“ਕੁੜੀਆਂ ਅਤੇ ਮੁੰਡੇ ਬੇਝਿਜਕ ਹੋ ਕੇ ਇਸ ਤਰ੍ਹਾਂ ਅਮਨਦੀਪ ਸਿੰਘ ਨਾਲ ਗੱਲ ਸਾਂਝੀ ...”
(13 ਮਾਰਚ 2021)
(ਸ਼ਬਦ: 930)
ਮੈਂਨੂੰ ਸਰਕਾਰੀ ਨੌਕਰੀ ਕਰਦਿਆਂ ਪੱਚੀ ਸਾਲ ਹੋ ਗਏ ਹਨ, ਦਸ ਤੋਂ ਵੱਧ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ। ਚਾਰ ਜ਼ਿਲ੍ਹਿਆਂ ਵਿੱਚ ਮੈਂ ਨੌਕਰੀ ਕਰ ਚੁੱਕਾ ਹਾਂ। ਹਰ ਵਿਸ਼ੇ ਦੇ ਅਧਿਆਪਕਾਂ ਨਾਲ ਮੇਰਾ ਵਾਹ ਵਾਸਤਾ ਰਿਹਾ ਹੈ। ਬੜੇ ਮਿੱਠੇ-ਕੌੜੇ ਤਜਰਬੇ ਹਾਸਲ ਹੋਏ ਹਨ। ਚੰਗੇ ਅਤੇ ਮਾੜੇ ਤਜਰਬਿਆਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਇੱਕ ਵਿਸ਼ੇ ਦੇ ਅਧਿਅਪਕ ਬਾਰੇ ਮੇਰੀ ਸੋਚ ਪਿਛਲੇ ਦੋ ਕੁ ਸਾਲਾਂ ਤੋਂ ਬਦਲ ਗਈ। ਉਹ ਵਿਸ਼ਾ ਹੈ ਪੀ ਟੀ ਟੀਚਰ ਜਾਂ ਡੀ ਪੀ ਈ ਮਾਸਟਰ (DPE = Diploma in Physical Education)। ਮੇਰੇ ਸੰਪਰਕ ਵਿੱਚ ਜਿੰਨੇ ਵੀ ਹੁਣ ਤਕ ਪੀ ਟੀ ਮਾਸਟਰ ਆਏ, ਉਹ ਜ਼ਿਆਦਾਤਾਰ ਦਾਰੂ ਸਿੱਕੇ ਵਾਲੇ ਸਨ। ਮਿਹਨਤੀ ਵੀ ਘੱਟ ਮਿਲੇ। ਇਸਦਾ ਮਤਲਬ ਇਹ ਨਹੀਂ ਕਿ ਸਾਰੇ ਪੀ ਟੀ ਜਾਂ ਡੀ ਪੀ ਈ ਅਜਿਹੇ ਹੋਣ। ਇਹ ਮੇਰੀ ਧਾਰਨਾ ਉਦੋਂ ਬਦਲ ਗਈ ਜਦੋਂ ਮੈਂ ਬਦਲੀ ਕਰਾ ਕੇ ਰੋਪੜ ਜ਼ਿਲ੍ਹੇ ਦੇ ਪਿੰਡ ਢੰਗਰਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਾਜ਼ਰ ਹੋਇਆ। ਇਸ ਸਕੂਲ ਵਿੱਚ ਮੇਰੀ ਮੁਲਾਕਾਤ ਸ. ਅਮਨਦੀਪ ਸਿੰਘ ਨਾਲ ਹੋਈ ਜੋ ਡੀ ਪੀ ਈ ਦੀ ਪੋਸਟ ’ਤੇ ਹਨ। ਉਹਨਾਂ ਦੀ ਸ਼ਖਸੀਅਤ ਦਾ ਇੱਕ ਇੱਕ ਪੱਖ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਸਕੂਲ ਦੇ ਹਰ ਕੰਮ ਨੂੰ ਆਪਣਾ ਸਮਝ ਕੇ ਕਰਨ ਵਿੱਚ ਉਹ ਮਾਣ ਮਹਿਸੂਸ ਕਰਦੇ। ਖਾਲਸਾਈ ਰੂਪ ਵਿੱਚ ਉਹ ਦਿਲ ਦੇ ਵੀ ਖਾਲਸ ਹਨ। ਗੁਰਸਿੱਖ ਦਿੱਖ ਵਾਲੇ ਬੜੇ ਹੀ ਅਦਬ ਨਾਲ ਸਮਾਜ ਵਿੱਚ ਵਿਚਰਦੇ ਹਨ। ਅਮਨਦੀਪ ਸਿੰਘ ਵਿੱਚ ਕਈ ਖੂਬੀਆਂ ਬੜੀਆਂ ਵਿਲੱਖਣ ਹਨ, ਜਿਨ੍ਹਾਂ ਦਾ ਵਰਣਨ ਕਰਨ ’ਤੇ ਮੇਰੀ ਕਲਮ ਵੀ ਮੇਰਾ ਸਾਥ ਬਾਖੂਬੀ ਦੇ ਰਹੀ ਹੈ। ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਕਿ ਉਹ ਬੰਦਾ ਮਹਾਨ ਹੁੰਦਾ ਹੈ ਜਿਹੜਾ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਾਨ ਪੁੰਨ ਕਰਦਾ ਹੈ। ਇੱਕ ਗੱਲ ਇੱਥੇ ਕਾਬਲੇ ਜ਼ਿਕਰ ਹੈ ਕਿ ਸਟਾਫ ਵਿੱਚ ਸਭ ਨਾਲੋਂ ਘੱਟ ਤਨਖਾਹ ਹੋਣ ਦੇ ਬਾਵਜੂਦ ਅਮਨਦੀਪ ਸਿੰਘ ਬੱਚਿਆਂ ਦੀ ਮਦਦ ਕਰਨ ਵਿੱਚ ਹਮੇਸ਼ਾ ਮੋਹਰੀ ਰਹੇ ਹਨ। ਵਿਦਿਆਰਥੀਆਂ ਲਈ ਪੈੱਨ ਤੇ ਕਾਪੀਆਂ ਲਿਆ ਕੇ ਬਾਹਰ ਇੱਕ ਖੁੱਲ੍ਹੇ ਮੇਜ਼ ’ਤੇ ਰਖਵਾ ਦਿੰਦੇ ਹਨ। ਸਵੇਰ ਦੀ ਸਭਾ ਵਿੱਚ ਅਨਾਊਂਸ ਕਰਦੇ ਹਨ ਕਿ ਜਿਸ ਨੂੰ ਵੀ ਕੋਈ ਕਾਪੀ ਚਾਹੀਦੀ ਐ, ਚੁੱਪਚਾਪ ਉੱਥੋਂ ਟੇਬਲ ਤੋਂ ਲੈ ਸਕਦਾ ਹੈ।
ਉਨ੍ਹਾਂ ਨੇ ਨਵੰਬਰ 2021 ਵਿੱਚ ਰੈਗੂਲਰ ਹੋਣਾ ਹੈ, ਇਸ ਲਈ ਅਜੇ ਤਨਖਾਹ ਘੱਟ ਮਿਲਦੀ ਹੈ। ਪਰ ਉਨ੍ਹਾਂ ਦਾ ਹਿਰਦਾ ਬੜਾ ਵਿਸ਼ਾਲ ਹੈ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐੱਮ ਐੱਡ, ਐੱਮ ਫਿਲ ਹੈ। ਬਾਰ੍ਹਵੀਂ ਬੋਰਡ ਦੀਆਂ ਸਵੇਰੇ ਐਕਸਟਰਾ ਕਲਾਸਾਂ ਹਰ ਸਾਲ ਲਗਾਉਂਦੇ ਹਨ। ਲਗਾਤਾਰ ਸਰੀਰਕ ਸਿੱਖਿਆ ਵਿਸ਼ੇ ਦੇ ਟੈਸਟ ਲੈਂਦੇ ਰਹਿੰਦੇ ਹਨ, ਜੋ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਗੱਲ ਹੈ। ਵਿਦਿਆਰਥੀਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਸਮਝ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰਦੇ ਹਨ। ਜਿੱਥੇ ਉਨ੍ਹਾਂ ਦਾ ਬੱਚਿਆਂ ਨਾਲ ਬਹੁਤ ਪਿਆਰ ਹੈ, ਉੱਥੇ ਸਕੂਲ ਵਿੱਚ ਅਨੁਸ਼ਾਸਨ ਦੇ ਮਾਮਲੇ ਵਿੱਚ ਰੋਅਬ ਵੀ ਪੂਰਾ ਹੈ। ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਉਹ ਬਰਦਾਸ਼ਤ ਨਹੀਂ ਕਰਦੇ। ਪਿਛਲੇ ਸਾਲ ਕੋਰੋਨਾ ਕਾਲ ਸਮੇਂ ਉਸ ਨੇ ਆਲੇ ਦੁਆਲੇ ਪਿੰਡਾਂ ਵਿੱਚ ਜਾ ਕੇ ਰਿਕਾਰਡਤੋੜ ਵੀਹ ਤੋਂ ਵੱਧ ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਵਾਏ। ਕਈ ਪ੍ਰਾਈਵੇਟ ਸਕੂਲਾਂ ਵਿੱਚੋਂ ਬੱਚੇ ਲਿਆ ਕੇ ਉਨ੍ਹਾਂ ਨੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਏ।
ਪੰਜਾਬੀ ਸਾਹਿਤ ਨਾਲ ਵੀ ਅਮਨਦੀਪ ਸਿੰਘ ਦਾ ਬਹੁਤ ਪਿਆਰ ਹੈ। ਇਹ ਸ਼ੌਕ ਉਨ੍ਹਾਂ ਨੂੰ ਆਪਣੇ ਵਿਰਸੇ ਤੋਂ ਮਿਲਿਆ। ਉਨ੍ਹਾਂ ਦੇ ਮਾਤਾ ਸ੍ਰੀਮਤੀ ਅਮਰਜੀਤ ਕੌਰ (ਰਿਟਾਇਰਡ ਪੰਜਾਬੀ ਮਿਸਟ੍ਰੈਸ) ਇਕ ਚੰਗੇ ਸਾਹਿਤਕਾਰ ਹਨ, ਜਿਨ੍ਹਾਂ ਦੀਆਂ ਕਈ ਪੁਸਤਕਾਂ ਛਪ ਚੁੱਕੀਆਂ ਹਨ। ਆਪਣੀਆਂ ਚੰਗੀਆਂ ਕਵਿਤਾਵਾਂ ਨੂੰ ਸਵੇਰ ਦੀ ਸਭਾ ਵਿੱਚ ਬੱਚਿਆਂ ਨਾਲ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਆਪਣੇ ਕਿਰਦਾਰ ਨੂੰ ਉੱਚਾ-ਸੁੱਚਾ ਰੱਖਣ ਲਈ ਉਸ ਨੇ ਆਪਣੇ ਕੁਝ ਜ਼ਿੰਦਗੀ ਦੇ ਨਿਯਮ ਬਣਾਏ ਹਨ। ਬਾਜ਼ਾਰੀ ਚੀਜ਼ ਉਹ ਕਦੇ ਨਹੀਂ ਖਾਂਦੇ। ਖਾਸ ਕਰਕੇ ਤਲੀਆਂ ਹੋਈਆਂ ਅਤੇ ਮਸਾਲੇਦਾਰ ਚੀਜ਼ਾਂ ਦਾ ਉਹ ਸੇਵਨ ਬਿਲਕੁਲ ਨਹੀਂ ਕਰਦੇ। ਚਾਹ ਨੂੰ ਉਹ ਕਦੇ ਹੱਥ ਨਹੀਂ ਲਾਉਂਦੇ। ਉਨ੍ਹਾਂ ਦੀ ਦਾਲ ਸਬਜ਼ੀ ਅਲੱਗ ਕਿਸਮ ਦੀ ਹੁੰਦੀ ਹੈ ਜਿਸ ਵਿੱਚ ਨਮਕ ਤੇ ਹਲਦੀ ਤੋਂ ਇਲਾਵਾ ਕੁਝ ਨਹੀਂ ਹੁੰਦਾ। ਲਸਣ, ਪਿਆਜ ਤੇ ਅਦਰਕ ਤੋਂ ਪੂਰਾ ਪਰਹੇਜ਼ ਕਰਦੇ ਹਨ। ਪਿਛਲੇ ਸਾਲ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਦੀ ਬੇਟੀ ਦੀ ਸ਼ਾਦੀ ਸੀ। ਅਸੀਂ ਸਟਾਫ ਮੈਂਬਰ ਉੱਥੇ ਗਏ। ਅਮਨਦੀਪ ਵੀ ਸਾਡੇ ਨਾਲ ਸੀ। ਛੱਤੀ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ ਪਰ ਉਨ੍ਹਾਂ ਨੇ ਕਿਸੇ ਚੀਜ਼ ਨੂੰ ਹੱਥ ਤਕ ਨਾ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਚੀਜ਼ ਵਿੱਚ ਮਸਾਲਾ ਹੁੰਦਾ ਹੈ।
ਜਿੱਥੋਂ ਤਕ ਵਿਦਿਆਰਥੀਆਂ ਦੀਆਂ ਖੇਡਾਂ ਸਬੰਧੀ ਪ੍ਰਾਪਤੀਆਂ ਦਾ ਸੰਬੰਧ ਹੈ, ਅਮਨਦੀਪ ਸਿੰਘ ਦੇ ਵਿਦਿਆਰਥੀ ਸਟੇਟ ਅਤੇ ਨੈਸ਼ਨਲ ਪੱਧਰ ਤਕ ਖੇਡੇ ਹਨ। ਆਪਣੀ ਜੇਬ ਵਿੱਚੋਂ ਪੈਸਾ ਖਰਚ ਕਰਕੇ ਉਹ ਸਪੋਰਟਸ ਸਬੰਧੀ ਸਾਮਾਨ ਤਕ ਲਿਆ ਕੇ ਦਿੰਦੇ ਰਹੇ। ਗਰਾਊਂਡ ਵਿੱਚ ਬੱਚਿਆਂ ਨੂੰ ਆਪ ਜਾ ਕੇ ਕੋਚਿੰਗ ਦਿੰਦੇ ਹਨ। ਸਵੇਰ ਦੀ ਸਭਾ ਲਈ ਉਹਨਾਂ ਨੇ ਮਿਊਜ਼ੀਕਲ ਸਾਜ਼ ਲਿਆਂਦੇ ਹੋਏ ਹਨ ਤੇ ਬੱਚਿਆਂ ਨੂੰ ਆਪ ਹੀ ਸ਼ਬਦ ਗਾਇਨ ਲਈ ਤਿਆਰ ਕਰਦੇ ਹਨ। ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ।
ਦੇਰ ਸ਼ਾਮ ਅਮਨਦੀਪ ਸਿੰਘ ਆਪਣੀ ਚੰਗੀ ਸਿਹਤ ਲਈ ਦੋ ਘੰਟੇ ਜਿੰਮ ਵੀ ਜਾਂਦੇ ਹਨ। ਸ਼ਰਾਬ, ਮੀਟ, ਆਂਡੇ ਤੋਂ ਬਿਨਾਂ ਉਹ ਦੁੱਧ ਜਾਂ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਤਰਜੀਹ ਦਿੰਦੇ ਹਨ। ਜੀਵਨ ਸ਼ੈਲੀ ਸਾਦਾ ਅਤੇ ਉੱਚ ਵਿਚਾਰ ਵਾਲੀ ਹੈ। ਬਹੁਤ ਵਧੀਆ ਭੰਗੜਚੀ ਵੀ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਜਸਜੀਤ ਕੌਰ ਸੰਧੂ ਨੂੰ ਵੀ ਆਪਣੇ ਇਸ ਹੋਣਹਾਰ ਅਧਿਆਪਕ ’ਤੇ ਮਾਣ ਹੈ। ਪ੍ਰਿੰਸੀਪਲ ਮੈਡਮ ਉਨ੍ਹਾਂ ਨੂੰ ਆਲ ਰਾਊਂਡਰ ਮੰਨਦੇ ਹਨ। ਸਕੂਲ ਦਾ ਕੋਈ ਕੰਮ ਜੇ ਅਧੂਰਾ ਰਹਿ ਜਾਂਦਾ ਤਾਂ ਉਸ ਨੂੰ ਨੇਪਰੇ ਚਾੜ੍ਹਨ ਲਈ ਉਹ ਅਮਨਦੀਪ ਸਿੰਘ ਤੋਂ ਆਸ ਰੱਖਦੇ ਹਨ। ਅਮਨਦੀਪ ਸਿੰਘ ਵੀ ਪ੍ਰਿੰਸੀਪਲ ਮੈਡਮ ਦੀਆਂ ਆਸਾਂ ਉੱਤੇ ਖਰੇ ਉੱਤਰਦੇ ਹਨ। ਅਮਨਦੀਪ ਸਿੰਘ ਹਰ ਦਿਲ ਅਜ਼ੀਜ਼ ਹੈ ਤੇ ਆਪਣੇ ਵਿਦਿਆਰਥੀਆਂ ਵਿੱਚ ਉਹ ਬਹੁਤ ਹਰਮਨ ਪਿਆਰਾ ਹੈ। ਕੁੜੀਆਂ ਅਤੇ ਮੁੰਡੇ ਬੇਝਿਜਕ ਹੋ ਕੇ ਇਸ ਤਰ੍ਹਾਂ ਅਮਨਦੀਪ ਸਿੰਘ ਨਾਲ ਗੱਲ ਸਾਂਝੀ ਕਰ ਲੈਂਦੇ ਹਨ ਜਿਵੇਂ ਉਹ ਆਪਣੇ ਪਿਤਾ ਨਾਲ ਗੱਲ ਕਰ ਰਹੇ ਹੋਣ।
ਹੋਰ ਬਹੁਤਾ ਕੁਝ ਨਾ ਕਹਿੰਦੇ ਹੋਏ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇੱਕ ਸਤਰ ਵਿੱਚ ਪਰੋਣ ਦਾ ਯਤਨ ਕਰ ਰਿਹਾ ਹਾਂ। ਉਹ ਦਾਨੀ, ਮਦਦਗਾਰ, ਭਾਵੁਕ, ਮਨੁੱਖੀ ਕਦਰਾਂ ਕੀਮਤਾਂ ਨਾਲ ਲਬਰੇਜ਼, ਸਿਧਾਂਤਾਂ ’ਤੇ ਚੱਲਣ ਵਾਲੇ, ਮਨੁੱਖੀ ਵਰਤਾਰੇ ਨੂੰ ਸਮਝਣ ਵਾਲੇ ਅਤੇ ਹਰੇਕ ਦੀ ਮੁਸੀਬਤ ਵਿੱਚ ਨਾਲ ਖੜ੍ਹਨ ਵਾਲੇ ਨੇਕ ਇਨਸਾਨ ਹਨ। ਅੰਤ ਵਿੱਚ ਇਹੀ ਕਹਾਂਗਾ ਕਿ ਅਮਨਦੀਪ ਸਿੰਘ ਆਪਣੇ ਸਿਧਾਂਤਾਂ ਅਤੇ ਨੇਕੀ ਉੱਤੇ ਇਸੇ ਤਰ੍ਹਾਂ ਹੀ ਚੱਲਦੇ ਰਹਿਣ। ਮੈਂਨੂੰ ਯਕੀਨ ਹੈ ਕਿ ਭਵਿੱਖ ਵਿੱਚ ਉਹ ਆਪਣੀ ਮਿਹਨਤ ਅਤੇ ਚੰਗੀ ਨੀਅਤ ਨਾਲ ਹੋਰ ਉੱਚੀਆਂ ਬੁਲੰਦੀਆਂ ਛੂਹਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2641)
(ਸਰੋਕਾਰ ਨਾਲ ਸੰਪਰਕ ਲਈ: