“ਜਦੋਂ ਉਨ੍ਹਾਂ ਕੋਲ ਪੈਸੇ ਦੀ ਘਾਟ ਸੀ ਉਨ੍ਹਾਂ ਨੂੰ ਵੀ ਕਿਸੇ ਰਿਸ਼ਤੇਦਾਰ ਨੇ ਨਹੀਂ ਸੀ ਪੁੱਛਿਆ ...”
(17 ਨਵੰਬਰ 2019)
ਇੱਕ ਵਾਰੀ ਮੈਂ ਕਿਸੇ ਸਮਾਗਮ ਵਿੱਚ ਬੈਠਾ ਸੀ ਕਿ ਉੱਥੇ ਮੇਰੇ ਆਪਣੇ ਰਿਸ਼ਤੇਦਾਰਾਂ ਵਿੱਚ ਇੱਕ ਨੁਕਤੇ ਉੱਤੇ ਬਹਿਸ ਸ਼ੁਰੂ ਹੋ ਗਈ। ਰਿਸ਼ਤੇਦਾਰਾਂ ਵਿੱਚ ਕੁਝ ਅਮੀਰ ਅਤੇ ਕੁਝ ਦਰਮਿਆਨੇ ਪੱਧਰ ਵਾਲੇ ਪਰਿਵਾਰ ਮੌਜੂਦ ਸਨ। ਮੇਰੀ ਰਿਸ਼ਤੇਦਾਰੀ ਵਿੱਚ ਇੱਕ ਅੰਕਲ, ਜੋ ਰਿਟਾਇਰਡ ਸਨ, ਨੇ ਕਹਿਣਾ ਸ਼ੁਰੂ ਕੀਤਾ ਕਿ ਵਾਧੂ ਪੈਸਾ ਲੋਕਾਂ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਤੋਂ ਇਹ ਲੱਗਦਾ ਸੀ ਕਿ ਇਹ ਗੱਲ ਉਹ ਉਸ ਸਮਾਗਮ ਵਿੱਚ ਬੈਠੇ ਕਿਸੇ ਖਾਸ ਰਿਸ਼ਤੇਦਾਰ ਨੂੰ ਸੁਣਾ ਰਹੇ ਸਨ ਜਿਨ੍ਹਾਂ ਦੇ ਬੱਚੇ ਵਿਦੇਸ਼ੀ ਕੰਪਨੀਆਂ ਤੋਂ ਚੰਗਾ ਪੈਕੇਜ ਲੈ ਰਹੇ ਸਨ। ਇਹ ਵੀ ਸਪਸ਼ਟ ਸੀ ਕਿ ਸੁਣਾਵਾਂ ਕਰਨ ਵਾਲੇ ਅੰਕਲ ਦੇ ਬੱਚੇ ਸੈੱਟ ਨਹੀਂ ਸਨ।
ਇੱਕ ਧਿਰ ਕਹਿ ਰਹੀ ਸੀ ਕਿ ਪੈਸਾ ਜ਼ਿੰਦਗੀ ਵਿੱਚ ਉੰਨਾ ਹੀ ਚਾਹੀਦਾ ਹੈ, ਜਿੰਨਾ ਸਾਡੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਸਕੇ। ਉਹਨਾਂ ਦਾ ਤਰਕ ਸੀ ਕਿ ਜਿੰਨਾ ਲੋੜ ਨਾਲੋਂ ਵਧ ਪੈਸਾ ਹੋਵੇ, ਉਸ ਨਾਲ ਉਹ ਰਿਸ਼ਤਿਆਂ ਵਿੱਚ ਵਿਗਾੜ ਪੈਂਦਾ ਹੈ। ਬੰਦਾ ਬੰਦੇ ਨੂੰ ਨਹੀਂ ਸਿਆਣਦਾ। ਚਾਰ ਕੁ ਪੈਸਿਆਂ ਨਾਲ ਉਹ ਹੰਕਾਰਿਆ ਜਾਂਦਾ ਹੈ। ਪੈਸੇ ਵਾਲੇ ਰਿਸ਼ਤੇਦਾਰ ਕੁਝ ਨਾ ਬੋਲੇ, ਬੱਸ ਉੱਥੋਂ ਉੱਠ ਕੇ ਚਲੇ ਗਏ। ਪਰ ਇਹ ਗੱਲ ਮੈਂ ਜਾਣਦਾ ਸੀ ਕਿ ਕਿਵੇਂ ਅੱਜ ਪੈਸੇ ਵਾਲੇ ਰਿਸ਼ਤੇਦਾਰਾਂ ਨੇ ਬੀਤੇ ਸਮੇਂ ਵਿੱਚ ਦੁੱਖ ਤਕਲੀਫਾਂ ਕੱਟ ਕੇ, ਆਪਣੇ ਖਰਚਿਆਂ ਉੱਤੇ ਕੰਟਰੋਲ ਕਰਕੇ, ਪੈਸਾ ਬਚਾ ਕੇ ਇਕੱਠਾ ਕੀਤਾ ਸੀ। ਉਸ ਸਮੇਂ ਜਦੋਂ ਉਨ੍ਹਾਂ ਕੋਲ ਪੈਸੇ ਦੀ ਘਾਟ ਸੀ ਉਨ੍ਹਾਂ ਨੂੰ ਵੀ ਕਿਸੇ ਰਿਸ਼ਤੇਦਾਰ ਨੇ ਨਹੀਂ ਸੀ ਪੁੱਛਿਆ। ਆਪਣੀ ਭੜਾਸ ਕੱਢਣ ਵਾਲੇ ਰਿਸ਼ਤੇਦਾਰ ਨੂੰ ਵੀ ਇਸ ਗੱਲ ਦਾ ਭਲੀਭਾਂਤ ਪਤਾ ਸੀ ਕਿ ਕਿਵੇਂ ਉਹਨਾਂ ਨੇ ਮਿਹਨਤਾਂ ਕਰਕੇ ਆਪਣੇ ਆਪ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਸੀ।
ਅੱਜ ਅਸੀਂ ਦੂਜਿਆਂ ਕੋਲ ਪੈਸਾ ਵੇਖ ਕੇ ਇਹ ਭੁੱਲ ਜਾਂਦੇ ਹਾਂ ਕਿ ਉਨ੍ਹਾਂ ਨੇ ਕਿੰਨੇ ਦੁੱਖ ਅਤੀਤ ਵਿੱਚ ਵੇਖੇ ਹੋਣਗੇ। ਮੇਰਾ ਇੱਕ ਦੋਸਤ ਹੈ ਜੋ ਅੱਜ ਇੱਕ ਚੰਗਾ ਲੋਹੇ ਦਾ ਟ੍ਰੇਡਰ ਹੈ। ਉਹ ਮੇਰੇ ਗਵਾਂਢ ਵਿੱਚ ਰਹਿੰਦਾ ਸੀ ਤੇ ਮੇਰਾ ਚੰਗਾ ਮਿੱਤਰ ਸੀ। ਮੈਂਨੂੰ ਯਾਦ ਹੈ ਕਿ ਉਹ ਅਤੇ ਉਹਦੇ ਭੈਣ ਭਰਾ ਰਲ ਕੇ ਹਰ ਰੋਜ਼ ਸੈਂਕੜੇ ਦੀ ਤਾਦਾਦ ਵਿੱਚ ਆਪਣੇ ਘਰ ਲਿਫਾਫੇ ਬਣਾਉਂਦੇ ਸਨ ਅਤੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਆਪਣੀ ਪੜ੍ਹਾਈ ਲਿਖਾਈ ਦਾ ਖਰਚਾ ਵੀ ਕੱਢਦੇ ਰਹੇ ਸਨ। ਵੱਡਾ ਲੜਕਾ ਬੀ.ਕਾਮ ਕਰਕੇ ਕਿਸੇ ਲੋਹੇ ਦੀ ਮਿੱਲ ਵਿੱਚ ਅਕਾਊਂਟੈਂਟ ਲੱਗ ਗਿਆ। ਮਿੱਲ ਦਾ ਮਾਲਕ ਬਹੁਤ ਦਇਆਵਾਨ ਸੀ, ਹੌਲੀ ਹੌਲੀ ਉਸ ਨੇ ਉਸ ਦੀ ਵੀ ਕੁਝ ਹਿੱਸਾ ਪੱਤੀ ਰੱਖ ਲਈ। ਫਿਰ ਉਹ ਤਰੱਕੀ ਕਰਦਾ ਕਰਦਾ ਆਪ ਹੀ ਲੋਹੇ ਦੀ ਟਰੇਡਿੰਗ ਦਾ ਕੰਮ ਸ਼ੁਰੂ ਕਰਨ ਲੱਗ ਲਿਆ। ਅੱਜ ਮਾਲਕ ਦੀ ਕਿਰਪਾ ਨਾਲ ਕਰੋੜਾਂ ਵਿੱਚ ਖੇਡ ਰਿਹਾ ਹੈ। ਜਿਹੜੇ ਰਿਸ਼ਤੇਦਾਰ ਪਹਿਲਾਂ ਉਨ੍ਹਾਂ ਨੂੰ ਪੁੱਛਦੇ ਨਹੀਂ ਸਨ, ਅੱਜ ਉਨ੍ਹਾਂ ਦੇ ਅੱਗੇ ਪਿੱਛੇ ਫਿਰਦੇ ਹਨ।
ਮੈਂਨੂੰ ਇੱਕ ਹੋਰ ਮਿੱਤਰ ਦਾ ਚੇਤਾ ਆ ਗਿਆ ਹੈ। ਜਦੋਂ ਉਸਦਾ ਵਿਆਹ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪੈਸੇ ਦੀ ਥੁੜ ਕਰਕੇ ਉਹ ਵਿਆਹ ਤੋਂ ਬਾਅਦ ਕਿਤੇ ਵੀ ਘੁੰਮਣ ਨਹੀਂ ਗਏ। ਦੋਵੇਂ ਜੀਅ ਟਿਊਸ਼ਨਾਂ ਪੜ੍ਹਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦੋਹਾਂ ਪਤੀ ਪਤਨੀ ਦੀ ਸਰਕਾਰੀ ਟੀਚਰ ਦੇ ਤੌਰ ਉੱਤੇ ਸਿਲੈਕਸ਼ਨ ਹੋ ਗਈ। ਚੰਗੀ ਤਨਖ਼ਾਹ ਹੋਣ ਕਰਕੇ ਉਹ ਹੁਣ ਕਈ ਹਿੱਲ ਸਟੇਸ਼ਨਾਂ ਉੱਤੇ ਘੁੰਮ ਕੇ ਆਏ ਹਨ। ਇੱਕ ਸਮੇਂ ਬੇਘਰ ਹੋਏ ਮੇਰੇ ਮਿੱਤਰ ਕੋਲ ਅੱਜ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਹਨ। ਰਿਸ਼ਤੇਦਾਰਾਂ ਅਤੇ ਸਮਾਜ ਵਿੱਚ ਮੇਰੇ ਮਿੱਤਰ ਦੀ ਪੁੱਛ ਹੁਣ ਇਸ ਗੱਲ ਕਰਕੇ ਹੈ ਕਿਉਂਕਿ ਅੱਜ ਦੀ ਤਰੀਕ ਵਿੱਚ ਉਸ ਕੋਲ ਚਾਰ ਪੈਸੇ ਹਨ। ਪੈਸਾ ਆਉਣ ਨਾਲ ਸਮਾਜ ਵਿੱਚ ਸਤਿਕਾਰ ਵਧ ਜਾਂਦਾ ਹੈ। ਥੁੜ੍ਹਾਂ ਦੇ ਮਾਰੇ ਰਿਸ਼ਤੇਦਾਰ ਕੋਲ ਕੋਈ ਖੜ੍ਹਦਾ ਵੀ ਨਹੀਂ ਮਤੇ ਉਹ ਕਿਸੇ ਤੋਂ ਕੋਈ ਪੈਸਾ ਉਧਾਰ ਨਾ ਮੰਗ ਲਵੇ। ਚੰਗੇ ਸਰਦੇ ਪੁੱਜਦੇ ਰਿਸ਼ਤੇਦਾਰ ਕੋਲ ਲੋਕ ਤਾਹੀਂ ਜਾਂਦੇ ਹਨ ਇਸਦਾ ਅਰਥ ਇਹ ਨਹੀਂ ਕਿ ਉਹ ਉਸ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਨ, ਇਸ ਗੱਲ ਕਰਕੇ ਕਿ ਉਸ ਨੇ ਉਨ੍ਹਾਂ ਅੱਗੇ ਕੋਈ ਸਵਾਲ ਜਾਂ ਮੰਗ ਖੜ੍ਹੀ ਨਹੀਂ ਕਰਨੀ।
ਪੈਨਸ਼ਨਰਾਂ ਦਾ ਥੋੜ੍ਹਾ ਬਹੁਤ ਆਦਰ ਪੈਨਸ਼ਨ ਕਰਕੇ ਹੈ। ਮਹੀਨੇ ਦੇ ਅੰਤਲੇ ਦਿਨਾਂ ਵਿੱਚ ਸਤਿਕਾਰ ਵਿੱਚ ਥੋੜ੍ਹਾ ਜਿਹਾ ਇਜ਼ਾਫਾ ਹੋ ਜਾਂਦਾ ਹੈ ਕਿਉਂਕਿ ਉਦੋਂ ਉਹਨਾਂ ਦੇ ਖਾਤੇ ਵਿੱਚ ਪੈਨਸ਼ਨ ਪੈਣੀ ਹੁੰਦੀ ਹੈ। ਨਹੀਂ ਤਾਂ ਪੈਸਿਆਂ ਤੋਂ ਬਿਨਾਂ ਅੱਜ ਕਲ ਮਾਪਿਆਂ ਨੂੰ ਕੌਣ ਪੁੱਛਦਾ ਹੈ? ਤੁਸੀਂ ਭਾਵੇਂ ਕਿੰਨੇ ਵੀ ਆਦਰਸ਼ਵਾਦੀ ਅਤੇ ਸਿਧਾਂਤਵਾਦੀ ਕਿਉਂ ਨਾ ਹੋਵੋਂ, ਪੈਸੇ ਤੋਂ ਬਿਨਾਂ ਬੰਦੇ ਦੀ ਕੋਈ ਵੁੱਕਤ ਨਹੀਂ। ਅੱਜ ਪੈਸੇ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਪੈਸੇ ਦੀ ਲੋੜ ਹੁੰਦੀ ਹੈ। ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਵਿਆਹ ਤੱਕ ਪੈਸੇ ਦੀ ਜ਼ਰੂਰਤ ਪੈਂਦੀ ਹੈ। ਬੱਚਿਆਂ ਦੀ ਉਚੇਰੀ ਸਿੱਖਿਆ ਲਈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸੈੱਟ ਕਰਵਾਉਣ ਲਈ ਪੈਸੇ ਦੀ ਲੋੜ ਪੈਂਦੀ ਹੀ ਪੈਂਦੀ ਹੈ।
ਪੈਸੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਇਸ ਨੂੰ ਸਾਂਭ ਕੇ ਰੱਖਿਆ ਜਾਵੇ। ਬੇਲੋੜੀ ਅਤੇ ਫਜ਼ੂਲ ਦੀ ਵਰਤੋਂ ਉੱਤੇ ਨਿਯੰਤਰਣ ਕਰਕੇ ਭਵਿੱਖ ਲਈ ਇਸ ਨੂੰ ਜੋੜਨਾ ਚਾਹੀਦਾ ਹੈ। ਐਵੇਂ ਝੂਠੀ ਸ਼ੋਹਰਤ ਲਈ ਪੈਸਾ ਉਡਾਉਣਾ ਕੋਈ ਸਿਆਣਪ ਨਹੀਂ। ਰਿਸ਼ਤੇਦਾਰ ਤੁਹਾਡੇ ਨਾਲ ਉਦੋਂ ਤੱਕ ਹਨ, ਜਦੋਂ ਤੱਕ ਤੁਹਾਡੇ ਕੋਲ ਪੈਸੇ ਹਨ। ਚਾਰ ਕੁ ਪੈਸੇ ਕੋਲ ਹਨ ਤਾਂ ਇਨ੍ਹਾਂ ਦਾ ਨਿੱਘ ਬਣਿਆ ਰਹਿੰਦਾ ਹੈ, ਸਮਾਜ ਵਿੱਚ ਤੁਹਾਡੀ ਹੋਂਦ ਬਣੀ ਰਹਿੰਦੀ ਹੈ। ਜਦੋਂ ਦੂਜਿਆਂ ਨਾਲ ਮਿਲਣ ਗਿਲਣ ਦਾ ਸਮਾਂ ਆਉਂਦਾ ਹੈ, ਤੁਸੀਂ ਬਿਨਾਂ ਕਿਸੇ ਤੰਗੀ ਦੇ ਸੁਖ ਦੁੱਖ ਵਿੱਚ ਸ਼ਰੀਕ ਹੁੰਦੇ ਹੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1813)
(ਸਰੋਕਾਰ ਨਾਲ ਸੰਪਰਕ ਲਈ: