SarwanSingh7ਇਹ ਜਿਹੜਾ ਅਰਬਾਂ ਖਰਬਾਂ ਰੁਪਇਆ ‘ਆਲੀਸ਼ਾਨ’ ਤੇ ‘ਸ਼ਾਨਦਾਰ’ ਕੋਠੀਆਂ ਤੇ ਮਹਿਲਨੁਮਾ ਨਿਵਾਸਾਂ ਉੱਤੇ ਥੱਪਿਆ ...
(9 ਜਨਵਰੀ 2023)
ਮਹਿਮਾਨ: 214.


ਪੰਜਾਬ ਦਾ ਪਾਣੀ ਪਤਾਲ ਨੂੰ ਉੱਤਰੀ ਜਾ ਰਿਹਾ ਹੈ ਪਰ ਕੋਠੀਆਂ ਅਸਮਾਨ ਵੱਲ ਨੂੰ ਉੱਸਰਦੀਆਂ ਜਾ ਰਹੀਆਂ ਹਨ
ਅਸਲੀਅਤ ਇਹ ਹੈ ਕਿ ਰੰਗਲਾ ਪੰਜਾਬ ਕੰਗਲਾ ਹੋਈ ਜਾ ਰਿਹਾ ਹੈਗੁਰਾਂ ਦੀ ਬਖ਼ਸ਼ੀ ਕਿਰਤ ਨਾਲ ਆਬਾਦ ਕੀਤੇ ਪੰਜਾਬ ਨੂੰ ਫੋਕੇ ਤੇ ਫਜ਼ੂਲ ਵਿਖਾਵਿਆਂ ਨਾਲ ਬੁਰੀ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਹੈਬਹੁਤੇ ਆਪਣੀਆਂ ਜੜ੍ਹਾਂ ਪੁੱਟ ਅਸਮਾਨੀ ਟਾਕੀਆਂ ਲਾਉਣ ਡਹੇ ਨੇ! ਸਾਡੇ ਸਿੱਧੇ ਸਾਦੇ ਪੇਂਡੂ ਭਰਾ ਵੀ ਟੌਅ੍ਹਰਾਂ ਦੇ ਪੱਟੇ ਪਏ ਨੇਹਾਲਤ ਉਸ ਕਹਾਵਤ ਵਾਲੀ ਹੋਈ ਪਈ ਹੈ ਅਖੇ ਵੇਖੋ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈਕਈ ਜ਼ਮੀਨਾਂ ਵੇਚ ਕੇ ਹੀ ਕੋਠੀਆਂ ’ਤੇ ਲਾਈ ਜਾਂਦੇ ਹਨਕਹਿੰਦੇ ਹਨ, “ਜ਼ਮੀਨ ਤਾਂ ਕੋਈ ਮਗਰੋਂ ਦੇਖੂ, ਕੋਠੀ ਪਹਿਲਾਂ ਦਿਸੂ!” ਕੋਈ ਕਹਿੰਦਾ ਹੈ, “ਪੈਸਾ ਕਿਹੜਾ ਕਿਸੇ ਨੂੰ ਦਿਸਦੈ? ਕੋਠੀ ਤਾਂ ਅੰਨ੍ਹਿਆਂ ਨੂੰ ਵੀ ਦੀਂਹਦੀ ਐ!”

ਮੈਨੂੰ ਹਜ਼ਾਰਾ ਸਿੰਘ ਰਮਤੇ ਦੀ ਸੁਣਾਈ ਗੱਲ ਯਾਦ ਆ ਗਈ ਹੈਅਖੇ ਬਾਣੀਏਂ ਕੋਲ ਪੈਸੇ ਆ ਜਾਣ ਤਾਂ ਉਹ ਇੱਕ ਦੁਕਾਨ ਹੋਰ ਖੋਲ੍ਹ ਲੈਂਦਾ ਹੈਅੰਗਰੇਜ਼ ਨੂੰ ਚੈੱਕ ਮਿਲ ਜਾਵੇ ਤਾਂ ਉਹ ਸੈਰ ਸਪਾਟੇ ਦਾ ਇੱਕ ਟੂਰ ਹੋਰ ਬਣਾ ਲੈਂਦਾ ਹੈਮੁਸਲਮਾਨ ਨੂੰ ਪੈਸੇ ਮਿਲ ਜਾਣ ਤਾਂ ਉਹ ਇੱਕ ਵਿਆਹ ਹੋਰ ਕਰਾ ਲੈਂਦਾ ਹੈਜੱਟ ਕੋਲ ਭਾਵੇਂ ਕਰਜ਼ਾ ਚੁੱਕ ਕੇ ਹੀ ਪੈਸੇ ਆਏ ਹੋਣ ਉਹ ਇੱਕ ਕਤਲ ਹੋਰ ਕਰ ਦਿੰਦਾ ਹੈ! ਰਮਤੇ ਦੀ ਗੱਲ ਵਿੱਚ ਬੱਸ ਇੰਨਾ ਕੁ ਵਾਧਾ ਕਰਨ ਦੀ ਲੋੜ ਹੈ ਕਿ ਜੱਟ ਜਦੋਂ ਦੇ ‘ਬਾਹਰ’ ਜਾ ਕੇ ‘ਬੰਦੇ’ ਬਣੇ ਹਨ ਉਦੋਂ ਤੋਂ ਉਹ ਹੋਰ ਤਰ੍ਹਾਂ ‘ਸੁਧਰ’ ਗਏ ਹਨਹੁਣ ਉਹ ਕਮਾਏ ਹੋਏ ਪੌਂਡਾਂ ਅਤੇ ਡਾਲਰਾਂ ਨਾਲ ਕਤਲ ਕਰ ਕੇ ‘ਸੂਰਮੇ’ ਨਹੀਂ ਕਹਾਉਂਦੇ, ਉਹਦੀ ਥਾਂ ਉਹ ਅੱਡੀਆਂ ਚੁੱਕ ਕੇ ਆਪੋ ਆਪਣੇ ਪਿੰਡਾਂ ਵਿੱਚ ਕੋਠੀਆਂ ਪਾਉਣ ਤੇ ‘ਫੰਨੇ ਖਾਂ’ ਕਹਾਉਣ ਲੱਗ ਪਏ ਹਨਉਂਜ ਡਰ ਇਹੋ ਹੈ, ਕਿਤੇ ਕੋਠੀਆਂ ਪਿੱਛੇ ਕਤਲ ਫੇਰ ਨਾ ਹੋਣ ਲੱਗ ਪੈਣ!

ਪੰਜਾਬ ਦੇ ਪਿੰਡਾਂ ਨੂੰ ਉੱਤੋਂ ਉਤੋਂ ਵੇਖੀਏ ਤਾਂ ਬੜੇ ਰੱਜੇ ਪੁੱਜੇ ਦਿਸਦੇ ਹਨ ਪਰ ਅੰਦਰੋਂ ਕਰਜ਼ੇ ਦੇ ਖਾਧੇ ਪੀਤੇ ਪਏ ਹਨਕੋਠੀਆਂ ਵਿੱਚ ਸੰਗ ਮਰਮਰ ਲੱਗੀ ਜਾਂਦਾ ਹੈ, ਉਂਜ ਬਰਬਰ ਉੱਡੀ ਜਾਂਦੀ ਹੈਜਿਸ ਪੀਹੜੀ ਲਈ ਦੁਹਾਸਵੇਂ ਤਿਹਾਸਵੇਂ ਛੱਤੇ ਜਾ ਰਹੇ ਹਨ, ਉਸ ਪੀਹੜੀ ਨੇ ਉਹਨਾਂ ਵਿੱਚ ਰਹਿਣਾ ਨਹੀਂ ਤੇ ਜਿਹੜੀ ਪੀਹੜੀ ਪੈਸੇ ਲਾ ਰਹੀ ਹੈ ਉਹ ਆਪਣੀ ਹਉਂ ਵਿਖਾਉਣ ਲਈ ਹੀ ਹੂਲੇ ਫੱਕ ਰਹੀ ਹੈਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਭੱਈਏ ਮਜ਼ਦੂਰ ਕੋਠੀਆਂ ਉਸਾਰ ਰਹੇ ਹਨ, ਆਖ਼ਰਕਾਰ ਉਹਨਾਂ ਨੇ ਹੀ ਉਹ ‘ਸਾਂਭਣੀਆਂ’ ਤੇ ‘ਹੂੰਝਣੀਆਂ’ ਹਨਬਹੁਤ ਸਾਰੀਆਂ ਕੋਠੀਆਂ ਉਹ ‘ਸਾਂਭ’ ਵੀ ਰਹੇ ਹਨ ‘ਹੂੰਝ’ ਵੀ ਰਹੇ ਹਨਖ਼ੁਦਾ ਨਾ ਖ਼ਾਸਤਾ ਉਹ ਕੋਠੀਆਂ ਉੱਤੇ ਕਬਜ਼ੇ ਕਰ ਲੈਣ ਤਾਂ ਕੋਈ ਅਲੋਕਾਰ ਗੱਲ ਨਹੀਂ ਹੋਵੇਗੀਉਸਾਰੀਆਂ ਜੁ ਉਨ੍ਹਾਂ ਦੀਆਂ ਹੋਈਆਂ ਹਨਜੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਹੀ ਜਾ ਵਸਣਾ ਜਾਂ ਉੱਜੜ ਜਾਣਾ ਹੈ ਤਾਂ ਦੇਸ਼ਵਾਸੀਆਂ ਦਾ ਫਰਜ਼ ਹੀ ਬਣਦਾ ਹੈ ਕਿ ਉਹ ਉਨ੍ਹਾਂ ਦੇ ਉਸਾਰੇ ਮਹਿਲ ਮੁਨਾਰੇ ਸੁੰਨੇ ਕਿਉਂ ਰਹਿਣ ਦੇਣ!

ਮੈਂ ਢੁੱਡੀਕੇ ਦੇ ਕਾਲਜ ਵਿੱਚ ਤੀਹ ਕੁ ਸਾਲ ਪੜ੍ਹਾਇਆਆਪਣੇ ਪਿੰਡ ਚਕਰੋਂ ਵੀਹ ਕਿਲੋਮੀਟਰ ਆਉਣ ’ਤੇ ਵੀਹ ਮੁੜਨ ਦੀ ਥਾਂ ਮੈਂ ਢੁੱਡੀਕੇ ਦੇ ਵਿਦੇਸ਼ਾਂ ਵਿੱਚ ਵਸਦੇ ਮਾਲਕਾਂ ਦੇ ਬਣਾਏ ਹੋਏ ਖੁੱਲ੍ਹੇ ਡੱਲ੍ਹੇ ਮਕਾਨਾਂ ਵਿੱਚ ਰਿਹਾਮਕਾਨ ਨਹੀਂ ਸਗੋਂ ਕੋਠੀਆਂ ਇੱਕ ਪੱਤੀ ਤਾਂ ਵੱਜਣ ਹੀ ਮਾਮਿਆਂ ਦੀ ਪੱਤੀ ਲੱਗ ਪਈ ਸੀਕੋਠੀ ਦਾ ਕੋਈ ਕਿਰਾਇਆ ਨਹੀਂ, ਕੋਈ ਭਾੜਾ ਨਹੀਂ ਤੇ ਕੋਠੀ ਦੀ ਮੁਰੰਮਤ ਤੇ ਰੰਗ ਰੋਗਨ ਦਾ ਵੀ ਕੋਈ ਫਿਕਰ ਨਹੀਂ ਸੀਕੋਠੀਆਂ ਪਾਉਣ ਵਾਲਿਆਂ ਨੂੰ ਇਸ ਕਰਕੇ ਕੋਈ ਫਿਕਰ ਨਹੀਂ ਸੀ ਕਿ ਉਨ੍ਹਾਂ ਦੇ ਮਕਾਨ ਸਾਡੇ ਵਰਗਿਆਂ ਨੇ ‘ਸੰਭਾਲੇ’ ਹੋਏ ਸਨ1990ਵਿਆਂ ਵਿੱਚ ਮੈਂ ਤੇ ਮੇਰੀ ਪਤਨੀ ਅਮਰੀਕਾ ਦੀ ਸੈਰ ’ਤੇ ਗਏ ਤਾਂ ਅਮਰੀਕਾ ਵਿੱਚ ਰਹਿੰਦੇ ਢੁੱਡੀਕੇ ਵਾਲੇ ਅਮਰੀਕਨਾਂ ਨੇ ਜ਼ੋਰ ਪਾ ਕੇ ਕਿਹਾ, “ਕੈਨੇਡਾ ਵਾਲਿਆਂ ਦਾ ਮਕਾਨ ਤਾਂ ਤੁਸੀਂ ਬਹੁਤ ਚਿਰ ਸੰਭਾਲ ਲਿਐ, ਉਨ੍ਹਾਂ ’ਤੇ ਬਥੇਰਾ ‘ਹਸਾਨ’ ਕਰ ਲਿਆ, ਹੁਣ ਸਾਡਾ ਵੀ ਸਾਂਭੋ!”

ਬਰਨਾਰਡ ਸ਼ਾਅ ਦਾ ਡਾਇਲਾਗ ਸੱਚਾ ਸਿੱਧ ਹੋਇਆ, “ਮੂਰਖ ਮਕਾਨ ਬਣਾਉਂਦੇ ਹਨ, ਸਿਆਣੇ ਉਨ੍ਹਾਂ ਵਿੱਚ ਰਹਿੰਦੇ ਹਨ!”

ਦਿੱਲੀ ਤੋਂ ਕੇਰਾਂ ਗੁਰਬਚਨ ਸਿੰਘ ਭੁੱਲਰ ਤੇ ਮਹਿੰਦਰ ਸਿੰਘ ਪਰਵਾਨਾ, ਜਸਵੰਤ ਸਿੰਘ ਕੰਵਲ ਨੂੰ ਮਿਲਣ ਢੁੱਡੀਕੇ ਆਏ ਉੱਥੋਂ ਮੈਂ ਉਨ੍ਹਾਂ ਨੂੰ ਆਪਣੇ ਟਿਕਾਣੇ ਲੈ ਆਇਆ ਮੈਨੂੰ ਡੇਢ ਕਨਾਲ ਦੇ ਹਾਤੇ ਅਤੇ ਬੈਠਕ ਤੇ ਦਲਾਣ ਚੁਬਾਰੇ ਵਾਲੇ ਚਾਰ ਕਮਰਿਆਂ ਦੇ ਘਰ ਵਿੱਚ ਮੌਜ ਮੇਲਾ ਕਰਦੇ ਤੇ ਸਬਜ਼ੀ ਭਾਜੀ ਦੀ ਵਾੜੀ ਲੱਗੀ ਵੇਖ ਕੇ ਕਹਿਣ ਲੱਗੇ, “ਜੇ ਦਿੱਲੀ ਦੇ ਕਿਸੇ ਤੰਗ ਕੁਆਟਰ ਵਿੱਚ ਰਹਿੰਦੇ ਕਿਸੇ ਕਿਰਾਏਦਾਰ ਨੂੰ ਪਤਾ ਲੱਗ ਜਾਵੇ ਕਿ ਇੱਡੇ ਵੱਡੇ ਘਰ ਵਿੱਚ ਮੁਫ਼ਤੀ ਰਹਿ ਰਿਹਾ ਹੈਂ ਤਾਂ ਉਹ ਹਉਕਾ ਲੈ ਕੇ ਈ ਮਰ ਜਾਵੇ!” ਅਜੇ ਮੈਂ ਇਹ ਨਹੀਂ ਸੀ ਦੱਸਿਆ ਕਿ ਕੈਨੇਡਾ ਵਾਲਿਆਂ ਦੀ ਜ਼ਮੀਨ ਦਾ ਮਾਮਲਾ ਵੀ ਅਸੀਂ ਹੀ ਲੈਂਦੇ ਹਾਂ, ਜੋ ਲੋੜ ਪੈਣ ’ਤੇ ਵਰਤ ਵੀ ਲੈਂਦੇ ਹਾਂ

ਪਿਛਲੇ ਪੰਜਾਹ ਸੱਠ ਸਾਲਾਂ ਵਿੱਚ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਹੁਤ ਬਦਲ ਗਈ ਹੈਮੈਂ ਕੱਚੇ ਕੋਠਿਆਂ, ਛੱਪਰਾਂ ਤੇ ਛਤੜਿਆਂ ਵਾਲੇ ਪਿੰਡ ਵੇਖੇ ਹਨਬਹੁਤੇ ਘਰਾਂ ਦੁਆਲੇ ਕੰਧਾਂ ਦੀ ਥਾਂ ਮੋੜ੍ਹੀਆਂ ਗੱਡੀਆਂ ਹੁੰਦੀਆਂ ਸਨਕੋਠੇ ਗੁੰਮਿਆਂ ਦੀਆਂ ਕੰਧਾਂ ਨਾਲ ਉਸਾਰੇ ਜਾਂਦੇ ਸਨ ਉੱਤੇ ਲਟੈਣਾਂ, ਸ਼ਤੀਰਾਂ ਤੇ ਸਿਰਕੀ ਬਾਲਿਆਂ ਦੀ ਛੱਤ ਹੁੰਦੀ ਸੀਲੰਮੀਆਂ ਝੜੀਆਂ ਵਿੱਚ ਛੱਤ ਚੋਂਦੀ ਤਾਂ ਹੇਠਾਂ ਬਾਲਟੀਆਂ, ਬੱਠਲ ਤੇ ਪਰਾਂਤਾਂ ਰੱਖੀਆਂ ਜਾਂਦੀਆਂਭਾਰੀ ਛੱਤ ਡਿਗਣ ਡਿਗਣ ਕਰਦੀ ਤਾਂ ਉਸ ਨੂੰ ਥੰਮ੍ਹੀਆਂ ਦੇਣੀਆਂ ਪੈਂਦੀਆਂ

ਅੱਜ ਪੰਜਾਬ ਦੇ ਪਿੰਡਾਂ ਦਾ ਨਕਸ਼ਾ ਹੀ ਹੋਰ ਹੈਪਿੰਡਾਂ ਵਿੱਚ ਚੜ੍ਹਦੀਆਂ ਤੋਂ ਚੜ੍ਹਦੀਆਂ ਕੋਠੀਆਂ ਉਸਾਰਨ ਦੀ ਦੌੜ ਲੱਗੀ ਹੋਈ ਹੈ ਜਿਨ੍ਹਾਂ ਵਿੱਚ ਬਹੁਤੀਆਂ ਵਿਦੇਸ਼ ਗਏ ਵਿਅਕਤੀਆਂ ਦੀਆਂ ਹਨਕਿਸੇ ਕੋਠੀ ਉੱਤੇ ਬਣਾਈ ਪਾਣੀ ਦੀ ਟੈਂਕੀ ਨੂੰ ਹਵਾਈ ਜਹਾਜ਼ ਦਾ ਰੂਪ ਦੇ ਦਿੱਤਾ ਗਿਆ ਹੈ ਤੇ ਕਿਸੇ ਉੱਤੇ ਕਾਰ ਚੜ੍ਹਾ ਦਿੱਤੀ ਗਈ ਹੈਕਿਸੇ ਨੇ ਬਾਜ਼ ਬਣਾਇਆ ਹੈ ਤੇ ਕਿਸੇ ਨੇ ਸ਼ੇਰਕੋਈ ਫੁੱਟਬਾਲ ਬਣਾਈ ਬੈਠਾ ਹੈ ਤੇ ਕੋਈ ਵਜ਼ਨ ਚੁੱਕਦਾ ਹੋਇਆ ਵੇਟ ਲਿਫਟਰਕਿਸੇ ਨੇ ਕਬੂਤਰ ਤੇ ਕਿਸੇ ਨੇ ਮੁਰਗਾ ਬਣਾ ਛੱਡਿਆ ਹੈਸਾਡੇ ਪਿੰਡ ਦੀ ਇੱਕ ਕੋਠੀ ਉੱਤੇ ਗੈਸ ਸਿਲੰਡਰ ਦੇ ਵੱਡੇ ਆਕਾਰ ਵਿੱਚ ਪਾਣੀ ਦੀ ਟੈਂਕੀ ਬਣਾਈ ਗਈ ਹੈ ਇੱਕ ਟੈਂਕੀ ਮੈਂ ਬੰਦੂਕ ਲਈ ਖੜ੍ਹੇ ਫੌਜੀ ਦੀ ਵੇਖੀ ਹੈ ਤੇ ਇੱਕ ਤੀਰ ਕਮਾਨ ਚਲਾਉਂਦੇ ਜੋਧੇ ਦੀਹੋ ਸਕਦਾ ਹੈ ਕਿਸੇ ਕੋਠੀ ਦੀ ਟੈਂਕੀ ਤਾਜ ਮਹੱਲ ਦੀ ਨਕਲ ਵਰਗੀ ਵੀ ਹੋਵੇ! ਕੋਠੀ ਬਣਾਉਣ ਵਾਲੇ ਦੀ ਦਿਲੀ ਰੀਝ ਇਹੋ ਹੁੰਦੀ ਹੈ ਕਿ ਦੇਖਣ ਵਾਲੇ ਦੰਗ ਰਹਿ ਜਾਣ ’ਤੇ ਕੋਠੀ ਦੀ ਮੁੜ ਮੁੜ ਸਿਫਤ ਕਰਨਰਹੀ ਗੱਲ ਕੋਠੀਆਂ ਵਿੱਚ ਵਸਣ ਦੀ, ਕੋਠੀਆਂ ਨੂੰ ਰੰਗ ਭਾਗ ਲਾਉਣ ਦੀਆਂ ਗੱਲਾਂ ਤਾਂ ‘ਗਾਂਹ ਦੀਆਂ ਹਨਕੋਈ ਪਤਾ ਨਹੀਂ, ਦਿਨੋ-ਦਿਨ ਉੱਜੜੀ ਜਾਂਦੇ ਪੰਜਾਬ ਦੀਆਂ ਆਲੀਸ਼ਾਨ ਕੋਠੀਆਂ ਵਿੱਚ ਕੀਹਨੇ ਆ ਵਸਣਾ ਹੈ? ਪੰਜਾਬੀਆਂ ਦੀ ਤਾਂ ਉਹ ਗੱਲ ਹੋਈ ਪਈ ਐ:

ਜੱਗਿਆ! ਤੁਰ ਪਰਦੇਸ ਗਿਉਂ, ਬੂਹਾ ਵੱਜਿਆ!

ਤੁਸੀਂ ਕਿਤੇ ਜਲੰਧਰੋਂ ਰੋਪੜ ਨੂੰ ਚੱਲੋਆਸੇ ਪਾਸੇ ਨਜ਼ਰ ਮਾਰਦੇ ਜਾਓ, ਤੁਹਾਨੂੰ ਪਿੰਡਾਂ ਵਿੱਚ ਪਾਈਆਂ ਚੜ੍ਹਦੀਆਂ ਤੋਂ ਚੜ੍ਹਦੀਆਂ ਕੋਠੀਆਂ ਦੇ ਦਰਸ਼ਨ ਹੁੰਦੇ ਜਾਣਗੇਫਗਵਾੜਾ ਮੁੜਦਿਆਂ ਹੀ ਪਲਾਹੀ ਦਾ ਕੋਠੀਆਂ ਨਾਲ ਸ਼ਿੰਗਾਰਿਆ ਪੱਕਾ ਲਿਸ਼ਕਦਾ ਪਿੰਡ ਨਜ਼ਰੀਂ ਪਵੇਗਾਸ਼ਹੀਦ ਭਗਤ ਸਿੰਘ ਨਗਰ ਵੱਲ ਵਧੋਗੇ ਤਾਂ ਪੰਜਾਹ ਸੱਠ ਲੱਖ ਤੋਂ ਲੈ ਕੇ ਕਰੋੜ ਦੋ ਕਰੋੜ ਦੀਆਂ ਕੋਠੀਆਂ ਦੇ ਝਲਕਾਰੇ ਪੈਣਗੇਹਿਸਾਬੀ ਬੰਦੇ ਦੱਸਦੇ ਹਨ ਕਿ 2006 ਵਿੱਚ ਹੀ ਪੰਜਾਬੀਆਂ ਨੇ ਸੌ ਅਰਬ ਦੀ ਸ਼ਰਾਬ ਪੀਤੀ ਸੀ ਤੇ ਅਰਬਾਂ ਖਰਬਾਂ ਦੇ ਹੋਰ ਨਸ਼ੇ ਖਾਣੇ ਸ਼ੁਰੂ ਕਰ ਲਏ ਸਨਜੇ ਇਹ ਅੰਕੜੇ ਸਹੀ ਹਨ ਤਾਂ ਇੰਨੇ ਕੁ ਕੋਠੀਆਂ, ਕਾਰਾਂ, ਮੈਰਿਜ ਪੈਲਸਾਂ, ਗਹਿਣੇ ਗੱਟੇ, ਡੇਰੇਦਾਰਾਂ ਤੇ ਸਿਆਸੀ ਰੈਲੀਆਂ ’ਤੇ ਲੱਗੇ ਵੀ ਜੋੜ ਲਓਕੀ ਕਹੀਏ ਕਿ ਇੰਨੇ ਧਨ ਦਾ ਕੋਈ ਉਤਪਾਦਨ ਵੀ ਹੋਇਆ ਹੋਵੇਗਾ ਜਾਂ ਸਾਰਾ ਕੁਝ ਖਪਤ ਖਾਤੇ ਚਲਾ ਗਿਆ ਹੋਵੇਗਾ? ਇਹਦਾ ਸਹੀ ਜਵਾਬ ਤਾਂ ਅਰਥ ਸ਼ਾਸ਼ਤ੍ਰੀ ਹੀ ਦੇ ਸਕਦੇ ਹਨ ਤੇ ਉਨ੍ਹਾਂ ਨੂੰ ਦੇਣਾ ਵੀ ਚਾਹੀਦਾ ਹੈ ਇੰਨਾ ਧਨ ਪੰਜਾਬੀਆਂ ਦੇ ਰੁਜ਼ਗ਼ਾਰ ਤੇ ਉਤਪਾਦਨ ਕਾਰਜਾਂ ਉੱਤੇ ਲੱਗਾ ਹੁੰਦਾ ਤਾਂ ਪੰਜਾਬੀ ਬਾਹਰ ਨੂੰ ਕਿਉਂ ਭੱਜਦੇ?

ਅਸੀਂ ਪੰਜਾਬੀ, ਖ਼ਾਸ ਕਰ ਕੇ ਪਿੰਡਾਂ ਦੇ ਜੱਟ ਹਉਂ ਦੇ ਕੁਝ ਵਧੇਰੇ ਹੀ ਸ਼ਿਕਾਰ ਹਾਂਬੇਗਾਨਿਆਂ ਵਿੱਚ ਤਾਂ ਨੀਵੇਂ ਹੋ ਕੇ ਵੀ ਰਹਿ ਲੈਂਦੇ ਹਾਂ ਪਰ ਆਪਣਿਆਂ ਨੂੰ ਆਕੜ ਤੇ ਟੌਅ੍ਹਰ ਵਿਖਾਉਣੋਂ ਨਹੀਂ ਹਟ ਸਕਦੇਅਸੀਂ ਜਾਣਦੇ ਹਾਂ ਕਿ ਵਿਦੇਸ਼ਾਂ ਵਿੱਚ ਅਸੀਂ ਹਰ ਤਰ੍ਹਾਂ ਦਾ ਕੰਮ ਕਾਜ ਕਰੀ ਜਾਂਦੇ ਹਾਂਸਾਡੇ ਕਾਲਜਾਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ, ਪੁਲਿਸ ਅਫਸਰ ਤੇ ਤਸੀਲਦਾਰ, ਜਹਾਜ਼ਾਂ ਦੇ ਪਾਈਲਟ, ਬੈਂਕ ਮੈਨੇਜਰ ਤੇ ਪਿੰਡਾਂ ਦੇ ਪੰਚ ਸਰਪੰਚ ਪਹਿਰੇਦਾਰੀ ਦੇ ਨਾਂ ’ਤੇ ਚੌਕੀਦਾਰੇ ਦਾ ਕੰਮ ਕਰ ਰਹੇ ਹਨਰਾਤਾਂ ਨੂੰ ਪਹਿਰੇ ਦਿੰਦੇ ਤੁਰੇ ਫਿਰਦੇ ਹਨ ਪਰ ਨਾਂ ਰੱਖਿਆ ਹੋਇਆ ਹੈ ਸਕਿਉਰਿਟੀ ਅਫਸਰ! ਬਥੇਰੇ ਬਿਰਧ ਉਮਰ ਵਿੱਚ ਵੀ ਖੇਤਾਂ ਵਿੱਚ ਦਿਹਾੜੀਆਂ ਕਰੀ ਜਾਂਦੇ ਹਨਪਰ ਜਦੋਂ ਪੰਜਾਬ ਜਾਂਦੇ ਹਨ ਤਾਂ ਉਨ੍ਹਾਂ ਦੀ ਟੌਅ੍ਹਰ ਵੇਖਣ ਵਾਲੀ ਹੁੰਦੀ ਹੈਵਿਦੇਸ਼ਾਂ ਵਿੱਚ ਨਿਆਣਿਆਂ ਦੇ ਡਾਇਪਰ ਬਦਲਦੇ ਆਏ ਦੇਸ਼ ਵਿੱਚ ਆਪ ਪਾਣੀ ਦਾ ਗਲਾਸ ਵੀ ਨਹੀਂ ਭਰ ਕੇ ਪੀ ਸਕਦੇਬੂਟਾਂ ਦੇ ਤਸਮੇ ਬੰਨ੍ਹਣ ਲਈ ਵੀ ਨੌਕਰ ਭਾਲਦੇ ਹਨ!

ਸਾਡੀਆਂ ਪੜ੍ਹੀਆਂ ਲਿਖੀਆਂ ਨੂੰਹਾਂ ਧੀਆਂ ਸੇਲਜ਼ ਗਰਲਾਂ ਬਣੀਆਂ ਹੋਈਆਂ ਹਨਮੀਟ ਮੱਛੀ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਹਨਲਿਕਰ ਸਟੋਰਾਂ ’ਤੇ ਸ਼ਰਾਬ ਵੇਚਦੀਆਂ, ਰੈਸਟੋਰੈਂਟਾਂ ਵਿੱਚ ਬੀਅਰਾਂ ਵਰਤਾਉਂਦੀਆਂ ਤੇ ਪਿਆਕੜਾਂ ਨੂੰ ਖਾਣਿਆਂ ਦੀਆਂ ਪਲੇਟਾਂ ਪਰੋਸਦੀਆਂ ਹਨਬਿਗਾਨਿਆਂ ਦੀਆਂ ਜੂਠੀਆਂ ਪਲੇਟਾਂ ਤੇ ਹਵਾਈ ਅੱਡਿਆਂ ਦੇ ਵਾਸ਼ਰੂਮ ਸਾਡੀਆਂ ‘ਸਰਦਾਰਨੀਆਂ’ ਸਾਫ ਕਰਦੀਆਂ ਹਨਕਿਸੇ ਨੂੰ ਕੋਈ ‘ਮੁਸ਼ਕ’ ਨਹੀਂ ਆਉਂਦਾ, ਡਾਲਰਾਂ ਪੌਂਡਾਂ ਦੀ ਬੱਸ ‘ਖੁਸ਼ਬੋ’ ਹੀ ਖੁਸ਼ਬੋ ਹੈ! ਵੱਡੀਆਂ ਡਿਗਰੀਆਂ ਵਾਲੇ ਸਾਡੇ ਮੁੰਡੇ ਟੈਕਸੀਆਂ ਟਰੱਕ ਚਲਾਉਂਦੇ, ਘਰਾਂ ਦੇ ਰੰਗ ਰੋਗਨ ਕਰਦੇ, ਫਰਸ਼ ਲਾਉਂਦੇ, ਪੀਜ਼ੇ ਢੋਂਦੇ, ਕੂੜਾ ਚੁੱਕਦੇ ਤੇ ਭੱਈਆਂ ਵਾਲੇ ਉਹ ਸਾਰੇ ਕੰਮ ਕਰਦੇ ਹਨ ਜਿਹੜੇ ਭੱਈਏ ਪੰਜਾਬ ਵਿੱਚ ਆ ਕੇ ਕਰਦੇ ਹਨਸਾਡੇ ਪੰਜਾਬੀ ਭਰਾ ਆਪਣੇ ਪਿੰਡਾਂ ਵਿੱਚ ਅਜਿਹੇ ਕੰਮ ਕਰਨ ਨੂੰ ਆਪਣੀ ‘ਸਰਦਾਰੀ’ ਦੀ ਹੀਣਤਾ ਸਮਝਦੇ ਹਨਵਿਦੇਸ਼ਾਂ ਵਿੱਚ ਇਹ ਹੀਣਤਾ-ਹੂਣਤਾ ਕੋਈ ਨਹੀਂਜੇ ਹੈ ਵੀ ਤਾਂ ਝੱਲਣੀ ਹੀ ਪੈਂਦੀ ਹੈ ਜਿਸ ਨੂੰ ਉਹ ਆਪਣੇ ਪਿੰਡਾਂ ਵਿੱਚ ਕੋਠੀਆਂ ਦੀ ਟੌਅ੍ਹਰ ਨਾਲ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ

ਕਬੱਡੀ ਦੇ ਟੂਰਨਾਮੈਂਟਾਂ ਵਿੱਚ ਮੈਂ ਅਕਸਰ ਵੇਖਦਾ ਰਿਹਾ ਹਾਂ ਕਿ ਕਿਸੇ ਕਿਸੇ ਪਰਵਾਸੀ ਬਿਜ਼ਨਸਮੈਨ ਵੱਲੋਂ ਇੱਕ-ਇੱਕ ਜੱਫੇ ਦਾ ਹਜ਼ਾਰ ਹਜ਼ਾਰ ਡਾਲਰ/ਪੌਂਡ, ਲੱਖ ਲੱਖ ਰੁਪਇਆ, ਸਕੂਟਰ, ਮੋਟਰ ਸਾਈਕਲ, ਕਾਰ, ਜੀਪ ਜਾਂ ਟ੍ਰੈਕਟਰ ਦੇਣ ਦਾ ਇਨਾਮ ਬੁਲਾਇਆ ਜਾਂਦਾਲਾਊਡ ਸਪੀਕਰ ਤੋਂ ਉਹ ਉੰਨਾ ਖਿਡਾਰੀ ਦੀ ਹੌਸਲਾ ਅਫ਼ਜ਼ਾਈ ਲਈ ਨਹੀਂ ਬੁਲਵਾਇਆ ਜਾਂਦਾ ਜਿੰਨਾ ਆਪਣੇ ਨਾਂ ਦਾ ਡੰਕਾ ਵਜਵਾਉਣ ਲਈ ਐਲਾਨਿਆ ਜਾਂਦਾ ਹੈ! ਉੱਥੇ ਵੀ ਉਹ ਆਪਣੀ ਹਉਂ ਹੀ ਵਿਖਾ ਰਿਹਾ ਹੁੰਦਾ ਹੈ

ਇਹ ਹਉਂ ਬੜੀ ਕੁੱਤੀ ਸ਼ੈਅ ਹੈਆਹ ਪਿੰਡਾਂ ਵਿੱਚ ਜਿਹੜੀਆਂ ਕਰੋੜ ਕਰੋੜ ਦੀਆਂ ਕੋਠੀਆਂ ਬਣੀਆਂ ਵੇਖ ਰਹੇ ਹਾਂ ਨਾ, ਇਨ੍ਹਾਂ ਵਿੱਚੋਂ ਬਹੁਤੀਆਂ ਦੇ ਮਾਲਕ ਕਈ ਸਾਲ ਪਹਿਲਾਂ ਤੰਗੀ ਤੁਰਸ਼ੀ ਦੇ ਮਾਰੇ ਪਰਦੇਸਾਂ ਵਿੱਚ ਖੱਟਣ ਕਮਾਉਣ ਗਏ ਸਨ ਉੱਥੇ ਉਨ੍ਹਾਂ ਨੇ ਹਿੱਕ ਡਾਹ ਕੇ ਕਰੜੇ ਤੋਂ ਕਰੜੇ ਕੰਮ ਕੀਤੇਸੰਡੇ ਵੀ ਲਾਏ, ਰਾਤਾਂ ਵੀ ਜਾਗੇ ਤੇ ਦੋ ਦੋ ਸ਼ਿਫਟਾਂ ਵੀ ਲਾਈਆਂਤਾਪ ਚੜ੍ਹੇ ਤੋਂ ਵੀ ਦਿਹਾੜੀ ਨਹੀਂ ਭੰਨੀਛੋਟੇ ਵੱਡੇ ਬਿਜ਼ਨਸ ਸ਼ੁਰੂ ਕੀਤੇ ਤੇ ਜਿੰਨਾ ਕੁ ਟੈਕਸ ਚੋਰੀ ਹੋ ਸਕਿਆ, ਉਹ ਵੀ ਦਾਅ ਲਾਇਆ ਇੱਥੋਂ ਤਕ ਕਿ ਧਰਮ ਸਥਾਨ ਵੀ ਨਹੀਂ ਬਖ਼ਸ਼ੇਟਰੱਕਾਂ ਟਰਾਲਿਆਂ ’ਤੇ ਬਾਰਡਰਾਂ ਤੋਂ ਨਸ਼ਾ ਪੱਤਾ ਲੰਘਾਉਣ ਦਾ ਰਿਸਕ ਵੀ ਲਿਆਕਮਾਈਆਂ ਕਰਦਿਆਂ ਜੁਆਕਾਂ ਨਾਲ ਲਾਡ ਬਾਡੀਆਂ ਤਾਂ ਕੀ, ਕਈਆਂ ਤੋਂ ਕਈ ਕਈ ਦਿਨ ਜੁਆਕਾਂ ਦੇ ਮੂੰਹ ਵੀ ਨਹੀਂ ਵੇਖ ਹੋਏਪਰ ਔਖੇ ਸੌਖੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਫੀਸਾਂ ਤਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਇੰਨੀਆਂ ‘ਕੁਰਬਾਨੀਆਂ’ ਕੋਈ ਦੇ ਕੇ ਤਾਂ ਦਿਖਾਵੇ!

ਵਿਦੇਸ਼ਾਂ ਵਿੱਚ ਪੜ੍ਹੇ ਲਿਖੇ ਸਾਡੇ ਬੱਚੇ ਤੇ ਨੌਜੁਆਨ ਹੁਣ ਪੰਜਾਬ ਵੱਲ ਮੂੰਹ ਨਹੀਂ ਕਰ ਰਹੇਮਾਪੇ ਕਹਿੰਦੇ ਹਨ, “ਅਸੀਂ ਤੁਹਾਨੂੰ ਕੋਠੀ ਪਾ ਦਿੱਤੀ ਐ, ਵੇਖੋ ਤਾਂ ਸਹੀਉਹਦੇ ਵਿੱਚ ਇੰਗਲੈਂਡ, ਕੈਨੇਡਾ ਤੇ ਅਮਰੀਕਾ ਨਾਲੋਂ ਵੀ ਵੱਧ ਸਹੂਲਤਾਂ ਹਨ।” ਪਰ ਉਹ ਅੱਗੋਂ ਮੋਢੇ ਚੜ੍ਹਾ ਕੇ ਮਾਪਿਆਂ ਦਾ ਮਖੌਲ ਉਡਾਉਂਦੇ ਹਨਮੇਰੇ ਇੱਕ ਮਿੱਤਰ ਨੇ ਦੱਸਿਆ, “ਮੈਂ ਆਪਣੇ ਮੁੰਡੇ ਲਈ ਜ਼ਮੀਨ ਵੀ ਖਰੀਦੀ, ਕੋਠੀ ਵੀ ਪਾਈ ਪਰ ਉਹ ਸਹੁਰਾ ਕੋਠੀ ਤੇ ਜ਼ਮੀਨ ਨੂੰ ‘ਆਪਣੀ’ ਕਹਿੰਦਾ ਹੀ ਨਹੀਂ, ਜਦੋਂ ਕਹੂ ‘ਡੈਡ’ ਦੀ ਕਹੂਕੋਈ ਪੁੱਛੇ, ਮੈਂ ਸਹੁਰਿਆ ਹਿੱਕ ’ਤੇ ਧਰ ਕੇ ਲਿਜਾਣੀ ਆਂ?”

ਪਰਵਾਸੀਆਂ ਵੱਲੋਂ ਆਪਣੇ ਪਿੰਡਾਂ ਵਿੱਚ ਕੋਠੀਆਂ ਪਾਉਣ ਦੇ ਹੋਰ ਵੀ ਕਈ ਕਰਨ ਹਨਮਸਲਨ ਕੈਨੇਡਾ/ਇੰਗਲੈਂਡ ਵਿੱਚ ਸਾਧਾਰਨ ਘਰਾਂ ਦੀ ਔਸਤ ਕੀਮਤ ਪੰਜ ਤੋਂ ਦਸ ਪੰਦਰਾਂ ਲੱਖ ਤੇ ਟੌਅ੍ਹਰੀ ਘਰ ਦੀ ਦੋ ਢਾਈ ਮਿਲੀਅਨ ਪੌਂਡ ਜਾਂ ਡਾਲਰ ਹੈਪੰਜਾਬ ਵਿੱਚ ਅਜੇ ਵੀ ਸ਼ਾਨਦਾਰ ਕੋਠੀ ਇੱਕ ਲੱਖ ਪੌਂਡ ਜਾਂ ਦੋ ਲੱਖ ਡਾਲਰਾਂ ਦੀ ਬਣ ਜਾਂਦੀ ਹੈ, ਜਿਸ ਨੂੰ ਉਹ ਸਸਤਾ ਸੌਦਾ ਸਮਝਦੇ ਹਨਕਈ ਸਮਝਦੇ ਹਨ ਕਿ ਬੈਂਕ ਵਿੱਚ ਪਿਆ ਪੈਸਾ ਕਿਹੜਾ ਦੁੱਧ ਦਿੰਦਾ ਹੈ? ਕੋਠੀ ’ਤੇ ਲਾਵਾਂਗੇ ਤਾਂ ਬਹਿਜਾ ਬਹਿਜਾ ਹੋ ਜਾਵੇਗੀਹੋ ਸਕਦਾ ਹੈ ਕੋਠੀ ਦੀ ਕੀਮਤ ਵੀ ਵਧ ਜਾਵੇਦਲੀਲ ਇਹ ਵੀ ਦਿੰਦੇ ਹਨ, ਜੇ ਅਫਰੀਕਾ ਦੇ ਕੀਨੀਆ ਯੂਗੰਡਾ ਵਾਂਗ ਵਿਦੇਸ਼ਾਂ ਵਿੱਚੋਂ ਨਿਕਲਣਾ ਪਿਆ ਤਾਂ ਪੰਜਾਬ ਵਿੱਚ ਬਣਾਏ ਹੋਏ ਘਰਾਂ ਵਿੱਚ ਤਾਂ ਜਾ ਬੈਠਾਂਗੇਕਈ ਰਿਟਾਇਰ ਹੋਏ ਬੰਦੇ ਆਪਣਾ ਬੁਢਾਪਾ ਪਿੰਡਾਂ ਵਿੱਚ ਕੱਟਣ ਲਈ ਵੀ ਕੋਠੀਆਂ ਪਾਉਣ ਦੇ ਸੁਪਨੇ ਲੈ ਰਹੇ ਹਨ

ਇੱਥੇ ਟੋਰਾਂਟੋ ਵਿੱਚ ਤਾਸ਼ ਖੇਡਦੇ ਇੱਕ ਭੇਤੀ ਬੰਦੇ ਨੇ ਹੋਰ ਹੀ ਗੱਲ ਦੱਸੀ ਅਖੇ ਉਹਦੇ ਨਾਲ ਕੰਮ ਕਰਦੀ ਇੱਕ ਦੇਸੀ ਸੁਆਣੀ ਆਖੀ ਜਾਵੇ, “ਮੈਂ ਏਧਰੋਂ ਓਧਰੋਂ ਡਾਲਰ ਫੜ-ਫੁੜ ਕੇ ਤੇ ਮਾਰਗੇਜ ਚੁੱਕ ਕੇ ਪਿੰਡ ਕੋਠੀ ਪਾ ਆਈ ਆਂ ਜਿਸ ਨਾਲ ਸ਼ਰੀਕਾਂ ਦੀ ਪੂਛ ਨੂੰ ਅੱਗ ਲੱਗ ਗਈ ਆਹੁਣ ਦੇਖਿਓ ਜ਼ਮੀਨਾਂ ਜਾਇਦਾਦਾਂ ਵੇਚ ਕੇ ਅੜੇ ਥੁੜੇ ਕਨੇਡੀਅਨਾਂ ਨੂੰ ਤੀਹ ਤੀਹ ਚਾਲੀ ਚਾਲੀ ਲੱਖ ਦਿੰਦੇ ਤੇ ਮੁੰਡੇ ਕੁੜੀਆਂ ਨੂੰ ਬਾਹਰ ਭੇਜਦੇ!” ਜਿਨ੍ਹਾਂ ਦਾ ‘ਗੇੜਾ’ ਲਾ ਕੇ ਗੱਫਾ ਨਿਕਲਿਆ ਹੋਵੇ ਉਹ ਵੀ ਗੱਫੇ ਨਾਲ ਪਿੰਡ ਵਿੱਚ ਕੋਠੀ ਪਾਉਣੀ ਹੀ ਬਿਹਤਰ ਸਮਝਦੇ ਹਨਜਿਨ੍ਹਾਂ ਟੈਕਸ ਚੋਰਾਂ ਨੂੰ ਚੋਰੀ ਫੜੀ ਜਾਣ ਦਾ ਧੁੜਕੂ ਰਹਿੰਦਾ ਹੈ, ਉਹ ਵੀ ਪੈਸਾ ਪਿੱਛੇ ਕੱਢਣਾ ਹੀ ਸੁਰੱਖਿਅਤ ਸਮਝਦੇ ਹਨਕਈਆਂ ਨੂੰ ਓਧਰੋਂ ਇੱਧਰ ਕੱਢਣਾ ਪੈ ਰਿਹਾ ਹੈ ਤੇ ਕਈਆਂ ਨੂੰ ਏਧਰੋਂ ਓਧਰਹਰਾਮ ਦਾ ਪੈਸਾ ਟਿਕਣ ਕਿਹੜਾ ਦਿੰਦਾ ਹੈ? ਹਾਂ, ਆਪਣੀ ਹੱਕ ਹਲਾਲ ਦੀ ਕਮਾਈ ਨਾਲ ਕੋਠੀਆਂ ਪਾਉਣ ਵਾਲੇ ਵੀ ਬਥੇਰੇ ਹੋਣਗੇਦੁਆਬੇ ਦੇ ਕਈ ਪਿੰਡ ਸ਼ਾਨਦਾਰ ਕੋਠੀਆਂ ਦੀ ਸ਼ਾਨ ਨਾਲ ਹਾਲੀਵੁੱਡ ਦਾ ਯੂਨੀਵਰਸਲ ਸਟੂਡੀਓ ਲੱਗਦੇ ਹਨਉਨ੍ਹਾਂ ਵਿੱਚ ਕਦੇ ਕਦੇ ਕੋਈ ਫਿਲਮ ਪ੍ਰੋਡਿਊਸਰ ਵੀ ਸ਼ੂਟਿੰਗ ਕਰਾਉਣ ਆ ਜਾਂਦਾ ਹੈਉਨ੍ਹਾਂ ਦੀ ਚਮਕ ਜੁ ਖਿੱਚਵੀਂ ਹੋਈ!

ਕੋਠੀਆਂ ਵਿੱਚ ਚਮਕ ਤਾਂ ਹੈ ਪਰ ਭੱਲ ਖੱਟਣ ਲਈ ਖੜ੍ਹੀਆਂ ਕੀਤੀਆਂ ਕੋਠੀਆਂ ਵਿੱਚ ਬਿਜਲੀ ਦੀ ਖਪਤ ਦੇ ਇੰਨੇ ਪੁਆਇੰਟ ਹਨ ਜਿਨ੍ਹਾਂ ਦਾ ਲੋਡ ਬਹੁਤ ਜ਼ਿਆਦਾ ਹੈਕੋਠੀਆਂ ਦੀ ਸਾਂਭ ਸੰਭਾਲ ਲਈ ਬਿਠਾਏ ਭੱਈਏ ਤੇ ਨੌਕਰ ਚਾਕਰ ਬੇਲੋੜੀ ਬਿਜਲੀ ਬਾਲੀ ਜਾਂਦੇ ਹਨ ਤੇ ਬਿਜਲੀ ਦੇ ਹੀਟਰਾਂ ਉੱਤੇ ਹੀ ਖਾਣਾ ਦਾਣਾ ਬਣਾਈ ਜਾਂਦੇ ਹਨਨਹਾਉਣ ਲਈ ਬਾਲਟੀ ਜਾਂ ਟੱਬ ਦੀ ਥਾਂ ‘ਪੂਲ’ ਹੀ ਭਰ ਲੈਂਦੇ ਹਨ, ਕਿਹੜਾ ਮੁੱਲ ਲਗਦਾ ਹੈ? ਇੰਜ ਬਿਜਲੀ ਦੀ ਬੜੀ ਬੇਦਰਦੀ ਨਾਲ ਦੁਰਵਰਤੋਂ ਹੁੰਦੀ ਹੈਪਿੰਡਾਂ ਦੇ ਆਮ ਲੋਕਾਂ ਨੂੰ ਉਹ ਕੋਠੀਆਂ ਰੜਕਦੀਆਂ ਵੀ ਬਹੁਤ ਹਨ

ਰਿਸ਼ਤੇਦਾਰਾਂ ਤੇ ਸ਼ਰੀਕਾਂ ਵੱਲੋਂ ਦੱਬੀਆਂ ਜਾ ਰਹੀਆਂ ਕੋਠੀਆਂ ਦੀ ਚਰਚਾ ਵੀ ਸੁਣਨ ਵਿੱਚ ਆ ਰਹੀ ਹੈਪੁਲਿਸ ਦੀ ਡਿਊਟੀ ਭਾਵੇਂ ਨਜਾਇਜ਼ ਦੱਬੀਆਂ ਹੋਈਆਂ ਕੋਠੀਆਂ ਛੁਡਾਉਣ ਦੀ ਹੁੰਦੀ ਹੈ ਪਰ ਸੁਣਨ ਵਿੱਚ ਆਇਆ ਹੈ ਕਿ ਕਈ ਪੁਲਸੀਆਂ ਨੇ ਖ਼ੁਦ ਹੀ ਕੋਠੀਆਂ ਦੱਬ ਰੱਖੀਆਂ ਹਨਸਾਡੇ ਪਿੰਡ ਦੇ ਇੱਕ ਵਲੈਤੀਏ ਮਾਸਟਰ ਨੇ ਇਹ ਸੋਚ ਕੇ ਮੋਗੇ ‘ਮੈਨਸ਼ਨ’ ਬਣਾਇਆ ਸੀ ਬਈ ਸ਼ਹਿਰੀ ਜਾਇਦਾਦ ਹੈ, ਜਦੋਂ ਜੀਅ ਕੀਤਾ ਜਾ ਰਹਾਂਗੇ ਜਾਂ ਮਹਿੰਗੇ ਭਾਅ ਵੇਚ ਦੇਵਾਂਗੇਜਦੋਂ ਮੋਗਾ ਜ਼ਿਲ੍ਹਾ ਬਣਿਆ ਤਾਂ ਉਹ ਇਸੇ ਡਰੋਂ ਵਲਾਇਤੋਂ ਭੱਜਾ ਆਇਆ ਕਿ ਕਿਤੇ ਜ਼ਿਲ੍ਹੇ ਦਾ ਸਰਕਾਰੀ ਅਮਲਾ ਫੈਲਾ ਹੀ ਨਾ ਆ ਦੱਬੇ! ਸਰਕਾਰੀ ਅਮਲੇ ਦਾ ਦੱਬਿਆ ਤਾਂ ਫੇਰ ਧਰਮਰਾਜ ਵੀ ਨੀ ਛੁਡਾ ਸਕਦਾ

ਜਿਵੇਂ ਵਾਹੀਯੋਗ ਜ਼ਮੀਨਾਂ ਦੀ ਪ੍ਰਤੀ ਪਰਿਵਾਰਕ ਯੂਨਿਟ ਸਾਢੇ ਸੱਤ ਹੈਕਟਰ ਦੀ ਸੀਲਿੰਗ ਹੈ, ਕੀ ਕਦੇ ਸੰਭਵ ਹੋਵੇਗਾ ਕਿ ਮਹਿੰਗੀਆਂ ਕੋਠੀਆਂ, ਹੋਟਲ ਮੋਟਲ ਤੇ ਉਨ੍ਹਾਂ ਦੀ ਗਿਣਤੀ ਉੱਤੇ ਵੀ ਰੋਕ ਲੱਗੇ ਤੇ ਉਹਨਾਂ ਦੀ ਵੀ ਸੀਲਿੰਗ ਹੋਵੇ? ਇਹ ਜਿਹੜਾ ਅਰਬਾਂ ਖਰਬਾਂ ਰੁਪਇਆ ‘ਆਲੀਸ਼ਾਨ’ ਤੇ ‘ਸ਼ਾਨਦਾਰ’ ਕੋਠੀਆਂ ਤੇ ਮਹਿਲਨੁਮਾ ਨਿਵਾਸਾਂ ਉੱਤੇ ਥੱਪਿਆ ਜਾ ਰਿਹਾ ਹੈ, ਕੀ ਇਸ ਧਨ ਦਾ ਮੂੰਹ ਕਦੇ ਉਤਪਾਦਕ ਕਾਰਜਾਂ ਵੱਲ ਵੀ ਹੋਵੇਗਾ? ਮੱਝ ਵੇਚ ਕੇ ਘੋੜੀ ਲੈਣ ਦੀ ਥਾਂ ਘੋੜੀ ਵੇਚ ਕੇ ਮੱਝ ਲੈਣ ਦਾ ਤੋਰਾ ਆਖ਼ਰ ਕਦੋਂ ਤੁਰੇਗਾ? ਤੁਰੇਗਾ ਵੀ ਕਿ ਨਹੀਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3727)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author