“ਇੱਕ ਦਿਨ ਬਾਪੂ ਬਹੁਤ ਬਿਮਾਰ ਹੋ ਗਿਆ। ਉਸ ਨੇ ਆਪਣੇ ਨੂੰਹ ਪੁੱਤ ਨੂੰ ਨਾ ...”
(23 ਸਤੰਬਰ 2019)
ਮੇਰੇ ਦਾਦਾ ਜੀ ਜਦੋਂ ਰਿਟਾਇਰ ਹੋਏ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਸੀ। ਇਹ ਗੱਲ ਮੇਰੇ ਜਨਮ ਤੋਂ ਪਹਿਲਾਂ ਦੀ ਹੈ। ਜਦੋਂ 1962 ਵਿੱਚ ਜਦੋਂ ਉਹਨਾਂ ਨੂੰ ਰਿਟਾਇਰਮੈਂਟ ਵੇਲੇ ਕੇਵਲ 2500 ਰੁਪਏ ਮਿਲੇ, ਉਨ੍ਹਾਂ ਨੇ ਉਨ੍ਹਾਂ ਪੈਸਿਆਂ ਦੇ ਦੋ ਕਮਰੇ ਬਣਾ ਲਏ। ਪੈਨਸ਼ਨ ਨਾ ਹੋਣ ਕਰਕੇ ਉਹ ਮੇਰੇ ਮਾਪਿਆਂ ਅਤੇ ਤਾਇਆ ਜੀ ਉੱਤੇ ਨਿਰਭਰ ਰਹੇ। ਮੇਰੇ ਦਾਦਾ ਦਾਦੀ ਦਾ ਮੇਰੇ ਮਾਤਾ ਪਿਤਾ ਨਾਲ ਕਦੇ ਵੀ ਤਕਰਾਰ ਨਹੀਂ ਹੋਇਆ। ਜੋ ਖਾਣ ਨੂੰ ਮਿਲਦਾ ਸੀ, ਖਾ ਲੈਂਦੇ ਸਨ, ਜੋ ਪਹਿਨਣ ਨੂੰ ਮਿਲਦਾ ਸੀ, ਪਹਿਨ ਲੈਂਦੇ ਸਨ। ਕਿਸੇ ਕਿਸਮ ਦਾ ਕਦੇ ਵੀ ਘਰ ਵਿੱਚ ਕਲੇਸ਼ ਨਹੀਂ ਪਾਇਆ। ਇਸਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਪੈਨਸ਼ਨ ਨਾ ਹੋਣ ਕਾਰਨ ਉਹ ਪੂਰੀ ਤਰ੍ਹਾਂ ਆਪਣੇ ਬੱਚਿਆਂ ਉੱਤੇ ਨਿਰਭਰ ਸਨ। ਅੱਜ ਵੀ ਬਹੁ ਗਿਣਤੀ ਵਿੱਚ ਅਜਿਹੇ ਮਾਪੇ ਮਿਲ ਜਾਣਗੇ ਜਿਨ੍ਹਾਂ ਕੋਲ ਕੋਈ ਆਰਥਿਕ ਸਾਧਨ ਨਾ ਹੋਣ ਕਾਰਨ ਉਨ੍ਹਾਂ ਨੂੰ ਬੱਚਿਆਂ ਦੇ ਸਹਾਰੇ ਹੀ ਰਹਿਣਾ ਪੈਂਦਾ ਹੈ। ਦਿਹਾੜੀਦਾਰ ਬੰਦਾ ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦੇ ਹੱਡ ਪੈਰ ਹੋਰ ਕੰਮ ਕਰਨ ਤੋਂ ਜਵਾਬ ਦੇ ਜਾਂਦੇ ਹਨ ਅਤੇ ਬਾਕੀ ਦੀ ਜ਼ਿੰਦਗੀ ਉਸ ਨੂੰ ਕਿਵੇਂ ਕੱਟਣੀ ਪੈਂਦੀ ਹੈ, ਕੇਵਲ ਉਹੀ ਜਾਣਦਾ ਹੈ।
ਅੱਜਕੱਲ੍ਹ ਜਿਨ੍ਹਾਂ ਮਾਪਿਆਂ ਨੂੰ ਚੰਗੀ ਚੋਖੀ ਪੈਨਸ਼ਨ ਹਰ ਮਹੀਨੇ ਆਉਂਦੀ ਹੈ, ਉਨ੍ਹਾਂ ਦਾ ਰਹਿਣ ਸਹਿਣ ਵਧੀਆ ਹੁੰਦਾ ਹੈ। ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਊਂਦੇ ਹਨ, ਆਪਣੇ ਬੱਚਿਆਂ ਉੱਤੇ ਨਿਰਭਰ ਨਹੀਂ। ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਪੈਸਾ ਖਰਚਣਾ ਕੋਈ ਮਾੜੀ ਗੱਲ ਨਹੀਂ। ਉਹ ਬੜੇ ਭਾਗਾਂ ਵਾਲੇ ਮਾਪੇ ਹਨ ਜਿਹੜੇ ਆਪਣੀ ਪੈਨਸ਼ਨ ਦਾ ਪੈਸਾ ਆਪਣੇ ਉੱਪਰ ਖਰਚ ਕਰਕੇ ਰਾਜਿਆਂ ਵਰਗੀ ਜ਼ਿੰਦਗੀ ਜਿਊਂਦੇ ਹਨ। ਪੈਨਸ਼ਨ ਨਾਲ ਰਿਟਾਇਰਮੈਂਟ ਉੱਤੇ ਚੰਗਾ ਪੈਸਾ ਮਿਲਣਾ ਕੋਈ ਨਸ਼ੇ ਤੋਂ ਘੱਟ ਨਹੀਂ ਹੁੰਦਾ। ਇਸ ਨਸ਼ੇ ਦੀ ਲੋਰ ਵਿੱਚ ਉਹ ਲੰਮੀ ਉਮਰ ਭੋਗ ਜਾਂਦੇ ਹਾਂ। ਇਲਾਜ ਲਈ ਉਨ੍ਹਾਂ ਕੋਲ ਪੈਸਾ ਹੁੰਦਾ ਹੈ, ਉਹ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ।
ਪਰ ਅਜਿਹੇ ਮਾਪਿਆਂ ਦੀਆਂ ਕਈ ਉਦਾਹਰਨਾਂ ਹਨ ਜਿਨ੍ਹਾਂ ਨੇ ਆਪਣੇ ਪੈਸੇ ਦੀ ਧੌਂਸ ਨਾਲ ਕਈਆਂ ਪੁੱਤਾਂ ਨੂੰਹਾਂ ਨੂੰ ਆਪਣੇ ਤੋਂ ਵੱਖ ਕਰ ਲਿਆ। ਉਹ ਆਪਣੇ ਪੁੱਤਾਂ ਤੋਂ ਇਲਾਵਾ ਪੋਤਿਆਂ ਉੱਤੇ ਵੀ ਪੈਸਾ ਖਰਚ ਕਰਦੇ ਹਨ, ਜਿਸ ਕਰਕੇ ਉਨ੍ਹਾਂ ਉੱਤੇ ਬੇਲੋੜਾ ਰੋਹਬ ਪਾਉਂਦੇ ਰਹਿੰਦੇ ਹਨ। ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪਾਇਆ ਹੈ ਤੇ ਉਨ੍ਹਾਂ ਦੋਨਾਂ ਬੱਚਿਆਂ ਦੀ ਫੀਸ ਮੇਰੇ ਮਾਪੇ ਦਿੰਦੇ ਹਨ। ਕਈ ਵਾਰੀ ਘਰ ਦਾ ਰਾਸ਼ਨ ਵੀ ਪਾ ਦਿੰਦੇ ਹਨ। ਪਰ ਇਸ ਇਵਜ਼ ਵਿੱਚ ਉਹ ਉਹਨਾਂ ਤੋਂ ਇੰਨਾ ਕੰਮ ਲੈਂਦੇ ਹਨ, ਸ਼ਾਇਦ ਨੌਕਰ ਵੀ ਨਾ ਕਰ ਸਕਦੇ ਹੋਣ। ਉਸ ਨੇ ਕਿਹਾ ਕਿ ਉਹ ਛੋਟੀ ਛੋਟੀ ਗੱਲ ਲਈ ਰਾਤ ਨੂੰ ਵੀ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ, ਕੋਈ ਨਾ ਕੋਈ ਕੰਮ ਕਰਨ ਕਹਿੰਦੇ ਰਹਿੰਦੇ ਹਨ। ਜਦੋਂ ਉਨ੍ਹਾਂ ਦੀ ਗ੍ਰਹਿਸਥੀ ਉੱਤੇ ਅਸਰ ਪਿਆ ਤਾਂ ਉਨ੍ਹਾਂ ਨੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਤੋਂ ਕੱਢ ਕੇ ਸਰਕਾਰੀ ਸਕੂਲ ਵਿੱਚ ਪਾ ਲਏ ਤੇ ਬਾਪੂ ਤੋਂ ਆਰਥਿਕ ਮਦਦ ਲੈਣੀ ਬੰਦ ਕਰ ਦਿੱਤੀ। ਉਸ ਨੇ ਬੈਂਕ ਤੋਂ ਲੋਨ ਲੈ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਚਲਾ ਲਿਆ। ਮਾਪਿਆਂ ਨੇ ਵੀ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ। ਲੜਕਾ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆl ਉਸਦਾ ਮਾਪਿਆਂ ਪ੍ਰਤੀ ਸਤਿਕਾਰ ਦਿਨੋਂ ਦਿਨ ਘਟਦਾ ਗਿਆ। ਇੱਕ ਦਿਨ ਬਾਪੂ ਬਹੁਤ ਬਿਮਾਰ ਹੋ ਗਿਆ। ਉਸ ਨੇ ਆਪਣੇ ਨੂੰਹ ਪੁੱਤ ਨੂੰ ਨਾ ਬੁਲਾਇਆ। ਪੈਨਸ਼ਨ ਦੇ ਇਕੱਠੇ ਹੋਏ ਪੈਸੇ ਨਾਲ ਉਹ ਆਪ ਹੀ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਤੇ ਇਲਾਜ ਕਰਵਾਉਣ ਲੱਗ ਪਿਆ। ਲੱਖਾਂ ਰੁਪਇਆ ਉਸਦੇ ਇਲਾਜ ਉੱਤੇ ਲੱਗ ਗਿਆ ਪਰ ਫਰਕ ਨਾ ਪਿਆ। ਵੱਡੇ ਹਸਪਤਾਲ ਤੋਂ ਜਵਾਬ ਮਿਲ ਗਿਆ ਤੇ ਡਾਕਟਰਾਂ ਨੇ ਆਖ ਦਿੱਤਾ ਕਿ ਘਰ ਹੀ ਸੇਵਾ ਕਰ ਲਵੋ।
ਆਖਰੀ ਸਮੇਂ ਮਾਂ ਨੇ ਆਪਣੇ ਨੂੰਹ ਪੁੱਤ ਨੂੰ ਬੁਲਾਇਆ। ਹਾਲਤ ਬਹੁਤ ਨਾਜ਼ਕ ਸੀ। ਬਾਪੂ ਦੇ ਆਖਰੀ ਸਾਹ ਚੱਲ ਰਹੇ ਸਨ। ਪੈਨਸ਼ਨ ਦਾ ਸਾਰਾ ਪੈਸਾ ਖਤਮ ਹੋ ਚੁੱਕਿਆ ਸੀ। ਕੁਝ ਗੁਆਂਢੀਆਂ ਨੇ ਸਲਾਹ ਦਿੱਤੀ ਕਿ ਬਾਪੂ ਦੀ ਜਾਨ ਅਟਕੀ ਹੋਈ ਹੈ, ਇਸਦੇ ਮੂੰਹ ਵਿੱਚ ਗੰਗਾ ਜਲ ਪਾ ਦੇਵੋ। ਲੜਕੇ ਨੇ ਦੋ ਤਿੰਨ ਵਾਰ ਬਾਪੂ ਦੇ ਮੂੰਹ ਵਿੱਚ ਗੰਗਾ ਜਲ ਪਾਇਆ ਤੇ ਬਾਪੂ ਸਵਾਸ ਛੱਡ ਗਿਆ।
ਬਾਪੂ ਨੂੰ ਦੋ ਗੱਲਾਂ ਮਾਰ ਗਈਆਂ। ਇੱਕ ਤਾਂ ਜਦੋਂ ਲੜਕੇ ਨੂੰ ਵੱਖ ਕਰ ਦਿੱਤਾ ਤਾਂ ਮਾਪੇ ਇਕੱਲੇ ਰਹਿਣ ਲੱਗ ਪਏ। ਇਕਲਾਪਾ ਇੱਕ ਬਹੁਤ ਵੱਡਾ ਰੋਗ ਹੈ। ਦੂਜਾ ਬਾਪੂ ਨੂੰ ਪੈਸੇ ਦੀ ਆਕੜ ਸੀ। ਉਹ ਪੈਸੇ ਨਾਲ ਇਲਾਜ ਤਾਂ ਕਰਵਾ ਸਕਦਾ ਸੀ ਪਰ ਪਿਆਰ ਸਤਿਕਾਰ ਕਮਾਉਣ ਵਿੱਚ ਉਹ ਅਸਫ਼ਲ ਰਿਹਾ। ਅੰਤ ਵਿੱਚ ਬੰਦਾ ਹੀ ਕੰਮ ਆਉਂਦਾ ਹੈ, ਪੈਸਾ ਕਦੇ ਵੀ ਕੰਮ ਨਹੀਂ ਆਉਂਦਾ। ਇਕੱਠਾ ਕੀਤਾ ਪੈਸਾ ਤਾਂ ਖਤਮ ਹੋ ਸਕਦਾ ਹੈ ਪਰ ਇਕੱਠਾ ਕੀਤਾ ਹੋਇਆ ਸਤਿਕਾਰ ਹਮੇਸ਼ਾ ਨਾਲ ਹੀ ਰਹਿੰਦਾ ਹੈ।
ਪੈਨਸ਼ਨ ਲੈਣ ਵਾਲੇ ਮਾਪੇ ਜੇ ਉਹ ਆਪਣੇ ਬੱਚਿਆਂ ਦੀ ਆਰਥਿਕ ਮਦਦ ਕਰਦੇ ਹਨ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ। ਆਖਰ ਬੱਚੇ ਤਾਂ ਉਨ੍ਹਾਂ ਦੇ ਹੀ ਹਨ। ਬੇਵਜ੍ਹਾ ਬੱਚਿਆਂ ਉੱਤੇ ਇਸਦਾ ਅਹਿਸਾਨ ਚੜ੍ਹਾਉਣਾ ਵੀ ਠੀਕ ਨਹੀਂ। ਬੱਚਿਆਂ ਨੂੰ ਚਾਹੀਦਾ ਹੈ ਕਿ ਜੇ ਬਜ਼ੁਰਗ ਉਨ੍ਹਾਂ ਤੋਂ ਥੋੜ੍ਹਾ ਜਾਂ ਵਧ ਕੰਮ ਲੈ ਵੀ ਲੈਂਦੇ ਹਨ ਇਸ ਵਿੱਚ ਉਨ੍ਹਾਂ ਨੂੰ ਦੁਖੀ ਹੋਣ ਦੀ ਲੋੜ ਨਹੀਂ। ਉਹ ਬਜ਼ੁਰਗ ਮਾਪੇ ਤਾਂ ਉਨ੍ਹਾਂ ਦੇ ਆਪਣੇ ਹੀ ਹਨ। ਉਹ ਤੁਹਾਡੀ ਮਦਦ ਕਰਕੇ ਤੁਹਾਡਾ ਟੱਬਰ ਵੀ ਤਾਂ ਪਾਲਦੇ ਹਨ। ਬੱਸ ਥੋੜ੍ਹੀ ਜਿਹੀ ਅਡਜਸਟਮੈਂਟ ਦੀ ਲੋੜ ਹੈ ਅਤੇ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਸਵਰਗ ਬਣ ਸਕਦੀ ਹੈ ਤੇ ਰਿਸ਼ਤਿਆਂ ਵਿੱਚ ਪਈਆਂ ਤਰੇੜਾਂ ਆਪਸੀ ਸੂਝ ਬੂਝ ਨਾਲ ਭਰ ਸਕਦੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1744)
(ਸਰੋਕਾਰ ਨਾਲ ਸੰਪਰਕ ਲਈ: