“ਬਹੁਤ ਹੀ ਮਿਲਣਸਾਰ, ਮਿਲਾਪੜੇ, ਨਿਮਰ, ਸਾਦੇ ਅਤੇ ਇਮਾਨਦਾਰੀ ਦੇ ਪੁੰਜ ਸਨ ਅੰਕਲ ਜੀ ...”
(14 ਅਕਤੂਬਰ 2021)
ਅੱਜ ਦੇ ਯੁਗ ਵਿੱਚ ਵੀ ਕਈ ਚੰਗੇ ਇਨਸਾਨ ਮਿਲ ਜਾਂਦੇ ਹਨ। ਇਨਸਾਨ ਦੀ ਪਰਿਭਾਸ਼ਾ ਕੀ ਹੈ? ਅਸਲ ਵਿੱਚ ਇਨਸਾਨ ਉਹ ਹੁੰਦਾ ਹੈ ਜੋ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਸਮਝੇ ਤੇ ਦੂਜਿਆਂ ਦੀ ਪੀੜ ਨੂੰ ਆਪਣੀ ਪੀੜ ਸਮਝੇ। ਜਿਸ ਅੰਕਲ ਜੀ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹ ਇਨ੍ਹਾਂ ਇਨਸਾਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਸਨ। ਉਨ੍ਹਾਂ ਦਾ ਨਾਂ ਭੀਮ ਸੈਨ ਸ਼ਰਮਾ ਸੀ। ਲੁਧਿਆਣੇ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਉਨ੍ਹਾਂ ਦਾ ਜੱਦੀ ਮਕਾਨ ਮਹੱਲਾ ਉੱਚੇ ਵਿਹੜੇ ਵਿੱਚ ਸੀ। ਉਹ ਮੇਰੇ ਪਿਤਾ ਜੀ ਦੇ ਹਮਉਮਰ ਸਨ। ਸਾਡਾ ਘਰ ਵੀ ਮਹੱਲਾ ਉੱਚੇ ਵਿਹੜੇ ਵਿੱਚ ਅੰਕਲ ਜੀ ਦੇ ਘਰ ਤੋਂ ਪੰਜ ਘਰ ਛੱਡ ਕੇ ਸੀ। ਅੰਕਲ ਜੀ 70 ਸਾਲ ਉਸ ਮਹੱਲੇ ਵਿੱਚ ਹੀ ਰਹੇ।
ਅੰਕਲ ਜੀ ਤੇ ਪਿਤਾ ਜੀ ਨੇ ਇੱਕ ਹੀ ਮਹਿਕਮੇ (ਡਾਕਖਾਨੇ) ਵਿੱਚ ਕੰਮ ਕੀਤਾ ਤੇ ਲਗਭਗ ਇਕੱਠੇ ਹੀ ਰਿਟਾਇਰ ਹੋਏ। ਦੋਹਾਂ ਨੂੰ ਰਿਟਾਇਰ ਹੋਇਆਂ ਨੂੰ ਲਗਭਗ ਵੀਹ ਸਾਲ ਹੋ ਗਏ ਸਨ। ਇਸ ਸਾਲ ਕਿਸੇ ਕਾਰਨ ਕਰਕੇ ਸਾਨੂੰ ਆਪਣਾ ਖੰਨੇ ਦਾ ਜੱਦੀ ਮਕਾਨ ਵੇਚਣਾ ਪਿਆ। ਛੋਟਾ ਭਰਾ ਤੇ ਮਾਤਾ ਪਿਤਾ ਲੁਧਿਆਣੇ ਰਹਿਣ ਲੱਗ ਪਏ। ਮੈਂ ਆਪਣੇ ਛੋਟੇ ਬੇਟੇ ਦੀ ਪੜ੍ਹਾਈ ਕਰਕੇ ਪਹਿਲਾਂ ਹੀ 6 ਸਾਲ ਤੋਂ ਖਰੜ ਸ਼ਿਫਟ ਕਰ ਗਿਆ ਸੀ। ਮੇਰੇ ਪਿਤਾ ਜੀ ਅਤੇ ਭੀਮ ਅੰਕਲ ਜੀ ਬੇਹੱਦ ਕਰੀਬੀ ਸਨ। ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ ਜਦੋਂ ਅੰਕਲ ਤੇ ਮੇਰੇ ਪਿਤਾ ਜੀ ਘੰਟਾ ਘੰਟਾ ਫੋਨ ’ਤੇ ਗੱਲਾਂ ਨਹੀਂ ਸਨ ਕਰਦੇ।
ਅੰਕਲ ਜੀ ਦੋ ਅਕਤੂਬਰ (2021) ਨੂੰ ਸਵਰਗਵਾਸ ਹੋ ਗਏ। ਉਸ ਦਿਨ ਵੀ ਪਿਤਾ ਜੀ ਨਾਲ ਉਨ੍ਹਾਂ ਦੀ ਇੱਕ ਘੰਟਾ ਗੱਲ ਹੋਈ। ਉਨ੍ਹਾਂ ਦੀ ਮੌਤ ਦਾ ਮੇਰੇ ਪਿਤਾ ਜੀ ਨੂੰ ਗਹਿਰਾ ਧੱਕਾ ਲੱਗਾ। ਪਿਤਾ ਜੀ ਵੀ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਰਕੇ ਖੰਨੇ ਸਸਕਾਰ ’ਤੇ ਨਾ ਪਹੁੰਚ ਸਕੇ। ਲੁਧਿਆਣੇ ਬੈਠੇ ਹੀ ਵਿਯੋਗ ਵਿੱਚ ਤੜਫਦੇ ਰਹੇ। ਮੈਂ ਖ਼ਬਰ ਸੁਣਦੇ ਹੀ ਖਰੜ ਤੋਂ ਖੰਨੇ ਸਸਕਾਰ ’ਤੇ ਪਹੁੰਚਿਆ। ਸਸਕਾਰ ’ਤੇ ਕਿੰਨੇ ਕੁ ਬੰਦੇ ਹਾਜ਼ਰ ਹੁੰਦੇ ਹਨ ਉਹ ਵਿਛੋੜਾ ਦੇਣ ਵਾਲੇ ਦੀ ਸ਼ਖ਼ਸੀਅਤ ’ਤੇ ਨਿਰਭਰ ਹੁੰਦਾ ਹੈ। ਮੈਂ ਪਹਿਲੀ ਵਾਰ ਕਿਸੇ ਦੇ ਸਸਕਾਰ ’ਤੇ ਇੰਨੇ ਬੰਦੇ ਸ਼ਾਮਿਲ ਹੋਏ ਵੇਖੇ। ਅੰਕਲ ਜੀ ਨੇ ਲਗਭਗ 38-39 ਸਾਲ ਡਾਕਖਾਨੇ ਵਿੱਚ ਨੌਕਰੀ ਕੀਤੀ। ਉਨ੍ਹਾਂ ਦਾ ਲੰਬਾ ਸੇਵਾਕਾਲ ਲੁਧਿਆਣੇ ਵਿੱਚ ਰਿਹਾ। ਖੰਨੇ ਤੋਂ ਲੁਧਿਆਣੇ ਜਾਣ ਲਈ ਉਨ੍ਹਾਂ ਨੇ ਟ੍ਰੇਨ ਦਾ ਪਾਸ ਬਣਾਇਆ ਹੋਇਆ ਸੀ। ਜਿਸ ਟਰੇਨ ਦੇ ਡੱਬੇ ਵਿੱਚ ਉਹ ਚੜ੍ਹਦੇ, ਰੌਣਕਾਂ ਲਾ ਦਿੰਦੇ ਸਨ। ਆਪਣੇ ਬੈਗ ਵਿੱਚ ਉਹ ਟਾਫੀਆਂ ਵੀ ਰੱਖਦੇ ਸਨ। ਜੇ ਕੋਈ ਟਰੇਨ ਵਿੱਚ ਬੱਚਾ ਵੇਖਦੇ ਤਾਂ ਉਸ ਨੂੰ ਟਾਫੀ ਫੜਾ ਦਿੰਦੇ।
ਸਵੇਰੇ ਸੈਰ ਕਰਨ ਜਾਂਦੇ ਵਕਤ ਅੰਕਲ ਜੀ ਗਊਆਂ ਅਤੇ ਕੁੱਤਿਆਂ ਲਈ ਬਰੈਡ ਘਰੋਂ ਲੈ ਜਾਂਦੇ। ਇੱਕ ਦਿਨ ਉਹਨਾਂ ਦੇ ਪੈਰ ਉੱਤੇ ਪੱਟੀ ਬੰਨ੍ਹੀ ਵੇਖੀ ਤਾਂ ਮੇਰੇ ਪਿਤਾ ਜੀ ਨੇ ਪੁੱਛ ਲਿਆ ਕੀ ਇੱਥੇ ਕੋਈ ਸੱਟ ਲੱਗੀ ਹੈ? ਭੀਮ ਅੰਕਲ ਜੀ ਆਖਣ ਲੱਗੇ ਕਿ ਅੱਜ ਕੋਈ ਕੁੱਤਾ ਮੈਂਨੂੰ ਵੱਢ ਗਿਆ ਹੈ। ਪਿਤਾ ਜੀ ਆਖਣ ਲੱਗੇ, “ਤੂੰ ਦੁੱਧ ਅਤੇ ਬਰੈੱਡ ਨਾ ਪਾਇਆ ਕਰ।” ਅੰਕਲ ਜੀ ਨਾ ਰੁਕੇ, ਉਨ੍ਹਾਂ ਨੇ ਆਪਣਾ ਦਾਨ ਪੁੰਨ ਜਾਰੀ ਰੱਖਿਆ।
ਬਹੁਤ ਹੀ ਮਿਲਣਸਾਰ, ਮਿਲਾਪੜੇ, ਨਿਮਰ, ਸਾਦੇ ਅਤੇ ਇਮਾਨਦਾਰੀ ਦੇ ਪੁੰਜ ਸਨ ਅੰਕਲ ਜੀ। ਹਰ ਇੱਕ ਦੇ ਸੁੱਖ ਦੁੱਖ ਵਿੱਚੋਂ ਜ਼ਰੂਰ ਪਹੁੰਚਦੇ। ਇਨ੍ਹਾਂ ਖਾਸ ਗੁਣਾਂ ਕਰਕੇ ਉਹ ਸਾਰੇ ਮਹੱਲੇ ਦੇ ਬੱਚਿਆਂ ਦੇ ਹਰਮਨ ਪਿਆਰੇ ਅੰਕਲ ਸਨ। ਉਨ੍ਹਾਂ ਦੇ ਮੂੰਹ ’ਤੇ ਸਦਾ ਰਾਮ ਰਾਮ ਰਹਿੰਦਾ। ਪੱਕੇ ਬ੍ਰਾਹਮਣ ਹੋਣ ਦੇ ਬਾਵਜੂਦ ਸਾਰੇ ਧਰਮਾਂ ਵਿੱਚ ਉਨ੍ਹਾਂ ਦੀ ਪੂਰੀ ਆਸਥਾ ਸੀ। ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਹੈ, ਜਿੱਥੇ ਉਹ ਬਿਨਾਂ ਨਾਗਾ ਮੱਥਾ ਟੇਕਣ ਜਾਇਆ ਕਰਦੇ ਸਨ। ਮੌਤ ਤੋਂ ਕੁਝ ਮਿੰਟ ਪਹਿਲਾਂ ਹੀ ਉਹ ਗੁਰਦੁਆਰਾ ਸਾਹਿਬ ਪਾਠ ਕਰ ਕੇ ਆਏ ਸਨ। ਨਾ ਮੰਜੇ ’ਤੇ ਪਏ ਨਾ ਹੀ ਕਿਸੇ ਤੋਂ ਸੇਵਾ ਕਰਾਈ। ਪਲਾਂ ਵਿੱਚ ਹੀ ਸਾਰਿਆਂ ਨੂੰ ਵਿਛੋੜਾ ਦੇ ਗਏ।
ਸਸਕਾਰ ਵਾਲੇ ਦਿਨ ਮੈਂ ਉੱਥੇ ਹੀ ਸੀ। ਜੋ ਹਿੰਦੂ ਧਰਮ ਦੇ ਰੀਤੀ ਰਿਵਾਜ ਹੁੰਦੇ ਹਨ ਉਹ ਤਾਂ ਪਰਿਵਾਰ ਨੇ ਕੀਤੇ ਹੀ, ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਭਾਈ ਜੀ ਨੇ ਅਰਦਾਸ ਵੀ ਕੀਤੀ। ਉਸ ਤੋਂ ਬਾਅਦ ਅੰਕਲ ਜੀ ਨੂੰ ਉਨ੍ਹਾਂ ਦੇ ਬੇਟੇ ਹੇਮੰਤ ਨੇ ਅਗਨੀ ਸਪੁਰਦ ਕੀਤਾ। ਸਸਕਾਰ ਤੋਂ ਬਾਅਦ ਮੈਂ ਭੀਮ ਅੰਕਲ ਜੀ ਦੇ ਬੇਟੇ ਤੇ ਬੇਟੀਆਂ ਨੂੰ ਮਿਲਿਆ। ਬੇਟੀਆਂ ਨੇ ਮੇਰੇ ਪਿਤਾ ਜੀ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕੀ ਅੱਜਕੱਲ੍ਹ ਉਹ ਵੀ ਤੁਰਨ ਫਿਰਨ ਤੋਂ ਅਸਮਰੱਥ ਹਨ। ਰੋ ਰੋ ਕੇ ਬੇਟੀਆਂ ਦੱਸ ਰਹੀਆਂ ਸਨ ਕਿ ਜਦੋਂ ਉਨ੍ਹਾਂ ਨੇ ਕਦੇ ਵੀ ਆਪਣੇ ਡੈਡੀ ਨੂੰ ਫ਼ੋਨ ਕਰਨਾ ਉਨ੍ਹਾਂ ਦਾ ਫੋਨ ਵਿਅਸਤ ਹੁੰਦਾ। ਬਾਅਦ ਵਿੱਚ ਡੈਡੀ ਨੇ ਦੱਸਣਾ ਕਿ ਮੈਂ ਆਪਣੇ ਪਿਆਰੇ ਮਿੱਤਰ ਜੋਗਿੰਦਰ ਭਾਟੀਆ (ਮੇਰੇ ਪਿਤਾ ਜੀ) ਨਾਲ ਗੱਲ ਕਰ ਰਿਹਾ ਸੀ।
ਅੰਕਲ ਅਤੇ ਮੇਰੇ ਡੈਡੀ ਦੀ ਦੋਸਤੀ ਬਹੁਤ ਗੂੜ੍ਹੀ ਸੀ। ਸ਼ਾਇਦ ਦੋਹਾਂ ਦੇ ਵਿਚਾਰਾਂ ਵਿੱਚ ਇਕਸਾਰਤਾ ਸੀ। ਇਸ ਲੇਖ ਨੂੰ ਲਿਖਦੇ ਵਕਤ ਬੜਾ ਸ਼ਰੀਫ ਤੇ ਸਾਊ ਸ਼ਖਸੀਅਤ ਦਾ ਹਸੂੰ ਹਸੂੰ ਕਰਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਰਿਹਾ ਹੈ। ਅੰਕਲ ਜੀ ਮੈਂਨੂੰ ਵੀ ਫੋਨ ਕਰਕੇ ਕਈ ਵਾਰ ਮੇਰੇ ਨਾਲ ਗੱਲਾਂ ਮਾਰ ਲੈਂਦੇ ਸਨ। ਅੰਕਲ ਮੈਂਨੂੰ ਅਕਸਰ ਕਿਹਾ ਕਰਦੇ ਸਨ ਕਿ ਮੈਂ ਤੈਨੂੰ ਮਿਲਣ ਜ਼ਰੂਰ ਖਰੜ ਆਵਾਂਗਾ ਤੇ ਤੇਰਾ ਨਵਾਂ ਘਰ ਵੇਖਾਂਗਾ। ਮੈਂ ਉਨ੍ਹਾਂ ਨੂੰ ਕਹਿੰਦਾ, ਮੈਂਨੂੰ ਹੁਕਮ ਕਰੋ ਮੈਂ ਤੁਹਾਨੂੰ ਕਾਰ ਵਿੱਚ ਬਿਠਾ ਕੇ ਆਪਣੇ ਘਰ ਲੈ ਆਉਂਦਾ ਹਾਂ। ਮੇਰੇ ਕੋਲ ਆਉਣ ਦੀ ਉਨ੍ਹਾਂ ਦੀ ਸਧਰ ਅਧੂਰੀ ਰਹਿ ਗਈ। ਹੁਣ ਭਾਵੇਂ ਉਹ ਸਿਹਤ ਅਤੇ ਉਮਰ ਪੱਖੋਂ ਕਮਜ਼ੋਰ ਹੋ ਗਏ ਸਨ ਪਰ ਉਹਨਾਂ ਨੇ ਲੋਕਾਂ ਨੂੰ ਮਿਲਣਾ ਗਿਲਣਾ ਨਹੀਂ ਸੀ ਛੱਡਿਆ।
ਬਿਨਾਂ ਛਲ ਫਰੇਬ ਤੋਂ ਅੰਕਲ ਨੇ ਸਾਰੀ ਜ਼ਿੰਦਗੀ ਸਾਫ ਸੁਥਰੇ ਢੰਗ ਨਾਲ ਬਿਤਾਈ। ਸਵਰਗ ਦਾ ਜ਼ਿਕਰ ਮੈਂ ਕਿਤਾਬਾਂ ਵਿੱਚ ਹੀ ਪੜ੍ਹਿਆ ਹੈ। ਜੇ ਸੱਚਮੁੱਚ ਸਵਰਗ ਵਰਗੀ ਕੋਈ ਥਾਂ ਹੈ ਤਾਂ ਭੀਮ ਅੰਕਲ ਜੀ ਦਾ ਨਿਵਾਸ ਉੱਥੇ ਪੱਕਾ ਹੈ। ਦੁਨੀਆਂ ’ਤੇ ਅੰਕਲ ਬਥੇਰੇ ਹੋਣੇ ਹਨ ਪਰ ਭੀਮ ਅੰਕਲ ਜਿਹਾ ਕਿਸੇ ਨੇ ਨਹੀਂ ਹੋਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3079)
(ਸਰੋਕਾਰ ਨਾਲ ਸੰਪਰਕ ਲਈ: