“ਜਾਨਵਰ ਬੋਲਦੇ ਨਹੀਂ, ਬੇਜ਼ੁਬਾਨ ਹੁੰਦੇ ਹਨ ਪਰ ਉਹ ਮਨੁੱਖ ਤੋਂ ਕਈ ਗੁਣਾਂ ਵੱਧ ...”
(23 ਅਕਤੂਬਰ 2021)
ਪਿਛਲੇ ਐਤਵਾਰ ਦੀ ਗੱਲ ਹੈ। ਮੈਂ ਇੱਕ ਟੀ ਵੀ ਚੈਨਲ ’ਤੇ ਡਾਂਸ ਪ੍ਰੋਗਰਾਮ ਦੇਖ ਰਿਹਾ ਸੀ। ਇੱਕ ਡਾਂਸ ਆਈਟਮ ਬੜੀ ਵਿਲੱਖਣ ਸੀ। ਉਸ ਵਿੱਚ ਇਕ ਕੰਟੈਸਟੈਂਟ ਮਾਲਕ ਬਣਿਆ, ਦੂਜਾ ਕੰਟੈਸਟੈਂਟ ਉਸਦਾ ਕੁੱਤਾ ਬਣਿਆ। ਇਸ ਵਿੱਚ ਮਾਲਕ ਅਤੇ ਕੁੱਤੇ ਦੇ ਡਾਂਸ ਜ਼ਰੀਏ ਪਿਆਰ ਅਤੇ ਵਫ਼ਾਦਾਰੀ ਨੂੰ ਇੰਨੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਕਿ ਵੇਖਣ ਵਾਲਿਆਂ ਨੇ ਹੰਝੂਆਂ ਦੀ ਝੜੀ ਲਗਾ ਦਿੱਤੀ। ਕੁੱਤੇ ਅਤੇ ਮਨੁੱਖ ਦੀ ਕਹਾਣੀ ਕੋਈ ਨਵੀਂ ਨਹੀਂ। ਸ਼ਾਇਦ ਜਾਨਵਰਾਂ ਵਿੱਚੋਂ ਸਭ ਤੋਂ ਪੁਰਾਣਾ ਮਨੁੱਖ ਦਾ ਦੋਸਤ ਕੁੱਤਾ ਹੈ। ਕੁੱਤੇ ਤੋਂ ਸੱਚਾ ਤੇ ਵਫ਼ਾਦਾਰ ਜ਼ਿਆਦਾ ਕੋਈ ਹੋਰ ਨਹੀਂ ਹੋ ਸਕਦਾ। ਰੋਟੀ ਦੇ ਟੁਕੜੇ ਲਈ ਉਹ ਸਦਾ ਮਾਲਕ ਦਾ ਹੋ ਕੇ ਰਹਿ ਜਾਂਦਾ ਹੈ। ਅੱਜ ਔਲਾਦ ਸਾਰਾ ਕੁਝ ਮਾਪਿਆਂ ਤੋਂ ਲੈ ਕੇ ਵੀ ਉਨ੍ਹਾਂ ਦਾ ਨਹੀਂ ਬਣਦੀ।
ਇਕ ਕਹਾਣੀ ਮੈਨੂੰ ਯਾਦ ਆਉਂਦੀ ਹੈ ਕਿ ਇਕ ਕੁੱਤਾ ਆਪਣੇ ਮਾਲਕ ਨੂੰ ਨਿੱਤ ਰੇਲਵੇ ਸਟੇਸ਼ਨ ’ਤੇ ਛੱਡਣ ਜਾਂਦਾ ਸੀ ਅਤੇ ਵਾਪਸੀ ਤੇ ਲੈ ਕੇ ਵੀ ਆਉਂਦਾ ਸੀ। ਅਚਾਨਕ ਮਾਲਕ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕੁੱਤੇ ਨੇ ਕਈ ਵਰ੍ਹੇ ਰੇਲਵੇ ਸਟੇਸ਼ਨ ’ਤੇ ਜਾਣਾ ਜਾਰੀ ਰਖਿਆ, ਇਸ ਆਸ ਨਾਲ ਕਿ ਉਸ ਦਾ ਮਾਲਕ ਜ਼ਰੂਰ ਵਾਪਸ ਆਵੇਗਾ। ਪਿਆਰ ਅਤੇ ਵਫ਼ਾਦਾਰੀ ਸਦਕਾ ਕਈ ਵਾਰ ਕੁੱਤੇ ਆਪਣੇ ਮਾਲਕ ਦੀ ਜਾਨ ਬਚਾ ਲੈਂਦੇ ਹਨ। ਜਾਨਵਰ ਏਨੇ ਸੰਵੇਦਨਸ਼ੀਲ ਹੁੰਦੇ ਹਨ ਕਿ ਕੋਈ ਵੀ ਕੁਦਰਤੀ ਕਰੋਪੀ ਨੂੰ ਉਹ ਪਹਿਲਾਂ ਹੀ ਭਾਂਪ ਲੈਂਦੇ ਹਨ। ਅਜਿਹੀ ਉਦਾਹਰਣ ਇੱਕ ਦੇਸ਼ ਵਿੱਚ ਵਾਪਰੇ ਭੂਚਾਲ ਤੋਂ ਮਿੰਟਾਂ ਸਕਿੰਟਾਂ ਪਹਿਲਾਂ ਵਿੱਚ ਇਕ ਪੂਰੇ ਪਰਿਵਾਰ ਦੀ ਜਾਨ ਇਕ ਕੁੱਤੇ ਨੇ ਬਚਾਈ। ਇਕ ਹੋਰ ਘਟਨਾ ਵਿੱਚ ਇਕ ਕੁੱਤੇ ਨੇ ਆਪਣੇ ਮਾਲਕ ਦੇ ਫਰਸ਼ ਤੇ ਰਿੜ੍ਹਦੇ ਬੱਚੇ ਨੂੰ ਕੋਬਰਾ ਸੱਪ ਤੋਂ ਬਚਾਇਆ।
ਕੁੱਤਾ ਆਜੜੀਆਂ ਦਾ ਵੀ ਮਿੱਤਰ ਹੁੰਦਾ ਹੈ ਜੋ ਆਪਣੇ ਪੂਰੇ ਵੱਗ ਨਾਲ ਕੁੱਤੇ ਨੂੰ ਨਾਲ ਰੱਖਦੇ ਹਨ ਤਾਂ ਜੋ ਭੇਡਾਂ ਦੀ ਸੰਭਾਲ ਹੋ ਸਕੇ। ਕਈ ਕੁੱਤੇ ਕੀਮਤੀ ਨਸਲ ਦੇ ਹੁੰਦੇ ਹਨ, ਉਨ੍ਹਾਂ ਦੀ ਕੀਮਤ ਹਜ਼ਾਰਾਂ ਲੱਖਾਂ ਵਿੱਚ ਹੁੰਦੀ ਹੈ। ਪਰ ਵਫ਼ਾਦਾਰੀ ਤੇ ਪਿਆਰ ਕੀਮਤ ਤੈਅ ਨਹੀਂ ਕਰਦੀ। ਕਈ ਵਾਰ ਆਵਾਰਾ ਛੋਟੇ ਕਤੂਰੇ ਵੀ ਲੋਕੀਂ ਪਾਲ ਲੈਂਦੇ ਹਨ। ਉਨ੍ਹਾਂ ਨੂੰ ਖੁਰਾਕ ਦੇ ਕੇ ਪਾਲਦੇ ਹਨ। ਵੱਡੇ ਹੋ ਕੇ ਉਹ ਮਾਲਕ ਦਾ ਮੁੱਲ ਆਪਣੀ ਵਫ਼ਾਦਾਰੀ ਦੇ ਰੂਪ ਵਿੱਚ ਚੁਕਾਉਂਦੇ ਹਨ। ਬੁੱਲ੍ਹੇ ਸ਼ਾਹ ਨੇ ਕੁੱਤਿਆਂ ਦੀ ਵਫਾਦਾਰੀ ਬਾਰੇ ਠੀਕ ਫ਼ਰਮਾਇਆ ਹੈ, “ਖਸਮ ਆਪਣੇ ਦਾ ਦਰ ਨਾ ਛੱਡਦੇ ਭਾਵੇਂ ਵੱਜਣ ਜੁੱਤੇ।” ਕਈ ਵਾਰ ਮਾਲਕ ਖਫ਼ਾ ਹੋ ਕੇ ਕੁੱਤੇ ਨੂੰ ਕਈ ਕਿਲੋਮੀਟਰ ਘਰ ਤੋਂ ਦੂਰ ਛੱਡ ਆਉਂਦਾ ਹੈ ਪਰ ਕੁੱਤਾ ਪਿਆਰ ਤੇ ਵਫ਼ਾਦਾਰੀ ਦਾ ਬੱਝਿਆ ਫਿਰ ਉਸੇ ਘਰ ਵਾਪਸ ਆ ਜਾਂਦਾ ਹੈ। ਅਜਿਹੀਆਂ ਉਦਾਹਰਨਾਂ ਅਸੀਂ ਜ਼ਿੰਦਗੀ ਵਿਚ ਅਨੇਕਾਂ ਵੇਖੀਆਂ ਹੋਣਗੀਆਂ।
ਮਾਲਕ ਦੀ ਨਾਰਾਜ਼ਗੀ ਤੇ ਪਿਆਰ ਦੀ ਪਰਖ ਕਰਨ ਵਾਲਾ ਜਾਨਵਰ ਅਤੇ ਪੰਛੀ ਦੋਵੇਂ ਹੋ ਸਕਦੇ ਹਨ। ਖੁਸ਼ਵੰਤ ਸਿੰਘ ਨੇ ਆਪਣੀ ਲਿਖਤ ਵਿੱਚ ‘ਦ ਪੋਰਟਰੇਟ ਆਫ ਲੇਡੀ’ ਵਿੱਚ ਜ਼ਿਕਰ ਕੀਤਾ ਹੈ ਕਿ ਚਿੜੀਆਂ ਉਸ ਦੀ ਦਾਦੀ ਦੇ ਮੋਢਿਆਂ ਤੇ ਸਿਰ ਉੱਤੇ ਬੈਠ ਜਾਂਦੀਆਂ ਸਨ ਜਦੋਂ ਉਹ ਉਨ੍ਹਾਂ ਨੂੰ ਰੋਟੀ ਦੀਆਂ ਬੁਰਕੀਆਂ ਖਵਾਉਂਦੀ। ਪਰ ਜਦੋਂ ਦਾਦੀ ਦੀ ਮੌਤ ਹੋਈ, ਚਿੜੀਆਂ ਚੁੱਪ ਚਾਪ ਦਾਦੀ ਦੇ ਮ੍ਰਿਤਕ ਸਰੀਰ ਕੋਲ ਬੈਠੀਆਂ ਰਹੀਆਂ। ਜਦੋਂ ਲੇਖਕ ਦੀ ਮਾਤਾ ਨੇ ਕੁਝ ਰੋਟੀ ਦੇ ਟੁਕੜੇ ਉਨ੍ਹਾਂ ਅੱਗੇ ਸੁੱਟੇ, ਚਿੜੀਆਂ ਨੇ ਮੂੰਹ ਨਾ ਲਾਇਆ।
ਇਕ ਉਦਾਹਰਣ ਮੇਰੇ ਸਾਹਮਣੇ ਹੈ। ਮੈਂ ਛੋਟਾ ਹੁੰਦਾ ਸਾਂ ਕਿ ਇੱਕ ਸਰਕਾਰੀ ਸਾਨ੍ਹ ਹਰ ਰੋਜ਼ ਸਾਡੇ ਮੁਹੱਲੇ ਲੰਘਦਾ। ਉਸ ਦੇ ਦੈਂਤ ਆਕਾਰ ਦੇ ਸਰੀਰ ਨੂੰ ਵੇਖ ਕੇ ਹਰ ਕੋਈ ਡਰ ਜਾਂਦਾ। ਲੋਕੀਂ ਆਪਣੇ ਦਰਵਾਜ਼ਿਆਂ ਦੇ ਮੂਹਰੇ ਆਟੇ ਦਾ ਪੇੜਾ ਰੱਖ ਦਿੰਦੇ, ਉਹ ਖਾ ਕੇ ਚੁੱਪਚਾਪ ਅੱਗੇ ਤੁਰ ਪੈਂਦਾ। ਇਕ ਘਰ ਅਜਿਹਾ ਸੀ ਜਿਸ ਦੇ ਵਿਚ ਅੰਕਲ ਜੀ ਉਸ ਦੇ ਸਿਰ ਉੱਤੇ ਹੱਥ ਫੇਰਦੇ ਆਪਣੇ ਹੱਥ ਦੀ ਤਲੀ ’ਤੇ ਰੱਖ ਕੇ ਪੇੜਾ ਅਖਵਾਉਂਦੇ। ਉਹ ਸਾਨ੍ਹ ਅੰਕਲ ਜੀ ਨੂੰ ਕਦੇ ਕੁੱਝ ਨਾ ਕਹਿੰਦਾ। ਕਈ ਵਾਰ ਅੰਕਲ ਜੀ ਉਸ ਦੇ ਸਰੀਰ ਦੀ ਸਫ਼ਾਈ ਕਰ ਦਿੰਦੇ, ਉਹ ਅਡੋਲ ਖੜ੍ਹਾ ਰਹਿੰਦਾ। ਅਚਾਨਕ ਸਵੇਰੇ ਸਵੇਰੇ ਅੰਕਲ ਜੀ ਨੂੰ ਹਾਰਟ ਅਟੈਕ ਹੋ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਰੁਟੀਨ ਮੁਤਾਬਕ ਉਹ ਸਾਨ੍ਹ ਵੀ ਮੁਹੱਲੇ ਵਿਚ ਆ ਗਿਆ। ਘਰ ਵਿਚ ਰੋਣ ਧੋਣ ਚੱਲ ਰਿਹਾ ਸੀ। ਸਾਨ੍ਹ ਨੂੰ ਪੇੜਾ ਪਾਉਣ ਕੋਈ ਨਾ ਆਇਆ। ਥੋੜ੍ਹਾ ਚਿਰ ਸਾਨ੍ਹ ਦਰਵਾਜ਼ੇ ਮੂਹਰੇ ਬੈਠ ਗਿਆ ਅਤੇ ਫਿਰ ਉੱਠ ਕੇ ਚੱਲ ਪਿਆ। ਅੰਕਲ ਜੀ ਦਾ ਸਸਕਾਰ ਕਰਕੇ ਸਾਰੇ ਘਰੋ ਘਰੀਂ ਪਰਤ ਗਏ। ਪਤਾ ਲੱਗਾ ਕਿ ਆਥਣ ਨੂੰ ਉਹ ਸਾਨ੍ਹ ਵੀ ਮਰ ਗਿਆ ਸੀ।
ਮੈਂ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਅੰਕਲ ਜੀ ਦੀ ਮੌਤ ਨੂੰ ਉਹ ਨਾ ਸਹਾਰ ਸਕਿਆ। ਜਾਨਵਰ ਬੋਲਦੇ ਨਹੀਂ, ਬੇਜ਼ੁਬਾਨ ਹੁੰਦੇ ਹਨ ਪਰ ਉਹ ਮਨੁੱਖ ਤੋਂ ਕਈ ਗੁਣਾਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਪਰ ਕਈ ਵਾਰ ਵੇਖਣ ਵਿੱਚ ਆਇਆ ਹੈ ਕਿ ਇਨਸਾਨ ਇਨ੍ਹਾਂ ਬੇਜ਼ੁਬਾਨਾਂ ਉੱਤੇ ਤਸ਼ੱਦਦ ਕਰਦੇ ਹਨ। ਕਈ ਸ਼ੈਤਾਨੀ ਪ੍ਰਵਿਰਤੀ ਦੇ ਲੋਕ ਸੁੱਤੇ ਪਏ ਕੁੱਤੇ ਦੀ ਪੂਛ ਨਾਲ ਕੁਝ ਬੰਨ੍ਹ ਜਾਂਦੇ ਹਨ। ਕਈ ਉਨ੍ਹਾਂ ਨੂੰ ਇੱਟਾਂ ਰੋੜੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਵਿੱਚ ਵੀ ਜਾਨ ਹੁੰਦੀ ਹੈ ਤੇ ਉਹ ਦਰਦ ਨਾਲ ਚੀਕਦੇ ਰਹਿੰਦੇ ਹਨ, ਬੇਜ਼ੁਬਾਨ ਹੋਣ ਕਰਕੇ ਦੱਸ ਨਹੀਂ ਸਕਦੇ। ਅਜਿਹੇ ਅਣਮਨੁੱਖੀ ਵਤੀਰੇ ਦਾ ਹਿਸਾਬ ਇਨਸਾਨ ਨੂੰ ਦੇਣਾ ਪੈਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਬੇਜ਼ੁਬਾਨ ਦੀ ਚੀਕ ਰੱਬ ਦੀ ਦਰਗਾਹ ਵਿੱਚ ਜਲਦੀ ਸੁਣਦੀ ਹੈ। ਆਓ ਇਨਸਾਨ ਹੋਣ ਦਾ ਫਰਜ਼ ਨਿਭਾਈਏ ਤੇ ਬੇਜ਼ੁਬਾਨ ਜਾਨਵਰਾਂ ਨੂੰ ਵੀ ਜਿਉਣ ਦਾ ਹੱਕ ਦਿਵਾਉਣ ਦਾ ਉਪਰਾਲਾ ਕਰੀਏ।
ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਕਈ ਅਜਿਹੇ ਇਨਸਾਨ ਵੀ ਹਨ ਜਿਹੜੇ ਆਪਣੇ ਜਾਨਵਰਾਂ ਨੂੰ ਆਪਣੇ ਧੀਆਂ ਪੁੱਤਾਂ ਬਰਾਬਰ ਪਿਆਰ ਕਰਦੇ ਹਨ। ਮੈਂ ਉਨ੍ਹਾਂ ਡਾਕਟਰਾਂ ਦਾ, ਸਮਾਜ ਸੇਵੀਆਂ ਤੇ ਕਲੱਬਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਅਵਾਰਾ ਕੁੱਤਿਆਂ ਅਤੇ ਹੋਰ ਫੱਟੜ ਜਾਨਵਰਾਂ ਦੀ ਮੱਲ੍ਹਮ ਪੱਟੀ ਕਰਦੇ ਰਹਿੰਦੇ ਹਨ। ਅਜਿਹੀਆਂ ਸੰਸਥਾਵਾਂ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
1960 ਵਿੱਚ ਭਾਰਤੀ ਸੰਵਿਧਾਨ ਵਿੱਚ ਇਕ ਕਾਨੂੰਨ ਬਣਿਆ ਸੀ ਜਿਸ ਤਹਿਤ ਭਾਰਤ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਜਾਨਵਰਾਂ ਪ੍ਰਤੀ ਹਮਦਰਦੀ ਅਤੇ ਅਹਿੰਸਾ ਦਿਖਾਵੇ। ਇਸ ਕਾਨੂੰਨ ਰਾਹੀਂ ਜਾਨਵਰਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਹੈ। ਇਸ ਤੋਂ ਇਲਾਵਾ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ 1972 ਵਿੱਚ ਇਕ ਹੋਰ ਕਾਨੂੰਨ ਬਣਿਆ ਸੀ। ਜਾਨਵਰਾਂ ਉੱਤੇ ਹੋ ਰਹੇ ਅੱਤਿਆਚਾਰ ਦਾ ਜੁਰਮਾਨਾ 75 ਹਜ਼ਾਰ ਰੁਪਏ ਤੱਕ ਹੋ ਸਕਦਾ ਹੈl ਇਸ ਤੋਂ ਇਲਾਵਾ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3098)
(ਸਰੋਕਾਰ ਨਾਲ ਸੰਪਰਕ ਲਈ: