“ਸਾਰੇ ਦਿਨ ਦੀਆਂ ਅਣਸੁਖਾਵੀਆਂ ਘਟਨਾਵਾਂ ਮੇਰੀਆਂ ਅੱਖਾਂ ਮੂਹਰੇ ਘੁੰਮਦੀਆਂ ਰਹਿੰਦੀਆਂ ਤੇ ...”
(26 ਨਵੰਬਰ 2020)
ਜੇ ਸਾਲ 2020 ਨੂੰ ‘ਕਰੋਨਾ ਕਾਲ’ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਲਗਭਗ ਪਿਛਲੇ ਦਸ ਮਹੀਨਿਆਂ ਤੋਂ ਇਸ ਨੇ ਪੂਰੇ ਵਿਸ਼ਵ ਵਿੱਚ ਤਰਥੱਲੀ ਮਚਾਈ ਹੋਈ ਹੈ। ਸਾਡੇ ਦੇਸ਼ ਵਿੱਚ ਇਸਦਾ ਅਸਰ ਮਾਰਚ ਮਹੀਨੇ ਤੋਂ ਦਿਸਣਾ ਸ਼ੁਰੂ ਹੋਇਆ। ਮੈਂ ਸਰਕਾਰੀ ਅਧਿਆਪਕ ਹਾਂ। ਮਾਰਚ 2020 ਤੋਂ ਸਾਡੇ ਸਕੂਲ ਬੰਦ ਹੋ ਗਏl ਸਾਰੇ ਦੇਸ਼ ਵਿੱਚ ਲਾਕਡਾਊਨ ਲੱਗ ਗਿਆ। ਕਰੋਨਾ ਇੱਕ ਲਾਗ ਦੀ ਬਿਮਾਰੀ ਹੈ, ਜਿਸਦਾ ਵਾਇਰਸ ਇੱਕ ਬੰਦੇ ਤੋਂ ਦੂਜੇ ਬੰਦੇ ਤਕ ਟਰਾਂਸਮਿਟ ਹੁੰਦਾ ਹੈ। ਸਰਕਾਰ ਨੇ ਆਦੇਸ਼ ਜਾਰੀ ਕਰਕੇ ਲਾਕਡਾਊਨ ਲਗਾ ਦਿੱਤਾ ਤਾਂ ਜੋ ਲੋਕੀਂ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ। ਦੋ ਗੱਲਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ- ਮੂੰਹ ਉੱਤੇ ਮਾਸਕ ਪਾਉਣਾ ਤੇ ਵਾਰ ਵਾਰ ਹੱਥ ਧੋਣਾ।
ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ। ਘਰ ਦੀ ਚਾਰ ਦੀਵਾਰੀ ਵਿੱਚ ਕੈਦੀਆਂ ਵਾਂਗ ਸਮਾਂ ਗੁਜ਼ਾਰਨਾ ਆਪਣੇ ਆਪ ਵਿੱਚ ਚੁਣੌਤੀ ਸੀ। ਸ਼ੁਰੂ ਸ਼ੁਰੂ ਵਿੱਚ ਤਾਂ ਇੰਨਾ ਮਹਿਸੂਸ ਨਹੀਂ ਹੋਇਆ, ਜ਼ਿਆਦਾਤਰ ਟੀਵੀ ਦੇ ਨਿਊਜ਼ ਚੈਨਲ ਵੇਖਦੇ ਰਹੇ। ਖਬਰਾਂ ਹੁੰਦੀਆਂ ਸਨ-ਕਿਹੜੇ ਦੇਸ਼ ਵਿੱਚ ਕਿੰਨੇ ਪੌਜ਼ੇਟਿਵ ਕੇਸ ਆਏ, ਕਿੰਨੀਆਂ ਮੌਤਾਂ ਹੋਈਆਂ। ਪਹਿਲਾਂ ਪਹਿਲਾਂ ਇਸ ਗੱਲ ਦਾ ਸਕੂਨ ਸੀ ਕਿ ਸਾਡੇ ਦੇਸ਼ ਵਿੱਚ ਤੁਲਨਾਤਮਕ ਮੌਤ ਦਰ ਬਹੁਤ ਘੱਟ ਸੀ ਅਤੇ ਕਰੋਨਾ ਦੇ ਕੇਸ ਵੀ ਦੂਜੇ ਦੇਸ਼ਾਂ ਨਾਲੋਂ ਘੱਟ ਸਨ। ਕੁਝ ਚਿਰ ਬਾਅਦ ਸਾਡੇ ਦੇਸ਼ ਦੇ ਵਿੱਚ ਵੀ ਕਰੋਨਾ ਦੇ ਕੇਸਾਂ ਨੇ ਰਫ਼ਤਾਰ ਫੜ ਲਈ। ਟੀਵੀ ਚੈਨਲਾਂ ’ਤੇ ਮੌਤਾਂ ਵਿੱਚ ਇਜ਼ਾਫਾ ਦਿਖਾਇਆ ਗਿਆ। ਲਗਾਤਾਰ ਅਜਿਹੀਆਂ ਖ਼ਬਰਾਂ ਸੁਣਨ ਨਾਲ ਮੇਰੇ-ਦਿਲ ਦਿਮਾਗ ’ਤੇ ਬਹੁਤ ਅਸਰ ਹੋਇਆ। ਦਿਨ ਤਾਂ ਮੇਰਾ ਠੀਕਠਾਕ ਲੰਘ ਜਾਂਦਾ ਸੀ, ਰਾਤ ਨੂੰ ਨੀਂਦ ਨਾ ਆਉਣੀ। ਸਾਰੇ ਦਿਨ ਦੀਆਂ ਅਣਸੁਖਾਵੀਆਂ ਘਟਨਾਵਾਂ ਮੇਰੀਆਂ ਅੱਖਾਂ ਮੂਹਰੇ ਘੁੰਮਦੀਆਂ ਰਹਿੰਦੀਆਂ ਤੇ ਮੈਂਨੂੰ ਵਿਆਕੁਲ ਕਰ ਦਿੰਦੀਆਂ। ਮੈਂ ਬੇਚੈਨ ਰਹਿਣ ਲੱਗ ਪਿਆ। ਫਿਰ ਦਿਨ ਵਿੱਚ ਵੀ ਮੇਰੇ ’ਤੇ ਅਸਰ ਹੋਣ ਲੱਗ ਪਿਆ।
ਮੇਰੀ ਪਤਨੀ ਮੈਂਨੂੰ ਸਮਝਾਉਂਦੀ, “ਆਪਾਂ ਤਾਂ ਬਾਹਰ ਹੀ ਨਹੀਂ ਜਾਂਦੇ, ਸਾਨੂੰ ਇਹ ਬਿਮਾਰੀ ਨਹੀਂ ਲੱਗ ਸਕਦੀ। ਆਪਾਂ ਆਵਲੇ ਦੇ ਮੁਰੱਬੇ, ਫਲ ਫਰੂਟ ਸਭ ਕੁਝ ਖਾਂਦੇ ਹਾਂ। ਗਰਮ ਪਾਣੀ ਪੀਂਦੇ ਹਾਂ, ਮਾਸਕ ਲਗਾਉਂਦੇ ਹਾਂ, ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹਾਂ ਤੇ ਵਾਰ ਵਾਰ ਹੱਥ ਧੋਂਦੇ ਹਾਂ। ਰੱਬ ਦੀ ਕਿਰਪਾ ਨਾਲ ਆਪਣਾ ਬਚਾਅ ਹੀ ਰਹੇਗਾ।”
ਪਤਨੀ ਦੇ ਸਮਝਾਉਣ ਦੇ ਬਾਵਜੂਦ ਵੀ ਮੇਰੇ ਉੱਤੇ ਕੋਈ ਅਸਰ ਨਾ ਹੋਇਆ। ਇੱਕ ਦਿਨ ਮੈਂ ਆਤਮ ਮੰਥਨ ਕੀਤਾ। ਸੋਚਿਆ ਕਿ ਇੰਝ ਜ਼ਿੰਦਗੀ ਕਿਵੇਂ ਲੰਘੇਗੀ? ਸਭ ਤੋਂ ਪਹਿਲਾਂ ਮੈਂ ਉਨ੍ਹਾਂ ਤੱਥਾਂ ’ਤੇ ਵਿਚਾਰ ਕੀਤਾ ਜਿਨ੍ਹਾਂ ਨੇ ਮੈਂਨੂੰ ਨਿਰਾਸ਼ਾ ਵੱਲ ਧਕੇਲਿਆ ਸੀ। ਮੈਂ ਖ਼ਬਰਾਂ ਸੁਣਨੀਆਂ ਘਟਾਈਆਂ ਹੀ ਨਹੀਂ, ਸਗੋਂ ਪੂਰੀ ਤਰ੍ਹਾਂ ਸੁਣਨੀਆਂ ਅਤੇ ਵੇਖਣੀਆ ਬੰਦ ਕਰ ਦਿੱਤੀਆਂ।
ਅੱਜ ਕਈ ਮਹੀਨੇ ਹੋ ਗਏ ਹਨ, ਮੈਂ ਖ਼ਬਰਾਂ ਬਿਲਕੁਲ ਨਹੀਂ ਵੇਖਦਾ। ਅਖ਼ਬਾਰਾਂ ਮੈਂ ਜ਼ਰੂਰ ਪੜ੍ਹਦਾ ਹਾਂ, ਕੇਵਲ ਸਾਹਿਤਕ ਸਰਗਰਮੀਆਂ। ਖ਼ਬਰਾਂ ਵਾਲੇ ਪੰਨੇ ਛੱਡ ਦਿੰਦਾ ਹਾਂ। ਜਦੋਂ ਖ਼ਬਰਾਂ ਸੁਣਨੀਆਂ ਮੈਂ ਬੰਦ ਕਰ ਦਿੱਤੀਆਂ, ਮੇਰਾ ਦਿਮਾਗ ਵਿਹਲਾ ਹੋ ਗਿਆ। ਵਿਹਲੇ ਦਿਮਾਗ ਵਿੱਚ ਹੋਰ ਚੀਜ਼ਾਂ ਪਾਲਣ ਲੱਗ ਪਿਆ। ਟੀ ਵੀ ਦੀਆਂ ਖ਼ਬਰਾਂ ਦਾ ਤਾਂ ਹੁਣ ਮੈਂਨੂੰ ਪਤਾ ਨਹੀਂ ਸੀ ਪਰ ਘੁਮਾ ਫਿਰਾ ਕੇ ਵਟਸਐਪ ’ਤੇ ਖ਼ਬਰਾਂ ਆ ਜਾਂਦੀਆਂ। ਉਨ੍ਹਾਂ ਦਿਨਾਂ ਵਿੱਚ ਫਿਲਮੀ ਖੇਤਰ ਵਿੱਚੋਂ ਕੁਝ ਅਦਾਕਾਰਾਂ ਨੇ ਖੁਦਕੁਸ਼ੀਆਂ ਕਰ ਲਈਆਂ। ਖ਼ੁਦਕੁਸ਼ੀਆਂ ਦਾ ਕਾਰਨ ਡਿਪ੍ਰੈਸ਼ਨ ਸੀ। ਜਿਉਂ ਜਿਉਂ ਮੈਂ ਹੱਲ ਕੱਢਦਾ, ਤਿਉਂ ਤਿਉਂ ਖ਼ਬਰਾਂ ਮੈਂਨੂੰ ਘੇਰ ਲੈਂਦੀਆਂ।
ਫਿਰ ਇੱਕ ਦਿਨ ਮੈਂ ਹਸਪਤਾਲ ਇੱਕ ਡਾਕਟਰ ਕੋਲ ਗਿਆ। ਉਹ ਮਨੋਵਿਗਿਆਨੀ ਸੀ। ਉਸ ਨੂੰ ਮੈਂ ਸਾਰੀ ਵਿਥਿਆ ਸੁਣਾਈ। ਡਾਕਟਰ ਨੇ ਮੈਂਨੂੰ ਸਮਝਾਇਆ ਕਿ ਇਨ੍ਹਾਂ ਹਾਲਾਤ ਵਿੱਚ ਦਵਾਈ ਨਾਲੋਂ ਵੱਧ ਆਪਣੇ ਮਨ ਨੂੰ ਤਕੜਾ ਕਰਨਾ ਪੈਣਾ ਹੈ। ਆਪਣੇ ਆਪ ਨੂੰ ਵਿਅਸਤ ਰੱਖੋ। ਕਿਸੇ ਕੰਮ ਵਿੱਚ ਧਿਆਨ ਲਗਾਓ। ਇੰਟਰਨੈੱਟ ’ਤੇ ਹਾਂ ਪੱਖੀ ਵਿਚਾਰ ਪੜ੍ਹੋ ਤੇ ਕੁਝ ਅਜਿਹੀਆਂ ਕਹਾਣੀਆਂ ਪੜ੍ਹੋ ਜਿਸ ਨਾਲ ਤੁਹਾਡਾ ਮਨੋਬਲ ਉੱਚਾ ਹੋ ਸਕੇ।
ਮੈਂਨੂੰ ਵਾਰਤਕ ਲਿਖਣ ਦਾ ਸ਼ੌਕ ਸੀ ਤੇ ਵੱਖ ਵੱਖ ਅਖ਼ਬਾਰਾਂ ਵਿੱਚ ਮੇਰੀਆਂ ਮਿੰਨੀ ਕਹਾਣੀਆਂ ਤੇ ਲੇਖ ਛਪਦੇ ਰਹੇ ਸਨ। ਅਗਲੇ ਦਿਨ ਮੈਂ ਸਵੇਰੇ ਉੱਠਿਆ ਤਾਂ ਕੀ ਵੇਖਿਆ ਕਿ ਸਾਡੀ ਬਾਲਕਨੀ ਵਿੱਚ ਰੰਗ ਬਰੰਗੀਆਂ ਚਿੜੀਆਂ ਚੀਂ ਚੀਂ ਕਰਦੀਆਂ ਵਿਖਾਈ ਦਿੱਤੀਆਂ। ਬੜੇ ਚਿਰਾਂ ਬਾਅਦ ਚਿੜੀਆਂ ਦੀ ਝਲਕ ਅਤੇ ਉਨ੍ਹਾਂ ਦੀ ਚੀਂ ਚੀਂ ਸੁਣਨ ਨੂੰ ਮਿਲੀ। ਮੈਂ ਆਪਣੇ ਮੋਬਾਇਲ ਵਿੱਚ ਉਨ੍ਹਾਂ ਦੀ ਫੋਟੋ ਖਿੱਚੀ ਤੇ ਉਸ ਤੋਂ ਬਾਅਦ ਹੱਥ ਵਿੱਚ ਕਲਮ ਫੜ ਕੇ ਮੈਂ ਉਨ੍ਹਾਂ ਚਿੜੀਆਂ ਉੱਤੇ ਇੱਕ ਕਵਿਤਾ ਲਿਖ ਦਿੱਤੀ। ਲਿਖ ਕੇ ਮੈਂ ਉਸ ਨੂੰ ਸਾਰੇ ਗਰੁੱਪਾਂ ਵਿੱਚ ਪਾਇਆ ਤੇ ਸਾਰਿਆਂ ਵੱਲੋਂ ਬਹੁਤ ਸ਼ਾਬਾਸ਼ ਮਿਲੀ। ਇਸ ਤੋਂ ਬਾਅਦ ਮੈਂ ਵੱਖ ਵੱਖ ਵਿਸ਼ਿਆਂ ’ਤੇ ਹੋਰ ਕਵਿਤਾਵਾਂ ਲਿਖੀਆਂ। ਇਸ ਤਰ੍ਹਾਂ ਮੇਰੀ ਹੌਸਲਾ ਅਫ਼ਜਾਈ ਹੁੰਦੀ ਗਈ ਤੇ ਮੈਂ ਅੱਗੇ ਵਧਦਾ ਗਿਆ।
ਹੁਣ ਕਵਿਤਾ ਲਿਖਣਾ ਮੇਰੀ ਆਦਤ ਅਤੇ ਇਬਾਦਤ ਹੋ ਗਈ। ਮੈਂ ਉੱਠਦੇ ਸਾਰ ਹੀ ਕੋਈ ਨਾ ਕੋਈ ਕਵਿਤਾ ਲਿਖ ਲੈਂਦਾ। ਮੇਰੀ ਸੋਚ ਨਾਂਹ ਪੱਖੀ ਤੋਂ ਹਾਂ ਪੱਖੀ ਹੋ ਗਈ। ਆਪਣੀਆਂ ਕਈ ਕਵਿਤਾਵਾਂ ਮੈਂ ਫੇਸਬੁੱਕ ’ਤੇ ਜ਼ਰੂਰ ਪੋਸਟ ਕਰਦਾ। ਕਵਿਤਾਵਾਂ ਲਿਖਣ ਦੀ ਮੈਂਨੂੰ ਚੇਟਕ ਲੱਗ ਗਈ। ਮੈਂਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਦਿਨ ਸ਼ੁਰੂ ਹੋਇਆ ਤੇ ਕਦੋਂ ਰਾਤ ਹੋ ਗਈ। ਹਰ ਰੋਜ਼ ਔਸਤਨ ਦੋ ਕਵਿਤਾਵਾਂ ਲਿਖ ਲੈਂਦਾ। ਇਸ ਤਰ੍ਹਾਂ ਲਗਭਗ ਚਾਰ ਮਹੀਨਿਆਂ ਵਿੱਚ ਮੈਂ ਦੋ ਸੌ ਕਵਿਤਾਵਾਂ ਲਿਖ ਚੁੱਕਿਆ ਹਾਂ। ਮੇਰਾ ਖਰੜਾ ਤਿਆਰ ਹੈ ਤੇ ਮੈਂ ਕਵਿਤਾਵਾਂ ਦੀਆਂ ਦੋ ਕਿਤਾਬਾਂ ਛਪਾਉਣ ਦੀ ਤਿਆਰੀ ਵਿੱਚ ਹਾਂ। ਮੈਂ ਲਾਕਡਾਊਨ ਦਾ ਪੂਰਾ ਫਾਇਦਾ ਉਠਾਇਆ। ਨਾਲੇ ਮੇਰਾ ਟਾਈਮ ਵਧੀਆ ਲੰਘਣ ਲੱਗ ਪਿਆ, ਨਾਲੇ ਲਿਖਣ ਦਾ ਸ਼ੌਕ ਪੂਰਾ ਹੋ ਗਿਆ।
ਅੰਤ ਵਿੱਚ ਮੈਂ ਸਾਰਿਆਂ ਨੂੰ, ਖਾਸ ਕਰਕੇ ਨੌਜਵਾਨ ਵਿਦਿਆਰਥੀਆਂ ਨਾਲ ਇਹੀ ਗੱਲ ਸਾਂਝੀ ਕਰਾਂਗਾ ਕਿ ਮੁਸੀਬਤ ਨੂੰ ਵੇਖ ਕੇ ਘਬਰਾਓ ਨਾ, ਮੁਸੀਬਤ ਦਾ ਹੱਲ ਤੁਹਾਡੇ ਕੋਲ ਹੀ ਹੁੰਦਾ ਹੈ। ਬੱਸ, ਆਪਣੇ ਆਪ ਨੂੰ ਪਹਿਚਾਨਣ ਦੀ ਲੋੜ ਹੁੰਦੀ ਹੈ। ਆਪਣੇ ਅੰਦਰ ਦੀ ਕਲਾ ਨੂੰ ਮੁਸੀਬਤ ਦੇ ਦਿਨਾਂ ਵਿੱਚ ਕਵਚ ਅਤੇ ਢਾਲ ਬਣਾ ਕੇ ਵਰਤੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2431)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)