“ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਤੇ ਇਸ ਲਈ ਡਰਨ ਦੀ ਮੈਨੂੰ ...”
(14 ਮਾਰਚ 2023)
ਇਸ ਸਮੇਂ ਪਾਠਕ: 213.
ਬਚਪਨ ਤੋਂ ਹੀ ਪਿਤਾ ਬੱਚੇ ਦਾ ਮਾਰਗ ਦਰਸ਼ਕ ਹੁੰਦਾ ਹੈ। ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਸਹੀ ਮਾਰਗ ਤੋਂ ਭਟਕ ਜਾਵੇ। ਹਰ ਪਿਤਾ ਦੀ ਇਹੀ ਹਸਰਤ ਹੁੰਦੀ ਹੈ ਉਸ ਦਾ ਬੱਚਾ ਉਸ ਤੋਂ ਵੀ ਵੱਧ ਤਰੱਕੀ ਕਰੇ। ਮੇਰੇ ਪਿਤਾ ਜੀ (ਸ. ਜੋਗਿੰਦਰ ਸਿੰਘ ਭਾਟੀਆ) ਵੀ ਮੇਰੇ ਬਾਰੇ ਇਹੀ ਸੋਚਦੇ ਸਨ। ਉਹ ਹਰ ਚੀਜ਼ ਨਾਲ ਸਮਝੌਤਾ ਕਰ ਸਕਦੇ ਸੀ ਪਰ ਪੜ੍ਹਾਈ ਨਾਲ ਨਹੀਂ। ਉਹਨਾਂ ਨੇ ਖੰਨਾ ਸ਼ਹਿਰ ਦੇ ਖਾਲਸਾ ਸਕੂਲ ਵਿੱਚੋਂ 1957 ਵਿੱਚ ਦਸਵੀਂ ਪਾਸ ਕੀਤੀ ਸੀ। ਉਨ੍ਹਾਂ ਦੇ 75% ਨੰਬਰ ਆਏ ਸਨ। ਉਦੋਂ ਕਿਸੇ ਕਿਸੇ ਦੇ ਇੰਨੇ ਨੰਬਰ ਆਉਂਦੇ ਹੁੰਦੇ ਸਨ। ਪਿਤਾ ਜੀ ਸੁਭਾਅ ਦੇ ਸਖਤ ਸਨ। ਹਾਸਾ ਉਨ੍ਹਾਂ ਦੇ ਮੂੰਹ ਉੱਤੇ ਕਦੇ ਕਦਾਈਂ ਹੀ ਆਉਂਦਾ ਸੀ। ਸ਼ਾਇਦ ਉਹਨਾਂ ਦੀ ਪਰਵਰਿਸ਼ ਅਜਿਹੇ ਹਾਲਾਤ ਵਿੱਚ ਹੋਈ ਸੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੀ ਉਮਰ 6 ਸਾਲ ਸੀ। ਪਾਕਿਸਤਾਨ ਤੋਂ ਜਦੋਂ ਉਹ ਹਿਜਰਤ ਕਰਕੇ ਇੱਧਰ ਆਏ ਤਾਂ ਵੱਢ ਟੁੱਕ ਦਾ ਮੰਜ਼ਰ ਉਹਨਾਂ ਨੇ ਆਪਣੀ ਮਾਸੂਮ ਅਵਸਥਾ ਵਿੱਚ ਆਪਣੇ ਅੱਖੀਂ ਵੇਖਿਆ। ਇਸ ਸਾਰੇ ਦਾ ਦ੍ਰਿਸ਼ਟਾਂਤ ਉਹਨਾਂ ਨੇ ਆਪਣੀ ਕਹਾਣੀ “ਇਹ ਦਿਨ ਮੁੜ ਨਾ ਵੇਖਣੇ ਪੈਣ” ਵਿੱਚ ਭਾਵਨਾਤਮਕ ਸ਼ਬਦਾਂ ਨਾਲ ਚਿਤਰਿਆ ਹੈ। ਦੂਜੀ ਕਹਾਣੀ “ਤੀਲਾ ਤੀਲਾ ਆਲ੍ਹਣਾ” ਵੀ ਅਜਿਹਾ ਕੁਝ ਬਿਆਨਦੀ ਹੈ ਜੋ ਵੱਖ-ਵੱਖ ਅਖਬਾਰਾਂ ਵਿੱਚ ਛਪ ਚੁੱਕੀ ਹੈ। ਪਿਤਾ ਜੀ ਬਤੌਰ ਕਹਾਣੀਕਾਰ ਸਾਹਿਤ ਖੇਤਰ ਵਿੱਚ ਜਾਣੇ ਜਾਂਦੇ ਸੀ। ਉਹਨਾਂ ਦਾ ਕਹਾਣੀ ਸੰਗ੍ਰਹਿ “ਮਾਂ ਕਦੇ ਨਹੀਂ ਮਰਦੀ” ਵਿਦੇਸ਼ਾਂ ਤੀਕ ਪ੍ਰਸਿੱਧ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਰੂਸੀ ਬਾਲ ਕਹਾਣੀਆਂ ਪੰਜਾਬੀ ਵਿੱਚ ਅਨੁਵਾਦ ਕੀਤੇ। ਰੂਸੀ ਬਾਲ ਕਹਾਣੀ ਦਾ ਅਨੁਵਾਦ ਕਰਕੇ ਉਹਨਾਂ ਨੇ ਬੱਚਿਆਂ ਲਈ “ਕੀੜੀ ਅਤੇ ਤੂਫਾਨ” ਲਿਖੀ ਜੋ ਵਿਸ਼ਵ ਦੇ ਸਾਰੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਸਮਰਪਿਤ ਹੈ।
ਦਸਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ ਵਿੱਚ ਸੈੱਟ ਹੋਣ ਲਈ ਕਾਫੀ ਸੰਘਰਸ਼ ਕੀਤਾ। ਲੋਕਾਂ ਦੇ ਘਰ ਜਾ ਕੇ ਟਿਊਸ਼ਨਾਂ ਪੜ੍ਹਾਈਆਂ। ਬਿਜਲੀ ਬੋਰਡ ਵਿੱਚ ਆਰਜ਼ੀ ਤੌਰ ’ਤੇ ਲਾਈਨਮੈਨ ਦੀ ਨੌਕਰੀ ਵੀ ਕੀਤੀ। ਪਰ ਸਕੂਲ ਵਿੱਚ ਦਸਵੀਂ ਵਿੱਚ ਲਏ ਚੰਗੇ ਨੰਬਰ ਦੀ ਬਦੌਲਤ 1964 ਵਿੱਚ ਡਾਕਖਾਨੇ ਵਿੱਚ ਪੱਕੀ ਨੌਕਰੀ ਲਈ ਪਿਤਾ ਜੀ ਦੀ ਸਿਲੈਕਸ਼ਨ ਹੋ ਗਈ। 37 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਉਹ 2001 ਵਿੱਚ ਬਤੌਰ ਪੋਸਟਮਾਸਟਰ ਰਿਟਾਇਰ ਹੋਏ। ਆਪਣੇ ਪੂਰੀ ਸੇਵਾ ਕਾਲ ਦੌਰਾਨ ਉਹਨਾਂ ਨੇ ਦੋ ਗੁਣ ਆਪਣੇ ਨਾਲ ਰੱਖੇ, ਇੱਕ ਦਲੇਰੀ ਤੇ ਦੂਜਾ ਇਮਾਨਦਾਰੀ। ਆਪਣੀ ਬੇਬਾਕੀ ਅਤੇ ਸਾਫ਼ਗੋਈ ਕਰਕੇ ਉਹ ਅੱਜ ਵੀ ਆਪਣੇ ਮਹਿਕਮੇ ਵਿੱਚ ਜਾਣੇ ਜਾਂਦੇ ਹਨ। ਮੇਰੇ ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਤੇ ਇਸ ਲਈ ਡਰਨ ਦੀ ਮੈਨੂੰ ਕੋਈ ਲੋੜ ਨਹੀਂ। ਉਹ ਆਪਣੇ ਨਾਲ ਚਾਹ ਤੇ ਪਾਣੀ ਵੀ ਘਰੋਂ ਲੈ ਕੇ ਜਾਂਦੇ ਸਨ, ਬਾਹਰ ਦਾ ਉਹ ਕੁਝ ਵੀ ਨਹੀਂ ਸਨ ਖਾਂਦੇ ਪੀਂਦੇ।
ਪਿਤਾ ਜੀ ਇੰਨੇ ਦਲੇਰ ਸਨ ਕਿ ਜੇਕਰ ਉੱਪਰੋਂ ਕੋਈ ਦਬਾਅ ਪੁਆ ਕੇ ਕੋਈ ਵੀ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਾਫ਼ ਨਾਂਹ ਕਰ ਦਿੰਦੇ। ਕਈ ਵਾਰੀ ਉਹਨਾਂ ਨੂੰ ਇਸ ਸੁਭਾਅ ਕਰਕੇ ਵੱਡੇ-ਵੱਡੇ ਅਫਸਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ। ਕਈ ਵਾਰ ਪਿਤਾ ਜੀ ਦੀ ਬਦਲੀ ਦਾ ਆਰਡਰ ਫੋਨ ’ਤੇ ਹੋ ਜਾਂਦਾ। ਪਰ ਉਹ ਕਦੇ ਝੁਕੇ ਨਹੀਂ ਤੇ ਨਾ ਹੀ ਆਪਣੇ ਸਿਧਾਤਾਂ ਦੇ ਉਲਟ ਗਏ। ਜਿੱਥੇ ਕਿਤੇ ਵੀ ਉਹਨਾਂ ਦੀ ਬਦਲੀ ਹੁੰਦੀ, ਭਾਜੜਾਂ ਪੈ ਜਾਂਦੀਆਂ। ਜਿੱਥੇ ਕਿਤੇ ਵੀ ਉਹ ਗਏ, ਉੱਥੇ ਸੁਧਾਰ ਕਰਕੇ ਹੀ ਆਏ। ਲੇਟ ਲਤੀਫ ਕਰਮਚਾਰੀ ਸਮੇਂ ’ਤੇ ਆਉਣ ਲੱਗ ਜਾਂਦੇ। ਪਿਤਾ ਜੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਨਾ ਆਪ ਦਫਤਰ ਛੱਡਦੇ, ਨਾ ਹੀ ਦੂਜਿਆਂ ਨੂੰ ਸਮੇਂ ਤੋਂ ਪਹਿਲਾਂ ਜਾਣ ਦਿੰਦੇ। ਪਿਤਾ ਜੀ ਦਾ ਮੁਹੱਲੇ ਵਿੱਚ ਵੀ ਪੂਰਾ ਰੋਅਬ ਸੀ। ਜਦੋਂ ਡਿਊਟੀ ਤੋਂ ਉਹ ਵਾਪਸ ਆਉਂਦੇ ਤਾਂ ਮੁਹੱਲੇ ਦੇ ਚੌਕ ਵਿੱਚ ਖੜ੍ਹੀ ਮੁੰਡੀਰ ਉਹਨਾਂ ਨੂੰ ਵੇਖ ਕੇ ਤਿੱਤਰ-ਬਿੱਤਰ ਹੋ ਜਾਂਦੀ। ਜੇ ਕੋਈ ਮੇਰਾ ਯਾਰ ਦੋਸਤ ਭੁੱਲ-ਭੁਲੇਖੇ ਸਾਡੇ ਘਰ ਆ ਜਾਂਦਾ, ਅੰਗਰੇਜ਼ੀ ਤੇ ਗਣਿਤ ਵਿਸ਼ੇ ਵਿੱਚੋਂ ਪ੍ਰਸ਼ਨ ਪੁੱਛ ਕੇ ਪਿਤਾ ਜੀ ਉਸਦੀ ਮੱਤ ਮਾਰ ਦਿੰਦੇ। ਮੈਨੂੰ ਵੀ ਖੁਦ ਉਨ੍ਹਾਂ ਨੇ ਦਸਵੀਂ ਤਕ ਆਪ ਪੜ੍ਹਾਇਆ। ਅੰਗਰੇਜ਼ੀ ਲਿਖਣ ਵਿੱਚ ਉਹਨਾਂ ਕੋਲ ਬਹੁਤ ਮੁਹਾਰਤ ਸੀ। ਅੱਜ ਵੀ ਇੱਕ ਅਟੈਚੀ ਵਿੱਚ ਉਨ੍ਹਾਂ ਵੱਲੋਂ ਆਪਣੇ ਅਫਸਰਾਂ ਨੂੰ ਲਿਖੇ ਪੱਤਰਾਂ ਦੀਆਂ ਕਾਰਬਨ ਕਾਪੀਆਂ ਦਾ ਢੇਰ ਲੱਗਿਆ ਹੋਇਆ ਹੈ। ਬੀ ਏ ਕਰਨ ਤੋਂ ਬਾਅਦ ਜਦੋਂ ਮੈਂ ਐੱਮ ਏ ਹਿਸਟਰੀ ਕਰਨ ਦਾ ਵਿਚਾਰ ਬਣਾਇਆ ਤਾਂ ਪਿਤਾ ਜੀ ਨੇ ਮੈਨੂੰ ਰੋਕ ਦਿੱਤਾ। ਉਨ੍ਹਾਂ ਨੇ ਮੈਨੂੰ ਐੱਮ ਏ ਅੰਗਰੇਜ਼ੀ ਕਰਨ ਲਈ ਪ੍ਰੇਰਿਆ। ਉਨ੍ਹਾਂ ਦੇ ਸੁਝਾਅ ਦੀ ਵਜਾਹ ਕਰਕੇ ਮੈਂ ਪੰਦਰਾਂ ਸਾਲ ਤੋਂ ਪ੍ਰਮੋਟ ਹੋ ਕੇ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਿਹਾ ਹਾਂ। ਮੇਰਾ ਛੋਟਾ ਭਰਾ ਨਵਰਾਜ ਵੀ ਆਪਣੇ ਕੱਪੜੇ ਦੇ ਕਾਰੋਬਾਰ ਵਿੱਚ ਸੈੱਟ ਹੈ। ਇਹ ਸਭ ਰਹਿਮਤਾਂ ਪਿਤਾ ਜੀ ਦੀ ਨੇਕ ਕਮਾਈ ਦਾ ਨਤੀਜਾ ਹਨ।
2019 ਵਿੱਚ ਜਦੋਂ ਪਿਤਾ ਜੀ ਬਿਮਾਰ ਹੋਏ ਤਾਂ ਉਹਨਾਂ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਦਿਲ ਤੇ ਕਿਡਨੀ ਦੇ ਰੋਗ ਤੋਂ ਪੀੜਤ ਸਨ। ਖੁਸ਼ਕਿਸਮਤੀ ਨਾਲ ਦਸ ਦਿਨ ਬਾਅਦ ਰਾਜ਼ੀ ਹੋ ਕੀ ਸੁੱਖੀਂ ਸਾਂਦੀ ਘਰ ਵਾਪਸ ਆ ਗਏ। ਸਮੇਂ-ਸਮੇਂ ਤੇ ਮੈਂ ਤੇ ਮੇਰਾ ਭਰਾ ਉਨ੍ਹਾਂ ਨੂੰ ਚੈੱਕਅਪ ਲਈ ਹਸਪਤਾਲ ਲੈ ਕੇ ਜਾਂਦੇ ਰਹੇ। ਜਨਵਰੀ 2021 ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਰੱਬ ਮੈਨੂੰ ਨਵੰਬਰ 2021 ਦਿਖਾਵੇ। ਕਿਉਂਕਿ ਨਵੰਬਰ 2021 ਵਿਚ ਉਹਨਾਂ ਨੇ 80 ਸਾਲ ਦੇ ਹੋ ਜਾਣਾ ਸੀ ਤੇ ਉਨ੍ਹਾਂ ਦੀ ਪੈਨਸ਼ਨ ਦੀ ਬੇਸਿਕ ਪੇ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਣਾ ਸੀ। ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਦਸੰਬਰ ਦੀ ਪੈਨਸ਼ਨ ਉਹਨਾਂ ਨੂੰ ਪੰਜ ਹਜ਼ਾਰ ਵਧ ਕੇ ਮਿਲੀ। ਉਸ ਤੋਂ ਬਾਅਦ ਉਹਨਾਂ ਨੇ ਮੇਰੀ ਮਾਤਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ, “ਵੇਖ ਅੰਮ੍ਰਿਤ! ਮੈਂ ਤੇਰੀ ਪੈਨਸ਼ਨ ਵਿੱਚ ਵਾਧਾ ਕਰ ਚੱਲਿਆ ਹਾਂ। ਮੇਰੇ ਤੋਂ ਬਾਅਦ ਹੁਣ ਤੈਨੂੰ ਪੈਨਸ਼ਨ ਵਧ ਕੇ ਮਿਲੇਗੀ। ਤੈਨੂੰ ਕਿਸੇ ਚੀਜ਼ ਦੀ ਫਿਕਰ ਨਹੀਂ, ਬੱਚੇ ਤੇਰੇ ਸੈੱਟ ਹਨ।” ਮਾਤਾ ਆਖਦੀ, “ਤੁਸੀਂ ਇਹ ਕੀ ਕਹਿੰਦੇ ਹੋ? ਮੈਂ ਵੀ ਕੈਂਸਰ ਦੀ ਮਰੀਜ਼ ਹਾਂ, ਮੇਰਾ ਵੀ ਕੀ ਭਰੋਸਾ ਏ?” ਪਿਤਾ ਜੀ ਕਹਿੰਦੇ, “ਤੂੰ ਆਪਣੇ ਆਪ ਹੀ ਵੇਖ ਲਵੀਂ ਕੌਣ ਜਾਂਦਾ ਹੈ ਪਹਿਲਾਂ?” ਮਾਤਾ ਅਕਸਰ ਮੈਨੂੰ ਫੋਨ ’ਤੇ ਕਹਿੰਦੀ ਕਿ ਤੇਰੇ ਪਾਪਾ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਮੌਤ ਤੋਂ ਇੱਕ ਮਹੀਨਾ ਪਹਿਲਾਂ ਮੈਂ ਉਹਨਾਂ ਲਈ ਦੋ ਨਵੀਆਂ ਪੱਗਾਂ ਤੇ ਇੱਕ ਜੈਕੇਟ ਲੈ ਗਿਆ। ਉਨ੍ਹਾਂ ਨੇ ਪਲੰਘ ਤੇ ਲੇਟੇ ਹੋਇਆਂ ਨੇ ਗਹੁ ਨਾਲ ਤੱਕਿਆ ਤੇ ਕਹਿਣ ਲੱਗੇ, “ਮੇਰੇ ਕੋਲ ਇਹ ਚੀਜ਼ਾਂ ਪਹਿਨਣ ਦੀ ਹਿੰਮਤ ਨਹੀਂ। ਕੋਈ ਗੱਲ ਨਹੀਂ ਜੇ ਤੂੰ ਲੈ ਕੇ ਆਇਆ ਹੈ, ਮੈਂ ਰੱਖ ਲੈਂਦਾ ਹਾਂ।” ਉਨ੍ਹਾਂ ਨੇ ਲੇਟੇ ਲੇਟੇ ਪੱਗਾਂ ’ਤੇ ਹੱਥ ਧਰ ਕੇ ਕਿਹਾ।
ਜਦੋਂ ਮੈਂ ਤੁਰਨ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, “ਬੇਟਾ ਮੇਰਾ ਹੱਥ-ਲਿਖਤ ਲੇਖਾਂ ਦਾ ਖਰੜਾ ਹੈ, ਤੂੰ ਆਪਣੇ ਨਾਲ ਲੈ ਜਾ ਤੇ ਇਹ ਲੇਖ ਸੰਗ੍ਰਹਿ ਛਪਵਾ ਦੇਵੀਂ, ਮੈਂ ਆਪਣੇ ਜਿਉਂਦੇ ਜੀ ਇਸ ਕਿਤਾਬ ਨੂੰ ਨਹੀਂ ਦੇਖ ਸਕਾਂਗਾ।” ਮੈਂ ਭਰੇ ਮਨ ਨਾਲ ਹੱਥ-ਲਿਖਤ ਖਰੜਾ ਲੈ ਕੇ ਵਾਪਸ ਆ ਗਿਆ। ਵੀਹ ਕੁ ਦਿਨਾਂ ਬਾਅਦ ਮੈਨੂੰ ਸੁਨੇਹਾ ਆ ਗਿਆ ਕਿ ਪਿਤਾ ਜੀ ਕੁਝ ਖਾਂਦੇ ਪੀਂਦੇ ਨਹੀਂ ਹਨ, ਨਾ ਉੱਠ ਸਕਦੇ ਹਨ, ਨਾ ਬੈਠ ਸਕਦੇ ਹਨ। ਸੁਨੇਹਾ ਮਿਲਦੇ ਸਾਰ ਮੈਂ ਲੁਧਿਆਣੇ ਪਹੁੰਚ ਗਿਆ। ਤਬੀਅਤ ਜ਼ਿਆਦਾ ਵਿਗੜਨ ’ਤੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਮੈਂ ਅਤੇ ਮੇਰਾ ਛੋਟਾ ਭਰਾ ਉਹਨਾਂ ਨਾਲ ਹਸਪਤਾਲ ਵਿੱਚ ਦਿਨ ਰਾਤ ਚਾਰ ਦਿਨ ਰਹੇ। ਇਲਾਜ ਵਿੱਚ ਕੋਈ ਕਸਰ ਨਾ ਛੱਡੀ, ਪਰ ਡਾਕਟਰਾਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਨੂੰ ਘਰ ਲੈ ਜਾਓ ਤੇ ਸੇਵਾ ਕਰੋ। ਅਸੀਂ ਉਹਨਾਂ ਨੂੰ ਘਰ ਲੈ ਆਏ। ਘਰ ਵਿੱਚ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਰ ਲਿਆ ਗਿਆ। ਪੁੱਤ ਨੂੰਹਾਂ, ਪੋਤੇ-ਪੋਤੀਆਂ ਸਭ ਉਹਨਾਂ ਦੇ ਆਲੇ-ਦੁਆਲੇ ਬੈਠੇ ਸਨ। ਮੈਂ ਪਿਤਾ ਜੀ ਦੇ ਨਾਲ ਹੀ ਲੇਟ ਗਿਆ। ਘੰਟੇ ਬਾਅਦ ਅਚਾਨਕ ਉਨ੍ਹਾਂ ਨੇ ਆਪਣਾ ਮਾਸਕ ਹੱਥ ਨਾਲ ਖਿੱਚ ਕੇ ਪਰੇ ਸੁੱਟ ਦਿੱਤਾ। ਪੂਰੀਆਂ ਅੱਖਾਂ ਖੋਲ੍ਹ ਕੇ ਮੇਰੇ ਵੱਲ ਦੇਖਿਆ, ਬੱਸ ਫਿਰ ਅੱਖਾਂ ਸਦਾ ਲਈ ਬੰਦ ਕਰ ਲਈਆਂ। ਅੱਜ ਉਹਨਾਂ ਨੂੰ ਗੁਜ਼ਰੇ ਤਿੰਨ ਮਹੀਨੇ ਹੋ ਚੱਲੇ ਹਨ, ਲਗਦਾ ਜਿਵੇਂ ਕਈ ਵਰ੍ਹੇ ਹੋ ਗਏ ਹਨ।
ਹੁਣ ਜਦੋਂ ਵੀ ਮੈਂ ਪਿਤਾ ਜੀ ਦੀਆਂ ਪੱਗਾਂ ਬੰਨ੍ਹਦਾ ਹਾਂ ਤਾਂ ਅਸੀਸ ਵਾਲੇ ਹੱਥਾਂ ਦੀ ਛੋਹ ਮਹਿਸੂਸ ਹੁੰਦੀ ਹੈ। ਅੱਜ ਕੱਲ੍ਹ ਪਿਤਾ ਜੀ ਦੀ ਕਿਤਾਬ ਛਪਾਉਣ ਵਿੱਚ ਮਸਰੂਫ਼ ਹਾਂ ਤਾਂ ਜੋ ਇੱਕ ਬੇਟਾ ਆਪਣਾ ਫਰਜ਼ ਨਿਭਾਉਂਦੇ ਹੋਏ ਪਿਤਾ ਦੀ ਆਖਰੀ ਇੱਛਾ ਪੂਰੀ ਕਰ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3849)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)