NavdeepBhatia7ਅੱਜ ਵੀ ਜਦ ਲੁਧਿਆਣੇ ਜਾਂਦਾ ਹਾਂ ਤਾਂ ਵੇਖਦਾ ਹਾਂ ਲੜਕੇ ਲੜਕੀਆਂ ਦਾ ਸਰਕਾਰੀ ਕਾਲਜਆਰੀਆ ਕਾਲਜ ...
(12 ਜੂਨ 2022)
ਮਹਿਮਾਨ: 281.


ਮੈਂ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਜੰਮਪਲ ਹਾਂ। ਮੇਰਾ ਜ਼ਿਆਦਾ ਸਮਾਂ ਖੰਨੇ ਗੁਜ਼ਰਿਆ। ਪਰ ਮੇਰਾ ਮੋਹ ਖਾਸ ਲੁਧਿਆਣੇ ਨਾਲ ਰਿਹਾ। ਅੱਜ ਤੋਂ 46 ਸਾਲ ਪਹਿਲਾਂ ਮੇਰੇ ਨਾਨਕੇ ਹਠੂਰ ਪਿੰਡ ਤੋਂ ਲੁਧਿਆਣੇ ਆ ਕੇ ਵਸ ਗਏ। ਹੈਬੋਵਾਲ ਏਰੀਏ ਵਿੱਚ ਆਪਣਾ ਪਲਾਟ ਲੈ ਕੇ ਕੋਠੀ ਬਣਾਈ। ਆਲੇ ਦੁਆਲੇ ਖੇਤ ਹੀ ਖੇਤ ਸਨ। ਕੋਈ 10 ਕੁ ਘਰ ਬਣੇ ਹੋਏ ਸਨ। ਡੀ ਐੱਮ ਸੀ ਹਸਪਤਾਲ ਅਤੇ ਆਰੀਆ ਕਾਲਜ ਦੀ ਝਲਕ ਉੱਥੋਂ ਹੀ ਦਿਸਦੀ ਸੀ। 1976 ਵਿੱਚ ਜਦ ਨਾਨਕਿਆਂ ਦੀ ਕੋਠੀ ਬਣ ਕੇ ਤਿਆਰ ਹੋ ਗਈ ਤਾਂ ਸਾਨੂੰ ਚਾਅ ਚੜ੍ਹ ਗਿਆ। ਮੇਰੇ ਪਿਤਾ ਜੀ ਡਾਕਖਾਨੇ ਵਿੱਚ ਕੰਮ ਕਰਦੇ ਸਨ ਅਤੇ ਮੇਰੇ ਮਾਤਾ ਜੀ ਕੱਪੜੇ ਦੀ ਸਿਲਾਈ ਦਾ ਕੰਮ ਕਰਦੇ ਸਨ।

ਜਦੋਂ ਪਿਤਾ ਜੀ ਦੀ ਬਦਲੀ ਲੁਧਿਆਣੇ ਦੀ ਹੋਈ ਤਾਂ ਅਸੀਂ ਵੀ ਲੁਧਿਆਣੇ ਆ ਗਏ। ਉੱਥੇ ਮਕਾਨ ਕਿਰਾਏ ’ਤੇ ਰਹਿ ਕੇ ਰਹਿਣ ਲੱਗ ਪਏ। ਹੈਬੋਵਾਲ ਵਿੱਚ ਹੀ ਇੱਕ ਪ੍ਰਾਈਵੇਟ ਸਕੂਲ ਰਾਜਿੰਦਰਾ ਮਾਡਲ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। 6 ਕੁ ਮਹੀਨੇ ਉੱਥੇ ਰਹੇ ਅਤੇ ਪਿਤਾ ਜੀ ਨੇ ਤਬਾਦਲਾ ਖੰਨਾ ਸ਼ਹਿਰ ਦਾ ਕਰਵਾ ਲਿਆ। ਇੱਕ ਤਾਂ ਖੰਨੇ ਮੇਰੇ ਦਾਦੀ ਜੀ ਇਕੱਲੇ ਰਹਿ ਗਏ ਸਨ, ਦੂਜਾ ਮੇਰੇ ਮਾਤਾ ਜੀ ਦਾ ਸਿਲਾਈ ਦਾ ਕੰਮ ਇੱਥੇ ਨਾ ਚੱਲਿਆ। ਮੇਰੇ ਤਾਇਆ ਜੀ ਪਹਿਲਾਂ ਹੀ ਲੁਧਿਆਣੇ ਦੀ ਯੋਧੇਵਾਲ ਬਸਤੀ ਵਿੱਚ ਰਹਿੰਦੇ ਸਨ।

ਮੇਰੇ ਤਾਇਆ ਜੀ ਪੀ ਏ ਯੂ ਤੋਂ ਅਕਾਊਂਟ ਅਫਸਰ ਰਿਟਾਇਰ ਹੋਏ ਸਨ ਜੋ ਹਣ 6 ਸਾਲ ਪਹਿਲਾਂ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਹਨ। ਮੇਰੇ ਕੋਲ ਛੁੱਟੀਆਂ ਬਿਤਾਉਣ ਲਈ ਦੋ ਘਰ ਹੋ ਗਏ। ਇੱਕ ਨਾਨਕਿਆਂ ਦਾ ਘਰ ਤੇ ਇੱਕ ਦਾਦਕਿਆਂ ਦਾ ਘਰ। ਜਦੋਂ ਮੈਂ ਛੁੱਟੀਆਂ ਕੱਟਣ ਹੈਬੋਵਾਲ ਆਉਂਦਾ ਤਾਂ ਗੁਆਂਢ ਵਿੱਚ ਚਾਂਦਨਾ ਅੰਕਲ ਜੋ ਪੀ ਯੂ ਏ ਵਿੱਚ ਸੁਪਰਡੈਂਟ ਸਨ ਅਤੇ ਮੇਰੇ ਤਾਇਆ ਜੀ ਦੇ ਦੋਸਤ ਸਨ, ਉਹ ਤਾਇਆ ਜੀ ਨੂੰ ਮੇਰੇ ਆਉਣ ਬਾਰੇ ਦੱਸ ਦਿੰਦੇ। ਅੱਧੀਆਂ ਛੁੱਟੀਆਂ ਕੱਟਣ ਲਈ ਤਾਇਆ ਜੀ ਮੈਨੂੰ ਨਾਲ ਲੈ ਜਾਂਦੇ।

ਮੈਨੂੰ ਯਾਦ ਹੈ, ਜਦ ਮੈਨੂੰ ਛੁੱਟੀਆਂ ਹੁੰਦੀਆਂ ਤਾਂ ਮੈਂ ਤੇ ਮੇਰੇ ਮਾਤਾ ਜੀ ਬੱਸ ਚੜ੍ਹ ਕੇ ਲੁਧਿਆਣੇ ਪਹੁੰਚਦੇ। ਸੀਟ ਲੜ ਕੇ ਬਾਰੀ ਵਾਲੀ ਲੈਂਦੇ ਸੀ। ਪ੍ਰਾਈਵੇਟ ਨਾਲੋਂ ਸਰਕਾਰੀ ਬੱਸਾਂ ਦੀ ਗਿਣਤੀ ਕੁਝ ਜ਼ਿਆਦਾ ਸੀ। ਬੱਸ ਖੰਨੇ ਤੋਂ ਚੱਲ ਕੇ ਲੁਧਿਆਣੇ ਪਹੁੰਚਣ ਨੂੰ ਜ਼ਿਆਦਾ ਸਮਾਂ ਲਾ ਦਿੰਦੀ ਕਿਉਂਕਿ ਉਸਨੇ ਹਰ ਪਿੰਡ ਵਿੱਚ ਸਵਾਰੀਆਂ ਉਤਾਰਨੀਆਂ ਤੇ ਚੁੱਕਣੀਆਂ ਹੁੰਦੀਆਂ ਸਨ। ਡੇਢ ਘੰਟੇ ਬਾਅਦ ਬੱਸ ਲੁਧਿਆਣੇ ਅੱਪੜਦੀ। ਉਸ ਸਮੇਂ ਆਟੋ ਰਿਕਸ਼ਾ ਨਹੀਂ ਹੁੰਦੇ ਸਨ, ਰਿਕਸ਼ੇ ਜਾਂ ਟਾਂਗੇ ਹੁੰਦੇ ਸਨ। ਸਾਨੂੰ ਰਿਕਸ਼ੇ ਨਾਲੋਂ ਟਾਂਗੇ ਦੀ ਸਵਾਰੀ ਜ਼ਿਆਦਾ ਚੰਗੀ ਲਗਦੀ ਸੀ। ਘੋੜੇ ਦੇ ਪੈਰਾਂ ਦੀ ਟਪ ਟਪ ਚੰਗੀ ਲਗਦੀ ਸੀ।

ਮੇਰੇ ਨਾਨੀ ਜੀ ਦਾਲ ਸਬਜ਼ੀ ਬਹੁਤ ਸੁਆਦ ਬਣਾਉਂਦੇ ਸਨ। ਮੇਰੇ ਮਾਤਾ ਜੀ ਸਭ ਤੋਂ ਵੱਡੇ ਹੋਣ ਕਰਕੇ ਨਾਨੀ ਨਾਲ ਬਹੁਤ ਪਿਆਰ ਸੀ। ਹਰ ਛੋਟੀ ਵੱਡੀ ਗੱਲ ਵਿੱਚ ਮਾਂ ਧੀ ਦੀ ਸਾਂਝ ਸੀ। ਜਦੋਂ ਸਾਡੀ ਕੋਠੀ ਬਣੀ, ਉਸ ਸਾਲ ਹੀ ਮੇਰੇ ਮਾਮਾ ਮਨਿੰਦਰ ਸਿੰਘ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਭਰਤੀ ਹੋ ਗਏ। ਘਰ ਵਿੱਚ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ। ਗਰਮੀਆਂ ਵਿੱਚ ਅੰਬ, ਖ਼ਰਬੂਜੇ ਤੇ ਤਰਬੂਜ਼ ਆਮ ਹੀ ਖਾਂਦੇ ਸਾਂ। ਆਥਣ ਵੇਲੇ ਵੱਡੇ ਤੁਸਕ ਵਿੱਚ 2 ਕਿਲੋ ਦੁੱਧ ਵਿੱਚ ਦੋ ਗੁਲਾਬੀ ਬੱਤੇ ਪਾ ਕੇ ਪੂਰਾ ਟੱਬਰ ਪੀ ਕੇ ਆਨੰਦ ਲੈਂਦਾ।

ਖੰਨੇ ਕਾਲਜ ਵਿੱਚ ਬੀ ਏ ਕਰਨ ਤੋਂ ਬਾਅਦ ਮੈਂ ਦੋ ਸਾਲ ਨਾਨਕੇ ਰਿਹਾ। ਉੱਥੇ ਰਹਿ ਕੇ ਮੈਂ ਐੱਮ ਏ ਇੰਗਲਿਸ਼ ਪੰਜਾਬ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਕੀਤੀ ਤੇ ਨਾਲ ਨਾਲ ਇੱਕ ਲੋਹੇ ਦੀ ਮਿੱਲ ਵਿੱਚ ਕੰਮ ਕੀਤਾ। ਉਹ ਲੋਹੇ ਦੀ ਮਿੱਲ ਅੱਜ ਵੀ ਵਿਸ਼ਕਰਮਾ ਚੌਕ ਨੇੜੇ ਹੈ। ਸਰਕਾਰੀ ਨੌਕਰੀ ਮਿਲਣ ਦੇ ਕਈ ਸਾਲਾਂ ਬਾਅਦ ਮਿੱਲ ਦੇ ਬਾਊ ਜੀ ਨੂੰ ਮਿਲਣ ਗਿਆ ਸੀ। ਉਹਨਾਂ ਨੇ ਮੈਨੂੰ ਵੇਖ ਕੇ ਖੁਸ਼ੀ ਤੇ ਤਸੱਲੀ ਪ੍ਰਗਟਾਈ।

ਲੁਧਿਆਣੇ ਨਾਲ ਜੁੜੀ ਇੱਕ ਹੋਰ ਗੱਲ। ਮੇਰਾ 28 ਸਾਲ ਪਹਿਲਾਂ ਵਿਆਹ ਵੀ ਲੁਧਿਆਣੇ ਦੀ ਲੜਕੀ ਨਾਲ ਹੋਇਆ। ਮੇਰਾ ਤੀਜਾ ਘਰ, ਮੇਰਾ ਸਹੁਰਾ ਘਰ ਵੀ ਲੁਧਿਆਣਾ ਸ਼ਹਿਰ ਬਣ ਗਿਆ। ਅੱਜਕਲ੍ਹ ਲੁਧਿਆਣਾ ਸ਼ਹਿਰ ਭਾਵੇਂ ਬਹੁਤ ਵਿਕਸਿਤ ਹੋ ਗਿਆ ਹੈ ਪਰ ਬੁੱਢਾ ਨਾਲਾ ਉਸੇ ਤਰ੍ਹਾਂ ਹੀ ਹੈ। ਪਹਿਲਾਂ ਨਾਲੋਂ ਵੀ ਜ਼ਿਆਦਾ ਗੰਦਾ ਹੋ ਗਿਆ ਹੈ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਪਰ ਪਰਨਾਲਾ ਉੱਥੇ ਦਾ ਉੱਥੇ। ਇਸਦੀ ਸਫਾਈ ਦੀ ਅੱਜ ਬਹੁਤ ਜ਼ਰੂਰਤ ਹੈ।

ਉਸ ਸਮੇਂ ਲੁਧਿਆਣੇ ਵਿੱਚ 16-17 ਸਿਨੇਮਾਘਰ ਸਨ। ਆਰਤੀ ਸਿਨੇਮਾ ਅਤੇ ਮਲਹਾਰ ਸਿਨੇਮਾ ਵਧੀਆ ਵਿੱਚ ਗਿਣੇ ਜਾਂਦੇ ਸਨ। ਫਿਲਮ ਵੇਖਣ ਦਾ ਚਾਅ ਵਿਆਹ ਵੇਖਣ ਬਰਾਬਰ ਸੀ। ਕਈ ਵਾਰ ਧੱਕਾ ਮੁੱਕੀ ਵੀ ਹੋ ਜਾਂਦੀ। ਹੁਣ ਵੱਡੇ ਮਾਲ ਬਣ ਗਏ ਹਨ। ਸਿਨੇਮਿਆਂ ਦੀ ਥਾਂ ਪੀ ਵੀ ਆਰ ਨੇ ਲੈ ਲਈ ਹੈ। ਹੁਣ ਫਿਲਮ ਦੀ ਟਿਕਟ ਲੈਣ ਲਈ ਧੱਕਾ ਨਹੀਂ ਪੈਂਦਾ। ਟਿਕਟਾਂ ਦੀ ਘਰ ਬੈਠੇ ਆਨਲਾਈਨ ਬੁਕਿੰਗ ਹੋ ਜਾਂਦੀ ਹੈ। ਚਹੁੰ ਪਾਸੇ ਫਲਾਈਓਵਰ ਬਰਿੱਜ ਬਣ ਗਏ ਹਨ। ਇਸਦੇ ਬਾਵਜੂਦ ਟ੍ਰੈਫਿਕ ਅਤੇ ਪ੍ਰਦੂਸ਼ਨ ਵਿੱਚ ਬੇਹੱਦ ਇਜ਼ਾਫਾ ਹੋਇਆ ਹੈ।

ਪਿਛਲੇ ਸਾਲ ਮੇਰੇ ਮਾਪੇ ਆਪਣਾ ਖੰਨੇ ਦਾ ਜੱਦੀ ਘਰ ਵੇਚ ਕੇ ਲੁਧਿਆਣੇ ਆਪਣੇ ਛੋਟੇ ਲੜਕੇ ਕੋਲ ਸ਼ਿਫਟ ਕਰ ਗਏ ਹਨ। ਅੱਜ ਵੀ ਜਦ ਲੁਧਿਆਣੇ ਜਾਂਦਾ ਹਾਂ ਤਾਂ ਵੇਖਦਾ ਹਾਂ ਲੜਕੇ ਲੜਕੀਆਂ ਦਾ ਸਰਕਾਰੀ ਕਾਲਜ, ਆਰੀਆ ਕਾਲਜ, ਰਾਮਗੜ੍ਹੀਆ ਕਾਲਜ, ਖਾਲਸਾ ਕਾਲਜ, ਮਾਲਵਾ ਕਾਲਜ, ਐਕਸਟੈਂਸ਼ਨ ਲਾਇਬ੍ਰੇਰੀ, ਪੰਜਾਬੀ ਭਵਨ, ਰੱਖ ਬਾਗ, ਰੋਜ਼ ਗਾਰਡਨ, ਘੰਟਾ ਘਰ, ਦੋ ਮੋਰੀਆ ਪੁਲ ਅਤੇ ਚੌੜਾ ਬਾਜ਼ਾਰ ਉਸੇ ਤਰ੍ਹਾਂ ਹੀ ਹਨ ਜਿਵੇਂ ਪਹਿਲਾਂ ਸਨ। ਚੌੜਾ ਬਾਜ਼ਾਰ ਵਿੱਚ 50 ਸਾਲ ਪਹਿਲਾਂ ਦੀ ਪ੍ਰਕਾਸ਼ ਸਵੀਟ ਸ਼ਾਪ ਅੱਜ ਵੀ ਚੜ੍ਹਾਈ ’ਤੇ ਹੈ। ਇਸੇ ਬਾਜ਼ਾਰ ਵਿੱਚ ਕੋਤਵਾਲੀ ਦੀ ਨੁੱਕਰ ’ਤੇ ਇੱਕ ਦੁਕਾਨ ਹੈ ਜਿੱਥੇ ਪੁਰਾਣੀ ਤੋਂ ਪੁਰਾਣੀ ਕੈਸੇਟ ਜਾਂ ਸੀ ਡੀ ਮਿਲ ਜਾਂਦੀ ਹੈ।

ਦੂਜੇ ਪਾਸੇ ਅਜੋਕੇ ਲੁਧਿਆਣੇ ਵਿੱਚ ਜੋ ਕੁਝ ਬਦਲ ਗਿਆ ਹੈ, ਅੱਜ ਦੀ ਪੀੜ੍ਹੀ ਨੂੰ ਚੰਗਾ ਲਗਦਾ ਹੈ। ਅੱਜਕਲ੍ਹ ਨੌਜਵਾਨ ਐਕਸਟੈਂਸ਼ਨ ਲਾਇਬ੍ਰੇਰੀ ਦੀ ਥਾਂ ਸ਼ਾਪਿੰਗ ਮਾਲਾਂ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ। ਟਾਂਗਿਆਂ ਦੀ ਥਾਂ ਕਾਰਾਂ ਅਤੇ ਆਟੋ ਰਿਕਸ਼ਾ ਨੇ ਲੈ ਲਈ ਹੈ। ਘੋੜਿਆਂ ਦੇ ਖੁਰਾਂ ਦੀਆਂ ਟਾਪਾਂ ਦੀ ਆਵਾਜ਼ ਸੜਕਾਂ ’ਤੇ ਚੱਲਦੀਆਂ ਗੱਡੀਆਂ ਨੇ ਦੱਬ ਲਈ ਹੈ। ਮੈਂ ਸੋਚ ਰਿਹਾ ਹਾਂ ਕਿ ਮਹਿੰਗੀਆਂ ਕਾਰਾਂ ਵਿੱਚ ਬੈਠੇ ਉਦਾਸ ਚਿਹਰੇ ਟਾਂਗਿਆਂ ਵਿੱਚ ਬੈਠੇ ਹੱਸਦੇ ਚਿਹਰਿਆਂ ਦਾ ਕੀ ਮੁਕਾਬਲਾ ਕਰਨਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3623)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author