“ਉਸ ਨੇ ਮੰਜੇ ’ਤੇ ਲੇਟੀ ਲੇਟੀ ਨੇ ਸੁਣਿਆ ਤੇ ਹੌਲੀ ਹੌਲੀ ਡਿੱਗਦੀ ਢਹਿੰਦੀ ...”
(11 ਜੂਨ 2020)
ਜ਼ਿੰਦਗੀ ਬਹੁਤ ਤੇਜ਼ ਰਫ਼ਤਾਰ ਨਾਲ ਬਤੀਤ ਰਹੀ ਹੈ। ਕਿਸੇ ਕੋਲ ਕਿਸੇ ਦੀ ਗੱਲ ਸੁਣਨ ਦਾ ਸਮਾਂ ਨਹੀਂ। ਪੂਰੇ ਦਿਨ ਦੀ ਰੂਟੀਨ ਬੋਝਲ ਬਣ ਕੇ ਰਹਿ ਗਈ ਹੈ। ਇੱਕ ਦੂਜੇ ਨਾਲ ਬਹੁਤਾ ਸਰੋਕਾਰ ਨਹੀਂ। ਸਭ ਨੂੰ ਆਪੋ ਧਾਪੀ ਪਈ ਹੋਈ ਹੈ। ਲਾਕ ਡਾਊਨ ਤੋਂ ਬਾਅਦ ਜਦੋਂ ਕਰਫਿਊ ਲੱਗਿਆ, ਸਾਰਿਆਂ ਦਾ ਬਾਹਰ ਨਿਕਲਣਾ ਬੰਦ ਹੋ ਗਿਆ, ਉਦੋਂ ਮਸਰੂਫੀਅਤ ਵਿੱਚੋਂ ਬਹੁਤ ਸਮਾਂ ਇਨਸਾਨ ਕੋਲ ਸੀ। ਮੈਂ ਉਨ੍ਹਾਂ ਪਲਾਂ ਵਿੱਚ ਆਪਣੇ ਅਤੀਤ ਵਿੱਚ ਗੁਆਚ ਜਾਂਦਾ ਰਿਹਾ।
ਮੈਂ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਸ਼ਹਿਰ ਦਾ ਜੰਮਪਲ ਹਾਂ। ਜ਼ਿੰਦਗੀ ਬਹੁਤ ਜ਼ਿਆਦਾ ਸਮਾਂ ਉੱਥੇ ਹੀ ਬਤੀਤ ਕੀਤਾ। ਪਿਛਲੇ ਪੰਜ ਸਾਲਾਂ ਤੋਂ ਮੈਂ ਉੱਥੋਂ ਸ਼ਿਫਟ ਹੋ ਕੇ ਪੱਕੇ ਤੌਰ ’ਤੇ ਮੁਹਾਲੀ ਦੇ ਨੇੜੇ ਆ ਵਸਿਆ ਹਾਂ। ਭਾਵੇਂ ਇੱਥੇ ਮੈਡੀਕਲ ਅਤੇ ਵਿੱਦਿਆ ਸਬੰਧੀ ਅਨੇਕਾਂ ਸਹੂਲਤਾਂ ਹਨ। ਘੁੰਮਣ ਫਿਰਨ ਲਈ ਚੰਡੀਗੜ੍ਹ ਸ਼ਹਿਰ ਵਿੱਚ ਬਹੁਤ ਕੁਝ ਦੇਖਣ ਨੂੰ ਹੈ। ਸਭ ਕੁਝ ਹੁੰਦੇ ਹੋਏ ਵੀ ਕੁਝ ਘਾਟਾਂ ਮਹਿਸੂਸ ਹੁੰਦੀਆਂ ਹਨ। ਆਪਸੀ ਪਿਆਰ, ਮਿਲਵਰਤਨ ਅਤੇ ਅਪਣੱਤ ਮੇਰੇ ਜੱਦੀ ਸ਼ਹਿਰ ਵਰਗਾ ਇੱਥੇ ਨਹੀਂ ਹੈ।
ਮੇਰਾ ਜੱਦੀ ਸ਼ਹਿਰ ਖੰਨਾ ਨਾ ਬਹੁਤ ਛੋਟਾ ਹੈ ਨਾ ਬਹੁਤਾ ਵੱਡਾ। ਸੜਕੀ ਮਾਰਗ ਐੱਨ ਐੱਚ ਵੰਨ ’ਤੇ ਸਥਿਤ ਹੋਣ ਕਰਕੇ ਅੰਮ੍ਰਿਤਸਰ, ਦਿੱਲੀ ਕਿਤੇ ਵੀ ਜਾਣ ਦੀ ਕੋਈ ਦਿੱਕਤ ਨਹੀਂ ਹੁੰਦੀ। ਇਸ ਸ਼ਹਿਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਇੱਥੇ ਸਥਿਤ ਹੈ। ਅੱਜਕਲ ਜੀਟੀ ਰੋਡ ’ਤੇ ਹੋਣ ਕਰ ਕੇ ਇਹ ਅੱਗੇ ਨਾਲੋਂ ਕਾਫੀ ਵਿਕਾਸ ਕਰ ਗਿਆ ਹੈ। ਕਰਨੈਲ ਸਿੰਘ ਰੋਡ, ਸੁਭਾਸ਼ ਬਾਜ਼ਾਰ, ਗੁਰੂ ਅਮਰਦਾਸ ਮਾਰਕੀਟ, ਜੀ ਟੀ ਬੀ ਮਾਰਕੀਟ ਉਹ ਬਾਜ਼ਾਰ ਹਨ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਖਰੀਦੋ ਫਰੋਖਤ ਕਰਨਾ ਪਸੰਦ ਕਰਦੇ। ਇਸ ਸ਼ਹਿਰ ਦੇ ਨਾਲ ਲਗਭਗ ਅੱਸੀ ਨੱਬੇ ਪਿੰਡ ਜੁੜਦੇ ਹਨ।
ਪਰ ਮੈਂ ਗੱਲ ਕਰਦਾ ਹਾਂ ਉਦੋਂ ਦੇ ਸ਼ਹਿਰ ਦੀ ਜਦੋਂ ਮੈਂ ਛੇਵੀਂ ਵਿੱਚ ਪੜ੍ਹਦਾ ਸੀ। 1978 ਵਿੱਚ ਮੇਰੇ ਮਾਪਿਆਂ ਨੇ ਮੈਂਨੂੰ ਆਰੀਆ ਸਕੂਲ ਵਿੱਚ ਛੇਵੀਂ ਵਿੱਚ ਪੜ੍ਹਨ ਲਾ ਦਿੱਤਾ। ਇਹ ਸਕੂਲ ਮੇਨ ਹਾਈਵੇ ’ਤੇ ਸਥਿਤ ਸੀ। ਮੇਰੇ ਘਰ ਤੋਂ ਇਹ ਦੋ ਕਿਲੋਮੀਟਰ ਦੂਰ ਸੀ। ਸਾਰੇ ਮਹੱਲੇ ਦੇ ਬੱਚੇ ਪੈਦਲ ਹੀ ਇਕੱਠੇ ਹੋ ਕੇ ਸਕੂਲ ਜਾਂਦੇ ਸੀ। ਸਾਈਕਲ ਕਿਸੇ ਕੋਲ ਵੀ ਨਹੀਂ ਸੀ।
ਰਾਹ ਵਿੱਚ ਪੀਰ ਖਾਨਾ ਰੋਡ ਆਉਂਦੀ ਸੀ ਜਿਹੜੀ ਦੁਪਹਿਰੇ ਬਿਲਕੁਲ ਵੀਰਾਨ ਹੁੰਦੀ ਸੀ। ਬੱਸ ਇੱਕ ਰਾਹ ਵਿੱਚ ਵੱਡਾ ਸਾਰਾ ਦਰਖਤ ਹੁੰਦਾ ਸੀ। ਦੁਪਹਿਰੇ ਉੱਥੋਂ ਲੰਘਣ ਵਕਤ ਸਾਨੂੰ ਬਹੁਤ ਡਰ ਲੱਗਦਾ। ਲੋਕਾਂ ਨੇ ਗੱਲ ਫੈਲਾਈ ਸੀ ਕਿ ਦੁਪਹਿਰੇ ਇੱਥੇ ਭੂਤ ਆਉਂਦੇ ਨੇ। ਅਸੀਂ ਸ਼ੂਟ ਵੱਟ ਕੇ ਭੱਜ ਜਾਂਦੇ। ਇਹ ਸਿਲਸਿਲਾ ਕਈ ਸਾਲ ਚੱਲਦਾ ਰਿਹਾ। ਅਸੀਂ ਬਾਰ੍ਹਵੀਂ ਪਾਸ ਕਰ ਲਈ ਤੇ ਕਾਲਜਾਂ ਵਿੱਚ ਦਾਖਲਾ ਲੈ ਲਿਆ। ਉਦੋਂ ਤਕ ਸਾਰੇ ਮੁੰਡਿਆਂ ਕੋਲ ਆਪਣਾ ਆਪਣਾ ਸਾਈਕਲ ਹੋ ਗਿਆ।
ਜਿਸ ਪੀਰ ਖਾਨਾ ਰੋਡ ਦਾ ਮੈਂ ਜ਼ਿਕਰ ਕੀਤਾ ਹੈ, ਅੱਜ ਸ਼ਹਿਰ ਵਿੱਚ ਸਭ ਤੋਂ ਵੱਧ ਚਹਿਲ ਪਹਿਲ ਉੱਥੇ ਹੈ। ਉਹ ਸ਼ਹਿਰ ਦਾ ਪੌਸ਼ ਏਰੀਆ ਹੈ। ਸ਼ਹਿਰ ਦੇ ਜ਼ਿਆਦਾ ਹਸਪਤਾਲ ਉਸ ਸੜਕ ਉੱਤੇ ਹਨ। ਇਹ ਮੈਂ ਅੱਜ ਦੀ ਗੱਲ ਕਰ ਰਿਹਾ ਹੈ। ਪਰ ਜਦ ਮੈਂ ਫਿਰ ਅਤੀਤ ਵਿੱਚ ਗੁਆਚਦਾ ਹਾਂ, ਜਦੋਂ ਛੋਟਾ ਸੀ, ਮੈਂਨੂੰ ਯਾਦ ਹੈ ਸਾਡੇ ਸਾਰੇ ਸ਼ਹਿਰ ਵਿੱਚ ਦੋ ਹੀ ਮਸ਼ਹੂਰ ਡਾਕਟਰ ਹੋਇਆ ਕਰਦੇ ਸਨ। ਇੱਕ ਡਾਕਟਰ ਬੈਜਨਾਥ ਤੇ ਦੂਜਾ ਡਾਕਟਰ ਲੂੰਬਾ। ਦੋਵੇਂ ਉਸ ਸਮੇਂ ਦੇ ਐੱਮਬੀਬੀਐੱਸ ਡਾਕਟਰ ਸਨ। ਉਸ ਸਮੇਂ ਜ਼ਿਆਦਾਤਰ ਬੁਖਾਰ ਟਾਈਫਾਈਡ ਜਾਂ ਸਰੀਰ ਤੇ ਫੋੜੇ ਬਹੁਤ ਨਿਕਲਦੇ ਸੀ। ਮੈਂਨੂੰ ਯਾਦ ਹੈ ਕਿ ਮੇਰੇ ਭਰਾ ਨਵਰਾਜ ਦੇ ਬਹੁਤ ਫੋੜੇ ਨਿਕਲ ਆਏ। ਡਾਕਟਰ ਸਾਹਬ ਨੇ ਕਿਹਾ ਕਿ ਚੀਰਾ ਦੇਣਾ ਪਵੇਗਾ। ਮੇਰੇ ਪਿਤਾ ਜੀ ਨੇ ਕਿਹਾ ਕਿ ਇਸਦਾ ਕੋਈ ਹੋਰ ਹੱਲ ਨਹੀਂ। ਮੇਰਾ ਭਰਾ ਛੋਟਾ ਜਿਹਾ ਸੀ ਤੇ ਆਖਣ ਲੱਗਾ ਡਾਕਟਰ ਜੀ ਮੈਂਨੂੰ ਮੁਆਫ ਕਰ ਦੇਵੋ। ਡਾਕਟਰ ਨੂੰ ਵੀ ਤਰਸ ਆ ਗਿਆ। ਮੇਰੇ ਪਿਤਾ ਜੀ ਦੇ ਕਹਿਣ ’ਤੇ ਉਹ ਦੋ ਦਿਨ ਅਜਿਹੇ ਟੀਕੇ ਲਾਉਂਦਾ ਰਿਹਾ ਕਿ ਫੋੜੇ ਜਮ੍ਹਾਂ ਹੀ ਸੁੱਕ ਗਏ ਅਤੇ ਮੇਰਾ ਭਰਾ ਠੀਕ ਹੋ ਗਿਆ।
ਸਾਡੇ ਸ਼ਹਿਰ ਵਿੱਚ ਇੱਕ ਮਿਸਤਰੀਆਂ ਦਾ ਘਰ ਸੀ। ਉਨ੍ਹਾਂ ਦੇ ਘਰ ਇੱਕ ਬਜ਼ੁਰਗ ਮਾਈ ਸੀ ਜਿਸਦਾ ਨਾਮ ਸੰਤੋ ਸੀ। ਚੁੱਕ ਕੱਢਣ ਤੇ ਧਰਨ ਕੱਢਣ ਵਿੱਚ ਉਸ ਨੂੰ ਰੱਬੀ ਬਖ਼ਸ਼ਿਸ਼ ਸੀ। ਉਸ ਦੀ ਉਮਰ 95 ਸਾਲ ਦੀ ਸੀ l ਆਪਣੀ ਉਮਰ ਦੌਰਾਨ ਉਸ ਨੇ ਹਜ਼ਾਰਾਂ ਦੀ ਹੀ ਧਰਨ ਕੱਢੀ। ਹੁਣ ਛੇ ਸਾਲ ਪਹਿਲਾਂ ਮੇਰੇ ਵੱਡੇ ਬੇਟੇ ਨੂੰ ਉਲਟੀਆਂ ਲੱਗ ਗਈਆਂ। ਹਸਪਤਾਲਾਂ ਤਕ ਦਿਖਾਇਆ, ਟੀਕੇ ਲਗਵਾਏ ਪਰ ਕੋਈ ਫਰਕ ਨਾ ਪਿਆ। ਕਿਸੇ ਨੇ ਦੱਸਿਆ ਕਿ ਤੁਸੀਂ ਸੰਤੋ ਕੋਲ ਲੈ ਜਾਓ, ਸ਼ਾਇਦ ਧਰਨ ਪਈ ਹੋਈ ਹੋਵੇ। ਅਸੀਂ ਆਪਣੇ ਬੇਟੇ ਨੂੰ ਲੈ ਕੇ ਸੰਤੋ ਦੇ ਘਰ ਗਏ। ਉਹ ਬੀਮਾਰ ਸੀ ਮੰਜੇ ’ਤੇ ਪਈ ਹੋਈ ਸੀ। ਉਸ ਦੇ ਘਰਦਿਆਂ ਨੇ ਕਿਹਾ ਕਿ ਬੇਬੇ ਕੋਲੋਂ ਖੜ੍ਹਿਆ ਨਹੀਂ ਜਾਂਦਾ, ਜ਼ਿਆਦਾ ਬਿਮਾਰ ਹੈ। ਉਸ ਨੇ ਮੰਜੇ ’ਤੇ ਲੇਟੀ ਲੇਟੀ ਨੇ ਸੁਣਿਆ ਤੇ ਹੌਲੀ ਹੌਲੀ ਡਿੱਗਦੀ ਢਹਿੰਦੀ ਖੜ੍ਹੀ ਹੋ ਗਈ। ਬੜੀ ਮੁਸ਼ਕਲ ਨਾਲ ਉਸ ਨੇ ਮੇਰੇ ਬੇਟੇ ਦੇ ਪੇਟ ਨੂੰ ਆਪਣੇ ਹੱਥਾਂ ਨਾਲ ਦੱਬਿਆ। ਕਹਿੰਦੀ, ਹੋ ਗਿਆ, ਬੱਸ ਲੈ ਜਾਓ ਬੇਟੇ ਨੂੰ ਘਰ। ਅਗਲੇ ਦਿਨ ਬੇਟੇ ਨੂੰ ਇੱਕ ਵਾਰ ਵੀ ਉਲਟੀ ਨਾ ਆਈ। ਪਰ ਉਦੋਂ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਬੇਬੇ ਸੰਤੋ ਦੋ ਦਿਨ ਬਾਅਦ ਗੁਜ਼ਰ ਗਈ। ਸ਼ਾਇਦ ਮੇਰੇ ਬੇਟੇ ਦੀ ਧਰਨ ਕੱਢਣ ਦੀ ਉਡੀਕ ਕਰ ਰਹੀ ਸੀ।
ਸਾਡੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਟੋਭਾ ਹੁੰਦਾ ਸੀ। ਉਸ ਦੇ ਕੰਢੇ ’ਤੇ ਬਹੁਤ ਸਾਰੇ ਦਰਖਤ ਹੁੰਦੇ ਸਨ। ਸਾਰੇ ਮੁਹੱਲੇ ਦੀਆਂ ਮੱਝਾਂ ਨੂੰ ਇੱਕ ਲੰਬਾ ਲੰਜਾ ਬੰਦਾ ਜਿਸਦਾ ਨਾਮ ਦੇਸਾ ਸੀ ਉਹ ਚਰਾਉਣ ਲਈ ਲੈ ਜਾਂਦਾ ਫਿਰ ਟੋਭੇ ’ਤੇ ਦਰਖਤਾਂ ਨਾਲ ਸੰਗਲ ਬੰਨ੍ਹ ਦਿੰਦਾ। ਦੁਪਹਿਰੇ ਟੋਭੇ ਵਿੱਚ ਨੁਹਾ ਕੇ ਉਹ ਘਰੋ ਘਰੀ ਉਨ੍ਹਾਂ ਨੂੰ ਛੱਡ ਦਿੰਦਾ।
ਸਾਡੇ ਮੁਹੱਲੇ ਵਿੱਚ ਇੱਕ ਭੱਠੀ ਹੁੰਦੀ ਸੀ। ਅਸੀਂ ਦੋ ਤਿੰਨ ਦਿਨ ਬਾਅਦ ਦਾਣੇ ਭੁਨਾਉਣ ਜ਼ਰੂਰ ਜਾਂਦੇ। ਮੈਂਨੂੰ ਯਾਦ ਹੈ ਕਈ ਕਈ ਦਿਨ ਮੀਂਹ ਨਾ ਪੈਂਦਾ ਤਾਂ ਮੁਹੱਲੇ ਦੇ ਬੱਚੇ ਸਾਰੇ ਇਕੱਠੇ ਹੋ ਕੇ ਟੋਭੇ ਦੇ ਨੇੜੇ ਗੁੱਡੀਆਂ ਪਟੋਲੇ ਸਾੜਦੇ। ਸਾਡੇ ਸਮੇਂ ਡਿਲੀਵਰੀ ਸਮੇਂ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ ਸੀ ਮੁਹੱਲੇ ਦੀ ਦਾਈ ਹੀ ਘਰ ਵਿੱਚ ਸਾਰਾ ਕੰਮ ਸਾਰ ਦਿੰਦੀ ਸੀ। ਮੇਰੀ ਮਾਤਾ ਦੇ ਦੱਸਣ ਮੁਤਾਬਕ ਮੇਰਾ ਜਨਮ ਵੀ ਘਰ ਹੀ ਹੋਇਆ ਸੀ। ਸਾਰੇ ਮੁਹੱਲੇ ਵਿੱਚ ਕਰਿਆਨੇ ਦੀਆਂ ਦੋ ਦੁਕਾਨਾਂ ਹੁੰਦੀਆਂ ਸਨ। ਮੁਹੱਲੇ ਦੇ ਸਾਰੇ ਪਰਿਵਾਰ ਉਨ੍ਹਾਂ ਦੁਕਾਨਾਂ ਤੋਂ ਹੀ ਰਾਸ਼ਨ ਵਗੈਰਾ ਲੈਂਦੇ ਸਨ। ਮਾਲ ਅਤੇ ਵੱਡੇ ਵੱਡੇ ਸ਼ੋਅਰੂਮ ਨਹੀਂ ਹੋਇਆ ਕਰਦੇ ਸਨ। ਉਦੋਂ ਜਿੰਦਗੀ ਸਾਦੀ ਤੇ ਸਰਲ ਸੀ, ਅੱਜ ਦੀ ਚਮਕ ਦਮਕ ਅਤੇ ਬਨਾਵਟੀ ਜ਼ਿੰਦਗੀ ਨਾਲੋਂ ਸੌ ਦਰਜੇ ਚੰਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2246)
(ਸਰੋਕਾਰ ਨਾਲ ਸੰਪਰਕ ਲਈ: