈਂਟ ਖੇਡ ਕੇ ਇਕੋ ਸੀਜ਼ਨ ਵਿਚ 50 ਹਜ਼ਾਰ ਡਾਲਰ ਭੋਟ ਰਿਹਾ ਹੈਕੈਨੇਡਾ ਕੱਪ ਤੇ ਅਮਰੀਕਾ ਕੱਪ ਖੇਡਣ ਦੇ ਵੀਹ ਪੱਚੀ ਹਜ਼ਾਰ ਡਾਲਰ ਵੱਖਰੇਡਰੱਗ ਨਾ ਲੈਣ ਵਾਲੇ ਖਰੇ ਖਿਡਾਰੀ ਬਿਟ ਬਿਟ ਵੇਖਦੇ ਰਹਿ ਜਾਂਦੇ ਹਨਕਬੱਡੀ ਦੇ ਨਾਂ ’ਤੇ ਵਿਚੇ ਅਸਲੀ ਤੇ ਵਿਚੇ ਨਕਲੀ ਖਿਡਾਰੀ ਵੀਜ਼ੇ ਲੈ ਕੇ ਵਿਦੇਸ਼ਾਂ ਵਿੱਚ ਪੱਕੇ ਵਸਨੀਕ ਬਣ ਬੈਠੇ ਹਨਕਬੱਡੀ ਵਿੱਚੋਂ ਟ੍ਰੈਵਲ ਏਜੰਟ ਵੀ ਚੰਗੀਆਂ ਚੁੰਗਾਂ ਕੱਢਦੇ ਹਨ

ਜਦੋਂ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋਣਾ ਹੁੰਦਾ ਹੈ ਤਾਂ ਨਾਲ ਹੀ ਕਬੱਡੀ ਵੀਜ਼ਿਆਂ ਦੀ ਰੁੱਤ ਆ ਜਾਂਦੀ ਹੈਸਪਾਂਸਰ ਲੱਭੇ ਜਾਂਦੇ ਨੇ, ਰਾਹਦਾਰੀਆਂ ਮੰਗਾਈਆਂ ਜਾਂਦੀਆਂ ਜਨ ਤੇ ਵਿਦੇਸ਼ਾਂ ਦੇ ਸਿਆਸੀ ਨੇਤਾਵਾਂ ਤੋਂ ਸਿਫ਼ਾਰਸ਼ੀ ਚਿੱਠੀਆਂ ਪੁਆਈਆਂ ਜਾਂਦੀਆਂ ਹਨਕਈ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਵੀ ਵੀਜ਼ੇ ਨਹੀਂ ਮਿਲਦੇ ਪਰ ਜਾਅਲੀ ਖਿਡਾਰੀ ਦਾਅ ਲਾ ਜਾਂਦੇ ਨੇਖੱਜਲ ਖੁਆਰੀ ਲਈ ਕਈ ਕਬੱਡੀ ਖਿਡਾਰੀ ਖ਼ੁਦ ਹੀ ਜ਼ਿੰਮੇਵਾਰ ਹੁੰਦੇ ਹਨਕੋਈ ਖਿਡਾਰੀ ਪਾਸਪੋਰਟ ਨਾਲ ਹੀ ਛੇੜਖਾਨੀ ਕਰ ਬਹਿੰਦਾ ਹੈ। ਜਿਸ ਪਾਸਪੋਰਟ ਉੱਤੇ ਵੀਜ਼ਾ ਨਾ ਮਿਲਿਆ ਹੋਵੇ, ਉਹ ਝੂਠੀ ਮੂਠੀ ਗੁਆ ਛੱਡਦਾ ਹੈ ਤੇ ਆਪਣੇ ਨਾਂ ਦਾ ਇਕ ਅੱਧਾ ਅੱਖਰ ਬਦਲ ਕੇ ਤੇ ਜਨਮ ਸਥਾਨ ਪਿੰਡ ਦੀ ਥਾਂ ਨਾਨਕਿਆਂ ਦਾ ਭਰ ਕੇ ਦੂਜਾ ਪਾਸਪੋਰਟ ਬਣਾ ਲੈਂਦਾ ਹੈਪਹਿਲੀ ਫੋਟੋ ਪੱਗ ਵਾਲੀ ਹੋਵੇ ਤਾਂ ਦੂਜੀ ਸਿਰ ਮੁੰਨੇ ਦੀ ਲੱਗ ਜਾਂਦੀ ਹੈਕਰਦਾ ਕੋਈ ਹੈ, ਭੁਗਤਣੀਆਂ ਕਿਸੇ ਹੋਰ ਨੂੰ ਪੈਂਦੀਆਂ ਹਨ!

ਡਰੱਗ ਦੇ ਕੋਹੜ ਦਾ ਇਲਾਜ

ਕਬੱਡੀ ਵਿਚ ਡਰੱਗ ਦੇ ਕੋਹੜ ਦਾ ਇਲਾਜ ਕਰਨਾ ਬੇਸ਼ੱਕ ਸੌਖਾ ਨਹੀਂ ਪਰ ਜੇ ਸਾਰੇ ਕਬੱਡੀ ਪ੍ਰੇਮੀ ਤਹੱਈਆ ਕਰ ਲੈਣ ਤਾਂ ਇਹ ਔਖਾ ਵੀ ਨਹੀਂਕਬੱਡੀ ਲਈ ਫੰਡ ਦੇਣ ਵਾਲੇ ਮੁੱਢਲੀ ਸ਼ਰਤ ਇਹ ਰੱਖਣ ਕਿ ਸਾਡਾ ਪੈਸਾ ਖਰੇ ਖਿਡਾਰੀਆਂ ’ਤੇ ਲੱਗੇ ਨਾ ਕਿ ਡਰੱਗੀ ਖਿਡਾਰੀਆਂ ’ਤੇ ਲੱਗ ਕੇ ਉਨ੍ਹਾਂ ਦਾ ਸੱਤਿਆਨਾਸਸ ਕਰੇਦਰਸ਼ਕ ਵੀ ਖਰੇ ਖਿਡਾਰੀਆਂ ਦੀ ਖੇਡ ਵੇਖਣ ਨਾ ਕਿ ਡਰੱਗੀ ਖਿਡਾਰੀਆਂ ਦੀਜੇ ਕੋਈ ਡਰੱਗੀ ਖਿਡਾਰੀਆਂ ਨੂੰ ਖਿਡਾਉਣ ਦੀ ਹਿਮਾਕਤ ਕਰੇ ਤਾਂ ਦਰਸ਼ਕ ਉਹਨੂੰ ਹੂਟ ਕਰਨ ਤਾਂ ਕਿ ਹੋਰਨਾਂ ਨੂੰ ਸਬਕ ਮਿਲੇਇਨਾਮਾਂ ਨਾਲ ਹੌਸਲਾ ਖਰੇ ਖਿਡਾਰੀਆਂ ਦਾ ਵਧਾਇਆ ਜਾਵੇ ਨਾ ਕਿ ਡਰੱਗੀ ਖਿਡਾਰੀਆਂ ਦਾਲੱਚਰ ਗਾਇਕੀ ਤੇ ਡਰੱਗੀ ਕਬੱਡੀ ਤਦੇ ਬੰਦ ਹੋ ਸਕਦੀ ਹੈ ਜੇ ਲੋਕ ਖ਼ੁਦ ਸਾਥ ਦੇਣਜੇ ਪੁਰਾਣੇ ਖਿਡਾਰੀ ਡਰੱਗਾਂ ਤੋਂ ਬਿਨਾਂ ਸਾਲਾਂ-ਬੱਧੀ ਵਧੀਆ ਕਬੱਡੀ ਖੇਡਦੇ ਰਹੇ ਤਾਂ ਨਵੇਂ ਖਿਡਾਰੀ ਕਿਉਂ ਨਹੀਂ ਖੇਡ ਸਕਦੇ?

ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਪੰਜਾਬ ਤੋਂ ਕੇਵਲ ਉਨ੍ਹਾਂ ਖਿਡਾਰੀਆਂ ਨੂੰ ਸੱਦਣ ਜਿਹੜੇ ਵੀਜ਼ਾ ਅਰਜ਼ੀ ਨਾਲ ਕੁਝ ਦਿਨ ਪਹਿਲਾਂ ਮਾਨਤਾ ਪ੍ਰਾਪਤ ਏਜੰਸੀ ਤੋਂ ਡੋਪ ਟੈੱਸਟ ਕਰਵਾਏ ਦਾ ਸਰਟੀਫਿਕੇਟ ਲਾਉਣਸੱਦੇ ਗਏ ਖਿਡਾਰੀਆਂ ਨੂੰ ਐਟ ਰੈਂਡਮ ਡੋਪ ਟੈੱਸਟ ਦਾ ਵੀ ਡਰ ਹੋਵੇਕਬੱਡੀ ਨੂੰ ਡਰੱਗ ਦੀ ਮਾਰ ਤੋਂ ਬਚਾਉਣ ਲਈ ਨੇਕਨੀਅਤੀ ਦੀ ਲੋੜ ਹੈ, ਡਰਾਮੇਬਾਜ਼ੀ ਦੀ ਨਹੀਂਐਵੇਂ ਜਾਅਲੀ ਡੋਪ ਟੈੱਸਟ ਕਰਾਉਣ ਦਾ ਡਰਾਮਾ ਰਚ ਕੇ ਕਬੱਡੀ ਪ੍ਰੇਮੀਆਂ ਤੇ ਖਰੇ ਖਿਡਾਰੀਆਂ ਦੀਆਂ ਅੱਖਾਂ ਵਿਚ ਘੱਟਾ ਨਹੀਂ ਪਾਉਣਾ ਚਾਹੀਦਾਡਰੱਗ ਟੈੱਸਟ ਦੀ ਫੀਸ 40 ਡਾਲਰ ਹੈ ਤੇ ਡੋਪ ਟੈੱਸਟ ਦੀ 200 ਡਾਲਰਕਬੱਡੀ ਟੂਰਨਾਮੈਂਟਾਂ ਨੂੰ ਫੰਡ ਦੇਣ ਵਾਲੇ ਡੋਪ ਟੈੱਸਟ ਸਪਾਂਸਰ ਕਰਨ ਲਈ ਨਿਤਰਨਕਬੱਡੀ ਦਾ ਨਾਅਰਾ ਹੋਣਾ ਚਾਹੀਦਾ ਹੈ:

ਖਰੇ ਖਿਡਾਰੀ ਜ਼ਿੰਦਾਬਾਦ! ਰੱਗੀ ਖਿਡਾਰੀ ਮੁਰਦਾਬਾਦ!

*****

(1193)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author