“ਸ਼ਰੀਕੇ ਵਾਲੇ ਅਕਸਰ ਕਹਿੰਦੇ ਸਨ ਕਿ ਇਸ ਭੌਂਦੂ ਨੇ ਕੀ ਤਰੱਕੀ ਕਰਨੀ ਹੈ। ਉਹ ਲੜਕਾ ...”
(2 ਮਾਰਚ 2021)
(ਸ਼ਬਦ: 880)
ਜਦੋਂ ਅਸੀਂ ਮਨ ਵਿੱਚ ਕੋਈ ਗੱਲ ਰੱਖ ਕੇ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੁਣਾਉਂਦੇ ਹਾਂ ਤਾਂ ਉਹ ਚੋਭ ਹੁੰਦੀ ਹੈ। ਉਸ ਵਿਚਲੀ ਕਟਾਕਸ਼ ਦੀ ਧਾਰ ਇੰਨੀ ਤਿੱਖੀ ਹੁੰਦੀ ਹੈ ਕਿ ਕਿਸੇ ਦੀ ਭਾਵਨਾ ਨੂੰ ਜ਼ਖਮੀ ਕਰ ਸਕਦੀ ਹੈ। ਚੋਭ ਦਾ ਅਰਥ ਹੁੰਦਾ ਇਹੀ ਹੈ ਕਿ ਕਿਸੇ ਦੀ ਕਹੀ ਗੱਲ ਸੂਲ ਵਾਂਗ ਚੁੱਭ ਜਾਵੇ। ਅਕਸਰ ਚੋਭ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਦਾ ਮਨੋਬਲ ਡੇਗਣਾ ਹੋਵੇ। ਜ਼ਿਆਦਾਤਰ ਚੋਭਾਂ ਵਿਚਲਾ ਸੁਨੇਹਾ ਨਾਂਹ ਪੱਖੀ ਹੁੰਦਾ ਹੈ। ਸੁਣਾਉਣ ਵਾਲਾ ਤਾਂ ਆਪਣੀ ਗੱਲ ਕਹਿ ਦਿੰਦਾ ਹੈ, ਅੱਗੇ ਸੁਣਨ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਉਸ ਚੋਭ ਨੂੰ ਕਿਸ ਰੂਪ ਵਿੱਚ ਲੈਂਦਾ ਹੈ। ਬਹੁਤੇ ਲੋਕ ਤਾਂ ਚੋਭ ਵਿਚਲੇ ਡੰਗ ਦੇ ਡੱਸੇ ਹੋਏ ਹੌਸਲਾ ਛੱਡ ਦਿੰਦੇ ਹਨ ਤੇ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਖੜ੍ਹ ਸਕਦੇ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਚੋਭ ਵਿਚਲੇ ਡੰਗ ਨੂੰ ਆਪਣੇ ਪੱਕੇ ਮਨਸੂਬਿਆਂ ਨਾਲ ਨੁਕਸਾਨ ਰਹਿਤ ਕਰ ਦਿੰਦਾ ਹੈ। ਜਾਂ ਇੰਜ ਕਹਿ ਲਓ ਚੋਭ ਨੂੰ ਚੁਣੌਤੀ ਦੇ ਕੇ ਅਜਿਹਾ ਨਿੱਖਰਦਾ ਹੈ ਕਿ ਚੋਭ ਮਾਰਨ ਵਾਲਾ ਹੈਰਾਨ ਹੋ ਜਾਂਦਾ ਹੈ।
ਮੇਰੇ ਸਾਹਮਣੇ ਕੁਝ ਅਜਿਹੀਆਂ ਉਦਾਹਰਣਾਂ ਹਨ ਜਿਨ੍ਹਾਂ ਨੇ ਚੋਭ ਨੂੰ ਇੱਕ ਚੁਣੌਤੀ ਦੇ ਤੌਰ ’ਤੇ ਸਵੀਕਾਰਿਆ। ਇੱਕ ਲੜਕਾ ਜਿਸ ਨੇ ਡਾਕਟਰੀ ਪਾਸ ਕੀਤੀ, ਉਸ ਦਾ ਆਪਣੇ ਤੋਂ ਦੂਜੀ ਬਰਾਦਰੀ ਦੀ ਇੱਕ ਲੜਕੀ ਨਾਲ ਪਿਆਰ ਹੋ ਗਿਆ। ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ। ਲੜਕੀ ਦੇ ਪਿਤਾ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਆਪਣੀ ਲੜਕੀ ਨੂੰ ਕਿਹਾ ਕਿ ਜੇ ਤੂੰ ਲੜਕਾ ਲੱਭਣਾ ਸੀ ਕੋਈ ਆਈ ਏ ਐੱਸ ਅਫਸਰ ਤਾਂ ਹੁੰਦਾ, ਡਾਕਟਰ ਲੜਕਾ ਲੱਭ ਕੇ ਤੂੰ ਕੋਈ ਮਾਅਰਕਾ ਮਾਰ ਲਿਆ ਹੈ? ਲੜਕੀ ਨੇ ਸਾਰੀ ਗੱਲ ਲੜਕੇ ਨੂੰ ਦੱਸ ਦਿੱਤੀ। ਲੜਕਾ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ। ਉਸ ਨੇ ਦਿਨ ਰਾਤ ਇੱਕ ਕਰਕੇ ਆਈ ਏ ਐੱਸ ਪੇਪਰ ਕਲੀਅਰ ਕਰ ਲਿਆ। ਜਦੋਂ ਡੀ ਸੀ ਦੇ ਅਹੁਦੇ ’ਤੇ ਪਹੁੰਚਿਆ ਤਾਂ ਲੜਕੀ ਦੇ ਪਿਤਾ ਨੂੰ ਮਿਲਿਆ। ਕਹਿਣ ਲੱਗਾ ਕਿ ਜੇ ਤੁਸੀਂ ਇਹ ਮੈਂਨੂੰ ਚੋਭ ਨਾ ਮਾਰਦੇ ਤਾਂ ਸ਼ਾਇਦ ਮੈਂ ਆਈ ਏ ਐੱਸ ਦੇ ਪੇਪਰ ਹੀ ਨਾ ਦਿੰਦਾ। ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਲੜਕੇ ਲੜਕੀ ਦਾ ਵਿਆਹ ਹੋ ਗਿਆ।
ਸਾਡੇ ਮੁਹੱਲੇ ਦੇ ਇੱਕ ਘਰ ਵਿੱਚ ਇੱਕ ਲੜਕਾ ਸੀ ਜੋ ਬਹੁਤ ਹੀ ਸਾਦਾ ਸੀ। ਉਸਦਾ ਰਹਿਣ ਸਹਿਣ ਸਰਲ ਅਤੇ ਗੱਲਬਾਤ ਤੋਂ ਉਹ ਬਹੁਤ ਸ਼ਰਮਾਕਲ ਸੀ। ਮੁਹੱਲੇ ਅਤੇ ਸਕੂਲ ਦੇ ਬੱਚਿਆਂ ਨੇ ਉਸਦਾ ਨਾਮ ਭੌਂਦੂ ਪਾ ਦਿੱਤਾ। ਆਪਣੇ ਇਸ ਨਾਮ ਤੋਂ ਉਹ ਪਰੇਸ਼ਾਨ ਸੀ। ਸ਼ਰੀਕੇ ਵਾਲੇ ਅਕਸਰ ਕਹਿੰਦੇ ਸਨ ਕਿ ਇਸ ਭੌਂਦੂ ਨੇ ਕੀ ਤਰੱਕੀ ਕਰਨੀ ਹੈ। ਉਹ ਲੜਕਾ ਚਾਹੁੰਦਾ ਸੀ ਕਿ ਉਹ ਜ਼ਿੰਦਗੀ ਵਿੱਚ ਕੁਝ ਅਜਿਹਾ ਕਰੇ ਕਿ ਲੋਕ ਉਸ ਨੂੰ ਭੌਂਦੂ ਦੀ ਥਾਂ ਸਰਦਾਰ ਜੀ ਕਹਿ ਕੇ ਬੁਲਾਉਣ। ਉਹ ਪੜ੍ਹਨ ਵਿੱਚ ਹੁਸ਼ਿਆਰ ਸੀ। ਕਾਲਜ ਤੋਂ ਬੀ ਕਾਮ ਕਰਕੇ ਉਹ ਲੋਹੇ ਦੀ ਮਿੱਲ ਵਿੱਚ ਅਕਾਊਂਟੈਂਟ ਲੱਗ ਗਿਆ। ਫੈਕਟਰੀ ਦੇ ਮਾਲਕ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਹ ਉਸ ਲੜਕੇ ਦੀ ਕੰਮ ਵਿੱਚ ਲਗਨ ਅਤੇ ਸਾਦਗੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਕਾਰੋਬਾਰ ਵਿੱਚ ਉਸਦਾ ਵੀਹ ਪੈਸੇ ਹਿੱਸਾ ਰੱਖ ਲਿਆ। ਤਰੱਕੀ ਕਰਦਿਆਂ ਕਰਦਿਆਂ ਉਸ ਲੜਕੇ ਦੀ ਆਪਣੀ ਇੱਕ ਮਿੱਲ ਹੋ ਗਈ। ਅੱਜ ਉਹ ਕਰੋੜਾਂ ਅਰਬਾਂ ਦਾ ਮਾਲਕ ਹੈ। ਵੱਡਿਆਂ ਨਾਲ ਉਸਦਾ ਉੱਠਣਾ ਬੈਠਣਾ ਹੈ। ਕਈ ਕਲੱਬਾਂ ਦਾ ਉਹ ਅਹੁਦੇਦਾਰ ਹੈ। ਬਚਪਨ ਵਿੱਚ ਉਸ ਨੂੰ ਭੋਂਦੂ ਕਹਿਣ ਵਾਲੇ ਮਿੱਤਰ ਹੁਣ ਉਸਦੇ ਸਮਾਜਿਕ ਰੁਤਬੇ ਕਰਕੇ ਉਸ ਨੂੰ ਸਲਾਮਾਂ ਕਰਦੇ ਫਿਰਦੇ ਹਨ।
ਦੂਜੇ ਪਾਸੇ ਕੁਝ ਚੋਭਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਤੁਹਾਡੀ ਭਲਾਈ ਛੁਪੀ ਹੁੰਦੀ ਹੈ। ਖਾਸ ਕਰਕੇ ਇਹ ਪਿਓ ਵੱਲੋਂ ਹੁੰਦੀ ਹੈ। ਇੱਕ ਉਦਾਹਰਣ ਸਾਡੀ ਰਿਸ਼ਤੇਦਾਰੀ ਦੀ ਹੈ। ਉਸ ਲੜਕੇ ਦਾ ਪਿਤਾ ਆਪ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਸੀ। ਉਹ ਆਪਣੇ ਨਾਮ ਨਾਲ ਡਾਕਟਰ ਲਿਖਣ ’ਤੇ ਬੜਾ ਮਾਣ ਮਹਿਸੂਸ ਕਰਦਾ ਸੀ। ਉਸ ਦਾ ਲੜਕਾ ਐੱਮ ਏ ਪਾਸ ਸੀ। ਇੱਕ ਦਿਨ ਪਿਓ ਪੁੱਤ ਦੀ ਕਿਸੇ ਮੁੱਦੇ ’ਤੇ ਬਹਿਸ ਹੋ ਗਈ। ਗੁੱਸੇ ਵਿੱਚ ਪਿਤਾ ਨੇ ਪੁੱਤ ਨੂੰ ਕਹਿ ਦਿੱਤਾ ਕਿ ਜਾ ਇਸ ਜਨਮ ਵਿੱਚ ਤਾਂ ਤੂੰ ਪੀਐੱਚ ਡੀ ਨਹੀਂ ਕਰ ਸਕਦਾ। ਇਸ ਚੋਭ ਨੇ ਪੁੱਤ ਅੰਦਰਲੇ ਜਜ਼ਬੇ ਨੂੰ ਜਗਾ ਦਿੱਤਾ। ਚਾਰ ਪੰਜ ਸਾਲਾਂ ਦੀ ਅਣਥੱਕ ਮਿਹਨਤ ਨਾਲ ਉਹ ਪੀਐੱਚ ਡੀ ਕਰਨ ਵਿੱਚ ਸਫਲ ਹੋ ਗਿਆ। ਬਾਅਦ ਵਿੱਚ ਆਪਣੇ ਪਿਤਾ ਵਾਂਗ ਇੱਕ ਨਾਮਵਰ ਲੇਖਕ ਬਣਿਆ।
ਮੈਂਨੂੰ ਆਪਣੇ ਨਾਲ ਬੀਤੀ ਇੱਕ ਘਟਨਾ ਅਜੇ ਤੀਕ ਯਾਦ ਹੈ। ਮੈਂ ਬੀ ਏ ਭਾਗ ਪਹਿਲਾ ਕਰ ਰਿਹਾ ਸੀ। ਉਸ ਸਾਲ ਮੇਰੇ ਨੰਬਰ ਘੱਟ ਆਏ। ਮੇਰੇ ਪਿਤਾ ਜੀ ਨੇ ਮੈਂਨੂੰ ਕਿਹਾ, “ਤੇਰਾ ਦਿਮਾਗ ਤੇਰੀ ਮਾਂ ’ਤੇ ਹੀ ਗਿਆ ਹੈ।” ਇਸ ਗੱਲ ਦਾ ਮੇਰੇ ਮਨ ’ਤੇ ਬਹੁਤ ਗਹਿਰਾ ਅਸਰ ਹੋਇਆ। ਪਿਤਾ ਜੀ ਦੇ ਇਹ ਬੋਲ ਹਥੌੜੇ ਵਾਂਗ ਨਿੱਤ ਮੇਰੇ ਦਿਮਾਗ ’ਤੇ ਵਾਰ ਕਰਦੇ ਰਹੇ। ਅਗਲੇ ਦੋ ਸਾਲ ਚੰਗੀ ਮਿਹਨਤ ਕਰਕੇ ਮੈਂ ਆਪਣੇ ਕਾਲਜ ਵਿੱਚੋਂ ਇਨਾਮ ਹਾਸਿਲ ਕਰਦਾ ਰਿਹਾ। ਉਸ ਤੋਂ ਬਾਅਦ ਮੈਂ ਤਿੰਨ ਵਿਸ਼ਿਆਂ ਵਿੱਚ ਐੱਮ ਏ ਕੀਤੀ। ਜੇ ਪਿਤਾ ਜੀ ਮੈਂਨੂੰ ਕੁਝ ਨਾ ਕਹਿੰਦੇ ਤਾਂ ਸ਼ਾਇਦ ਮੈਂ ਅੱਗੇ ਨਾ ਵਧਦਾ।
ਚੋਭ ਵਿਚਲੇ ਜ਼ਹਿਰ ਨੂੰ ਤੁਸੀਂ ਆਪਣੀ ਮਿਹਨਤ ਦੀ ਬੀਨ ਵਜਾ ਕੇ ਕੱਢ ਸਕਦੇ ਹੋl ਮਿਹਨਤ ਇੰਨੀ ਕਰੋ ਕਿ ਉਸ ਦਾ ਨਤੀਜਾ ਵੇਖ ਕੇ ਉਹ ਤੁਹਾਡਾ ਦਿਲੋਂ ਬਣ ਜਾਵੇ। ਚੋਭ ਸੁਣ ਕੇ ਢੇਰੀ ਢਾਹ ਕੇ ਬਹਿ ਜਾਣਾ ਆਤਮ ਸਮਰਪਣ ਕਰਨ ਦੇ ਬਰਾਬਰ ਹੁੰਦਾ ਹੈ। ਜਿਉਂਦੇ ਜੀ ਆਤਮ ਸਮਰਪਣ ਕਰਨ ਵਾਲਾ ਮੁਰਦੇ ਬਰਾਬਰ ਹੁੰਦਾ ਹੈ। ਚੋਭ ਦਾ ਜਵਾਬ ਆਪਣੀ ਹਿੰਮਤ ਨਾਲ ਦਿਓ। ਜਿਹੜੇ ਤੁਹਾਡੇ ’ਤੇ ਹੱਸਦੇ ਹਨ ਉਨ੍ਹਾਂ ਨੂੰ ਆਪਣੀ ਕਾਰਜ ਕੁਸ਼ਲਤਾ ਰਾਹੀਂ ਚੁੱਪ ਕਰਾ ਦਿਓ। ਅਜਿਹਾ ਕੁਝ ਕਰ ਕੇ ਵਿਖਾਵੋ ਕਿ ਚੋਭ ਮਾਰਨ ਵਾਲਾ ਅੱਗੇ ਤੋਂ ਕੁਝ ਬੋਲਣ ਦਾ ਹੀਆ ਹੀ ਨਾ ਕਰੇ। ਦੁਨੀਆਂ ਵਿੱਚ ਚੋਭਾਂ ਮਾਰਨ ਵਾਲੇ ਬੰਦੇ ਹਰ ਥਾਂ ਮੌਜੂਦ ਹੁੰਦੇ ਹਨ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ ਤੇ ਤੁਸੀਂ ਆਪਣਾ ਕੰਮ ਕਰਦੇ ਰਹੋ। ਜੇਕਰ ਤੁਸੀਂ ਥੱਕ ਹਾਰ ਕੇ ਬਹਿ ਗਏ ਤਾਂ ਜਿੱਤ ਉਨ੍ਹਾਂ ਦੀ ਹੋਵੇਗੀ ਅਤੇ ਉਹ ਆਪਣੇ ਮਨਸੂਬਿਆਂ ਵਿੱਚ ਸਫਲ ਹੋ ਜਾਣਗੇ। ਬੋਲਣ ਵਾਲਿਆਂ ਨੂੰ ਬੋਲਦੇ ਰਹਿਣ ਦਿਓ, ਉਨ੍ਹਾਂ ਦਾ ਪ੍ਰਭਾਵ ਨਾ ਕਬੂਲੋ। ਸਮਾਂ ਆਉਣ ਨਾਲ ਉਹੀ ਲੋਕ ਇੱਕ ਦਿਨ ਤੁਹਾਡੀ ਪ੍ਰਸ਼ੰਸਾ ਕਰਨ ਲੱਗ ਪੈਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2616)
(ਸਰੋਕਾਰ ਨਾਲ ਸੰਪਰਕ ਲਈ: