“ਮਨ ਨੂੰ ਇਕਾਗਰ ਕਰਕੇ ਜ਼ਰਾ ਕੁਝ ਦਿਨ ਪਹਿਲਾਂ ਦੀਆਂ ਘਟਨਾਵਾਂ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ...”
(17 ਅਕਤੂਬਰ 2023)
ਚੋਣਾਂ ਦਾ ਮਹਾਂ-ਕੁੰਭ ਜੋ ਵੀਹ ਸੌ ਚੌਵੀ ਨੂੰ ਆ ਰਿਹਾ ਹੈ, ਉਸ ਕੁੰਭ ਵਿੱਚ ਕਿੰਨੀ ਜਨਤਾ ਕਿਸ ਨਾਲ ਜੁੜੇਗੀ, ਉਸ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਇਹ ਗੱਲ ਅਲੱਗ ਹੈ ਕਿ ਇਨ੍ਹਾਂ ਸੰਕੇਤਾਂ ਉੱਤੇ ਕਿਸ ਨੇ ਫੁੱਲ ਚੜ੍ਹਾਉਣੇ ਹਨ, ਕਿਸ ਨੇ ਇਨ੍ਹਾਂ ਦੁਰਕਾਰਨਾ ਹੈ? ਸੱਚ, ਸੱਚ ਹੀ ਹੋ ਨਿੱਬੜਦਾ ਹੈ।
ਜਿਵੇਂ ਆਪ ਸਭ ਇਸ ਗੱਲ ਤੋਂ ਜਾਣੂ ਹੋ ਕਿ ਜਦੋਂ ਅਸੀਂ ਸਭ ਬਚਪਨ ਤੇ ਜਵਾਨੀ ਦੇ ਦਿਨਾਂ ਵਿੱਚ ਪਿੰਡਾਂ ਅਤੇ ਸਕੂਲਾਂ ਦੇ ਵੱਖ-ਵੱਖ ਮੈਚਾਂ ਵਿੱਚ ਦੇਖਦੇ ਆਏ ਹਾਂ ਕਿ ਫਾਈਨਲ ਮੈਚ ਹੋਣ ਤੋਂ ਪਹਿਲਾਂ ਛੋਟੀਆਂ-ਵੱਡੀਆਂ ਜਿੱਤਾਂ-ਹਾਰਾਂ ਹੁੰਦੀਆਂ ਰਹਿੰਦੀਆਂ ਹਨ। ਜਿਹੜਾ ਵੀ ਇਨ੍ਹਾਂ ਛੋਟੀਆਂ-ਵੱਡੀਆਂ ਜਿੱਤਾਂ-ਹਾਰਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ, ਉਹ ਅਕਸਰ ਜਾਣ ਜਾਂਦਾ ਹੈ ਕਿ ਕੌਣ ਜਿੱਤ ਵਲ ਵਧ ਰਿਹਾ ਹੈ, ਕੌਣ ਪਿੱਛੇ ਰਹਿ ਰਿਹਾ ਹੈ। ਉਵੇਂ ਹੀ ਦੇਸ਼ ਦੀ ਸਿਆਸਤ ਵਿੱਚ ਦਿਨ-ਰਾਤ ਸਿਆਸੀ ਪਾਰਟੀਆਂ ਦਾ ਆਪਸ ਵਿੱਚ ਮੁਕਾਬਲਾ ਚੱਲ ਰਿਹਾ ਹੁੰਦਾ ਹੈ, ਜਿਸ ਨੂੰ ਅਸੀਂ ਜਿੱਤ-ਹਾਰ ਵਿੱਚ ਤਬਦੀਲ ਹੁੰਦਾ ਵੀ ਦੇਖਦੇ ਹਾਂ।
ਅਗਲੇ ਸਾਲ ਦੇ ਮਹਾਂ-ਕੰਭ ਤੋਂ ਪਹਿਲਾਂ ਜਿਨ੍ਹਾਂ ਸੂਬਿਆਂ ਦਾ ਰਾਜ ਕਰਨ ਦਾ ਸਮਾਂ ਸਮਾਪਤ ਹੋ ਰਿਹਾ ਸੀ, ਉਨ੍ਹਾਂ ਦੀਆਂ ਚੋਣਾਂ ਕਰਾਉਣ ਲਈ ਮਾਣਯੋਗ ਚੋਣ ਕਮਿਸ਼ਨ ਨੇ ਪਿਛਲੇ ਦਿਨੀਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਉਂਜ ਤਾਂ ਰਾਜ ਕਰਦੀ ਸਿਆਸੀ ਪਾਰਟੀ ਹਰ ਵਕਤ, ਹਰ ਕੰਮ ਕਰਨ ਸਮੇਂ ਮੁੜ ਸੱਤਾ ਵਿੱਚ ਆਉਣ ਦਾ ਉਪਰਾਲਾ ਕਰਦੀ ਰਹਿੰਦੀ ਹੈ, ਪਰ ਜਿਹੜੀ ਪ੍ਰਚਾਰ ਵਿੱਚ ਤੇਜ਼ੀ ਚੋਣਾਂ ਦਾ ਐਲਾਨ ਤੋਂ ਬਾਅਦ ਆਉਂਦੀ ਹੈ, ਉਸ ਦੀ ਰਫ਼ਤਾਰ ਕੁਝ ਵੱਖਰੀ ਹੀ ਹੁੰਦੀ ਹੈ। ਜਿਨ੍ਹਾਂ ਸੂਬਿਆਂ ਵਿੱਚ ਇਹ ਧੂੜਾਂ-ਪੁੱਟ ਪ੍ਰਚਾਰ ਸ਼ੁਰੂ ਹੋ ਗਿਆ ਹੈ ਜਾਂ ਅਜੇ ਹੋਣਾ ਹੈ, ਉਹ ਸੂਬੇ ਹਨ ਮੱਧ ਪ੍ਰਦੇਸ਼, ਜਿਸਦੀਆਂ ਕੁੱਲ ਸੀਟਾਂ ਹਨ 230, ਜਿੱਥੇ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਦੂਜਾ ਸੂਬਾ ਹੈ ਰਾਜਸਥਾਨ, ਜਿਹੜਾ ਸਿਰਫ਼ 200 ਸੀਟਾਂ ਦਾ ਭਾਰ ਚੁੱਕੀ ਖੜ੍ਹਾ ਹੈ। ਤੀਜਾ ਸੂਬਾ, ਜੋ ਪਹਿਲੇ ਦੋ ਸੂਬਿਆਂ ਦੇ ਮੁਕਾਬਲੇ ਸੂਬੀ ਲੱਗਦਾ ਹੈ, ਉੱਥੇ ਕਈ ਕਾਰਨਾਂ ਕਰਕੇ 7 ਅਤੇ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਚੌਥੇ ਸੂਬੇ ਤੇਲੰਗਾਨਾ ਵਿੱਚ ਕੁਲ 119 ਸੀਟਾਂ ਹਨ, ਜਿਨ੍ਹਾਂ ’ਤੇ 30 ਨਵੰਬਰ ਨੂੰ ਜ਼ੋਰ ਅਜ਼ਮਾਈ ਹੋਵੇਗੀ। ਪੰਜਵਾਂ ਸੂਬਾ ਮਿਜ਼ੋਰਮ ਹੈ, ਜਿਹੜਾ 40 ਸੀਟਾਂ ਦਾ ਹੱਕਦਾਰ ਬਣਿਆ ਹੈ। ਇਨ੍ਹਾਂ ਪੰਜਾਂ ਸੂਬਿਆਂ ਦੀ ਕਿਸਮਤ ਤਿੰਨ ਦਸੰਬਰ ਨੂੰ ਖੁੱਲ੍ਹ ਜਾਵੇਗੀ।
ਹੁਣ ਜੇ ਪਾਠਕਾਂ ਨੂੰ ਸਵਾਲ ਕੀਤਾ ਜਾਵੇ ਕਿ ਇਨ੍ਹਾਂ ਪੰਜਾਂ ਰਾਜਾਂ ਵਿੱਚ ਕੌਣ ਜਿੱਤੇਗਾ ਤਾਂ ਸਭ ਦੇ ਵੱਖ-ਵੱਖ ਜਵਾਬ ਹੋਣਗੇ। ਕੋਈ ਆਖੇਗਾ ਕਿ ਜਿਹੜੀ ਪਾਰਟੀ ਸਭ ਤੋਂ ਵੱਧ ਵੋਟਾਂ ਬਟੋਰੇਗੀ, ਉਹੀ ਜੇਤੂ ਅਖਵਾਏਗੀ। ਭਾਵੇਂ ਆਪਣੇ-ਆਪ ਵਿੱਚ ਇਹ ਜਵਾਬ ਕਾਫ਼ੀ ਤਸੱਲੀਬਖਸ਼ ਹੈ ਪਰ ਪਹਿਲਾਂ ਇਹ ਸਮਝੀਏ ਕਿ ਇਹ ਲੜਾਈ ਜੋ ਵੀਹ ਸੌ ਚੌਵੀ ਤੋਂ ਪਹਿਲਾਂ ਲੜੀ ਜਾਣੀ ਹੈ, ਇਹ ਹੈ ਇੰਡੀਆ-ਗੱਠਜੋੜ ਅਤੇ ਐੱਨ ਡੀ ਏ ਵਿਚਕਾਰ। ਤੁਸੀਂ ਸਮਝਣ ਲਈ ਇਸ ਨੂੰ ਇੰਡੀਆ ਬਨਾਮ ਭਾਰਤ ਵਿਚਕਾਰ ਵੀ ਕਹਿ ਸਕਦੇ ਹੋ। ਕਾਰਨ! ਕਾਰਨ ਐੱਨ ਡੀ ਏ ਯਾਨੀ ਭਾਜਪਾ ਵਾਲਿਆਂ ਨੂੰ ਇੰਡੀਆ ਸ਼ਬਦ ਨਾਲ ਅਲਰਜੀ ਹੋ ਚੁੱਕੀ ਹੈ, ਉਹ ਇੰਡੀਆ ਨੂੰ ਭਾਰਤ ਵਿੱਚ ਤਬਦੀਲ ਕਰਨ ਵਿੱਚ ਦਿਨ-ਰਾਤ ਰੁੱਝੇ ਹੋਏ ਹਨ। ਇਸ ਵਾਸਤੇ ਉਹ ਭਾਰਤੀ ਖਜ਼ਾਨੇ ਨੂੰ ਥੁੱਕ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਨੂੰ ਤੁਸੀਂ ਕਾਂਗਰਸ ਅਤੇ ਭਾਜਪਾ ਵਿੱਚ ਵੀ ਤਬਦੀਲ ਕਰਕੇ ਦੇਖ ਸਕਦੇ ਹੋ। ਇਸ ਕਰਕੇ ਹੋਰ ਸਹੀ ਅਤੇ ਛੋਟਾ ਜਵਾਬ ਹੋ ਸਕਦਾ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ, ਇਨ੍ਹਾਂ ਤਿੰਨਾਂ ਸੂਬਿਆਂ ਵਿੱਚੋਂ ਜਿਹੜਾ ਦੋਂਹ ਸੂਬਿਆਂ ਵਿੱਚ ਬਾਜ਼ੀ ਮਾਰ ਜਾਵੇਗਾ, ਉਹ ਜੇਤੂ ਐਲਾਨਿਆ ਜਾਵੇਗਾ, ਕਿਉਂਕਿ ਬਾਕੀ ਰਹਿੰਦੇ ਦੋ ਸੂਬਿਆਂ ਵਿੱਚ ਉਹ ਆਪ ਵੀ ਨਾਮ-ਮਾਤਰ ਜਾਂ ਨਹੀਂ ਹਨ। ਇਸ ਕਰਕੇ ਜੋ ਦੋ ਸੂਬਿਆਂ ਵਿੱਚ ਜਿੱਤੇਗਾ, ਉਹ ਹੀ ਉੱਭਰਵਾਂ ਸੰਕੇਤ ਹੋਵੇਗਾ ਕਿ ਵੀਹ ਸੌ ਚੌਵੀ ਵਿੱਚ ਕੌਣ ਬਾਜ਼ੀ ਮਾਰਨ ਵਾਲਾ ਹੈ।
ਹੁਣ ਜੇ ਅਸੀਂ ਮਨ ਨੂੰ ਇਕਾਗਰ ਕਰਕੇ ਜ਼ਰਾ ਕੁਝ ਦਿਨ ਪਹਿਲਾਂ ਦੀਆਂ ਘਟਨਾਵਾਂ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਨ੍ਹਾਂ ਸੂਬਿਆਂ ਵਿੱਚ ਕੌਣ ਪਟਕਾ ਮਾਰਨ ਵਾਲਾ ਹੈ। ਬੀਤੇ ਤੋਂ ਪਹਿਲਾ ਇਸ਼ਾਰਾ ਸਾਨੂੰ ਕਾਰਗਿਲ ਤੋਂ ਮਿਲਦਾ ਹੈ, ਜਿੱਥੇ ਕਾਰਗਿਲ ਵਿੱਚ ਲੱਦਾਖ ਅਟੌਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ਨੇ ਵੀਹ ਸੌ ਚੌਵੀ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕੰਨ ਪੁੱਟੇ ਹਨ। ਇਸੇ ਕਰਕੇ ਇਨ੍ਹੀਂ ਦਿਨੀਂ ਭਾਜਪਾ ਨਮੋਸ਼ੀ ਦੇ ਆਲਮ ਵਿੱਚੋਂ ਗੁਜ਼ਰ ਰਹੀ ਹੈ। ਜਿਸ ਭਾਜਪਾ ਨੇ ਪੰਜ ਅਗਸਤ ਵੀਹ ਸੌ ਉੱਨੀ ਨੂੰ ਜੰਮੂ-ਕਸ਼ਮੀਰ ਨੂੰ ਖਾਸ ਦਰਜਾ ਪ੍ਰਦਾਨ ਕਰਦੀ ਧਾਰਾ 370 ਨੂੰ ਖ਼ਤਮ ਕਰਕੇ ਆਪਣੀ ਹਿੱਕ ਥਾਪੜੀ ਸੀ, ਉਸ ਨੂੰ ਕੇਵਲ ਦੋਂਹ ਸੀਟਾਂ ’ਤੇ ਹੀ ਸੰਤੁਸ਼ਟ ਹੋਣਾ ਪਿਆ। ਇਹ ਕੋਈ ਪੁਰਾਣੀ ਕਹਾਣੀ ਨਹੀਂ ਹੈ, ਬਲਕਿ ਇਸੇ ਮਹੀਨੇ ਦੀ ਚਾਰ ਅਕਤੂਬਰ ਦੀ ਗੱਲ ਹੈ। ਇਹ ਸੰਕੇਤ ਵੀ ਇੰਡੀਆ ਗੱਠਜੋੜ ਦੀ ਸਮੁੱਚੀ ਜਿੱਤ ਵੱਲ ਇਸ਼ਾਰਾ ਕਰ ਰਿਹਾ ਹੈ। ਇੱਥੇ ਨੈਸ਼ਨਲ ਕਾਨਫਰੰਸ ਇੰਡੀਆ ਗਠਜੋੜ ਦੀ ਭਾਈਵਾਲ ਹੈ। ਇਹ ਜਿੱਤ ਵੀਹ ਸੌ ਚੌਵੀ ਦੀਆਂ ਚੋਣਾਂ ਵੱਲ ਇਸ਼ਾਰਾ ਕਰ ਰਹੀ ਹੈ ਕਿ ਜਨਤਾ ਦਾ ਮੂਡ ਕੀ ਹੈ, ਵੀਹ ਸੌ ਚੌਵੀ ਵਿੱਚ ਕੀ ਹੋਣ ਵਾਲਾ ਹੈ।
ਨਾਲ ਲੱਗਦੇ ਹੀ ਤੇਲੰਗਾਨਾ ਵਿੱਚ ਕੀ ਹੋਣ ਜਾ ਰਿਹਾ ਹੈ, ਜ਼ਰਾ ਉਸ ਵੱਲ ਵੀ ਨੀਝ ਨਾਲ ਧਿਆਨ ਦਿਓ। ਪਿਛਲੇ ਦਿਨੀਂ ਏ ਬੀ ਪੀ ਸੀ ਚੈਨਲ ਦਾ ਇੱਕ ਸਰਵੇਖਣ ਪ੍ਰਸਾਰਨ ਹੋਇਆ ਹੈ, ਜਿਸ ਵਿੱਚ ਉਨ੍ਹਾਂ ਰਾਜ ਕਰਦੀ ਪਾਰਟੀ ਦੀ ਵਿਦਾਈ ਦਿਖਾਈ ਹੈ। ਭਾਜਪਾ ਉੱਥੇ ਇੱਕ ਦਰਜਨ ਤੋਂ ਵੀ ਘੱਟ ਸੀਟਾਂ ਲੈਂਦੀ ਦਿਖਾਈ ਗਈ ਹੈ। ਅਜਿਹੇ ਵਿੱਚ ਇੰਡੀਆ-ਗੱਠਜੋੜ ਤੇਲੰਗਾਨਾ ਰਾਜ-ਭਾਗ ਸਹਿਯੋਗੀਆਂ ਦੀ ਮਦਦ ਨਾਲ ਹਥਿਆ ਸਕਦਾ ਹੈ।
ਫਲਸਤੀਨ ਅਤੇ ਇਜ਼ਰਾਈਲ ਦੀ ਲੱਗੀ ਜੰਗ ਨੇ ਵੀ ਸਭ ਦਾ ਧਿਆਨ ਖਿੱਚਿਆ ਹੈ। ਜਿਹੜਾ ਇੰਡੀਆ ਨਹਿਰੂ ਤੋਂ ਲੈ ਕੇ ਅਟਲ ਬਿਹਾਰੀ ਵਾਜਪਈ ਤਕ ਫਲਸਤੀਨ ਦੀ ਮਦਦ ਕਰਦਾ ਆ ਰਿਹਾ ਸੀ, ਅੱਜ ਦੀ ਮੋਦੀ ਸਰਕਾਰ ਉਸ ਇਜ਼ਰਾਈਲ ਨਾਲ ਖੜ੍ਹੀ ਹੋ ਰਹੀ ਹੈ, ਜੋ ਯੂ ਐੱਨ ਓ ਵੱਲੋਂ ਸਮਝੌਤੇ ਤੋਂ ਬਾਅਦ ਮਿਲੇ ਇਲਾਕੇ ਤੋਂ ਵਧ ਕੇ ਫਲਸਤੀਨ ਦੇ ਇਲਾਕੇ ਤਕ ਆਪਣੇ ਪੈਰ ਪਸਾਰੀ ਬੈਠਾ ਹੈ, ਜਿਸ ਇਲਾਕੇ ਦੀ ਵਾਪਸੀ ਲਈ ਫਲਸਤੀਨ ਦੀ ਜਨਤਾ ਯਤਨਸ਼ੀਲ ਹੈ। ਸ਼ਾਇਦ ਹੀ ਪਾਠਕਾਂ ਨੂੰ ਪਤਾ ਹੋਵੇ ਕਿ ਇਜ਼ਰਾਈਲੀ ਲੋਕ ਦੂਜੀ ਸੰਸਾਰ ਵਿੱਚ ਹਿਟਲਰ ਵੱਲੋਂ ਕੱਢੇ ਹੋਏ ਲੋਕਾਂ ਦਾ ਇੱਕ ਸਮੂਹ ਹਨ, ਜਿਨ੍ਹਾਂ ਦੀਆਂ ਸਮਾਂ ਪਾ ਕੇ, ਅਮਰੀਕਾ ਨਾਲ ਯਾਰੀ ਕਰਕੇ ਇੱਛਾਵਾਂ ਵਧ ਜਾਣ ’ਤੇ ਫਲਸਤੀਨ ਇਲਾਕਾ ਹੜੱਪਿਆ ਗਿਆ। ਇਸ ਕਰਕੇ ਦੇਸ਼ ਦੀ ਜਨਤਾ ਦਾ ਇੱਕ ਹਿੱਸਾ ਸਵਾਲ ਪੁੱਛ ਰਿਹਾ ਹੈ ਕਿ ਜਿਹੜਾ ਸਰਕਾਰ ਅਤੇ ਮੀਡੀਆ ਮਨੀਪੁਰ ਤਕ ਨਹੀਂ ਪਹੁੰਚ ਸਕਿਆ, ਉਹ ਇਜ਼ਰਾਈਲ ਤਕ ਕਿਵੇਂ ਪਹੁੰਚਿ ਗਿਆ? ਜੋ ਆਪਣਿਆਂ ਦਾ ਕੁਝ ਨਹੀਂ ਸੰਵਾਰ ਸਕੇ, ਉਹ ਵਿਦੇਸ਼ੀਆਂ ਦਾ ਕੀ ਸੰਵਾਰਨਗੇ? ਜਨਤਾ ਸਵਾਲ ਪੁੱਛਦੀ ਪੁੱਛਦੀ ਫਲਸਤੀਨ ਨਾਲ ਖੜ੍ਹੀ ਹੋ ਰਹੀ ਹੈ ਅਤੇ ਇਜ਼ਰਾਈਲ ਨਾਲ ਸਰਕਾਰੀ ਹਮਦਰਦੀ ਦੇ ਖ਼ਿਲਾਫ਼ ਰੋਹ ਵਿੱਚ ਹੈ। ਇਸ ਲਈ ਸਰਕਾਰ ਨੂੰ ਸਬਕ ਸਿਖਾਉਣ ਲਈ ਅਤੇ ਹਰਾਉਣ ਲਈ ਅੱਜ ਤੋਂ ਹੀ ਜਿਹੜੇ ਲੋਕ ਇੰਡੀਆ ਗੱਠਜੋੜ ਨਾਲ ਜੁੜੇ ਹੋਏ ਹਨ, ਉਹ ਪੈਸੇ ਨਾਲ, ਟੈਲੀਫੋਨਾਂ ਰਾਹੀਂ, ਟਰਾਂਸਪੋਰਟ ਰਾਹੀਂ, ਅਖ਼ਬਾਰਾਂ ਰਾਹੀਂ, ਆਪਣੇ ਭਾਸ਼ਨਾਂ ਰਾਹੀਂ ਆਪਣੇ ਗੱਠਜੋੜ ਦੇ ਇਸ ਤਰ੍ਹਾਂ ਲੇਖੇ ਲਾਓ ਕਿ ਵੀਹ ਸੌ ਚੌਵੀ ਵਿੱਚ ਕੀ ਹੋਇਆ, ਇਹ ਜਾਨਣ ਲਈ, ਸੁਣਨ ਲਈ, ਨਾ ਕੰਨਾਂ ਦੀ ਮਸ਼ੀਨ ਦੀ ਲੋੜ ਪਵੇ, ਨਾ ਦੇਖਣ ਲਈ ਐਨਕਾਂ ਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4297)
(ਸਰੋਕਾਰ ਨਾਲ ਸੰਪਰਕ ਲਈ: (