“ਬਿਜਲੀ ਅਸੀਂ ਸੋਲਰ ਸਿਸਟਮ ਤੋਂ ਪੈਦਾ ਕਰਕੇ ਕੰਮ ਸਾਰ ਲਵਾਂਗੇ, ਅਗਰ ਪਾਣੀ ਮੁੱਕ ਗਿਆ ਤਾਂ ...”
(25 ਜੁਲਾਈ 2021)
ਆਖਰ ਤਮਾਮ ਕਿਆਸ-ਰਾਈਆਂ ਤੋਂ ਬਾਅਦ ਮਿਥੀ ਤਾਰੀਖ, ਸਮੇਂ ਅਤੇ ਸਥਾਨ ਮੁਤਾਬਕ, ਹਾਈ ਕਮਾਂਡ ਦੀ ਹਦਾਇਤ ਅਤੇ ਖਾਹਿਸ਼ ਮੁਤਾਬਕ ਸਿੱਧੂ ਵਿੱਚ ਸਿੱਧੂ ਲੀਨ ਹੋ ਗਿਆ। ਜਿਵੇਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਦੋਹਾਂ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵੇਂ ਬਣੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਦਾ, ਦੋਹਾਂ ਦਾ ਗੋਤ ਹੀ ਸਿੱਧੂ ਹੈ। ਇਸ ਤਰ੍ਹਾਂ ਹੋਣ ਕਰਕੇ ਦੋਹਾਂ ਵਿਚਕਾਰ ਬਾਹਰਮੁਖੀ ਝਗੜਾ ਖ਼ਤਮ ਹੋ ਗਿਆ ਲੱਗਦਾ ਹੈ। ਭਾਵੇਂ ਦੋਹਾਂ ਨੂੰ ਇੱਕ ਦੂਜੇ ਵੱਲ ਲੀਨ ਕਰਨ ਲਈ ਹਾਈ ਕਮਾਂਡ ਨੇ ਮਹਾਰਾਣੀ ਸ੍ਰੀਮਤੀ ਪ੍ਰਨੀਤ ਕੌਰ ਦੇ ਸੰਪਰਕ ਤਕ ਦੀ ਵਰਤੋਂ ਕੀਤੀ।
ਕੈਪਟਨ ਅਤੇ ਸਿੱਧੂ ਵਿਚਕਾਰ ਝਗੜਾ ਖ਼ਤਮ ਕਰਾਉਣ ਅਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵਿੱਚ ਲੋੜ ਤੋਂ ਵੱਧ ਸਮਾਂ ਦਿੱਤਾ ਗਿਆ। ਜਿਵੇਂ ਸੋਚ-ਸੋਚ ਕੇ ਕਦਮ ਚੁੱਕੇ ਗਏ, ਸਭ ਸੰਬੰਧਤ ਧਿਰਾਂ ਦੀ ਰਾਏ ਲਈ ਗਈ। ਕਿਵੇਂ ਹਾਈ ਕਮਾਂਡ ਦੇ ਤਜਰਬੇ ਅਤੇ ਜੋਸ਼ ਨੂੰ (ਕਾਂਗਰਸ ਮੁਤਾਬਕ) ਇਕੱਠਾ ਰੱਖਣ ਵਿੱਚ ਕਾਮਯਾਬ ਹੋਈ, ਜਿਸ ਫੈਸਲੇ ਮੁਤਾਬਕ ਸਭ ਨਰਾਜ਼ ਧਿਰਾਂ ਨੂੰ ਰਾਜ਼ੀ ਕਰਨ ਲਈ ਕੰਮ ਕੀਤਾ ਗਿਆ, ਉਹ ਆਪਣੇ-ਆਪ ਵਿੱਚ ਕਾਂਗਰਸ ਦੇ ਫ਼ੈਸਲੇ ਕਰਨ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਤੁਸੀਂ ਇਸ ਫੈਸਲੇ ਤੋਂ ਪਹਿਲਾਂ ਦੇ ਇਤਿਹਾਸ ’ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਕਾਂਗਰਸ ਪਾਰਟੀ ਨੇ ਵੇਲੇ ਸਿਰ, ਅਸਰਦਾਇਕ ਫੈਸਲੇ ਨਾ ਲੈ ਕੇ ਮੱਧ-ਪ੍ਰਦੇਸ਼ ਦੀ ਸਰਕਾਰ ਤੋਂ ਹੱਥ ਧੋਤੇ, ਕਿਵੇਂ ਨਾਲ ਹੀ ਐੱਮ ਪੀ ਸਿੰਧੀਆ ਵੀ ਜਾਂਦਾ ਰਿਹਾ। ਵੇਲੇ ਸਿਰ, ਧੜੱਲੇ ਨਾਲ ਫੈਸਲਾ ਨਾ ਲੈਣ ਕਰਕੇ ਕਿਵੇਂ ਮਹੀਨਿਆਂ ਬੱਧੀ ਰਾਜਸਥਾਨ ਸਰਕਾਰ ਦੀ ਦੋ ਧੜਿਆਂ ਵਿੱਚ ਪਰੇਡ ਕਰਾਉਂਦੇ ਰਹੇ। ਠੀਕ ਇਸੇ ਭਾਰਤ ਦੇ ਦੱਖਣ ਵਿੱਚ ਵੀ ਅਜਿਹੀ ਹੀ ਵਰਤਿਆ।
ਅਗਲੀ ਗੱਲ, ਜਿਹੜੇ ਕਾਂਗਰਸੀ ਛੋਟੇ ਅਤੇ ਵੱਡੇ ਲੀਡਰ ਸਿੱਧੂ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਕੰਮ ਕਰ ਰਹੇ ਸਨ, ਉਨ੍ਹਾਂ ਸਭ ਨੇ ਉਦੋਂ ਤੋਂ ਹੀ ਚੁੱਪ ਰਹਿਣ ਵਿੱਚ ਭਲਾ ਸਮਝਣਾ ਸ਼ੁਰੂ ਕਰ ਦਿੱਤਾ, ਜਦੋਂ ਤੋਂ ਹਾਈ ਕਮਾਂਡ ਦਾ ਇਸ਼ਾਰਾ ਸਿੱਧੂ ਦੇ ਹੱਕ ਵਿੱਚ ਆ ਗਿਆ। ਫਿਰ ਸਿੱਧੂ ਦੀਆਂ ਸਰਗਰਮੀਆਂ ਕਰਕੇ ਪਤਾ ਹੀ ਨਹੀਂ ਚਲਿਆ ਕਿ ਸਿੱਧੂ ਸਾਹਿਬ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਲਈ 80 ਵਿਧਾਇਕ ਵਿੱਚੋਂ 62 ਵਿਧਾਇਕ ਕਿਵੇਂ ਆ ਰਲੇ। ਜਿਉਂ-ਜਿਉਂ ਸਿੱਧੂ ਸਾਹਿਬ ਸ਼ੁਕਰਾਨੇ ਦੀਆਂ ਪੌੜੀਆਂ ਚੜ੍ਹਦੇ ਰਹੇ, ਨਾਲ ਦੀ ਨਾਲ ਭੀੜਾਂ ਜੁੜਦੀਆਂ ਗਈਆਂ, ਜਿਸਦਾ ਸੁਨੇਹਾ ਬਹੁਤ ਦੂਰ ਤਕ ਗਿਆ। ਅਜਿਹਾ ਹੋਣ ਤੋਂ ਬਾਅਦ ਵੀ ਵਫ਼ਾਦਾਰੀਆਂ ਬਦਲਣ ਦਾ ਦੌਰ ਚੱਲਦਾ ਰਿਹਾ।
ਬਹੁਤਿਆਂ ਨੂੰ ਲਗਦਾ ਸੀ ਕਿ ਸਿੱਧੂ ਸਾਹਿਬ ਦੇ ਟਵੀਟ ਜਿਹੜੇ ਮੌਜੂਦਾ ਸਰਕਾਰ ਦੇ ਵੀ ਖ਼ਿਲਾਫ਼ ਸਨ ਅਤੇ ਨਾਲ ਦੀ ਨਾਲ ਵੱਖ-ਵੱਖ ਮਾਫ਼ੀਆ ਖ਼ਿਲਾਫ਼ ਵੀ ਸਨ, ਜਿਸ ਕਰਕੇ ਮੌਜੂਦਾ ਸਰਕਾਰ ਸਣੇ ਬਾਕੀ ਕਈਆਂ ਦੀ ਨੀਂਦ ਵੀ ਹਰਾਮ ਹੋਈ ਲਗਦੀ ਸੀ, ਉਹ ਸਮਝਦੇ ਸੀ ਕਿ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਨਰਮ ਪੈਣੇ ਸ਼ੁਰੂ ਹੋ ਜਾਣਗੇ। ਅਜਿਹੇ ਮਹਾਂ-ਪੁਰਸ਼ਾਂ ਨੂੰ ਹੈਰਾਨੀ ਅਤੇ ਘਬਰਾਹਟ ਉਸ ਵਕਤ ਬਹੁਤੀ ਹੋਈ, ਜਦ ਅਜਿਹੇ ਮਸਲਿਆਂ ’ਤੇ ਸਿੱਧੂ ਆਪਣੇ ਪ੍ਰਧਾਨਗੀ ਭਾਸ਼ਣ ਸਮੇਂ ਬੋਲਿਆ। ਬਿਜਲੀ ਸਮਝੌਤਿਆਂ ਬਾਬਤ ਬੋਲਦਿਆਂ ਹੋਇਆਂ ਉਸ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਹੋਇਆਂ ਆਖਿਆ ਕਿ ਇਸ ਬਾਬਤ ਮੈਂ ਸੱਚ ਬਾਹਰ ਲਿਆਵਾਂਗਾ। ਬੇਅਦਬੀ ਦੇ ਮਾਮਲਿਆਂ ਬਾਰੇ ਅਤੇ ਨਸ਼ਿਆਂ ਬਾਰੇ ਬੋਲਦਿਆਂ ਉਸ ਨੇ ਆਖਿਆ ਕਿ ਚਿੱਟੇ ਦਾ ਕਾਰੋਬਾਰੀ ਕੌਣ ਹੈ, ਮੈਂ ਸਭ ਨੂੰ ਜਨਤਾ ਸਾਹਮਣੇ ਨੰਗਾ ਕਰਾਂਗਾ। ਅਕਾਲੀ ਦਲ ਬਾਰੇ ਬੋਲਦਿਆਂ ਉਸ ਨੇ ਆਖਿਆ ਕਿ ਜੀਜੇ-ਸਾਲੇ ਦੇ ਕਾਲੇ ਕਾਰਨਾਮੇ ਮੈਂ ਜਨਤਾ ਸਾਹਮਣੇ ਲਿਆਵਾਂਗਾ।
ਉਪਰੋਕਤ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਉਸ ਨੇ ਕੋਈ ਕਮਜ਼ੋਰੀ ਨਹੀਂ ਦਿਖਾਈ। ਉਹ ਅੱਜ ਤੋਂ ਬਾਅਦ ਵੀ ਜੇਕਰ ਇਵੇਂ ਗਰਜਦਾ ਰਿਹਾ ਤਾਂ ਲਗਦਾ ਹੈ ਕਿ ਉਹ ਬਰਸਣੇ ਤੋਂ ਵੀ ਸੰਕੋਚ ਨਹੀਂ ਕਰੇਗਾ। ਸਿੱਧੂ ਦੀ ਪ੍ਰਧਾਨਗੀ ਅਨਾਊਂਸ ਹੋਣ ਤੋਂ ਬਾਅਦ ਜਿਵੇਂ ਕਾਂਗਰਸ ਕੇਡਰ ਵਿੱਚ ਉਬਾਲ ਆਇਆ ਹੈ, ਉਸ ਤੋਂ ਤਾਂ ਲੱਗਦਾ ਹੈ ਜਿਹੜੀ ਕਾਂਗਰਸ ਪਿਛਲੇ ਸਾਢੇ ਚਾਰ ਸਾਲ ਤੋਂ ਅਰਾਮ ਦੇ ਮੂਡ ਵਿੱਚ ਸੀ, ਉਸ ਵਿੱਚ ਅਚਾਨਕ ਕਰੰਟ ਆ ਗਿਆ ਲਗਦਾ ਹੈ। ਜਿਵੇਂ ਜੱਟ ਆਪਣੇ ਗੁੜ ਦੀ ਪੱਤ ਨਿਖਾਰਨ ਦੀ ਖਾਤਰ ਉਸ ਵਿੱਚ ਮਸਾਲਾ ਸੁੱਟਦਾ ਹੈ ਤੇ ਪੱਤ ਵਿੱਚ ਅਚਾਨਕ ਉਬਾਲ ਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਹੀ ਸਿੱਧੂ ਦਾ ਨਾਂਅ ਅਨਾਊਂਸ ਹੋਣ ਤੋਂ ਬਾਅਦ ਕਾਂਗਰਸ ਦੇ ਸਭ ਤਰ੍ਹਾਂ ਦੀ ਉਮਰ ਦੇ ਕੇਡਰ ਵਿੱਚ ਇੱਕ ਉਤਸ਼ਾਹ ਦਾ ਉਬਾਲ ਆਪ-ਮੁਹਾਰਾ ਹੀ ਆ ਗਿਆ ਲਗਦਾ ਹੈ। ਇਹ ਕਿੰਨਾ ਚਿਰ ਕਾਇਮ ਰਹਿੰਦਾ ਹੈ ਜਾਂ ਲੀਡਰਸ਼ਿੱਪ ਕਾਇਮ ਰੱਖ ਸਕਦੀ ਹੈ, ਇਹ ਸਭ ਅੱਜੇ ਭਵਿੱਖ ਦੀ ਬੁੱਕਲ ਵਿੱਚ ਹੈ।
ਕਾਂਗਰਸ ਦੀ ਹਾਈ ਕਮਾਂਡ ਨੇ ਕੋਈ ਅਚਾਨਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਰਾਜ਼ ਕਰਕੇ ਸਿੱਧੂ ਨੂੰ ਪ੍ਰਧਾਨਗੀ ਦੇ ਅਹੁਦੇ ’ਤੇ ਫਿੱਟ ਨਹੀਂ ਕੀਤਾ। ਅਗਰ ਅਸੀਂ ਕਾਂਗਰਸ ਦੇ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਅਜਿਹਾ ਤਕਰੀਬਨ ਹੁੰਦਾ ਹੀ ਰਿਹਾ ਹੈ। ਜਿਵੇਂ ਪ੍ਰਤਾਪ ਸਿੰਘ ਕੈਰੋਂ ਬੜਾ ਸਫਲ ਅਤੇ ਜ਼ਿੱਦੀ ਮੁੱਖ ਮੰਤਰੀ ਸੀ, ਪਰ ਉਸ ਵਕਤ ਉਸ ਦੀਆਂ ਇੱਛਾਵਾਂ ਵਿਰੁੱਧ ਪੰਜਾਬ ਦਾ ਪ੍ਰਧਾਨ ਪੰਡਤ ਭਗਵਤ ਦਿਆਲ ਸ਼ਰਮਾ ਨੂੰ ਬਣਾਇਆ ਗਿਆ ਸੀ। ਉਸ ਵਕਤ ਵੀ ਕਾਂਗਰਸ ਹਾਈ ਕਮਾਂਡ ਨੇ ਪ੍ਰਤਾਪ ਸਿੰਘ ਕੈਰੋਂ ਦੇ ਇਤਰਾਜ਼ਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਸੀ। ਠੀਕ ਇਸੇ ਤਰ੍ਹਾਂ ਹੀ ਗਿਆਨੀ ਜੈਲ ਸਿੰਘ ਵੀ ਪੰਜਾਬ ਦਾ ਇੱਕ ਸਫਲ ਮੁੱਖ ਮੰਤਰੀ ਸੀ। ਉਸ ਦੀ ਹਾਈ ਕਮਾਂਡ ਨਾਲ ਕਾਫੀ ਨੇੜਤਾ ਹੁੰਦੀ ਸੀ। ਪਰ ਉਸ ਵੇਲੇ ਵੀ ਜਦ ਪੰਜਾਬ ਵਿੱਚ ਕਾਂਗਰਸੀ ਪ੍ਰਧਾਨ ਬਣਾਉਣ ਦੀ ਗੱਲ ਚੱਲੀ ਤਾਂ ਗਿਆਨੀ ਜੀ ਦੇ ਤਮਾਮ ਇਤਰਾਜ਼ਾਂ ਤੋਂ ਬਾਅਦ, ਗਿਆਨੀ ਜੀ ਤੋਂ ਵੱਧ ਹਾਈ ਕਮਾਂਡ ਨਾਲ ਨੇੜਤਾ ਰੱਖਣ ਵਾਲੇ ਕਾਂਗਰਸੀ ਵਰਕਰ ਮਹਿੰਦਰ ਸਿੰਘ ਗਿੱਲ ਨੂੰ ਪ੍ਰਧਾਨਗੀ ਦਾ ਤਿਲਕ ਲਗਾ ਦਿੱਤਾ ਸੀ। ਇਸ ਕਰਕੇ ਅਸੀਂ ਆਪਣੇ ਪਾਠਕਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਇਸ ਵਾਰ ਵੀ ਕੋਈ ਅਨਹੋਣੀ ਨਹੀਂ ਹੋਈ। ਹਾਈ ਕਮਾਂਡ ਨੇ ਆਪਣੀ ਪਿਰਤ ਨੂੰ ਅੱਗੇ ਤੋਰਦਿਆਂ ਕੈਪਟਨ ਸਾਹਿਬ ਦੇ ਭਾਰੀ ਵਿਰੋਧ ਦੇ ਬਾਵਜੂਦ ਪ੍ਰਧਾਨਗੀ ਦਾ ਤਾਜ ਸਿੱਧੂ ਦੇ ਸਿਰ ਰੱਖਿਆ।
ਹਰ ਪੰਜਾਬੀ ਜਾਣਦਾ ਹੈ ਕਿ ਇਸ ਵਕਤ ਪੰਜਾਬ ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਾਈ ਹੋਇਆ ਪਿਆ ਹੈ। ਇਸਦਾ ਪਾਣੀ 250 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਪਾਣੀ ਦਾ ਕੀ ਪ੍ਰਬੰਧ ਕਰਕੇ ਜਾਵਾਂਗੇ? ਬਿਜਲੀ ਡੀਜ਼ਲ ਆਦਿ ਤਾਂ ਮਹਿੰਗਾ ਮਿਲ ਜਾਵੇਗਾ। ਬਿਜਲੀ ਅਸੀਂ ਸੋਲਰ ਸਿਸਟਮ ਤੋਂ ਪੈਦਾ ਕਰਕੇ ਕੰਮ ਸਾਰ ਲਵਾਂਗੇ, ਅਗਰ ਪਾਣੀ ਮੁੱਕ ਗਿਆ ਤਾਂ ਇਸ ਨੂੰ ਕਿਵੇਂ ਪੈਦਾ ਕਰਾਂਗੇ? ਅਜਿਹਾ ਸਭ ਕੁਝ ਸਾਡੀ ਅਗਿਆਨਤਾ ਅਤੇ ‘ਮੈਂ ਨਾ ਮਾਨੂੰ’ ਵਾਲੀ ਅੜੀ ਕਰਾ ਰਹੀ ਹੈ।
ਪੰਜਾਬ ਦਾ ਮੌਜੂਦਾ ਪੈਸਾ ਜੋ ਅਸੀਂ ਪਾਣੀ ਵਾਂਗ ਡੋਲ੍ਹ ਰਹੇ ਹਾਂ, ਇਸ ਤੋਂ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ। ਤੁਸੀਂ ਅੱਜ ਤਕ ਵੱਖ-ਵੱਖ ਸਾਧਨਾਂ ਤੋਂ ਜਾਣ ਚੁੱਕੇ ਹੋਵੋਗੇ ਕਿ ਮੌਜੂਦਾ ਕੈਪਟਨ-ਸਿੱਧੂ ਕਲੇਸ਼ (ਜੋ ਹੁਣ ਖਤਮ ਹੋ ਚੁੱਕਾ ਹੈ) ਕਰਕੇ ਮੌਜੂਦਾ ਸਰਕਾਰ ਨੇ ਲਗਭਗ ਦੋ ਦਰਜਨ ਇਨੋਵਾ ਗੱਡੀਆਂ ਖਰੀਦ ਕੇ ਆਪਣੇ ਚਹੇਤਿਆਂ ਨੂੰ ਦਿੱਤੀਆਂ ਹਨ ਕਿ ਇਹ ਵੀ ਕਿਤੇ ਸਾਥ ਨਾ ਛੱਡ ਜਾਣ। ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਸਵਾ ਚਾਰ ਸੌ ਕਰੋੜ ਦਾ ਟੀਕਾ ਲੱਗਾ ਹੈ। ਪੁੱਛਿਆ ਜਾ ਸਕਦਾ ਹੈ ਕਿ ਦੇਣ ਵਾਲੇ ਨੇ ਕਿਹੜੇ ਆਪਣੇ ਪਿਓ ਦੇ ਖਾਤੇ ਵਿੱਚੋਂ ਦਿੱਤਾ ਹੈ। ਇਸ ’ਤੇ ਸਵਾਲ ਖੜ੍ਹੇ ਕਰਨੇ ਲਾਜ਼ਮੀ ਬਣਦੇ ਹਨ।
ਸਿੱਧੂ ਸਾਹਿਬ ਹੁਣ ਤਕ ਦੇ ਤੁਹਾਡੇ ਟਵੀਟ, ਪ੍ਰੈੱਸ ਕਾਨਫਰੰਸਾਂ, ਭਾਸ਼ਣ ਕਾਂਗਰਸੀਆਂ ਦਾ ਧੀਰਜ ਤਾਂ ਬਨ੍ਹਾਉਂਦੇ ਹਨ ਪਰ ਆਮ ਜਨਤਾ ਦਾ ਨਹੀਂ। ਕਾਰਨ, ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜਨਤਾ ਪਲੇ ਕੁਝ ਨਹੀਂ ਪਿਆ। ਸਰਕਾਰੀ ਮੁਲਾਜ਼ਮ ਸੜਕਾਂ ’ਤੇ ਆਪਣੇ ਪੇਟ ਦੀ ਖਾਤਰ, ਪੁਲਿਸ ਤੋਂ ਪਾਣੀ ਦੀਆਂ ਬੁਛਾੜਾਂ ਅਤੇ ਡਾਂਗਾਂ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦਾ ਅੰਨਦਾਤਾ ਪਿਛਲੇ ਅੱਠ ਮਹੀਨਿਆਂ ਤੋਂ, ਪੰਜ ਸੌ ਤੋਂ ਵਧ ਸ਼ਹਾਦਤਾਂ ਦੇ ਕੇ ਅੱਜ ਵੀ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨਾ ਹੋਇਆ ਸੜਕਾਂ ’ਤੇ ਰੁਲ ਰਿਹਾ ਹੈ। ਪਿਛਲੇ ਸਮੇਂ ਵਿੱਚ ਜਿਵੇਂ ਤੁਸੀਂ ਗਰਜੇ ਹੋ, ਅਗਰ ਆਉਣ ਵਾਲੇ ਸਮੇਂ ਵਿੱਚ ਨਾ ਬਰਸੇ ਤਾਂ ਉਹ ਦਿਨ ਦੂਰ ਨਹੀਂ ਜਦ ਤੁਸੀਂ ਵੀ ਬਾਕੀਆਂ ਵਾਂਗ ਹਾਸ਼ੀਏ ’ਤੇ ਹੋਵੋਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2918)
(ਸਰੋਕਾਰ ਨਾਲ ਸੰਪਰਕ ਲਈ: