“ਮਾਤਾ ਛੁਡਾਉਣ ਲੱਗੀ ਤਾਂ ਪਿਤਾ ਨੇ ਆਖਿਆ, “ਪਰ੍ਹੇ ਹੋ ਜਾ! ਅੱਜ ਮੈਨੂੰ ਇਸ ਦੀ ...”
(17 ਅਗਸਤ 2021)
ਖੰਨਾ ਸ਼ਹਿਰ ਵਿੱਚ ਪ੍ਰਾਇਮਰੀ ਸਕੂਲ ਸਾਡੇ ਘਰ ਦੇ ਨੇੜੇ ਹੀ ਸੀ ਜਿੱਥੇ ਮੈਂ ਪੰਜ ਜਮਾਤਾਂ ਪਾਸ ਕੀਤੀਆਂ। ਉੱਥੇ ਅਸੀਂ ਪੈਦਲ ਹੀ ਚਲੇ ਜਾਂਦੇ ਸੀ। ਛੇਵੀਂ ਵਿੱਚ ਮੇਰਾ ਦਾਖਲਾ ਸ਼ਹਿਰ ਦੇ ਬਾਹਰ ਵੱਡੇ ਸਕੂਲ ਵਿੱਚ ਹੋਇਆ ਜੋ ਜੀ.ਟੀ. ਰੋਡ ’ਤੇ ਸਥਿਤ ਸੀ। ਸਾਡਾ ਘਰ ਸ਼ਹਿਰ ਦੇ ਵਿਚਕਾਰ ਸਥਿਤ ਸੀ। ਮੇਰਾ ਸਕੂਲ ਮੇਰੇ ਘਰ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸੀ। ਅਸੀ ਸਾਰੇ ਮੁਹੱਲੇ ਦੇ ਬੱਚੇ ਇਕੱਠੇ ਟੋਲੀਆਂ ਬਣਾ ਕੇ ਪੈਦਲ ਜਾਇਆ ਕਰਦੇ ਸੀ। ਰਾਹ ਵਿੱਚ ਗੱਪਾਂ-ਸ਼ੱਪਾਂ ਮਾਰਦੇ, ਸ਼ਰਾਰਤਾਂ ਕਰਦੇ ਸਕੂਲ ਪੁੱਜ ਜਾਂਦੇ। ਸਾਡੇ ਮੁਹੱਲੇ ਵਿੱਚ ਸਾਇਕਲ ਇਕ ਵੀ ਬੱਚੇ ਕੋਲ ਨਹੀਂ ਸੀ। 1979 ਵਿੱਚ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਵੱਡੇ ਮਾਮਾ ਜੀ ਦਾ ਵਿਆਹ ਹੋਇਆ ਸੀ। ਮੇਰੇ ਵੱਡੇ ਮਾਮਾ ਅਵਤਾਰ ਸਿੰਘ ਜੀ ਦੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਠੂਰ ਵਿੱਚ ਕੱਪੜੇ ਦੀ ਦੁਕਾਨ ਸੀ। ਮਾਮੀ ਜੀ ਚੰਡੀਗੜ੍ਹ ਦੇ ਸਨ। ਉੱਥੇ ਹੀ ਉਹ ਸਰਕਾਰੀ ਟੀਚਰ ਲੱਗੇ ਹੋਏ ਸਨ। ਲੁਧਿਆਣੇ ਉਹਨਾਂ ਨੇ ਆਪਣੀ ਰਿਹਾਇਸ਼ ਕਰ ਲਈ। ਸਨਿੱਚਰਵਾਰ ਐਤਵਾਰ ਮਾਮਾ ਮਾਮੀ ਜੀ ਉੱਥੇ ਇਕੱਠੇ ਹੋ ਜਾਂਦੇ। ਸੋਮਵਾਰ ਸਵੱਖਤੇ ਹੀ ਮਾਮੀ ਜੀ ਬੱਸ ਫੜ ਕੇ ਚੰਡੀਗੜ੍ਹ ਆਪਣੀ ਡਿਊਟੀ ’ਤੇ ਚਲੇ ਜਾਂਦੇ ਤੇ ਮਾਮਾ ਜੀ ਜਗਰਾਉਂ ਵਾਲੀ ਬੱਸ ਫੜ ਕੇ ਹਠੂਰ ਪੁੱਜ ਜਾਂਦੇ।
ਉਦੋਂ ਸਾਇਕਲ ਕਿਸੇ ਵਿਰਲੇ ਟਾਵੇਂ ਬੱਚੇ ਕੋਲ ਹੀ ਹੁੰਦਾ ਸੀ। ਸਾਇਕਲ ਹੋਣਾ ਅੱਜ ਦੇ ਬੁਲਟ ਬਰਾਬਰ ਸੀ। ਬੱਚੇ ਕਿਰਾਏ ’ਤੇ ਸਾਇਕਲ ਚਲਾ ਕੇ ਆਪਣਾ ਚਾਅ ਪੂਰਾ ਕਰਦੇ ਸਨ। ਪਰ ਪੱਕੀ ਖੁਸ਼ੀ ਤਾਂ ਉਦੋਂ ਹੁੰਦੀ ਹੈ ਜਦੋਂ ਸਾਈਕਲ ਤੁਹਾਡਾ ਆਪਣਾ ਹੋਵੇ। ਵਿਆਹ ਤੋਂ ਬਾਅਦ ਮਾਮਾ ਮਾਮੀ ਜੀ ਨੂੰ ਰੋਟੀ ’ਤੇ ਬੁਲਾਇਆ। ਮੇਰੇ ਮੰਮੀ ਸਭ ਤੋਂ ਵੱਡੇ ਹੋਣ ਕਰਕੇ ਉਹਨਾਂ ਦਾ ਭਰਾਵਾਂ ਵਿੱਚ ਮਾਣ ਸਤਿਕਾਰ ਬਹੁਤ ਸੀ। ਮਾਮਾ ਜੀ ਆਪਣੇ ਭਾਣਜਿਆਂ, ਭਾਣਜੀਆਂ ਨੂੰ ਵੀ ਪਿਆਰ ਕਰਦੇ ਸਨ। ਜਦੋਂ ਮਾਮਾ ਮਾਮੀ ਜੀ ਤੁਰਨ ਲੱਗੇ ਤਾਂ ਮੈਨੂੰ ਆਖਣ ਲੱਗੇ ਕਿ ਜੇਕਰ ਸਾਡੇ ਘਰ ਲੜਕਾ ਹੋਇਆ ਤਾਂ ਤੇਰਾ ਸਾਇਕਲ ਪੱਕਾ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਇੱਕ ਮਹੀਨੇ ਬਾਅਦ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮਾਮਾ ਜੀ ਨੂੰ ਫੋਨ ’ਤੇ ਪੁੱਛੋ, ਉਨ੍ਹਾਂ ਦੇ ਘਰ ਮੁੰਡਾ ਹੋ ਗਿਆ? ਮੰਮੀ ਹੱਸ ਕੇ ਬੋਲੇ, “ਪੁੱਤ ਇੱਕ ਸਾਲ ਇੰਤਜ਼ਾਰ ਕਰਨਾ ਪਵੇਗਾ।”
ਜਦੋਂ ਵੀ ਮੈਂ ਆਪਣੇ ਦਾਦੀ ਜੀ ਨਾਲ ਗੁਰਦੁਆਰਾ ਸਾਹਿਬ ਜਾਂਦਾ ਤਾਂ ਅਰਦਾਸ ਕਰਦਾ ਕਿ ਬਾਬਾ ਜੀ ਮੇਰੇ ਮਾਮੇ ਦੇ ਘਰ ਮੁੰਡਾ ਦੇਈਂ। ਅਰਦਾਸ ਪਿੱਛੇ ਮੇਰਾ ਨਿਰਾ ਆਪਣਾ ਸਵਾਰਥ ਲੁਕਿਆ ਹੋਇਆ ਸੀ। ਅਰਦਾਸਾਂ ਦਾ ਸਿਲਸਿਲਾ ਬਹੁਤ ਚਿਰ ਚੱਲਦਾ ਰਿਹਾ। ਪੜ੍ਹਾਈ ਵਿੱਚ ਮੇਰਾ ਧਿਆਨ ਘੱਟ ਤੇ ਅਰਦਾਸਾਂ ਵਿੱਚ ਜ਼ਿਆਦਾ ਸੀ। ਮੈਂ ਖੁਸ਼ਖਬਰੀ ਸੁਣਨ ਨੂੰ ਤਤਪਰ ਸੀ। ਤੀਜੇ ਚੌਥੇ ਦਿਨ ਸੁਪਨਾ ਆ ਜਾਂਦਾ ਸੀ, ਸਾਡੀ ਡਿਓੜੀ ਵਿੱਚ ਨਵਾਂ ਸਾਈਕਲ ਖੜ੍ਹਾ ਹੈ ਅਤੇ ਮੈਂ ਕੱਪੜੇ ਨਾਲ ਸਾਫ਼ ਰਿਹਾ ਹਾਂ।
ਅਗਲਾ ਸਾਲ ਚੜ੍ਹ ਆਇਆ ਪਰ ਕੋਈ ਖੁਸ਼ਖਬਰੀ ਨਾ ਆਈ। ਮੈਂ ਵਿਆਕੁਲ ਹੋ ਗਿਆ ਕਿ ਕਿੰਨੇ ਸਾਲ ਮੈਨੂੰ ਇਉਂ ਪੈਦਲ ਸਕੂਲ ਜਾਣਾ ਪਵੇਗਾ। ਇੱਕ ਗੱਲ ਮੇਰੇ ਦਿਮਾਗ ਵਿੱਚ ਇਹ ਸੀ ਕਿ ਜੇਕਰ ਮੇਰੇ ਕੋਲ ਸਾਈਕਲ ਹੋਇਆ ਤਾਂ ਸਾਥੀਆਂ ਵਿੱਚ ਮੇਰੀ ਟੌਹਰ ਬਣ ਜਾਵੇਗੀ। ਮੈਂ ਮੰਮੀ ਨੂੰ ਬਾਰ ਬਾਰ ਪੁੱਛਦਾ ਰਹਿੰਦਾ। ਸਾਈਕਲ ਕਰਕੇ ਮੈਂ ਆਪਣੇ ਮੰਮੀ ਡੈਡੀ ਤੋਂ ਬਥੇਰੀਆਂ ਝਿੜਕਾਂ ਖਾਧੀਆਂ। ਮੇਰੇ ਦਾਦੀ ਜੀ ਦਾ ਅਚਾਨਕ ਦੇਹਾਂਤ ਹੋ ਗਿਆ ਤੇ ਮੈਂ ਗੁਰਦੁਆਰੇ ਜਾਣਾ ਵੀ ਛੱਡ ਦਿੱਤਾ। ਅਰਦਾਸਾਂ ਕਰਨੀਆਂ ਬੰਦ ਕਰ ਦਿੱਤੀਆਂ ਅਤੇ ਰੱਬ ਤੋਂ ਵਿਸ਼ਵਾਸ ਉੱਠ ਗਿਆ। ਮੈਨੂੰ ਸ਼ਿਕਾਇਤ ਸੀ ਕਿ ਸਾਲ ਭਰ ਕੀਤੀਆਂ ਮੇਰੀਆਂ ਅਰਦਾਸ ਵਿਅਰਥ ਹੀ ਗਈਆਂ।
ਇੱਕ ਦਿਨ ਪਿਤਾ ਜੀ ਨੇ ਮੈਨੂੰ ਸਾਈਕਲ ਲਈ ਜ਼ਿੱਦ ਕਰਨ ਕਰਕੇ ਬਹੁਤ ਕੁੱਟਿਆ। ਜਦ ਮਾਤਾ ਛੁਡਾਉਣ ਲੱਗੀ ਤਾਂ ਪਿਤਾ ਨੇ ਆਖਿਆ, “ਪਰ੍ਹੇ ਹੋ ਜਾ! ਅੱਜ ਮੈਨੂੰ ਇਸ ਦੀ ਖੁੰਬ ਠੱਪ ਲੈਣ ਦੇ। ਇਹ ਸਾਈਕਲ ਦੀ ਰਟ ਲਾਈ ਜਾਂਦਾ ਤੇ ਪੜ੍ਹਾਈ ਕਰਕੇ ਰਾਜ਼ੀ ਨਹੀਂ।”
ਇਸ ਕੁੱਟ ਦੇ ਬਾਵਜੂਦ ਮੈਂ ਸਾਈਕਲ ਵਾਲਾ ਰਾਗ ਅਲਾਪੀ ਗਿਆ। ਮਾਮੇ ਦੇ ਵਿਆਹ ਨੂੰ ਦੋ ਵਰ੍ਹੇ ਬੀਤ ਗਏ ਪਰ ਕੋਈ ਸੁੱਖ ਸੁਨੇਹਾ ਨਾ ਆਇਆ। ਸਾਈਕਲ ਵਾਲੀ ਗੱਲ ਮੈਂ ਆਪਣੇ ਮੁਹੱਲੇ ਦੀਆਂ ਆਂਟੀਆਂ ਨਾਲ ਵੀ ਕੀਤੀ। ਉਹ ਮੈਨੂੰ ਆਖਦੀਆਂ, “ਪੁੱਤ ਸਬਰ ਰੱਖ, ਖੁਸ਼ਖਬਰੀ ਜ਼ਰੂਰ ਆਊਗੀ।” ਪਰ ਉਸ ਉਮਰ ਵਿੱਚ ਸਬਰ ਸੰਤੋਖ ਨਹੀਂ ਹੁੰਦਾ। ਸਾਡੇ ਆਂਢ ਗੁਆਂਢ ਵਿੱਚ ਕਿਸੇ ਮੁੰਡੇ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਘਰ ਇੱਕ ਸਾਲ ਬਾਅਦ ਲੜਕੀ ਹੋ ਗਈ। ਮੈਂ ਸੋਚਦਾ, ਮਾਮੇ ਦੇ ਵਿਆਹ ਨੂੰ ਦੋ ਸਾਲ ਹੋ ਗਏ ਪਰ ਉਨ੍ਹਾਂ ਦੇ ਘਰ ਅਜੇ ਕੋਈ ਬੱਚਾ ਨਹੀਂ ਹੋਇਆ। ਗੁਆਂਢ ਵਿੱਚ ਇਕ ਲੜਕੀ ਦੇ ਪੈਦਾ ਹੋਣ ਦੀ ਖ਼ਬਰ ਨਾਲ ਮੈਨੂੰ ਇੰਜ ਲੱਗਣ ਲੱਗਾ ਕਿ ਜੇ ਮਾਮੇ ਦੇ ਘਰ ਵੀ ਲੜਕੀ ਹੋ ਗਈ ਤਾਂ ਮੇਰੇ ਸਾਈਕਲ ਦਾ ਕੀ ਬਣੂ? ਆਪਣੇ ਦਿਮਾਗ ਵਿਚ ਕਈ ਜਮ੍ਹਾਂ ਮਨਫੀਆਂ ਕਰਦਾ ਹੋਇਆ ਮੈਂ ਕਮਲਾ ਜਿਹਾ ਹੋ ਗਿਆ। ਉਨ੍ਹਾਂ ਦਿਨਾਂ ਵਿਚ ਮੋਬਾਇਲ ਨਹੀਂ ਹੋਇਆ ਕਰਦੇ ਸਨ। ਜੇ ਹੁੰਦੇ ਤਾਂ ਨਿੱਤ ਮੈਂ ਮਾਮੇ ਦਾ ਸਿਰ ਖਾਈ ਜਾਂਦਾ। ਮੁਹੱਲੇ ਵਿੱਚ ਕਿਸੇ ਟਾਵੇਂ ਟਾਵੇਂ ਘਰ ਲੈਂਡਲਾਈਨ ਫੋਨ ਹੋਇਆ ਕਰਦਾ ਸੀ। ਸਾਰੇ ਮੁਹੱਲੇ ਨੇ ਉਸ ਘਰ ਦਾ ਨੰਬਰ ਰਿਸ਼ਤੇਦਾਰਾਂ ਨੂੰ ਦਿੱਤਾ ਹੁੰਦਾ ਸੀ। ਸਾਡੇ ਘਰ ਦੇ ਬਿਲਕੁਲ ਸਾਹਮਣੇ ਸ਼ਾਮ ਲਾਲ ਫੋਰਮੈਨ ਦਾ ਘਰ ਸੀ। ਅਸੀਂ ਉਸ ਦਾ ਨੰਬਰ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਹੋਇਆ ਸੀ। ਹੁਣ ਤਾਂ ਹੋਰ ਵੀ ਸਮੱਸਿਆ ਆਣ ਖੜ੍ਹੀ ਹੋਈ, ਜਦੋਂ ਸ਼ਾਮ ਲਾਲ ਅੰਕਲ ਮੇਰੀਆਂ ਅੱਖਾਂ ਸਾਹਮਣੇ ਆਉਂਦੇ, ਮੈਂ ਜ਼ਰੂਰ ਪੁੱਛਦਾ, “ਅੰਕਲ, ਲੁਧਿਆਣਿਓਂ ਮੇਰੇ ਮਾਮਾ ਜੀ ਦਾ ਕੋਈ ਫੋਨ ਤਾਂ ਨ੍ਹੀਂ ਆਇਆ?”
ਇੱਕ ਦਿਨ ਸ਼ਾਮ ਲਾਲ ਅੰਕਲ ਨੇ ਮੇਰੇ ਪਿਤਾ ਜੀ ਨੂੰ ਕਿਹਾ, ਤੁਹਾਡਾ ਬੇਟਾ ਨਿੱਤ ਪੁੱਛਦਾ ਰਹਿੰਦਾ ਹੈ ਕਿ ਮਾਮੇ ਦਾ ਕੋਈ ਫੋਨ ਤਾਂ ਨ੍ਹੀਂ ਆਇਆ? ਮੇਰੇ ਪਿਤਾ ਜੀ ਮੇਰੇ ਵਤੀਰੇ ਤੋਂ ਇੰਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਮੈਨੂੰ ਕੁੱਟਣ ਲਈ ਸੋਟੀ ਚੁੱਕ ਲਈ। ਉਸ ਦਿਨ ਮੇਰੇ ਤਾਇਆ ਜੀ ਆਏ ਹੋਏ ਸਨ। ਉਨ੍ਹਾਂ ਨੇ ਮੁਸ਼ਕਿਲ ਨਾਲ ਮੈਨੂੰ ਬਚਾਇਆ। ਮੈਂ ਸ਼ਾਮ ਲਾਲ ਅੰਕਲ ਤੋਂ ਪੁੱਛਣਾ ਹੀ ਬੰਦ ਕਰ ਦਿੱਤਾ।
11 ਜੁਲਾਈ 1982 ਦਾ ਦਿਨ ਸੀ। ਮੈਂ ਆਪਣੇ ਘਰ ਦੇ ਮੂਹਰੇ ਖੜ੍ਹਾ ਸੀ। ਅਚਾਨਕ ਸ਼ਾਮ ਲਾਲ ਅੰਕਲ ਆਪਣੇ ਘਰ ਵਿੱਚੋਂ ਬਾਹਰ ਆਏ। ਉਨ੍ਹਾਂ ਨੂੰ ਵੇਖ ਕੇ ਮੈਂ ਆਪਣਾ ਮੂੰਹ ਘੁਮਾ ਲਿਆ। ਆਵਾਜ਼ ਆਈ, “ਕਿਉਂ ਨਵਦੀਪ, ਅੱਜ ਨਹੀਂ ਕੁਛ ਪੁੱਛਣਾ?”
ਮੈਂ ਚੁੱਪ ਰਿਹਾ। ਅੰਕਲ ਫਿਰ ਕਹਿਣ ਲੱਗੇ, “ਨਵਦੀਪ, ਪਾਰਟੀ ਹੋ ਗਈ। ਲੁਧਿਆਣਿਓਂ ਫ਼ੋਨ ਆਇਆ ਤੇਰੇ ਮਾਮੇ ਦਾ।”
ਮੈਂ ਅੰਕਲ ਵੱਲ ਵੇਖਿਆ। “ਸੱਚਮੁੱਚ ਅੰਕਲ ਜੀ?” ਮੈਂ ਉਤਸੁਕਤਾ ਨਾਲ ਪੁੱਛਿਆ।
“ਬਿਲਕੁਲ ਸੱਚ, ਤੇਰੇ ਮਾਮੇ ਦੇ ਘਰ ਮੁੰਡਾ ਹੋਇਆ ਹੈ।” ਅੰਕਲ ਨੇ ਮੁਸਕਰਾ ਕੇ ਕਿਹਾ। ਇਹ ਸੁਣ ਕੇ ਮੇਰੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ। ਮੈਂ ਆਂਢ ਗੁਆਂਢ ਆਪਣੇ ਯਾਰਾਂ ਮਿੱਤਰਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਭੱਜ ਪਿਆ। ਮੇਰੇ ਆਲੇ ਦੁਆਲੇ ਝੁਰਮਟ ਪੈ ਗਿਆ, ਜਿਵੇਂ ਮੈਂ ਅਸਲ ਹੀਰੋ ਹੋਵਾਂ। ਗਿਆਰਾਂ ਜੁਲਾਈ ਜਨਸੰਖਿਆ ਦਿਵਸ ’ਤੇ ਮੈਨੂੰ ਮਿਲੀ ਇਹ ਖ਼ੁਸ਼ੀ ਅੱਜ ਵੀ ਯਾਦ ਹੈ। ਅਗਲੇ ਦਿਨ ਮਾਮਾ ਜੀ ਆਪਣੇ ਵਾਅਦੇ ਮੁਤਾਬਕ ਨਵਾਂ ਹੀਰੋ ਸਾਈਕਲ ਲੈ ਕੇ ਸਾਡੇ ਘਰ ਆ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2957)
(ਸਰੋਕਾਰ ਨਾਲ ਸੰਪਰਕ ਲਈ: