“ਸੀਨੇ ’ਚ ਦਰਦ ਚਿਹਰੇ ’ਤੇ ਮੁਸਕਾਨ ਹੈ, ... ਇਹੋ ਜਿਹਾ ਜਾਪੇ ਅੱਜ ਦਾ ਇਨਸਾਨ ਹੈ। ...”
(10 ਅਪਰੈਲ 2020)
1. ਅੱਜ ਦਾ ਇਨਸਾਨ
ਸੀਨੇ ’ਚ ਦਰਦ ਚਿਹਰੇ ’ਤੇ ਮੁਸਕਾਨ ਹੈ,
ਇਹੋ ਜਿਹਾ ਜਾਪੇ ਅੱਜ ਦਾ ਇਨਸਾਨ ਹੈ।
ਦਿਲ ਅੰਦਰ ਡੂੰਘੇ ਭੇਤ ਲੁਕਾ ਕੇ ਉਹ
ਹੱਸਦਾ ਰਹਿੰਦਾ, ਪਰ ਅੰਦਰੋਂ ਪਰੇਸ਼ਾਨ ਹੈ।
ਸੁਭਾਅ ’ਚ ਨਰਮੀ ਤੇ ਜ਼ੁਬਾਨ ’ਚ ਹਲੀਮੀ,
ਪਰ ਜ਼ਿਹਨ ਵਿੱਚ ਚੱਲਦਾ ਤੂਫ਼ਾਨ ਹੈ।
ਉੱਪਰੋਂ ਆਖੇ ਮੈਨੂੰ ਕੋਈ ਫ਼ਰਕ ਨਹੀਂ ਪੈਣਾ,
ਮਨ ਦੇ ਅੰਦਰ ਚੱਲਦਾ ਘਮਸਾਣ ਹੈ।
ਤੇਰੇ ਮੇਰੇ ਕਹੇ ਨਾਲ ਕੁਝ ਨਹੀਂ ਵਿਗੜਦਾ,
ਨਵਦੀਪ ਵਕਤ ਹੁੰਦਾ ਸਦਾ ਬਲਵਾਨ ਹੈ।
***
2. ਪੀੜ
ਅੱਖਾਂ ਵਿੱਚ ਹੰਝੂ ਭਰੇ ਪਏ ਨੇ,
ਵੇਖਣ ਵਾਲੇ ਸਭ ਡਰੇ ਪਏ ਨੇ।
ਕੋਈ ਨਾ ਜਾਣੇ ਪੀੜ ਬੇਗਾਨੀ
ਪੁਰਾਣੇ ਜ਼ਖ਼ਮ ਅਜੇ ਹਰੇ ਪਏ ਨੇ।
ਪੜ੍ਹਨ ਨੂੰ ਚਿੱਤ ਨਹੀਂ ਕਰਦਾ,
ਖ਼ਤ ਟਰੰਕ ਵਿੱਚ ਧਰੇ ਪਏ ਨੇ।
ਧੂਣੀ ਅੱਗੇ ਬੈਠਾ ਅੱਗ ਸੇਕੇ ਉਹ,
ਹੱਥ ਫੇਰ ਵੀ ਉਹਦੇ ਠਰੇ ਪਏ ਨੇ।
ਕੰਧਾਂ ਨਾਲ ਗੱਲਾਂ ਪਿਆ ਕਰਦਾ,
ਨਵਦੀਪ ਸ਼ੌਂਕ ਉਹਦੇ ਮਰੇ ਪਏ ਨੇ।
***
3. ਜ਼ਮੀਰ
ਜ਼ਮੀਰ ਤੇਰੀ ਜੇ ਹਲੂਣਦੀ ਨਹੀਂ,
ਜ਼ਿੰਦਗੀ ਤੇਰੀ ਸਕੂਨ ਦੀ ਨਹੀਂ।
ਨਮਕ ਖਾ ਕੇ ਹਰਾਮ ਕੀਤਾ ਜੇ,
ਗਲਤੀ ਤੇਰੀ ਹੈ ਲੂਣ ਦੀ ਨਹੀਂ।
ਬਾਪ ਦਾ ਪੁੱਤ ਵਿਗੜ ਗਿਆ ਜੇ,
ਗਲਤੀ ਦਸ਼ਾ ਦੀ ਹੈ ਖੂਨ ਦੀ ਨਹੀਂ।
ਉੱਚਾ ਬੋਲਣਾ ਚੰਗਾ ਨਹੀਂ ਹੁੰਦਾ,
ਗੱਲ ਸਲੀਕੇ ਦੀ ਹੈ ਜਨੂੰਨ ਦੀ ਨਹੀਂ।
ਜਨਮ ਤੋਂ ਪਹਿਲਾਂ ਮਾਰ ਦਿੱਤਾ ਤਾਂ,
ਗਲਤੀ ਸੋਚ ਦੀ ਹੈ ਭਰੂਣ ਦੀ ਨਹੀਂ।
***
4. ਸ਼ਹਿਰ ਤੇਰੇ ਦੇ ਕਿੱਸੇ
ਸ਼ਹਿਰ ਤੇਰੇ ਦੇ ਜੋ ਕਿੱਸੇ ਨੇ,
ਕਈਆਂ ਦੇ ਆਏ ਹਿੱਸੇ ਨੇ।
ਸਭ ਕੁਝ ਮਿਲਦਾ ਭਾਵੇਂ ਇੱਥੇ,
ਚਿਹਰੇ ਫੇਰ ਵੀ ਕਈ ਲਿੱਸੇ ਨੇ।
ਮਨ ਰਹਿੰਦਾਂ ਭਟਕਣ ਵਿੱਚ,
ਨੱਕੋ ਨੱਕ ਭਰੇ ਭਾਵੇਂ ਖੀਸੇ ਨੇ।
ਕੋਠੀਆਂ ਵਿੱਚ ਚਾਨਣ ਬਥੇਰਾ,
ਪਰ ਰੂਹਾਂ ’ਚ ਹਨੇਰੇ ਦਿੱਸੇ ਨੇ।
ਤਨ ’ਤੇ ਪਾਉਂਦੇ ਕੀਮਤੀ ਪੁਸ਼ਾਕਾਂ,
ਦੁੱਖਾਂ ਵਾਲੀ ਚੱਕੀ ’ਚ ਪਿੱਸੇ ਨੇ।
***
5. ਮਗਰਮੱਛੀ ਹੰਝੂ
ਹੰਝੂ ਅੱਖਾਂ ’ਚ ਚੜ੍ਹ ਗਏ,
ਚਿਹਰਾ ਕੋਈ ਪੜ੍ਹ ਗਏ।
ਮੋਤੀਆਂ ਵਰਗੇ ਕੀਮਤੀ ਜੋ,
ਮਿੰਟਾਂ ਵਿੱਚ ਹੀ ਹੜ੍ਹ ਗਏ।
ਪੂੰਝਣ ਲਗਾ ਜੋ ਇਹਨਾਂ ਨੂੰ,
ਦੋਸ਼ ਉਹਦੇ ਸਿਰ ਮੜ੍ਹ ਗਏ।
ਮਗਰਮੱਛੀ ਹੰਝੂ ਸਨ ਉਹ,
ਵਿਉਂਤ ਨਵੀਂ ਹੀ ਘੜ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3493)
(ਸਰੋਕਾਰ ਨਾਲ ਸੰਪਰਕ ਲਈ: