“ਜਦੋਂ ਬੱਚੇ ਪੰਜਵੀਂ ਛੇਵੀਂ ਵਿੱਚ ਅੱਪੜੇ ਤਾਂ ਉਨ੍ਹਾਂ ਦਾ ਨਾਨਾ ਮਰ ਗਿਆ। ਇੱਕ ਸਾਲ ਬਾਅਦ ...”
(4 ਅਕਤੂਬਰ 2021)
ਕੁਝ ਮਹੀਨੇ ਪਹਿਲਾਂ ਮੋਤੀਆ ਦੇਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਹ ਸਾਰੇ ਮੁੱਹਲੇ ਦੀ ਜਿੰਦ ਜਾਨ ਸੀ। ਸਾਰੇ ਉਸ ਨੂੰ ਸਤਿਕਾਰ ਨਾਲ ਝਾਈ ਕਹਿ ਕੇ ਬੁਲਾਉਂਦੇ। ਵਡੇਰੀ ਉਮਰ ਦੇ ਬਾਵਜੂਦ ਉਹ ਹਰ ਕਿਸੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੀ। ਮਹਿਮਾਨ ਨਿਵਾਜੀ ਵਿੱਚ ਉਸਦੀ ਮਿਸਾਲ ਵਿਲੱਖਣ ਸੀ। ਰਿਸ਼ਤੇਦਾਰ ਦੀ ਗੱਲ ਤਾਂ ਦੂਰ, ਉਹ ਜੇ ਕੋਈ ਗੁਆਂਢ ਵਿੱਚੋਂ ਉਹਨਾਂ ਦੇ ਘਰ ਜਾਂਦਾ ਉਹ ਬਿਨਾਂ ਚਾਹ ਪਾਣੀ ਦੇ ਉਹਨਾਂ ਨੂੰ ਨਾ ਜਾਣ ਦਿੰਦੀ। ਉਸਨੇ ਆਪਣੀ ਸਾਰੀ ਉਮਰ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਕੱਟ ਲਈ। ਪਰ ਜੇ ਉਸਦੀ ਪੂਰੀ ਜ਼ਿੰਦਗੀ ’ਤੇ ਝਾਤ ਮਾਰੀਏ ਤਾਂ ਇੰਝ ਲੱਗਦਾ ਹੈ ਕਿ ਦੁੱਖ ਪਰਛਾਵੇਂ ਵਾਂਗ ਉਸਦੇ ਨਾਲ ਨਾਲ ਰਹੇ। ਔਖੀ ਸੌਖੀ ਉਹ ਜ਼ਿੰਦਗੀ ਬਤੀਤ ਕਰਦੀ ਰਹੀ।
ਜਦੋਂ ਦੇਸ਼ ਦੀ ਵੰਡ ਹੋਈ, ਉਦੋਂ ਉਸਦੀ ਉਮਰ ਲਗਭਗ 20 ਸਾਲ ਸੀ। ਉਹ ਮਹੱਲਾ ਮੁਸਲਮਾਨਾਂ ਦਾ ਸੀ। ਵੰਡ ਤੋਂ ਬਾਅਦ ਮੁਸਲਮਾਨ ਪਾਕਿਸਤਾਨ ਹਿਜਰਤ ਕਰ ਗਏ ਸਨ। ਹੁਣ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਉਸ ਮਹੱਲੇ ਵਿੱਚ ਘਰ ਅਲਾਟ ਹੋ ਗਏ ਸਨ। ਉਸ ਸਮੇਂ ਮੋਤੀਆ ਝਾਈ ਪਹਿਲੀ ਨੂੰਹ ਇਸ ਮਹੱਲੇ ਵਿੱਚ ਵਿਆਹੀ ਆਈ। ਮੇਰੇ ਪਿਤਾ ਜੀ ਉਸ ਸਮੇਂ ਬਹੁਤ ਛੋਟੇ ਹੋਣ ਕਰਕੇ ਮੋਤੀਆ ਨੂੰ ਝਾਈ ਕਹਿੰਦੇ ਸਨ। ਮੇਰੇ ਅਤੇ ਮੇਰੇ ਬੱਚਿਆਂ ਲਈ ਵੀ ਉਹ ਝਾਈ ਬਣੀ ਰਹੀ। ਮੁੱਕਦੀ ਗੱਲ, ਉਹ ਜਗਤ ਝਾਈ ਬਣ ਗਈ। ਉਸਦੇ ਪਤੀ ਦੇਵ ਮਿਉਂਸਪਲ ਕਮੇਟੀ ਵਿੱਚ ਕੈਸ਼ੀਅਰ ਸੀ। ਸਾਰੇ ਉਸ ਨੂੰ ਭਾਪਾ ਜੀ ਕਹਿ ਕੇ ਬੁਲਾਉਂਦੇ ਸਨ। ਉਹਨਾਂ ਦੀ ਜ਼ਿੰਦਗੀ ਦੀ ਗੁਜ਼ਰ ਬਸਰ ਹੋ ਰਹੀ ਸੀ। ਪਰ ਇੱਕ ਗੱਲ ਦਾ ਝੋਰਾ ਸੀ ਕਿ 10 ਸਾਲ ਬਾਅਦ ਉਹਨਾਂ ਘਰ ਕੇਵਲ ਇੱਕ ਲੜਕੀ ਨੇ ਜਨਮ ਲਿਆ ਜੋ ਬਚਪਨ ਤੋਂ ਸਿਰ ’ਤੇ ਸੱਟ ਲੱਗਣ ਕਰਕੇ ਥੋੜ੍ਹੀ ਜਿਹੀ ਸਮੱਸਿਆ ਵਿੱਚ ਰਹੀ। ਉਸਦਾ ਨਾਮ ਬੇਬੀ ਰੱਖਿਆ ਗਿਆ।
ਬੇਬੀ ਮੁਸ਼ਕਿਲ ਨਾਲ ਪੰਜ ਜਮਾਤਾਂ ਹੀ ਪੜ੍ਹ ਸਕੀ। ਸਮੇਂ ਨਾਲ ਉਹ ਮੁਟਿਆਰ ਹੋ ਗਈ। ਕਦੇ ਕਦੇ ਉਹ ਬਹੁਤ ਜ਼ਿਆਦਾ ਬੋਲਦੀ ਰਹਿੰਦੀ ਅਤੇ ਅਕਸਰ ਝਾਈ ਨਾਲ ਲੜਦੀ ਰਹਿੰਦੀ। ਮੇਰੀ ਮਾਤਾ ਨਾਲ ਬੇਬੀ ਦੀ ਬਹੁਤ ਬਣਦੀ ਸੀ। ਉਹ ਸਾਰੇ ਮਹੱਲੇ ਵਿੱਚ ਉਹਨਾਂ ਦੀ ਹੀ ਮੰਨਦੀ ਸੀ। ਮੇਰੀ ਮਾਤਾ ਨੂੰ ਉਹ ਸ਼ਿਕਾਇਤ ਕਰਦੀ ਕਿ ਝਾਈ ਉਸਦਾ ਵਿਆਹ ਨਹੀਂ ਕਰਦੀ।
ਸਮਾਂ ਬੀਤਤਾ ਗਿਆ ਤੇ ਅੰਤ ਬੇਬੀ ਦਾ ਵਿਆਹ ਹੋ ਗਿਆ। ਬੇਬੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਵੱਡੇ ਦਾ ਨਾਮ ਗੌਰਵ (ਗੋਲੂ) ਅਤੇ ਛੋਟੇ ਦਾ ਨਾਮ ਸੁਨੀਲ (ਕਾਕਾ) ਰੱਖਿਆ ਗਿਆ। ਝਾਈ ਬਹੁਤ ਖੁਸ਼ ਸੀ। ਉਸਦੇ ਦੋਹਤੇ ਉਸ ਲਈ ਪੁੱਤ ਹੀ ਸਨ। ਦੋਵੇਂ ਬੱਚੇ ਸਕੂਲ ਜਾਣ ਲੱਗ ਪਏ। ਜਦੋਂ ਉਹ ਅਜੇ ਛੋਟੇ ਸਨ ਤਾਂ ਝਾਈ ਦੇ ਜਵਾਈ ਦੀ ਮੌਤ ਹੋ ਗਈ। ਜਦੋਂ ਬੱਚੇ ਪੰਜਵੀਂ ਛੇਵੀਂ ਵਿੱਚ ਅੱਪੜੇ ਤਾਂ ਉਨ੍ਹਾਂ ਦਾ ਨਾਨਾ ਮਰ ਗਿਆ। ਇੱਕ ਸਾਲ ਬਾਅਦ ਬੇਬੀ ਵੀ ਮਰ ਗਈ। ਝਾਈ ਲਈ ਉਸਦੇ ਪਤੀ, ਜਵਾਈ ਅਤੇ ਬੇਟੀ ਦਾ ਜਲਦੀ ਹੀ ਤੁਰ ਜਾਣਾ ਦੁੱਖਾਂ ਦੇ ਗਹਿਰੇ ਸਮੁੰਦਰ ਵਿੱਚ ਡਿਗਣ ਬਰਾਬਰ ਸੀ।
ਹੁਣ ਝਾਈ ਵੀ ਬੁੱਢੀ ਹੋ ਗਈ ਸੀ। ਸਾਰੇ ਰਿਸ਼ਤੇਦਾਰਾਂ ਨੇ ਵੀ ਮੂੰਹ ਮੋੜ ਲਿਆ। ਇੱਕੋ ਇੱਕ ਸਹਾਰਾ ਪਤੀ ਦੀ ਅੱਧੀ ਪੈਨਸ਼ਨ ਸੀ। ਝਾਈ ਨੇ ਹੌਸਲਾ ਨਹੀਂ ਛੱਡਿਆ। ਉਸਨੇ ਬੱਚਿਆਂ ਨੂੰ ਪੜ੍ਹਾਉਣਾ ਜਾਰੀ ਰੱਖਿਆ। ਆਪਣੇ ਦੋਹਤਿਆਂ ’ਤੇ ਉਸਦਾ ਪੂਰਾ ਰੋਅਬ ਸੀ। ਜਦੋਂ ਬੱਚੇ ਮਹੱਲੇ ਵਿੱਚ ਖੇਡਣ ਜਾਂਦੇ ਤਾਂ ਉਹਨਾਂ ਦਾ ਪਿੱਛਾ ਕਰਦੀ ਕਿ ਕਿਤੇ ਉਹ ਬੁਰੀ ਸੰਗਤ ਵਿੱਚ ਨਾ ਪੈ ਜਾਣ। ਦੋਵੇਂ ਬੱਚੇ ਬਾਰ੍ਹਵੀਂ ਪਾਸ ਕਰ ਗਏ। ਪਰ ਹੁਣ ਉਹਨਾਂ ਨੂੰ ਕਾਲਜ ਵਿੱਚ ਪੜ੍ਹਾਉਣ ਦੀ ਉਸ ਕੋਲ ਗੁੰਜਾਇਸ਼ ਨਹੀਂ ਸੀ।
ਝਾਈ ਦਾ ਵੱਡਾ ਦੋਹਤਾ ਗੌਰਵ ਕੰਪਿਊਟਰ ਸਿੱਖਦਾ ਹੋਇਆ ਉੱਥੇ ਹੀ ਨੌਕਰੀ ਕਰਨ ਲੱਗ ਪਿਆ। ਗੌਰਵ ਆਪ ਬੀ ਏ ਪੱਤਰ ਵਿਹਾਰ ਨਾਲ ਕਰਨ ਲੱਗ ਗਿਆ ਤੇ ਛੋਟੇ ਭਰਾ ਨੂੰ ਬੀ ਕਾਮ ਰੈਗੂਲਰ ਕਰਵਾਈ। ਬੀ ਏ ਕਰਨ ਤੋਂ ਬਾਅਦ ਗੌਰਵ ਦੀ ਸਿਲੈਕਸ਼ਨ ਡਿਊਕ ਕੰਪਨੀ ਵਿੱਚ ਲੁਧਿਆਣਾ ਵਿਖੇ ਹੋਈ। ਫਿਰ ਐੱਮ ਬੀ ਏ ਕਰਨ ਤੋਂ ਬਾਅਦ ਇਸੇ ਕੰਪਨੀ ਵਿੱਚ ਉਹ ਬਹੁਤ ਵਧੀਆ ਤਨਖਾਹ ਲੈਣ ਲੱਗ ਗਿਆ। ਛੋਟਾ ਭਰਾ ਐੱਮ ਕਾਮ ਕਰਕੇ ਆਪਣਾ ਕੋਚਿੰਗ ਸੈਂਟਰ ਖੋਲ੍ਹ ਕੇ ਚੰਗੀ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ। ਝਾਈ ਨੇ ਦੋਵਾਂ ਦਾ ਵਿਆਹ ਕਰਕੇ ਆਪਣਾ ਫਰਜ਼ ਅਦਾ ਕੀਤਾ।
ਵੱਡੇ ਦੋਹਤੇ ਦੇ ਘਰ ਲੜਕੀ ਦਾ ਜਨਮ ਹੋਇਆ ਤਾਂ ਝਾਈ ਨੂੰ ਪੜਨਾਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਝਾਈ ਦੀ ਉਮਰ 85 ਸਾਲ ਹੋ ਗਈ ਸੀ। ਬਿਰਧ ਅਵਸਥਾ ਕਰਕੇ ਉਹ ਬੀਮਾਰ ਰਹਿਣ ਲੱਗ ਪਈ। ਫਿਰ ਆਖ਼ਰ ਮੰਜੇ ਉੱਤੇ ਪੈ ਗਈ। ਮੈਂਨੂੰ ਪਤਾ ਲੱਗਾ ਤਾਂ ਮੈਂ ਅਤੇ ਮੇਰੀ ਪਤਨੀ ਝਾਈ ਦਾ ਹਾਲ ਚਾਲ ਪੁੱਛਣ ਉਨ੍ਹਾਂ ਦੇ ਘਰ ਪਹੁੰਚੇ। ਝਾਈ ਸਿੱਧੀ ਮੰਜੇ ’ਤੇ ਲੇਟੀ ਹੋਈ ਸੀ। ਅੱਖਾਂ ਖੁੱਲ੍ਹੀਆਂ ਸਨ ਪਰ ਬੋਲ ਨਹੀਂ ਸਕਦੀ ਸੀ। ਮੇਰੀ ਫ਼ਤਿਹ ਦਾ ਜਵਾਬ ਝਾਈ ਨੇ ਸਿਰ ਹਿਲਾ ਕੇ ਦਿੱਤਾ। ਜਦ ਅਸੀਂ ਆਉਣ ਲੱਗੇ ਤਾਂ ਝਾਈ ਨੇ ਆਪਣੀ ਦੋਹਤ ਨੂੰਹ ਨੂੰ ਇਸ਼ਾਰੇ ਨਾਲ ਚਾਹ ਬਣਾਉਣ ਲਈ ਕਿਹਾ। ਚਾਹ ਪੀ ਕੇ ਅਸੀਂ ਵਿਦਾਇਗੀ ਲਈ। ਹਫ਼ਤੇ ਬਾਅਦ ਖ਼ਬਰ ਆਈ ਕਿ ਝਾਈ ਇਸ ਦੁਨੀਆ ਵਿੱਚ ਨਹੀਂ ਰਹੀ। ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨਿਭਾ ਕੇ 85 ਸਾਲ ਦੀ ਉਮਰ ਵਿੱਚ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਉਹ ਇੱਕ ਦਲੇਰ ਵਿਅਕਤੀ ਵਾਂਗ ਸਮਾਜ ਵਿੱਚ ਵਿਚਰਦੀ ਇੱਕ ਮਿਸਾਲ ਕਾਇਮ ਕਰਦੀ ਇਸ ਸੰਸਾਰ ਵਿੱਚੋਂ ਰੁਖਸਤ ਹੋ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3056)
(ਸਰੋਕਾਰ ਨਾਲ ਸੰਪਰਕ ਲਈ: