“ਉਸਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ, ਬੇਲੋੜੀ ਮਾਇਆ ਦੇ ਤਿਆਗ ਕਰਨ ...”
(28 ਜੁਲਾਈ 2025)
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਮਾਤਾ ਗਿਆਨ ਕੌਰ ਦੀ ਕੁੱਖੋਂ ਤੇ ਰਹਿਮੋ ਦਾਈ ਦੇ ਹੱਥੋਂ ਜੰਮਿਆ ਤਾਂ ਉਹਦੇ ਬਚਣ ਦੀ ਬੜੀ ਘੱਟ ਆਸ ਸੀ। ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ। ਨਾ ਸਿਰਫ਼ ਜੀਵਿਆ ਬਲਕਿ ਗੁਰਾਂ ਦੀ ਦੱਸੀ ਜੀਵਨ ਜਾਚ, “ਹਸੰਦਿਆਂ, ਖੇਲੰਦਿਆਂ, ਖਵੰਦਿਆਂ, ਪੈਨੰਦਿਆਂ’ ਨਾਲ ਮੈਰਾਥਨ ਦੌੜਾਂ ਦੌੜਨ ਦਾ ਕੌਤਕ ਵੀ ਵਰਤਾ ਗਿਆ। ਇਹ ਵੀ ਕੋਈ ਕੌਤਕ ਹੋਵੇਗਾ ਕਿ ਬਚਪਨ ਦੇ ਪਹਿਲੇ ਪੰਜ ਸਾਲ ਉਹ ਪੰਜ ਕਦਮ ਤੁਰਨ ਜੋਗਾ ਵੀ ਨਹੀਂ ਸੀ ਹੋਇਆ! ਇੱਥੋਂ ਤਕ ਕਿ ਰਿੜ੍ਹਨ ਅਤੇ ਖੜ੍ਹਨ ਵੀ ਬੜੀ ਦੇਰ ਨਾਲ ਲੱਗਾ। ਛੇਵਾਂ ਸਾਲ ਲੱਗਣ ’ਤੇ ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਘਰਦਿਆਂ ਨੇ ਪਿੰਡ ਵਿੱਚ ਕੜਾਹ ਵੰਡਿਆ।
ਉਹਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਵੀ ਨਾਲ ਜਾਣ ਦੀ ਜ਼ਿਦ ਕਰਦਾ। ਉਹ ਉਂਗਲ ਫੜ ਕੇ ਤੋਰਨ ਦਾ ਚਾਰਾ ਕਰਦੀ ਤਾਂ ਫੌਜੇ ਦੀਆਂ ਲੱਤਾਂ ਵਿੱਚ ਚੀਸਾਂ ਪੈਣ ਲੱਗਦੀਆਂ। ਮਾਂ ਉਹਦੀਆਂ ਲੱਤਾਂ ’ਤੇ ਪੱਟੀਆਂ ਬੰਨ੍ਹਦੀ ਰਹਿੰਦੀ। ਜਿੱਥੇ ਕਿਸੇ ਰੁੱਖ ਦੀ ਛਾਂ ਹੁੰਦੀ, ਉੱਥੇ ਬਹਿ ਕੇ ਦਮ ਲੈਣ ਲੱਗਦੇ। ਪੰਦਰਾਂ ਸਾਲ ਦੀ ਉਮਰ ਤਕ ਉਹ ਲਗਾਤਾਰ ਇੱਕ ਮੀਲ ਵੀ ਨਾ ਤੁਰ ਸਕਿਆ। ਅਜਿਹੇ ਮੁੰਡੇ ਨੂੰ ਤਾਂ ਰਿਸ਼ਤਾ ਹੋਣਾ ਵੀ ਮੁਸ਼ਕਿਲ ਸੀ ਕਿਉਂਕਿ ਕੁੜੀਆਂ ਜੰਮਦੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਦੇ ਮੁੰਡੇ ਲਵੀ ਉਮਰ ਵਿੱਚ ਵਿਆਹੇ ਜਾਂਦੇ ਤਾਂ ਵਿਆਹੇ ਜਾਂਦੇ, ਨਹੀਂ ਛੜੇ ਰਹਿ ਜਾਂਦੇ।
ਫੌਜਾ ਸਿੰਘ ਦੇ ਪਿਤਾ ਦਾ ਨਾਂ ਮਿਹਰ ਸਿੰਘ ਸੀ। ਉਹ ਵਿਚਾਰਾ ਥੁੜਿਆ ਟੁੱਟਿਆ ਕਿਸਾਨ ਸੀ, ਜਿਸਦਾ ਵੱਡਾ ਪਰਿਵਾਰ ਸੀ। ਕਰਜ਼ੇ ਲਾਹੁੰਦਾ, ਹਲ ਵਾਹੁੰਦਾ, ਪਾਣੀ ਲਾਉਂਦਾ, ਪੱਠੇ ਢੋਂਦਾ ਤੇ ਡੰਗਰ ਪਾਲਦਾ ਉਹ ਕਿਸ ਕਿਸ ਦਾ ਇਲਾਜ ਕਰਾਉਂਦਾ? ਮਿਹਰ ਸਿੰਘ ਦੀ ਮਿਹਰ ਨਾਲੋਂ ਉਹਦੇ ਪੁੱਤਰ ਫੌਜੂ ਤੋਂ ਬਾਬਾ ਫੌਜਾ ਸਿੰਘ ਬਣੇ ਮੈਰਾਥਨ ਦੇ ਮਹਾਂਰਥੀ ਉੱਤੇ ਕੁਦਰਤ ਦੇ ਕਾਦਰ ਦੀ ਮਿਹਰ ਵਧੇਰੇ ਰਹੀ।
ਫੌਜਾ ਹਲ ਵਾਹੁਣ ਲੱਗਾ ਤਾਂ ਉਹਦਾ ਪੱਚੀ ਸਾਲ ਦੀ ਉਮਰ ਵਿੱਚ ਵਿਆਹ ਹੋਇਆ। ਬਰਾਤ ਗੱਡੇ ਉੱਤੇ ਚੜ੍ਹ ਕੇ ਪਿੰਡ ਕਾਲਘਟਾਂ ਗਈ। ਇੱਕ ਬਲਦ ਉਹਨਾਂ ਦੇ ਘਰ ਦਾ ਸੀ ਦੂਜਾ ਉਹਦੇ ਮਸੇਰ ਦਾ। ਵਿਆਂਦੜ ਹੋਣ ਕਰਕੇ ਹੀ ਉਸ ਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕੱਪੜੇ ਜੁੜੇ ਸਨ। ਉਹ ਹਲ ਵਾਹੀ ਕਰ ਕੇ ਟੱਬਰ ਪਾਲਣ ਲੱਗਾ। ਕਦੇ ਫਸਲ ਚੰਗੀ ਹੋ ਜਾਂਦੀ, ਕਦੇ ਮਾੜੀ, ਕਦੇ ਮੌਸਮ ਦੀ ਕਰੋਪੀ ਨਾਲ ਮਾਰੀ ਜਾਂਦੀ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਉਹ ਪੜ੍ਹਾ ਲਿਖਾ ਤਾਂ ਨਾ ਸਕਿਆ ਪਰ ਇੱਕ ਪੁੱਤਰ ਤੇ ਧੀ ਨੂੰ ਇੰਗਲੈਂਡ ਅਤੇ ਕੈਨੇਡਾ ਵਿਆਹੁਣ ਵਿੱਚ ਕਾਮਯਾਬ ਹੋ ਗਿਆ।
ਬਚਪਨ ਵਿੱਚ ਨਾ ਉਹ ਖੇਡਣ ਜੋਗਾ ਸੀ ਅਤੇ ਨਾ ਪੜ੍ਹਨ ਜੋਗਾ। ਗਭਰੂ ਹੋ ਕੇ ਉਹ ਫੁੱਟਬਾਲ ਨੂੰ ਕਿੱਕਾਂ ਮਾਰਨ ਲੱਗ ਪਿਆ। 1947 ਦੇ ਰੌਲਿਆਂ ਗੌਲਿਆਂ ਵਿੱਚ ਫੁੱਟਬਾਲ ਦੀਆਂ ਕਿੱਕਾਂ ਵੀ ਭੁੱਲ ਗਈਆਂ। ਪੜ੍ਹਾਈ ਲਿਖਾਈ ਜਾਂ ਕਿਸੇ ਹੁਨਰ ਵੱਲੋਂ ਉਹ ਅਸਲੋਂ ਕੋਰਾ ਸੀ। ਸਿਰਫ਼ ਆਪਣੇ ਦਸਖ਼ਤ ਕਰਨੇ ਹੀ ਸਿੱਖਿਆ ਤੇ ਉਹ ਵੀ ਉਰਦੂ ਵਿੱਚ। ਇੰਗਲੈਂਡ ਵਿੱਚ ਬੁਢਾਪਾ ਪੈਨਸ਼ਨ ਲੈਣ ਵੇਲੇ ਵੀ ਉਹ ਉਰਦੂ ਵਿੱਚ ਹੀ ਦਸਖ਼ਤ ਕਰਦਾ ਸੀ। ਐਨਕ ਦੀ ਉਹਨੂੰ ਕਦੇ ਲੋੜ ਨਹੀਂ ਸੀ ਪਈ। ਦੰਦ ਦਾੜ੍ਹਾਂ ਡੰਗਸਾਰੂ ਸਨ। ਕੰਨਾਂ ਨੂੰ ਉੱਚਾ ਸੁਣਨ ਲੱਗਾ ਸੀ। ਬੁੱਲ੍ਹ ਪਤਲੇ, ਉਤਲੇ ਦੰਦ ਚੌੜੇ ਤੇ ਹੇਠਲੇ ਬਰੀਕ ਸਨ। ਦੰਦਾਂ ਵਿੱਚ ਵਿਰਲਾਂ ਪੈ ਗਈਆਂ ਸਨ। ਦਾੜ੍ਹੀ ਹੋਰ ਲੰਮੀ ਤੇ ਹੋਰ ਬੱਗੀ ਹੋ ਗਈ ਸੀ।
ਬਾਲਕ ਫੌਜੂ ਜੀਵਨ ਦੇ ਪਹਿਲੇ ਪੰਜ ਸਾਲ ਬੇਸ਼ਕ ਪੰਜ ਕਦਮ ਵੀ ਨਹੀਂ ਸੀ ਤੁਰ ਸਕਿਆ ਪਰ ਪਿੱਛੋਂ ਇੰਨਾ ਤੁਰਿਆ, ਇੰਨਾ ਦੌੜਿਆ ਕਿ ਉਮਰ ਦੇ 80ਵਿਆਂ ਤੋਂ ਲੈ ਕੇ 110ਵਿਆਂ ਤਾਈਂ ਦੌੜ ਦੌੜ ਧਰਤੀ ਘਸਾ ਦਿੱਤੀ! ਉਹਦੀਆਂ ਲੰਮੀਆਂ ਦੌੜਾਂ ਤੇ ਨਿਰੰਤਰ ਤੋਰਾਂ ਦਾ ਕੋਈ ਅੰਤ ਨਾ ਰਿਹਾ। ਆਖ਼ਰ ਉਹਦਾ ਅੰਤ 14 ਜੁਲਾਈ 2025 ਨੂੰ ਉਹਦੇ ਘਰ ਕੋਲ ਹੀ ਸੜਕ ਹਾਦਸੇ ਵਿੱਚ ਹੋਇਆ।
1990 ਵਿੱਚ ਗਭਲਾ ਪੁੱਤਰ ਕੁਲਦੀਪ ਸਿੰਘ ਛੱਤ ਤੋਂ ਡਿਗ ਕੇ ਮੁੱਕ ਗਿਆ। 1992 ਵਿੱਚ ਪਤਨੀ ਗਿਆਨ ਕੌਰ ਗੁਜ਼ਰ ਗਈ। ਉਨ੍ਹਾਂ ਦੇ ਵਿਯੋਗ ਵਿੱਚ ਉਹ ਕਮਲਾ ਹੋਇਆ ਸਿਵਿਆਂ ਵਿੱਚ ਬੈਠਾ ਰਹਿੰਦਾ। ਪਿੰਡ ਵਾਲੇ ਸੋਚਦੇ, ਹੁਣ ਇਹ ਵੀ ਨਹੀਂ ਬਚਦਾ। ਉਹਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਵਲਾਇਤ ਵਿੱਚ ਸੀ। ਉਸਨੇ ਬਾਪ ਨੂੰ ਮੰਗਵਾਉਣ ਲਈ ਪਾਸਪੋਰਟ ਬਣਵਾਇਆ, ਅਟੇ ਸਟੇ ਜਨਮ ਤਾਰੀਖ 1 ਅਪਰੈਲ 1911 ਲਿਖੀ ਗਈ ਤੇ ਦਿਲ ਛੱਡੀ ਬੈਠੇ ਉਦਾਸੇ ਬਾਪ ਨੂੰ ਇੰਗਲੈਂਡ ਸੱਦ ਗਿਆ।
ਫੌਜਾ ਸਿੰਘ ਦਾ ਵਲਾਇਤ ਵਿੱਚ ਵੀ ਜੀਅ ਨਾ ਲੱਗਾ। ਉਹ ਮੁੜ ਪਿੰਡ ਪਰਤ ਆਇਆ। ਪਿੰਡ ਆ ਕੇ ਫਿਰ ਉਹੀ ਸ਼ੁਦਾਈਆਂ ਵਾਲਾ ਹਾਲ ਹੋਇਆ। ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਨੂੰ ਪਰਤ ਪਿਆ। ਤਿੰਨ ਗੇੜੇ ਮਾਰ ਕੇ ਉਹ ਇੰਗਲੈਂਡ ਵਿੱਚ ਹੀ ਟਿਕ ਗਿਆ। ਇੰਗਲੈਂਡ ਵਿੱਚ ਟਿਕਾਇਆ ਬਠਿੰਡੇ ਵੱਲ ਦੇ ਇੰਗਲੈਂਡ ਪਹੁੰਚੇ ਦੌੜਾਕ ਹਰਮੰਦਰ ਸਿੰਘ ਨੇ। ਉੱਥੇ ਫਿਰ ਇੱਕ ਕੌਤਕ ਹੋਰ ਵਰਤਿਆ।
ਹਰਮੰਦਰ ਸਿੰਘ ਖ਼ੁਦ 10 ਹਜ਼ਾ ਮੀਟਰ ਦੌੜ ਦਾ ਦੌੜਾਕ ਸੀ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ਲਈ ਉਸਨੇ ਟਰਾਇਲ ਦਿੱਤੇ ਸਨ ਪਰ ਬਰਤਾਨੀਆ ਦੀ ਟੀਮ ਵਿੱਚ ਚੁਣੇ ਜਾਣੋ ਰਹਿ ਗਿਆ ਸੀ। ਫਿਰ ਉਹ ਵੈਟਰਨ ਦੌੜਾਕ ਵਜੋਂ ਮੈਰਾਥਨ ਦੌੜਾਂ ਲਾਉਣ ਲੱਗ ਪਿਆ। ਉਹ ਪਾਰਕ ਵਿੱਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਬੈਂਚ ਉੱਤੇ ਸਿਰ ਸੁੱਟੀ ਬੈਠਾ ਦੇਖਦਾ। ਇੱਕ ਦਿਨ ਉਸਨੇ ਨਿਮੋਝੂਣੇ ਬੈਠੇ ਫੌਜਾ ਸਿੰਘ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਦੌੜਨ ਲੱਗ ਪਵੇਂ ਤਾਂ ਤੇਰੀ ਉਦਾਸੀ ਦੂਰ ਹੋ ਜਾਵੇਗੀ।
ਬੁਢਾਪੇ ਵਿੱਚ ਪਹੁੰਚਾ ਫੌਜਾ ਸਿੰਘ, ਹਰਮੰਦਰ ਸਿੰਘ ਦੀ ਪ੍ਰੇਰਨਾ ਨਾਲ ਹੌਲੀ-ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿੱਚ ਜਾਣ ਲੱਗ ਪਿਆ। ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਪਾਰਕ ਤੋਂ ਦੂਜੇ ਪਾਰਕ ਤੇ ਇੱਕ ਗੁਰਦਵਾਰੇ ਤੋਂ ਦੂਜੇ ਗੁਰਦਵਾਰੇ ਤਕ ਦੌੜਨ ਲੱਗੇ। ਇੰਜ ਕੋਚ ਹਰਮੰਦਰ ਸਿੰਘ ਦਾ ਫੌਜਾ ਸਿੰਘ ਨੂੰ ਮੈਰਾਥਨਾਂ ਲੁਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਿਆ।
ਫੌਜਾ ਸਿੰਘ ਨੇ ਚੁਰਾਸੀ ਕੱਟ ਕੇ ਦੌੜਨਾ ਸ਼ੁਰੂ ਕੀਤਾ ਸੀ। ਉਸਦੀ ਜੀਵਨ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁਝ ਫੌਜਾ ਸਿੰਘ ਨੇ ਕੀਤਾ, ਉਹ ਲਾਮਿਸਾਲ ਹੈ!
ਬਾਬਾ ਫੌਜਾ ਵਲਾਇਤ ਤੋਂ ਬਿਆਸ ਪਿੰਡ ਆਇਆ ਹੋਇਆ ਸੀ। ਆਉਣ ਸਾਰ ਕੋਵਿਡ ਦੀਆਂ ਬੰਦਸ਼ਾਂ ਲੱਗ ਗਈਆਂ। ਤੋਰਾ ਫੇਰਾ ਤੇ ਮਿਲਣਾ ਗਿਲਣਾ ਬੰਦ ਹੋ ਗਿਆ। ਉੱਤੋਂ ਗਰਮੀਆਂ ਆ ਗਈਆਂ। ਮੈਨੂੰ ਸਥਾਨਕ ਪੱਤਰਕਾਰ ਦਾ ਫੋਨ ਆਇਆ ਕਿ ਬਾਬਾ ਫੌਜਾ ਸਿੰਘ ਦਾ ਹਾਲ ਚਾਲ ਠੀਕ ਨਹੀਂ, ਤੁਰਤ ਆ ਕੇ ਮਿਲੋ। ਮੈਂ ਫੋਨ ਕੀਤਾ ਤਾਂ ਬਾਬਾ ਪੈਂਦੀ ਸੱਟੇ ਬੋਲਿਆ, “ਮੈਨੂੰ ਜਹਾਜ਼ ਚੜ੍ਹਾਓ, ਨਹੀਂ ਤਾਂ ਮੈਂ ਦਸ ਦਿਨ ਨੀ ਕੱਟਦਾ।”
ਮੈਂ ‘ਫਲਾਈਂਗ ਵਿੰਗਜ਼’ ਵਾਲੇ ਆਪਣੇ ਗੁਆਂਢੀ ਅਜੀਤ ਪਾਲ ਨੂੰ ਕਿਹਾ, ਕਰੋ ਕੋਈ ਇਲਾਜ, ਚੜ੍ਹਾਓ ਬਾਬੇ ਨੂੰ ਜਹਾਜ਼। ਉਹ ਕਹਿੰਦਾ, ਦਿੱਲੀਓਂ ਚੜ੍ਹਾ ਦਿੰਨੇ ਆਂ। ਪਰ ਮੋੜਵੀਂ ਟਿਕਟ ਅੰਮ੍ਰਿਤਸਰੋਂ ਚੜ੍ਹਨ ਦੀ ਸੀ। ਮੈਂ ਬਾਬੇ ਦੇ ਪੁੱਤਰ ਨੂੰ ਪੁੱਛਿਆ। ਦਿੱਲੀ ਤੋਂ ਚੜ੍ਹਾਉਣ ਲਈ ਨਾ ਪੁੱਤ ਮੰਨੇ ਨਾ ਪਿਓ। ਬਾਬਾ ਇਹੋ ਦੁਹਾਈ ਪਾਈ ਜਾਵੇ ਕਿ ਅੰਬਰਸਰੋਂ ਚੜ੍ਹਾਓ, ਨਹੀਂ ਤਾਂ ਮੈਂ ਚੱਲਿਆ। ਫਿਰ ਨਾ ਆਖਿਓ, ਪਹਿਲਾਂ ਨੀ ਦੱਸਿਆ।
ਫਿਰ ਕੌਤਕ ਵਰਤਿਆ। ਅਜੀਤ ਪਾਲ ਦਾ ਫੋਨ ਆਇਆ ਕਿ ਅੰਮ੍ਰਿਤਸਰੋਂ ਲੰਡਨ ਜਾਣ ਵਾਲੀ ਫਲਾਈਟ ਖੁੱਲ੍ਹ ਗਈ। ਬਾਬੇ ਦਾ ਪਹਿਲੀ ਫਲਾਈਟ ਵਿੱਚ ਹੀ ਜਾਣ ਦਾ ਪ੍ਰਬੰਧ ਹੋ ਗਿਆ। ਸਭ ਨੇ ਸ਼ੁਕਰ ਮਨਾਇਆ। ਹਰਵਿੰਦਰ ਸਿੰਘ ਬਾਪ ਨੂੰ ਜਹਾਜ਼ ਚੜ੍ਹਾ ਆਇਆ ਤੇ ਫੋਨ ਕੀਤਾ, ਜੀਅ ਬਾਪੂ ਦਾ ਉੱਥੇ ਵੀ ਨੀ ਲੱਗਣਾ। ਉਹੀ ਗੱਲ ਹੋਈ। ਇੰਗਲੈਂਡ ਵਿੱਚ ਕੋਵਿਡ ਦੀਆਂ ਪਾਬੰਦੀਆਂ ਪੰਜਾਬ ਤੋਂ ਵੀ ਵੱਧ ਸਨ। ਵਲਾਇਤ ਦੀ ਜੇਲ੍ਹ ਤੋਂ ਅੱਕਿਆ ਉਹ ਮੁੜ ਬਿਆਸ ਪਿੰਡ ਆ ਪੁੱਜਾ, ਜਿੱਥੇ ਉਸਨੇ ਅੰਤਲੇ ਸਾਹ ਲੈਣੇ ਸਨ।
ਬਾਬਾ ਫੌਜਾ ਸਿੰਘ ਨਾਲ ਮੇਰੀਆਂ ਅਨੇਕ ਮੁਲਾਕਾਤਾਂ ਹੋਈਆਂ। ਕਦੇ ਲੰਡਨ ਲਾਗੇ ਈਰਥ ਵੂਲਿਚ, ਕਦੇ ਟੋਰਾਂਟੋ, ਬਰੈਂਪਟਨ, ਸਰੀ, ਵੈਨਕੂਵਰ ਤੇ ਕਦੇ ਪਟਿਆਲੇ। ਕਦੇ ਸਾਡੇ ਪਿੰਡ ਚੱਕਰ ਜਿੱਥੇ ਉਸ ਨੂੰ ਕਿਸ਼ਤੀ ਵਿੱਚ ਝੀਲ ਦੀ ਸੈਰ ਕਰਾਈ ਤੇ ਨੌਂ ਮਾਡਰਨ ਸੱਥਾਂ ਵਿੱਚ ਬਜ਼ੁਰਗਾਂ ਨਾਲ ਮਿਲਵਾਇਆ। ਬਿਆਸ ਪਿੰਡ ਮੁੜ ਕੇ ਉਹ ਆਪਣੇ ਯਾਰਾਂ ਬੇਲੀਆਂ ਨੂੰ ‘ਚਾਨਣ ਮੁਨਾਰਾ’ ਬਣੇ ‘ਚਕਰ’ ਦੀਆਂ ਗੱਲਾਂ ਸੁਣਾਉਂਦਾ ਰਿਹਾ।
6 ਮਾਰਚ 2025 ਨੂੰ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੀ ਅਥਲੈਟਿਕਸ ਮੀਟ ਸੀ। ਅਸੀਂ ਮੀਟ ਦਾ ਉਦਘਾਟਨ ਕਰ ਕੇ ਵਿਹਲੇ ਹੋਏ ਤਾਂ ਮੁੜਦਿਆਂ ਬਾਬਾ ਫੌਜਾ ਸਿੰਘ ਦੀਆਂ ਗੱਲਾਂ ਚੱਲ ਪਈਆਂ। ਮੈਂ ਮੀਟ ਦੇ ਉਦਘਾਟਨੀ ਭਾਸ਼ਣ ਵਿੱਚ ਬਾਬੇ ਦਾ ਜ਼ਿਕਰ ਜੁ ਕਰ ਬੈਠਾ ਸਾਂ। ਜੀਟੀ ਰੋਡ ’ਤੇ ਚੜ੍ਹਦਿਆਂ ਮੈਂ ਨਾਲਦਿਆਂ ਨੂੰ ਪੁੱਛਿਆ, ਬਾਬਾ ਫੌਜਾ ਸਿੰਘ ਨੂੰ ਮਿਲਣਾ ਹੈ? ਅਮਰਦੀਪ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਕਾਰ ਚਲਾ ਰਹੇ ਮੇਰੇ ਪੁੱਤਰ ਜਗਵਿੰਦਰ ਸਿੰਘ ਨੇ ਹਾਮੀ ਭਰ ਦਿੱਤੀ। ਮੈਂ ਹਰਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ, ਮੈਂ ਤਾਂ ਬਾਹਰ ਹਾਂ ਪਰ ਬਾਪੂ ਜੀ ਘਰ ਹੀ ਨੇ, ਆਉ ਜਾਓ, ਜੀ ਆਇਆਂ ਨੂੰ।
ਗੱਡੀ ਅਸੀਂ ਕਰਤਾਰਪੁਰੋਂ ਮੋੜਨੀ ਸੀ ਪਰ ਮੋੜੀ ਜਲੰਧਰ-ਪਠਾਨਕੋਟ ਹਾਈਵੇ ਤੋਂ। ਬਿਆਸ ਪਿੰਡ ਨੂੰ ਉੱਥੋਂ ਮੁੜੇ ਜਿੱਥੇ ਬਾਅਦ ਵਿੱਚ ਬਾਬਾ ਫੌਜਾ ਸਿੰਘ ਨਾਲ ਹਾਦਸਾ ਵਾਪਰਿਆ। ਅਸੀਂ ਫਿਰਨੀ ਦਾ ਚੱਕਰ ਲਾ ਕੇ ਬਾਬੇ ਦੇ ਘਰ ਪੁੱਜੇ। ਦਰ ਖੁੱਲ੍ਹਾ ਸੀ, ਸਾਹਮਣੇ ਰੁੱਖ ਦੀ ਛਾਵੇਂ ਬਾਬਾ ਮੰਜੇ ’ਤੇ ਪਿਆ ਸੀ। ਟ੍ਰੈਕਟਰ, ਟਰਾਲੀ, ਸਕੂਟਰ ਤੇ ਖੇਤੀਬਾੜੀ ਦੇ ਸੰਦਾਂ ਨਾਲ ਵਿਹੜਾ ਭਰਿਆ ਹੋਇਆ ਸੀ।
ਅਸੀਂ ਕਾਰ ਵਿੱਚੋਂ ਨਿਕਲੇ ਤਾਂ ਬਾਬੇ ਨੇ ਗੰਜੇ ਸਿਰ ’ਤੇ ਪੱਗ ਰੱਖੀ ਤੇ ਮੰਜੇ ਤੋਂ ਉੱਠ ਖੜ੍ਹਿਆ। ਅਸੀਂ ਬੈਠੇ ਰਹਿਣ ਲਈ ਕਿਹਾ ਪਰ ਉਹ ਖੂੰਡੀ ਲੈ ਕੇ ਚਾਹ ਪਾਣੀ ਪਿਆਉਣ ਲਈ ਸਾਨੂੰ ਬੈਠਕ ਵੱਲ ਲੈ ਤੁਰਿਆ। ਬੈਠਕ ਖੇਡ ਸਨਮਾਨਾਂ ਨਾਲ ਭਰੀ ਹੋਈ ਸੀ। ਇੱਕ ਅਲਮਾਰੀ ਵਿੱਚ ਉਹਦਾ ਦੌੜਨ ਵਾਲਾ ਸੁਰਮਈ ਬੂਟ ਪਿਆ ਸੀ ਜੋ ਖੇਡਾਂ ਦਾ ਸਮਾਨ ਬਣਾਉਣ ਵਾਲੀ ਐਡੀਡਾਸ ਕੰਪਨੀ ਨੇ ਮੁਹੰਮਦ ਅਲੀ ਅਤੇ ਡੇਵਿਡ ਬੈਕ੍ਹਮ ਤੋਂ ਬਾਅਦ 2004 ਵਿੱਚ ਫੌਜਾ ਸਿੰਘ ਨੂੰ ਆਪਣਾ ਅੰਬੈਸਟਰ ਬਣਾ ਕੇ ਭੇਟ ਕੀਤਾ ਸੀ। ਉਹਦੇ ਇੱਕ ਬੂਟ ਉੱਤੇ ‘ਫੌਜਾ’ ਤੇ ਦੂਜੇ ਉੱਤੇ ‘ਸਿੰਘ’ ਦੇ ਸਟਿੱਕਰ ਲੱਗੇ ਸਨ। ਬਾਬੇ ਨੂੰ ਦਿਸਦਾ ਠੀਕ ਸੀ ਪਰ ਸੁਣਦਾ ਉੱਚਾ ਸੀ। ਚਮੜੀ ’ਤੇ ਫੁਲਬਹਿਰੀ ਦੇ ਚਿੱਟੇ ਦਾਗ ਪੈਣੇ ਸ਼ੁਰੂ ਹੋ ਗਏ ਸਨ। ਗੱਲਾਂ ਕਰਦਾ ਦੂਜੀ ਗੱਲ ਭੁੱਲ ਜਾਂਦਾ ਸੀ ਤੇ ਉੱਘ ਦੀਆਂ ਪਤਾਲ ਮਾਰਨ ਲੱਗ ਪੈਂਦਾ ਸੀ। ਪਰ ਹਾਸਾ ਪਹਿਲਾਂ ਵਾਲਾ ਹੀ ਹੱਸਦਾ ਸੀ। ਉਸਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਫਰਵਰੀ ਵਿੱਚ ਮਿਲਣ ਆਇਆ ਬਾਪ ਲਈ ਵਲਾਇਤੀ ਵਿਸਕੀ ਛੱਡ ਗਿਆ ਸੀ। ਗੱਲੀਂਬਾਤੀਂ ਪਤਾ ਲੱਗਾ ਕਿ ਪਰਿਵਾਰ ਦੇ 15 ਖੇਤ ਹਨ ਤੇ ਇੰਨੇ ਕੁ ਹੋਰ ਠੇਕੇ ’ਤੇ ਲੈ ਕੇ ਛੋਟਾ ਪੁੱਤਰ ਖੇਤੀ ਕਰਦਾ ਹੈ।
ਮੈਂ ਸੋਚਿਆ ਸੀ ਕਿ ਜਦੋਂ ਨਵੰਬਰ ਵਿੱਚ ਕੈਨੇਡਾ ਤੋਂ ਪੰਜਾਬ ਮੁੜਾਂਗਾ ਤਾਂ ਨਵਦੀਪ ਗਿੱਲ ਤੇ ਹੋਰ ਖੇਡ ਲੇਖਕਾਂ ਨੂੰ ਨਾਲ ਲੈ ਕੇ ਬਾਬੇ ਸੰਗ ਪਿਕਨਿਕ ਮਨਾਵਾਂਗੇ। ਨਾਲੇ ‘ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ’ ਨਾਂ ਦੀ ਪੁਸਤਕ ਲੋਕ ਅਰਪਣ ਕਰਾਂਗੇ, ਜੋ ਮੈਂ ਤਿਆਰ ਕਰ ਰਿਹਾਂ। ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਿਸਨੇ 14 ਜੁਲਾਈ ਨੂੰ ਹੀ ਭਾਣਾ ਵਰਤਾਅ ਦਿੱਤਾ।
ਫੌਜਾ ਸਿੰਘ ਨੂੰ ਮੈਂ ਪਹਿਲੀ ਵਾਰ 1999 ਵਿੱਚ ਈਰਥ-ਵੂਲਿਚ ਦੇ ਟੂਰਨਾਮੈਂਟ ਵਿੱਚ ਦੇਖਿਆ ਸੀ। ਮੈਂ ਕੁਮੈਂਟਰੀ ਕਰ ਰਿਹਾ ਸਾਂ ਤੇ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ ਪਿਆ ਗੇੜੇ ’ਤੇ ਗੇੜੇ ਲਾ ਰਿਹਾ ਸੀ। ਕਾਫੀ ਦੇਰ ਬਾਅਦ ਜਦੋਂ ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਪਰ ਕਾਪੀ ਵਿੱਚ ਨੋਟ ਨਾ ਕਰ ਸਕਿਆ। ਉਂਜ ਪਤਾ ਲੱਗ ਗਿਆ ਕਿ ਬਾਬਾ ਕਮਾਲ ਦੀ ਸ਼ੈਅ ਹੈ।
2000 ਵਿੱਚ ਮੈਂ ਫੌਜਾ ਸਿੰਘ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ ਦੇਖੀਆਂ। ਉਸਨੇ ਲੰਡਨ ਦੀ ਮੈਰਾਥਨ ਦੌੜ ਵਿੱਚ ਅੱਸੀ ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ਵਿੱਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ! ਉਸ ਮੈਰਾਥਨ ਵਿੱਚ 32860 ਦੌੜਾਕਾਂ ਨੇ ਭਾਗ ਲਿਆ ਸੀ ਤੇ ਉਹ ਦਸ ਹਜ਼ਾਰ ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ। ਮੈਨੂੰ ਝੋਰਾ ਹੋਇਆ ਕਿ ਈਰਥ ਵਿੱਚ ਮੈਂ ਉਸਦੀ ਇੰਟਰਵਿਊ ਕਿਉਂ ਨਾ ਲੈ ਸਕਿਆ?
28 ਸਤੰਬਰ 2003 ਨੂੰ ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਟੋਰਾਂਟੋ ਵਿੱਚ ਲੱਗੀ। ਮੈਂ ਉਦੋਂ ਉੱਥੇ ਹੀ ਸਾਂ। ਫੌਜਾ ਸਿੰਘ ਇੰਗਲੈਂਡ ਤੋਂ ਦੌੜ ਵਿੱਚ ਭਾਗ ਲੈਣ ਆਇਆ। ਉਹਦੇ ਕੇਸਰੀ ਪੱਗ ਬੱਧੀ ਹੋਈ ਸੀ ਤੇ ਦੌੜਦੇ ਦੀ ਲੰਮੀ ਦਾਹੜੀ ਲਹਿਰਾਅ ਰਹੀ ਸੀ। ਦੌੜ ਮੁੱਕੀ ਤਾਂ ਉਸਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਮੇਮਾਂ ਇੱਕ ਦੂਜੀ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀਆਂ ਪਾਉਂਦੀਆਂ ਵਧਾਈਆਂ ਦੇਣ ਲੱਗੀਆਂ। ਨਿਆਣੇ ਆਟੋਗਰਾਫ ਲੈਣ ਲੱਗੇ। ਬਿਆਸ ਪਿੰਡੀਆਂ ਨੇ ਫੌਜਾ ਸਿੰਘ ਨੂੰ ਮੋਢਿਆਂ ’ਤੇ ਚੁੱਕ ਲਿਆ। ਫੌਜਾ ਸਿੰਘ ਦੀ ਬੱਲੇ-ਬੱਲੇ ਹੋ ਗਈ। ਉਹਦੀ ਵਿਲੱਖਣਤਾ ਸੀ ਕਿ ਉਹ ਝੂਲਦੀ ਸਫੈਦ ਦਾੜ੍ਹੀ ਨਾਲ ਕੇਸਰੀ ਦਸਤਾਰ ’ਤੇ ਖੰਡਾ ਸਜਾ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ ਵੱਧ ਕਰਾਈ!
ਸ਼ਾਮੀ ਅਸੀਂ ਲਾਂਭੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ। ਉਸਨੇ ਹੁੱਬ ਕੇ ਦੱਸਿਆ ਕਿ ਪਿੰਡ ਹੱਲ ਵਾਹੁੰਦਿਆਂ ਉਹਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛਦਾ ਪਰ ਹੁਣ ਮੇਮਾਂ ਕੋਕ ਚੁੱਕੀ ਪਿੱਛੇ-ਪਿੱਛੇ ਤੁਰੀਆਂ ਫਿਰਦੀਆਂ। ਕੈਮਰਿਆਂ ਵਾਲੇ ਫੋਟੂ ਲਾਹੁਣੋ ਨੀ ਹਟਦੇ। ਪਿੰਡ ਵਾਲੇ ਮੈਨੂੰ ਫੌਜੂ ਕਹਿੰਦੇ ਸੀ, ਅਖ਼ਬਾਰਾਂ ਵਾਲੇ ਬਾਬਾ ਫੌਜਾ ਸਿੰਘ ਲਿਖੀ ਜਾਂਦੇ ਹਨ। ਉਸਨੇ ਕਿਹਾ, “ਇਹ ਸਭ ਕੁਜਰਤ ਦੀ ਖੇਡ ਐ।” ਕੁਦਰਤ ਨੂੰ ਉਹ ਕੁਜਰਤ ਕਹਿ ਰਿਹਾ ਸੀ!
ਗੱਲਾਂਬਾਤਾਂ ਕਰਦਿਆਂ ਮੈਂ ਨੋਟ ਕੀਤਾ ਕਿ ਬਾਬਾ ਫੌਜਾ ਸਿੰਘ ਅੰਦਰ ਅਜੇ ਵੀ ਸ਼ੌਂਕੀ ਬੰਦਾ ਛੁਪਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ। ਘੜੀ ਮਾੜੀ ਮੋਟੀ ਨੲ੍ਹੀਂ, ਰਾਡੋ ਸੀ ਜੋ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ।
ਫੌਜਾ ਸਿੰਘ ਦੇ ਜੀਵਨ ਵਿੱਚ ਬੜੇ ਉਤਰਾਅ ਚੜ੍ਹਾ ਆਏ। ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਣਿਆ। ਗੁਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ। ਉਸਨੇ ਕਿਹਾ ਕਿ ਬੰਦਾ ਠੋਹਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸਨੇ ਖ਼ੁਦ ਜੀਵਨ ਵਿੱਚ ਠੋਹਕਰਾਂ ਖਾਧੀਆਂ। ਉਹਦੇ ਅੰਦਰ ਛੁਪੇ ਹੋਏ ਚੰਗੇਰੇ ਭਵਿੱਖ ਨੇ ਉਹਨੂੰ ਲੰਮਾ ਸਮਾਂ ਜਿਊਂਦਾ ਰੱਖਿਆ। ਬਾਬਾ ਅਜਬ ਇਨਸਾਨ ਸੀ। ਬਜ਼ੁਰਗਾਂ ਦਾ ਰੋਲ ਮਾਡਲ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮਹਾਂਰਥੀ। ਬੁੱਲੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਸੁਹਿਰਦਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ ਸਾਦੀਆਂ, ਭੋਲੀਆਂ ਤੇ ਨਿਰਛਲ ਹਨ। ਹਾਸਾ ਠੱਠਾ ਕਰਨਾ ਉਹਦਾ ਸੁਭਾਅ ਸੀ, ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ।
ਉਹ ਰੌਣਕੀ ਬੰਦਾ ਸੀ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਅਤੇ ਦਇਆਵਾਨ। ਉਹਨੇ ਗੁੰਮਨਾਮੀ ਵਿੱਚ ਚੱਲ ਵਸਣਾ ਸੀ ਜੇ ਦੌੜਨ ਨਾ ਲਗਦਾ। ਦੌੜਾਂ ਲਾਉਣ ਨਾਲ ਉਹ ਮਰਨੋ ਬਚ ਗਿਆ। ਗ਼ਮਗ਼ੀਨੀ ਵਿੱਚੋਂ ਨਿਕਲ ਕੇ ਜਿਊਂਦਿਆਂ ਵਿੱਚ ਹੋ ਗਿਆ। ਬੁੱਢੇਵਾਰੇ ਦੌੜਾਂ ਵਿੱਚ ਪੈ ਕੇ ਉਹਨੇ ਪੂਰੇ ਵਿਸ਼ਵ ਵਿੱਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਾਬੇ ਨੂੰ ਬਰਤਾਨੀਆ ਦੀ ਮਹਾਰਾਣੀ ਅਲੈਜ਼ਾਬੈੱਥ ਨੇ ਸੌ ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲਾਂ ਵਿੱਚ ਖਾਣੇ ’ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹ ਹੋਰ ਜਵਾਨ ਹੋ ਗਿਆ!
ਫੌਜਾ ਸਿੰਘ ਪੁੰਨ ਦੇ ਕਾਰਜਾਂ ਲਈ ਦੌੜਦਾ ਰਿਹਾ। ਚੈਰਟੀ ਲਈ ਇਕੱਠੇ ਹੋਏ ਪੈਸਿਆਂ ਵਿੱਚ ਥੋੜ੍ਹੇ ਬਹੁਤੇ ਆਪਣੇ ਵੱਲੋਂ ਵੀ ਪਾਉਂਦਾ ਰਿਹਾ। 2003 ਵਿੱਚ ਉਹ ਨਿਊਯਾਰਕ ਦੀ ਮੈਰਾਥਨ ‘ਸਿੱਖ ਪਛਾਣ’ ਲਈ ਦੌੜਿਆ। ਟੋਰਾਂਟੋ ਦੀ ਵਾਟਰ ਫਰੰਟ ਹਾਫ ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਦੌੜਿਆ। ਉਸ ਬਾਰੇ ਉਸਦੇ ਪੇਂਡੂਆਂ ਨੇ ਦੋ ਕਵਿਤਾਵਾਂ ਜੋੜੀਆਂ: ਅਦਰਕ ਦੀ ਤਰੀ ਦਾ ਕਮਾਲ ਤੇ ਫੌਜਾ ਸਿੰਘ ਸਰਦਾਰ ਦੀ ਹੈ ਇੱਕ ਵੱਖਰੀ ਸ਼ਾਨ, ਇਸਦੇ ਕਰਤਬ ਦੇਖ ਕੇ ਦੁਨੀਆ ਹੋਏ ਹੈਰਾਨ …।
ਫੌਜਾ ਸਿੰਘ ਲੰਡਨ ਓਲੰਪਿਕ-2012 ਦੀ ਮਿਸ਼ਾਲ ਲੈ ਕੇ ਦੌੜਿਆ ਤਾਂ ਰਸਤੇ ਵਿੱਚ ਛਬੀਲਾਂ ਲੱਗ ਗਈਆਂ ਸਨ ਅਤੇ ਲੰਗਰ ਲਾਏ ਗਏ ਸਨ। ਇਓਂ ਛਬੀਲਾਂ ਅਤੇ ਲੰਗਰ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਅੰਗ ਬਣੇ। ਵੀਹਵੀਂ ਸਦੀ ਵਿੱਚ ਪੱਗਾਂ ਦਾੜ੍ਹੀਆਂ ਵਾਲੇ ਫੌਜੀਆਂ ਅਤੇ ਹਾਕੀ ਦੇ ਖਿਡਾਰੀਆਂ ਨੇ ਸਿੱਖ ਸਰੂਪ ਦੀ ਪਛਾਣ ਬਾਕੀ ਦੁਨੀਆ ਨੂੰ ਕਰਾਈ ਸੀ। ਇੱਕੀਵੀਂ ਸਦੀ ਦੇ ਅਰੰਭ ਵਿੱਚ ਪੱਗ ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ, ਉੰਨੀ ਹੋਰ ਕਿਸੇ ਨੇ ਨਹੀਂ ਕਰਾਈ। ਫੌਜਾ ਸਿੰਘ ਆਪ ਕਹਿੰਦਾ ਸੀ ਕਿ ਮੇਰੀ ਪਛਾਣ ਉੰਨੀ ਮੇਰੇ ਦੌੜਨ ਕਰਕੇ ਨਹੀਂ, ਜਿੰਨੀ ਪੱਗ ਦਾੜ੍ਹੀ ਕਰਕੇ ਹੈ। ਇਹੋ ਕਾਰਨ ਹੈ ਕਿ ਉਹ ਕਦੇ ਨੰਗੇ ਸਿਰ ਨਹੀਂ ਸੀ ਦੌੜਿਆ ਤੇ ਕਦੇ ਦਾੜ੍ਹੀ ਨਹੀਂ ਸੀ ਬੰਨ੍ਹੀ।
ਫੌਜਾ ਸਿੰਘ ਦਾ ਕਹਿਣਾ ਸੀ ਕਿ ਉਹ ਕੁਦਰਤ ਦੇ ਰੰਗਾਂ ਵਿੱਚ ਰਾਜ਼ੀ ਹੈ। ਉਹ ਪ੍ਰਹੇਜ਼ਗਾਰ ਸੀ, ਸਿਰੜੀ ਸੀ, ਸਿਦਕੀ ਸੀ ਤੇ ਲੋਭ ਲਾਲਚ ਤੋਂ ਪਰੇ ਸੀ। ਕਹਿੰਦਾ ਸੀ, “ਕਮਾਉਣ ਨੂੰ ਤਾਂ ਭਾਵੇਂ ਮੈਂ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਆ? ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁਝ ਹੈ। ਤੰਦਰੁਸਤੀ ਚਾਹੀਦੀ ਐ। ਜਿਸਦੇ ਕੋਲ ਤੰਦਰੁਸਤੀ ਐ, ਉਹਦੇ ਕੋਲ ਸਾਰੀਆਂ ਦੌਲਤਾਂ।”
ਕਿੱਥੇ ਫੌਜਾ ਸਿੰਘ ਤੇ ਕਿੱਥੇ ਕਰੋੜਾਂ ਰੁਪਏ `ਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਅਫਸਰ! ਉਹ ਕਰੋੜਾਂ ਰੁਪਏ ਕੋਲ ਹੋਣ ਦੇ ਬਾਵਜੂਦ ਨਹੀਂ ਰੱਜਦੇ ਜਦੋਂ ਕਿ ਫੌਜਾ ਸਿੰਘ ਬਿਨਾਂ ਬੈਂਕ ਬੈਲੈਂਸ ਦੇ ਹੀ ਰੱਜਿਆ ਪੁੱਜਿਆ ਸੀ। ਜੇ ਉਹ ਚਾਹੁੰਦਾ ਤਾਂ ਮੈਰਾਥਨ ਦੌੜਾਂ ਦੇ ਸਿਰ ’ਤੇ ਜਿੰਨੇ ਮਰਜ਼ੀ ਕਮਾ ਲੈਂਦਾ। ਉਸਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ, ਬੇਲੋੜੀ ਮਾਇਆ ਦੇ ਤਿਆਗ ਕਰਨ ਦਾ ਰਿਕਾਰਡ ਵੀ ਰੱਖਿਆ!
ਆਖ਼ਰੀ ਮੁਲਾਕਾਤ ਵਿੱਚ ਮੈਂ ਪੁੱਛਿਆ ਸੀ, “ਅੱਜਕੱਲ੍ਹ ਕੀ ਮਹਿਸੂਸ ਕਰਦੇ ਓ?”
“ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਅਤੇ ਆਪਣੀ ਬੁੱਕਲ ਵਿੱਚ ਸਮੋ ਲਿਆ। ਮੈਂ ਕਦੇ ਲਾਲਚ ਲਈ ਨਹੀਂ ਦੌੜਿਆ। ਜੋ ਪੈਸਾ ਧੇਲਾ ਦੌੜਾਂ ਵਿੱਚੋਂ ਮਿਲਿਆ, ਉਹ ਚੈਰਿਟੀ ਦੇ ਲੇਖੇ ਲਾ ’ਤਾ। ਸੋਚਦਾਂ ਖੌਰੇ ਕਿਸੇ ਉਸ ਗ਼ਰੀਬ ਦਾ ਵੀ ਭਲਾ ਕੀਤਾ ਹੋਊ, ਜਿਸਦੀਆਂ ਅਸੀਸਾਂ ਨਾਲ ਮੈਂ ਦੌੜੀ ਜਾ ਰਿਹਾਂ।”
ਫੌਜਾ ਸਿੰਘ ਦੀ ਜੀਵਨ ਕਹਾਣੀ ਦਾ ਸਾਰ ਹੈ ਕਿ ਬੰਦੇ ਦੇ ਜੀਵਨ ਵਿੱਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁਝ ਬਾਬਾ ਫੌਜਾ ਸਿੰਘ ਨੇ ਕੀਤਾ ਉਹ ਆਉਂਦੀਆਂ ਪੀੜ੍ਹੀਆਂ ਲਈ ਰਾਹਦਸੇਰਾ ਬਣਿਆ ਰਹੇਗਾ। ਬਾਬਾ ਫੌਜਾ ਸਿੰਘ ਨੂੰ ਜਾਂਦੀ ਵਾਰ ਦੀ ਫਤਿਹ, ਪ੍ਰਣਾਮ ਅਤੇ ਸਲਾਮ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (