“ਮੈਂ ਆਪਣੀ ਮੂਹਰਲੀ ਬੈਠਕ ਵਿੱਚ ਬੈਠਾ ਸੀ ਤਾਂ ਅਚਾਨਕ ਕਿਸੇ ਨੇ ...”
(21 ਜੂਨ 2019)
ਹੁਣ ਮੇਰੀ ਉਪਰ 50 ਸਾਲ ਤੋਂ ਕੁਝ ਕੁ ਹਫਤੇ ਉੱਤੇ ਹੋ ਗਈ ਹੈ। ਮੇਰੇ ਵਿਆਹ ਦੇ ਵੀ 25 ਸਾਲ 8 ਮਈ 2019 ਨੂੰ ਹੋ ਗਏ ਹਨ। ਇਕ ਦਿਨ ਮੈਂ ਇਕੱਲਾ ਬੈਠਿਆ ਆਪਣੇ ਅਤੀਤ ਦੀ ਬਾਰੀ ਵਿੱਚ ਝਾਕਦਾ ਹੋਇਆ 25 ਸਾਲ ਪਿੱਛੇ ਚਲਾ ਗਿਆ। ਮੈਂ ਐੱਮ.ਏ ਬੀ.ਐੱਡ ਕਰਨ ਬਾਅਦ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਣ ਲੱਗ ਪਿਆ। ਤਨਖਾਹ ਥੋੜ੍ਹੀ ਸੀ ਪਰ ਟਿਊਸ਼ਨ ਪੜ੍ਹਾ ਕੇ ਕਮਾਈ ਠੀਕ ਠਾਕ ਹੋ ਜਾਂਦੀ ਸੀ। ਆਪਣੇ ਘਰ ਆਉਂਦੀ ਅਖ਼ਬਾਰ ਮੈਂ ਆਥਣ ਨੂੰ ਜਰੂਰ ਪੜ੍ਹਦਾ। ਇੱਕ ਦਿਨ ਮੇਰੀ ਨਜ਼ਰ ਅਖਬਾਰ ਦੇ ਮੈਟਰੀਮੋਨੀਅਲ ਵੱਲ ਪਈ ਜਿਸ ਵਿੱਚ ਇੱਕ ਲੜਕੀ ਦਾ ਬਾਇਓ ਡਾਟਾ ਲਿਖਿਆ ਸੀ। ਲੜਕੀ ਨੇ ਬੀਏ ਗਣਿਤ ਵਿਸ਼ੇ ਨਾਲ ਕੀਤੀ ਸੀ ਅਤੇ ਉਹ ਐੱਮ.ਏ ਇਕਨਾਮਿਕਸ ਕਰ ਰਹੀ ਸੀ। ਉਸ ਮੈਟਰੀਮੋਨੀਅਲ ਵਿੱਚ ਨੌਕਰੀਪੇਸ਼ਾ ਵੈਸ਼ਨੂੰ ਲੜਕੇ ਦੀ ਮੰਗ ਕੀਤੀ ਸੀ। ਮੈਂ ਵੈਸ਼ਨੂੰ ਵੀ ਸੀ ਅਤੇ ਨੌਕਰੀ ਵੀ ਕਰਦਾ ਸੀ। ਪਰ ਇੱਕ ਗੱਲ ਦਾ ਫਿਕਰ ਸੀ ਕਿ ਮੇਰੀ ਨੌਕਰੀ ਸਰਕਾਰੀ ਨਹੀਂ ਸੀ। ਮੈਂ ਰੱਬ ਨੂੰ ਚੇਤੇ ਕਰਕੇ ਮੈਟਰੀਮੋਨੀਅਲ ਦਾ ਰਸਪੌਂਸ ਭੇਜ ਦਿੱਤਾ। ਪਰ ਇਸਦਾ ਜ਼ਿਕਰ ਮੈਂ ਆਪਣੇ ਮਾਤਾ ਪਿਤਾ ਨੂੰ ਨਹੀਂ ਕੀਤਾ।
ਅਗਲੇ ਐਤਵਾਰ ਮੈਂ ਆਪਣੀ ਮੂਹਰਲੀ ਬੈਠਕ ਵਿੱਚ ਬੈਠਾ ਸੀ ਤਾਂ ਅਚਾਨਕ ਕਿਸੇ ਨੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਇੱਕ ਅੱਧਖੜ ਜੋੜਾ ਦਰਵਾਜ਼ੇ ’ਤੇ ਖੜ੍ਹਾ ਸੀ। ਉਹਨਾਂ ਦੱਸਿਆ ਕਿ ਵਿਆਹ ਸਬੰਧੀ ਇਸ਼ਤਿਹਾਰ ਲਈ ਤੁਹਾਡੇ ਵੱਲੋਂ ਰਸਪੌਂਸ ਮਿਲਿਆ ਹੈ। ਮੈਂ ਸਮਝ ਗਿਆ ਕਿ ਲੜਕੀ ਦੇ ਮਾਤਾ ਪਿਤਾ ਹਨ। ਮੈਂ ਉਹਨਾਂ ਨੂੰ ਅਦਬ ਨਾਲ ਬੈਠਕ ਵਿੱਚ ਬਿਠਾ ਦਿੱਤਾ। ਮੇਰੇ ਮਾਤਾ ਪਿਤਾ ਪਿਛਲੇ ਕਮਰੇ ਵਿੱਚ ਟੀ ਵੀ ਵੇਖ ਰਹੇ ਸਨ, ਜਿਹਨਾਂ ਨੂੰ ਇਸ ਘਟਨਾ ਦਾ ਪਤਾ ਨਹੀਂ ਸੀ। ਮੈਂ ਪਿਛਲੇ ਕਮਰੇ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਤੋਂ ਮੁਆਫੀ ਮੰਗੀ ਅਤੇ ਸਥਿਤੀ ਨੂੰ ਨਜਿੱਠਣ ਲਈ ਬੇਨਤੀ ਕੀਤੀ।
ਮੇਰੇ ਮਾਤਾ ਪਿਤਾ ਲੜਕੀ ਦੇ ਮਾਤਾ ਪਿਤਾ ਨੂੰ ਮਿਲੇ। ਵਧੀਆ ਮਾਹੌਲ ਵਿੱਚ ਗੱਲਬਾਤ ਹੋਈ। ਉਹਨਾਂ ਨੂੰ ਮੈਂ ਪਸੰਦ ਆ ਗਿਆ। ਮੇਰੀ ਛੋਟੇ ਸਾਈਜ਼ ਦੀ ਕੋਟ ਵਾਲੀ ਫੋਟੋ ਉਹ ਆਪਣੇ ਨਾਲ ਲੈ ਗਏ। ਦੋ ਦਿਨ ਬਾਅਦ ਫੋਨ ਆ ਗਿਆ ਕਿ ਅਗਲੇ ਐਤਵਾਰ ਤੁਸੀਂ ਲੜਕੀ ਨੂੰ ਵੇਖਣ ਲੁਧਿਆਣੇ ਆ ਜਾਵੋ।
ਮੈਂ ਅਤੇ ਮੇਰੇ ਮਾਤਾ ਪਿਤਾ ਨਿਸ਼ਚਿਤ ਦਿਨ ਲੁਧਿਆਣੇ ਪਹੁੰਚ ਗਏ। ਲੜਕੀ ਦੇ ਮਾਤਾ ਪਿਤਾ ਨੇ ਸਾਡਾ ਸਵਾਗਤ ਕੀਤਾ। ਡਰਾਇੰਗ ਰੂਮ ਸਜਿਆ ਹੋਇਆ ਸੀ। ਲੜਕੀ ਕਿਸੇ ਦੂਜੇ ਕਮਰੇ ਵਿੱਚ ਬੈਠੀ ਸੀ। ਚਾਹ ਪਾਣੀ ਲੈ ਕੇ ਲੜਕੀ ਨੂੰ ਉਸਦੀ ਮਾਤਾ ਨੇ ਡਰਾਇੰਗ ਰੂਮ ਵਿੱਚ ਭੇਜ ਦਿੱਤਾ ਜਿੱਥੇ ਅਸੀਂ ਬੈਠੇ ਸੀ। ਉਹ ਸੰਗਦੀ ਹੋਈ ਉਸੇ ਕਮਰੇ ਵਿੱਚ ਇੱਕ ਅਲੱਗ ਕੁਰਸੀ ’ਤੇ ਬੈਠ ਗਈ। ਲੜਕੀ ਦਾ ਰੰਗ ਸਾਫ਼ ਸੀ ਅਤੇ ਦੇਖਣ ਵਿੱਚ ਠੀਕ ਸੀ। ਸਭ ਤੋਂ ਵੱਡੀ ਗੱਲ ਇਹ ਕਿ ਉਹ ਕੁਆਲੀਫਾਈਡ ਸੀ ਅਤੇ ਉਸਨੇ ਬੀ.ਏ ਤੱਕ ਮੈਥ ਪੜ੍ਹਿਆ ਹੋਇਆ ਸੀ। ਮੈਂ ਸੋਚਿਆ ਕਿ ਜੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਅਸੀਂ ਟਿਊਸ਼ਨਾਂ ਪੜ੍ਹਾ ਕੇ ਗੁਜ਼ਾਰਾ ਕਰ ਸਕਦੇ ਹਾਂ। ਬੱਸ ਇੱਕ ਸਮੱਸਿਆ ਸੀ ਕਿ ਉਹ ਪਤਲੀ ਹੋਣ ਕਰਕੇ ਮੇਰੇ ਤੋਂ ਲੰਬੀ ਲੱਗੀ। ਇਹ ਭਰਮ ਵੀ ਜਲਦੀ ਦੂਰ ਹੋ ਗਿਆ ਜਦੋਂ ਸਾਡੇ ਵੱਡੇ ਸਾਨੂੰ ਆਪਣੀ ਆਪਣੀ ਥਾਂ ਤੋਂ ਉਠਾ ਕੇ ਇਕੱਠੇ ਬਿਠਾਉਣ ਲੱਗੇ ਤਾਂ ਉਸ ਨਾਲ ਖੜੋ ਕੇ ਮੈਂਨੂੰ ਆਪਣਾ ਕੱਦ 3-4 ਇੰਚ ਜ਼ਿਆਦਾ ਜਾਪਿਆ।
ਜਦੋਂ ਸਾਰਿਆਂ ਨੇ ਲੜਕੀ ਬਾਰੇ ਮੇਰੀ ਰਾਏ ਪੁੱਛੀ ਤਾਂ ਮੈਂ ਹਾਂ ਕਰ ਦਿੱਤੀ। ਸਾਡਾ ਦੋਨਾਂ ਦਾ ਬਰਫੀ ਨਾਲ ਮੂੰਹ ਮਿੱਠਾ ਕਰਵਾ ਕੇ ਝੋਲੀ ਵਿੱਚ ਸ਼ਗਨ ਪਾ ਕੇ ਬੜੇ ਸਰਲ ਢੰਗ ਨਾਲ ਰਿਸ਼ਤਾ ਤੈਅ ਹੋ ਗਿਆ। ਹੁਣ ਵਿਆਹ ਦੀ ਤਾਰੀਖ ਦਾ ਫੈਸਲਾ ਲੜਕੀ ਵੱਲੋਂ ਬੀ.ਐੱਡ ਦੇ ਐਂਟਰੈਂਸ ਟੈਸਟ ਦੇ ਨਤੀਜੇ ’ਤੇ ਤੈਅ ਹੋਣਾ ਸੀ। ਲੜਕੀ ਦੇ ਪਿਤਾ ਨੇ ਕਿਹਾ ਜੇ ਲੜਕੀ ਤੋਂ ਟੈਸਟ ਪਾਸ ਨਾ ਹੋਇਆ ਤਾਂ ਵਿਆਹ 2 ਮਹੀਨਿਆਂ ਵਿੱਚ ਕਰ ਦੇਵਾਂਗੇ। ਪਰ ਜੇ ਉਹ ਟੈਸਟ ਪਾਸ ਕਰ ਗਈ ਤਾਂ ਵਿਆਹ ਲਈ ਪੂਰਾ ਇੱਕ ਸਾਲ ਰੁਕਣਾ ਪਵੇਗਾ। ਮੈਂ ਚਾਹੁੰਦਾ ਸੀ ਕਿ ਟੈਸਟ ਪਾਸ ਨਾ ਹੋਵੇ ਅਤੇ ਜਲਦੀ ਵਿਆਹ ਹੋ ਜਾਵੇ। ਪਰ ਕਿਸਮਤ ਨੂੰ ਉਸਦਾ ਟੈਸਟ ਵਿੱਚ ਵਧੀਆ ਰੈਂਕ ਆ ਗਿਆ ਅਤੇ ਉਸਨੂੰ ਉਸਦੇ ਆਪਣੇ ਸ਼ਹਿਰ ਵਿੱਚ ਹੀ ਮਾਲਵਾ ਕਾਲਜ ਫਾਰ ਵਿਮੈਨ ਵਿੱਚ ਦਾਖਲਾ ਮਿਲ ਗਿਆ। ਮੈਂਨੂੰ ਵਿਆਹ ਲਈ ਇੱਕ ਸਾਲ ਹੋਰ ਉਡੀਕ ਕਰਨੀ ਪਈ।
ਉਹਨਾਂ ਸਮਿਆਂ ਵਿੱਚ ਮੋਬਾਇਲ ਫੋਨ ਨਹੀਂ ਹੋਇਆ ਕਰਦੇ ਸੀ। ਸਾਰੇ ਮੁੱਹਲੇ ਵਿੱਚ ਇੱਕ ਅੱਧਾ ਘਰ ਹੁੰਦਾ ਸੀ, ਜਿਹਨਾਂ ਦੇ ਟੈਲੀਫੋਨ ਲੱਗਾ ਹੁੰਦਾ ਸੀ। ਮੇਰੇ ਸਹੁਰਿਆਂ ਦੇ ਘਰ ਦੇ ਨੇੜੇ ਇੱਕ ਘਰ ਸੀ ਜਿਹਨਾਂ ਦਾ ਫੋਨ ਨੰਬਰ ਉਹਨਾਂ ਨੇ ਸਾਨੂੰ ਦੇ ਦਿੱਤਾ ਸੀ। ਪਰ ਕਦੇ ਗੱਲ ਕਰਨ ਦਾ ਹੀਆ ਨਹੀਂ ਪਿਆ। ਇਹ ਉਹ ਸਮਾਂ ਸੀ ਜਦ ਵਿਆਹ ਤੋਂ ਪਹਿਲਾਂ ਲੜਕੀ ਲੜਕੇ ਦਾ ਮਿਲਣ ’ਤੇ ਮਾਪੇ ਇਤਰਾਜ਼ ਕਰਦੇ ਸਨ।
ਮੈਂ ਵੀ ਮਰਿਆਦਾ ਵਿੱਚ ਬੰਨ੍ਹੇ ਨੇ ਇੱਕ ਸਾਲ ਉਡੀਕ ਕੀਤੀ ਅਤੇ ਅੰਤ ਉਹ ਸੁਭਾਗਾ ਦਿਨ ਆ ਗਿਆ। ਸਾਡਾ ਵਿਆਹ ਚਮਕ ਦਮਕ ਤੋਂ ਬਿਨਾਂ ਬੜੇ ਸਾਦੇ ਢੰਗ ਨਾਲ ਹੋਇਆ। ਵਿਆਹ ਵਾਲੇ ਦਿਨ ਮੈਂ ਉਸਦਾ ਛੋਟਾ ਨਾਮ 'ਜੋਤ’ ਰੱਖ ਦਿੱਤਾ, ਉਸਦਾ ਪੂਰਾ ਨਾਮ ਜਤਿੰਦਰ ਹੈ। ਮੈਂ ਉਸਨੂੰ ਹਮੇਸ਼ਾ 'ਜੋਤ’ ਕਹਿ ਕੇ ਬੁਲਾਇਆ ਹੈ। ਮੇਰੀ ਪਤਨੀ ਦੇ ਦਾਦੀ ਜੀ ਕਹਿੰਦੇ ਸੀ ਕਿ ਇਹ ਲੜਕੀ ਬੜੀ ਕਿਸਮਤ ਵਾਲੀ ਹੈ। ਇਹ ਚਾਰ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ ਅਤੇ ਇਸ ਤੋਂ ਬਾਅਦ ਭਰਾ ਪੈਦਾ ਹੋਇਆ। ਮੇਰੇ ਸਹੁਰਾ ਸਾਹਿਬ ਦੱਸਦੇ ਸਨ ਕਿ ਸਾਡੇ ਖਰੀਦੇ ਸ਼ੇਅਰ ਫਾਇਦੇ ਵਿੱਚ ਨਹੀਂ ਰਹੇ ਪਰ ਜਿਹੜੇ ਸ਼ੇਅਰ ਇਸਦੇ ਨਾਮ ’ਤੇ ਖਰੀਦੇ ਸਨ, ਉਹ ਡਬਲ ਹੋ ਗਏ।
ਸੱਚਮੁੱਚ ‘ਜੋਤ’ ਦੇ ਮੇਰੀ ਜ਼ਿੰਦਗੀ ਵਿੱਚ ਆਉਣ ਨਾਲ ਮੇਰੀਆਂ ਖੁਸ਼ੀਆਂ ਵੀ ਡਬਲ ਹੋ ਗਈਆਂ। ਵਿਆਹ ਤੋਂ ਬਾਅਦ ਅਸੀਂ ਦੋ ਕੁ ਸਾਲ ਟਿਊਸ਼ਨ ਪੜ੍ਹਾ ਕੇ ਮਿਹਨਤ ਕੀਤੀ। ਉਸ ਤੋਂ ਬਾਅਦ ਸਾਡੀ ਦੋਨਾਂ ਦੀ ਸਰਕਾਰੀ ਨੌਕਰੀ ਲੱਗ ਗਈ। ਮੇਰੀ ਜੋਤ ਨੇ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਨੂੰ ਰੁਸ਼ਨਾਇਆ ਹੈ। ਮੇਰੇ ਚੰਗੇ ਭਾਗ ਹਨ ਕਿ ਮੈਂਨੂੰ ਵਧੀਆ ਜੀਵਨ ਸਾਥਣ ਮਿਲੀ ਜੋ ਅੱਜ ਵੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਮੇਰਾ ਸਾਥ ਦੇ ਰਹੀ ਹੈ। ਵਿਆਹ ਦੀ ਇਸ ਸਿਲਵਰ ਜੁਬਲੀ ’ਤੇ ਮੈਂ ਆਪਣਾ ਲੇਖ ਆਪਣੀ ਜੋਤ ਨੂੰ ਸਮਰਪਿਤ ਕਰਦਾ ਹਾਂ ਅਤੇ ਰੱਬ ਅੱਗੇ ਦੁਆ ਕਰਦਾ ਹਾਂ ਕਿ ਉਹ ਸਹੀ ਸਲਾਮਤ ਰਹੇ। ਮੇਰੀ ਜੋਤ ਆਪਣੀ ਜੋਤ ਵਿਚਲੇ ਚਾਨਣ ਨੂੰ ਇਸੇ ਤਰ੍ਹਾਂ ਸਾਡੇ ਪਰਿਵਾਰ ਵਿੱਚ ਵੰਡਦੀ ਰਹੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1639)
(ਸਰੋਕਾਰ ਨਾਲ ਸੰਪਰਕ ਲਈ: