“ਕਈਆਂ ਨੂੰ ਜਦ ਮੈਂ ਪੁੱਛਦਾ ਹਾਂ, ਉਹ ਕਹਿੰਦੇ ਹਨ ਕਿ ...”
(2 ਜੁਲਾਈ 2020)
‘ਸਾਵਧਾਨੀ ਹਟੀ, ਦੁਰਘਟਨਾ ਘਟੀ’ ਵਾਲੀ ਕਹਾਵਤ ਕਿਸੇ ਨੇ ਬੜੇ ਸੋਚ ਕੇ ਅਤੇ ਪਰਖ ਕੇ ਬਣਾਈ ਲਗਦੀ ਹੈ। ਥੋੜ੍ਹਾ ਜਿਹਾ ਵੀ ਧਿਆਨ ਗੱਡੀ ਚਲਾਉਣ ਸਮੇਂ ਇੱਧਰ ਉੱਧਰ ਹੋ ਜਾਵੇ ਤਾਂ ਬਹੁਤ ਭਾਰੀ ਕੀਮਤ ਚੁਕਾਣੀ ਪੈ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਜੇ ਅਸੀਂ ਕਿਸੇ ਚੀਜ਼ ਪ੍ਰਤੀ ਅਵੇਸਲੇ ਜਾਂ ਬੇਪ੍ਰਵਾਹ ਹੋ ਜਾਈਏ ਤਾਂ ਭਿਅੰਕਰ ਸਿੱਟੇ ਭੁਗਤਨੇ ਪੈ ਜਾਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਪਿਛਲੇ ਕੁਝ ਮਹੀਨਿਆਂ ਤੋਂ ਸਾਰਾ ਵਿਸ਼ਵ ਕਰੋਨਾ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਹੁਣ ਤਕ ਵਿਸ਼ਵ ਭਰ ਵਿੱਚ ਲੱਖਾਂ ਲੋਕ ਇਸਦੇ ਸ਼ਿਕਾਰ ਹੋ ਗਏ ਹਨ। ਸਾਡੇ ਦੇਸ਼ ਵਿੱਚ ਵੀ ਇਹ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸ਼ੁਰੂ ਸ਼ੁਰੂ ਵਿੱਚ ਅਖ਼ਬਾਰਾਂ ਰਾਹੀਂ ਪਤਾ ਲੱਗਦਾ ਸੀ ਕਿ ਇੱਕ ਹਜ਼ਾਰ ਕੇਸ ਨਿੱਤ ਨਵੇਂ ਆ ਰਹੇ ਸੀ। ਹੌਲੀ ਹੌਲੀ ਗਿਣਤੀ ਪੰਜ ਹਜ਼ਾਰ, ਦਸ ਹਜ਼ਾਰ ਤੇ ਹੁਣ ਤਾਂ ਤਕਰੀਬਨ ਵੀਹ ਹਜ਼ਾਰ ਪ੍ਰਤੀ ਦਿਨ ਅੱਪੜ ਗਈ ਹੈ। ਸਰਕਾਰ ਨੇ ਅਰੋਗਿਆ ਸੇਤੂ ਐਪ ਰਾਹੀਂ, ਅਖ਼ਬਾਰ ਅਤੇ ਟੀਵੀ ਇਸ਼ਤਿਹਾਰ ਰਾਹੀਂ ਲੋਕਾਂ ਨੂੰ ਕਾਨੂੰਨਾਂ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਹਨ।
ਬਹੁਤ ਹੀ ਥਾਂ ਇਨ੍ਹਾਂ ਨਿਯਮਾਂ ਦਾ ਪਾਲਣ ਹੋ ਰਿਹਾ ਹੈ। ਲੋਕੀਂ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ। ਸਰੀਰਕ ਦੂਰੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਪਰ ਉੱਥੇ ,ਜਿੱਥੇ ਲੋਕ ਜਾਗਰੂਕ ਹਨ। ਪਰ ਕਈ ਥਾਵਾਂ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ ਵਿੱਚ ਬੱਚੇ ਬਿਨਾਂ ਮਾਸਕ ਤੋਂ ਤੁਰੇ ਫਿਰਦੇ ਨਜ਼ਰ ਆਉਂਦੇ ਹਨ। ਮਾਵਾਂ ਵੀ ਇੱਕ ਦੂਜੇ ਦੇ ਘਰ ਡੇਰਾ ਲਾ ਕੇ ਗੱਪਸ਼ੱਪ ਕਰਦੀਆਂ ਵਿਖਾਈ ਦਿੰਦੀਆਂ ਹਨ। ਕਈਆਂ ਨੂੰ ਜਦ ਮੈਂ ਪੁੱਛਦਾ ਹਾਂ, ਉਹ ਕਹਿੰਦੇ ਹਨ ਕਿ ਇਹ ਬਿਮਾਰੀ ਤਾਂ ਬਾਹਰਲੇ ਦੇਸ਼ ਵਿੱਚ ਫੈਲੀ ਹੈ, ਸਾਡੇ ਦੇਸ਼ ਵਿੱਚ ਅਜਿਹਾ ਕੁਝ ਨਹੀਂ। ਕੁਝ ਦਿਨ ਪਹਿਲਾਂ ਮੈਂ ਇੱਕ ਰੇਹੜੀ ਤੋਂ ਅੰਬ ਲੈ ਰਿਹਾ ਸੀ। ਉਸ ਨੇ ਨਾ ਤਾਂ ਮੂੰਹ ਢਕਿਆ ਹੋਇਆ ਸੀ, ਨਾ ਹੀ ਮੂੰਹ ’ਤੇ ਕੋਈ ਮਾਸਕ ਪਾਇਆ ਹੋਇਆ ਸੀ। ਮੈਂ ਉਸ ਨੂੰ ਕਿਹਾ ਸਾਰੇ ਦਿਨ ਕਈ ਗਾਹਕਾਂ ਨਾਲ ਤੇਰੀ ਮੁਲਾਕਾਤ ਹੁੰਦੀ ਹੈ, ਤੈਨੂੰ ਆਪਣਾ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਕਰੋਨਾ ਦੀ ਬਿਮਾਰੀ ਜ਼ੋਰਾਂ ’ਤੇ ਹੈ। ਉਹ ਤਾੜੀ ਮਾਰ ਕੇ ਖਿੜ ਖਿੜਾ ਕੇ ਹੱਸਿਆ। ਜੋ ਉਸ ਨੇ ਕਿਹਾ ਮੈਂਨੂੰ ਬੜੀ ਹੈਰਾਨੀ ਹੋਈ। ਉਹ ਕਹਿਣ ਲੱਗਾ, “ਸਰਦਾਰ ਜੀ, ਇਹ ਕਰੋਨਾ ਦੀ ਕੋਈ ਬਿਮਾਰੀ ਸ਼ਿਮਾਰੀ ਨਹੀਂ ਹੈ ... ਇਹ ਤਾਂ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ।”
ਮੈਂ ਉਸ ਦੀ ਗੱਲ ਟੋਕ ਕੇ ਕਿਹਾ ਕਿ ਤੂੰ ਅਖਬਾਰ ਨਹੀਂ ਪੜ੍ਹਦਾ, ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਨੇ। ਫੇਰ ਹੱਸ ਕੇ ਕਹਿਣ ਲੱਗਾ, ਇਹ ਤਾਂ ਝੂਠੀਆਂ ਮੂਠੀਆਂ ਖਬਰਾਂ ਹਨ। ਮੈਂ ਖਿਸਕਣ ਦੀ ਕੀਤੀ ਕਿ ਇਹਦੇ ਨਾਲ ਕਿਹੜਾ ਮੱਥਾ ਮਾਰੇ।
ਕਈ ਲੋਕਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਕਈ ਵਾਰ ਮੈਂ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹਾਂ। ਜਿਸ ਅਪਾਰਟਮੈਂਟ ਵਿੱਚ ਮੈਂ ਰਹਿੰਦਾ ਹਾਂ, ਉੱਥੇ ਅਨੇਕਾਂ ਫਲੈਟ ਹਨ। ਜਦੋਂ ਮੈਂ ਕੋਈ ਚੀਜ਼ ਖਰੀਦ ਕੇ ਆਪਣੇ ਫਲੈਟ ਪਹੁੰਚਦਾ ਹਾਂ, ਮੈਂ ਗੱਡੀ ਦਾ ਹਾਰਨ ਵਜਾਉਂਦਾ ਹਾਂ ਤਾਂ ਮੇਰਾ ਬੇਟਾ ਸੈਨੇਟਾਈਜ਼ਰ ਦੀ ਸ਼ੀਸ਼ੀ ਚੁੱਕ ਕੇ ਬਾਹਰ ਆ ਜਾਂਦਾ ਹੈ। ਆਪਣੇ ਘਰ ਦੇ ਬਾਹਰ ਮੰਜੀ ਤੇ ਮੈਂ ਚੀਜ਼ਾਂ ਖਿਲਾਰ ਦਿੰਦਾ ਹਾਂ। ਇਨ੍ਹਾਂ ਚੀਜ਼ਾਂ ਨੂੰ ਸੈਨੇਟਾਈਜ਼ ਕਰਕੇ ਘਰ ਅੰਦਰ ਵੜਦੇ ਹਾਂ। ਅਜਿਹਾ ਕਰਦੇ ਹੋਏ ਕਈ ਵਾਰ ਦੂਜੇ ਫਲੈਟਾਂ ਵਾਲੇ ਆਂਢ ਗਵਾਂਢ ਵਾਲੇ ਸਾਨੂੰ ਵੇਖ ਕੇ ਹੱਸਦੇ ਹਨ। ਕਈ ਵਾਰ ਮੇਰਾ ਬੇਟਾ ਗੁੱਸੇ ਵਿੱਚ ਆ ਜਾਂਦਾ ਹੈ ਤੇ ਆਖਦਾ ਹੈ, ਪਾਪਾ ਲੋਕ ਐਵੇਂ ਹੱਸੀ ਜਾਂਦੇ ਹਨ। ਮੈਂ ਉਸ ਨੂੰ ਕਹਿੰਦਾ ਹਾਂ ਕਿ ਬੇਟਾ, ਉਹੀ ਲੋਕ ਹੱਸਦੇ ਹਨ ਜਿਹੜੇ ਆਪ ਸਾਵਧਾਨੀ ਨਹੀਂ ਰੱਖਦੇ। ਜੋ ਸੁਭਾਅ ਵਜੋਂ ਲਾਪਰਵਾਹ ਹਨ।
ਮੇਰੇ ਪਤਨੀ ਇੱਕ ਸਕੂਲ ਅਧਿਆਪਕਾ ਹਨ। ਮੈਂ ਉਹਨਾਂ ਨਾਲ ਦੋ ਤਿੰਨ ਵਾਰ ਵੱਖ ਵੱਖ ਪਿੰਡਾਂ ਵਿੱਚ ਦਾਖਲਾ ਮੁਹਿੰਮ ਲਈ ਗਿਆ। ਅਸੀਂ ਤਾਂ ਮੂੰਹ ’ਤੇ ਮਾਸਕ ਪਾਏ ਹੋਏ ਸਨ ਪਰ ਬੱਚਿਆਂ ਦੇ ਮਾਂ ਬਾਪ ਬਿਨਾਂ ਮਾਸਕ ਪਾਏ ਸਾਡੇ ਨਾਲ ਗੱਲਾਂ ਕਰ ਰਹੇ ਸਨ। ਹਰ ਪਿੰਡ ਵਿੱਚ ਹੀ ਅਜਿਹਾ ਹਾਲ ਸੀ। ਦਾਖ਼ਲੇ ਮੁਹਿੰਮ ਲਈ ਜੋ ਤੁਸੀਂ ਉਪਰਾਲਾ ਕਰ ਰਹੇ ਹੋ, ਉਸ ਲਈ ਮਹਿਕਮਾ ਵੀ ਸਬੂਤ ਮੰਗਦਾ ਹੈ। ਮੇਰੀ ਪਤਨੀ ਦੇ ਸਕੂਲ ਦੀਆਂ ਦੋ ਮੈਡਮਾਂ ਵੀ ਉੱਥੇ ਆ ਗਈਆਂ। ਉਨ੍ਹਾਂ ਨੇ ਵੀ ਮੂੰਹਾਂ ’ਤੇ ਮਾਸਕ ਪਾਏ ਹੋਏ ਸਨ। ਸਬੂਤ ਲਈ ਅਸੀਂ ਅਨੇਕਾਂ ਫੋਟੋਆਂ ਖਿੱਚੀਆਂ ਜਿਨ੍ਹਾਂ ਵਿੱਚ ਕੇਵਲ ਅਧਿਆਪਕਾਂ ਦੇ ਮੂੰਹਾਂ ’ਤੇ ਮਾਸਕ ਪਾਏ ਹੋਏ ਸਨ ਬਾਕੀ ਮਾਪੇ ਬਿਨਾਂ ਮਾਸਕ ਤੋਂ ਹੀ ਸਨ। ਕਈ ਥਾਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਿਮਾਰੀ ਕਰਕੇ ਮੂੰਹ ਢਕਣਾ ਜ਼ਰੂਰੀ ਹੈ। ਜਵਾਬ ਸੁਣ ਕੇ ਸਾਨੂੰ ਚਿੰਤਾ ਵੀ ਹੋਈ ਤੇ ਹੈਰਾਨੀ ਵੀ ਹੋਈ। ਉਹ ਕਹਿ ਰਹੇ ਸੀ ਕਿ ਇਹ ਬਿਮਾਰੀ ਤਾਂ ਵੱਡੇ ਸ਼ਹਿਰਾਂ ਜਾਂ ਦੂਜੇ ਦੇਸ਼ਾਂ ਵਿੱਚ ਹੈ, ਪਿੰਡਾਂ ਵਿੱਚ ਤਾਂ ਇਹ ਬਿਮਾਰੀ ਵੜ ਨਹੀਂ ਸਕਦੀ।
ਸਾਡੇ ਮੁਹੱਲੇ ਵਿੱਚ ਤਿੰਨ ਚਾਰ ਕਰਿਆਨੇ ਦੀਆਂ ਦੁਕਾਨਾਂ ਹਨ। ਨਾ ਮਾਲਕ ,ਨਾ ਨੌਕਰ, ਕਿਸੇ ਦੇ ਮੂੰਹ ’ਤੇ ਮਾਸਕ ਨਹੀਂ ਪਾਇਆ ਹੁੰਦਾ। ਜਦ ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਤਾਂ ਦੁਕਾਨ ਦੇ ਅੰਦਰ ਹੀ ਹੁੰਦੇ ਹਾਂ, ਕਰੋਨਾ ਉੱਡ ਕੇ ਥੋੜ੍ਹਾ ਚਿੰਬੜ ਜਾਵੇਗਾ। ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਕੋਈ ਗਾਹਕ ਹੋ ਸਕਦਾ ਹੈ ਇਸ ਮਰਜ਼ ਦਾ ਸ਼ਿਕਾਰ ਹੋਇਆ ਹੋਵੇ, ਉਸ ਤੋਂ ਤੁਹਾਨੂੰ ਖਤਰਾ ਹੋ ਸਕਦਾ ਹੈ। ਉਹ ਸੁਣ ਛੱਡਦੇ ਹਨ, ਉਹਨਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਸ਼ਾਇਦ ਮੇਰੀ ਪਿੱਠ ਪਿੱਛੇ ਇਹ ਕਹਿੰਦੇ ਹੋਣਗੇ ਕਿ ਮਾਸਟਰ ਨੂੰ ਤਾਂ ਲੈਕਚਰ ਝਾੜਨ ਦੀ ਬਾਹਲੀ ਆਦਤ ਹੈ।
ਅਸੀਂ ਕਿਵੇਂ ਵਿਚਰਦੇ ਹਾਂ, ਸਾਡੀ ਸੋਚ ਦਾ ਬਹੁਤ ਪ੍ਰਭਾਵ ਪੈਂਦਾ ਹੈ। ਪੜ੍ਹਾਈ ਲਿਖਾਈ ਨਾਲ ਸਾਡੀ ਸੋਚ ਚੰਗੇਰੀ ਬਣਦੀ ਹੈ। ਅਸੀਂ ਜ਼ਿਆਦਾ ਵਿਵੇਕਸ਼ੀਲ, ਸਿਆਣੇ ਅਤੇ ਅਕਲਮੰਦ ਬਣਦੇ ਹਾਂ। ਸੰਵੇਦਨਸ਼ੀਲ ਤੇ ਗੰਭੀਰ ਮੁੱਦਿਆਂ ਪ੍ਰਤੀ ਪੜ੍ਹਿਆ ਲਿਖਿਆ ਬੰਦਾ ਜਲਦੀ ਜਾਗਰੂਕ ਹੁੰਦਾ ਹੈ। ਮੈਂ ਆਪਣੇ ਚੈੱਕ ਅੱਪ ਲਈ ਲਾਕਡਾਊਨ ਦੌਰਾਨ ਜਾਂ ਲਾਕਡਾਊਨ ਤੋਂ ਬਾਅਦ ਕਦੇ ਵੀ ਹਸਪਤਾਲ ਗਿਆ ਤਾਂ ਰੂਹ ਖੁਸ਼ ਹੋ ਜਾਂਦੀ ਹੈ ਕਿ ਕਿਵੇਂ ਸਾਰੀਆਂ ਨਰਸਾਂ ਤੇ ਡਾਕਟਰਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੁੰਦੇ ਹਨ। ਪ੍ਰਸ਼ਾਸਨਿਕ ਦਫਤਰਾਂ ਵਿੱਚ ਵੀ ਸਾਰੇ ਲੋਕ ਪੂਰੇ ਨਿਯਮਾਂ ਦਾ ਪਾਲਣ ਕਰਦੇ ਦਿਖਾਈ ਦਿੰਦੇ ਹਨ। ਪੜ੍ਹਿਆ ਲਿਖਿਆ ਤਬਕਾ ਡਾਕਟਰ, ਵਕੀਲ, ਅਧਿਆਪਕ, ਇੰਜਨੀਅਰ ਪੂਰੀ ਤਰ੍ਹਾਂ ਮੁਸਤੈਦੀ ਨਾਲ ਸਮਾਜ ਵਿੱਚ ਵਿਚਰ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ। ਇੰਨੀ ਗਰਮੀ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੀ ਲਗਾਤਾਰ ਮੂੰਹ ’ਤੇ ਮਾਸਕ ਪਾਈ ਵਿਖਾਈ ਦਿੰਦੇ ਹਨ। ਜੇ ਤੁਸੀਂ ਆਪ ਜਾਗਰੂਕ ਹੋ ਤਾਂ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕਰੋ, ਜੋ ਕਰੋਨਾ ਵਰਗੀ ਭਿਅੰਕਰ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2229)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)