“ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ...”
(27 ਜੂਨ 2019)
ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਆ ਹੈ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਊਂਦੇ ਰਹਿਣ ਦਾ ਰਿਕਾਰਡ ਰੱਖ ਦਿੱਤਾ ਹੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿੱਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖ਼ਰ ਇਹ ਸੈਂਚਰੀ ਮਾਰਨੀ ਇੱਕ ਪੰਜਾਬੀ ਲੇਖਕ ਦੇ ਹਿੱਸੇ ਆਈ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵਧ ਪਾਠਕ ਪੈਦਾ ਕੀਤੇ ਹਨ। ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਉਸ ਦੀ ਬੜੀ ਵੱਡੀ ਦੇਣ ਹੈ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉਹ ਵਗਦੀਆਂ ’ਵਾਵਾਂ ਦੇ ਵੇਗ ਵਿੱਚ ਝੂੰਮਦਾ ਹੈ। ਕਦੇ ਖੱਬੇ ਲਹਿਰਾਉਂਦਾ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦਾ ਹੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ਵਿੱਚ ਲਿਖੇ ਵਾਕ ਸਿੱਧੇ ਦਿਲਾਂ ’ਤੇ ਵਾਰ ਕਰਦੇ ਹਨ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜਵਾਨ ਕੁੜੀਆਂ ਮੁੰਡਿਆਂ ਦੀਆਂ ਡਾਇਰੀਆਂ ਉੱਤੇ ਚੜ੍ਹਦੇ ਰਹੇ। ਉਹਦੀ ਪ੍ਰੀਤ ਭਿੱਜੀ ਰੁਮਾਂਚਿਕ ਸ਼ੈਲੀ ਨੇ ਲੱਖਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਦੀ ਪੱਟੀ ਢੁੱਡੀਕੇ ਆ ਬੈਠੀ ਸੀ।
ਉਹਦੇ ਬਚਪਨ ਦੇ ਦੋਸਤ ਮਹਿੰਗੇ ਦੇ ਦੱਸਣ ਮੂਜਬ ਉਹਦੀ ਮੁੱਢਲੀ ਪਛਾਣ ‘ਮਾਹਲੇ ਕਾ ਬੰਤਾ’ ਸੀ। ਮਾਹਲੇ ਕਾ ਬੰਤਾ ਨਿੱਕਾ ਹੁੰਦਾ ਮਾਲ ਚਾਰਦਾ, ਕੌਡੀ ਖੇਡਦਾ, ਛਾਲਾਂ ਲਾਉਂਦਾ, ਸ਼ਰਾਰਤਾਂ ਕਰਦਾ, ਬਾਤਾਂ ਪਾਉਂਦਾ ਤੇ ਹੀਰ ਦੀਆਂ ਬੈਂਤਾਂ ਗਾਉਂਦਾ ਸੀ। ਆਂਢ ਗਵਾਂਢ ਤੇ ਆਏ ਗਏ ਦਾ ਜੀਅ ਪਰਚਾਉਂਦਾ ਸੀ। ਕਦੇ ਕਦੇ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦਾ ਸੀ। ਸਿਰ ਤੋਂ ਬਾਪ ਦਾ ਸਾਇਆ ਜੁ ਉੱਠ ਚੁੱਕਾ ਸੀ। ਉਦੋਂ ਕਿਸੇ ਦੇ ਖ਼ਾਬ ਖਿਆਲ ਵਿੱਚ ਨਹੀਂ ਸੀ ਕਿ ਉਹ ਪੰਜਾਬੀ ਦਾ ਨਾਮਵਰ ਨਾਵਲਕਾਰ ਬਣੇਗਾ ਤੇ ਉਹਦੇ ਨਾਂ ਨਾਲ ਉਹਦਾ ਪਿੰਡ ਢੁੱਡੀਕੇ ਹੋਰ ਮਸ਼ਹੂਰ ਹੋਵੇਗਾ।
ਉਹਦਾ ਜਨਮ 27 ਜੂਨ 1919 ਨੂੰ ਢੁੱਡੀਕੇ ਦੀ ਕਪੂਰਾ ਪੱਤੀ ਵਿੱਚ ਮਾਹਲਾ ਸਿੰਘ ਗਿੱਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਉਹ ਪੰਜ ਸਾਲ ਦਾ ਸੀ ਜਦੋਂ ਉਹਦੇ ਬਾਪ ਦਾ ਦੇਹਾਂਤ ਹੋ ਗਿਆ। ਉਸ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ ਜੋ ਉੱਚੇ ਲੰਮੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉੱਠ ਕੇ ਹਲ ਜੋੜਦਾ, ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਨੀ ਕੰਵਲ ਨੂੰ ਵਿਰਸੇ ਵਿੱਚ ਮਿਲੀ। ਉਹਦੀਆਂ ਲਿਖਤਾਂ ਵਿੱਚ ਵੀ ਕਿਰਸਾਨੀ ਉਹਦੇ ਹੱਡੀਂ ਰਚੀ ਦਿਸਦੀ ਹੈ। ਉਹਦੀਆਂ ਲਿਖਤਾਂ ਦੇ ਬਹੁਤੇ ਪਾਤਰ ਕਿਸਾਨ ਹਨ।
ਜਦੋਂ ਜਸਵੰਤ ਸਿੰਘ ਕੰਵਲ ਦਾ ਜਨਮ ਹੋਇਆ ਢੁੱਡੀਕੇ ਕੱਚੇ ਕੋਠਿਆਂ ਵਾਲਾ ਪਿੰਡ ਸੀ। ਕੱਚੇ ਰਾਹ ਸਨ ਤੇ ਵਿੰਗੀਆਂ ਟੇਢੀਆਂ ਪਹੀਆਂ ਤੇ ਪਗਡੰਡੀਆਂ। ਟਾਵੇਂ ਟੱਲੇ ਖੂਹ ਸਨ ਜਿਨ੍ਹਾਂ ਉੱਤੇ ਹਲਟ ਚਲਦੇ। ਹਲਟਾਂ ਦੇ ਕੁੱਤੇ ਟਿਕੀਆਂ ਰਾਤਾਂ ਵਿੱਚ ਟਿੱਚ ਟਿੱਚ ਕਰਦੇ। ਨੇੜਲੇ ਸ਼ਹਿਰ ਜਗਰਾਓਂ ਤੇ ਮੋਗਾ ਸਨ ਜਿੱਥੋਂ ਸੌਦਾ ਸੂਤ ਲਿਆਂਦਾ ਜਾਂਦਾ। ਨੇੜਲਾ ਰੇਲਵੇ ਸਟੇਸ਼ਨ ਅਜੀਤਵਾਲ ਦੋ ਕੋਹ ਦੂਰ ਸੀ। ਆਉਣ ਜਾਣ ਲਈ ਗੱਡੇ ਜਾਂ ਯੱਕੇ ਦੀ ਸਵਾਰੀ ਹੁੰਦੀ ਸੀ। ਸਰਦੇ ਪੁੱਜਦੇ ਬੰਦੇ ਊਠ ਘੋੜੇ ਦੀ ਸਵਾਰੀ ਵੀ ਕਰ ਲੈਂਦੇ। ਬਹੁਤੇ ਖੇਤਾਂ ਵਿੱਚ ਸਾਲ ਵਿੱਚ ਇੱਕੋ ਫਸਲ ਹੁੰਦੀ। ਚਰਾਗਾਹਾਂ ਖੁੱਲ੍ਹੀਆਂ ਸਨ। ਘਰਾਂ ਵਿੱਚ ਲਵੇਰਾ ਆਮ ਸੀ। ਕੰਵਲ ਨੇ ਬਚਪਨ ਵਿੱਚ ਆਪਣੇ ਪਿੰਡ ਵਿੱਚੋਂ ਜੋ ਪ੍ਰਭਾਵ ਲਿਆ ਉਹੀ ਉਹਦੀਆਂ ਲਿਖਤਾਂ ਵਿੱਚ ਵਾਰ ਵਾਰ ਪਰਗਟ ਹੁੰਦਾ ਰਿਹਾ।
ਉਹਦੇ ਨਾਵਲ ‘ਪੂਰਨਮਾਸ਼ੀ’ ਵਿਚਲਾ ‘ਨਵਾਂ ਪਿੰਡ’ ਕੰਵਲ ਦਾ ਬਚਪਨ ਤੇ ਜੁਆਨੀ ਵਿੱਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਹੈ। ਨਾਵਲ ਦੇ ਆਰੰਭ ਵਿੱਚ ਜਿਹੜਾ ਖੂਹ ਚਲਦਾ ਵਿਖਾਇਆ ਗਿਆ ਹੈ ਉਹ ਉਹਦੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕਾ ਹੈ। ਵਰ੍ਹਿਆਂ ਦੀ ਗਰਦ ਨਾਲ ਬੇਆਬਾਦ ਹੋਇਆ ਉਹ ਖੂਹ ਉਹਦੇ ਨਾਵਲ ਪੂਰਨਮਾਸ਼ੀ ਵਿੱਚ ਆਬਾਦ ਹੈ ਜਿਸ ਦੀ ਮੌਣ ਉੱਤੇ ਕਦੇ ਬਲਰਾਜ ਸਾਹਨੀ ਵੀ ਬਹਿੰਦਾ ਰਿਹਾ।
ਢੁੱਡੀਕੇ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੀ। ਪੰਜਾਬ ਉੱਤੇ ਅੰਗਰੇਜ਼ਾਂ ਦਾ ਰਾਜ ਸੀ। ਆਰਥਿਕ ਮੰਦਵਾੜੇ ਕਰਕੇ ਕਿਰਤੀ ਕਿਸਾਨ ਫੌਜ ਵਿੱਚ ਭਰਤੀ ਹੋਣ ਅਤੇ ਮਲਾਇਆ ਸਿੰਗਾਪੁਰ ਨੂੰ ਨਿਕਲਣੇ ਸ਼ੁਰੂ ਹੋ ਗਏ ਸਨ। ਸੋਕੇ ਪੈਣ ਕਾਰਨ ਕਾਲ ਪੈਣੇ ਆਮ ਗੱਲ ਸੀ। ਆਏ ਸਾਲ ਛੋਟੀਆਂ ਵੱਡੀਆਂ ਪਲੇਗਾਂ ਪੈਂਦੀਆਂ ਜੋ ਚੰਗੇ ਭਲੇ ਬੰਦਿਆਂ ਨੂੰ ਨਿਗਲ ਜਾਂਦੀਆਂ। ਕੰਵਲ ਦੇ ਜਨਮ ਵੇਲੇ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਵਰਤੇ ਨੂੰ ਅਜੇ ਢਾਈ ਮਹੀਨੇ ਹੀ ਹੋਏ ਸਨ। ਉਸ ਤੋਂ ਪੰਜ ਕੁ ਸਾਲ ਪਹਿਲਾਂ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਗਦਰ ਲਹਿਰ ਚਲਾਈ ਸੀ। ਉਸ ਲਹਿਰ ਵਿੱਚ ਢੁੱਡੀਕੇ ਦੇ ਵੀ ਕੁਝ ਗਦਰੀ ਬਾਬੇ ਸ਼ਾਮਲ ਸਨ। ਢੁੱਡੀਕੇ ਗਦਰ ਲਹਿਰ ਦਾ ਸਬ ਸੈਂਟਰ ਬਣ ਗਿਆ ਸੀ ਜਿੱਥੇ ਗਦਰੀਆਂ ਦੀਆਂ ਗੁਪਤ ਮੀਟਿੰਗਾਂ ਹੁੰਦੀਆਂ। ਢੁੱਡੀਕੇ ਵਿੱਚ ਹੀ 28 ਜਨਵਰੀ 1865 ਨੂੰ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ ਸੀ। ਕੰਵਲ ਦੇ ਜਨਮ ਸਮੇਂ ਢੁੱਡੀਕੇ ਤੇ ਚੂਹੜਚੱਕ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਖ਼ਤਰਨਾਕ ਪਿੰਡ ਸਨ ਜਿੱਥੇ ਤਾਜੀਰੀ ਚੌਕੀ ਬਿਠਾਈ ਗਈ ਸੀ।
ਢੁੱਡੀਕੇ ਪਹਿਲਾਂ ਵੈਲੀਆਂ ਬਦਮਾਸ਼ਾਂ ਦਾ ਪਿੰਡ ਵੱਜਦਾ ਸੀ। ਫਿਰ ਢੁੱਡੀਕੇ ਦੀ ਪਛਾਣ ਗਦਰੀ ਬਾਬਿਆਂ ਦੇ ਪਿੰਡ ਵਜੋਂ ਬਣੀ ਜੋ ਦੇਸ਼ ਆਜ਼ਾਦ ਹੋਣ ਪਿੱਛੋਂ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਵਜੋਂ ਉਭਾਰੀ ਗਈ। ਜਸਵੰਤ ਸਿੰਘ ਕੰਵਲ ਨੇ ਢੁੱਡੀਕੇ ਨੂੰ ਲੇਖਕਾਂ ਦੇ ਪਿੰਡ ਵਜੋਂ ਪਛਾਣ ਦਿੱਤੀ। ਢੁੱਡੀਕੇ ਨੂੰ ਹੁਣ ਪੰਜਾਬ ਤੇ ਭਾਰਤ ਦਾ ਇਤਿਹਾਸਕ ਪਿੰਡ ਕਿਹਾ ਜਾਂਦਾ ਹੈ।
ਕੰਵਲ ਚਾਰ ਜਮਾਤਾਂ ਢੁੱਡੀਕੇ ਤੋਂ ਪੜ੍ਹ ਕੇ ਅੱਠਵੀਂ ਜਮਾਤ ਤਕ ਆਪਣੇ ਨਾਨਕੇ ਪਿੰਡ ਚੂਹੜਚੱਕ ਪੜ੍ਹਿਆ। ਉੱਥੇ ਹੀ ਚੂਹੜਚੱਕ ਦਾ ਜੰਮਪਲ ਲਛਮਣ ਸਿੰਘ ਗਿੱਲ ਪੜ੍ਹਦਾ ਸੀ ਜੋ ਉਸ ਤੋਂ ਦੋ ਸਾਲ ਵੱਡਾ ਸੀ। ਉਹ ਪੰਜਾਬ ਦਾ ਸਿੱਖਿਆ ਮੰਤਰੀ ਤੇ ਫਿਰ ਮੁੱਖ ਮੰਤਰੀ ਬਣਿਆ ਜਿਸ ਨੇ ਦਸੰਬਰ 1967 ਵਿੱਚ ਵਿਧਾਨ ਸਭਾ ਤੋਂ ਪੰਜਾਬ ਰਾਜ ਭਾਸ਼ਾ ਐਕਟ ਪਾਸ ਕਰਵਾ ਕੇ ਪੰਜਾਬੀ ਨੂੰ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਵਿੱਚ ਅਮਲੀ ਤੌਰ ’ਤੇ ਲਾਗੂ ਕੀਤਾ। ਲਛਮਣ ਸਿੰਘ ਗਿੱਲ ਦਾ ਇਹ ਕਾਰਨਾਮਾ ਪੰਜਾਬੀ ਜਗਤ ਵਿੱਚ ਸਦਾ ਸਲਾਹਿਆ ਜਾਂਦਾ ਰਹੇਗਾ। ਉਹ ਪੰਜਾਬੀ ਲਈ ਜੋ ਕਰ ਗਿਆ ਉਸ ਤੋਂ ਬਾਅਦ ਪੰਜਾਬ ਕੋਈ ਹੋਰ ਮੁੱਖ ਮੰਤਰੀ ਪੰਜਾਬੀ ਲਈ ਨਹੀਂ ਕਰ ਸਕਿਆ। ਪੰਜਾਬੀ ਸੂਬੇ ਦੇ ਇੱਕ ਮੁੱਖ ਮੰਤਰੀ ਨੇ ਤਾਂ ਅਹੁਦੇ ਦੀ ਸਹੁੰ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਚੁੱਕੀ!
ਲਛਮਣ ਸਿੰਘ ਗਿੱਲ ਤੇ ਜਸਵੰਤ ਸਿੰਘ ਕੰਵਲ ਦਾ ਸਮਕਾਲੀ ਗਿਆਨੀ ਲਾਲ ਸਿੰਘ ਗੁਆਂਢੀ ਪਿੰਡ ਦੌਧਰ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਿਆ ਸੀ। ਇਸ ਨੂੰ ਸਬੱਬ ਕਹਿ ਲਵੋ ਜਾਂ ਕੁਝ ਹੋਰ ਕਿ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਉਹ ਤਿੰਨੇ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਵੱਡੇ ਥੰਮ੍ਹ ਬਣੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਗਿਆਨੀ ਲਾਲ ਸਿੰਘ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਕਾਰਜ ਨਿਭਾਇਆ ਅਤੇ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਸਭਾਵਾਂ, ਕਨਵੈਨਸ਼ਨਾਂ ਤੇ ਪੰਜਾਬੀ ਕਾਨਫਰੰਸਾਂ ਕਰਵਾ ਕੇ ਅਤੇ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਅਮੀਰ ਬਣਾਇਆ। ਕਦੇ ਉਸ ਨੂੰ 'ਪੂਰਨਮਾਸ਼ੀ' ਵਾਲਾ ਕੰਵਲ, ਕਦੇ 'ਰਾਤ ਬਾਕੀ ਹੈ' ਵਾਲਾ ਨਾਵਲਕਾਰ ਤੇ ਕਦੇ 'ਲਹੂ ਦੀ ਲੋਅ' ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਤੇ ਕਦੇ ਪੰਜਾਬ ਦੇ ਪੇਂਡੂ ਜੀਵਨ, ਖ਼ਾਸ ਕਰ ਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਮੰਨਿਆ ਜਾਂਦਾ ਰਿਹਾ।
ਚੜ੍ਹਦੀ ਜੁਆਨੀ ਵਿੱਚ ਉਸ ਨੇ ਮਲਾਇਆ ਵਿੱਚ ਚੌਕੀਦਾਰੇ ਦੀ ਨੌਕਰੀ ਕੀਤੀ। ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਲਰਕੀ ਕੀਤੀ। 1947 ਦੇ ਉਜਾੜੇ ਪਿੱਛੋਂ ਕਿਰਸਾਨੀ ਕਰਦਿਆਂ ਤੇ ਕਿਤਾਬਾਂ ਲਿਖਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਢੁੱਡੀਕੇ ਵਿੱਚ ਉੱਚ ਸਿੱਖਿਆ ਤੇ ਸਿਹਤ ਸੰਭਾਲ ਦੇ ਅਦਾਰੇ ਬਣਵਾ ਕੇ ਪਿੰਡ ਦਾ ਮਿਸਾਲੀ ਵਿਕਾਸ ਕੀਤਾ। ਭਾਸ਼ਾ ਵਿਭਾਗ ਪੰਜਾਬ ਦਾ ਸਲਾਹਕਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ। ਉਹਦੇ ਸਥਾਪਤ ਕੀਤੇ ਪੰਜਾਬੀ ਸਾਹਿਤ ਟ੍ਰਸਟ ਢੁੱਡੀਕੇ ਨੇ ਸੌ ਤੋਂ ਵਧ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਯਾਦਗਾਰੀ ਅਵਾਰਡ ਦਿੱਤੇ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੋਹਰੀ ਰਿਹਾ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿੱਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ਵਿੱਚ ਖਚਤ ਹੋਣ ਤੋਂ ਬਚਾਉਣ ਵਿੱਚ ਅਹਿਮ ਰੋਲ ਨਿਭਾਇਆ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਵੀ ਰਿਹਾ।
ਉਹਦੀਆਂ ਪੁਸਤਕਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਦੀ ਗਿਣਤੀ ਹੀ ਤੀਹਾਂ ਤੋਂ ਉੱਪਰ ਹੈ। ਪਹਿਲਾ ਨਾਵਲ 'ਸੱਚ ਨੂੰ ਫਾਂਸੀ' 1944 ਵਿੱਚ ਛਪਿਆ ਜਦ ਕਿ ਆਖ਼ਰੀ ਨਾਵਲ 'ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ' 2006 ਵਿੱਚ ਪ੍ਰਕਾਸ਼ਿਤ ਹੋਇਆ। ਇਨ੍ਹਾਂ ਵਿਚਕਾਰ ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪ ਧਾਰਾ, ਹਾਣੀ, ਭਵਾਨੀ, ਹੁਨਰ ਦੀ ਜਿੱਤ, ਦੇਵਦਾਸ (ਅਨੁਵਾਦ), ਮਿੱਤਰ ਪਿਆਰੇ ਨੂੰ, ਤਾਰੀਖ਼ ਵੇਖਦੀ ਹੈ, ਜੇਰਾ, ਬਰਫ਼ ਦੀ ਅੱਗ, ਜੰਗਲ ਦੇ ਸ਼ੇਰ, ਲਹੂ ਦੀ ਲੋਅ, ਸੂਰਮੇ, ਮਨੁੱਖਤਾ, ਮੋੜਾ, ਮੂਮਲ, ਸੁਰ ਸਾਂਝ, ਐਨਿਆਂ ਵਿੱਚੋਂ ਉੱਠੋ ਸੂਰਮਾ, ਅਹਿਸਾਸ, ਖ਼ੂਬਸੂਰਤ ਦੁਸ਼ਮਣ, ਨਵਾਂ ਸੰਨਿਆਸ, ਤੌਸ਼ਾਲੀ ਦੀ ਹੰਸੋ, ਕਾਲਾ ਹੰਸ, ਝੀਲ ਦੇ ਮੋਤੀ, ਕੀੜੀ ਦਾ ਹੰਕਾਰ, ਹਾਲ ਮੁਰੀਦਾਂ ਦਾ, ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰੂਪਵਤੀ, ਮੁਕਤੀ ਮਾਰਗ ਅਤੇ ਸੁੰਦਰਾਂ ਆਦ ਨਾਵਲ ਛਪੇ।
ਕਹਾਣੀ ਸੰਗ੍ਰਹਿ 'ਕੰਡੇ' ਤੋਂ 'ਜਸਵੰਤ ਸਿੰਘ ਕੰਵਲ ਦੀਆਂ ਸ੍ਰੇਸ਼ਟ ਕਹਾਣੀਆਂ' ਤਕ ਦਰਜਨ ਤੋਂ ਵਧ ਕਹਾਣੀ ਸੰਗ੍ਰਹਿ ਹਨ ਜਿਨ੍ਹਾਂ ਦੇ ਨਾਂ, ਜ਼ਿੰਦਗੀ ਦੂਰ ਨਹੀਂ, ਸੰਧੂਰ, ਰੂਪ ਦੇ ਰਾਖੇ, ਫੁੱਲਾਂ ਦਾ ਮਾਲੀ, ਫੁੱਲਾਂ ਦੀ ਰਾਣੀ, ਰੂਹ ਦਾ ਹਾਣ, ਹਉਕਾ ਤੇ ਮੁਸਕਾਣ, ਮਾਈ ਦਾ ਲਾਲ, ਗਵਾਚੀ ਪੱਗ, ਜੰਡ ਪੰਜਾਬ ਦਾ, ਚਿੱਕੜ ਦੇ ਕੰਵਲ ਤੇ ਲੰਮੇ ਵਾਲਾਂ ਦੀ ਪੀੜ ਆਦ ਹਨ। ਦੋ ਕਾਵਿ ਸੰਗ੍ਰਹਿ 'ਭਾਵਨਾ' ਤੇ 'ਸਾਧਨਾ' ਕੰਵਲ ਦੇ ਨਾਂ ਹਨ। ਗੋਰਾ ਮੁੱਖ ਸੱਜਣਾ ਦਾ, ਮਰਨ ਮਿੱਤਰਾਂ ਦੇ ਅੱਗੇ ਅਤੇ ਜੂਹੂ ਦਾ ਮੋਤੀ ਤਿੰਨ ਰੇਖਾ ਚਿੱਤਰਾਂ ਦੇ ਸੰਗ੍ਰਹਿ ਹਨ। 'ਜੀਵਨ ਕਣੀਆਂ' ਕਾਵਿ ਖਿਆਲਾਂ ਦੀ ਪੁਸਤਕ ਹੈ। 'ਪੁੰਨਿਆ ਦਾ ਚਾਨਣ' ਅਤੇ 'ਧੁਰ ਦਰਗਾਹ' ਜੀਵਨ ਯਾਦਾਂ ਤੇ ਨਿੱਜੀ ਅਨੁਭਵ ਦੀਆਂ ਪੁਸਤਕਾਂ ਹਨ। ਕੰਵਲ ਦੇ ਅਖ਼ਬਾਰੀ ਲੇਖਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਜਿਨ੍ਹਾਂ ਨੂੰ ਦਰਜਨ ਦੇ ਕਰੀਬ ਕਿਤਾਬਾਂ ਵਿੱਚ ਇਕੱਠੇ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ, ਜਿੱਤ ਨਾਮਾ, ਦੂਜਾ ਜਫ਼ਰਨਾਮਾ, ਸਿੱਖ ਜਦੋਜਹਿਦ, ਜਦੋਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਆਪਣਾ ਕੌਮੀ ਘਰ, ਹਾਲ ਮੁਰੀਦਾਂ ਦਾ, ਸਾਡੇ ਦੋਸਤ ਸਾਡੇ ਦੁਸ਼ਮਣ, ਪੰਜਾਬ ਦਾ ਸੱਚ, ਸਚੁ ਕੀ ਬੇਲਾ, ਪੰਜਾਬੀਓ ਜੀਣਾ ਹੈ ਕਿ ਮਰਨਾ, ਕੌਮੀ ਲਲਕਾਰ, ਪੰਜਾਬ ਤੇਰਾ ਕੀ ਬਣੂੰ ਅਤੇ ਰੁੜ੍ਹ ਚੱਲਿਆ ਪੰਜਾਬ ਆਦ ਹਨ। ਉਹਦੇ ਨਾਵਲਾਂ ਤੇ ਲੇਖ ਸੰਗ੍ਰਹਿਆਂ ਦੀਆਂ ਦਰਜਨ ਤੋਂ ਵਧ ਐਡੀਸ਼ਨਾਂ ਛਪਦੀਆਂ ਰਹੀਆਂ। ਉਹਦੀਆਂ ਅੱਸੀ ਕੁ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪ ਚੁੱਕੀਆਂ ਹੋਣਗੀਆਂ। ਇੱਕ ਕਾਪੀ ਦੀ ਰਾਇਲਟੀ ਦਸ ਵੀਹ ਰੁਪਏ ਵੀ ਮਿਲੀ ਹੋਵੇ ਤਾਂ ਹਿਸਾਬ ਲਾ ਲਓ ਕਿੰਨੀ ਰਾਇਲਟੀ ਮਿਲੀ ਹੋਵੇਗੀ? ਪੰਜਾਬੀ ਵਿੱਚ ਸ਼ਾਇਦ ਹੀ ਕਿਸੇ ਹੋਰ ਲੇਖਕ ਨੂੰ ਉਹਦੇ ਜਿੰਨੀ ਰਾਇਲਟੀ ਮਿਲੀ ਹੋਵੇ।
ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ ਹਨ। ਚੜ੍ਹਦੀ ਜਵਾਨੀ ਵਿੱਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮਰਥਣ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ ਸੀ। ਭਾਰਤ ਦੇ ਹੁਕਮਰਾਨਾਂ ਤੇ ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ ਸੀ। ਅਖ਼ੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਆ ਹੈ। ਹੁਣ ਪੰਜਾਬ ਦੋਖੀਆਂ ਦੇ ਵੈਣ ਪਾ ਰਿਹਾ ਹੈ!
ਐਤਕੀਂ ਕੈਨੇਡਾ ਤੋਂ ਪੰਜਾਬ ਆ ਕੇ 9 ਦਸੰਬਰ 2018 ਨੂੰ ਮੈਂ ਉਹਨੂੰ ਮਿਲਣ ਗਿਆ ਤਾਂ ਉਹ ਧਾਅ ਕੇ ਮਿਲਿਆ। ਸਰੀਰ ਭਾਵੇਂ ਕੁਝ ਝੰਵਿਆਂ ਲੱਗਾ ਪਰ ‘ਮੈਂ ਕਾਇਮ ਹਾਂ’ ਦੇ ਬੋਲ ਗੜ੍ਹਕਵੇਂ ਲੱਗੇ। ਪੜ੍ਹਨ ਲਿਖਣ ਵਾਲੇ ਕਮਰੇ ਵਿੱਚ ਉਹਦੀਆਂ ਫੋਟੋਆਂ ਵਿਚਕਾਰ ਡਾ. ਜਸਵੰਤ ਗਿੱਲ ਦੀ ਫੋਟੋ ਵੀ ਲੱਗੀ ਹੋਈ ਸੀ। ਕੋਠੀ ਉਵੇਂ ਹੀ ਸੀ ਪਰ ਡਾ. ਜਸਵੰਤ ਗਿੱਲ ਦੀ ਜੀ ਆਇਆਂ ਕਹਿਣ ਵਾਲੀ ਮੁਸਕਰਾਹਟ ਉੱਥੇ ਨਹੀਂ ਸੀ। ਆਲਾ ਦੁਆਲਾ ਵੈਰਾਗਿਆ ਜਿਹਾ ਲੱਗਾ। 98 ਸਾਲ ਦੀ ਉਮਰ ਵਿੱਚ ਲਿਖੀ ਉਹਦੀ ਆਖ਼ਰੀ ਪੁਸਤਕ ‘ਧੁਰ ਦਰਗਾਹ’ ਮੇਜ਼ ਉੱਤੇ ਪਈ ਸੀ। ਉਹਦੇ ਸਰਵਰਕ ਉੱਤੇ ਸਤਰਾਂ ਛਪੀਆਂ ਹਨ: ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇੱਕ ਦਿਨ ਖਿਲਰਣਾ ਹੀ ਹੈ। ਆਓ ਰਲ ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ। ਯਾਰਾਂ ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ ...।
ਪੁਸਤਕ ਦਾ ਸਮਰਪਣ ਹੈ:
ਉਨ੍ਹਾਂ ਰੂਹਾਂ ਨੂੰ ਦਿਲ ਘੁੱਟਵਾਂ ਧਰਵਾਸ।
ਵਿਛੜੇ ਜਿਨ੍ਹਾਂ ਦੇ ਫਿਰ ਮਿਲੇ ਨਾ ਯਾਰ।
ਜਗਦੀ ਰੱਖੋ ਸਦਾ ਜੀਣ ਦੀ ਚਾਹ।
ਮੇਲ ਹੋਏਗਾ ਯਾਰੋ ਧੁਰ ਦਰਗਾਹ।
-ਪਾਠਕ ਮਿੱਤਰਾਂ ਦਾ ਬੇਲੀ
ਜਸਵੰਤ ਸਿੰਘ ਕੰਵਲ
ਪੁਸਤਕ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੈ: ਮੇਰੇ ਪਾਠਕੋ! ਤੁਹਾਡਾ ਦੋਸਤ ਹੱਥ ਜੋੜ, ਸਿਰ ਨਿਵਾ ਕੇ ਖ਼ਿਮਾ ਮੰਗਦਾ ਹੈ। ਮੇਰੀ ਆਖ਼ਰੀ ਖ਼ਾਹਿਸ਼ ਨੂੰ ਹੱਸ ਕੇ ਵਿਦਾਇਗੀ ਦੇਣ ਦੀ ਕਿਰਪਾ ਕਰੋ। ਤੁਹਾਡੀ ਮਿਲਵਰਤਣ ਦਾ ਜੱਫੀਆਂ ਘੁੱਟ ਕੇ ਬੇਹੱਦ ਧੰਨਵਾਦ। ਪਿਆਰ ਦਰ ਨਿੱਘਾ ਪਿਆਰ।
ਪੰਜਾਬੀ ਪਿਆਰਿਓ! ਤੁਹਾਡੇ ਪਿਆਰ ਦਾ ਹਾਲੇ ਵੀ ਦੇਣਦਾਰ ਕਰਜ਼ਾਈ,
ਤੁਹਾਡਾ ਆਪਣਾ ਪਿਆਰਾ ਦੋਸਤ, ਹਾਣੀ-ਸਾਥੀ ਤੇ ਹਮਰਾਹੀ ਭਰਾ,
-ਡਾ. ਜਸਵੰਤ ਸਿੰਘ ਕੰਵਲ
ਉਂਜ ਕੰਵਲ ਦੀ ਸਿਹਤ ਹਾਲੇ ਠੀਕ ਠਾਕ ਹੈ। ਦਿਸਦਾ ਸਾਫ ਹੈ ਪਰ ਸੁਣਦਾ ਕਾਫੀ ਉੱਚਾ ਹੈ। ਕੋਈ ਹਾਲ ਚਾਲ ਪੁੱਛੇ ਤਾਂ ਆਖਦੈ, “ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
5 ਜਨਵਰੀ 2019 ਨੂੰ ਮੈਂ ਫਿਰ ਮਿਲਣ ਗਿਆ ਤਾਂ ਉਹ ਇੱਕੋ ਸ਼ਿਅਰ ਵਾਰ ਵਾਰ ਦੁਹਰਾਈ ਗਿਆ:
ਹਮ ਜੋ ਗਏ ਤੋਂ ਰਾਹ ਗੁਜ਼ਰ ਨਾ ਥੀ
ਤੁਮ ਜੋ ਆਏ ਤੋਂ ਮੰਜ਼ਲੇਂ ਲਾਏਂ...
ਰਾਤ ਮੈਂ ਉਹਦੇ ਕੋਲ ਹੀ ਰਿਹਾ। ਬੜੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸ਼ਿਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇੱਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ ਵਿੱਚ ਪਾ ਲਿਆ। ਉਸ ਉੱਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗੱਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਸੀ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਸਨ ਜਿਨ੍ਹਾਂ ਦਾ ਇੱਕ ਦੂਜੀ ਨਾਲ ਕੋਈ ਤਾਲ ਮੇਲ ਨਹੀਂ ਸੀ। ਮੈਂਨੂੰ ਉਹ ਸਤਿਆਰਥੀ ਦੇ ‘ਘੋੜਾ ਬਾਦਸ਼ਾਹ’ ਦੀਆਂ ਸਤਰਾਂ ਵਰਗੀਆਂ ਲੱਗੀਆਂ!
ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਸੂਫੀਬਾਣੀ, ਲੋਕਬਾਣੀ ਤੇ ਵਾਰਸ ਦੀ ਹੀਰ ਤੋਂ ਮਿਲੀ ਸੀ। ਉਹ ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਵਰਗੇ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਅਲਜ਼ਬਰਾ ਨਾ ਆਉਣ ਕਾਰਨ ਦਸਵੀਂ ਵਿੱਚ ਅੜ ਗਿਆ ਸੀ ਪਰ ਲਿਖਣ ਵਿੱਚ ਇੰਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।
ਉਸ ਨੂੰ ਬਥੇਰੇ ਸਿਆਸਤਦਾਨ ਤੇ ਸਾਧ ਸੰਤ ਮਿਲਦੇ ਗਿਲਦੇ ਤੇ ਆਪਣਾ ਸਲਾਹਕਾਰ ਬਣਾਉਂਦੇ ਰਹੇ। ਉਹ ਦੇਸ ਪਰਦੇਸ ਸੈਰ ਸਪਾਟਿਆਂ ’ਤੇ ਵੀ ਜਾਂਦਾ ਰਿਹਾ ਅਤੇ ਮਹਿੰਜੋਦਾੜੋ ਦੇ ਖੰਡਰ ਤੇ ਵਿਸ਼ਵ ਦੇ ਅਜਾਇਬ ਘਰ ਵੇਖਦਾ ਰਿਹਾ। ਉਹ ਦੇਸ ਪਰਦੇਸ ਦੇ ਸਾਹਿਤ ਸਮਾਗਮਾਂ ਦੀਆਂ ਪਰਧਾਨਗੀਆਂ ਕਰਦਾ ਰਿਹਾ ਤੇ ਮੇਰੇ ਨਾਲ ਕੈਨੇਡਾ ਦੇ ਕਬੱਡੀ ਮੇਲੇ ਵੀ ਵੇਖਦਾ ਰਿਹਾ। ਅਸੀਂ ਇਕੱਠੇ ਕਦੇ ਵਿਸਲਾਂ ਫੜ ਕੇ ਤੇ ਕਦੇ ਮਾਈਕ ਫੜ ਕੇ ਕਬੱਡੀ ਦੇ ਮੈਚ ਖਿਡਾਉਂਦੇ ਰਹੇ। ਮੇਰਾ ਉਹਦੇ ਨਾਲ ਤੀਹ ਸਾਲ ਬੈਠਣ ਉੱਠਣ ਰਿਹਾ। ਸੱਠ ਸਾਲਾਂ ਤੋਂ ਉਹਨੂੰ ਪੜ੍ਹਨ ਤੇ ਮਿਲਣ ਗਿਲਣ ਦੇ ਸਬੱਬ ਬਣਦੇ ਰਹੇ। 1967 ਵਿੱਚ ਉਸ ਨੇ ਮੈਂਨੂੰ ਖ਼ਾਲਸਾ ਕਾਲਜ ਦਿੱਲੀ ਤੋਂ ਪੱਟ ਕੇ ਢੁੱਡੀਕੇ ਕਾਲਜ ਵਿੱਚ ਲਿਆਂਦਾ ਸੀ ਜਿੱਥੇ ਮੈਂ ਉਹਦੇ ਕਰਕੇ ਤੀਹ ਸਾਲ ਟਿਕਿਆ ਰਿਹਾ। ਇਹ ਲੇਖ ਤਾਂ ਟ੍ਰੇਲਰ ਮਾਤਰ ਹੈ ਜਿਸਦਾ ਵਿਸਥਾਰ ਮੇਰੀ ਹੁਣੇ ਛਪੀ ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਵਿੱਚੋਂ ਪੜ੍ਹਿਆ ਜਾ ਸਕਦਾ ਹੈ, ਜੋ ਪੀਪਲਜ਼ ਫੋ਼ਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1645)
(ਸਰੋਕਾਰ ਨਾਲ ਸੰਪਰਕ ਲਈ: