“ਜਦੋਂ ਮੇਰੀ ਸਰਕਾਰੀ ਨੌਕਰੀ ਬਾਘੇ ਪੁਰਾਣੇ ਦੇ ਨੇੜੇ ਪਿੰਡ ਚੰਦ ਨਵਾਂ ਵਿਖੇ ਲੱਗੀ ਤਾਂ ਮੈਂ ...”
(29 ਅਕਤੂਬਰ 2021)
ਦੁਨੀਆਂਦਾਰੀ ਵਿੱਚ ਅਸੀਂ ਅਨੇਕਾਂ ਰਿਸ਼ਤੇਆਂ ਨਿਭਾਉਂਦੇ ਹਾਂ, ਭਾਵੇਂ ਮੋਹ ਪਿਆਰ ਵਿਚ ਬੱਝੇ ਹੋਈਏ ਜਾਂ ਗਰਜ਼ਾਂ ਨਾਲ ਜੁੜੇ ਹੋਈਏ। ਕਈ ਵਾਰ ਰਿਸ਼ਤੇ ਲੋਕਾਚਾਰੀ ਜਾਂ ਦਿਖਾਵੇ ਲਈ ਨਿਭਾਉਣੇ ਪੈਂਦੇ ਹਨ। ਵੇਖਣ ਵਿੱਚ ਆਇਆ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਰਿਸ਼ਤੇ ਤਾਰੋ ਤਾਰ ਹੋ ਰਹੇ ਹਨ। ਪਹਿਲਾਂ ਵਰਗੀ ਰਿਸ਼ਤਿਆਂ ਵਿੱਚ ਮੁਹੱਬਤ ਤੇ ਇਤਫਾਕ ਨਹੀਂ ਰਿਹਾ। ਰਿਸ਼ਤਿਆਂ ਵਿਚਲੇ ਨਿੱਘ ਦਾ ਅਹਿਸਾਸ ਅੱਜ ਠੰਢਾ ਹੋ ਰਿਹਾ ਹੈ।
ਜਿਹੜੇ ਰਿਸ਼ਤੇ ਦੀ ਅੱਜ ਮੈਂ ਗੱਲ ਕਰ ਰਿਹਾ ਹਾਂ, ਉਹ ਹੈ ਮਾਲਕ ਮਕਾਨ ਤੇਅ ਕਿਰਾਏਦਾਰ ਵਿਚਲਾ ਰਿਸ਼ਤਾ। ਇਨ੍ਹਾਂ ਰਿਸ਼ਤਿਆਂ ਦੀਆਂ ਕੁਝ ਉਦਾਹਰਨਾਂ ਮੈਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜ ਕੇ ਦੇ ਰਿਹਾ ਹਾਂ। ਜਨਵਰੀ 1996 ਦੀ ਗੱਲ ਹੈ ਕਿ ਮੈਂ ਪਟਿਆਲੇ ਖਾਲਸਾ ਸਕੂਲ ਵਿੱਚ ਏਡਿਡ ਪੋਸਟ ’ਤੇ ਐੱਸ ਐੱਸ ਮਾਸਟਰ ਨਿਯੁਕਤ ਹੋ ਗਿਆ। ਮੈਂ ਆਪਣੇ ਪਰਿਵਾਰ ਸਮੇਤ ਪਟਿਆਲੇ ਸ਼ਿਫਟ ਕਰ ਗਿਆ। ਸਾਡਾ ਛੋਟਾ ਪਰਿਵਾਰ ਸੀ। ਮੈਂ, ਮੇਰੀ ਪਤਨੀ ਤੇ ਮੇਰਾ ਇੱਕ ਸਾਲ ਦਾ ਲੜਕਾ। ਪਟਿਆਲੇ ਦੇ ਖਾਲਸਾ ਮੁਹੱਲੇ ਵਿੱਚ ਅਸੀਂ ਕਿਰਾਏ ’ਤੇ ਰਹਿਣ ਲੱਗ ਪਏ। ਸਾਨੂੰ ਉੱਪਰ ਇੱਕ ਕਮਰਾ ਅਤੇ ਰਸੋਈ ਮਿਲੇ ਹੋਏ ਸਨ। ਮਕਾਨ ਮਾਲਕ ਬਹੁਤ ਹੀ ਨੇਕ ਅਤੇ ਸ਼ਰੀਫ ਸੀ। ਭੁਪਿੰਦਰ ਸਿੰਘ ਸਿੰਚਾਈ ਵਿਭਾਗ ਵਿੱਚ ਐੱਸ ਡੀ ਓ ਲੱਗੇ ਹੋਏ ਸਨ। ਉਨ੍ਹਾਂ ਦੀ ਪਤਨੀ ਬਹੁਤ ਹੀ ਮਿਲਣਸਾਰ ਘਰੇਲੂ ਔਰਤ ਸੀ। ਮੇਰੀ ਪਤਨੀ ਭਾਵੇਂ ਐੱਮ ਏ ਬੀਐੱਡ ਸੀ ਪਰ ਅਜੇ ਉਸ ਨੂੰ ਨੌਕਰੀ ਨਹੀਂ ਮਿਲੀ ਸੀ। ਇਸ ਲਈ ਉਹ ਵੀ ਘਰ ਰਹਿੰਦੀ ਸੀ। ਉਨ੍ਹਾਂ ਦਾ ਇੱਕ ਬੇਟਾ ਅਤੇ ਇੱਕ ਸਨ, ਜਿਨ੍ਹਾਂ ਦੇ ਨਾਮ ਰੌਬਿਨ ਤੇ ਸਵੀਟੀ ਸਨ। ਲੜਕਾ ਅੱਠ ਸਾਲ ਦਾ ਤੇ ਲੜਕੀ ਦਸ ਸਾਲ ਦੀ। ਉਹ ਬੱਚੇ ਜ਼ਿਆਦਾਤਾਰ ਸਾਡੇ ਕੋਲ ਉੱਪਰ ਰਹਿੰਦੇ ਤੇ ਟੀ ਵੀ ਸਾਡੇ ਨਾਲ ਬਹਿ ਕੇ ਵੇਖਦੇ। ਮਈ ਜੂਨ ਦਾ ਮਹੀਨਾ ਆਇਆ ਤਾਂ ਗਰਮੀ ਨਾਲ ਸਾਡੀ ਮੱਤ ਮਾਰੀ ਗਈ। ਉਪਰਲਾ ਪੋਰਸ਼ਨ ਹੋਣ ਕਰਕੇ ਉਹ ਬਹੁਤ ਤਪਦਾ ਸੀ। ਮਹਿਜ਼ ਚਾਰ ਮਹੀਨੇ ਤੋਂ ਬਾਅਦ ਸਾਨੂੰ ਉਹ ਮਕਾਨ ਬਦਲਣਾ ਪਿਆ। ਅਸੀਂ ਪਟਿਆਲੇ ਦੇ ‘ਚਰਨ ਬਾਗ’ ਵਿਚ ਸ਼ਿਫਟ ਕਰ ਗਏ। ਮੈਂ ਪਟਿਆਲੇ ਇੱਕ ਸਾਲ ਨੌਕਰੀ ਕੀਤੀ ਤੇ ਉਹ ਪਰਿਵਾਰ ਸਾਨੂੰ ਨਵੇਂ ਘਰ ਵੀ ਆ ਕੇ ਮਿਲਦਾ ਰਿਹਾ।
ਸਾਲ ਬਾਅਦ ਮੇਰੀ ਨੌਕਰੀ ਬਾਘੇਪੁਰਾਣੇ ਦੇ ਨੇੜੇ ਇਕ ਪਿੰਡ ਵਿਚ ਲੱਗੀ ਅਤੇ ਮੈਂ ਪਰਿਵਾਰ ਸਹਿਤ ਉੱਥੇ ਸ਼ਿਫਟ ਕਰ ਗਿਆ। ਸਮਾਂ ਬੀਤਦਾ ਗਿਆ। ਉਨ੍ਹਾਂ ਦੀ ਬੇਟੀ ਮੇਰੇ ਬੇਟੇ ਨੂੰ ਰੱਖੜੀ ਭੇਜਦੀ ਰਹੀ। 10 ਕੁ ਸਾਲਾਂ ਬਾਅਦ ਇਕ ਮਨਹੂਸ ਖ਼ਬਰ ਸਾਡੇ ਕੋਲ ਪਹੁੰਚੀ ਕਿ ਅਚਾਨਕ ਭੁਪਿੰਦਰ ਸਿੰਘ ਜੀ ਸਵਰਗਵਾਸ ਹੋ ਗਏ। ਉਮਰ ਲਗਭਗ ਪੰਜਾਹ ਸਾਲ ਦੀ ਸੀ। ਅਸੀਂ ਸਸਕਾਰ ’ਤੇ ਪਹੁੰਚੇ, ਸਾਰੇ ਪਰਿਵਾਰ ਨੂੰ ਮਿਲੇ। ਦੋਵੇਂ ਬੱਚੇ ਅਜੇ ਅਣਵਿਆਹੇ ਸਨ। ਰੌਬਿਨ ਨੇ ਇੰਜਨੀਅਰਿੰਗ ਦੀ ਪੜ੍ਹਾਈ ਖਤਮ ਹੀ ਕੀਤੀ ਸੀ ਕਿ ਉਸ ਨੂੰ ਆਪਣੇ ਪਿਤਾ ਜੀ ਦੀ ਥਾਂ ’ਤੇ ਨੌਕਰੀ ਮਿਲ ਗਈ। ਸਵੀਟੀ ਬੀ ਡੀ ਐੱਸ ਕਰਕੇ ਦੰਦਾਂ ਦੀ ਡਾਕਟਰ ਬਣ ਗਈ।
ਦੋਵਾਂ ਬੱਚਿਆਂ ਦੇ ਵਿਆਹ ’ਤੇ ਸਾਨੂੰ ਬੁਲਾਇਆ ਗਿਆ। ਅੱਜ ਵੀ ਸਵੀਟੀ ਮੇਰੇ ਬੇਟੇ ਨੂੰ ਰੱਖੜੀ ਭੇਜਦੀ ਹੈ ਤੇ ਜਦੋਂ ਅਸੀਂ ਕਦੇ ਪਟਿਆਲੇ ਜਾਂਦੇ ਹਾਂ, ਜ਼ਰੂਰ ਮਿਲ ਕੇ ਆਉਂਦੇ ਹਾਂ। ਹੁਣ ਉਹ ਸਾਨੂੰ ਸਾਡੇ ਰਿਸ਼ਤੇਦਾਰ ਹੀ ਜਾਪਦੇ ਹਨ।
ਇਕ ਹੋਰ ਘਰ ਦਾ ਮੈਂ ਜ਼ਿਕਰ ਕਰਾਂਗਾ। ਜਦੋਂ ਮੇਰੀ ਸਰਕਾਰੀ ਨੌਕਰੀ ਬਾਘੇ ਪੁਰਾਣੇ ਦੇ ਨੇੜੇ ਪਿੰਡ ਚੰਦ ਨਵਾਂ ਵਿਖੇ ਲੱਗੀ ਤਾਂ ਮੈਂ ਆਪਣਾ ਰੈਣ ਬਸੇਰਾ ਲਾਗਲੇ ਪਿੰਡ ਚੋਟੀਆਂ ਠੋਬਾ ਵਿਚ ਕਰ ਲਿਆ, ਜਿੱਥੇ ਮੇਰੀ ਪਤਨੀ ਦੀ ਸਰਕਾਰੀ ਨੌਕਰੀ ਬਤੌਰ ਹਿੰਦੀ ਅਧਿਆਪਕਾ ਲੱਗੀ ਸੀ। ਜਿਸ ਘਰ ਅਸੀਂ ਰਹਿੰਦੇ ਸਾਂ, ਉਹ ਬੇਬੇ ਗੁਰਮੇਲ ਕੌਰ ਦਾ ਘਰ ਸੀ, ਜੋ ਪਿੰਡ ਦੀ ਪੰਚ ਵੀ ਸੀ। ਉਹ ਮੇਰੀ ਪਤਨੀ ਨੂੰ ਆਪਣੀ ਸਕੀ ਧੀ ਵਾਂਗ ਪਿਆਰ ਕਰਦੀ। ਅਸੀਂ ਉੱਥੇ ਦੋ ਸਾਲ ਰਹੇ। ਜਦੋਂ ਅਸੀਂ ਆਪਣੀ ਬਦਲੀ ਲੁਧਿਆਣੇ ਸ਼ਹਿਰ ਵਿੱਚ ਕਰਾਈ ਤਾਂ ਸਾਨੂੰ ਬੇਬੇ ਨੇ ਸਰ੍ਹੋਂ ਦਾ ਤੇਲ, ਦੇਸੀ ਘਿਉ ਤੇ ਆਟਾ ਦੇ ਕੇ ਤੋਰਿਆ। ਮੈਨੂੰ ਇੱਕ ਵੱਡਾ ਸਟੀਲ ਦਾ ਗਿਲਾਸ ਦਿੱਤਾ ਤੇ ਕਿਹਾ ਕਿ ਪੁੱਤ ਜਦੋਂ ਤੂੰ ਇਹਦੇ ਵਿੱਚ ਪਾਣੀ ਪੀਵੇਂਗਾ ਤਾਂ ਤੈਨੂੰ ਪਿੰਡ ਵਾਲੀ ਬੇਬੇ ਚੇਤੇ ਆਇਆ ਕਰੂਗੀ। ਅੱਜ ਇਸ ਗੱਲ ਨੂੰ ਪੂਰੇ ਬਾਈ ਸਾਲ ਹੋ ਗਏ ਹਨ। ਮੈਂ ਉਸ ਗਲਾਸ ਬਿਨਾਂ ਹੋਰ ਕੋਈ ਗਲਾਸ ਨਹੀਂ ਵਰਤਦਾ।
ਅਸੀਂ ਹੁਣ ਵੀ ਉਸ ਪਿੰਡ ਗੇੜਾ ਮਾਰਦੇ ਰਹਿੰਦੇ ਹਾਂ ਤੇ ਬੇਬੇ ਨੂੰ ਜ਼ਰੂਰ ਮਿਲ ਕੇ ਆਉਂਦੇ ਹਾਂ। ਸਾਨੂੰ ਵੀ ਕਦੇ ਕਦਾਈਂ ਬੇਬੇ ਮਿਲਣ ਸਾਡੇ ਸ਼ਹਿਰ ਆ ਜਾਂਦੀ ਹੈ। ਬੇਬੇ ਦੇ ਪੋਤੇ ਪੋਤੀਆਂ, ਜੋ ਸਾਡੇ ਕੋਲ ਪੜ੍ਹਦੇ ਸਨ, ਵਿਦੇਸ਼ਾਂ ਵਿੱਚ ਸੈਟਲ ਹੋ ਗਏ ਹਨ। ਅਸੀਂ ਵਾਰੀ ਵਾਰੀ ਸਾਰਿਆਂ ਦਾ ਵਿਆਹ ਅਟੈਂਡ ਕੀਤਾ। ਬੇਬੇ ਦੇ ਦੋ ਪੁੱਤ ਜਸਵੰਤ ਸਿੰਘ ਅਤੇ ਕੁਲਵੰਤ ਸਿੰਘ ਬਹੁਤ ਹੀ ਨੇਕ ਤੇ ਮਿਲਣਸਾਰ ਹਨ। ਉਨ੍ਹਾਂ ਨਾਲ ਅਕਸਰ ਫੋਨ ’ਤੇ ਗੱਲ ਹੁੰਦੀ ਰਹਿੰਦੀ ਹੈ। ਅਸੀਂ ਦੋਵੇਂ ਪਰਿਵਾਰ ਇਕ ਦੂਜੇ ਲਈ ਦੁਆਵਾਂ ਕਰਦੇ ਰਹਿੰਦੇ ਹਾਂ।
ਪਿਛਲੇ ਸੱਤ ਸਾਲ ਤੋਂ ਅਸੀਂ ਖਰੜ ਸ਼ਿਫਟ ਕਰ ਗਏ। ਪਹਿਲਾਂ ਅਸੀਂ ਆਪਣਾ ਇੱਕ ਫਲੈਟ ਖਰੀਦਿਆ। ਫੇਰ ਆਪਣਾ ਖੰਨੇ ਵਾਲਾ ਮਕਾਨ ਵੇਚ ਕੇ ਇੱਥੇ ਇੱਕ ਘਰ ਲੈ ਲਿਆ। ਉਸ ਫਲੈਟ ਨੂੰ ਜਦੋਂ ਮੈਂ ਕਿਰਾਏ ’ਤੇ ਦੇਣ ਲੱਗਾ ਤਾਂ ਉਸ ਪਰਿਵਾਰ ਨੇ ਕਿਹਾ ਕਿ ਸਾਨੂੰ ਸਾਰੇ ਕਮਰਿਆਂ ਵਿੱਚ ਪੱਖੇ, ਆਰ ਓ ਤੇ ਚਿਮਨੀ ਲਵਾ ਦੇਵੋ। ਅਸੀਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ। ਜਦੋਂ ਉਹ ਸਾਡੇ ਫਲੈਟ ਵਿੱਚ ਸ਼ਿਫਟ ਕਰ ਗਏ ਤਾਂ ਮੈਂ ਅਤੇ ਮੇਰੀ ਪਤਨੀ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਗਏ। ਜਦੋਂ ਮੈਂ ਗੱਡੀ ਵਿੱਚੋਂ ਉੱਤਰਿਆ ਤਾਂ ਇੱਕ ਔਰਤ ਮੁੱਖ ਦਰਵਾਜ਼ੇ ’ਤੇ ਆਈ ਜਿਸ ਨੂੰ ਅਸੀਂ ਪਹਿਲੀ ਵਾਰ ਮਿਲਣ ਰਹੇ ਸੀ। ਉਸ ਔਰਤ ਨੇ ਸਾਡਾ ਇੰਝ ਸੁਆਗਤ ਕੀਤਾ ਜਿਵੇਂ ਅਸੀਂ ਸੱਚਮੁੱਚ ਉਸ ਦੇ ਰਿਸ਼ਤੇਦਾਰ ਹੋਈਏ। ਮੈਨੂੰ ਦੇਖ ਕੇ ਉਹ ਔਰਤ ਆਖਣ ਲੱਗੀ, ਤੁਹਾਡਾ ਮੁਹਾਂਦਰਾ ਮੇਰੇ ਭਰਾ ਨਾਲ ਮਿਲਦਾ ਹੈ। ਮੈਨੂੰ ਵੀ ਮਹਿਸੂਸ ਹੋਣ ਲੱਗਾ ਕਿ ਸਾਡੇ ਕਿਰਾਏਦਾਰ ਵੀ ਹੁਣ ਸਾਡੇ ਰਿਸ਼ਤੇਦਾਰ ਬਣਨ ਜਾ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3110)
(ਸਰੋਕਾਰ ਨਾਲ ਸੰਪਰਕ ਲਈ: