“ਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ ...”
(25 ਅਗਸਤ 2020)
ਵੈਸੇ ਤਾਂ ਮਿਲਦੇ ਨੇ ਦੁਨੀਆਂ ’ਤੇ ਲੋਕ ਬਥੇਰੇ
ਪਰ ਯਾਦ ਕੋਈ ਵਿਰਲਾ ਹੀ ਰਹਿ ਜਾਂਦਾ ਹੈ।
ਇਹ ਸਤਰਾਂ ਉਨ੍ਹਾਂ ਸ਼ਖ਼ਸੀਅਤਾਂ ’ਤੇ ਢੁੱਕਦੀਆਂ ਹਨ ਜਿਨ੍ਹਾਂ ਦੀਆਂ ਯਾਦਾਂ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਤਰੀਨ ਰਹਿੰਦੀਆਂ ਹਨ। ਇਹ ਉਹ ਇਨਸਾਨ ਹੁੰਦੇ ਹਨ ਜੋ ਆਪਣੇ ਤੁਰ ਜਾਣ ਤੋਂ ਬਾਅਦ ਸਾਨੂੰ ਇੱਕ ਯਤੀਮ ਵਾਲਾ ਅਹਿਸਾਸ ਕਰਾ ਦਿੰਦੇ ਹਨ। ਭਾਵੇਂ ਸਾਡਾ ਉਨ੍ਹਾਂ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ ਪਰ ਆਪਣੇ ਉੱਚੇ ਸੁੱਚੇ ਕਿਰਦਾਰ ਅਤੇ ਮਿਲਣਸਾਰ ਸੁਭਾਅ ਕਰਕੇ ਉਹਨਾਂ ਦਾ ਵਿਛੋੜਾ ਗੁਲਜ਼ਾਰ ਨੂੰ ਵੀਰਾਨ ਬਣਾ ਦਿੰਦਾ ਹੈ। ਉਨ੍ਹਾਂ ਦੀ ਗੈਰ ਮੌਜੂਦਗੀ ਨਾਲ ਸਾਰਾ ਹੀ ਚੌਗਿਰਦਾ ਭਾਂ ਭਾਂ ਕਰਨ ਲੱਗ ਪੈਂਦਾ ਹੈ। ਅਜਿਹੀ ਇੱਕ ਸ਼ਖ਼ਸੀਅਤ ਸਨ ਬਾਪੂ ਸ਼ਿਵਇੰਦਰਜੀਤ ਸਿੰਘ ਜੋ ਸਾਡੇ ਇੱਕ ਕਾਲੋਨੀ ਦੇ ਬਾਬਾ ਬੋਹੜ ਸਨ। ਜਾਂ ਇਹ ਕਹਿ ਲਵੋ ਸਾਡੀ ਕਾਲੋਨੀ ਦੀ ਰੂਹ ਸਨ। ਉਨ੍ਹਾਂ ਦਾ ਜੱਦੀ ਸ਼ਹਿਰ ਕੋਟਕਪੂਰਾ ਸੀ। ਪਿਛਲੇ ਪੰਜ ਸਾਲਾਂ ਤੋਂ ਉਹਨਾਂ ਨੇ ਇਸ ਕਾਲੋਨੀ ਵਿੱਚ ਆਪਣਾ ਇੱਕ ਫਲੈਟ ਮੁੱਲ ਲੈ ਲਿਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ। ਵੱਡਾ ਬੇਟਾ ਜੱਦੀ ਘਰ ਕੋਟਕਪੂਰੇ ਹੀ ਰਹਿੰਦਾ ਹੈ। ਛੋਟਾ ਬੇਟਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਵਲਜੀਤ ਸਿੰਘ (ਪ੍ਰਿੰਸ) ਦੇ ਨਾ ਨਾਲ ਮਸ਼ਹੂਰ ਹੈ, ਜਿਸ ਨੇ ਪੰਜਾਬੀ ਫਿਲਮ ਟੇਸ਼ਨ ਦੀ ਕਹਾਣੀ ਲਿਖ ਕੇ ਪੰਜਾਬੀ ਫਿਲਮਾਂ ਵਿੱਚ ਆਪਣੀ ਭੂਮਿਕਾ ਦਾ ਅਹਿਸਾਸ ਕਰਵਾਇਆ ਹੈ। ਹੋਰ ਕਈ ਪੰਜਾਬੀ ਫਿਲਮਾਂ ਵਿੱਚ ਉਸ ਵੱਲੋਂ ਨਿਭਾਏ ਵੱਖ ਵੱਖ ਕਿਰਦਾਰ ਉਸ ਦੇ ਵਧੀਆ ਅਦਾਕਾਰ ਹੋਣ ਦੀ ਗਵਾਹੀ ਭਰਦੇ ਹਨ। ਜ਼ਿਆਦਾਤਰ ਸ਼ੂਟਿੰਗ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਹੋਣ ਕਰਕੇ ਬਾਪੂ ਸ਼ਿਵਇੰਦਰਜੀਤ ਸਿੰਘ ਜੀ ਨੇ ਇੱਕ ਫਲੈਟ ਸਾਡੀ ਕਾਲੋਨੀ ਵਿੱਚ ਲੈ ਲਿਆ। ਪ੍ਰਿੰਸ ਅਤੇ ਉਸ ਦਾ ਪਰਿਵਾਰ ਬਾਪੂ ਜੀ ਦੀ ਛਤਰ ਛਾਇਆ ਹੇਠ ਇਸ ਕਲੋਨੀ ਵਿੱਚ ਰਹਿਣ ਲੱਗੇ।
ਸ਼ਿਵਇੰਦਰਜੀਤ ਸਿੰਘ ਜੀ ਨੂੰ ਕਾਲੋਨੀ ਦੇ ਵਸਨੀਕ ਬਾਬਾ ਜੀ, ਬਾਪੂ ਜੀ ਜਾਂ ਅੰਕਲ ਜੀ ਕਹਿ ਕੇ ਬੁਲਾਉਂਦੇ ਸਨ। ਸਾਡੀ ਕਾਲੋਨੀ ਦੇ ਉਮਰ ਵਿੱਚ ਸਭ ਤੋਂ ਵੱਡੇ ਲਗਭਗ 83 ਸਾਲ ਦੇ ਉਹ ਬਜ਼ੁਰਗ ਬਾਕਮਾਲ ਸ਼ਖਸੀਅਤ ਦੇ ਮਾਲਕ ਸਨ। ਚਿਹਰੇ ਉੱਤੇ ਨੂਰ ਅਤੇ ਜਲੌ, ਖੁੱਲ੍ਹਾ ਚਿੱਟਾ ਦਾਹੜਾ, ਚਿੱਟਾ ਕੁੜਤਾ ਪਜਾਮਾ ਅਤੇ ਉੱਪਰ ਗੁਰੂਆਂ ਵੱਲੋਂ ਬਖਸ਼ੀ ਦਾਤ ਗਾਤਰਾ ਸਾਹਿਬ ਅਤੇ ਨੀਲੀ ਪੱਗ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਦੇ। ਮੈਂ ਉਹਨਾਂ ਲਈ ਬੱਚਾ ਸੀ। ਕਈ ਵਾਰ ਸ਼ਾਮ ਨੂੰ ਮੈਂ ਕਾਲੋਨੀ ਵਿੱਚ ਉਨ੍ਹਾਂ ਨਾਲ ਸੈਰ ਕਰਦਾ ਤੇ ਉਹ ਅੱਧੇ ਘੰਟੇ ਵਿੱਚ ਹੀ ਜ਼ਿੰਦਗੀ ਦਾ ਪੂਰਾ ਫਲਸਫ਼ਾ ਮੇਰੇ ਸਾਹਮਣੇ ਰੱਖ ਦਿੰਦੇ। ਉਨ੍ਹਾਂ ਦੇ ਮੂੰਹੋਂ ਗੁਰਬਾਣੀ ਦੀਆਂ ਤੁਕਾਂ ਸੱਚਮੁੱਚ ਸਕੂਨ ਦਿੰਦੀਆਂ। ਜਦੋਂ ਮੈਂ ਕਦੇ ਅਜੋਕੀ ਸਿਆਸਤ ਦੀ ਗੱਲ ਕਰਦਾ ਤਾਂ ਮੈਂਨੂੰ ਇਹ ਕਹਿ ਕੇ ਰੋਕ ਦਿੰਦੇ ਇਹ ਤਾਂ ਸਾਰੇ ਚੋਰ ਹਨ। ਆਪਣੇ ਸਮੇਂ ਦੇ ਅਤੀਤ ਦੇ ਚੰਗੇ ਲੀਡਰਾਂ ਦਾ ਗੁਣਗਾਨ ਜ਼ਰੂਰ ਕਰਦੇ ਤੇ ਕਹਿੰਦੇ ਮੈਂ ਭਾਵੇਂ ਆਲਮ ਫਾਜ਼ਲ ਨਹੀਂ ਪਰ ਮੈਂ ਵੀ ਡਾਇਰੀ ਲਿਖਦਾ ਹਾਂ। ਉਸ ਡਾਇਰੀ ਵਿੱਚੋਂ ਉਹ ਆਪਣੇ ਲਿਖੇ ਕੁਝ ਸ਼ੇਅਰ ਮੇਰੇ ਨਾਲ ਜ਼ਰੂਰ ਸਾਂਝੇ ਕਰਦੇ।
ਸਾਡੀ ਕਾਲੋਨੀ ਵਿੱਚ 60 ਫਲੈਟ ਹਨ l ਉਨ੍ਹਾਂ ਨੂੰ ਸਾਰੇ ਫਲੈਟਾਂ ਦੇ ਇੱਕ ਇੱਕ ਮੈਂਬਰ ਦੀ ਜਾਣਕਾਰੀ ਸੀ। ਉਨ੍ਹਾਂ ਦੀ ਕਾਰਜ ਕੁਸ਼ਲਤਾ ਦੀ ਗੱਲ ਕਰੀਏ ਤਾਂ ਉਹ ਜਵਾਨਾਂ ਤੋਂ ਵੀ ਵੱਧ ਕੰਮ ਕਰਦੇ ਸਨ। ਕਾਲੋਨੀ ਦਾ ਕੋਈ ਵੀ ਕੰਮ ਹੋਵੇ, ਉਹ ਮੂਹਰੇ ਹੋ ਕੇ ਉਸ ਨੂੰ ਸੰਵਾਰਦੇ। ਸੁਸਾਇਟੀ ਦੇ ਛੋਟੇ ਮੋਟੇ ਮਸਲੇ ਉਹ ਆਪ ਹੀ ਨਿਪਟਾ ਦਿੰਦੇ। ਇਨ੍ਹਾਂ ਗੁਣਾਂ ਕਰਕੇ ਉਹ ਸਾਡੀ ਕਾਲੋਨੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਸਨ। ਕਾਲੋਨੀ ਦਾ ਉਨ੍ਹਾਂ ਨੂੰ ਇੰਨਾ ਫਿਕਰ ਹੁੰਦਾ ਸੀ ਕਿ ਜੇ ਕੋਈ ਇੱਕ ਸਟਰੀਟ ਲਾਈਟ ਦਾ ਬਲਬ ਬੰਦ ਹੋ ਜਾਂਦਾ ਤਾਂ ਉਹ ਝੱਟ ਇਲੈਕਟ੍ਰੀਸ਼ਨ ਨੂੰ ਬੁਲਾ ਲੈਂਦੇ। ਉਹਨਾਂ ਕੋਲ ਮਿਸਤਰੀ, ਪਲੰਬਰ, ਪੇਂਟਰ, ਏ ਸੀ ਰਿਪੇਅਰ ਵਾਲੇ, ਮਾਰਬਲ ਅਤੇ ਟਾਇਲਾਂ ਵਾਲੇ ਸਾਰਿਆਂ ਦੇ ਮੋਬਾਇਲ ਨੰਬਰ ਨੋਟ ਸਨ। ਗੇਟ ਪੇਂਟ ਕਰਵਾਉਣਾ, ਗੇਟ ਉੱਪਰ ਕਾਲੋਨੀ ਦਾ ਨਾਮ ਲਿਖਵਾਉਣਾ ਅਤੇ ਕਾਲੋਨੀ ਦੇ ਸਬਮਰਸੀਬਲ ਪੰਪ ਨੂੰ ਠੀਕ ਕਰਵਾਉਣਾ ਸਾਰੇ ਕੰਮ ਆਪਣੇ ਮੋਢਿਆਂ ’ਤੇ ਚੁੱਕੇ ਹੋਏ ਸਨ। ਸਵੇਰੇ ਤੜਕੇ 4 ਵਜੇ ਉੱਠ ਜਾਂਦੇ। ਪਾਠ ਕਰਦੇ, ਫਿਰ ਕਾਲੋਨੀ ਦੇ 20 ਚੱਕਰ ਲਗਾਉਂਦੇ। ਮਿਉਂਸਪਲ ਕਮੇਟੀ ਦਫਤਰ ਜਾਣਾ ਜਾਂ ਕਚਹਿਰੀ ਜਾਣਾ ਹੁੰਦਾ ਉਹ ਪੈਦਲ ਹੀ ਚਲੇ ਜਾਂਦੇ। ਮੇਰੇ ਵਰਗਿਆਂ ਨੇ ਕਹਿਣਾ ਅੰਕਲ ਬੈਠ ਜਾਓ ਮੋਟਰਸਾਈਕਲ ’ਤੇ, ਮੈਂ ਛੱਡ ਆਉਂਦਾ ਹਾਂ। ਉਹ ਹੱਸ ਕੇ ਬੋਲਦੇ, “ਯਾਰ ਤਿੰਨ ਚਾਰ ਕਿਲੋਮੀਟਰ ਨੂੰ ਤਾਂ ਮੈਂ ਕੁਝ ਨਹੀਂ ਸਮਝਦਾ। ਨਾਲੇ ਹੱਡ ਪੈਰ ਠੀਕ ਰਹਿੰਦੇ ਹਨ। ਥੋੜ੍ਹਾ ਬਹੁਤਾ ਸਰੀਰ ਦੀ ਹਿਲਜੁਲ ਠੀਕ ਹੀ ਰਹਿੰਦੀ ਹੈ। ਮੇਰੀ ਉਮਰ ਹੁਣ 80 ਤੋਂ ਟੱਪ ਗਈ ਹੈ, ਜੇ ਮੰਜੇ ’ਤੇ ਪੈ ਗਿਆ ਮੈਂ ਵੀ ਦੁਖੀ ਤੇ ਘਰ ਦੇ ਵੀ ਦੁਖੀ ਹੋਣਗੇ।”
ਉਨ੍ਹਾਂ ਦਾ ਇਸ ਕਾਲੋਨੀ ਨਾਲ ਮੋਹ ਪਿਆਰ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਆਪਣੇ ਜੱਦੀ ਘਰ ਕਦੇ ਕਦੇ ਹੀ ਜਾਂਦੇ ਸੀ। ਕਾਲੋਨੀ ਵਿੱਚ ਕੋਈ ਸਮੱਸਿਆ ਹੁੰਦੀ, ਉਹ ਆਥਣ ਨੂੰ ਮੀਟਿੰਗ ਬੁਲਾ ਕੇ ਸਾਰਿਆਂ ਨੂੰ ਬਿਠਾ ਕੇ ਹੱਲ ਕਰਵਾ ਦਿੰਦੇ। ਜੇ ਕਾਲੋਨੀ ਵਿੱਚ ਕੋਈ ਓਪਰਾ ਬੰਦਾ ਦੇਖ ਲੈਂਦੇ ਤਾਂ ਉਸ ਨੂੰ ਰੋਕ ਕੇ ਪੂਰੀ ਤਫਤੀਸ਼ ਕਰਦੇ। ਹੁਣ ਪ੍ਰਤੀਤ ਹੋਣ ਲੱਗਾ ਜਿਵੇਂ ਬਾਪੂ ਸ਼ਿਵਇੰਦਰਜੀਤ ਸਾਰੀ ਕਾਲੋਨੀ ਦੇ ਬਾਪੂ ਹੋਣ। ਵਿਹਲੇ ਟਾਈਮ ਉਹ ਆਪਣੇ ਫਲੈਟ ਮੁਹਰੇ ਕੁਰਸੀ ’ਤੇ ਬੈਠ ਜਾਂਦੇ ਅਤੇ ਅੱਖਾਂ ਬੰਦ ਕਰਕੇ ਰੱਬ ਨੂੰ ਧਿਆਉਂਦੇ ਰਹਿੰਦੇ। ਕਾਲੋਨੀ ਦੇ ਸਾਰੇ ਪਰਿਵਾਰਾਂ ਦਾ ਅਤੇ ਬਾਕੀ ਘਰ ਦੇ ਜੀਆਂ ਦਾ ਉਨ੍ਹਾਂ ਨੂੰ ਫਿਕਰ ਹੁੰਦਾ। ਉਨ੍ਹਾਂ ਦਾ ਰਹਿਣ ਸਹਿਣ ਅਜਿਹਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਵਡੇਰੀ ਉਮਰ ਦੇ ਵਿੱਚ ਵੀ ਫਿੱਟ ਰੱਖਿਆ ਹੋਇਆ ਸੀ। ਕਦੇ ਸਿਰ ਦਰਦ ਤਕ ਦੀ ਗੋਲੀ ਨਹੀਂ ਸੀ ਖਾਧੀ। ਸਾਡੀ ਸੁਸਾਇਟੀ ਦੇ ਦੋ ਹੋਰ ਸੱਠ ਤੋਂ ਉੱਤੇ ਹੋਏ ਵਿਪਿਨ ਗਰੋਵਰ ਜੀ ਅਤੇ ਪ੍ਰਿਤਪਾਲ ਜੀ ਨਾਲ ਉਨ੍ਹਾਂ ਦਾ ਖਾਸ ਲਗਾਅ ਸੀ। ਹਰ ਗੱਲ ਉਨ੍ਹਾਂ ਨਾਲ ਸਾਂਝੀ ਕਰਦੇ। ਦਿਨ ਵਿੱਚ ਜੇ ਉਨ੍ਹਾਂ ਨਾਲ ਉਹ ਕਾਲੋਨੀ ਦੇ ਚੱਕਰ ਨਹੀਂ ਕੱਟ ਲੈਂਦੇ ਉਹ ਉਨ੍ਹਾਂ ਨੂੰ ਨੀਂਦ ਨਾ ਆਉਂਦੀ।
ਮੌਤ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਗੇਟ ਦਾ ਕੋਈ ਅਧੂਰਾ ਕੰਮ ਖੜੋ ਕੇ ਪੂਰਾ ਕਰਵਾਇਆ। ਪ੍ਰਿਤਪਾਲ ਜੀ ਨੇ ਬਥੇਰਾ ਕਿਹਾ ਕਿ ਰਾਤ ਪੈ ਗਈ ਬਾਕੀ ਕੰਮ ਸਵੇਰੇ ਨਿਬੇੜਾਂਗੇ। ਉਹ ਹੱਸ ਕੇ ਕਹਿਣ ਲੱਗੇ, “ਜ਼ਿੰਦਗੀ ਵਿੱਚ ਜਿਸ ਕੰਮ ਨੂੰ ਮੈਂ ਹੱਥ ਪਾ ਲੈਂਦਾ ਹਾਂ ਉਹਨੂੰ ਪੂਰਾ ਕਰਕੇ ਛੱਡਦਾ ਹਾਂ। ਨਾਲੇ ਕੱਲ੍ਹ ਕਿਹਨੇ ਵੇਖੀ ਹੈ?” ਉਨ੍ਹਾਂ ਦੀ ਗੱਲ ਬਿਲਕੁਲ ਸੱਚ ਨਿਕਲੀ। ਅਗਲੇ ਦਿਨ ਬਾਪੂ ਜੀ ਸਵੇਰੇ ਉੱਠੇ। ਰੋਜ਼ ਵਾਂਗ ਕਾਲੋਨੀ ਦੇ ਦਸ ਗੇੜੇ ਕੱਢੇ। ਥੋੜ੍ਹੀ ਜਿਹੀ ਥਕਾਵਟ ਮਹਿਸੂਸ ਹੋਈ। ਘਰ ਆ ਗਏ। ਆਪਣੇ ਬੇਟੇ ਨੂੰ ਆਖਣ ਲੱਗੇ ਕਿ ਮੈਂਨੂੰ ਘਬਰਾਹਟ ਹੋ ਰਹੀ ਹੈ। ਉਨ੍ਹਾਂ ਨੂੰ ਗਰਮ ਕਰਕੇ ਦੁੱਧ ਪੀਣ ਨੂੰ ਦਿੱਤਾ। ਥੋੜ੍ਹੇ ਚਿਰ ਬਾਅਦ ਉਹ ਫੇਰ ਖੜ੍ਹੇ ਹੋ ਗਏ, “ਮੈਂ ਹਰ ਰੋਜ਼ ਵੀਹ ਚੱਕਰ ਲਗਾਉਂਦਾ ਹਾਂ। ਅਜੇ 10 ਚੱਕਰ ਰਹਿ ਗਏ ਨੇ।” ਕਹਿੰਦੇ ਹੋਏ ਉਹ ਘਰੋਂ ਬਾਹਰ ਆ ਗਏ।
ਕਲੋਨੀ ਦੇ ਦੋ ਚੱਕਰ ਹੋਰ ਲਗਾਏ। ਇੱਕ ਦਮ ਮੱਥੇ ’ਤੇ ਤਰੇਲੀਆਂ ਆ ਗਈਆਂ। ਜਲਦੀ ਜਲਦੀ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏ। ਬੇਸੁਰਤ ਹੋ ਕੇ ਆਪਣੇ ਬੇਟੇ ਦੇ ਮੋਢੇ ’ਤੇ ਸਿਰ ਧਰ ਕੇ ਅੱਖਾਂ ਬੰਦ ਕੀਤੀਆਂ ਜਿਵੇਂ ਕਿ ਉਹ ਦੁਨੀਆਂ ਤੋਂ ਮੋਹ ਤਿਆਗਣ ਦੀ ਤਿਆਰੀ ਵਿੱਚ ਸਨ। ਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ, ਆਪਣੇ ਬੇਟੇ ਵੱਲ ਵੇਖ ਕੇ ਮੁਸਕਰਾਏ, ਫਿਰ ਸਦਾ ਦੀ ਨੀਂਦ ਸੌਂ ਗਏ।
15 ਅਗਸਤ 2020 ਨੂੰ ਆਜ਼ਾਦੀ ਵਾਲੇ ਦਿਨ ਉਹ ਇਸ ਸੰਸਾਰ ਤੋਂ ਸਦਾ ਲਈ ਆਜ਼ਾਦ ਹੋ ਗਏ। ਅਜਿਹੀ ਮੌਤ ਚੰਗੇ ਕਰਮਾਂ ਵਾਲੇ ਜਾਂ ਨਸੀਬਾਂ ਵਾਲਿਆਂ ਨੂੰ ਹੀ ਆਉਂਦੀ ਹੈ। ਬਾਪੂ ਸ਼ਿਵਇੰਦਰਜੀਤ ਸਿੰਘ ਦੀ ਕਮੀ ਸ਼ਾਇਦ ਕੋਈ ਵਿਰਲਾ ਹੀ ਪੂਰੀ ਕਰ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2311)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)