NavdeepBhatia7ਆਹ ਫੜ ਇੱਕ ਲੱਖ ਰੁਪਏ, ... ਕਾਗਜ਼ਾਂ ’ਤੇ ਮਾਰ ਦੇ ਘੁੱਗੀ ...
(5 ਅਪਰੈਲ 2019)

 

ਅੱਜ ਦੇ ਸਮੇਂ ਵਿੱਚ ਬੰਦਾ ਸਵਾਰਥੀ ਹੋਣ ਦੇ ਨਾਲ ਨਾਲ ਅਕ੍ਰਿਤਘਣ ਵੀ ਹੋ ਰਿਹਾ ਹੈਕਿਸੇ ਦੁਆਰਾ ਕੀਤੇ ਪਰਉਪਕਾਰ ਨੂੰ ਦੋ ਦਿਨਾਂ ਵਿੱਚ ਭੁੱਲ ਜਾਣਾ ਉਸਦੀ ਫਿਤਰਤ ਬਣ ਗਿਆ ਹੈਜਦੋਂ ਉਸਨੂੰ ਕੋਈ ਕੰਮ ਪੈਂਦਾ ਹੈ ਤਾਂ ਉਹ ਆਪਣਿਆਂ ਅਤੇ ਬਿਗਾਨਿਆਂ ਨੂੰ ਜੀ ਜੀ ਕਹਿੰਦਾ ਫਿਰਦਾ ਹੈ ਪਰ ਜਿਵੇਂ ਹੀ ਕੰਮ ਨਿਕਲ ਜਾਂਦਾ ਹੈ, ਉਹ ਨਾਸ਼ੁਕਰਾ ਹੋ ਜਾਂਦਾ ਹੈਕਈ ਵਾਰ ਅਜਿਹੀ ਸਥਿਤੀ ਆਉਂਦੀ ਹੈ ਕਿ ਉਹ ਉਸ ਨੂੰ ਬੁਲਾਉਣਾ ਹੀ ਛੱਡ ਦਿੰਦਾ ਹੈ, ਜਿਸਨੇ ਉਸਦੀ ਕਦੇ ਮਦਦ ਕੀਤੀ ਸੀ

ਸਮਾਜ ਵਿੱਚ ਵਿਚਰਦੇ ਹੋਏ ਇਸ ਵੰਨਗੀ ਦੇ ਬੰਦੇ ਰਿਸ਼ਤੇਦਾਰੀ ਅਤੇ ਆਂਢ ਗੁਆਂਢ ਵਿੱਚ ਵੇਖਣ ਨੂੰ ਮਿਲ ਜਾਣਗੇ ਜੋ ਤੁਹਾਡੇ ਤੋਂ ਕੰਮ ਲੈ ਕੇ ਤੁਹਾਨੂੰ ਭੁੱਲ ਜਾਂਦੇ ਹਨ| ਸਾਡੇ ਮੁਹੱਲੇ ਵਿੱਚ ਇੱਕ ਅਜਿਹਾ ਘਰ ਹੈ ਜਿਹਨਾਂ ਦਾ ਲਾਣੇਦਾਰ ਰਿਟਾਇਰਡ ਮਾਸਟਰ ਹੈਉਸਦੇ ਦੋ ਪੁੱਤ ਹਨ ਜੋ ਵਿਆਹੇ ਹੋਏ ਹਨਵੱਡੇ ਨੂੰਹ ਪੁੱਤ ਬੈਂਕ ਵਿੱਚ ਨੌਕਰੀ ਕਰਦੇ ਹਨ, ਜਿਹਨਾਂ ਨੂੰ ਕਈ ਵਰ੍ਹੇ ਪਹਿਲਾਂ ਹੀ ਉਸਨੇ ਘਰੋਂ ਅੱਡ ਕਰ ਦਿੱਤਾ ਗਿਆ ਸੀਉਹ ਨੂੰਹ ਪੁੱਤ ਲੁਧਿਆਣੇ ਜਾ ਕੇ ਆਪਣਾ ਘਰ ਬਣਾ ਕੇ ਰਹਿਣ ਲੱਗ ਪਏਛੋਟਾ ਪੁੱਤ ਪ੍ਰਾਪਟੀ ਡੀਲਿੰਗ ਦਾ ਕੰਮ ਕਰਦਾ ਹੈਸਥਾਈ ਕੰਮ ਨਾ ਹੋਣ ਕਰਕੇ ਬੱਸ ਆਈ ਚਲਾਈ ਹੁੰਦੀ ਹੈਪਿੱਛੇ ਜਿਹੇ ਮਾਸਟਰ ਜੀ ਬਿਮਾਰ ਪੈ ਗਏਪੈਸਾ ਲੱਗਣ ਦੀ ਥਾਂ ਬਣ ਗਈਪੈਨਸ਼ਨ ਘੱਟ ਹੋਣ ਕਰਕੇ ਅਤੇ ਮਹਿੰਗਾ ਇਲਾਜ ਹੋਣ ਕਰਕੇ ਬਿਪਤਾ ਦੀ ਘੜੀ ਸਾਹਮਣੇ ਖਲੋ ਗਈਛੋਟੇ ਪੁੱਤ ਨੇ ਕਿਹਾ, “ਬਾਪੂ, ਵੱਡੇ ਵੀਰ ਅਤੇ ਭਾਬੀ ਨੂੰ ਬੁਲਾ ਲੈਂਦੇ ਹਾਂ, ਉਹਨਾਂ ਕੋਲ ਚਾਰ ਪੈਸੇ ਨੇ ਤੇਰੇ ਇਲਾਜ ’ਤੇ ਖਰਚ ਕਰਨ ਲਈ।” ਮਾਸਟਰ ਜੀ ਨੂੰ ਇਸ ਗੱਲ ਦਾ ਵਹਿਮ ਸੀ ਕਿ ਵੱਡੇ ਪੁੱਤ ਦੀ ਜੱਦੀ ਘਰ ਵਿੱਚੋਂ ਹਿੱਸਾ ਲੈਣ ਦੀ ਝਾਕ ਹੈਉਹਨੇ ਪਹਿਲਾਂ ਤਾਂ ਨਾਂਹ ਕਰ ਦਿੱਤੀ ਪਰ ਛੋਟੇ ਪੁੱਤ ਦੇ ਸਮਝਾਉਣ ’ਤੇ ਆਖਰ ਮਾਸਟਰ ਜੀ ਮੰਨ ਗਏਵੱਡੇ ਪੁੱਤ ਨੂੰ ਸੁਨੇਹਾ ਭੇਜ ਦਿੱਤਾ ਗਿਆਉਹ ਆਪਣੀ ਪਤਨੀ ਨਾਲ 15 ਛੁੱਟੀਆਂ ਲੈ ਕੇ ਪਹੁੰਚ ਗਿਆਉਹਨਾਂ ਦੋਹਾਂ ਨੇ ਸੇਵਾ ਕਰਕੇ ਆਪਣਾ ਫਰਜ਼ ਨਿਭਾਇਆਮਾਸਟਰ ਜੀ ਬਿਲਕੁਲ ਠੀਕ ਠਾਕ ਹੋ ਗਏ

ਥੋੜ੍ਹੇ ਮਹੀਨਿਆਂ ਬਾਅਦ ਮਾਸਟਰ ਜੀ ਨੇ ਵੱਡੇ ਪੁੱਤ ਨੂੰ ਕਿਹਾ, “ਗੱਲ ਸੁਣ ਬੇਟਾ! ਤੁਹਾਡੀ ਦੋਹਾਂ ਦੀ ਸਰਕਾਰੀ ਨੌਕਰੀ ਹੈ, ਆਹ ਫੜ ਇੱਕ ਲੱਖ ਰੁਪਏ, ਤੇਰਾ ਜੱਦੀ ਮਕਾਨ ਦਾ ਹਿੱਸਾ ... ਅਤੇ ਆਹ ਕਾਗਜ਼ਾਂ ’ਤੇ ਮਾਰ ਦੇ ਘੁੱਗੀ।” ਉਹ ਹੈਰਾਨ ਸੀ ਕਿ ਐਡੇ ਵੱਡੇ ਘਰ ਵਿੱਚੋਂ ਹਿੱਸਾ ਬੱਸ ਇੰਨਾ ਹੀ? ਪਰ ਅੰਤ ਇਹ ਸੋਚ ਕੇ ਛੋਟੇ ਭਰਾ ਦਾ ਕੰਮ ਠੋਸ ਨਹੀਂ, ਅਤੇ ਬਾਪੂ ਦੀ ਪੈਨਸ਼ਨ ਘੱਟ ਹੈ, ਉਸਨੇ ਕਾਗਜ਼ਾਂ ’ਤੇ ਸਾਈਨ ਕਰ ਦਿੱਤੇਛੇਤੀ ਹੀ ਘਰ ਦੀ ਵਸੀਅਤ ਛੋਟੇ ਪੁੱਤ ਦੇ ਨਾਮ ਕਰ ਦਿੱਤੀ ਗਈ

ਥੋੜ੍ਹਾ ਸਮਾਂ ਹੋਰ ਲੰਘਣ ’ਤੇ ਮਾਸਟਰ ਜੀ ਅਤੇ ਛੋਟੇ ਪੁੱਤ ਨੇ ਛੋਟੀ ਜਿਹੀ ਤਕਰਾਰ ਤੋਂ ਬਾਅਦ ਸਦਾ ਲਈ ਵੱਡੇ ਨੂੰਹ ਪੁੱਤ ਨਾਲ ਤੋੜ ਵਿਛੋੜਾ ਕਰ ਲਿਆਮਾਸਟਰ ਜੀ ਦਾ ਇਲਾਜ ਹੋ ਗਿਆ ਸੀ, ਘਰ ਦੀ ਰਜਿਸਟਰੀ ਛੋਟੇ ਪੁੱਤ ਦੇ ਨਾਮ ’ਤੇ ਹੋ ਗਈ ਸੀਤੋੜ ਵਿਛੋੜੇ ਨਾਲ ਛੋਟੇ ਪੁੱਤ ਦਾ ਡਰ ਚੁੱਕਿਆ ਗਿਆ ਕਿ ਹੁਣ ਵੱਡਾ ਭਰਾ ਕਦੇ ਵੀ ਵਸੀਅਤ ਵਿੱਚ ਤਬਦੀਲੀ ਨਹੀਂ ਕਰਾ ਪਾਵੇਗਾਇਹ ਤਾਂ ਉਹ ਗੱਲ ਹੋਈ ‘ਕੋਠਾ ਉੱਸਰਿਆ, ਤਰਖਾਣ ਵਿਸਰਿਆ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਸਵਾਰਥਪੁਣੇ ਨੇ ਲੋਕਾਂ ਨੂੰ ਆਪਣੇ ਆਪ ਤੱਕ ਹੀ ਸੀਮਿਤ ਕਰ ਦਿੱਤਾ ਹੈਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰਾ ਕੰਮ ਇੱਕ ਵਾਰ ਨਿਕਲ ਜਾਵੇ, ਫਿਰ ਤੂੰ ਕੌਣ ਅਤੇ ਮੈਂ ਕੌਣ? ਰਿਸ਼ਤੇਦਾਰ ਵੀ ਉਦੋਂ ਤੱਕ ਤੁਹਾਡੇ ਹਨ ਜਦੋਂ ਤੱਕ ਤੁਸੀਂ ਉਹਨਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਦੇ ਹੋਮੇਰਾ ਇੱਕ ਮਿੱਤਰ ਅਤੇ ਉਸਦੀ ਪਤਨੀ ਆਪਣੀ ਨਵੀਂ ਵੱਡੀ ਕਾਰ ਵਿੱਚ ਆਪਣੇ ਮਾਸੀ ਮਾਸੜ ਦੇ ਮੁੰਡੇ ਦੇ ਵਿਆਹ ’ਤੇ ਗਏਉਹਨਾਂ ਦੀ ਗੱਡੀ ਵੇਖ ਕੇ ਮਾਸੜ ਦੇ ਮਨ ਵਿੱਚ ਆਇਆ, ਕਿਉਂ ਨਾ ਇਹ ਕਾਰ ਸਜਾਈ ਜਾਵੇ? ਨਾਲ ਟੌਹਰ ਬਣ ਜਾਊ, ਨਾਲੇ ਦੂਜੀ ਕਾਰ ਦੇ ਕਿਰਾਏ ਦਾ ਖਰਚਾ ਬਚ ਜਾਊਪਹਿਲਾਂ ਮਿੱਤਰ ਨੇ ਮਨ੍ਹਾਂ ਕਰ ਦਿੱਤਾਪਰ ਜਦੋਂ ਵੇਖਿਆ ਕਿ ਮਾਸੀ ਮਾਸੜ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਹੇ, ਨਾ ਹੀ ਬੈਠਣ ਨੂੰ ਕਹਿ ਰਹੇ ਹਨ ਤਾਂ ਮੇਰੇ ਮਿੱਤਰ ਨੇ ਆਪਣੀ ਗੱਡੀ ਦੀ ਚਾਬੀ ਉਹਨਾਂ ਨੂੰ ਫੜਾ ਦਿੱਤੀ

ਰਾਤ ਨੂੰ 9 ਵਜੇ ਡੋਲੀ ਘਰ ਪਹੁੰਚਣ ’ਤੇ ਗੱਡੀ ਦੀ ਚਾਬੀ ਮਿੱਤਰ ਨੂੰ ਦੇ ਦਿੱਤੀ ਗਈਉਹ ਰਾਤ ਨੂੰ ਹੀ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਿਆਮਾਸੀ ਮਾਸੜ ਨੇ ਇੱਥੋਂ ਤੱਕ ਨਾ ਕਿਹਾ ਕਿ ਰੁਕ ਜਾਵੋ, ਸਵੇਰੇ ਉੱਠ ਕੇ ਚਲੇ ਜਾਇਓਕੋਠਾ ਉੱਸਰਿਆ, ਤਰਖਾਣ ਵਿਸਰਿਆ ਵਾਲੀ ਗੱਲ ਇੱਥੇ ਵੀ ਫਿੱਟ ਬਹਿ ਗਈ

ਆਪਣਾ ਕੰਮ ਕਢਵਾ ਕੇ ਦੂਜਿਆਂ ਦੇ ਪਰਉਪਕਾਰ ਨੂੰ ਭੁੱਲ ਜਾਣਾ ਅਹਿਸਾਨ ਫਰਾਮੋਸ਼ੀ ਹੈਇਹ ਕਿਸੇ ਦੀ ਸ਼ਖਸੀਅਤ ਦਾ ਮਾੜਾ ਪੱਖ ਹੈਕਈ ਤੁਹਾਨੂੰ ਕਮਿਸ਼ਨ ਏਜੰਟ ਮਿਲੇ ਹੋਣਗੇ ਜੋ ਪਾਲਿਸੀ ਸ਼ੁਰੂ ਕਰਵਾਉਣ ਸਮੇਂ ਅਦਬ ਨਾਲ ਪੇਸ਼ ਆਉਣਗੇ, ਪਾਲਿਸੀ ਖਤਮ ਹੋਣ ਤੋਂ ਬਾਅਦ ਜੇਕਰ ਉਹੀ ਰੀਨਿਊ ਕਰਵਾਉਣੀ ਹੋਵੇ ਤਾਂ ਠੀਕ ਹੈ, ਪਰ ਜੇ ਤੁਸੀਂ ਇਨਕਾਰ ਕਰ ਦਿੱਤਾ ਤਾਂ ਉਹੀ ਏਜੰਟ ਤੁਹਾਡੇ ਕੋਲੋਂ ਇੰਝ ਲੰਘ ਜਾਵੇਗਾ, ਜਿਵੇਂ ਉਹ ਤੁਹਾਨੂੰ ਜਾਣਦਾ ਹੀ ਨਾ ਹੋਵੇਇਹ ਵੀ ਮਾੜੀ ਸੋਚ ਹੈ ਕਿ ਜੇ ਬੰਦੇ ਦੀ ਹੁਣ ਜ਼ਰੂਰਤ ਨਹੀਂ ਤਾਂ ਉਸ ਤੋਂ ਆਪਣੀ ਪਿੱਠ ਘੁਮਾ ਲਵੋ ਜਾਂ ਸਦਾ ਲਈ ਲਕੀਰ ਖਿੱਚ ਕੇ ਦੂਰੀ ਬਣਾ ਲਵੋਇਹ ਕੋਈ ਸਿਆਣਪ ਵਾਲੀ ਗੱਲ ਨਹੀਂ

ਮੇਰੇ ਦਾਦੀ ਜੀ ਕਿਹਾ ਕਰਦੇ ਸੀ ਕਿ ਗਲੀਆਂ ਦੇ ਕੱਖ ਵੀ ਕਈ ਵਾਰ ਕੰਮ ਆ ਜਾਂਦੇ ਹਨ, ਅਸੀਂ ਤਾਂ ਫਿਰ ਵੀ ਇਨਸਾਨ ਹਾਂਸਮਾਜ ਵਿੱਚ ਵਿਚਰਦੇ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਅਤੇ ਮਦਦ ਲੈਣੀ ਹੀ ਪੈਂਦੀ ਹੈਰਿਸ਼ਤਿਆਂ ਦੀ ਜੇਕਰ ਸਾਂਝ ਬਣੀ ਰਹੇ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਨਾਲ ਕੀਤੇ ਲਈ ਅਹਿਸਾਨਮੰਦ ਰਹੀਏ, ਦੂਜਿਆਂ ਦੇ ਪਰਉਪਕਾਰ ਨੂੰ ਕਦੇ ਨਾ ਭੁੱਲੀਏਜ਼ਿੰਦਗੀ ਵਿੱਚ ਕਦੋਂ ਕਿਸੇ ਨੂੰ ਕਿਸੇ ਦੀ ਲੋੜ ਪੈ ਜਾਵੇ, ਇਹ ਕਿਹਾ ਨਹੀਂ ਜਾ ਸਕਦਾਜੇਕਰ ਪਹਿਲਾਂ ਕੀਤੀ ਮਦਦ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਤਾਂ ਦੂਜੀ ਵਾਰ ਮਦਦ ਲੈਣ ਲਈ ਸਾਨੂੰ ਮੁਸ਼ਕਿਲ ਪੇਸ਼ ਨਹੀਂ ਆਵੇਗੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1542)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author