“ਇਸ ਗੰਭੀਰ ਸਥਿਤੀ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨੂੰ ...”
(10 ਅਪਰੈਲ 2020)
ਇਹ ਗੱਲ ਉੱਨੀ ਸੌ ਚੁਰਾਸੀ ਦੀ ਹੈ। ਮੈਂ ਉਦੋਂ ਗਿਆਰ੍ਹਵੀਂ ਵਿੱਚ ਪੜ੍ਹਦਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਲੰਘ ਰਿਹਾ ਸੀ। ਉਹ ਸਮਾਂ ਬੜਾ ਅਸੁਰੱਖਿਅਤ ਤੇ ਸਹਿਮ ਭਰਿਆ ਸੀ। ਭਰੇ ਬਾਜ਼ਾਰ ਵਿੱਚ ਕਦੋਂ ਬੰਬ ਧਮਾਕਾ ਹੋ ਜਾਣਾ ਤੇ ਕਦੋਂ ਗੋਲੀ ਚੱਲਣ ਲੱਗ ਪੈਣੀ, ਕਿਸੇ ਨੂੰ ਪਤਾ ਨਹੀਂ ਸੀ ਚਲਦਾ। ਹਫੜਾ ਦਫੜੀ ਤੇ ਡਰ ਵਾਲਾ ਮਾਹੌਲ ਸੀ। ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕਰਫਿਊ ਲਾ ਦਿੱਤਾ ਜਾਂਦਾ ਸੀ ਤਾਂ ਜੋ ਸਥਿਤੀ ਕੰਟਰੋਲ ਵਿੱਚ ਰਹੇ। ਕਰਫਿਊ ਕਈ ਕਈ ਦਿਨ ਚੱਲਦਾ ਰਹਿੰਦਾ। ਉਸ ਸਮੇਂ ਟੀਵੀ ਕਿਸੇ ਕਿਸੇ ਦੇ ਘਰ ਹੀ ਹੁੰਦਾ ਸੀ, ਜ਼ਿਆਦਾਤਰ ਲੋਕ ਖਬਰਾਂ ਰੇਡੀਓ ਉੱਤੇ ਹੀ ਸੁਣਦੇ ਸਨ। ਗਲੀਆਂ ਅਤੇ ਸੜਕਾਂ ਵਿੱਚ ਸੁੰਨ ਮਸਾਨ ਪਸਰੀ ਹੁੰਦੀ ਸੀ। ਕੋਈ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਸੀ। ਸਿਰਫ ਪ੍ਰਸ਼ਾਸਨ ਦੀਆਂ ਗੱਡੀਆਂ ਦੀ ਹੀ ਆਵਾਜ਼ ਸੁਣਾਈ ਦਿੰਦੀ।
ਅਨਾਊਂਸਮੈਂਟ ਸਮੇਂ ਸਮੇਂ ਉੱਤੇ ਹੁੰਦੀ ਰਹਿੰਦੀ। ਕਦੇ ਕਦੇ ਕਰਫਿਊ ਵਿੱਚ ਢਿੱਲ ਦਿੱਤੀ ਜਾਂਦੀ ਸੀ, ਸਿਰਫ਼ ਇੱਕ ਇੱਕ ਘੰਟੇ ਲਈ। ਇੱਕ ਘੰਟੇ ਬਾਅਦ ਫੇਰ ਪੁਲੀਸ ਦੀਆਂ ਗੱਡੀਆਂ ਹੂਟਰ ਵਜਾਉਂਦੀਆਂ ਲੰਘਦੀਆਂ ਤੇ ਅਨਾਊਂਸਮੈਂਟ ਹੁੰਦੀ ਕਿ ਕਰਫਿਊ ਵਿੱਚ ਢਿੱਲ ਖਤਮ ਹੋ ਗਈ ਹੈ, ਆਪਣੇ ਘਰਾਂ ਦੇ ਅੰਦਰ ਚਲੇ ਜਾਓ। ਕਈ ਵਾਰ ਅਜਿਹੀ ਸਥਿਤੀ ਆਉਂਦੀ ਕਿ ਪੁਲੀਸ ਨੂੰ ਵੇਖ ਕੇ ਲੋਕ ਆਪਣਾ ਤੁਲਿਆ ਤੁਲਾਇਆ ਸਾਮਾਨ ਵਿੱਚ ਹੀ ਛੱਡ ਕੇ ਭੱਜ ਜਾਂਦੇ। ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਵੇਖਦੇ ਸਾਰ ਗੋਲੀ ਮਾਰਨ ਦਾ ਆਰਡਰ ਸੀ। ਪੁਲੀਸ ਪਾਰਟੀਆਂ ਸਮੇਂ ਸਮੇਂ ’ਤੇ ਤੜਕੇ ਚਾਰ ਵਜੇ ਲੋਕਾਂ ਦੇ ਘਰ ਛਾਪੇ ਮਾਰਦੀਆਂ। ਜੇ ਕੋਈ ਜਵਾਨ ਮੁੰਡਾ ਘਰ ਵਿੱਚ ਵੇਖਿਆ ਜਾਂਦਾ ਤਾਂ ਉਸ ਦੀ ਪੂਰੀ ਤਹਿਕੀਕਾਤ ਹੁੰਦੀ। ਘਰ ਵਿੱਚ ਹਰ ਨੌਜਵਾਨ ਮੁੰਡੇ ਨੂੰ ਪੁਲੀਸ ਸ਼ੱਕ ਨਾਲ ਵੇਖਦੀ। ਪੂਰੀ ਤਫਤੀਸ਼ ਹੁੰਦੀ ਤੇ ਪੂਰੀ ਤਸੱਲੀ ਕਰਨ ਉਪਰੰਤ ਹੀ ਪੁਲੀਸ ਉੱਥੋਂ ਜਾਂਦੀ। ਇੱਕ ਵਾਰੀ ਮੈਂ ਲੁਧਿਆਣੇ ਆਪਣੇ ਤਾਇਆ ਜੀ ਕੋਲ ਰਹਿਣ ਲਈ ਗਿਆ ਹੋਇਆ ਸੀ। ਸਵੇਰੇ ਤੜਕੇ ਪੁਲੀਸ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ। ਮੈਂਨੂੰ ਵੇਖ ਕੇ ਪੁਲੀਸ ਪੁੱਛਣ ਲੱਗੀ ਕਿ ਇਹ ਕੌਣ ਹੈ? ਤਾਇਆ ਜੀ ਨੇ ਉੱਤਰ ਦਿੱਤਾ, “ਇਹ ਮੇਰਾ ਭਤੀਜਾ ਹੈ ਤੇ ਛੁੱਟੀਆਂ ਵਿੱਚ ਸਾਡੇ ਕੋਲ ਰਹਿਣ ਆਇਆ ਹੈ।” ਪੁਲੀਸ ਉੱਥੋਂ ਪੂਰੀ ਛਾਣਬੀਣ ਕਰਕੇ ਗਈ।
ਇੱਕ ਵਾਰੀ ਮੇਰੇ ਪਿਤਾ ਜੀ ਡਿਊਟੀ ’ਤੇ ਜਾ ਰਹੇ ਸੀ ਤਾਂ ਸੀਆਰਪੀਐੱਫ ਵਾਲਿਆਂ ਨੇ ਰਾਹ ਵਿੱਚ ਘੇਰ ਲਿਆ। ਪਿਤਾ ਜੀ ਆਖਣ ਲੱਗੇ ਕਿ ਜਿਵੇਂ ਤੁਸੀਂ ਕੇਂਦਰੀ ਮੁਲਾਜ਼ਮ ਹੋ, ਮੈਂ ਵੀ ਕੇਂਦਰ ਦਾ ਮੁਲਾਜ਼ਮ ਹਾਂ। ਡਾਕਖਾਨੇ ਵਿੱਚ ਐਸਿਸਟੈਂਟ ਪੋਸਟ ਮਾਸਟਰ ਲੱਗਾ ਹੋਇਆ ਹਾਂ। ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਪਿਤਾ ਜੀ ਨੂੰ ਜਾਣ ਦਿੱਤਾ। ਉਹ ਅਜਿਹਾ ਸਮਾਂ ਸੀ ਜਿਸ ਨੇ ਸਾਰੇ ਸਮਾਜਿਕ ਅਤੇ ਆਰਥਿਕ ਪੱਖਾਂ ਨੂੰ ਪ੍ਰਭਾਵਿਤ ਕੀਤਾ। ਲੋਕ ਵੀ ਕੰਮਾਂ ਕਾਰਾਂ ਤੋਂ ਵਿਹਲੇ ਹੋ ਗਏ, ਦੁਕਾਨਾਂ ਬੰਦ ਹੋ ਗਈਆਂ, ਕਾਰੋਬਾਰ ਠੱਪ ਹੋ ਗਏ, ਸਕੂਲਾਂ ਵਿੱਚ ਛੁੱਟੀਆਂ ਹੋ ਗਈਆਂ ਅਤੇ ਪ੍ਰੀਖਿਆਵਾਂ ਮੁਲਤਵੀ ਹੋ ਗਈਆਂ। ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬਹਿ ਜਾਂਦੇ ਤੇ ਸਾਰਾ ਦਿਨ ਰੇਡੀਓ ਉੱਤੇ ਖ਼ਬਰਾਂ ਸੁਣਦੇ ਰਹਿੰਦੇ। ਮਾਹੌਲ ਨਾਰਮਲ ਹੋਣ ਵਿੱਚ ਕਈ ਮਹੀਨੇ ਲੱਗ ਗਏ। ਉਸ ਤੋਂ ਬਾਅਦ ਵੀ ਅੱਗ ਸੁਲਗਦੀ ਰਹੀ। ਲਗਭਗ ਦਸ ਸਾਲ ਤੱਕ ਤਾਂ ਨੌਕਰੀਆਂ ਦੀ ਕੋਈ ਭਰਤੀ ਨਾ ਹੋਈ। ਜਿਨ੍ਹਾਂ ਨੇ ਉਹ ਸਮਾਂ ਦੇਖਿਆ ਹੋਇਆ ਹੈ, ਉਹ ਰੱਬ ਅੱਗੇ ਅਰਦਾਸ ਕਰਨ ਲੱਗੇ ਕਿ ਅਜਿਹਾ ਮੰਜ਼ਰ ਉਨ੍ਹਾਂ ਨੂੰ ਫਿਰ ਕਦੇ ਵੀ ਨਾ ਵੇਖਣਾ ਪਵੇ।
ਤਿੰਨ ਦਹਾਕਿਆਂ ਬਾਅਦ ਉਹ ਸਮਾਂ ਲਗਭਗ ਫੇਰ ਵੇਖਣ ਨੂੰ ਮਿਲ ਰਿਹਾ ਹੈ। ਅੱਜ ਲੜਾਈ ਬੰਦੇ ਦੀ ਬੰਦੇ ਨਾਲ ਨਹੀਂ, ਸਗੋਂ ਕਰੋਨਾ ਵਾਇਰਸ ਨਾਲ ਹੈ, ਜੋ ਦਿਖਾਈ ਨਹੀਂ ਦੇ ਰਿਹਾ। ਅਦ੍ਰਿਸ਼ ਚੀਜ਼ ਨਾਲ ਲੜਨਾ ਸੱਚਮੁੱਚ ਬੜਾ ਔਖਾ ਹੁੰਦਾ ਹੈ। ਇਹ ਬੀਮਾਰੀ ਚੀਨ ਤੋਂ ਸ਼ੁਰੂ ਹੋਈ ਅਤੇ ਹੌਲੀ ਹੌਲੀ ਇਸ ਨੇ ਲਗਭਗ ਸੰਸਾਰ ਦੇ ਸੌ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਹ ਬੀਮਾਰੀ ਹੁਣ ਇੱਕ ਦੇਸ਼ ਤੱਕ ਸੀਮਤ ਨਾ ਹੋ ਕੇ ਅੰਤਰਰਾਸ਼ਟਰੀ ਸਮੱਸਿਆ ਬਣ ਗਈ ਹੈ। ਇਸ ਸਮੇਂ ਇਰਾਨ, ਸਪੇਨ ਅਤੇ ਇਟਲੀ ਸਭ ਤੋਂ ਪ੍ਰਭਾਵਿਤ ਦੇਸ਼ ਹਨ। ਇਸ ਤੋਂ ਇਲਾਵਾ ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਬੀਮਾਰੀ ਦਾ ਸਾਇਆ ਹੈ। ਜਿਹੜਾ ਵਿਅਕਤੀ ਇਸ ਬਿਮਾਰੀ ਦੇ ਸਿੱਟਿਆਂ ਤੋਂ ਜਾਣੂੰ ਹੈ, ਉਹ ਬੜਾ ਖੌਫਜ਼ਦਾ ਵਿਖਾਈ ਦੇ ਰਿਹਾ ਹੈ। ਆਪਣੇ ਘਰ ਦੇ ਅੰਦਰ ਉਹ ਕੈਦੀ ਵਾਂਗ ਰਹਿ ਰਿਹਾ ਹੈ। ਵਿਦੇਸ਼ਾਂ ਵਿੱਚ ਹੌਲੀ ਹੌਲੀ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਰਹੀ ਹੈ ਕਿਉਂਕਿ ਉੱਥੋਂ ਦੇ ਲੋਕ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਪੂਰਾ ਸਹਿਯੋਗ ਦੇ ਰਹੇ ਹਨ।
ਸਾਡੇ ਦੇਸ਼ ਭਾਰਤ ਵਿੱਚ ਵੀ ਕਰੋਨਾ ਵਾਇਰਸ ਹੌਲੀ ਹੌਲੀ ਆਪਣੇ ਪੈਰ ਪਸਾਰ ਰਿਹਾ ਹੈ। ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਲਾਹ ਦਿੱਤੀ ਸੀ ਕਿ ਉਹ ਆਪਣੇ ਆਪਣੇ ਘਰਾਂ ਵਿੱਚ ਰਹਿਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਇਹ ਵੀ ਕਿਹਾ ਕਿ ਉਹ ਸ਼ਾਮ ਪੰਜ ਵਜੇ ਆਪਣੇ ਘਰਾਂ ਦੇ ਦਰਾਂ ਜਾਂ ਬਾਲਕਾਨੀ ਵਿੱਚ ਖੜੋ ਕੇ ਤਾਲੀਆਂ ਵਜਾਉਣ ਜਾਂ ਥਾਲੀਆਂ ਖੜਕਾਉਣ। ਇਸ ਪਿੱਛੇ ਮੰਤਵ ਸੀ ਕਿ ਪੰਜ ਵਜੇ ਅਜਿਹਾ ਕਰਕੇ ਅਸੀਂ ਡਾਕਟਰਾਂ, ਨਰਸਾਂ ਤੇ ਹੋਰ ਸੇਵਾਵਾਂ ਨਿਭਾਉਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰੀਏ ਅਤੇ ਧੰਨਵਾਦ ਕਰੀਏ। ਲੋਕਾਂ ਨੇ ਜਨਤਾ ਕਰਫਿਊ ਦਾ ਪਾਲਣ ਕੀਤਾ ਪਰ ਜਦੋਂ ਪੰਜ ਵੱਜੇ ਤਾਂ ਕਈ ਲੋਕਾਂ ਨੇ ਭੀੜ ਵਿੱਚ ਇਕੱਠੇ ਹੋ ਕੇ ਗਲੀਆਂ, ਸੜਕਾਂ ਵਿੱਚ ਥਾਲੀਆਂ ਖੜਕਾਉਣੀਆਂ ਤੇ ਤਾਲੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕੱਠੇ ਹੋ ਕੇ ਅਜਿਹਾ ਸਾਰਾ ਕੁਝ ਕਰਨਾ ਜਨਤਾ ਕਰਫਿਊ ਦੀ ਉਲੰਘਣਾ ਸੀ। ਅਗਲੇ ਦਿਨ ਜਦੋਂ ਲਾਕ ਡਾਊਨ ਸ਼ੁਰੂ ਹੋਇਆ ਤਾਂ ਵੀ ਲੋਕ ਸੜਕਾਂ ਉੱਤੇ ਕਾਫ਼ੀ ਗਿਣਤੀ ਵਿੱਚ ਵਿਖਾਈ ਦਿੱਤੇ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੂੰ ਕਰਫਿਊ ਲਗਾਉਣ ਵਾਲਾ ਸਖ਼ਤ ਕਦਮ ਚੁੱਕਣਾ ਪਿਆ। ਹੋਰ ਕੋਈ ਚਾਰਾ ਵੀ ਨਹੀਂ ਸੀ ਲੋਕਾਂ ਨੂੰ ਅੰਦਰ ਡੱਕਣ ਦਾ।
ਇਸ ਗੰਭੀਰ ਸਥਿਤੀ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ, ਸੰਜਮ ਤੇ ਸਿਆਣਪ ਤੋਂ ਕੰਮ ਲੈਂਦੇ ਹੋਏ ਨਿਯਮਾਂ ਅਨੁਸਾਰ ਕੰਮ ਕਰਨ। ਸਰਕਾਰ ਵੀ ਇਸ ਔਖੀ ਘੜੀ ਵਿੱਚ ਆਪਣੇ ਹੀਲੇ ਵਸੀਲਿਆਂ ਰਾਹੀਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਕਰੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2048)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)