“ਖੱਟਣ ਦੀ ਗੱਲ ਤਾਂ ਦੂਰ, ਜੋ ਕਮਾਇਆ, ਉਹ ਵੀ ਗੁਆ ਦਿੱਤਾ। ਜੇ ਪੁੱਤਰ ...”
(26 ਦਸੰਬਰ 2020)
ਜਦ ਬੱਚਾ ਛੋਟਾ ਹੁੰਦਾ ਹੈ ਤਾਂ ਬਾਪ ਦੀ ਉਂਗਲ ਫੜ ਕੇ ਤੁਰਦਾ ਹੈ। ਜਿੰਨਾ ਚਿਰ ਉਂਗਲ ਫੜੀ ਰੱਖਦਾ ਹੈ, ਉਹ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦਾ ਹੈ। ਬਾਪ ਦੀ ਛਤਰ ਛਾਇਆ ਵਿੱਚ ਉਸ ਨੂੰ ਕਿਸੇ ਕਿਸਮ ਦਾ ਡਰ ਭੈਅ ਨਹੀਂ ਹੁੰਦਾ। ਦੁਨੀਆਂ ਦਾ ਸਭ ਤੋਂ ਵੱਡਾ ਆਸਰਾ ਬੱਚੇ ਲਈ ਬਾਪ ਦਾ ਸਾਥ ਹੁੰਦਾ ਹੈ। ਬੱਚੇ ਨੂੰ ਪਤਾ ਹੁੰਦਾ ਹੈ ਕਿ ਜਿੰਨਾ ਚਿਰ ਤਕ ਬਾਪ ਦੀ ਉਸਨੇ ਉਂਗਲ ਫੜੀ ਹੋਈ ਹੈ, ਉਹ ਡਿਗੇਗਾ ਨਹੀਂ। ਔਕੜਾਂ ਤਕਲੀਫਾਂ ਉਦੋਂ ਆਉਂਦੀਆਂ ਹਨ ਜਦੋਂ ਉਹ ਬਾਪ ਦੀ ਉਂਗਲ ਛੱਡ ਦਿੰਦਾ ਹੈ ਜਾਂ ਇਹ ਕਹਿ ਲਵੋ ਜਦੋਂ ਉਹ ਉਡਾਰੂ ਹੋ ਜਾਂਦਾ ਹੈ। ਜਦੋਂ ਸਕੂਲ ਤੋਂ ਕਾਲਜ ਜਾਂਦਾ ਹੈ ਤਾਂ ਉਹ ਬਾਪ ਦੇ ਸਹਾਰੇ ਨੂੰ ਛੱਡ ਕੇ ਆਪਣੀ ਜ਼ਿੰਦਗੀ ਜਿਊਣਾ ਲੋਚਦਾ ਹੈ। ਇਸ ਉਮਰ ਵਿੱਚ ਨਾ ਤਾਂ ਉਸ ਨੂੰ ਨਸੀਹਤ ਸੁਣਨੀ ਪਸੰਦ ਹੁੰਦੀ ਹੈ ਨਾ ਹੀ ਕੋਈ ਸਲਾਹ। ਬਾਪ ਵੱਲੋਂ ਦਿੱਤੀ ਸਲਾਹ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਜਾਪਣ ਲੱਗ ਪੈਂਦੀ ਹੈ। ਉਸ ਨੂੰ ਲੱਗਦਾ ਹੈ ਕਿ ਹੁਣ ਉਹ ਸਿਆਣਾ ਅਤੇ ਸਮਝਦਾਰ ਹੋ ਗਿਆ ਹੈ। ਬਿਨਾਂ ਕਿਸੇ ਦੀ ਮਦਦ ਤੋਂ ਉਹ ਆਪ ਫੈਸਲੇ ਲੈਣ ਲਈ ਤਤਪਰ ਰਹਿੰਦਾ ਹੈ। ਬਾਪ ਨੇ ਜ਼ਿੰਦਗੀ ਵਿੱਚ ਲੰਮਾ ਤਜਰਬਾ ਲਿਆ ਹੁੰਦਾ ਹੈ, ਉਸ ਨੇ ਦੁਨੀਆਂ ਵੇਖੀ ਹੁੰਦੀ ਹੈ। ਉਹ ਕੁਝ ਤਜਰਬਾ ਆਪਣੇ ਬੱਚਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਜਦ ਬੱਚੇ ਸੁਣਨ ਨੂੰ ਤਿਆਰ ਨਾ ਹੋਣ ਤਾਂ ਬਾਪ ਉਹਨਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਸਹਾਰੇ ਛੱਡ ਦਿੰਦਾ ਹੈ। ਅਸੀਂ ਵੇਖਦੇ ਹਾਂ ਜਿਸ ਬੱਚੇ ਨੇ ਬਾਪ ਦੀ ਨਹੀਂ ਮੰਨੀ, ਉਸ ਨੂੰ ਅਖੀਰ ਤਕ ਦੁੱਖ ਝੇਲਣੇ ਪਏ ਹਨ।
ਸਾਡੇ ਨਾਲ ਦੇ ਮੁਹੱਲੇ ਵਿੱਚ ਇੱਕ ਅੰਕਲ ਜੀ ਜਦੋਂ ਬੈਂਕ ਤੋਂ ਰਿਟਾਇਰ ਹੋਏ ਤਾਂ ਲੱਖਾਂ ਵਿੱਚ ਇਕੱਠਾ ਪੈਸਾ ਮਿਲਿਆ। ਉਨ੍ਹਾਂ ਦਾ ਇੱਕੋ ਇੱਕ ਲੜਕਾ ਸੀ, ਜੋ ਜ਼ਿਆਦਾ ਨਾ ਪੜ੍ਹ ਸਕਿਆ। ਜਦੋਂ ਲੜਕੇ ਨੂੰ ਪਤਾ ਲੱਗਾ ਕਿ ਬਾਪੂ ਦੀ ਪੈਨਸ਼ਨ ਵੀ ਹੈ ਅਤੇ ਇਕੱਠਾ ਪੈਸਾ ਵੀ ਲੱਖਾਂ ਵਿੱਚ ਮਿਲਿਆ ਹੈ ਤਾਂ ਉਸ ਨੇ ਬਾਹਰ ਜਾਣ ਦੀ ਜ਼ਿਦ ਕੀਤੀ। ਬਾਪੂ ਨੇ ਬਥੇਰਾ ਸਮਝਾਇਆ ਕਿ ਬੇਟਾ ਆਪਣੇ ਕੋਲ ਫਲਾਨੀ ਮਾਰਕੀਟ ਵਿੱਚ ਆਪਣੀ ਦੁਕਾਨ ਪਈ ਹੈ, ਆਪਾਂ ਦੋਨੋਂ ਪਿਓ ਪੁੱਤਰ ਰਲ ਕੇ ਦੁਕਾਨ ਚਲਾ ਲੈਂਦੇ ਹਾਂ। ਪੁੱਤਰ ਨਾ ਮੰਨਿਆ ਤੇ ਅੰਤ ਉਸ ਉੱਪਰ ਲੱਖਾਂ ਰੁਪਏ ਖ਼ਰਚ ਕੇ ਬਾਪ ਨੇ ਬਾਹਰ ਦਾ ਪ੍ਰੋਗਰਾਮ ਬਣਾ ਦਿੱਤਾ। ਵਿਦੇਸ਼ ਵਿੱਚ ਉਹ ਮਸਾਂ ਇੱਕ ਸਾਲ ਰਿਹਾ। ਉੱਥੇ ਉਹ ਇੱਕ ਗੈਂਗ ਨਾਲ ਰਲ ਗਿਆ ਤੇ ਪੁੱਠੇ ਸਿੱਧੇ ਕੰਮਾਂ ਵਿੱਚ ਸ਼ਾਮਲ ਹੋ ਗਿਆ। ਉਸ ਨੂੰ ਜੇਲ ਹੋ ਗਈ। ਬਾਪੂ ਦੇ ਫਿਰ ਲੱਖਾਂ ਰੁਪਏ ਉਸ ਨੂੰ ਛੁਡਾ ਕੇ ਭਾਰਤ ਲਿਆਉਣ ’ਤੇ ਲੱਗ ਗਏ। ਇਕੱਲਾ ਇਕੱਲਾ ਪੁੱਤ ਹੋਣ ਕਰਕੇ ਮਾਂ ਨੇ ਵੀ ਬਾਪ ਨੂੰ ਸਖਤੀ ਨਾ ਵਰਤਣ ਦਿੱਤੀ ਕਿ ਕਿਤੇ ਖੁਦਕੁਸ਼ੀ ਨਾ ਕਰ ਜਾਵੇ। ਉਨ੍ਹਾਂ ਨੇ ਆਪਣੀ ਇੱਕ ਦੁਕਾਨ ਖਰੀਦੀ ਹੋਈ ਸੀ ਤੇ ਬਾਪ ਨੇ ਉਸ ਨੂੰ ਇੱਕ ਸ਼ਾਨਦਾਰ ਸਟੇਸ਼ਨਰੀ ਦੀ ਦੁਕਾਨ ਖੋਲ੍ਹ ਦਿੱਤੀ ਤੇ ਇੱਕ ਮਹਿੰਗੀ ਜਾਪਾਨੀ ਫੋਟੋ ਸਟੇਟ ਮਸ਼ੀਨ ਵੀ ਖ਼ਰੀਦ ਦਿੱਤੀ। ਪਰ ਉਹ ਪੁੱਤਰ ਫਿਰ ਬਾਪ ਦੀ ਉਂਗਲ ਛੱਡ ਕੇ ਨਸ਼ਿਆਂ ਵਿੱਚ ਪੈ ਗਿਆ। ਮੈਂ ਜਦੋਂ ਦੁਕਾਨ ’ਤੇ ਜਾਂਦਾ ਹਾਂ ਤਾਂ ਉਹ ਅੰਕਲ ਮੇਰੇ ਨਾਲ ਆਪਣਾ ਦਿਲ ਫੋਲ ਲੈਂਦੇ ਅਤੇ ਸਾਰੀ ਦਾਸਤਾਨ ਭਰੇ ਗਲ ਨਾਲ ਸੁਣਾਉਂਦੇ। ਪਿਛਲੇ ਛੇ ਮਹੀਨੇ ਤੋਂ ਅੰਕਲ ਆਪ ਹੀ ਦੁਕਾਨ ’ਤੇ ਬੈਠੇ ਰਹਿੰਦੇ ਹਨ, ਉਨ੍ਹਾਂ ਦੇ ਲੜਕੇ ਨੂੰ ਮੈਂ ਕਦੇ ਦੁਕਾਨ ’ਤੇ ਵੇਖਿਆ ਹੀ ਨਹੀਂ।
ਹੁਣ ਕੁਝ ਮਹੀਨਿਆਂ ਤੋਂ ਦੁਕਾਨ ਦਾ ਸ਼ਟਰ ਬੰਦ ਹੈ ਅਤੇ ਤਾਲੇ ਲੱਗੇ ਹੋਏ ਹਨ। ਪਤਾ ਲੱਗਾ ਕਿ ਅੰਕਲ ਜੀ ਨੂੰ ਅਧਰੰਗ ਹੋ ਗਿਆ ਹੈ ਤੇ ਉਹ ਮੰਜੇ ਨਾਲ ਜੁੜ ਗਏ ਹਨ। ਲੜਕੇ ਦੀਆਂ ਹਰਕਤਾਂ ਕਰਕੇ ਲੱਖਾਂ ਰੁਪਏ ਵਿਅਰਥ ਹੋ ਗਏ। ਕਾਰੋਬਾਰ ਵੀ ਸਿਰੇ ਨਾ ਚੜ੍ਹਿਆ।
ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਕੇ ਬਾਪ ਨੇ ਕੀ ਖੱਟਿਆ? ਖੱਟਣ ਦੀ ਗੱਲ ਤਾਂ ਦੂਰ, ਜੋ ਕਮਾਇਆ, ਉਹ ਵੀ ਗੁਆ ਦਿੱਤਾ। ਜੇ ਪੁੱਤਰ ਬਾਪ ਦੀ ਪਹਿਲੀ ਗੱਲ ਮੰਨ ਕੇ ਦੁਕਾਨ ਕਰ ਲੈਂਦਾ ਤਾਂ ਸ਼ਾਇਦ ਬਾਹਰ ਜਾ ਕੇ ਉਹ ਨਸ਼ਿਆਂ ਵਿੱਚ ਨਾ ਫਸਦਾ, ਨਾ ਹੀ ਲੱਖਾਂ ਰੁਪਇਆ ਬਰਬਾਦ ਹੁੰਦਾ। ਬਾਪ ਵੀ ਨਾ ਮੰਜੇ ’ਤੇ ਪੈਂਦਾ ਅਤੇ ਉਹਦੀ ਜ਼ਿੰਦਗੀ ਵੀ ਵਧ ਜਾਂਦੀ। ਮਾਂ ਹੁਣ ਰੋਂਦੀ ਰਹਿੰਦੀ ਹੈ। ਨਾ ਬੱਚੇ ਦਾ ਨਸ਼ਿਆਂ ਕਰਕੇ ਵਿਆਹ ਹੁੰਦਾ ਹੈ। ਉੱਧਰ ਬਾਪ ਦੀ ਬਿਮਾਰੀ ਕਰਕੇ ਇਲਾਜ ਦਾ ਖਰਚਾ ਵੀ ਵਧ ਗਿਆ। ਲੜਕਾ ਕੋਈ ਕੰਮਕਾਰ ਨਹੀਂ ਕਰਦਾ, ਬੱਸ ਸਾਰਾ ਦਿਨ ਨਸ਼ੇ ਕਰਕੇ ਘਰ ਪਿਆ ਰਹਿੰਦਾ ਹੈ। ਪਿਤਾ ਦੀ ਉਂਗਲ ਛੱਡ ਕੇ ਬੇਸਮਝੀ ਨਾਲ ਲਏ ਫੈਸਲੇ ਨੇ ਸਾਰਾ ਘਰ ਡੋਬ ਕੇ ਰੱਖ ਦਿੱਤਾ।
ਅਜਿਹਾ ਅਸੀਂ ਕਈ ਵਾਰ ਵੇਖਦੇ ਹਾਂ, ਜਿੱਥੇ ਬੱਚੇ ਆਪਹੁਦਰੇ ਹੋ ਜਾਂਦੇ ਹਨ। ਨਾ ਬਾਪ ਦੀ ਸੁਣਦੇ ਹਨ ਨਾ ਉਸ ਦੀ ਕਹੀ ਗੱਲ ’ਤੇ ਅਮਲ ਕਰਦੇ ਹਨ। ਅਜਿਹੇ ਬੱਚੇ ਨਾ ਆਪ ਚੈਨ ਨਾਲ ਜ਼ਿੰਦਗੀ ਜਿਉਂਦੇ ਹਨ ਤੇ ਨਾ ਹੀ ਮਾਪਿਆਂ ਨੂੰ ਜਿਊਣ ਦਿੰਦੇ ਹਨ। ਮਾਪਿਆਂ ਦੀ ਸਾਰੀ ਜ਼ਿੰਦਗੀ ਉਨ੍ਹਾਂ ਦੀਆਂ ਬੇਲੋੜੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਿੱਚ ਲੰਘ ਜਾਂਦੀ ਹੈ। ਮਾਪਿਆਂ ਨੇ ਜੋ ਆਪਣੇ ਦੁੱਖ ਸੁਖ ਲਈ ਪੈਸਾ ਜਮ੍ਹਾਂ ਕੀਤਾ ਹੁੰਦਾ ਹੈ, ਉਹ ਵੀ ਨਾਲਾਇਕ ਬੱਚੇ ਖੋਹ ਕੇ ਲੈ ਜਾਂਦੇ ਹਨ। ਜਿਨ੍ਹਾਂ ਨੇ ਮਾਪਿਆਂ ਨੂੰ ਸਹਾਰਾ ਦੇਣ ਲਈ ਡੰਗੋਰੀ ਬਣਨਾ ਹੁੰਦਾ ਹੈ, ਉਹ ਸਗੋਂ ਮਾਪਿਆਂ ਲਈ ਭਾਰ ਬਣ ਜਾਂਦੇ ਹਨ। ਇਹ ਉਹ ਹਨ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਨਹੀਂ ਮੰਨੀ, ਸਿਰਫ ਆਪਣੀ ਹੀ ਚਲਾਈ ਹੈ।
ਦੂਜੇ ਪਾਸੇ ਮੇਰੇ ਸਾਹਮਣੇ ਅਜਿਹੀ ਉਦਾਹਰਣ ਵੀ ਹੈ ਜਿਸ ਵਿੱਚ ਬੱਚੇ ਨੇ ਆਪਣੇ ਬਾਪ ਦੀ ਨਸੀਹਤ ’ਤੇ ਚੱਲਦਿਆਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਇਆ। ਉਸ ਲੜਕੇ ਨੇ ਕੰਪਿਊਟਰ ਦਾ ਡਿਪਲੋਮਾ ਕੀਤਾ ਸੀ ਤੇ ਸੱਤ ਹਜ਼ਾਰ ਰੁਪਏ ਮਹੀਨੇ ਤੇ ਕਿਸੇ ਪ੍ਰਾਈਵੇਟ ਦਫਤਰ ਵਿੱਚ ਕੰਮ ਕਰਦਾ ਸੀ। ਉਸ ਦਾ ਬਾਪ ਤਰਖਾਣ ਸੀ। ਉਹ ਉਨ੍ਹਾਂ ਦਾ ਪੁਸ਼ਤੈਨੀ ਧੰਦਾ ਸੀ। ਬਾਪ ਨੇ ਦੇਖਿਆ ਕਿ ਮੁੰਡੇ ਦਾ ਭਵਿੱਖ ਫੈਕਟਰੀ ਵਿੱਚ ਨੌਕਰੀ ਕਰਨ ਵਿੱਚ ਤਾਂ ਸੁਰੱਖਿਅਤ ਨਹੀਂ, ਕਿਉਂਕਿ ਤਨਖਾਹ ਬੜੀ ਹੀ ਘੱਟ ਸੀ। ਬਾਪ ਇੱਕ ਕਾਬਲ ਮਿਸਤਰੀ ਸੀ। ਉਸਨੇ ਲੜਕੇ ਨੂੰ ਨੌਕਰੀ ਤੋਂ ਹਟਾ ਕੇ ਆਪਣੇ ਨਾਲ ਹੀ ਲਗਾ ਲਿਆ। ਲੜਕਾ ਝਟਪਟ ਮੰਨ ਗਿਆ ਅਤੇ ਆਪਣੇ ਬਾਪ ਤੋਂ ਕੰਮ ਸਿੱਖਦਾ ਸਿੱਖਦਾ ਇੱਕ ਚੰਗਾ ਕਾਰੀਗਰ ਬਣ ਗਿਆ। ਪੰਜ ਕੁ ਮਹੀਨੇ ਤੋਂ ਉਨ੍ਹਾਂ ਨੇ ਆਪਣੀ ਦੁਕਾਨ ਮੁੱਲ ਲੈ ਲਈ ਹੈ। ਕੰਮ ਦਿਨੋ ਦਿਨ ਵਧਦਾ ਗਿਆ ਤੇ ਇੱਕ ਦਿਨ ਚੰਗੇ ਘਰ ਤੋਂ ਮੁੰਡੇ ਲਈ ਰਿਸ਼ਤਾ ਆ ਗਿਆ। ਅੱਜ ਉਨ੍ਹਾਂ ਦੇ ਘਰ ਬਰਕਤ ਹੀ ਬਰਕਤ ਵੇਖਣ ਨੂੰ ਮਿਲ ਰਹੀ ਹੈ। ਬੱਸ ਫਰਕ ਇੰਨਾ ਹੈ ਕਿ ਇਹ ਲੜਕਾ ਆਪਣੇ ਪਿਤਾ ਦੀ ਸਲਾਹ ਮੁਤਾਬਕ ਚੱਲਿਆ।
ਸਿਆਣੇ ਦੇ ਕਹੇ ਦਾ ਅਤੇ ਔੌਲੇ ਦੇ ਖਾਧੇ ਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ। ਬਾਪ ਬੱਚਿਆਂ ਦਾ ਦੋਸਤ ਹੁੰਦਾ ਹੈ, ਦੁਸ਼ਮਣ ਨਹੀਂ। ਉਸ ਦੀ ਉਂਗਲ ਕਦੇ ਨਾ ਛੱਡੋ। ਉਹਦੀ ਛਤਰ ਛਾਇਆ ਹੇਠ ਹੀ ਤਰੱਕੀ ਨਸੀਬ ਹੋ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2487)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)